Posts Tagged With: Punjabi Poetry

Translating Brandy


ਅਨੁਵਾਦ –
Now that she has gone
Everything that I wanted to say
Comes back
John Brandi
—–”-
ਓਹਦੇ ਜਾਣ ਤੋਂ ਬਾਅਦ
ਜੋ ਕੁਝ ਕਹਿਣਾ ਚਾਹੁੰਦਾ ਸਾਂ
ਹੁਣ ਆਇਆ ਯਾਦ
Johan Brandi

Comments
  • Dalvir Gill ਅਨੁਵਾਦ –
    Now that she has gone
    Everything that I wanted to say
    Comes back

    – Johan Brandi
    —–_==___
    ਵਿਦਾ ਮਗਰੋਂ;
    ਅਣਕਿਹੇ ਸਾਰੇ ਕੁਝ ਨੂੰ
    ਹੁਣ ਔੜੇ ਸ਼ਬਦ

    ਜੌਹਨ ਬਰੌਂਡੀ

    #ਦਲਵੀਰ_ਗਿੱਲ_ਅਨੁਵਾਦ

 

 

Categories: Hokku, Translations | Tags: , , , , , | Leave a comment

ਮਾਂ ਵਾਰੀ


ਮਾਂ ਵਾਰੀ

a copy

ਅਮਰਤਾ ਦਾ ਸੰਕਲਪ, ਕਲਪਣਾ, ਕਲਪਨਾ
ਕਾਲ ਨਾਲ ਨਹੀਂ ਸੰਬੰਧਿਤ
ਜਿਵੇਂ
ਪ੍ਰਵਾਸ ਨਹੀਂ ਦੇਸ਼ ਥਾਨ ਨਾਲ।

ਇਹ ਸਥਾਨ ਜੋ
ਕਦੇ ਧੁਰ ਪੱਛਮ ਸੀ, ਅੱਜ ਖ਼ੁਦ ਨੂੰ
ਆਲਮੀ ਨਕਸ਼ੇ ਦਾ ਮੱਧ ਸੋਚਦਾ ਹੈ
ਹੋਣਾ ਤਾਂ ਕੇਂਦ੍ਰ ਸਗੋਂ
ਬ੍ਰਹਮੰਡ ਦਾ ਭੀ ਲੋਚਦਾ ਹੈ।

ਪਿਆ ਹੋਵੇ ਪਿਆ!
ਹੇਰਵਾ ਪਰ ਇਹੋ
ਇਸ ਮੱਧ ਤੋਂ ਗਮਨ ਦੇ ਕੀਹ
ਜੁੱਲਣ-ਹਿੱਲਣ ਦੇ ਵੱਲ ਸਿੱਖਣ ਵੇਲੇ ਭੀ
ਮਾਂ ਨੀਂਦ ‘ਚ ਗੜੁੱਚ ਸੀ,
ਤੇ
ਗਰਭ ਜੂਨੇ ਨੀਂਦ ਭੀ
ਪਰਤੰਤ੍ਰ ਹੰਢਾਉਂਦੀ ਹੈ।

ਬੱਸ!
ਉਹ ਦਿਨ ਤੇ ਆਹ ਘੜੀ
ਜਿਨ੍ਹਾਂ ਨੂੰ ਰਤਜਗਾ ਨਹੀਂ
ਮੇਰੇ ਲੰਗੋਟੀਏ-ਦੁਸ਼ਮਣ ਨੇ।

 

ਅਮਰਨਾਥ ਦੀ ਗੁਫ਼ਾ ‘ਚੋਂ
ਅੰਮ੍ਰਿਤ-ਕਥਾ ਦੇ ਭੋਗ ਉਪ੍ਰੰਤ
ਨਿਰਦੋਸ਼ ਤੋਤੇ ਨਾਲ ਸਿੰਝਦਾ ਸੀ ਪਿਆ
ਜਦੋਂ ਭੋਲਾ ਭਗਵਾਨ
ਤੇ
ਮਾਂ ਪਾਰਬਤੀ ਨਾਲ
ਵਾਦ,ਵਿਵਾਦ, ਜਾਲਪ, ਵਿਤੰਡ
ਸਭੈ ਅਜ਼ਮਾ ਹਰਿ ਹਰੀ ਬੈਠਾ ਸੀ, ਪਰ
ਤ੍ਰੀਯ-ਹੱਠ ਨਹੀਂ ਸੀ ਮੰਨਦਾ
ਬਦਲ ਲੈਣ ਲਈ
ਮੈਨੂੰ ਧਿੰਗੋਜ਼ੋਰੀ ਮਿਲੇ ਵਰਦਾਨ ਨਾਲ
ਆਪਣੀ ਨੀਂਦਰ।

ਨਿਤੇਯੰਪੂਜ
ਨਿੱਕੇ-ਦਰਮਿਆਨੇ ਤੀਰੀਂ ਵਿੰਨ੍ਹਿਆ
ਅਮਰਤਾ ਦੀ ਇਸ ਸੇਜ ‘ਤੇ
ਉਡੀਕਦਾ ਪਿਆ ਹਾਂ, ਮੈਂ
ਨਾਉ-ਗ਼ਜ਼ੀ ਪੀਰ।
ਪਥਰਾ ਭੀ ਜਾਵਾਂ
ਤਦਭੀ ਕੁਝ ਨਹੀਂ ਬਦਲਣ ਲੱਗਾ, ਕਿ
ਮੁੱਦਤ ਹੋਈ ਸਰਯੂ ਅਲੋਪ ਹੋਇਆਂ।

ਤੇ,
ਅਮਰਤਾ ਦਾ ਸੰਕਲਪ ਤਾਂ
ਮੁਕਤ ਹੈ
ਚੇਤਨਾ, ਬੋਧ, ਆਤਮਾ ਤੋਂ ਭੀ
ਕਾਲ ਤਾਂ ਕੀਹ।

(1996)

Categories: ਦਲਵੀਰ ਗਿੱਲ, ਦਲਵੀਰ ਗਿੱਲ, Dalvir Gill, Poetry, Punjabi | Tags: , , , , , , | Leave a comment

ਅਵਗਤਿ


ਅਵਗਤਿ

 

 

ਔਲਾਦ ਭੁੱਖੀ ਮਰ ਰਹੀ ਸੀ
ਬਾਪ
ਮਾਂ ਦੀ ਬੀਨ ਵਜਾ ਰਿਹਾ ਸੀ
ਅੱਜ ਭੀ
ਯੁੱਗਾਂ ਤੋਂ ਹੀ।

ਮੇਰੇ ਬਜ਼ੁਰਗਾਂ
ਕੋਈ ਜੁਰਮ ਜ਼ਰੂਰ ਕੀਤਾ ਹੋਵੇਗਾ
ਜਿਸਦੀ ਸਜ਼ਾ ਹੈ
ਇਹ ਘਸਮੈਲਾ ਦੌਰ
ਜਾਂ
ਲਕਵਾ ਮਾਰਿਆ ਹੋਵੇਗਾ
ਖ਼ੁਦਾਵੰਦ ਨੂੰ
ਪਲੇਠੀ ਔਲਾਦ ਦੇ ਬਲੀਦਾਨ ਦੀ
ਸਿਆਸੀ ਬਕਚੋਦੀ
ਤੋਂ

ਅਗਲੇ ਹੀ ਖਿਣ,

ਨ ਛੁਰੀ ਰੁਕਦੀ ਹੈ
ਨ ਨੰਨ੍ਹੀ ਜਾਨ ਮੁੱਕਦੀ ਹੈ।

ਮੁਸਾਮੇ ਖ਼ਤਮ;
ਬਾਪ ਦੇ
ਰੋਮ ਸਾਰੇ ਬੰਦ ਹਨ —
ਰਕਤ ‘ਚ ਡੁੱਬੇ।

 

ਕਹਾਣੀ ਚਲਦੀ ਜਾਵੇਗੀ?
ਇੰਝ ਹੀ
ਫਿਰ ਭੀ!

ਜਦੋਂ
ਲਹੂ ਸਾਗਰ ਤਲ
ਮੂੰਹ ਉੱਪਰ ਚੁੱਕ
‘ਤਾਂਹ ਕੀਤੀਆਂ ਨਾਸਾਂ ਨੂੰ
ਟੱਪ ਜਾਊ?

 

ਦਰਖਤਾਂ, ਪੇੜਾਂ, ਬਿਰਖਾਂ ਤੋਂ
ਹਾਏ ! ਅਸਾਂ ਉਤਰਨਾ ਨਾਂਹ ਸੀ!!—

ਜਾਂ
ਕੋਈ ਹੋਰ ਗ਼ਲਤੀ
ਪਾਪ ਅਤਿ ਭਾਰੀ—
ਕੋਈ ਜੁਰਮ
ਜ਼ਰੂਰ ਹੋਇਆ ਹੈ
ਮੇਰੇ ਬਜ਼ੁਰਗਾਂ ਤੋਂ।

#ਸ਼ਹੁਦਾ_ਦਿਲਬਰ
#ਖੇਲ_ਛਿਛੋਰੀ_ਪੈਂਤੜੇ_ਹੋਛੇ

Categories: ਦਲਵੀਰ ਗਿੱਲ, Dalvir Gill, Poetry, Punjabi, You Kids! | Tags: , , , , , , , | Leave a comment

ਸੁਫ਼ਨਾ


ਸੁਫ਼ਨਾ

ਉਸ ਉੱਪਰੋਂ
ਉਤਾਰ ਅਸਮਾਨ ਨੂੰ
ਸਿਰਾਹਣੇ ਥੱਲੇ ਰੱਖ
ਸੌਂ ਗਿਆ ਸਾਂ

ਕਿ ਸੁਫ਼ਨਾ ਵੇਖਿਆ।
ਕੀ ਸੁਫ਼ਨਾ ਦੇਖਿਆ?
ਕੀ, ਸੁਫਨਾ ਦੇਖਿਆ?!!!

#ਦਲਵੀਰ_ਗਿੱਲ

Categories: ਦਲਵੀਰ ਗਿੱਲ, Poetry, Punjabi | Tags: , , , , , , , , | 1 Comment

ਮਾਤ ਬੋਲੀ—ਚਰਨ ਸਿੰਘ ਸ਼ਹੀਦ


ਮਾਤ ਬੋਲੀ



ਚਰਨ ਸਿੰਘ ਸ਼ਹੀਦ



ਕਿਸੇ ਨੂੰ ਹੈ ਭੁੱਖ ਚੰਗੇ ਚੋਖੇ ਛੱਤੀ ਖਾਣਿਆਂ ਦੀ,
ਕਿਸੇ ਨੂੰ ਹੈ ਇੱਛਾ ਸੇਜ ਸੋਣ੍ਹੀ ਪੋਲੀ ਪੋਲੀ ਦੀ ।
ਕਿਸੇ ਨੂੰ ਹੈ ਚਾਹ ਭੜਕੀਲੀਆਂ ਪੁਸ਼ਾਕੀਆਂ ਦੀ,
ਕੋਈ ਚਾਹੇ ਮੌਜ ਰੋਜ਼ ਈਦ ਅਤੇ ਹੋਲੀ ਦੀ ।
ਕਿਸੇ ਨੂੰ ਹੈ ਲਾਲਸਾ ਹਕੂਮਤਾਂ ਯਾ ਲੀਡਰੀ ਦੀ,
ਕਿਸੇ ਨੂੰ ਹੈ ਲੱਗੀ ਅੱਗ ਸੋਨੇ ਭਰੀ ਝੋਲੀ ਦੀ ।
ਕੋਈ ਕੁਝ ਸੋਚਦਾ ਹੈ ਕੋਈ ਕੁਝ ਬੋਚਦਾ ਹੈ
ਮੈਂ ਹਾਂ ਸਦਾ ਲੋਚਦਾ ਤਰੱਕੀ ਮਾਤ ਬੋਲੀ ਦੀ ।

ਸ਼ੇਰ ਜਿਹਾ ਪੁੱਤ ਹਾਂ ਪੰਜਾਬੀ ਮਾਤਾ ਆਪਣੀ ਦਾ,
ਕਿਵੇਂ ਦੇਖ ਸੱਕਾਂ ਮੈਂ ਪੰਜਾਬੀ ਖਾਕ ਰੋਲੀ ਦੀ ।
ਦੇਹੀ ਹੈ ਪੰਜਾਬੀ ਮਿੱਟੀ, ਖੂਨ ਹੈ ਪੰਜਾਬੀ ਜਲ,
ਸਵਾਸ ਹੈ ਪੰਜਾਬੀ ਪੌਣ, ਰੋਟੀ ਇਸੇ ਭੋਲੀ ਦੀ ।
ਹਾਇ ! ਮੇਰੇ ਸਾਹਮਣੇ ਏ ਦੁਰਗਤੀ ਹੋਏ ਏਦ੍ਹੀ,
ਰਾਣੀ ਮਾਲਕਾਣੀ ਤਾਈਂ ਜਗ੍ਹਾ ਮਿਲੇ ਗੋਲੀ ਦੀ ।
ਮੈਨੂੰ ਚੈਨ ਕਿਵੇਂ ਆਵੇ ? ਜਦੋਂ ਤੀਕ ਨਾਹਿ ਹੋਵੇ,
ਮਾਤ ਭੂਮੀ ਵਿੱਚ ਬਾਦਸ਼ਾਹੀ ਮਾਤ ਬੋਲੀ ਦੀ ।

ਹਾਥੀ ਪੈਰ ਹੇਠ ਸਭੇ ਪੈਰ ਵਾਂਗ, ਸੱਭੇ ਗੁਣ,
ਲੱਭਦੇ ਨੇ ਜਦੋਂ ਮਾਤ ਬੋਲੀ ਖਾਣ ਫੋਲੀ ਦੀ ।
ਧਰਮ, ਸ਼ਰਮ ਤੇ ਕਰਮ ਦਾ ਮਰਮ ਦੱਸੇ,
ਨਾਲੇ ਦੱਸੇ ਕਿਵੇਂ ਜਿੰਦ ਵਤਨ ਤੋਂ ਹੈ ਘੋਲੀ ਦੀ ।
ਹੁੰਦੇ ਸਾਂ ਆਜ਼ਾਦ, ਬੀਰ, ਰਿਸ਼ੀ, ਰਾਜੇ, ਵਿੱਦਵਾਨ,
ਜਾਚ ਸੀ ਰੂਹਾਨੀ ਯੋਗ ਕਰਮ-ਨਿਓਲੀ ਦੀ ।
ਖਾਧੇ ਗਏ ਦਿਮਾਗ ਸੁੱਕੇ ਜਿਸਮ, ਪੰਜਾਬੀਆਂ ਦੇ,
ਜਦੋਂ ਦੀ ਹੈ ਲੱਗੀ ਏਥੇ ਸਿਓਂਕ ਗ਼ੈਰ ਬੋਲੀ ਦੀ ।

ਰੱਬ ਵੀ ਜੇ ਮਿਲੇ ਗੱਲਾਂ ਕਰਾਂ ਮੈਂ ਪੰਜਾਬੀ ਵਿੱਚ,
ਪਾਯਾ ਕੀ ਹੈ ਹੋਰਨਾਂ ਦੀ ? ਗੱਲ ਨਾ ਠਠੋਲੀ ਦੀ ।
ਬਾਣੀ ਹੈ ਪੰਜਾਬੀ ਰਚੀ, ਗੁਰੂਆਂ ਪੰਜਾਬੀਆਂ ਨੇ,
ਦੱਸਿਆ ਕਿ ਘੁੰਡੀ ਹੈ ਹਕੀਕੀ ਇਉਂ ਖੋਲ੍ਹੀ ਦੀ ।
ਆਰਫਾਂ, ਗਿਆਨੀਆਂ, ਫ਼ਕੀਰਾਂ, ਸੰਤਾਂ, ਸੂਫ਼ੀਆਂ ਨੇ,
ਕਦਰ ਵਧਾਈ ਅਣਤੋਲੀ-ਅਣਮੋਲੀ ਦੀ ।
ਕਿਉਂ ਨਾ ਅਸੀਂ ਧੋਵੀਏ ਕਲੰਕ ਮੱਥੇ ਆਪਣੇ ਤੋਂ,
ਕਿਉਂ ਨਾ ਅਸੀਂ ਲੋਚੀਏ ਤਰੱਕੀ ਮਾਤ ਬੋਲੀ ਦੀ ।

ਵਾਰ ਦਿਓ ਬੋਲੀਆਂ ਪੰਜਾਬੀ ਤੋਂ ਜਹਾਨ ਦੀਆਂ,
ਕਰੋ ਪਰਵਾਹ ਨਾ ਵਿਰੋਧੀਆਂ ਦੀ ਟੋਲੀ ਦੀ ।
ਦੇਸ਼ ਦੀ ਖੁਸ਼ਹਾਲੀ ਕਦੀ ਹੋਇਗੀ ਨਾ ਖ਼ਾਬ ਵਿੱਚ,
ਜਦੋਂ ਤੀਕ ਹੋਊ ਨਾ ਖੁਸ਼ਹਾਲੀ ਮਾਤ ਬੋਲੀ ਦੀ ।
ਵਧੇ ਚਲੋ ‘ਸੁਥਰੇ’ ਮਾਤ ਬੋਲੀ ਨੂੰ ਵਧਾਈ ਚੱਲੋ,
ਸੁਣੇ ਨ ਕਬੋਲੀ ਬੋਲੀ ਕਿਸੇ ਹਮਜੋਲੀ ਦੀ ।
ਜੰਮੇਂ ਹਾਂ ਪੰਜਾਬ ਵਿੱਚ, ਮਰਾਂਗੇ ਪੰਜਾਬ ਵਿੱਚ,
ਚਾਹੁੰਦੇ ਹਾਂ ਉਨਤੀ ਪੰਜਾਬੀ ਮਾਤ ਬੋਲੀ ਦੀ ।

Categories: ਚਰਨ ਸਿੰਘ ਸ਼ਹੀਦ, ਮਾਤ ਬੋਲੀ | Tags: , , , , | Leave a comment

ਦੋਹੜੇ—ਖ਼ਵਾਜਾ ਗ਼ੁਲਾਮ ਫ਼ਰੀਦ


ਦੋਹੜੇ—ਖ਼ਵਾਜਾ ਗ਼ੁਲਾਮ ਫ਼ਰੀਦ

 

1.

ਵੱਡੜੇ ਵੇਲੇ ਉਠੀ ਕੇ ਸਈਆਂ ਸਾਜ਼ ਵਜ਼ੂ ਬੈਠੀਆਂ ਘਬਕਾਵਨ ਸੈਂ ਠਹਾਵਨ ।
ਤੇ ਜੜ ਜੜ ਲਾਂਵਨ ਮੈਲ ਮਖ਼ਨ ਪੈਂਡੀਆਂ ਡੋਲੇ ਡੇਨ ਸੁਗ਼ਾਤ ਚਲਾਵਨ ।
ਮੈਂ ਜੇਹੀਆਂ ਬਦਕਾਰ ਨਿਕੱਮੀਆਂ ਯਾਰ ਫ਼ਰੀਦ ਓਦੀਆਂ ਦਰ ਦਰ ਨੋਟ ਭਨਵਾਵਨ ।
ਅਜ਼ਲੋਂ ਭਾਗ ਤਿਨ੍ਹਾਂ ਦੇ ਮੱਥੇ ਜੇਹੜੀਆਂ ਸੇਜ ਤੇ ਯਾਰ ਮਨਾਵਨ ।

2.

ਉੱਡ ਵੇ ਕਾਗਾ ਕਾਲਿਆ ਤੂੰ ਤਾਂ ਛੱਡ ਅਸਾਡੀ ਬੇਰ ।
ਤੂੰ ਤਾਂ ਬੈਠਾਂ ਕਰਦਾ ਹੈ ਬਾਤੀਆਂ ਮੈਂਡੇ ਅੰਲੜੇ ਜ਼ਖਮ ਨ ਛੇੜ ।
ਤੈਨੂੰ ਕੁੱਟ ਕੁੱਟ ਘਤਸਾਂ ਚੂਰੀਆਂ ਤੂੰ ਤਾਂ ਮੰਗੀ ਦੁਆਈਂ ਢੇਰ ।
ਫ਼ਰੀਦਾ ਉੱਡੀਨਾ ਰੱਬ ਕਰੇ ਚਲੇ ਵੰਜੋ ਮਦੀਨੇ ਦੀ ਸੈਰ ।

3.

ਸਾਵਣ ਮਾਹ ਸੁਹੇਲਾ ਆਇਆ ਤੇ ਵਣਜਾਰੇ ਘੁੱਮੇ ਪਏ ਡੇਵਨ ਮਸਾਗ ਦੇ ਹੋਕੇ ।
ਉਹ ਮਸਾਗ ਖ਼ਰੀਦ ਕਰਨ ਜਿਨ੍ਹਾਂ ਦੇ ਪੱਲੇ ਰਕਮ ਰੋਕੇ ।
ਉਹ ਕੀ ਮਲਣ ਮਸਾਗ ਕਰਮਾਂ ਦੀਆਂ ਮਾਰੀਆਂ ਜਿਹੜੀਆਂ ਸੇਜ ਤੇ ਸੁੱਤੀਆਂ ਰੋ ਕੇ ।
ਯਾਰ ਫ਼ਰੀਦਾ ਚਲ ਵਤਨ ਚਲਾਹੀਂ ਕਿਉਂ ਲਾਈ ਪਰਦੇਸ ਵਿੱਚ ਝੋਕੇ ।

4.

ਯਾਰ ਰੁਝਾਵਨ ਸਿਖ ਵੇ ਮੁਲਾਂ ਬਿਆਂ ਸੱਟ ਘਤ ਸਬ ਦਲੀਲਾਂ ।
ਇਸ਼ਕ ਮਜ਼ਾਜ਼ੀ ਤੇ ਮੁਸ਼ਕਲ ਬਾਜ਼ੀ ਕੰਮ ਨਹੀਂ ਬਖ਼ੀਲਾਂ ।
ਸਿਰ ਤੇ ਭੜਕੇ ਢਾਂਡ ਹਿਜਰ ਦਾ ਓ ਵੀ ਸਮਝੀ ਠੰਡੀਆਂ ਹੀਨਾਂ ।
ਯਾਰ ਫ਼ਰੀਦ ਜਥਾਂ ਅੱਖੀਆਂ ਲਗੀਆਂ ਅਥ ਹਾਜਤ ਨਹੀਂ ਵਕੀਲਾਂ ।

5.

ਮੁਫ਼ਤ ਖ਼ਰੀਦ ਕਰੇ ਕੋਈ ਅਸਾ ਕੂੰ ਤੇ ਹਾਲ ਡੇਵੇ ਸਜਣਾਂ ਦਾ ।
ਜੈ ਡਿਹਾੜੇ ਦੇ ਸਜਣ ਲੱਡ ਸਿਧਾਏ ਵੈਂਦਾ ਜ਼ੋਫ਼ ਅੰਦਰ ਕੂੰ ਖਾਂਦਾ ।
ਸੈ ਮਲਮਾਂ ਪੱਟੀਆਂ ਬੰਨ੍ਹ ਬੰਨ੍ਹ ਹੱਟੀਆਂ ਤੇ ਜ਼ਖਮ ਖੜਾ ਚਚਲਾਂਦਾ ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਸਾਡੀ ਅਦਨ ਕੋਈ ਨਹੀਂ ਲਾਂਹਦਾ ।

6.

ਇਸ਼ਕ ਤੈਂਡੇ ਦੀ ਨਹਰ ਵਗੇ ਕਈ ਤਰੀਆਂ ਕਰਮਾਂ ਵਾਲੜੀਆਂ ।
ਕਈ ਕੋਝੀਆਂ ਲੰਘ ਪਾਰ ਗਈਆਂ ਤੇ ਰੋਵਣ ਸ਼ਕਲਾਂ ਵਾਲੜੀਆਂ ।
ਸ਼ਕਲਾਂ ਡੇਖ ਨ ਭੁਲੀਂ ਬਾਹਰੋਂ ਚਿੱਟੀਆਂ ਤੇ ਅੰਦਰੋਂ ਕਾਲੜੀਆਂ ।
ਯਾਰ ਫ਼ਰੀਦ ਚਾ ਭਾਲ ਭਾਲੇ ਐਬਾਂ ਵਾਲੀਆਂ ਦੇ ਮੱਥੇ ਲਾਲੜੀਆਂ ।

7.

ਅਜ਼ਲੋਂ ਡਾਜ ਢਿਆਵਨ ਅੱਮੜੀ ਅਖੀਂ ਨੀਰਾਂ ਨੀਰਾਂ ।
ਜ਼ੀਰਾ ਪਾਰ ਲਵੀਰਾ ਕੀਤਾ ਇਨ੍ਹਾਂ ਕੋਟ ਮਿੱਠਨ ਦਿਆਂ ਤੀਰਾਂ ।
ਲੋਕ ਆਖਨ ਹੀਰ ਰਾਂਝਣ ਦੀ ਮੈ ਪੀਰ ਫ਼ਰੀਦ ਦੀ ਹੀਰਾਂ ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਮੈਂਡੀਆਂ ਕੌਣ ਲਹਮ ਦਿਲ ਧੀਰਾਂ ।

8.

ਚਾਚੜ ਵਾਂਗ ਮਦੀਨਾ ਜਾਤਮ ਅਤੇ ਕੋਟ ਮਿੱਠਨ ਬੇਤ ਅੱਲਾ ।
ਰੰਗ ਬਿਨਾ ਬੇਰੰਗੀ ਆਇਆ ਕੀਤਮ ਰੂਪ ਤਜੱਲਾ ।
ਜ਼ਾਹਰ ਦੇ ਵਿੱਚ ਮੁਰਸ਼ਦ ਹਾਦੀ ਬਾਤਨ ਦੇ ਵਿੱਚ ਅੱਲਾ ।
ਨਾਜ਼ਕ ਮੁੱਖੜਾ ਪੀਰ ਫ਼ਰੀਦ ਦਾ ਸਾਨੂੰ ਡਿਸਦਾ ਵਜਾ ਅੱਲਾ ।

9.

ਵਕਤ ਜਨਾਜ਼ੇ ਮੀਆਂ ਰਾਂਝਾ ਮੈਂਡੀਆਂ ਆਪ ਪੜ੍ਹਾਈਂ ਤਕਬੀਰਾਂ ।
ਇਸ ਵੇਲੇ ਮੈਂ ਜੈਂਦੀ ਹੋਸਾਂ ਕਰਕੇ ਕਫ਼ਨ ਲਵੀਰਾਂ ।
ਲੀਰਾਂ ਦੀ ਬਹਿ ਕਫ਼ਨੀ ਸੀਵਾਂ ਰੁਲਾਂ ਹਾਲ ਫਕੀਰਾਂ ।
ਹਿਸਾਬ ਕਿਤਾਬ ਮੈਂਡਾ ਰਾਂਝਾ ਲੈਸੀ ਕੁਝ ਹਾਜਤ ਨਹੀਂ ਨਕੀਰਾਂ ।

10.

ਖ਼ੁਦਾ ਖ਼ੁਦਾ ਭੀ ਸੁਨਦੇ ਹਾ ਸੇ ਡੇਖਣ ਦੇ ਵਿੱਚ ਆਇਆ ।
ਇਨੀ ਤੇ ਮਨ ਇਨੀ ਬਣ ਆਪ ਨਬੀ ਫ਼ੁਰਮਾਇਆ ।
ਰਾਂਝੜੇ ਰਾਜ ਅਨੋਖੇ ਸਾਨੂੰ ਮਾਹੀ ਹੈ ਸਮਝਾਇਆ ।
ਨਾਜ਼ਕ ਵੀ ਦਿਲ ਲੁੱਟਣ ਕਾਰਨ ਬਣ ਪੀਰ ਫ਼ਰੀਦ ਨ ਆਇਆ ।

11.

ਘਰ ਘਰ ਦੇ ਵਿੱਚ ਧੁੱਮਾਂ ਪਈਆਂ ਹੁਸਨ ਰੰਝੇਟੇ ਯਾਰ ਦੀਆਂ ।
ਕਈ ਹੀਰਾਂ ਵਿੱਚ ਝੰਗ ਕੁਰਲਾਵਨ ਜਿਹੜੀਆਂ ਹੋਣੋ ਤਨ ਵਾਰ ਦੀਆਂ ।
ਕਈ ਸੱਸੀਆਂ ਰੁਲੀਆਂ ਵਿੱਚ ਥਲਾਂ ਦੇ ਜਿਹੜੀਆਂ ਤਾਲਬ ਹੁਣ ਦੀਦਾਰ ਦੀਆਂ ।
ਕਈ ਸੋਹਣੀਆਂ ਡੁੱਬੀਆਂ ਵਿੱਚ ਨੈ ਚੰਚਲ ਦੇ ਮਹੀਂਵਾਲ ਦਾ ਨਾਂ ਪੁਕਾਰ ਦੀਆਂ ।

12.

ਰੋਜ਼ ਅਜ਼ਲ ਦੀ ਦਰ ਦਿਲਬਰ ਦੀ ਕੀਮਤ ਇਸ਼ਕ ਗ਼ੁਲਾਮੇ ।
ਤਾਂਗ ਤੰਗੇਦੀ ਕਾਂਗ ਉਡੇਂਦੀ ਰੋਵਾਂ ਸੁਬਹ ਵ ਸ਼ਾਮੇ ।
ਨ ਕੋਈ ਖ਼ਤ ਦਿਲਦਾਰ ਦਾ ਆਇਆ ਨ ਕਾਸਦ ਪੈਗਾਮੇ ।
ਆਖ਼ ਫ਼ਰੀਦ ਦਿਲ ਦਰਦੋਂ ਮਾਂਦੀ ਹੁਣ ਮੁੱਠੜੀ ਬੇਆਰਾਮੇ ।

13.

ਇਸ਼ਕ ਮਜ਼ਾਜੀ ਨੂਰ ਹਜਾਜ਼ੀ ਬੋਸ ਕਨਾਰ ਦੇ ਤਮੀਂ ਬਿਆ ਕਿਆ ਕਮ ਏ ।
ਧੂਆਂ ਲਾਊਂ ਯਾਰ ਦੇ ਦਰ ਤੇ ਗਾਲੜਾਂ ਹੱਡ ਤੇ ਚੰਮੀਂ ਬਿਆ ਕਿਆ ਕਮ ਏ ।
ਦਿਲ ਵਿੱਚ ਸੋਜ਼ ਹਜ਼ਾਰ ਦੁਖਾਂ ਦੇ ਮਾਰ ਮੁਕਾਇਆ ਗ਼ਮੀਂ ਬਿਆ ਕਿਆ ਕਮ ਏ ।
ਆਖ ਫ਼ਰੀਦ ਮੈਂ ਜੋਗਨ ਬਣ ਤੇ ਫਿਰਸਾਂ ਉਭੇ ਲੰਮੀਂ ਬਿਆ ਕਿਆ ਕਮ ਏ ।

14.

ਸੁੰਜੜੀ ਕਿਸਮਤ ਨ ਯਾਰ ਆਇਆ ਤੇ ਪਈਆਂ ਖ਼ਬਰਾਂ ਦਿਲ ਦੀਆਂ ।
ਅੱਖੀਆਂ ਨੀਰ ਬਰਸਾਤ ਸਾਵਨ ਦੀ ਜਿਵੇਂ ਨਹਿਰਾਂ ਚਲਦੀਆਂ ।
ਦਰਦ ਫ਼ਰਾਕ ਤੇ ਸੋਜ਼ ਹਿਜਰ ਦੇ ਪਈ ਵਿੱਚ ਕੁਠਾਲੇ ਗਲਦੀਆਂ ।
ਆਖ ਫ਼ਰੀਦ ਰੱਬ ਖੁਸ਼ੀਆਂ ਡੇਵੇ ਅਜਾਂ ਮੁੰਝਾਂ ਨ ਪਈਆਂ ਟਲਦੀਆਂ ।

15.

ਸੁਰਖ਼ੀ ਕੱਜਲਾ ਨਾਜ਼ ਨਹੋੜੇ ਸਾਕੋ ਵਲ ਵਲ ਖੂਨ ਕਰੇਂਦੇ ।
ਕੀਤਾ ਕੈਦ ਮੁਹੱਬਤ ਸਾਕੋਂ ਚਾ ਦਿਲਬਰ ਮੂੰਹ ਲੋਕੇਂਦੇ ।
ਸੋਜ਼ੋਂ ਸੋਜ਼ ਤੇ ਦਰਦ ਪੁਕਾਰਾਂ ਨ ਦਿਲਬਰ ਗਲ ਲੈਂਦੇ ।
ਆਖ ਫ਼ਰੀਦ ਹੁਣ ਮੈਂ ਮੁੱਠੜੀ ਕੂੰ ਕਿਉਂ ਡੇਸ ਪ੍ਰਦੇਸ ਰੁਲੇਂਦੇ ।

16.

ਹਰ ਵੇਲੇ ਤਾਂਘ ਦਿਲਬਰ ਦੀ ਰੋ ਰੋ ਕਾਗ ਉਡਾਰਾਂ ।
ਫਾਲਾਂ ਪਾਵਾਂ ਕਾਸਦ ਭੇਜਾਂ ਥੀ ਗਿਆ ਹਾਲ ਬੀਮਾਰਾਂ ।
ਯਾਰ ਬਾਝੋਂ ਹੁਣ ਜੀਵਨ ਕੂੜੇ ਅੰਦਰ ਦਰਦ ਹਜ਼ਾਰਾਂ ।
ਗ਼ੁਲਾਮ ਫ਼ਰੀਦ ਮੈਂ ਰੋਵਾਂ ਏਵੇਂ ਜਿਵੇਂ ਵਿੱਛੜੀ ਕੂੰਜ ਕਤਾਰਾਂ ।

17.

ਹਿੱਕ ਹਿੱਕ ਨਾਜ਼ ਦਿਲਬਰ ਦੇ ਸਾਕੋਂ ਕੀਤਾ ਚਾ ਖ਼ਰੀਦੇ ।
ਰੁਖ ਦਿਲਬਰ ਦਾ ਸਾਡੇ ਵਾਸਤੇ ਚਾਂਦ ਮੁਬਾਰਕ ਈਦੇ ।
ਦਿਲਬਰ ਕੋਲ ਆਖੇਂਦੇ ਵਸਮ ਫਰਹਤ ਮਹਜ ਮਜ਼ੀਦੇ ।
ਬਾਂਦਾ ਬਰਦਾ ਤੈਂ ਦਿਲਬਰ ਦਾ ਹਰਦਮ ਗੁਲਾਮ ਫ਼ਰੀਦੇ ।

18.

ਕੱਜਲੇ ਸੁਰਖ਼ੀ ਮਾਰ ਮੁਕਾਇਆ ਚਾ ਦਿਲਬਰ ਦਿੱਲੜੀ ਲੁੱਟੀ ।
ਨੈਣ ਅਵੈੜੇ ਜਾਦੂਗਰ ਹਨ ਪਈ ਨਾਜ਼ਾਂ ਦੀ ਕੁੱਠੀ ।
ਆਰਾਮ ਤਮਾਮ ਗਿਆ ਕਾਈ ਏਝੀਂ ਬਰਛੀ ਇਸ਼ਕ ਦੀ ਛੁੱਟੀ ।
ਯਾਰ ਫ਼ਰੀਦ ਆ ਸੰਭਾਲੇ ਕਰੇ ਹਾਰ ਸੰਗਾਰ ਵਲ ਮੁੱਠੀ ।

19.

ਅੱਖੀਂ ਸਾਡੀਆਂ ਕਦਮ ਤੁਸਾਡੇ
ਬੱਧੀ ਵਫ਼ਾ ਦੀ ਕਸਮ ਖ਼ੁਦਾ ਦੀ ।
ਸੀਨਾ ਸਾਡਾ ਸੇਜ ਤੁਸਾਡੀ
ਲੇਟ ਸੋਹਣਾ ਦਿਲ ਆਹ ਦੀ ਕਸਮ ਖ਼ੁਦਾ ਦੀ ।
ਜਿੰਦੜੀ ਜਾਨ ਹਵਾਲੇ ਕੀਤਮ
ਜਾਨੀ ਜੱਮਦੀਂ ਲਾਦੀ ਕਸਮ ਖ਼ੁਦਾ ਦੀ ।
ਆਖ ਫ਼ਰੀਦ ਵਲ ਸਾਂਗੇ ਥੀਵਣ
ਹਾਸਲ ਫ਼ਰਹਤ ਜ਼ਿਆ ਦੀ ਕਸਮ ਖ਼ੁਦਾ ਦੀ ।

20.

ਲੱਖ ਲੱਖ ਵਾਰੀ ਸਦਕੇ ਥੀਵਾਂ ਦਿਲਬਰ ਯੂਸਫ਼ ਸਾਨੀ ।
ਦਿਲ ਦਾ ਮਹਰਮ ਰਾਜ਼ ਅਸਾਡਾ ਜ਼ਿੰਦ ਕਰਾਂ ਕੁਰਬਾਨੀ ।
ਡੇ ਦੀਦਾਰ ਲਾਚਾਰ ਫਿਰਾਂ ਮੈਂ ਲਾਇਓ ਹਿਜਰ ਦੀ ਕਾਨੀ ।
ਯਾਰ ਫ਼ਰੀਦ ਨੂੰ ਮਿਲ ਹਿੱਕ ਵਾਰੀਂ ਹੈਰਾਨ ਫਿਰਾਂ ਦਿਲ ਜਾਨੀ ।

21.

ਉੱਡ ਵੰਜ ਕਾਂਗਾ ਦਰ ਸਜਨਾਂ ਤੇ ਅੱਜ ਦਿੱਲੜੀ ਮੂੰਝੀ ਮਾਂਦੀ ।
ਫਾਲਾਂ ਪਾਵਾਂ ਨੀਰ ਵਹਾਵਾਂ ਕਈ ਦਿਲ ਦੀ ਖ਼ਬਰ ਨ ਆਂਦੀ ।
ਇੰਤਜ਼ਾਰੀ ਬੇਕਰਾਰੀ ਦਿਲ ਜੁਦਾਈ ਨ ਸਹਿੰਦੀ ।
ਯਾਰ ਫ਼ਰੀਦ ਆਵਮ ਹਿੱਕ ਵਾਰੀ ਵਤਾਂ ਕੂੰਜ ਵਾਂਗੇ ਕੀਰਨੇ ਕਰਦੀ ।

22.

ਬੱਠ ਪਿਆ ਸੁਰਮਾ ਸੁਰਖੀ ਕੱਜਲਾ ਬੱਠ ਪਿਆ ਹਾਰ ਸੰਗਾਰੇ ।
ਸੰਗੀਆਂ ਸੱਈਆਂ ਨਿੱਤ ਸਤਾਵਨ ਮਾ ਪਿਉ ਵੀਰਨ ਮਾਰੇ ।
ਸੈ ਸੈ ਮਿੱਨਤਾਂ ਜ਼ਾਰੀਆਂ ਕੀਤਮ ਰਹਿੰਦਾ ਯਾਰ ਬੇਜ਼ਾਰੇ ।
ਆਖ ਫ਼ਰੀਦ ਯਾਰ ਨੇ ਰੋਲਿਆ ਹੁਣ ਰੋਣੋਂ ਨਾਲ ਵਪਾਰੇ ।

23.

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ ।

24.

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ ।

25.

ਕਸਮ ਖ਼ੁਦਾ ਦੀ ਦਰ ਦਿਲਬਰ ਦਾ ਹਰਗਿਜ਼ ਛੋੜ ਨ ਵੈਸੂੰ ।
ਇਨਸ਼ਾਅਲਾ ਜੀਂਦੀਆਂ ਤਾਈਂ ਪੂਰੀ ਤੋੜ ਨਿਭੇਸੂੰ ।
ਦਿਲੋਂ ਬਜਾਨੋ ਜਿੰਦੜੀ ਸਦਕੇ ਅਸਲੋਂ ਫ਼ਰਕ ਨ ਪੈਸੂੰ ।
ਆਖ ਫ਼ਰੀਦ ਹਾਂ ਖ਼ਾਕ ਕਦਮਾਂ ਦੀ ਥੀ ਗ਼ੁਲਾਮ ਜਲੇਸੂੰ ।

26.

ਦਰਦਾਂ ਮਾਰੀ ਰੋ ਰੋ ਹਾਰੀ ਨਹੀਂ ਪਏ ਆਂਦੇ ਦੋਸਤ ਦਿਲੇਂਦੇ ।
ਜਿਵੇਂ ਦਿਲਬਰ ਮੈਂ ਨਾਲ ਕੀਤੀ ਇਵੇਂ ਦੁਸ਼ਮਣ ਨ ਕਰੇਂਦੇ ।
ਸੁੰਜਰ ਥਲ, ਹਬਲ ਦੇ ਵਿੱਚ ਕਿਉਂ ਵਲ ਵਲ ਰੋਲੇ ਡੇਂਦੇ ।
ਯਾਰ ਫ਼ਰੀਦਾ ਮੰਗਾਂ ਦੁਆਈਂ ਨ ਨਿਖੜਨ ਯਾਰ ਕਹੇਂਦੇ ।

27.

ਮੌਸਮ ਸਾਵਨ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ ।
ਮਾਲ ਮਵੈਸ਼ੀ ਬਕਰੀਆਂ ਗਾਈਂ ਛਿੜ ਦੀਆਂ ਥੀ ਕਤਾਰਾਂ ।
ਘੁੰਡ ਸੁਹਾਵਨ ਦਿਲ ਕੂੰ ਭਾਵਨ ਨਿਕਲਨ ਸੋਜ਼ ਤਵਾਰਾਂ ।
ਹਿਕ ਯਾਰ ਫ਼ਰੀਦ ਦਮ ਨਾਲ ਹੋਵੇ ਕਿਉਂ ਦਰਦੋਂ ਦਰਦ ਪੁਕਾਰਾਂ ।

28.

ਰੋਹੀ ਵੁਠੜੀ ਤੱਤੜੀ ਮੁੱਠੜੀ ਟੁਰ ਪੋਸਾਂ ਪੈਰ ਪਿਆਦੀ ।
ਉੱਚੜੇ ਟਿੱਬੜੇ ਹੁਣ ਕੋਹ ਤੂਰ ਤੇ ਦਿਲ ਕੂੰ ਫ਼ਰਹਤ ਜ਼ਿਆਦੀ ।
ਵੰਜ ਦਿਲਬਰ ਦੇ ਕਦਮੀਂ ਢੈਸਾਂ ਤੇ ਬੱਧੀ ਪ੍ਰੀਤ ਵਫ਼ਾਦੀ ।
ਗੱਠੜੀ ਇਜ਼ਜ ਨਿਆਜ਼ ਫ਼ਰੀਦਾ ਪ੍ਰੀਤਮ ਜੱਮਦੀ ਲਾਦੀ ।

29.

ਵਕਤ ਤਹਜਦ ਕਈ ਸੁਹਾਗਣੀ ਮੱਟੀਆਂ ਬਹਿ ਘਬਕਾਵਨ ।
ਲਾ ਇਲਾ ਇੱਲ ਲਿੱਲਾ ਡੇ ਜ਼ਰਬ ਮਖਨ ਕੂੰ ਚਾਵਨ ।
ਪਕੜ ਦਾਮਨ ਪੀਰ ਮਨਾਂਦਾ ਖੀਰ ਦੀ ਜਾਗ ਜਗਾਵਨ ।
ਗ਼ੁਲਾਮ ਫ਼ਰੀਦ ਪੀਰ ਕਾਮਲ ਬਾਝੋਂ ਵਿੱਚ ਗਫ਼ਲਤ ਡੁੱਧ ਪਠਾਵਨ ।

30.

ਇਸ਼ਕ ਮਜਾਜ਼ੀ ਰਾਜ਼ ਦੀ ਬਾਜ਼ੀ ਇਹੋ ਇਸ਼ਕ ਆਲਾ ਨੂਰੇ ।
ਬੱਠ ਪਈ ਦੁਨੀਆਂ ਦੌਲਤ ਸੌਕਤ ਸਾਕੂੰ ਇਸ਼ਕ ਮਨਜ਼ੂਰੇ ।
ਹੁਸਨ ਪ੍ਰਸਤੀ ਮਹਜ਼ ਇਬਾਦਤ ਦਿਲ ਬੇ ਵੱਸ ਮਜਬੂਰੇ ।
ਗ਼ੁਲਾਮ ਫ਼ਰੀਦਾ ਸਮਝਨ ਆਰਫ ਦਰਅਸਲ ਹਕੀਕਤ ਦੂਰੇ ।

31.

ਸੁੰਜੜੀ ਰੋਹੀ ਦਿਲ ਨੂੰ ਮੋਹੀ ਫਿਰਦੀ ਕਮਲੀਆਂ ਵਾਂਗੇ ।
ਯਾਰ ਮੁੱਠੀ ਦਾ ਨਜ਼ਰ ਨ ਆਦਾ ਡੇਖਾਂ ਹਾਲ ਦੇ ਲਾਂਘੇ ।
ਨਜ਼ਰ ਮਿਹਰ ਦੀ ਦਿਲਬਰ ਭਾਲੇ ਰੋਹੀ ਪੰਧ ਅੜਾਂਗੇ ।
ਗ਼ੁਲਾਮ ਫ਼ਰੀਦ ਯਾਰ ਮਿਲਮ ਹੁਣ ਰਬ ਜੋੜੇ ਚਾ ਸਾਂਗੇ ।

32.

ਟੋਭੇ ਅਸਾਡੇ ਦਿਲ ਕੂੰ ਭਾਵਨ ਖਪ ਝੌਪੜ ਖੁਸ਼ ਜਾਈਂ ।
ਲਾਨੜੀ ਫੋਗ ਕਰੜੇ ਕੰਡਾ ਬੋਈਂ ਕਤਰਨ ਇਤਰ ਹਵਾਈਂ ।
ਰੋਹੀ ਗੁਲਜ਼ਾਰ ਡਸੀਜਮ ਦਿਲ ਕੂੰ ਲੱਖ ਲੱਖ ਚਾਈਂ ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਨ ਥੀਸਾਂ ਦੂਰ ਕਡਾਹੀਂ ।

33.

ਮੁੰਝ ਮਜ਼ੀਦ ਸ਼ਹੀਦ ਹਮੇਸ਼ਾ ਦਿਲਬਰ ਡਿੱਤੜੇ ਰੋਲੇ ।
ਭੁੱਲ ਗਈ ਸੁਰਖ਼ੀ ਕੱਜਲਾ ਸਾਕੂੰ ਹਿਜਰ ਕਨੂੰ ਤਨ ਕੋਲੇ ।
ਕੱਪੜੇ ਮੈਲੇ ਲੀਰ ਕਤੀਰਾਂ ਰੁਲ ਗਏ ਬੋਛਨ ਚੋਲੇ ।
ਏ ਜਿੰਦੜੀ ਕੁਰਬਾਨ ਫ਼ਰੀਦਾ ਅਜੇ ਖ਼ਿਲ ਹੱਸ ਯਾਰ ਚਾ ਬੋਲੇ ।

34.

ਬੱਠ ਪਈ ਸੁਰਖ਼ੀ ਬੱਠ ਪਿਆ ਕੱਜਲਾ ਬੱਠ ਪਿਆ ਹਾਰ ਸਿੰਗਾਰੇ ।
ਕਿਆ ਧਾਵਾਂ ਤੇ ਫਲ ਪਾਵਾਂ ਦਿੱੜੀ ਦਰਦ ਪੂਕਾਰੇ ।
ਸੈ ਜਤਨ ਸੈ ਹੀਲੇ ਕੀਤਮ ਨ ਮਿਲਿਮ ਸਾਂਵਲ ਯਾਰੇ ।
ਯਾਰ ਫ਼ਰੀਦ ਕੂੰ ਕਹਿੰਦੀ ਮਰਸਾਂ ਜਗ ਡਿਸਦਾ ਧੂੰਆਂ ਅੰਧਾਰੇ ।

35.

ਹਿੱਕੋ ਅਲਫ ਕਾਫ਼ੀ ਮੁਲਾਂ ਬੇ ਦੀ ਗਰਜ਼ ਨ ਕਾਈ ।
ਅੱਵਲ ਆਖ਼ਰ ਜ਼ਾਹਰ ਬਾਤਨ ਨਾਲ ਅਲਫ਼ ਦੇ ਲਾਈ ।
ਨ ਡੇ ਡਰ ਕੇ ਅਲਫ਼ ਕੂੰ ਫੜਕੇ ਰਮਜ਼ ਅਲਫ਼ ਸਮਝਾਈ ।
ਗ਼ੁਲਾਮ ਫ਼ਰੀਦ ਦਿਲ ਅਲਫ਼ ਲੁਟੀ ਵਾਹ ਮੀਮ ਕੀਤੀ ਰੁਸ਼ਨਾਈ ।

36.

ਇਸ਼ਕ ਮਜਾਜ਼ੀ ਰਾਜ਼ ਅਨੋਖੇ ਕਿਆ ਜਾਨੜਨ ਮੁਲਾਂ ਮਲਵਾਨੜੀਂ ।
ਰਮਜ਼ ਹਕੀਕੀ ਆਰਫ਼ ਸਮਝਨ ਨਾਜ਼ ਦਿਲਬਰ ਦੇ ਭਾਨੜੀਂ ।
ਹਾਂ ਮੈਂ ਕੁਤੜੀ ਯਾਰ ਦੇ ਦਰ ਦੀ ਜਾਨੜੀਂ ਯਾਰ ਨ ਜਾਨੜੀਂ ।
ਆਖ ਫ਼ਰੀਦ ਮੈਡੀ ਲੂੰ ਲੂੰ ਵਿੱਚ ਚਾ ਕੀਤੇ ਇਸ਼ਕ ਟਿਕਾਨੜੀਂ ।

37.

ਜਮਦੀਂ ਲਾਦੀ ਇਸ਼ਕ ਦੀ ਗੱਠੜੀ ਸ਼ੌਕ ਪਿਆਲੇ ਪੀਤੇ ।
ਜੀਂਦੀ ਮੋਈਂ ਹਿੱਕ ਯਾਰ ਦੇ ਰਹਿਸੋਂ ਸੱਚੀ ਪੀਤ ਪ੍ਰੀਤੇ ।
ਦਰ ਦਿਲਬਰ ਦਾ ਛੋੜ ਨ ਵੈਸੂੰ ਇਸ਼ਕ ਸਿਖਾਈ ਰੀਤੇ ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਵਿਸਰੇ ਚਾਚੜ ਸਦਕੇ ਕੀਤੇ ।

38.

ਸਿੰਧੜੋਂ ਦਿੱਲੜੀ ਥਈ ਉਚਾਕੇ ਡੇਖਾਂ ਰੋਹੀ ਸੰਜਬਰ ਕੂੰ ।
ਦਿਲਬਰ ਨਾਲ ਅੱਖ਼ੀਂ ਦੇ ਡੇਖਾਂ ਨਹੀਂ ਕਰਾਰ ਸਬਰ ਕੂੰ ।
ਚਾਚੜ ਮਹਜ਼ ਨ ਭਾਂਦੇ ਦਿਲ ਕੂੰ ਰਹਿੰਦਾ ਸੋਜ਼ ਜਿਗਰ ਕੂੰ ।
ਆਖ ਫ਼ਰੀਦ ਟੁਰ ਪੈਰ ਪਿਆਦੀ ਹੁਣ ਸੱਟ ਘਤ ਜਰੂਰ ਘਰ ਕੂੰ ।

39.

ਮਰਵੇਸਾਂ ਕੁਰਲਾਂਦੀ ਮੁੱਠੜੀ ਅਖੀਂ ਸਾਵਨ ਬਰਸਾਤੇ ।
ਸੇਜ ਸੂਲਾਂ ਦੀ ਲਗਨ ਕੰਡੜੇ ਸੋਜ ਹਿਜਰ ਡੇਂਹ ਰਾਤੇ ।
ਜਿਹੜੇ ਤਾਅਨੇ ਸ਼ਹਿਰ ਖਵਾਰੀ ਡਿੱਤੜੇ ਇਸ਼ਕ ਬਰਾਤੇ ।
ਫ਼ਰੀਦਾ ਜਮਦੀ ਮਰ ਵੰਜਾਂ ਹਾ ਇਹਾ ਜਿੰਦੜੀ ਸੂਲਾਂ ਵਾਤੇ ।

40.

ਸੁਰਖ਼ੀ ਕੱਜਲਾ ਹਾਰ ਸ਼ਿੰਗਾਰ ਤੇ ਬੱਠ ਪਈ ਸੇਜ ਫੁਲਾਂ ਦੀ ।
ਲਗਨ ਕੰਡੜੇ ਢੈ ਢੈ ਪਵਾਂ ਦਰਦ ਦੀ ਬਾਂਹ ਸਰਾਂਦੀ ।
ਬਹਿਰ ਗ਼ਮਾਂ ਵਿੱਚ ਲੁੜ੍ਹਦੀ ਬੁਡ੍ਹਦੀ ਸੈ ਸੈ ਗੋਤੇ ਖਾਂਦੀ ।
ਗ਼ੁਲਾਮ ਫ਼ਰੀਦਾ ਦਰਦ ਕੋਕੇਸਾਂ ਨ ਸਲ ਕਨੂੰ ਥੀਅਮ ਵਾਂਦੀ ।

40.

ਨਾਜ਼ ਨਿਹੋੜੇ ਇਸ਼ਕ ਦੇ ਗ਼ਮਜ਼ੇ ਡੱਸ ਕੀਂ ਉਸਤਾਦ ਸਿਖਾਏ ।
ਬੇ ਪਰਵਾਹੀ ਤਰੀੜ੍ਹੀ ਮੱਥੇ ਕੀ ਏ ਜੀਂਹ ਸਬਕ ਪੜ੍ਹਾਏ ।
ਸੁਰਖ਼ੀ ਖ਼ੂਨ ਜਿਗਰ ਦਾ ਪੀਂਦੀ ਚਾ ਕੱਜਲਾ ਫ਼ੌਜ ਚੜ੍ਹਾਏ ।
ਸਮਝ ਫ਼ਰੀਦ ਕੂੰ ਖ਼ਾਕ ਕਦਮਾਂ ਦੀ ਇਹਾ ਦਿੱਲੜੀ ਮਹਜ਼ ਫ਼ਿਦਾ ਏ ।

41.

ਥੀਵਾਂ ਹਾਰ ਤੈਂਡੇ ਗਲ ਦਾ ਦਿਲਬਰ ਅਸਲੋਂ ਦੂਰ ਨ ਥੀਵਾਂ ।
ਯਾ ਤੈਡੇ ਪੈਰਾਂ ਦੀ ਥੀਵਾਂ ਜੁੱਤੀ ਕਦਮਾਂ ਹੇਠ ਮੰਡੀਵਾਂ ।
ਇਜਜ਼ ਨਿਆਜ਼ ਦੀ ਮਡੀ ਸਾਡੀ ਨਿੱਤ ਬਾਂਦੀ ਯਾਰ ਸਦੀਵਾਂ ।
ਆਖ ਫ਼ਰੀਦ ਤੈਂ ਰੁਖ ਦਿਲਬਰ ਦਾ ਹਰ ਦਮ ਡੇਖ ਤੇ ਜੀਵਾਂ ।

42.

ਮੇਂਘ ਮਲ੍ਹਾਰਾਂ ਬਾਰਸ ਬਾਰਾਂ ਰੋਹੀ ਰੱਬ ਵਸਾਈ ।
ਬੂਟੇ ਬੂਟੇ ਘੁੰਡ ਸੁਹਾਵਣ ਸਬਜੀਆਂ ਖਤਗੀ ਚਾਈ ।
ਫੋਗ ਬੂਟੀ ਤੇ ਲਾਨੜੀਂ ਖਪ ਵਾਹ ਨਾਜ਼ ਕਰੇਂਦੀ ਲਾਈ ।
ਯਾਰ ਫ਼ਰੀਦ ਵਸਮ ਪੀਆ ਕੋਲੋਂ ਫਰਹਤ ਰੋਜ਼ ਸਵਾਈ ।

44.

ਯਾਰ ਦੀਆਂ ਝੋਕਾਂ ਕਿਬਲਾ ਕਾਬਾ ਸਾਡਾ ਇਸ਼ਕ ਇਮਾਮੇ ।
ਦਿਲ ਵਿੱਚ ਹਰਦਮ ਯਾਰ ਦੇ ਦੇਰੇ ਕਿਆ ਸੁਬਹ ਕਿਆ ਸ਼ਾਮੇ ।
ਬਾਝ ਦੀਦਾਰ ਵਸਾਲ ਦਿਲਬਰ ਦੇ ਨੈਣਾ ਨੰਦਰ ਹਰਾਮੇ ।
ਦਰ ਦਿਲਬਰ ਦੀ ਬਾਂਦੀ ਬਰਦੀ ਥੀਆ ਫ਼ਰੀਦ ਗੁਲਾਮੇ ।

45.

ਸੋਹਣਿਆਂ ਦੇ ਵਿੱਚ ਨਾਜ਼ ਨਜ਼ਾਕਤ ਸੋਹਣੇ ਨਾਜ ਨਿਹੋੜੇ ।
ਇਸ਼ਕ ਦੇ ਗਮਜ਼ੇ ਸੁਰਖ਼ੀ ਕੱਜਲਾ ਹੁਸਨ ਸ਼ਬਾਬ ਦਾ ਜ਼ੋਰੇ ।
ਹਾਰ ਸਿੰਗਾਰ ਤੇ ਜ਼ੇਵਰ ਕੱਪੜੇ ਵਾਹ ! ਵਾਹ !! ਨਾਜ਼ਕ ਟੋਰੇ ।
ਇਸ਼ਕ ਫ਼ਰੀਦਾ ਮਾਰ ਮੁਕਾਇਮ ਹੁਣ ਯਾਰ ਕਰਮ ਚਾ ਗੌਰੇ ।

46.

ਮੈਂ ਰੁੱਸਾਂ ਤਾਂ ਕੈਂ ਦਰ ਵੱਸਾਂ ਜੇ ਯਾਰ ਰੁੱਠਾ ਮਰਵੇਸਾਂ ।
ਕਸਮ ਖ਼ੁਦਾ ਦੀ ਜਿੰਦ ਦਿਲਬਰ ਵਿੱਚ ਮੈਂ ਕਦਮਾਂ ਵਿੱਚ ਜਲੇਸਾਂ ।
ਰੁਸਨ ਮੂਲ ਨ ਡੇਸਾਂ ਹਰਗਿਜ਼ ਪੈਰ ਪੈ ਮਨੇਸਾਂ ।
ਗ਼ੁਲਾਮ ਫ਼ਰੀਦਾ ਇਸ਼ਕ ਦਿਲਬਰ ਵਿੱਚ ਮੈਂ ਪੂਰੀ ਤੋੜ ਨਿਭੇਸਾਂ ।

47.

ਸੋਹਣੀ ਲੁੜ੍ਹ ਪਈ ਬਹਿਰ ਗ਼ਮਾਂ ਵਿੱਚ ਲੁੜਦੀ ਬੁਡਦੀ ਵੈਂਦੀ ।
ਸਿਕ ਮਹੀਂਵਾਲ ਬੇਹਾਲ ਕੀਤਸ ਤੇ ਸੈ ਸੈ ਬਾਨੜ ਮਰੈਦੀ ।
ਗ਼ੋਤੇ ਖਾਵੇ ਬਾਂਹ ਉਲਾਰੇ ਆਖ਼ਰੀ ਵਿਦਾ ਕਰੇਂਦੀ ।
ਯਾਰ ਫ਼ਰੀਦ ਮਹੀਂਵਾਲ ਦਾ ਕਲਮਾ ਪੜ੍ਹ ਜਿੰਦੜੀ ਪਈ ਮੁਕੇਂਦੀ ।

48.

ਰਾਂਝਾ ਤਖਤ ਹਜ਼ਾਰੇ ਦਾ ਆਇਆ ਖ਼ਾਤਰ ਹੀਰ ਸਿਆਲੇ ।
ਝੰਗ ਵਿੱਚ ਦੇਰੇ ਮਾਲ ਚਰਾਇਸ ਮੰਝੀ ਬਾਗ ਸਾਲੇ ।
ਜੋਗੀ ਬਣ ਕੇ ਕੰਨ ਪੜਵਾਇਸ ਕੀਤਾ ਇਸ਼ਕ ਕਮਾਲੇ ।
ਡੇਖ ਫ਼ਰਦਿ ਫ਼ਕੀਰ ਦੀ ਪਾਲੀਸ ਜੋ ਵਾਹ ਜੋਗੀ ਲਜ ਪਾਲੇ ।

49.

ਕਿਬਲਾ ਖਵਾਜਾ ਨੂਰ ਮੁਹਮਦ ਸਾਹਿਬ ਸ਼ਹਿਰ ਮੁਹਾਰਾਂ ।
ਹਿੰਦ ਸਿੰਧ ਪੰਜਾਬ ਦੇ ਵਿੱਚ ਚਾ ਕੀਤੋ ਫੈਜ਼ ਹਜ਼ਾਰਾਂ ।
ਚਿਸ਼ਤ ਬਹਿਸ਼ਤ ਗੁਲਜ਼ਾਰ ਅਜਾਇਬ ਚਲਾਈਆਂ ਫੈਜ਼ ਦੀਆਂ ਨਹਿਰਾਂ ।
ਗ਼ੁਲਾਮ ਫ਼ਰੀਦ ਹਮ ਦੋਸਤ ਦਿਲੇਂਦਾ ਸਰ ਸਦਕਾ ਜਿੰਦੜੀ ਵਾਰਾਂ ।

50.

ਕਾਸਦਾ ਮੱਨ ਨਾਮ ਖ਼ੁਦਾ ਦਾ ਵੰਜ ਮੈਂਡੇ ਯਾਰ ਦੀ ਖਿਦਮਤ ।
ਬੇ ਪਰਵਾਹ ਪੁਰ ਨਾਜ਼ ਦਿਲਬਰ ਹੈ ਵੰਜ ਮੈਂਡੇ ਦਿਲਦਾਰ ਦੀ ਖਿਦਮਤ ।
ਇਜਜ਼ ਨਿਆਜ਼ ਤੇ ਹਾਲ ਹਕੀਕਤ ਡੇ ਗ਼ਮ ਧਵਾਰ ਦੀ ਖਿਦਮਤ ।
ਰਹਾਂ ਗੁਲਾਮ ਫ਼ਰੀਦ ਦਿਲ ਚਾਂਹਦੀ ਗੁਲ ਰੁਖਸਾਰ ਦੀ ਖਿਦਮਤ ।

51.

ਜੁਲਫਾਂ ਕਾਲੀਆਂ ਹੁਸਨ ਅਜਾਇਬ ਕੀਤਾ ਇਸ਼ਕ ਖ਼ਰੀਦੇ ।
ਕਾਤਲ ਚਸ਼ਮਾਂ ਸੁਰਖ਼ੀ ਕੱਜਲਾ ਕੀਤਮ ਦੀਦ ਸਹੀਦੇ ।
ਨਾਜ਼ਕ ਟੋਰੇ ਨਾਜ਼ ਨਹੋੜੇ ਲੁਟਰੀ ਦਿਲ ਫ਼ਰੀਦੇ ।
ਬਾਂਦਾ ਬਰਦਾ ਤੈਂ ਦਿਲਬਰ ਦਾ ਥੀਆ ਗ਼ੁਲਾਮ ਫ਼ਰੀਦੇ ।

  52.

ਵੰਜਾਂ ਮੁੱਠੜੀ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ ।
ਡੇਖਾਂ ਵੰਜ ਕਰ ਮਾਲ ਦੇ ਲਾਂਘੇ ਘੰਡ ਘੰਡ ਵਿੱਚ ਤਵਾਰਾਂ ।
ਭੇਡਾਂ ਬਕਰੀਆਂ ਗਾਈਂ ਡੇਖਾਂ ਸਹਿਜੋਂ ਅੰਗਨ ਬਹਾਰਾਂ ।
ਯਾਰ ਫ਼ਰੀਦ ਮਤਾਂ ਗਲ ਲਾਵਮ ਏਥੇ ਮੈਲੇ ਵੇਸ ਉਤਾਰਾਂ ।

੫੩

ਅਲਸਤ ਕਨੂੰ ਦਿਲ ਮਸਤ ਹੋਇਮ ਜਾਂ ਸੁਣਿਅਮ ਅਲਸਤੀ ਕੌਲੇ ।
‘ਕਾਲੂ ਬਲਾ’ ਇਕਰਾਰ ਅਸਾਡਾ ਬਾ ਸਿਦਕ ਸਫ਼ਾ ਰੂਹ ਬੋਲੇ ।
ਅਹਦੋਂ ਅਹਿਮਦ ਬਣ ਕਰ ਆਇਆ ਹਿੱਕ ਮੀਮ ਖੜਾ ਵਿੱਚ ਓਲੇ ।
ਗ਼ੁਲਾਮ ਫ਼ਰੀਦ ਦੀ ਦਿਲ ਚਾ ਲੁੱਟੜੀ ਓ ਸੋਹਣੇ ਅਰਬੀ ਢੋਲੇ ।

54.

ਮਰਵੇਸਾਂ ਇਹ ਦਰਦ ਕੂਕੇਂਦੀ ਕਿਉਂ ਦਿਲਬਰ ਦਿੱਲੜੀ ਚਾਤੀ ।
ਨੀਰ ਹਜ਼ਾਰਾਂ ਠੰਡੇ ਸਾਹ ਹੁਣ ਨਿੱਤ ਹਿਜਰ ਦੀ ਕਾਤੀ ।
ਤੋੜੇ ਸੈ ਸੈ ਮਿਨਤਾਂ ਕੀਤਮ ਆ ਪਾਈ ਯਾਰ ਨ ਝਾਤੀ ।
ਯਾਰ ਫ਼ਰੀਦ ਆਇਮ ਵੇੜੇ ਹੁਣ ਸਾਡੀ ਖ਼ਤਮ ਹਯਾਤੀ ।

55.

ਵੰਜ ਵੇ ਕਾਸਦ ਯਾਰ ਦੀ ਖ਼ਿਦਮਤ ਸਾਡਾ ਰੋ ਰੋ ਹਾਲ ਸੁਣਾਵੀਂ ।
ਸਾਡੀ ਕਹੀਂ ਕਸੂਰੇ ਮਾਣ ਭਰਿਆ ਆ ਰੋਂਦੀ ਕੂੰ ਗਲ ਲਾਂਵੀਂ ।
ਕੋਝਾ ਹਾਲ ਅਸਾਡਾ ਤੈ ਬਿਨ ਚਾ ਕਦਮ ਮੁਬਾਰਕ ਪਾਂਵੀਂ ।
ਗ਼ੁਲਾਮ ਫ਼ਰੀਦ ਮਤਾਂ ਮਰ ਵੰਜਾਂ ਚਾ ਦੀਦਾਰ ਡਖਾਵੀਂ ।

56.

ਆ ਸਜਨ ਮਨ ਨਾਮ ਖੁਦਾ ਦਾ
ਖੁਲੀ ਮੌਸਮ ਚੇਤਰ ਬਹਾਰਾਂ ।
ਸੰਗੀਆਂ ਸਈਆਂ ਦਰ ਗਲ ਲਾਏ
ਮੈਂ ਖੁਲ੍ਹੀ ਕਰਾਂ ਪੁਕਾਰਾਂ ।
ਸੇਜ ਫੁਲਾਂ ਦੀ ਮੂਲ ਨ ਭਾਂਦੀ
ਨਿੱਤ ਗਾਂਦੀ ਸੋਜ਼ ਦੀਆਂ ਵਾਰਾਂ ।
ਯਾਰ ਫ਼ਰੀਦ ਅੰਗਨ ਪਾਉਂ ਪਾਂਵੀਂ
ਤਾਂ ਮੈਂ ਭੀ ਸ਼ੁਕਰ ਗੁਜ਼ਾਰਾਂ ।

57.

ਕੇਚੀ ਹੋਤ ਪੁੱਨਲ ਕੂੰ ਘਨ ਗਏ ਹਾਇ ਤੇਜ਼ ਰਫਤਾਰ ਉਠਾਂ ਦੀ ।
ਥੀ ਬੇਦਾਰ ਸੱਸੀ ਸੱਡ ਮਾਰੇ ਵੰਜੇ ਕੂੰਜ ਵਾਂਗ ਕੁਰਲਾਂਦੀ ।
ਡੇਖੇ ਪੈਰਿ ਪੌਵਨ ਘੇਰੇ ਤੱਤੀ ਜ਼ਾਲਮ ਰੇਤ ਥਲਾਂ ਦੀ ।
ਆਖ ਫ਼ਰੀਦ ਸੱਸੀ ਮੋਈ ਥਲਾਂ ਵਿੱਚ ਕਫ਼ਨ ਬੋਛਨ ਬਾਹ ਸਰਾਂਦੀ ।

58.

ਆਖਾਂ ਖਲੀ ਸਾਡੇ ਲਿੜੇ
ਆ ਰਾਂਝਣ ਮਾਲ ਚਰਾਂਈ ਹਾ ।
ਕੱਟੀਆਂ ਤੈਂ ਬਿਨ ਬੈਠੀਆਂ ਰਹਿੰਦੀਆਂ
ਆ ਆਪਣੇ ਭਾਂੜ ਵਸਾਈ ਹਾ ।
ਲਾ ਇਲਾ ਹਾ ਇੱਲ ਲਿੱਲਾ ਦੀ
ਵੰਜਲੀ ਆਨ ਸੁਣਾਈ ਹਾ ।
ਆਖ਼ ਫ਼ਰੀਦ ਮੁਹਮਦ ਰਸੂਲ ਅੱਲਾ
ਸਾਡੀ ਤਨ ਮਨ ਜੋਤ ਜਗਾਈ ਹਾ ।

59.

ਰਾਤ ਡੇਹਾਂ ਫ਼ਰਿਆਦ ਹਮੇਸ਼ਾ ਏਹਾ ਦਿੱਲੜੀ ਦਰਦ ਪੁਕਾਰੇ ।
ਦਰਦ ਫ਼ਰਾਕ ਹਿਜਰ ਕਨੂੰ ਹੁਣ ਹਰ ਦਮ ਸੋਜ਼ ਦੇ ਨਾਅਰੇ ।
ਸੇਜ ਸੂਲਾਂ ਦੀ ਨੰਦਰ ਨ ਆਂਦੀ ਰੱਬ ਡੇਵੇ ਸੁਖ ਦੇ ਵਾਰੇ ।
ਯਾਰ ਗ਼ੁਲਾਮ ਫ਼ਰੀਦ ਬਾਝੋਂ ਜਗ ਡਿੱਸਦਾ ਧੂਆਂ ਅੰਧਾਰੇ ।

60.

ਸੋਹਣਾ ਬੇਲਾ ਸਾਵੇ ਟਿੱਲੜੇ ਇਸ਼ਕ ਰਾਂਝਾ ਜਾਗੀਰੇ ।
ਮੰਝੀਆਂ ਕੱਟੀਆਂ ਕੂੰ ਧਨਵਾਏ ਆ ਨਜ਼ਰ ਤੈਂਡੀ ਅਕਸੀਰੇ ।
ਮੱਟੀਆਂ ਦੁਧ ਵਲੋੜਾਂ ਕਿਵੇਂ ਤੈਂ ਬਿਨ ਹੀਰ ਜ਼ਹੀਰੇ ।
ਆਖ ਫ਼ਰੀਦ ਦਿਲ ਹਿਜਰ ਨ ਸਹਿੰਦੀ ਡੱਸ ਹੀਰ ਦੀ ਕਿਆ ਤਕਸੀਰੇ ।

61.

ਅਰਬ ਸ਼ਰੀਫ ਦਾ ਮੁਲਕ ਅਜਾਇਬ ਜਥਾਂ ਅਰਬੀ ਢੋਲ ਪਿਆ ਵੱਸਦਾ ।
ਦਿੱਲੜੀ ਅਰਬੀ ਯਾਰ ਪੁਕਾਰੇ ਜਿਵੇਂ ਆਵਾਜ਼ ਜਰਸ ਦਾ ।
ਰਹਿੰਦਾ ਦਿਲਬਰ ਮੀਮ ਦੇ ਓਲੇ ਲੁਕ ਛੁਪ ਭੇਤ ਨ ਡੱਸਦਾ ।
ਯਾਰ ਫ਼ਰੀਦਾ ਅਰਜ਼ ਮਨਜ਼ੂਰ ਕਰੇ ਚਾ ਈਂ ਆਜਜ਼ ਬੇਕਸਦਾ ।

62.

ਸਾਵਣ ਮਦ ਸੁਹਾਗ ਦੀ ਸੋਹਣੀ ਆਰਫ਼ ਇਬਰਤ ਖਾਦੇ ।
ਖਿਮਨ ਖ਼ਿਮਦੀ ਬਦਲ ਗਜ਼ਕਾਰਾਂ ਕਈ ਆਂਦੇ ਤੇ ਕਈ ਜਾਂਦੇ ।
ਯਾਰ ਜਿਨ੍ਹਾਂ ਦੇ ਕੋਲ ਪਏ ਵੱਸਦੇ ਹਾਰ ਸਿੰਗਾਰ ਪੈ ਠਾਂਦੇ ।
ਯਾਰ ਫ਼ਰੀਦ ਆ ਸੀਨੇ ਲਾਈਏ ਡੱਸ ਬਾਕੀ ਕਿਆ ਚਾਂਹਦੇ ।

63.

ਸੁਰਖੀ ਕੱਜ਼ਲਾ ਡਿਤਮ ਮਥੇ ਕਪੜੇ ਮੈਲ ਕਚੇਲੇ ।
ਕਿਆ ਧਾਂਵਾ ਕਿਆ ਜ਼ੇਵਰ ਕਪੜੇ ਕਿਆ ਲਾਉਂ ਤੇਲ ਫੁਲੇਲੇ ।
ਯਾਰ ਬਾਝੋਂ ਹੁਣ ਜੀਵਨ ਕੂੜੇ ਮੌਤ ਮਾਰਮ ਚਾ ਪਹਲੇ ।
ਆਬ ਹਯਾਤ ਹੈ ਰੁਖ ਦਿਲਬਰ ਦਾ ਫ਼ਰੀਦ ਕਰੇ ਰੱਬ ਮੇਲੇ ।

64.

ਇਸ਼ਕ ਲੇਲਾ ਵਿੱਚ ਮਜਨੂੰ ਕਾਮਲ ਖੜਾ ਲੇਲਾ ਯਾਦ ਕਰੇਂਦਾ ।
ਬਾਰਾਂ ਸਾਲ ਜੰਗਲ ਦੇ ਵਿੱਚ ਚੰਮ ਬਦਨ ਖੜਾ ਸੁਕੇਂਦਾ ।
ਸਗ ਲੇਲਾ ਦਾ ਬਾਹਰ ਆਇਆ ਪਿਆ ਮਜਨੂੰ ਪੈਰ ਚੁੰਮੇਂਦਾ ।
ਸਾਦਕ ਇਸ਼ਕ ਫ਼ਰੀਦ ਜਿਨ੍ਹਾਂ ਕੂੰ ਜੈਂਦੀਂ ਮੋਈਂ ਤੋੜ ਨਿਭੇਂਦਾ ।

65.

ਹੁਸਨ ਪਰਸਤੀ ਰਮਜ਼ ਅਜਾਇਬ
ਹਾਸਲ ਇਸ਼ਕ ਮਜਾਜ਼ੀ ।
ਦਰ ਹਕੀਕਤ ਇਸ਼ਕ ਹਕੀਕੀ
ਦਰ ਪਰਦੇ ਕਸਰਤ ਸਾਜ਼ੀ ।
ਆਸ਼ਕ ਸਾਦਕ ਵਾਸਲ ਬਿਲਾ
ਰਾਜ਼ ਰਮੂਜ਼ ਦੀ ਬਾਜ਼ੀ ।
ਮਜ਼ਹਰ ਨੂਰ ਜਮਾਲ ਵਸਾਲ ਥੀਆ
ਯਾਰ ਫ਼ਰੀਦ ਤੇ ਰਾਜ਼ੀ ।

66.

ਲੱਖ ਸ਼ੁਕਰਾਨਾ ਪੜ੍ਹਾਂ ਦੋਗਾਨਾ ਅਰਬੀ ਮੈਂ ਘਰ ਆਇਆ ਬਖ਼ਤ ਸਿਵਾਇਆ ।
ਸਦਕੇ ਵੈਂਦੀ ਕਦਮ ਚੁੰਮੇਂਦੀ ਰੱਬ ਦੀਦਾਰ ਡਖਾਇਆ ਬਖ਼ਤ ਸਿਵਾਇਆ ।
ਡੋਹੀਂ ਜਹਾਨ ਕੁਰਬਾਨ ਕਰਾਂ ਜੈ ਤਾਜ ਲੌਲਾਕੀ ਪਾਇਆ ਬਖ਼ਤ ਸਿਵਾਇਆ ।
ਬੇਸ਼ਕ ਯਾਰ ਫ਼ਰੀਦ ਸੋਹਨਾ ਹੈ ਆਇਆ ਨਹੀਂ ਵਲਾਇਆ ਬਖ਼ਤ ਸਿਵਾਇਆ ।

67.

ਕੋਟ ਮਿੱਠਨ ਹੈ ਕਿਬਲਾ ਕਾਬਾ ਜ਼ਾਹਰ ਨੂਰ ਇਰਫਾਨ ਆਇਆ ।
ਕੁਤਬੀ ਗੌਸੀਆ ਖ਼ਾਸ ਮਦਾਰਜ ਮਾਰਫ਼ਤ ਦਾ ਸਾਮਾਨ ਆਇਆ ।
ਚਿਸ਼ਤ ਬਹਿਸ਼ਤ ਹੈ ਨੂਰ ਮੁਹਮਦੀ ਅਜਬ ਮਜ਼ਹਰ ਜ਼ੀਸ਼ਾਂ ਆਇਆ ।
ਗ਼ੁਲਾਮ ਫ਼ਰੀਦਾ ਦਿਲ ਲੁਟਨ ਕੀਤੇ ਬਣ ਕਰ ਫ਼ਖਰ ਜਹਾਂ ਆਇਆ ।

68.

ਕੋਟ ਸ਼ਰੀਫ ਹੈ ਨੂਰ ਖੁਦਾਈ ਫ਼ਖਰ ਰੌਸ਼ਨ ਜਮੀਰੇ ਕਾਮਲ ਪੀਰੇ ।
ਕਸਮ ਖੁਦਾ ਦੀ ਮੁਰਸ਼ਦ ਹਾਦੀ ਨਜ਼ਰ ਜੈਂਦੀ ਅਕੇਰੇ ਕਾਮਲ ਪੀਰੇ ।
ਵਾਕਫ਼ ਰਾਜ ਰਮੂਜ਼ ਰਬਾਨੀ ਸਾਹਿਬ ਫ਼ੈਜ ਮੇਨਰੇ ਕਾਮਲ ਪੀਰੇ ।
ਯਾਰ ਫ਼ਰੀਦ ਨ ਲਹਮ ਸੰਭਾਲ ਥੀਆ ਸਿਦਕੋਂ ਦਿਲਗੀਰੇ ਕਾਮਲ ਪੀਰੇ ।

69.

ਫ਼ਖਰ ਨ ਕਰਵੇ ਐਡਾ ਬੰਦਿਆ ਫ਼ਖਰ ਕੀਤੇ ਕੀ ਕੰਮ ਆਵਨਾਈ ।
ਤੈਂਡੇ ਨਾਲ ਦੇ ਸਾਨੀ ਲੱਡ ਸਿਧਾਏ ਉਦਰੇ ਤੂ ਵੀ ਲੱਡ ਸਧਾਵਨਾ ਈਂ ।
ਕੁਝ ਮਸਲਮ ਨਹੀਂ ਬੰਦਿਆ ਨਾਲ ਤੈਂਡੇ ਵਕਤ ਗੁਜ਼ਾਰ ਕੇ ਪਛੋਤਾਵਨਾਈਂ ।
ਪੜ੍ਹ ਕਲਮਾ ਤੇ ਆਖ ਫ਼ਰੀਦ ਬੰਦਿਆ ਔਖੇ ਸੌਖੇ ਵੇਲੇ ਕੰਮ ਆਵਨਾਈ ।

70.

ਸ਼ਰਮ ਰਸੂਲ ਕਰੀਮ ਸਾਈਂ ਨੂੰ ਮੈਂਡਾ ਬੇੜਾ ਟਾਂਗ ਤੇ ਲਾਵਨਾਈ ।
ਘੁਮਰ ਘੇਰ ਗੁਨਾਹ ਦਾ ਫੇਰ ਪੋਵਨ ਲਾਇਲਾ ਦਾ ਪੱਖ ਚੜ੍ਹਾਵਨਾਈ ।
ਚਪੇ ਬਣ ਕੇ ਨੂਰ ਸ਼ਫਾਇਤ ਵਾਲੇ ਇਲ ਲਿੱਲਾ ਦਾ ਵੰਜ ਲਗਾਵਨਾਈ ।
ਮੈਡਾ ਪੀਰ ਫ਼ਰੀਦ ਅਰਜ਼ ਕਰੇ ਸਾਰੀ ਉੱਮਤ ਨੂੰ ਪਾਰ ਲੰਘਾਵਨਾਈ ।

71.

ਮੈਂ ਵਲ ਅੱਖੀਆਂ ਮੂਲ ਨ ਭਾਲੀਂ ਤੈਂਡੇ ਨੈਣ ਮਰੇਂਦੇ ਕਾਤੀ ।
ਹਿਕ ਡੇਂਹ ਭੁਲ ਭੁਲੇਕੇ ਲਾਇਮ ਅਤੇ ਚੀਰ ਸੁਟਿਓ ਨੇ ਛਾਤੀ ।
ਪੁੱਛਾਂ ਹਕੀਮ ਜੱਰਾਹ ਸਿਆਨੇ ਪੱਟੀਆਂ ਬੱਧਾਂ ਡੇਂਹ ਰਾਤੀ ।
ਸਦਕਾ ਪੀਰ ਫ਼ਰੀਦ ਦਾ ਸਾਈਂ ਕਡਾਂ ਰਾਂਝਣ ਪੈਸੀ ਝਾਤੀ ।

72.

ਬਾਗ ਤੈਡੇ ਦਾ ਸੰਗਤਰਾ ਹੋਵਾਂ ਮੈ ਤਾ ਸ਼ਾਖੋਂ ਤਰੋੜ ਕੇ ਨੀਵਾਂ ।
ਆਵਾਂ ਹੱਥ ਮਾਸ਼ੂਕਾਂ ਦੇ ਮੈਂ ਤਾਂ ਡੱਲੀਆਂ ਡੱਲੀਆਂ ਥੀਵਾਂ ।
ਚੋਪਨ ਚੋਪ ਕੇ ਸੱਟਨ ਵਿੱਚ ਗਲੀਆਂ ਮੈਂ ਤਾਂ ਪੈਰਾਂ ਹੇਠ ਮੰਡੀਵਾਂ ।
ਡੇਵਨ ਬੁਹਾਰੀਆਂ ਸਾੜਨ ਮੈਕੂੰ ਤੂੰ ਸੇਕੀਂ ਤੇ ਮੈਂ ਜੀਵਾਂ ।

73.

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ ।
ਬਾਹਿ ਸੜੇਂਦੀ ਕੱਖ ਕਾਨੇ ਨੂੰ ਇਸ਼ਕ ਸੜੇਂਦਾ ਜੇਅੜਾ ।
ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ ।
ਯਾਰ ਮੈਡੇ ਉੱਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ ।

Categories: ਅਮਰ ਰੂਹਾਂ, ਖ਼ਵਾਜਾ ਗ਼ੁਲਾਮ ਫ਼ਰੀਦ, ਦੋਹੜੇ | Tags: , , , , , | Leave a comment

ਆਜ਼ਾਦੀ—ਗੁਰਦਾਸ ਰਾਮ ਆਲਮ


ਆਜ਼ਾਦੀ

ਗੁਰਦਾਸ ਰਾਮ ਆਲਮ

alam-kaavee

ਕਿਓਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਮੈਂ ਜੱਗੂ ਤੋਂ ਸੁਣਿਆਂ, ਅੰਬਾਲੇ ਖੜੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖਾਦੀ ਸੀ।
ਬਿਰਲੇ ਦੇ ਘਰ ਵਲ , ਅਗਾੜ੍ਹੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵਲ , ਪਛਾੜੀ ਸੀ ਉਸਦੀ।
ਆਯੀ ਨੂੰ ਭਾਵੇਂ, ਤਿਯਾ ਸਾਲ ਬੀਤਾ।
ਅਸੀਂ ਤਾਂ ਅਜੇ ਤਕ, ਦਰਸ਼ਨ ਨਹੀਂ ਕੀਤਾ।

ਦਿੱਲੀ ‘ਚ ਆਉਂਦੀ ਹੈ, ਸਰਦੀ ਦੀ ਰੁੱਤੇ।
ਤੇ ਹਾੜਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
ਗਰੀਬਾਂ ਨਾਲ ਲਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹਥੀਂ, ਚੜ੍ਹੀ ਹੋਈ ਆ ਖਬਰੇ।
ਅਖਬਾਰਾਂ ‘ਚੋੰ ਪੜਿਆ, ਜਰਵਾਨੀ ਜਹੀ ਏ।
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ।

ਮੰਨੇ ਜੇ ਉਹ ਕਹਿਣਾ, ਅਸੀਂ ਵੀ ਮੰਗਾਯੀਏ। .
ਛੰਨਾਂ ਤੇ ਢਾਰਿਯਾਂ ‘ਚ, ਭੁੰਜੇ ਸੁਆਈਏ। .
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਉਸ ਅੱਗੇ, ਆਂਡੇ ਹੁੰਦੇ ਨੇ।
ਬਈ ਸਾਡੀ ਤਾਂ ਖੁਰਲੀ, ‘ਚ ਟਾਂਡੇ ਹੁੰਦੇ ਨੇ।

alam-kaav-1

Categories: Dalvir Gill | Tags: , , , , , | 2 Comments

ਆਜ਼ਾਦੀ ਦਾ ਦਿਨ—ਸੰਤ ਰਾਮ ਉਦਾਸੀ


ਆਜ਼ਾਦੀ ਦਾ ਦਿਨ

ਸੰਤ ਰਾਮ ਉਦਾਸੀ

( 14.8.1975 ਹਵਾਲਾਤ, ਥਾਣਾ ਸਹਿਣਾ )

 

ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ
ਉਡਾਏ ਤਾਂ ਐਤਕੀਂ ਵੀ ਜਾਣਗੇ ਗੁਲਾਲ ਨਾਲ ਭਰੇ ਹੋਏ ਜਹਾਜ਼
ਪ੍ਰੇਡ ਕਰਕੇ ਸਿਪਾਹੀਆਂ ਦੀਆਂ ਅੱਡੀਆਂ ਦੀ ਧੂੜ ਨਾਲ
ਭਰ ਜਾਣਗੇ ਪ੍ਰੇਡ ਗਰਾਊਂਡ ਵਿਚ ਬੈਠੇ ਦਰਸ਼ਕਾਂ ਦੇ ਨੱਕ, ਕੰਨ ਤੇ ਅੱਖਾਂ
‘ਗਾਂਧੀ ਫੁਲ ਫੁਲ ਬੈਠੇਗਾ
ਆਪਣੇ ਨਵੇਂ ਸਜੇ ਹੋਏ ਬਾਂਦਰਾਂ ਦੀਆਂ ਸ਼ਕਲਾਂ ਵੇਖ ਕੇ

ਲਿਆਂਦੇ ਜਾਣਗੇ ਦੇਸ਼ ਦੇ ਹਰ ਕੋਨੇ ‘ਚੋਂ
ਫੜਕੇ ਮਿੱਟੀ ਦੇ ਬਾਵੇ
ਇੱਕ ਔਂਤਰੀ ਆਣਾਦੀ ਸਜਾਏਗੀ ਉਹਨਾਂ ਦੇ ਗਲ
ਐਮਰਜੈਂਸੀ ਦਾ ਲਹਿੰਗਾ ।
ਟੁਕੜੀਆਂ ਵਿਚ ਵੰਡੇ ਲੋਕ ਸਲਾਮੀ ਦੇਣਗੇ
ਲੁਟੇਰਿਆਂ ਦੀ ਨਵੀਂ ਸਜੀ ‘ਡਿਕਟੇਟਰਸ਼ਿਪ’ ਨੂੰ
ਮਿੱਟੀ ਦੇ ਬਾਵੇ ਬਹੁਤ ਟੱਪਣਗੇ
ਖੱਸੀ ਲਿਖਾਰੀਆਂ ਦੇ ਗੀਤਾਂ ਦੀ ਫ਼ੌਜੀ ਟਿਊਨ ‘ਤੇ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ

ਐਤਕੀਂ ਤਾਂ ਹੋਰ ਵੀ ਗੂੜ੍ਹੀ ਹੋਏਗੀ ਆਜ਼ਾਦੀ ਦੇ ਦੇ ਦਿਨ ਦੀ ਰੰਗਤ
ਕਿਉਂਕਿ ਹੋਇਆ ਹੈ ਸਫ਼ਲ, ਗ਼ਰੀਬੀ ਹਟਾਉ ਦਾ ਨਾਹਰਾ
ਔਂਤਰੀ-ਆਜ਼ਾਦੀ ਸੁੰਗੜ-ਸੁੰਗੜ ਬੈਠੇਗੀ
ਅੰਤਰ-ਰਾਜੀ ਫੈਲੀ ਹੋਈ ਭੁੱਖ ਦੇ ਸ਼ਿਕਾਰ ਬੱਚਿਆਂ ਕੋਲੋਂ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ ।

ਐਤਕੀਂ ਤਾਂ ਬਹੁਤ ਲੰਮੀ ਹੋ ਜਾਏਗੀ
ਰਾਸ਼ਟਰਪਤੀ ਅਵਾਰਡਾਂ ਦੀ ਲਿਸਟ
ਤੇ ਓਦੂੰ ਵੀ ਬਹੁਤ ਲੰਮੇ ਹੋ ਜਾਣਗੇ
ਵੱਢੀਆਂ ਲੈਣ ਲਈ ਅਫ਼ਸਰਾਂ ਦੇ ਹੱਥ
ਤੇ ਏਦੂੰ ਵੀ ਸੈਂਕੜੇ ਗੁਣਾਂ ਵਧ ਜਾਏਗੀ
ਜੇਲ੍ਹ ਸੁਪਰਡੈਂਟਾਂ ਨੂੰ ਸਿਆਸੀ ਕੈਦੀਆਂ ਦੇ ਸਾਂਭਣ ਦੀ ਸਿਰਦਰਦੀ
ਪਰ ਬਹੁਤ ਛੋਟੇ ਹੋ ਜਾਣਗੇ ਥਾਣਿਆਂ ਦੇ ਰੋਜ਼ਨਾਮਚੇ
ਕਿਉਂਕਿ ਪੁਲਿਸ ਨੂੰ ਬਹੁਤ ਕਾਹਲ ਹੋਏਗੀ
‘ਰੋਟੀ ਮੰਗਦੇ ਸਮਾਜ ਵਿਰੋਧੀ ਅਨਸਰ’ ਨਾਲ
ਨਹਿਰ ਦੇ ਪੁਲ ‘ਤੇ ਮੁਕਾਬਲਾ ਦਖਾਉਣ ਲਈ
ਮਨਾਇਆ ਤਾਂ ਐਤਕੀ ਵੀ ਜਾਏਗਾ ਆਜ਼ਾਦੀ ਦਾ ਦਿਨ।

ਲਾਏ ਜਾਣਗੇ ਵਿਧਾਨ ਦੀ ਰੱਖਿਆ ਦੇ ਨਾਹਰੇ
ਪਰ ਹਰ ਵੱਡੇ ਨੂੰ ਹੱਕ ਹੋਏਗਾ ਵਿਧਾਨ ਦੀ ਨਾੜ ਮਰੋੜਨ ਦਾ
ਕਿਉਂਕਿ ਇਹ ਕਿਹੜਾ ਗੁਰੁ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ
ਜਾਂ ਇੰਨਟੈਰੋਗੇਸ਼ਨ ਵਿੱਚ ਨਿਭਾਇਆ ਗਿਆ ‘ਕਾਮਰੇਡਾਂ ਦਾ ਸਿਦਕ’
ਵਿਧਾਨ ਦੇ ਕਿਸੇ ਵੀ ਅੰਗ ਦੀ ਭੰਨ ਤੋੜ
ਅੱਤ ਜ਼ਰੂਰੀ ਹੈ ਸਾਡੇ ‘ਅੱਵਲ ਨੰਬਰ ਦੇ ਲੋਕਰਾਜ’ ਦੀ
‘ਸਿਹਤ’ ਅਤੇ ‘ਸੇਧ’ ਲਈ।
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ ।

Categories: Dalvir Gill | Tags: , , , , , | Leave a comment

ਮਰਕਟ ਕਿ ਮਨੁੱਖ—ਅਮਰਦੀਪ ਸਿੰਘ “ਅਮਰ”


……….ਮਰਕਟ ਕਿ ਮਨੁੱਖ….?


ਨੀ ਘੁੱਗੀਏ ਨੀ
ਕਰ ਨਾ ਘੂੰਅ ਘੂੰਅ
ਮੇਰੇ ਕੋਲ ਸਮਾੰ ਨਹੀੰ ਕਿ ਸੁਣ ਸਕਾਂ ਤੇਰੀ ਘੂੰਅ ਘੂੰਅ
ਨੀ ਚਿੜੀਏ ਨੀ ਕਰ ਨਾ ਚੂੰਅ ਚੂੰਅ
ਮੇਰੇ ਕੋਲ ਸਮਾਂ ਨਹੀੰ ਤੇਰੇ ਗੀਤ ਸੁਨਣ ਜੋਗਾ
ਐ ਵਗਦੀਏ ਹਵਾਏ
ਕਿਵੇੰ ਮਾਣਾਂ ਤੇਰਾ ਸਪਰਸ਼
ਮੈੰ ਤਾਂ ਦੌੜ ਰਿਹਾਂ ਹਾਂ
ਇੱਕ ਅੰਨੀ ਦੌੜ ਕਿਸੇ ਹਨੇਰੀ ਸੜਕ ਉੱਤੇ
ਜਾਣਾ ਕਿੱਥੇ ਹੈ?
ਮੈਨੂੰ ਪਤਾ ਨਹੀੰ ਖੁਦ ਵੀ
ਮੇਰੇ ਪੈਰਾਂ ਥੱਲੇ ਝੂਠੀ ਮਾਇਆ ਦੇ ਅੰਗਿਆਰ ਹਨ
ਉਹ ਮਾਇਆ ਜੋ ਮੈੰ ਕਦੇ ਹੱਥ ਵਿੱਚ ਵੀ ਫੜਕੇ ਨਹੀੰ ਦੇਖੀ
ਅਕਾਊੰਟ ਭਰਦੇ ਹਨ
ਖਾਲੀ ਹੁੰਦੇ ਹਨ
ਚੈਕ ਇਧਰੋੰ ਉਧਰੋੰ ਸਫਰ ਕਰਦੇ ਹਨ
ਤੇ ਮੈੰ ਦੌੜ ਰਿਹਾਂ ਹਾਂ ਕਾਗਜ਼ ਦੇ ਸੁਪਨਿਆਂ ਮਗਰ
ਸ਼ਬਦ ਵੱਜਦਾ ਹੈ
ਤੇ ਬਾਬੇ ਦੀ ਬਾਣੀ ਕਹਿੰਦੀ ਹੈ
ਮਰਕਟੁ ਮੁਸਟੀ ਅਨਾਜ ਕੀ ਮਨ ਬਾਉਰਾ ਰੇ
ਲੀਨੀ ਹਾਥ ਪਸਾਰ
ਛੂਟਨ ਕਉ ਸਹਿਸਾ ਪਰਿਉ ਮਨ ਬਾਉਰਾ ਰੇ
ਨਾਚੈ ਘਰ ਘਰ ਬਾਰ
ਤੇ ਮੈਨੂੰ ਆਪਣਾ ਸਮੁੱਚਾ ਵਜ਼ੂਦ
ਹੱਥਾਂ ਵਿੱਚ ਖਿੱਲਾਂ ਦੀ ਮੁੱਠ ਫੜੀ ਬੈਠੇ
ਸੰਗਲੀ ਚ ਜਕੜੇ ਬਾਂਦਰ ਵਰਗਾ ਲੱਗਦਾ ਹੈ
ਜੋ ਕੈਪਟਲਿਜ਼ਮ ਦੀ ਡੁਗਡੁਗੀ ਮੂਹਰੇ ਨੱਚ ਰਿਹਾ ਹੋਵੇ
ਕੈਸਾ ਜਗਤ ਤਮਾਸ਼ਾ ਹੈ..?
(ਅਮਰਾ ਬਾਬਾ)

ਅਮਰਦੀਪ ਸਿੰਘ “ਅਮਰ”

Categories: Amardeep Singh "Amar", Poetry, Punjabi | Tags: , , , , , , | 1 Comment

ਸੁਰੱਖਿਆ-ਕਵਚ


z3 copy

ਨਜ਼ਰਾਂ ਦੇ
ਸ਼ਬਦਾਂ ਦੇ
ਤੀਰਾਂ ਤੋਂ ਢਾਲ;
ਮੇਰਾ ਸੁਰੱਖਿਆ-ਕਵਚ—
ਤੇਰੇ ਸਾਹਾਂ ਦਾ ਲੇਪਣ

—ਦਲਵੀਰ ਗਿੱਲ

Categories: ਦਲਵੀਰ ਗਿੱਲ, Dalvir Gill, Poetry, Punjabi | Tags: , , , , , , , | Leave a comment

ਰੁਬਾਈ – ਮੁਕਤਾ


1601358_243193422516230_1087047631_n copy

ਮੈਨੂੰ ਮੇਰਾ ਆਪਾ ਬਖ਼ਸ਼ਿਆ ਹੋਰ ਕੀ ਦੱਸ ਮੈਂ ਮੰਗਾਂ,
ਕਿੰਨੀ ਸੋਹਣੀ ਤੇਰੀ ਬਖ਼ਸ਼ਿਸ਼ ਦੱਸਦਾ ਕਾਹਤੋਂ ਸੰਗਾਂ।
ਸਭ ਥਾਂਈਂ ਮੈਂ ਕਿਤੇ ਵੀ ਨਾਂਹੀਂ ਸਰੂਪ ਕਰੂਪ ਅਰੂਪਾ
ਆਸ ਨਿਰਾਸੋਂ ਮੁਕਤਾ ਹੋਇਆ ਜਾਗੀਆਂ ਲੱਖ ਉਮੰਗਾਂ।
—ਦਲਵੀਰ ਗਿੱਲ

Categories: ਦਲਵੀਰ ਗਿੱਲ, Dalvir Gill, Poetry, Punjabi | Tags: , , , , , , , , | 4 Comments

ਪ੍ਰੋ ਪੂਰਨ ਸਿੰਘ—ਪੰਜਾਬ! ਓ ਪੰਜਾਬ!! ( ਦਸ ਕਵਿਤਾਵਾਂ )


Punjab_1909 copy

ਪ੍ਰੋ ਪੂਰਨ ਸਿੰਘ—ਪੰਜਾਬ! ਓ ਪੰਜਾਬ!! ( ਦਸ ਕਵਿਤਾਵਾਂ )

***********************************

I. ਜਵਾਨ ਪੰਜਾਬ ਦੇ


ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।

ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ ।
ਜਵਾਨ ਖੁੱਲ੍ਹੇ ਖੋਲ੍ਹੇ ਪਿਆਰਿਆਂ,
ਆਜ਼ਾਦੀ ਦੇ ਪਿਆਰ ਵਿਚ,
ਦੁਨੀਆਂ ਥੀਂ ਵਿਹਲੇ,
ਦੀਨ ਥੀਂ ਵੀ ਵਿਹਲੇ,
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ ।
ਮੰਨੇ ਨਾ ਮਨੀਂਦੇ ਕਦੀ, ਕੁੱਦ ਕੁੱਦ, ਉੱਛਲਦੇ ਡੁਲ੍ਹਦੇ,
ਮਰਜ਼ੀ ਦੇ ਮਾਲਕ ਇਹ,
ਦਿਲ ਦੇ ਚਾਅ ਉੱਤੇ ਉੱਲਰਦੇ ।
ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ‘ਤੇ ਰੀਝਣ ਤੇ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ ।
ਇਨ੍ਹਾਂ ਦਾ ਕੁਝ ਥਹੁ ਨਹੀਂ ਲੱਗਦਾ ।
ਹੱਥਾਂ ਵਿਚ ਗੋਹਲੇ ਕੀਤੀ ਕਿਸੇ ਵੀ ਪਾਤਸ਼ਾਹ ਨੇ,
ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ ।
ਪਿਆਰ ਦਾ ਨਾਮ ਇਨ੍ਹਾਂ ਸਿੱਖਿਆ,
ਦਿਲ ਜਾਨ ਵਾਰਨ ਇਹ ਪਿਆਰ ‘ਤੇ,
ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ,
ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ,
ਬੇਲਿਆਂ ਤੇ ਰੱਖਾਂ ਵਿਚ ਕੂਕਾਂ ਮਾਰਦੇ ।
ਬਾਲ ਨਾਥ ਪਛਤਾਇਆ ਰਾਂਝੇ ਨੂੰ ਜੋਗ ਦੇ ਕੇ ,
ਸਤਿਗੁਰਾਂ ਦੇ ਸਿੱਖ ਨੂੰ ਪਾ ਹੱਥ ਰੋਇਆ ।
ਇਸ ਜੱਟ-ਮੱਤ ਵਿਚ ਯੋਰਾਂ ਦਾ ਜੋਗ ਸੀ,
ਦੇਖ ਹੈਰਾਨ ਪਸ਼ੇਮਾਨ ਹੋਇਆ, ਬਖ਼ਸ਼ਿਆ,
ਟੋਰਿਆ, ਟਿੱਲੇ ਥੀਂ ਅਸੀਸ ਦੇ, ਹਾਰਿਆ,
ਤੇ ਮਚਲਾ ਜੱਟ ਆਖੇ-
ਮੁੰਦਰਾਂ ਲੈ ਆਪਣੀਆਂ ਮੋੜ ਬਾਵਾ !
ਤੇ ਕੰਨ ਮੇਰੇ ਮੁੜ ਸਬੂਤ ਕਰ ਤੂੰ ਭਲੇ ਮਾਣਸਾ
ਕੰਨਾਂ ਨੂੰ ਕਾਹਨੂੰ ਚਾ ਪਾੜਿਆ ?
ਜੋਗ ਦੀ ਮੈਨੂੰ ਕੀ ਲੋੜ ਸੀ ? ਨਾਥਾ ਦੱਸ ਖਾਂ ?
ਮੈਂ ਸਿੱਖਿਆ ਸੀ ਨਾਮ ਪਿਆਰ ਦਾ
ਤੇ ਹੱਡਾਂ ਵਿਚ ਪਿਆਰ ਪਿਆ ਖੜਕਦਾ,
ਨਾਮ ਪਿਆ ਵੱਜਦਾ,
ਜੋਗ ਤੇਰਾ ਹੋੜਦਾ ਇਸ਼ਕ ਥੀਂ ਕਮਲਿਆ ।
ਮੋੜ ਮੇਰੇ ਕੰਨ, ਲੈ ਮੋੜ ਆਪਣੀਆਂ ਮੁੰਦਰਾਂ ।

ਇਹੋ ਜਿਹੀ ਜਿੰਦ ਤੇ ਖੁੱਲ੍ਹ ਦਾ ਸੁਭਾ,
ਜਿਹੜਾ ਚਾਬਕ ਨਹੀਂ ਸਹਾਰਦਾ,
ਕੋਤਲ ਘੋੜੇ ਵਾਂਗ ਸੰਵਾਰੇ ਕੋਈ ਨਿੱਤ ਨਵਾਂ,
ਤੇ ਵਹੇ ਇਨ੍ਹਾਂ ਜਵਾਨਾਂ ਦੀ ਮੌਜ ਨਾਲ,
ਤਦ ਤਾਂ ਪਲ ਛਿਣ, ਰੁਮਕ ਰੁਮਕ ਤੁਰਨ ਇਹ,
ਪਰ ਫਿਰ ਵੀ ਖ਼ਤਰਾ ਇਨ੍ਹਾਂ ਦੇ ਅੱਥਰੇਪਨ ਦਾ ਹਰਦਮ ਰਹਿੰਦਾ ।
ਬਾਂਕੇ ਛਬੀਲੇ ਪੰਜਾਬ-ਪਿਆਰ ਦੇ ਰਹਿਣ ਵਾਲੇ,
ਪੰਜਾਬੀ ਮਾਵਾਂ ਦੇ ਪੁੱਤਰ,
ਰੱਖਣ ਨਾ ਜਾਨ ਸੰਭਾਲ ਇਹ,
ਜਾਨ ਵਾਰਨ ਨੂੰ ਇਹ ਜਾਣਦੇ,
ਲਹੂ ਵੀਟਣ ਥੀਂ ਨਾ ਡਰਨ ਇਹ,
ਤੇ ਜੰਗ ਮੈਦਾਨ ਵਿਚ ਨੱਸਣਾ ਨਾ ਇਹ ਪਛਾਣਦੇ ।
ਕਰਨ ਕੀ ਇਹ ?
ਓੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿਚ,
ਸਤਿਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸਦਕੇ,
ਹੜ੍ਹ ਆਏ ਰੱਬ ਦੇ ਪ੍ਰਕਾਸ਼ ਦੇ,
ਤੇ ਠਿਲ੍ਹਣ ਨਾ ਇਹ ਪੰਜਾਬੀ, ਇਹ ਵੱਸ ਕਿਸ ਦੇ ?
ਇਹ ਜੀਣ, ਥੀਣ ਜ਼ੋਰ ਲਾ ਲਾ, ਕੁਝ ਵੱਸ ਨਾਂਹ ਕਿਸੇ ਦੇ,
ਪੰਜਾਬ ਵਿਚ ਸਤਿਗੁਰਾਂ ਦੀ ਨਿਗਾਹ ਵਿਚੋਂ
ਜੀਵਨ-ਬਿਜਲੀਆਂ ਦੇ ਅਸਗਾਹ ਦਰਿਆ ਵਗ ਉੱਠੇ,
ਝਨਾਂ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ
ਜੇਹਲਮ ਤੇ ਅਟਕ ਸਭ ਬਲ ਉੱਠੇ ;
ਗੁਰੂ ਦਾ ਜਪੁ ਸਾਹਿਬ ਗਾਉਂਦੇ ।
ਇਉਂ ਅਥਾਹ ਪ੍ਰਵਾਹ ਹੋਇਆ,
ਸੁੱਕਾ ਨਾਂਹ ਰਿਹਾ ਕੋਈ ਥਾਂ ।
ਹਿੰਦੂ, ਮੁਸਲਮਾਨ, ਪੰਛੀ, ਪਸ਼ੂ, ਆਦਮੀ ਸਭ ਭਿੱਜਿਆ,
ਡੁੱਬਿਆ ਅੰਮ੍ਰਿਤ ਉਸ ਨਿਗਾਹ ਵਿਚ ।
ਇੱਥੇ ਜਾਨ ਆਈ, ਰੂਹ ਆਇਆ, ਰੱਬ ਆਇਆ,
ਗੀਤ ਅਸਮਾਨੀ ਆਇਆ, ਦਿਲ ਆਇਆ ਬਖ਼ਸ਼ ਦਾ ;
ਇੱਥੇ ਚਾਅ ਦੇ ਅਸਮਾਨ ਟੁੱਟੇ,
ਇੱਥੇ ਹੁਸਨ ਖ਼ੁਦਾਈ ਦਾ ਅਵਤਾਰ ਆਇਆ,
ਇੱਥੇ ਦਿਲ ਚੁਭਵੀਆਂ ਮੂਰਤਾਂ,
ਨਿਗਾਹਾਂ ਦੇ ਤੀਰਾਂ ਦੇ ਮੀਂਹ ।

ਇੱਥੇ ਦਾਤੇ ਬਲਕਾਰ ਆਏ,
ਇੱਥੇ ਸਾਈਂ ਦੇ ਪਿਆਰੇ ਆਏ,
ਇਸ ਧਰਤੀ ਵਿਚ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ,
ਇਥੇ ਸਤਿਗੁਰਾਂ, ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ ।


ਗਾਓ ਢੋਲੇ ਯਾਰੋ ਖੁੱਲ੍ਹ ਵਿਚ ਬੇਸ਼ੱਕ ਹੁਣ,
ਵਜਾਓ ਅਲਗੋਜ਼ੇ ਪੋਠੋਹਾਰ ਦੇ ।
ਬਣਨ ਬੈਂਤ, ਉੱਡਣ ਰੰਗ ਗੁਲਾਬ ਦੇ,
ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ, ਪੀੜਾਂ ਮੁੱਢ ਕਦੀਮ ਦੀਆਂ ।
ਹਾਂ ! ਐਵੇਂ ਜਦ ਦਿਲ ਅੱਕੇ,
ਉੱਠ ਡਾਂਗਾਂ ਵਰਸਾਓ ਵਾਂਗ ਆਂਧੀਆਂ,
ਇਹ ਤੁਸਾਂ ਦੇ ਡੌਲਿਆਂ ਨੂੰ ਵਰਜ਼ਸ਼ ਜ਼ਰੂਰ ਹੈ ।
ਖੁੱਲ੍ਹੇ ਖੇਤ ਤੇ ਹਵਾਵਾਂ,
ਵਾਟਾਂ ਲੰਮੀਆਂ ਦੇ ਸੈਰ,
ਪੈਰ ਵਾਹਣਿਆਂ ਟੁਰਨਾ,
ਸ਼ਾਮ ਵੇਲੇ ਘਰ ਆਵਣਾ, ਪੰਜਾਹ ਕੋਹ ਮਾਰ ਕੇ ।
ਵਾਹ ਸ਼ੇਰ ਜਵਾਨੀਏ ! ਕੰਮ ਕੁਝ ਨਾਂਹ,
ਪੈਂਡਾ ਮਾਰਨਾ, ਜ਼ਰਾ ਲੱਤਾਂ ਹਿਲਾਣ ਨੂੰ ।

******************************

II. ਪੰਜਾਬ ਦੇ ਦਰਿਆ

ਰਾਵੀ ਸੁਹਣੀ ਪਈ ਵਗਦੀ ।
ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ,
ਮੈਨੂੰ ਝਨਾਂ ‘ਵਾਜ਼ਾਂ ਮਾਰਦੀ,
ਮੈਨੂੰ ਜੇਹਲਮ ਪਿਆਰਦਾ,
ਅਟਕ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ‘ਤੇ ਵੱਜਦੀ ।
ਖਾੜ ਖਾੜ ਚਲਣ ਵਿਚ ਮੇਰੇ ਸੁਫ਼ਨਿਆਂ,
ਪੰਜਾਬ ਦੇ ਦਰਿਆ,
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ,
ਪਿਆਰਾ ਜਪੁ ਸਾਹਿਬ ਗਾਉਂਦੇ, ਠੰਢੇ ‘ਤੇ ਠਾਰਦੇ, ਪਿਆਰਦੇ ।

*******************************

III. ਪੰਜਾਬ ਦੇ ਮਜੂਰ

ਉਏ ! ਮਜੂਰ ਚੰਗੇ ਲੱਗਦੇ !
ਨਿੱਕੇ ਨਿੱਕੇ ਖ਼ਿਆਲ ਇਨ੍ਹਾਂ ਦੇ,
ਉਨ੍ਹਾਂ ਵਿਚ ਢਲੀਆਂ ਇਨ੍ਹਾਂ ਦੀਆਂ ਜ਼ਿੰਦਗੀਆਂ,
ਸਾਦੇ ਸਾਦੇ ਚਿਹਰੇ, ਬੇਨਿਕਾਬ ਜਿਹੇ,
ਨ ਛੁਪਦੇ ਨ ਛੁਪਾਂਦੇ ਕੁਝ ਆਪਣਾ ।
ਨੰਗੇ ਨੰਗੇ ਦਿਲ ਇਨ੍ਹਾਂ ਦੇ,
ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ।
ਇਨ੍ਹਾਂ ਦੀ ਗ਼ਰੀਬੀ ਨਿੱਕੀ,
ਇਨ੍ਹਾਂ ਦਾ ਸੰਤੋਖ ਵੱਡਾ,
ਇਹ ਠੰਢੇ ਪਾਣੀ ਵਾਂਗ
ਮੇਰੇ ਜੀ ਨੂੰ ਠਾਰਦੇ ।

***************************

IV. ਹਲ਼ ਵਾਹੁਣ ਵਾਲੇ

ਉਏ ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ ।
ਲੱਸੀ ਦਾ ਛੰਨਾ ਦਿੰਦੇ,
ਬਾਜਰੇ ਦੀ ਰੋਟੀ,
ਮੱਖਣ ਦੀ ਪਿੰਨੀਂ ਦਿੰਦੇ,
ਦੁੱਧ ਦੀਆਂ ਕਟੋਰੀਆਂ ।
ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ;
ਮੱਕੀ, ਜਵਾਰ ਤੇ ਛੋਲਿਆਂ ।
ਪਾਣੀ ਠੰਢਾ ਖੂਹਾਂ ਦਾ ਦਿੰਦੇ,
ਖੁਸ਼ੀ ਦਿੰਦੇ ਪੀਣ ਨੂੰ, ਜੀਣ ਨੂੰ,
ਟਿੱਬੇ ਢੇਰ ਸਾਰੇ ਢਾਹ ਮਦਾਨ ਕਰਨ,
ਇਹ ਲੋਕੀਂ ਹਨ ਮੇਰੇ ਰੱਬ ਦੀਆਂ ਪੈਲੀਆਂ ।
ਬੀਜ ਬੀਜਣ ਇਹ ਹਲ਼ ਚਲਾਣ,
ਘਾਲਾਂ ਘਾਲਣ ਪੂਰੀਆਂ ।
ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ,
ਵੇਖਣ ਮੁੜ ਮੁੜ ਵੱਲ ਬੱਦਲਾਂ,
ਇਹ ਹਨ ਜੱਗ ਦੇ ਭਮਡਾਰੀ,
ਰਾਜੇ ਹੱਥ ਅੱਡ ਅੱਡ ਮੰਗਦੇ ਇਥੋਂ ਰੋਟੀਆਂ ।

**********************************

V. ਪੰਜਾਬ ਨੂੰ ਕੂਕਾਂ ਮੈਂ

ਆ ਪੰਜਾਬ-ਪਿਆਰ ਤੂੰ ਮੁੜ ਆ !
ਆ ਸਿੱਖ-ਪੰਜਾਬ ਤੂੰ ਘਰ ਆ !
ਤੇਰੇ ਤੂਤ ਦਿਸਣ ਮੁੜ ਸਾਵੇ,
ਮੁੜ ਆਵਣ ਬੂਟਿਆ ਨਾਲ ਤੇਰੀਆਂ ਦੋਸਤੀਆਂ ।
ਤੇਰੇ ਪਿੱਪਲਾਂ ਹੇਠ ਹੋਣ ਮੁੜ ਮੇਲੇ,
ਤੇਰੇ ਅੰਬਾਂ ‘ਤੇ ਪੀਂਘਾਂ ਉੱਲਰਦੀਆਂ ।
ਕੁੜੀਆਂ, ਨੱਢੇ ਮੁੜ ਖੇਡਣ ਅਝੱਕ ਹੋ ਕੇ,
ਰਲ ਮਿਲ ਉਨ੍ਹਾਂ ਚੰਨੇ ਦੀਆਂ ਚਾਨਣੀਆਂ,
ਕਿਰਕਿਲੀਆਂ ਪਾਣ ਰਲ ਮਿਲ ਕੇ, ਖੇਡਣ ਛੁਪਣ ਲੁਕੀਆਂ ।
ਉਹੋ ਰਾਤਾਂ ਮੁੜ ਆਵਣ, ਨਿਰਵੈਰ, ਨਿਰਦਵੈਖ, ਪਵਿੱਤਰ, ਅਬੋਝ, ਬਾਇਲਮ,
ਨਿਸ਼ਪਾਪ ਸੁਹਣੀਆਂ ਸਵਾਦਲੀਆਂ ;
ਉਹੋ ਗਿੱਧੇ ਉਹ ਧੂੜਾਂ ਦਾ ਉਠਾਉਣਾ ਰਲ ਮਿਲ,
ਉੱਪਰ ਚੰਨ, ਹੇਠ ਚੰਨੀਆਂ, ਬੰਨੇ ਤੇ ਬੰਨੀਆਂ,
ਨੱਚ ਨੱਚ, ਧਮ ਧਮ, ਥੰਮ ਥੰਮ, ਆਖ਼ਰ ਆਵਨ ਮੁੜ ਉਹੋ ।
ਖਿੱਚਾਂ ਖਿਲੀਆਂ ਪੁਰਾਣੀਆਂ ।
ਤ੍ਰਿੰਞਣਾਂ ਵਿਚ ਮੁੜ ਗਾਣ ਕੁੜੀਆਂ,
ਆਪੇ ਜਿਹੀਆਂ ਸਭ ਇਕ ਥਾਂ ਇਕੱਠੀਆਂ,
ਇਕ ਚਾਹ ਵਾਲੀਆਂ, ਦਿਲਾਂ ਦੇ ਭੇਤ ਸਾਂਝੇ ਵਾਲੀਆਂ,
ਤੇ ਮੁੜ ਬਾਗ਼ ਗੂੰਜਣ ਇਨ੍ਹਾਂ ਕੋਇਲਾਂ ਦੀਆਂ ਤੀਖਣ ਬੋਲੀਆਂ,
ਤੇ ਤੋਤਿਆਂ ਪਿੱਛੇ ਨੱਸਣ, ਤਾੜੀ ਮਾਰਦੀਆਂ ਉਨ੍ਹਾਂ ਨੂੰ ਟਹਿਣੀ ਟਹਿਣੀ
ਉਡਾਂਵਦੀਆਂ ।
ਸੁਹਣੀਆਂ ਛਾਤੀਆਂ ਮੁੜ ਉਭਰਨ, ਧੜਕਣ, ਕੰਬਣ, ਉਨ੍ਹਾਂ ਗੁਝੇ ਪਿਆਰਾਂ ਅਣਦੱਸਿਆਂ ।
ਕੰਧਾਂ ਸਾਰੀਆਂ ਢਾਹਵੋ ਹੁਣ, ਬੂਹੇ ਸਾਰੇ ਖੋਹਲ ਦੇਵੋ,
ਮਿਲੋ ਬਸੰਤ ਨੂੰ ਪਾ ਪਾ ਜੱਫੀਆਂ ।

ਬੋਲਣਾ ਤਾਂ ਘੱਟ ਹੋਵੇ, ਨੱਸਣਾ ਹੱਦੋਂ ਵੱਧ ਹੋਵੇ
ਭਾਅ ਹੋਣ, ਚਾਅ ਹੋਣ, ਮੁੜ ਉਹੋ ਪੁਰਾਣੇ,
ਖੁੱਲ੍ਹ ਹੋਵੇ, ਡੁੱਲ੍ਹ ਹੋਵੇ,
ਇਕ ਦੂਜੇ ਪਿੱਛੇ ਮਰਨਾ,
ਘਰ, ਘਰ ਇਕੱਠ ਹੋਵੇ,
ਉਹੋ ਪੁਰਾਣੀਆਂ ਮਿੱਲਤਾਂ,
ਗਹਿਮ ਗਹਿਮ ਹੋਵੇ, ਚਹਿਲ ਬਹਿਲ, ਗੁਰੂ ਦੀਆਂ ਬਰਕਤਾਂ ।
ਸੁਹਾਗ, ਭਾਗ, ਜਰਨਾ, ਨਿਵ ਚੱਲਣਾ, ਉਹੋ ਪੁਰਾਣੀ ਧਾਰਣਾ ।
ਦੁੱਧ ਦਹੀਂ ਅਮਿੱਤ ਹੋਣ,
ਸਭ ਕੱਜ ਕੱਜ, ਢੱਕ ਢੱਕ, ਰੱਖਣਾ ।
ਮਰਨ ਜੀਣ ਸਭ ਸਾਂਝੇ ਹੋਣ,
ਦਰਦ ਜੀਅ ਦਾ ਹੋਵੇ ਦਿਲ ਵਿਚ,
ਦਰਦ, ਦੁੱਖ ਸਭ ਕਿਸੇ ਦੇ, ਹੋਣ ਆਪਣੇ ;
ਜਾਤ ਪਾਤ ਛੱਡਣਾ ।
ਦਿਲ ਦਰਿਆ ਹੋਣ ਰੱਬ ਦੀ ਜੋਤ ਵਾਲੇ,
ਰੱਬ ਵਾਲੀ ਦਇਆ ਹੋਵੇ, ਰੱਬ ਵਰਗਾ ਬਖ਼ਸ਼ਣਾ
ਭੁੱਲ ਚੁਕ ਬੁਰਦ ਦਰਿਆ ਸਭ ਦੀ,
ਰੱਬ ਪਾਸੋਂ ਡਰਨਾ,
ਸਭ ਦੇ ਕਰਮ ਖੋਟੇ ਖਰੇ, ਜਾਣ ਆਪਣੇ ।
ਭੁੱਲਣਾ, ਬਖ਼ਸ਼ਣਾ, ਯਾਦ ਕਰਨਾ ਰੱਬ ਦੀਆਂ ਮਿਹਰਾਂ ।
ਕੋਈ ਨਾ ਹਿਸਾਬ ਹੋਵੇ,
ਪਿਆਰ ਹੀ ਪਿਆਰ ਚੱਖਣਾ,
ਰੂਪ ਹੀ ਰੂਪ ਤੱਕਣਾ,
ਸੁਗੰਧੀ ਜਿਹੀ ਲਖਣਾ ਹਰ ਥਾਂ ਉੱਚੀ,
ਉੱਚੀ ਸਦਾ ਹੋਵੇ ; ਪਿਆਰ-ਗਗਨਾ ਉੱਡਣਾ ।

ਧੀ ਭੈਣ ਦਾ ਆਦਰ ਹੋਵੇ,
ਨਾਲ ਮੁਹੱਬਤਾਂ ਪਾਲਣਾ ।
ਬੱਚੇ ਬੱਚੀ ਦੀ ਗ਼ੌਰ ਹੋਵੇ,
ਗੁਰਾਂ ਵਾਲੇ ਸਾਂਚੇ ਢਾਲਣਾ ।
ਦਿਨ ਦਿਨ, ਰਾਤ ਰਾਤ, ਜਾਗ ਜਾਗ,
‘ਅਗੇ’ ਉੱਪਰ ਆਪਾ ਗਾਲਣਾ ।
ਨੈਣਾਂ ਵਿਚ ਜਲ ਹੋਵੇ, ਸਦਾ ਸੇਜਲ ਜਿਹੀ,
ਹੱਸ ਮਿਲਣਾ, ਮਿਲਾਉਣਾ ।
ਦਿਲ ਵਿਚ ਦਰਦ ਹੋਵੇ,
ਇਕ ਪੀੜ ਜਿਹੀ ਵਿਚ ਜੀਵਣਾ ।

ਲਹਿਰਾਂ ਵਾਂਗ ਗੁੱਛੇ ਹੋਈਏ,
ਤੇ ਲਹਿਰਾਂ ਵਾਂਗ ਆਵੀਏ ;
ਮਿਲੀਏ, ਲੜੀਏ, ਪਛਾੜੀਏ,
ਉਠੀਏ, ਜਿੱਤੀਏ, ਹਾਰੀਏ, ਘੁਲੀਏ, ਲਤਾੜੀਏ,
ਪਰ ਘੜੀ ਘੜੀ, ਸਦਾ ਸਦਾ, ਪਾਣੀ ਪਾਣੀ ਹੋਵੀਏ,
ਮੁੜ ਆਪੇ ਵਿਚ ਪਿਆਰ ਪਿਆਰ, ਠੰਢ ਠੰਢ ਢੋਵੀਏ,
ਇਕ ਦੂਜੇ ਦੇ ਬਾਲ ਵਿਚ ।

ਆ ! ਪੰਜਾਬ, ਤੂੰ ਮੁੜ ਆ ! ਖਿੜੇ ਖਿੜੇ ਮੱਥੇ ਲਾ,
ਕਰੋੜਾਂ ਪੰਜਾਬ ਆ ! ਇਕ ਆ, ਹਜ਼ਾਰ ਆ ।
ਦਿਲ ਦੇ ਵਿਚਕਾਰ ਆ ! ਰੂਹ ਦੀ ਖੁੱਲ੍ਹੀ ਟੰਕਾਰ ਆ ।
ਭੌਰਿਆਂ ਦੀ ਗੁੰਜਾਰ ਆ ! ਫੁੱਲਾਂ ਦੀ ਗੁਲਜ਼ਾਰ ਆ ।
ਧੁਰ ਦੀ ਫੰਕਾਰ ਆ ! ਆ ਪਿਆਰ ਪੰਜਾਬ ਸਦਕੇ,
ਤੂੰ ਮੁੜ, ਫਿਰ ਆ ।

*********************************

VI. ਸੋਹਣੀ ਦਾ ਬੁੱਤ


ਆ-ਪਿਆਰ- ਪੰਜਾਬ ਤੂੰ ਮੁੜ ਆ ।
ਸੋਹਣੀ ਜਿਹੀ ਮੁੜ ਕੱਢ ਇਕ ਹੋਰ ਤੂੰ ।
ਕਰੀ ਬੁਖ਼ਾਰੇ ਦੇ ਦੇਸ ਦੇ ਮੁੜ ਚਾਕਰ,
ਪਿਆਰ ਆਪਣੇ ਦਾ ਮੁੜ ਇਕ ਵਾਰੀ ਮੁੱਲ ਦੱਸੀਂ ।
ਸਲਤਨਤਾਂ ਨੂੰ ਤੂੰ ਵਾਰ ਦੱਸ ਪਿਆਰ ਦੀ ਛਣਕਾਰ ਤੂੰ ।
ਦੁਨੀਆਂ ਦੀਆਂ ਵਡਿਆਈਆਂ ਸਾੜ ਤੂੰ,
ਸਾਦੇ ਮਿਲਦੇ ਸੁਹਣੇ ਸ਼ਿੰਗਾਰ ਤੂੰ ।
ਦੀਨ ਨੂੰ ਵੀ ਤੂੰ ਸੁੱਟ ਪਰੇ, ਦਇਆ ਪਿਆਰ ਵਾਲੀ ਧਾਰ ਤੂੰ ।
ਆਪਾ ਮੁੜ ਮੁੜ ਵਾਰ ਤੂੰ,
ਨੰਗਾ ਹੋ ਤੂੰ ਕੰਗਾਲ ਭਾਵੇਂ,
ਭਰੋਸਾ ਰੱਖ ਤੂੰ ਮੁੜ ਓਸ ਪਿਆਰ ਤੂੰ ।
ਲੁਟਾ ਗੱਜ ਵੱਜ ਕੇ ਘਰ ਬਾਰ ਤੂੰ ।
ਹਾਰ, ਜਾਣ ਜਾਣ ਤੂੰ,
ਸੋਹਣੀ ਮੁੜ ਆਈ ਤੇਰੀ, ਦੇਖ ਛਾਣ ਛਾਣ ਤੂੰ ।

ਮੁੜ ਆ ! ਪਿਆਰ-ਪੰਜਾਬ ਤੂੰ,
ਤੇਰੀ ਗਲੀ ਮੁੜ ਆਏ ਕੋਈ ਡਾਢੇ ਬਨਜਾਰੇ ਪਿਆਰ ਦੇ ।
ਸੋਹਣੀ ਤੇਰੀ ਨੂੰ ਦੇਖਣ ਉਹ ਗਲੀ ਗਲੀ ਪੁਕਾਰਦੇ,
ਬਿਨ ਦੇਖੇ ਤੇਰੀ ਸੋਹਣੀ, ਉਨ੍ਹਾਂ ਦਾ ਹਾਲ ਹੁਣੇ ਹੁਣੇ ਹੀ ਮਹੀਂਵਾਲ ਵਾਲਾ,
ਕੰਢੀ ਝਨਾਂ ‘ਤੇ ਮੁੜ ਉਹ ਫੇਰੇ ਪਾਂਦੇ,
ਤੇਰੇ ਮੁੜ ਆਉਣ ਦੀ ਆਸ ਵਿਚ ।

ਕੱਢ ਮੁੜ ਤੂੰ ਜੀਂਦਾ, ਜਾਗਦਾ, ਹਿੱਲਦਾ, ਚਲਦਾ, ਬੋਲਦਾ,
ਬੁੱਤ ਉਸੇ ਪਿਆਰ ਦਾ,
ਦੱਸ ਮੁੜ ਤੂੰ ਝਲਕਾ ਓਸ ਗੁਜਰਾਤ ਦਾ
ਆਪਣੇ ਬੁੱਤਖ਼ਾਨੇ ਨੂੰ ਤੂੰ ਹੁਣ ।
ਹੱਭ ਕਿਸੇ ਨੂੰ ਪਿਆਰ ਦੇ ਦੇ ਸੱਦਿਆ,
ਸਭ ਆਣ ਵੱਸੇ ਇੱਥੇ, ਚੀਨ, ਈਰਾਨ ਥੀਂ,
ਸਭ ਨੂੰ ਪਿਆਰਿਆ ਤੇ ਬਖਸ਼ਿਆ,
ਅੰਮ੍ਰਤ ਉਹ ਰੂਪ ਵਾਲੇ ਪਿਲਾ ਪਿਲਾ ਕੇ ।

ਸੋਹਣੀ-ਬੁੱਤ ਤੇਰਾ ਕੌਮੀ ਨਿਸ਼ਾਨ ਹੈ,
ਅਸਾਂ ਲੀਰਾਂ ਤੇ ਚੀਥੜਿਆਂ ਦੇ ਵਹਿਮਾਂ ਨੂੰ ਕਦ ਸਲਾਮ ਕਰਨਾ ?
ਸੋਹਣੀ ਮੁੜ ਕੱਢ ਤੂੰ, ਦੱਸ ਖਾਂ ਇਕ ਵਾਰੀ,
ਤੇ ਦੇਖ ਮੁੜ ਤੂੰ ਸਾਡੀ ਫਿਰ ਆਈ ਸ਼ਾਨ ਨੂੰ ।
ਧੌਣ ਨੀਵੀਂ ਸਾਡੀ,
ਦਿਲ ਵਿਚ,
ਮਹੀਂ ਮੁੜ ਚਾਰਾਂਗੇ ਤੇਰੀਆਂ,
ਭਾਵੇਂ ਪਾਤਸ਼ਾਹਾਂ ਦੇ ਪੁੱਤ ਅਸੀਂ,
ਫਿਰਾਂਗੇ ਬੇਲਿਆਂ ਤੇਰਿਆਂ ਵਿਚ,
ਵਾਜਾਂ ਮਾਰਦੇ ਉਸੇ ਕਲਗੀਆਂ ਵਾਲੇ ਸਰਦਾਰ ਨੂੰ ਅਸੀਂ ।

ਧੂੜ ਬੇਸ਼ਕ ਪਵੇ ਮੂੰਹ ‘ਤੇ,
ਪਾਣੀ ਵੱਗੇ ਬੇਸ਼ਕ ਫਟੀ ਜੁੱਤੀ ਮੇਰੀ ਵਿਚ,
ਪਰ ਤਾਰੇ ਲਟਕਣਗੇ ਮੇਰੇ ਸਿਰ ਵਿਚ,
ਇਕ ਮਿੱਠੀ ਸਦਾ ਦੀ ਲੋਅ ਮੈਨੂੰ ਦੇਂਵਦੇ ।

ਸੁਹਣੇ ਉੱਚੇ ਪਿਆਰ ਵਿਚ ਆ,
ਸੰਭਾਲਈਏ ਮੁੜ ਪੁਰਾਣੀਆਂ ਕਮਾਈਆਂ ਨੂੰ,
ਦਿਲ ਭੇਟ ਕਰੀਏ, ਮੁੜ ਤੇਰੀਆਂ ਜਾਈਆਂ ਨੂੰ ।

ਆਣ ਇੱਥੇ ਤੇਰੇ ਸੋਹਣੀ-ਬੁੱਤ ਨੂੰ ਜਿਹੜਾ ਨਾਂਹ ਪੂਜੇ,
ਵੱਡਾ ਕਾਫ਼ਰ ਉਹ, ਭਾਵੇਂ ਮੁਸਲਮਾਨ ਹੋਵੇ,
ਗਵਾਹੀ ਦਿਵਾਸਾਂ ਮੈਂ ਉਹਨੂੰ ਹਜ਼ਰਤ ਬੱਕਮਾਲ ਦੀ ।

ਇਉਂ ਬਣ ਤਣ ਕੇ ਨਿਕਲ ਮੁੜ ਤੂੰ,
ਚਾਰ ਚਾਰ ਸੂਰਜਾਂ ਅੱਠ ਅੱਠ ਚੰਨਾਂ ਨਾਲ ਜੜਿਆ,
ਉਹ ਜੰਗਲਾਂ ਤੇ ਬਾਗ਼ਾਂ ਤੇ ਬੇਲਿਆਂ ਦਿਆ ਮਾਲਕਾ
ਸੋਹਣੀ ਤੇ ਹੀਰ ਜਿਹੀਆਂ ਦਿਆ ਖ਼ਾਲਕਾ ।

ਤੇਰੇ ਦਰਸ਼ਨਾਂ ਨੂੰ ਜਹਾਨ ਆਉਣਾ,
ਤੂੰ ਸਾਨੂੰ ਛੱਡ ਕੇ ਕਿਹੜੇ ਰਾਹ ਗਿਆ ?
ਮੁੜ ਆ ! ਪੰਜਾਬ ਤੂੰ ਮੁੜ ਆ,
ਤੇਰੇ ਰੂਪ ਪਿਆਰ ਨੂੰ ਉਡੀਕਦੇ ਮੁਲਕ ਸਾਰੇ,
ਤੇਰੇ ਵੱਖਰੇਪਨ, ਤੇਰੇ ਅੱਥਰੇਪਨ ਦੀ ਚਾਹ ਹਾਰੇ ।

ਤੂੰ ਦੌੜਦਾ ਦੌੜਦਾ ਆਈਂ ਪਿਆਰਾ ।
ਹਨੇਰਾ ਘੁੱਪ ਸਾਰਾ ਤੂੰ ਹਟਾਈਂ ਪਿਆਰਾ ।
ਕਰੀਂ ਸੁਥਰਾ ਪਿੜ ਪਿਆਰਾਂ ਵਾਲਾ,
ਵੱਜਣ ਮੁੜ ਦਿਲ ਦੀਆਂ ਢੁੰਬਕ ਢੇਰੀਆਂ ।

ਗਗਨਾਂ ਦੀ ਡਾਚੀ ‘ਤੇ ਚੜ੍ਹ ਆ ਪਿਆਰਾ ।
ਟੱਲੀਆਂ ਤੇ ਡਾਚੀ ਦੇ ਗਲ ਲਟਕਦੀਆਂ ।
ਆ ਟੱਲੀਆਂ ਦੇ ਰੰਗ ਵਿਚ ਗਾਉਂਦਾ ।

ਆ ਚਾਨਣੀ ਦੀ ਨੀਲੀ ਘੋੜੀ ‘ਚੜ੍ਹ ਆ,
ਸੁਹਣਿਆਂ ! ਰਵਾਲ ਨਾਲ ਚਲਦੀ ਤੁਰੀ ਤੇਰੀ ।
ਆ, ਇਕ ਇਕਬਾਲ ਦਾ ਰੂਪ ਤੂੰ ।
ਆ, ਤਾਰੇ ਖਿਲਾਰਦਾ, ਅੱਧੀ ਅੱਧੀ ਰਾਤ ਨੂੰ ।
ਬੂਹੇ ਠਕੋਰ ਸਾਡੇ ਮੁੜ ਤੂੰ, ਆ, ਵਾਜਾਂ ਮਾਰਦਾ ।

*******************************

VII. ਪੰਜਾਬ ਦੀ ਅਹੀਰਨ ਇਕ ਗੋਹੇ ਥੱਪਦੀ

ਉਏ ! ਕਿਧਰੇ ਨਹੀਂ ਲੱਗਦੀ ਹਵਾ ਠੰਢੀ ਪੰਜਾਬ ਵਾਲੀ ।
ਕਿਧਰੇ ਦਾ ਪਾਣੀ ਮੈਨੂੰ ਨਾ ਇਹੋ ਜਿਹਾ ਮਿੱਠਾ ਤੇ ਮਾਫ਼ਕ ।
ਇੱਥੇ ਪ੍ਰਦੇਸ ਝਾਗ ਜਦ ਕਦੀ ਮੈਂ ਮੁੜਿਆ,
ਫੈਲਿਆ ਮੈਂ ਅਸਮਾਨ ਵਾਂਗ,
ਟੁਰਿਆ ਸਦੀਵ ਬਾਹਾਂ ਉਲਾਰਦਾ, ਖਿਲਾਰਦਾ,
ਆਪ ਮੁਹਾਰਾ ਚਾਅ ਪਿਆ ਚੜ੍ਹਦਾ,
ਦਿਲ ਕਰਦਾ ਖੁਸ਼ੀ ਆ ਕੱਪੜੇ ਫਾੜਨ ਨੂੰ,
ਜੁੱਸਾ ਤੱਤਾ ਤੱਤਾ ਹੁੰਦਾ,
ਮੈਂ ਪੈਰ ਨ ਰੱਖਾਂ ਜ਼ਮੀਨ, ਅਸਮਾਨ ‘ਤੇ ।
ਇਕ ਵੇਰੀ ਆਇਆ ਪ੍ਰਦੇਸ ਥੀਂ,
ਦੋ ਯਾਰ ਮੇਰੇ, ਇਕ ਸੱਜੇ ਇਕ ਖੱਬੇ ਨਾਲ ਸਨ,
ਤੇ ਅਸੀਂ ਬੇਪਰਵਾਹ, ਦੁਨੀਆਂ ਥੀਂ ਬੇਖ਼ਬਰੇ ਹੋਏ,
ਬੇਹੋਸ਼ ਜੇਹੇ ਖੁਸ਼ੀਆਂ ਵਿਚ ;
ਖੁਸ਼ੀ ਕੌਣ ਦਿੰਦਾ ? ਇਹ ਪਤਾ ਨਾਂਹ ਕਿਸੇ ਨੂੰ ;
ਇਕ ਦੂਜੇ ਨੂੰ ਜੱਫੀਆਂ ਪਾਂਦੇ,
ਅਸੀਂ ਤਿੰਨੇ ਗਏ ਲੰਘਦੇ ਗਲੀ ਲਾਹੌਰ ਦੀ ।

ਸਾਹਮਣੇ ਇਕ ਧੁੱਪ ਵਿਚ ਡੱਬੀ, ਕੰਧ ਨਾਲ,
ਖੜ੍ਹੀ ਸੀ ਇਕ ਜਵਾਨ ਕੁੜੀ, ਲੰਮੀ, ਅਹੀਰਨ ਥਾਪੀਆਂ ਗੋਹੇ ਦੀਆਂ ਥੱਪਦੀ,
ਸਿਰ ਥੀਂ ਪੱਲਾ ਮਲਮਲ ਦਾ ਪਿਆ ਉੱਡਦਾ ਹਵਾ ਵਿਚ,
ਲਹਿੰਗਾ ਸਾਵੀ ਸੂਸੀ ਦਾ, ਮੱਧਮ ਜਿਹਾ ਸਾਵਾ,
ਕੁਝ ਜ਼ਰਾ ਜ਼ਰਾ, ਕਿਧਰੋਂ ਕਿਧਰੋਂ ਫਟਿਆ, ਗੰਢਿਆ ਹੋਇਆ,
ਪਰ ਰੰਗ ਪੁਰਾਣਾ ਵੀ ਪੱਕਾ ਸੁਹਣਾ,
ਕੱਪੜਾ ਘਸ ਜਾਣ ਨਾਲ ਹੋਰ ਹੋਰ ਸ਼ੋਖਦਾ ।
ਵਿਚ ਪੀਲੀ ਪੀਲੀ ਪਿੜੀਆਂ, ਰੰਗ ਗੂਹੜਾ ਪੀਲਾ ।
ਕਿਨਾਰਾ ਲਾਲ ਰੱਤਾ ਕਿਰਮਚੀ, ਅੱਧੀ ਅੱਧੀ ਗਿਰਾਹ ਦਾ,
ਇਹ ਲਹਿੰਗਾ, ਛਲ ਛਲੇ ਹੋ ਉਸ ਅਹੀਰਨ ਦੇ ਲੱਕ ਥੀਂ ਢਹਿੰਦਾ ਸੀ,
ਵਾਂਗ ਇਕ ਵਗਦੇ ਛੰਭ ਦੇ,
ਤੇ ਵਿਚ ਛੰਭ ਦੇ ਸੂਰਜ ਦੀ ਸੋਨੇ ਦੀਆਂ ਕਿਰਨਾਂ ਦੇ ਰੰਗ ਖੇਡਦੇ ।
ਉਤੇ ਲਹਿੰਗੇ ਦੇ ਝੱਗਾ ਕੁਝ ਮੈਲਾ ਮੈਲਾ, ਮਲਮਲ ਦਾ ਪਤਲਾ,
ਜਨਾਨੀ ਦੇ ਗਲ ਸੀ,
ਤੇ ਬੈਠੀ ਸੀ ਥਾਪੀਆਂ ਥੱਪਦੀ ।
ਤੇ ਬੱਸ ਹੁਣੇ ਉਠੀ ਕੰਧ ਉੱਤੇ ਥਾਪੀ ਲਾਣ ਨੂੰ ;
ਬਾਹਾਂ ਉਲਾਰਦੀ ਉਤਾਹਾਂ ਨੂੰ, ਹੱਥ ਸੱਜੇ ਉੱਤੇ ਥਾਪੀ,
ਅੱਡੀਆਂ ਚੁੱਕ ਚੁੱਕ ਕੇ ਉੱਠਦੀ ਕੰਧ ਨਾਲ, ਥਾਪੀ ਸੰਭਾਲਦੀ,
ਪੱਲਾ ਹਵਾ ਉਡਾ ਕੇ ਲੈ ਗਈ,
ਤੇ ਝੱਗਾ ਵੀ ਬਾਹਾਂ ਉਲਾਰਨ ਸਮੇਂ, ਖਿੱਚ ਖਾ ਨਾਲੇ ਪਿਆ ਉੱਡਦਾ,
ਨਾਲੇ ਉਹਦੇ ਜੋਬਨਾਂ,
ਤੇ ਉੱਛਲਦੀ ਉਹ ਮਜੂਰੀ ਦੇ ਜ਼ੋਸ਼ ਵਿਚ,
ਮਜੂਰਨ ਉਹ ਕਿਸੇ ਅਣਡਿੱਠੇ ਪਿਆਰ ਦੀ,
ਮਾਂ ਬਾਲ ਬੱਚਿਆਂ ਦੀ,
ਬੱਚਿਆਂ ਦੀ ਖ਼ੁਸ਼ੀ ਖ਼ਾਤਰ ਗੋਹੇ ਪਈ ਥੱਪਦੀ ।
ਦੇਖ ਇਸ ਅਹੀਰਨ ਦੇ ਬਾਹਾਂ ਦਾ ਉਲਾਰ,
ਮੇਰੀ ਤਬੀਅਤ ਉੱਛਲੀ, ਉੱਲਰੀ, ਉਤਾਹਾਂ ਨੂੰ ਜਿਵੇਂ
ਬੱਲੇ ਨਾਲ ਮਾਰ ਕੋਈ ਗੇਂਦ ਉਛਾਲਦਾ;
ਮੈਂ ਆਪ ਮੁਹਾਰਾ ਉੱਠਿਆ
ਲੰਘ ਗਿਆ ਲਟਕਦਾ ਦੋਹਾਂ ਯਾਰਾਂ ਦੀ ਬਾਹਾਂ ‘ਤੇ,
ਆਪ ਮੁਹਾਰਾ ਕੂੰਦਾ, ਕੁਝ ਚੀਖਦਾ, ਕੁਝ ਗਾਉਂਦਾ ।


ਮੈਂ ਤੱਕੀ ਫ਼ੀਤਿਆ ਕਿੰਗਰੀਆਂ ਤੇ ਗੋਟਿਆਂ,
ਤੇ ਸਾੜ੍ਹੀਆਂ ਤੇ ਚੋਲੀਆਂ ਵਿਚ ਲੱਦੀ, ਸਜੀ, ਫਬੀ ਬੰਬਈ ਸਾਰੀ,
ਪਰ ਜੀ ਮੇਰਾ ਘੁਟਦਾ ਘੁਟਦਾ, ਸੁਕਦਾ ਸੁਕਦਾ ਗਿਆ ਓਥੇ,
ਨਿੱਕਾ ਨਿੱਕਾ ਹੋਂਵਦਾ ।
ਮਹਾਰਾਸ਼ਟਰ ਵਿਚ,
ਮੈਂ ਤੱਕੀਆਂ ਸੁਹਣੀਆਂ ਸੁਹਾਗਣਾਂ ;
ਮੱਥੇ ਲਾਲ ਲਾਲ ਟਿੱਕੇ ਸੁਹਾਗ ਦੇ ;
ਬੜੀਆਂ ਝੋਲੀੜੀਆਂ ਸਾੜ੍ਹੀਆਂ; ਬਰਕਤੀਲੀਆਂ,
ਪੈਰ ਨੰਗੇ ਟੁਰਦੀਆਂ,
ਕੇਸਾਂ ਦਾ ਜੂੜਾ ਸੁਹਣਾ, ਫਿਰ ਫੁਲ ਟੁੰਗੇ ਕੇਵੜੇ ਦੇ ।
ਗੁਜਰਾਤ ਦੀਆਂ ਸੁਆਣੀਆਂ ਤੱਕੀਆਂ,
ਸੁਹਣੇ ਗੋਰੇ ਰੰਗ, ਨਕਸ਼ ਕਮਾਲ ਦੇ,
ਖਿੱਚਵੀਂ, ਭਰਵੀਂ ਸੁਹਜ ਕਮਾਲ ਦੀ,
ਮਿੱਠਾ ਮਿੱਠਾ ਪ੍ਰਭਾਵ ਉਹਨਾਂ ਦਾ,
ਬੜੀਆਂ ਹੀ ਨਰਮ ਨਰਮ ਨਾਰੀਆਂ ।

ਮਦਰਾਸ ਵਿਚ ਦੇਖੇ ਉੱਚੇ ਉੱਚੇ ਤਾੜ ਤੇ ਨਾਰੀਅਲ ਦੇ ਲੰਮੇ ਲੰਮੇ ਬਿਰਛ,
ਤੇ ਹੇਠ ਬੈਠੇ ਲੋਕ ਤੱਕੇ ਤਾਂਬੇ ਦੇ ਰੰਗ ਦੇ,
ਸੁਹਣੇ ਜ਼ਰੂਰ ਲੱਗੇ, ਨੈਣ ਉਹਨਾਂ ਦੇ ਮਸਤ ਸਨ,
ਪਰ ਮੈਂ ਕੁਝ ਵਹਿਸ਼ੀ ਜਿਹਾ,
ਓਥੂੰ ਹਿਰਨ ਵਾਂਗੂੰ ਨੱਸਿਆ ।

ਬੰਗਾਲ ਵਿਚ, ਮੈਂ ਦੇਖਿਆ, ਜਵਾਹਰਾਤ ਦੀਆਂ ਗਾਨੀਆਂ,
ਵੱਡੇ ਵੱਡੇ ਲੋਕ ਤੱਕੇ, ਕਈ ਮਿਰਗ ਨੈਨੀਆਂ,
ਗਹਿਮਾਂ ਗਹਿਮ ਸੀ, ਨਾਟਕ ਚੇਟਕ ਸੀ,
ਚਿੱਤ੍ਰ ਬਨਾਣ ਦਾ ਸਾਮਾਨ ਸਾਰਾ,
ਘਰ ਘਰ ਰੰਗ ਸਨ, ਰਸਾਂ ਦੇ ਪਾਰਖੂ,
ਪੜ੍ਹੇ ਤੱਕੇ ਪੰਡਤ ਗਿਆਨੀ ਸਨ,
ਚਤੁਰ ਸਨ, ਧਨਵਾਨ, ਵੱਡੇ ਡੂੰਘੇ ਲੋਕ ਸਨ ;
ਮੈਂ ਉਥੇ ਵੀ ਦੱਬਦਾ ਦੱਬਦਾ ਗਿਆ ਸਾਂ ।
ਤੇ ਮੁੜ ਮੁੜ ਰੂਹ ਮੇਰਾ ਆਖੇ ਕਿੱਥੇ ਆ ਫਸਿਆ,
ਮੱਛੀਆਂ ਫੜਨ ਵਾਲੇ ਦੇਸ਼ ਮੈਂ !

ਅੰਗ੍ਰੇਜ ਤੱਕੇ, ਅਮਰੀਕਨ ਤੇ ਜਾਪਾਨੀ ਤੱਕੇ ;
ਸਭ ਖ਼ੁਸ਼ੀ ਖ਼ੁਸ਼ੀ ਵੱਸਦੇ ;
ਪਰ ਉੱਥੇ ਕੋਈ ਨ ਬਿਰਧ ਦਿਲ ਵਾਲਾ,
ਵਿਰਲਾ ਜ਼ਰੂਰ ਕੋਈ ਹੋਵੇ, ਆਮ ਕਥਾਈਂ ਨਾਂਹ ।
ਘਰ ਘਰ ਕੋਈ ਡੂੰਘੀ ਜਿਹੀ ਖਾਈ ਸੀ,
ਇਹ ਖਾਈ, ਮਾਂ-ਪੁੱਤ ਵਿਚ ਤੱਕੀ, ਉੱਥੇ,
ਜਨਾਨੀ-ਮਰਦ ਵਿਚ ਸੀ,
ਕੋਈ ਤ੍ਰੱਪ ਨਾਂਹ ਸਕਦਾ ਉਹ ਖਾਈ ਅਣਦਿਸਦੀ,
ਕੁਝ ਤਿਆਗ ਤਿਆਗ ਸੀ ‘ਦੂਏ’ ਦਾ,
ਹੱਭਾ ਕੁਝ, ਕੁਝ ਆਪਣਾ ਆਪ ਗਰਜੀ ਸੀ, ਨਿੱਕੀ ਮੈਂ ਦਾ ਪੁਆੜਾ
ਪਿਆ ਘਰ ਘਰ,
ਮੇਰਾ ਜੀ ਕੁਝ ਘਬਰਾ ਗਿਆ,
ਇਹ ਕਿਹੇ ਲੋਕੀਂ ? ਪੈਸਾ ਸਭ ਥੀਂ ਵੱਧ ਸੰਭਾਲਦੇ ।
ਪ੍ਰਦੇਸ ਸੀ ਸਾਰਾ,
ਸੱਚੀਂ, ਇਹ ਗੱਲ ਸੀ,
ਦਿਲ ਮੇਰਾ ਸੀ ਦੇਸ਼ ਆਪਣਾ ਪੰਜਾਬ ਨੂੰ ਲੋਚਦਾ ।
ਇਉਂ ਗਾਂਦਾ ਜਾਂਦਾ ਸਾਂ ਲਾਹੌਰ ਵਿਚ,
ਦੋਹਾਂ ਯਾਰਾਂ ਦੇ ਮੋਢਿਆਂ ‘ਤੇ ਗਲੀ ਗਲੀ ਉਲ੍ਹਰਦਾ ;
ਆਖਾਂ, ਹੇਕਾਂ ਲਾਵਾਂ ਉੱਚੀਆਂ ;

ਓਏ ! ਮੈਂ ਤੱਕਿਆ ਸਾਰਾ ਜਹਾਨ ਵੇ,
ਮੈਂ ਫਿਰ ਫਿਰ ਆਇਆ ਬੇਗਾਨੇ ਦੇਸ਼ਾਂ ਵਿਚ
ਦੇਖਦਾ ਮੈਂ ਫਿਰਿਆ ਸੁਹਣੱਪ, ਮਿੱਠਤ ਤੇ ਮਿਲਾਪ ਸਾਰਾ,
ਪਰ ਕਿਧਰੇ ਨਹੀਂ ਤੱਕੀ ਮੈਂ,
ਇਹ ਨਿਮਾਣੀ ਜਿਹੀ ਅਹੀਰਨ ਪੰਜਾਬ ਦੀ ।

ਜਿਸ ਨੂੰ ਤੱਕ ਕੇ ਮੈਂ ਦਰਿਆ ਜਿਹਾ ਹੋ ਗਿਆ,
ਮੈਂ ਵਿਚ ਹੜ੍ਹ ਆਏ ਖੁੱਲ੍ਹ ਦੇ,
ਖ਼ੁਸ਼ੀ ਦੀ ਕਾਂਗ ਆਈ ਅਗੰਮ ਦੇ ਦੇਸ਼ ਥੀਂ,
ਛੱਲ ਆਈ ਕੋਈ ਡਾਢੀ, ਮੈਂ ਵਿਚ ਰੁੜ੍ਹ ਗਿਆ ।
ਓਏ ! ਮੈਂ ਸਮੁੰਦਰ ਇਕ ਵੱਗਦਾ,
ਠਾਠਾਂ ਮਾਰਦਾ, ਮਿਲਦਾ ਹਰ ਇਕ ਨੂੰ,
ਡੁੱਬਦਾ ਡੁਬਾਂਦਾ ਵਿਚ ਰੰਗ ਆਪਣੇ,
ਮੈਂ ਜਾਂਦਾ, ਹਾਂ, ਮੈਂ ਇਕ ਸਮੁੰਦਰ ਚਾਅ ਦਾ ।


ਇੱਥੇ ਬਾਬੇ ਦੇ ਸ਼ਬਦ ਨੇ
ਪੱਥਰਾਂ ਨੂੰ ਪਿਘਾਲਿਆ,
ਮਰਦਾਨੇ ਦੀ ਰਬਾਬ ਵੱਜੀ,
ਪਰਬਤਾਂ ਸਲਾਮ ਕੀਤਾ,
ਬੂਟਾ ਬੂਟਾ ਵਜਦ ਵਿਚ ਨੱਚਿਆ,
ਪੰਜਾਬ ਦੀ ਮਿੱਟੀ ਦਾ ਜ਼ੱਰਾ ਜ਼ੱਰਾ ਕੰਬਿਆ ਪਿਆਰ ਵਿਚ,
ਉਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ ।
ਇਹ ਨਵੇਂ ਸੱਜਰੇ ਬਰਫਾਨੀ ਦਰਿਆਵਾਂ ਦਾ ਦੇਸ ਹੈ ।
ਦਰਿਆ ਹੋ ਰਹਿਣਾ, ਦਰਿਆ ਹੋ ਜੀਣਾ, ਇੱਥੇ ਇਹ ਸਤਿਗੁਰਾਂ ਦਾ ਆਦੇਸ਼ ਹੈ ।
ਦਰਿਆਵਾਂ ਦੇ ਮੇਲੇ ਇੱਥੇ,
ਦਰਿਆਵਾਂ ਵਾਲੇ ਵਿਛੋੜੇ,
ਡੂੰਘੇ ਤੇ ਲੰਮੇ ਸਾਰੇ,
ਵੱਡੇ ਵੱਡੇ ਦਰਦ ਓ ।

ਇੱਥੇ ਖੁਲ੍ਹ ਦਾ ਮੈਦਾਨ ਹੈ,
ਇੱਥੇ ਪਿਆਰ ਤੇ ਹੜ੍ਹਾਂ ਦਾ ਅਵੇਸ਼ ਹੈ,
ਇੱਥੇ ਪਹਾੜ ਪਿਆਰ ਵਿਚ ਪਿਘਲਦੇ ।
ਇੱਥੇ ਕੋਈ ਅਣਪਛਾਤਾ ਜਿਹਾ ਇਲਾਹੀ ਸੁਆਦ ਹੈ ।

ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ ਦਿੱਸਦਾ,
ਵੱਸਦਾ ਤੇ ਹੱਸਦਾ ਖੇਡਦਾ, ਮਜੂਰੀ ਕਰਦਾ ਪਿਆਰ ਦੀ,
ਤੇ ਖੇਡਦਾ, ਤੇ ਖੁੱਲ੍ਹਾ ਖੁੱਲ੍ਹਾ ਕੋਲਾ ਮੋਲਾ, ਅਜਬ ਫ਼ਕੀਰਾਂ ਦਾ ਘਰ ਹੈ
ਇੱਥੇ ਖੁੱਲ੍ਹਾ ਪਿਆ ਵੱਸਦਾ ।
ਇਹ ਗੁਰਾਂ ਵਾਲੀ ਧਰਤੀ ਹੈ,
ਇੱਥੇ ਸੱਚਾ ਦਰਬਾਰ ਹੈ,
ਇੱਥੇ ਦਿਲ ਪਿਆ ਝੁਕਦਾ,
ਸਿਰ ਪਿਆ ਨਿੰਵਦਾ,
ਇੱਥੇ ਪਿਆਰਾਂ ਮੱਲੋ ਮੱਲੀ ਪੈਂਦੀਆਂ,
ਇੱਥੇ ਹੁਸਨ ਦੀ ਸਰਕਾਰ ਦੇ ਤੰਬੂ ਆਣ ਲੱਗਦੇ,
ਇੱਥੇ ਗੋਬਿੰਦ ਸਿੰਘ ਪਿਆਰਾ ਰਾਖਾ ਸਾਡਾ ;
ਇਹ ਥਾਂ ਸੱਚੇ ਪਾਤਸ਼ਾਹ ਦੀ,
ਇੱਥੇ ਉਸ ਪਿਆਰੇ ਦਾ ਮਿੱਠਾ ਮਿੱਠਾ ਆਸਰਾ ।

***********************************

VIII. ਦੇਸ ਨੂੰ ਅਸੀਸ ਸਾਡੀ ਗ਼ਰੀਬਾਂ ਦੀ

੧.
ਵੱਸਣ ਤੇਰੇ ਮਹਿਲ ਤੇ ਮਾੜੀਆਂ,
ਵੱਸਣ ਹੋਰ ਵੱਧ ਖੁਸ਼ ਤੇਰੀਆਂ ਨਿੱਕੀਆਂ ਨਿੱਕੀਆਂ ਝੁੱਗੀਆਂ ।
ਵੱਸਣ ਤੇਰੇ ਦੇਸ ਪ੍ਰਦੇਸ ਸਾਰੇ,
ਸੁਖੀ ਸੁਖੀ ਤੇਰੇ ਜਾਏ ਤੇ ਜਾਈਆਂ ।
ਵੱਸਣ ਤੇਰੇ ਬਾਗ਼, ਤੇਰੀਆਂ ਬਹਾਰਾਂ,
ਫੁੱਲਣ ਤੇ ਫਲਣ ਤੇਰੀਆਂ ਪੈਲੀਆਂ ।
ਜੀਣ ਤੇਰੇ ਪਿੱਪਲ ਤੇ ਅੰਬ ਪਿਆਰੇ,
ਜੀਣ ਤੇਰੀਆਂ ਸਦਾ ਸਾਵੀਆਂ ਬੋਹੜਾਂ,
ਜੀਣ ਤੇਰੇ ਤੂਤ ਸ਼ਹਤੂਤ ਸਾਰੇ,
ਜੀਣ ਤੇਰੀਆਂ ਬੇਰੀਆਂ,
ਫਲਾਹੀਆਂ ਜੀਣ, ਕਿੱਕਰ ਜੀਣ, ਜੀਣ ਤੇਰੇ ਝਾੜ ਤੇ ਝਾੜੀਆਂ ।
ਮਿੱਠੇ ਮਿੱਠੇ ਬੇਰ ਤੇਰੇ,
ਮਿੱਠੇ ਤੇਰੇ ਚਸ਼ਮਿਆਂ ਦੇ ਹੀਰੇ ਡਲ੍ਹਕਦੇ ਪਾਣੀ,
ਉੱਚੇ ਉੱਚੇ ਪਰਬਤ ਤੇਰੇ,
ਤੇਰੇ ਜੰਗਲ ਦਿਓਦਾਰ ਦੇ ਸੁਹਾਵਣੇ ।
ਜੀਣ ਲੱਖਾਂ ਰੰਗ ਤੇਰੇ ਧਰਤ ਅਕਾਸ਼ ਦੇ,
ਜੀਣ ਤੇਰੀਆਂ ਸੁਆਣੀਆਂ ।
ਜੀਣ ਤੇਰੇ ਮਾਲ ਡੰਗਰ,
ਜੀਣ ਜੱਟੀਆਂ ਦੁੱਧ ਚੋਣ ਵਾਲੀਆਂ,
ਜੀਣ ਤੇਰੇ ਬਾਲ ਸਾਰੇ, ਮੁਸ ਮੁਸ ਰੋਣ ਵਾਲੇ ;
ਭਰੀਆਂ ਰਹਿਣ ਤੇਰੀਆਂ ਲੱਸੀ ਦੀਆਂ ਚਾਟੀਆਂ,
ਉੱਪਰ ਤਰਦੇ ਉਨ੍ਹਾਂ ‘ਤੇ ਮੱਖਣਾਂ ਦੇ ਪਿੰਨੇ ;
ਫਿਰਨ ਘੁੰਮ ਘੁੰਮ, ਸਵੇਰ ਸਾਰ, ਲਾਲ ਲਾਲ ਮਧਾਣੀਆਂ,
ਦੁੱਧ ਦਹੀਂ ਆਮ ਹੋਵੇ, ਠੰਢ ਠੰਢ ਪਾਂਦੀਆਂ ।
ਜੀਣ ਤੇਰੇ ਮਜੂਰ ਤੇ ਮਜੂਰਨੀਆਂ,
ਜੀਣ ਸਾਰੇ ਕੰਮ ਕਰਨ ਵਾਲੇ,
ਜੀਣ ਤੇਰੇ ਮਹਿਲ ਉਸਾਰਨ ਵਾਲੇ,
ਨਾਲੇ ਉਹ ਜਿਹੜੇ ਇੱਟਾਂ ਫੜਾਨ ਸਿਰ ‘ਤੇ ਰੱਖ ਰੱਖ ਕੇ,
ਗਾਰਾ ਉਲਾਰਨ ਵਾਲੇ ਉੱਚੀ ਉੱਚੀ ਗੋਹਾਂ ‘ਤੇ ।
ਥਣਿ ਲੰਮੇ ਹੋਰ ਲੰਮੇ, ਤੇਰੇ ਸੁਹਣੇ ਸੁਹਣੇ ਸੁਫ਼ਨੇ,
ਤੇ ਲੰਮੀਆਂ ਸਿਆਲ ਦੀਆਂ ਰਾਤਾਂ ਪਿਆਰ ਵਾਲੀਆਂ ।
ਵੱਡੇ ਵੱਡੇ ਕੰਮ ਕਰੀਂ ਛੋਟੇ ਛੋਟੇ ਹੱਥਾਂ ਨਾਲ,
ਬਾਨ੍ਹਣੂੰ ਬੰਨ੍ਹੀਂ ਅਸਰਾਰ ਵਾਲੇ,
ਚੰਨ ਈਦ ਦਾ ਹੋਵੇ ਸਦਕੇ, ਇਕ ਸਾਰੀ ਦੁਨੀਆਂ ਵਾਸਤੇ ।
ਕਦਮ-ਕਦਮ ਮੈਂ ਦੇਵਾਂ ਤੈਨੂੰ,
ਓ ਦੇਸ ਪਿਆਰੇ ! ਲੱਖ ਲੱਖ ਮੁਬਾਰਕਾਂ ।


ਮਾਣੀਂ ਮਾਣੀਂ ਤੂੰ ਸੁਹਣਿਆਂ,
ਪੀਲੀ ਪੀਲੀ ਖਿਲੀ ਸਰ੍ਹੋਂ ਦੀ ਪੈਲੀਆਂ
ਮਾਣੀਂ ਤੂੰ ਖਿੜਕੇ ਆਪਣੀ ਬਸੰਤ ਸਾਰੀ,
ਮਾਣੀਂ ਤੂੰ ਚਿੱਟੀ ਦੁੱਧ ਗਰਮੀਆਂ ।
ਮਾਣੀਂ ਅਸਮਾਨਾਂ ਆਪਣਿਆਂ ਵਿਚ,
ਉਹ ਗੱਜ ਗੱਜ ਆਣ ਘਣਘੋਰ ਕਾਲੇ ਬੱਦਲ ;
ਮਾਣੀਂ ਤੂੰੰ ਸਾਵਣ ਆਪਣਾ,
ਸੁਣੀਂ ਕਣੀਆਂ ਦਾ ਸ਼ੋਰ ਤੇ ਉਹ ਸੁਨੇਹੇ ਜਿਹੜੇ ਅਸਮ ਨਾਂ ਵਾਲੇ ਘੱਲਣ ਤੈਨੂੰ
ਮੀਂਹ ਪੈਂਦੇ ਵਿਚ ।
ਦੌੜ ਦੌੜ ਫੜੀਂ ਬੱਦਲਾਂ ਦੀਆਂ ਸ਼ਾਲਾਂ ਤੂੰ,
ਤੇ ਫੜ ਫੜ ਰੱਖੀਂ ਇਹ ਸੁਹਣੀਆਂ ਘਨਘੋਰਾਂ,
ਸੇਜਲਾਂ ਤੇ ਰਾਹ ਟੁਰਦੇ ਜਾਂਦੇ ਯਕਾ ਯਕ ਭਿੱਜਣਾ ।
ਮਾਣੀਂ ਤੂੰ ਮੀਂਹ ਵਸਦੇ ਵਿਚ,
ਸਿੱਜੇ ਘੁਲੇ, ਅੰਬਾਂ ਟਪਕਦਿਆਂ ਦਾ ਚੂਸਣਾ ।
ਮਾਣੀਂ ਚਾਈਂ ਚਾਈਂ, ਪੁੱਤਰਾਂ ਦੇ ਰੰਗ ਤੂੰ,
ਤੂਤਾਂ ਦੇ ਪੀਲੇ ਹੋਏ ਪੱਤਰਾਂ ਦੀਆਂ ਰੌਣਕਾਂ ।

ਮਾਣੀਂ ਮਾਣੀਂ ਤੁੰ ਆਪਣਾ ਸਿਦਕ ਤੇ ਸਿੱਖੀ,
ਮਾਣੀਂ ਤੂੰ ਆਪਣਾ ਪਿਆਰ ਉੱਚਾ ਉਹ ਗੁਰਾਂ ਵਾਲਾ ਸਦਕੇ ।
ਗੰਢ ਪਾਈਂ ਇਹ ਤੂੰ ਪੀਡੀ,
ਰੱਖੀਂ ਟੇਕ ਤੂੰ ਸਾਰੀ ਆਪਣੀ ਸੱਚੀ ਸਰਕਾਰ ‘ਤੇ ।
ਜਗਾਈਂ ਜਗਾਈਂ ਉਹ ਲਾਟ, ਵੇ ਲਾਲਾ ।
ਬੁੱਝਣ ਦੇਈਂ ਨਾ ਜੋਤ ਜਿਹੜੀ ਗੁਰਾਂ ਆਣ ਸਥਾਪੀ ਤੇਰੇ ਵਿਚ,
ਦੇਖ ਜਿਹੜੀ ਬਲ ਰਹੀ ਤੇਰੇ ਦਰਿਆਵਾਂ ਦੇ ਦਿਲ ਵਿਚ,
ਉਹ ਦੇਖ ਜਿਹੜੀ ਚਮਕ ਰਹੀ ਹਿਮਾਲਾ ਦੀਆਂ ਜੋਤਾਂ ਵਿਚ,
ਉਹ ਦੇਖ, ਖੋਲ੍ਹ ਦਿਲ ਦਾ ਬੂਹਾ,
ਜਿਹੜੀ ਗੁਰਾਂ ਦੀ ਮਿਹਰ ਨਾਲ,
ਲਟ ਲਟ, ਬਲ ਰਹੀ ਤੇਰੇ ਆਪਣੇ ਅੰਦਰ ।


ਬੰਨ੍ਹੀਂ ਆਪਣਾ ਆਪ ਤੂੰ ਚਰਨ ਕਮਲਾਂ ਨਾਲ ਪਿਆਰੇ,
ਮਰਕਸ਼ ਆਪਣੇ ਵਿਚ ਸਦਾ ਖਲੋਵੀਂ ਨਾਲ ਪਿਆਰੇ,
ਵੇ ਸੁਹਣਿਆਂ !
ਖੜ੍ਹਾ ਹੋ ਉੱਥੇ, ਮੋਢੇ ਧਰ ਡਾਂਗ,
ਬੇ-ਡਰ ਹੋ ਵੜੀਂ ਜੰਗ-ਘਮਸਾਨ ਵੇ ਦੂਲਿਆ ।
ਜਿੱਤ ਬਾਜੀ ਆਸੇਂ ਸਦਾ ਬੇ-ਖੌਫ਼, ਵੇ ਦੂਲਿਆ ।
ਸਤਿਗੁਰੂ ਜੀ ਸਦਾ ਤੇਰੀ ਕੰਡੀ ।

*******************************

IX. ਪੰਜਾਬ ਬਾਰ ਦੇ ਬਿਲੋਚ ਦੀ ਧੀ

ਸਾਹਮਣੇ ਉਸ ਉੱਚੇ ਨੀਲੇ ਅਸਮਾਨ-ਛੱਪਣ ਵਿੱਚ ਸੀ
ਸੂਰਜ ਡੁੱਬ ਰਿਹਾ,
ਤੇ ਪੈਲੀਆਂ ਦੇ ਵਿੱਚ ਦੀ ਸਾਹਮਣੇ ਊਂਠ
‘ਤੇ ਚੜ੍ਹੀ ਆ ਰਹੀ ਸੀ ਗੋਰੇ ਬਿਲੋਚ ਦੀ
ਨਵੀਂ ਜਵਾਨੀ ਚੜ੍ਹੀ ਦੇਵੀ ਉਹ ਕੰਨਿਆਂ ।
ਅਸਮਾਨਾਂ ਵਿੱਚੋਂ ਦੀ ਦੂਰ ਆਉਂਦੀ ਆਈ ਰਾਤ ਥੀਂ ।
ਵਿਛੜੇ ਇਕ ਭੁੱਲੇ ਪ੍ਰਛਾਵੇਂ ਵਾਂਗ
ਊਂਠ ਸੀ ਸੋਚ ਜਿਹੀ ਵਿੱਚ
ਤੁਰਿਆ ਪਿਆ ਆਉਂਦਾ
ਗਿਣਤੀਆਂ ਜਿਹੀਆਂ ਵਿੱਚ ਪਿਆ ਹੌਲੇ-ਹੌਲੇ
ਆਪਣੀ ਕੰਡੀ ਉਪਰ ਉਸ ਸੋਹਣੀ ਮਲਕਾ ਨੂੰ ਉਛਾਲਦਾ,
ਨਵੀਂ ਜਵਾਨੀ ਦੇ ਨਿੱਕੇ-ਨਿੱਕੇ ਪਟੇ ਹਵਾ ਵਿੱਚ ਸਨ ਹਿੱਲਦੇ,
ਤੇ ਇਨ੍ਹਾਂ ਜੰਗਲੀ ਰਾਹਾਂ ਉਪਰ ਸਨ ਜੀਵਨ ਦੇ
ਤੀਖਣ ਜਿਹੇ ਪਿਆਰਾਂ ਦੇ ਮੀਂਹ ਪਾਉਂਦੇ ।
ਬਿਲੋਚਣ ਜਵਾਨ ਦੇ ਲੱਕ ਸੀ ਇਕ ਨੀਲੇ ਰੰਗ ਦੀ
ਵਗਦੀ ਨੀਂਦ ਜਿਹੜੀ ਉਹਦੇ ਗਿੱਟਿਆਂ
ਪਿੰਨੀਆਂ ਤੇ ਪਿਆਰ ਵਿੱਚ ਆਈ ਜੋਸ਼-
-ਲਹਿਰ ਸੀ ਮਾਰਦੀ,
ਤੇ ਉਹਦੇ ਉਠਦੇ ਜੋਬਨਾਂ ਦੇ ਇਰਦ-ਗਿਰਦ
ਕੁੜਤੇ ਦਾ ਲਾਲ ਰੰਗ ਸੀ ਪਿਆ ਕੂਕਦਾ
ਉਹ ਦੇਵੀ ਪੈਲੀਆਂ ਵਿੱਚ ਦੀ ਸੀ
ਪਈ ਊਂਠ ‘ਤੇ ਲੱਗੀ ਲੰਘਦੀ ਆਉਂਦੀ
ਉਹਦੇ ਕੇਸਾਂ ‘ਤੇ ਸੀ ਅਸਤ ਹੁੰਦੇ ਸੂਰਜ ਦਾ
ਤਾਜ ਸੋਹਣਾ ਜੜਤੂ ਸੁਨਹਿਰੀ
ਬਸ ਇਕ ਆਵਾਜ਼ ਸੀ ਮੈਂ ਸੁਣਿਆਂ
ਗਗਨਾਂ ਵਿੱਚ ਦੀ ਪੁਕਾਰਦਾ
ਆਓ ਅੜਿਓ !
ਪਾਉ ਜਾਲ,
ਸਾਰੇ ਨੀਲੇ ਛੱਪੜਾਂ ਨੂੰ ਛਾਣ ਸੁਟੋ,
ਸੂਰਜ ਗਗਨਾਂ ਦਾ ਹੈ ਜੋ ਡੁੱਬ ਗਿਆ
ਗੁੰਮ ਗਿਆ ਜੇ ਅਸਮਾਨੀ ਨਰਗਸ
ਇਨ੍ਹਾਂ ਨੀਲੇ ਛੱਪੜਾਂ ਦੇ ਜਾਦੂ-ਮੁਲਖ ਵਿੱਚ
ਪਾਉ ਜਾਲ
ਬਚਾਉ ਪ੍ਰਕਾਸ਼, ਯਾਰੋ
ਦੁਨੀਆਂ ਹਨੇਰ ਹੋ ਜਾਵਸੀ
ਸਾਰਾ ਜ਼ੋਰ ਲਾਉ ਨਹੀਂ ਅਸਮਾਨ ਸਭ…
ਤੇ ਮੈਂ ਇਕ ਬੇਹੋਸ਼ ਜਿਹੀ ਲਟਕ ਵਿੱਚ
ਬਿਨ ਸੋਚੇ ਬਲ ਉਠਿਆ
ਪਤਾ ਦੇ ਬੈਠਾ ਬਿਨ ਪਤੇ ਆਪ ਨੂੰ, ਕੁਰਲਾਂਦੇ ਉਨ੍ਹਾਂ ਗਗਨਾਂ ਨੂੰ
ਡੁੱਬ ਗਏ ਪ੍ਰਕਾਸ਼ ਦਾ,
ਉਨ੍ਹਾਂ ਜੰਗਲੀ ਵਹਿਸ਼ੀ ਬਿਲੋਚਾਂ ਦੇ ਗਰਾਂ
ਜਿਨ੍ਹਾਂ ਦੇ ਦਰਵਾਜ਼ੇ ਤੱਕ ਸਾਹਮਣੇ ਕਿਹੇ ਉੱਚੇ,
ਸੂਰਜ ਜੇ ਜਾ ਵੜਿਆ ਉਹ ਤੱਕੋ ਗਗਨੀਓ ।
ਬੂਹੇ ਦੇ ਪਿੱਛੇ ਤੱਕੋ,
ਉਹ ਗਵਾਚਿਆ ਪ੍ਰਕਾਸ਼ ਜੇ !

*******************************

X. ਪੁਰਾਣੇ ਪੰਜਾਬ ਨੂੰ ਅਵਾਜ਼ਾਂ

ਉਹ ਪੁਰਾਣਾ ਅਦਬ ਤੇ ਹਿਰਸ ਨਾਂਹ !
ਉਹ ਪ੍ਰੀਤ ਦੀਆਂ ਪੀਡੀਆਂ ਗੰਢਾਂ ।
ਉਹ ਕੁੜੀਆਂ ਦੇ ਚਾਅ, ਤ੍ਰਿੰਞਣਾਂ ਦੇ ਗਾਵਨ ਕਿੱਥੇ,
ਉਹ ਸ਼ਰੀਕਾਂ ਦੀ ਆਬ ਵਾਲੀ ਗੱਲ ਸਾਰੀ ਗਈ ਆਈ,
ਉਹ ਖ਼ਾਤਰਾਂ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਂਸਲੇ,
ਉਹ ਰੋਟੀਆਂ ਤੇ ਮਹਿਫ਼ਲਾਂ, ਉਹ ਡੂੰਘੀ ਡੂੰਘੀ ਸ਼ਰਮਾਂ, ਸ਼ਰਾਫ਼ਤਾਂ,
ਉਹ ਕਿੱਥੇ ?

ਇਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ,
ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ, ਗਠੀਲਾ, ਅਣਟੁੱਟ ਜਿਹਾ ਭਾਈਚਾਰਾ ਕਿੱਥੇ ?
ਹਿਤ ਕਿੱਥੇ ? ਪਿਆਰ ਕਿੱਥੇ ? ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ ?
ਦਿਲ, ਜ਼ੋਰ, ਮਿੱਠਤ ਕਿੱਥੇ ? ਉਹ ਬਾਹਾਂ ਦਾ ਮਾਣ, ਜ਼ੋਰ ਸਾਰਾ ?
ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ ?
ਨੂੰਹਾਂ, ਧੀਆਂ ਦੀ ਉਹ ਲਿਹਾਜ਼ ਦੀ ਸਭਿਅਤਾ,
ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ ?
ਸਜ-ਵਿਆਹੀਆਂ ਦਾ ਉਹ ਆਦਰ, ਭਾ, ਸ਼ਿੰਗਾਰ ਤੇ ਸੰਭਾਰ ਕਿੱਥੇ,
ਲਾਡ ਤੇ ਮੁਰਾਦਾਂ ?
ਸਾਲੂ ਕਿੱਥੇ, ਬਾਗ਼ ਤੇ ਫੁਲਕਾਰੀਆਂ,
ਉਹ ਮਹਿੰਦੀ ਦਾ ਰੰਗ ਸੁਹਾਗ ਦਾ,
ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ ।

ਭਰਾਵਾ ! ਇਹ ਪੁਰਾਣੀ ਬੁੱਢੀ ਜਿਹੀ ਸਾਡੀ ਸਭਿਅਤਾ,
ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ, ਦੂਰ ਜਾਂਦੀ ;
ਬਿਰਾਦਰੀਆਂ ਮਿਲ ਮਿਲ ਜੀਣਾ ਕਿੱਥੇ ?
ਉਹ ਸਦੀਆਂ ਦੀ ਬੋਹੜ ਕਿਸ ਵੱਢੀ ,
ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ ?
ਹਵਾ ਆਈ, ਝੱਖੜ ਆਇਆ ਉਹ ਕਿਸ ਗੇਰਿਆ ?
ਉਹ ਜੰਗਲ ਜ਼ਰੂਰ ਸੀ, ਪੁਰਾਣਾ ਦਦ-ਕੱਢਿਆ, ਗੰਭੀਰ ਸੀ,
ਮੰਨਿਆਂ ਭਾਂਤ ਭਾਂਤ ਬੋਲੀਆਂ ਤੇ ਖ਼ਿਆਲ ਸੀ, ਅਸੀਂ ਅਨਜਾਣ ਸੀ,
ਇਕੋ ਜਿਹੇ ਸਿੱਧੇ ਸਾਦੇ, ਕੰਮ ਕਰਨ ਵਾਲੇ ਹੱਡ ਸੀ,
ਤੇ ਇਕ ਅੱਧ ਖ਼ਿਆਲ ਕੋਈ ਸੁਣਿਆਂ, ਮੰਨਿਆਂ ਅਸਾਂ ਲਈ ਬੱਸ ਸੀ,
ਉਸੇ ਵਿਚ ਬਹਿੰਦੇ, ਉੱਠਦੇ, ਜੀਂਦੇ, ਜਾਗਦੇ, ਉਹੋ, ਇਕ ਖ਼ਿਆਲ
ਸਾਡੀ ਜੰਦ ਜਾਨ ਸੀ ।

ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ,
ਕਾਹਲੀ ਵਿਚ ਅਮੀਰ ਹੋਣ ਨੂੰ ਨਿੰਦਦੇ,
ਇਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆਂ ਦੀ ਸੇਵਾ ਕਰਦੇ
ਇਹ ਚਾਂਦੀ ਦੀਆਂ ਠੀਕਰਾਂ ਕਦੀ ਨਾਂਹ ਸਾਡਾ ਰੱਬ ਸੀ ।
ਵਲਾਇਤਾਂ ਜਾਂਦੇ, ਕਾਬਲ, ਕੰਧਾਰ, ਬੁਖ਼ਾਰੇ,
ਸਫ਼ਰ ਝਾਗਦੇ, ਜਫ਼ਰ ਜਾਲਦੇ, ਸਫ਼ਰ ਸਾਡਾ ਦਿਨ ਰਾਤ ਸੀ,
ਸੁਹਣੇ ਉੇਨਰਾਂ ਦੇ ਕੰਮ ਬਣੇ ਦੇਸ ਆਪਣੇ ਨੂੰ ਆਉਣ ਦੇ ।
ਪਹਿਨਣ ਵਾਲਿਆਂ ਤੇ ਬਣਾਨ ਵਾਲਿਆਂ, ਦੋਹਾਂ ਦੇ ਸ਼ਗਨ ਮਨਾਂਦੇ ;
ਦੋਏ ਧਿਰਾਂ ਜੀਂਣ, ਵਧਣ ਤੇ ਥੀਂਣ, ਅਸੀਂ ਰੋਟੀਆਂ ਪਏ ਖਾਂਵਦੇ,
ਲੱਦੇ ਜਾਂਦੇ ਲੱਦੇ ਆਉਂਦੇ, ਕਿਹਾ ਸੁਹਣਾ ਉਹ ਵਪਾਰ ਸੀ ?

ਸੁਹਣਿਆਂ ! ਤੂੰ ਦੱਸ ਨਾ, ਉਹ ਵੇਲੇ ਕਿਉਂ ਲੱਦ ਗਏ ?
ਵਹਿਮ ਸਨ ਸਾਡੇ ਠੀਕ, ਪਰ ਤੁਸਾਡੇ ਕੀ ਘੱਟ ਹਨ ?
ਨਾਮ ਬਦਲੇ, ਰੂਪ ਬਦਲੇ, ਤੱਕੇ ਨੀਝ ਲਾ, ਹੈਨ ਸਭ ਉਹੋ ਜਿਹੇ
ਵਹਿਮ ਅੱਜ ਵੀ ?
ਆਦਮੀ ਦੀ ਪੂਜਾ ਛੱਡੀ, ਮੰਨਿਆਂ ਗੁਨਾਹ ਸੀ,
ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈਂ ਦਾ ਪੁੰਨ ਹੈ ?
ਸੇਵਾ ਕਰਨੀ, ਮਜੂਰੀ-ਮੰਗਣੀ ਨਾਂਹ ; ਕੁਝ ਜਹਲ ਸੀ ;
ਪਰ ਮੁਰਦਿਆਂ ਦੇ ਜੇਬੇ ਫੋਲਣੇ ਖਾਣ ਪੀਣ ਨੂੰ, ਕਿਹੜਾ ਇਲਮ ਹੈ ?
ਅਸੀਂ ਗ਼ਰੀਬ ਸਾਂ, ਸੰਤੋਖ ਸਾਡਾ ਕਾਤਲ ਜ਼ਹਿਰ ਸੀ,
ਕੂੜਾ ਪਾਪ ਕਰ ਅਮੀਰ ਹੋਣਾ, ਵਿਹੁਲਾ ਵਿਹੁਲਾ, ਇਹ ਬੇਸਬਰੀ ਕਦ
ਅੰਮ੍ਰਤ ਬਣੀ ਸੀ ?

ਸੁਹਣਿਆਂ ! ਦੱਸ ਨਾ, ਉਹ ਵੇਲੇ ਕਿਧਰੇ ਲੰਘ ਗਏ ?
ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ,
ਜਿਹੜੀ ਸਾਡੇ ਗੁੰਗੇ ਦਿਲਾਂ ਨੂੰ ਵਲੂੰਦਰਦੀ ਸੀ ;
ਉਹ ਖੜਕਦੇ ਕਿਉਂ ਨਿੰਮੋਝੂਣ ਹੋ ਅੱਜ,
ਕੋਈ ਨਾਚ ਉਨ੍ਹਾਂ ਦਾ ਨਾਂਹ ਹੁਣ ਦੇਖਣੇ ਆਉਂਦਾ,
ਕੀ ਅੰਦਰ ਦੀ ਖ਼ੁਸ਼ੀ ਸਾਰੀ ਮਰ ਗਈ ?
ਭੱਠ ਪਈ ਅੱਜ ਦੀ ਸੱਭਿਅਤਾ,
ਜਿਹੜੀ ਦੌੜਦੀ, ਹਫਦੀ, ਦੌੜ ਦੌੜ ਆਰਾਮ ਚਾਹੇ ਲੈਣਾ ;
ਇਕੋ ਵਾਰੀ, ਇਕੋ ਦਿਨ ਦੋਹਾਂ ਹੱਥਾਂ ਨਾਲ ।

ਅੰਬਾਂ ਦੇ ਬੂਰ ਪਏ ਕਿਰਦੇ ਬੇਵੱਸ ਹੋ,
ਕੋਈ ਸੁਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ,
ਇਹ ਕੀ ਹੈ ਮੁਰਦਿਹਾਣ ਜਿਹੀ ?
ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ,
ਕੁਝ ਉਧਲਣ ਉਧਾਲਣ ਜਿਹਾ ਬਸ ਲੱਗਦਾ ।
ਉਹ ਜੰਞਾਂ ਕਿੱਥੇ ? ਉਹ ਵਿਹਲ, ਉਹ ਖੁੱਲ੍ਹ, ਉਹ ਚਾਅ,
ਦੱਸੋ ਨਾ ਕਿੱਥੇ ਟੁਰ ਗਿਆ ਸਾਰਾ ?
ਉਹ ਸ਼ਗਨ ਮਨਾਵਣੇ,
ਉਹ ਢੋਲਕੀਆਂ ਦੇ ਗੀਤ ਜਿਹੜੇ ਰਾਤ ਦੀ ਰਗ ਰਗ ਛੇੜਦੇ,
ਉਹ ਕੁੜੀਆਂ ਕੰਵਾਰੀਆਂ ਦੇ ਮਨ ਦੇ ਚਾਅ ਦੇ ਟੱਪੇ,
ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਭਾਂਤ ਬੋਲੀਆਂ ;
ਉਹ ਰਾਗ ਨਵੇਂ ਨਵੇਂ, ਸੱਜਰੇ, ਸਿੱਜੇ ਸਿੱਜੇ, ਭਿੱਜੇ ਭਿੱਜੇ, ਰੂਹਾਂ ਵਿਚ
ਜਿਹੜੇ ਨਿਕਲਦੇ,
ਉਹ ਘੋੜੀਆਂ, ਉਹ ਸੁਹਾਗ,
ਉਹ ਦੋ ਦੋ ਗੱਲਾਂ ਤੇ ਹਾਸੇ,
ਉਹ ਮਖ਼ੌਲੀ ਤਬੀਅਤਾਂ ਖੁਸ਼ੀ ਭਰਨ ਵਾਲੀਆਂ,
ਉਹ ਦਾਤੇ, ਉਹ ਭੰਡਾਰੀ : ਉਹ ਜਾਂਞੀ, ਉਹ ਮਾਂਞੀ ;
ਉਹ ਜੰਞਾਂ ਜਗਮਗ ਕਿੱਥੇ, ਕੇਸਰ ਦੀਆ ਰੰਗੀਆਂ ?
ਉਹ ਲਾੜੇ ਦਾ ਘੋੜੀ ‘ਤੇ ਚੜ੍ਹਨਾ,
ਉਹ ਭੈਣਾਂ ਲਾੜੇ ਦੀਆਂ ਦਾ ਗਾ ਗਾ, ਵਾਗਾਂ ਦਾ ਗੁੰਦਣਾਂ,
ਉਹ ਘੋੜੀ ਚਿੱਟੀ ਦਾ ਨਾਜ਼ ਤੇ ਚਾਅ ਵਿਚ
ਲਾੜੇ ਨੂੰ ਚੱਕ ਮੋਢੇ ਖ਼ੁਸ਼ੀ ਥੀਣਾਂ,
ਉਹਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ ।

ਉਹ ਨੇਜ਼ੇ-ਬਾਜ਼ੀਆਂ ਵਿਆਹਾਂ ‘ਤੇ,
ਉਹ ਰੰਗ ਬਰੰਗ ਦੀਆਂ ਚੋਚਲਾਂ,
ਉਹ ਖੇਡਾਂ ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿਚ ਦੌੜਾਂ ਖ਼ੁਸ਼ੀ ਦੀਆਂ ।
ਉਹ ਦਰਿਆਵਾਂ ਦਾ ਨਹਾਣ ਜਾਣਾ ਢੋਲਕੀਆਂ ਵੱਜਦੇ,
ਉਹ ਸੈਂਚੀਆਂ ਉਹ ਕੁਸ਼ਤੀਆਂ ਅਖਾੜੇ ਤੇ ਕਬੱਡੀਆਂ ।

ਸਭ ਜੀਣ ਦਾ ਚਾਅ ਹੋਣ ਦਾ ਮਾਣ, ਥੀਂਣ ਦਾ ਨਸ਼ਾ ਕਿੱਥੇ ?
ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ,
ਬਾਗ਼, ਬਾਗ਼, ਭਰ ਪਿਚਕਾਰੀਆਂ, ਰੂਪਾਂ ਦਾ ਖੇਡਣਾ ।
ਉਹ ਲੋਹੜੀਆਂ ਦੀ ਲੱਕੜਾਂ ਦੀ ਮੰਗ ਬੂਹੇ ਬੂਹੇ,
ਉਹ ਕੁੜੀਆਂ ਦਾ ਜੁੜਨਾ ਅੱਗ ਦੇ ਚੁਫੇਰੇ ਤੇ ਗਿੱਧੇ ਪਾ ਪਾ ਗਾਉਣਾ ।

ਵਹਿਮ ਜੇ ਉੱਡੇ ਤਾਂ ਉੱਡੇ ਸਦਕੇ,
ਵਹਿਮਾਂ ਦਾ ਉੱਡਣਾ ਜ਼ਰੂਰ ਸੀ,
ਪਰ ਸਾਡੀਆਂ ਸਾਰੀਆਂ ਖ਼ੁਸ਼ੀਆਂ ਨਾਲੇ ਗਈਆਂ,
ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ ?
ਔਖਾ ਹੋ ਜਿੰਦਾਂ ਫਸਣੀਆਂ ਨੂੰ ਕੱਢਣਾ ;
ਕੰਡੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ ਹੈ ।

ਦੱਸ ਨਾ, ਇਹ ਕੀ ਹੋਇਆ ?
ਕਿਸ ਲਈ ਸਭ ਕੁਝ ਖੋਇਆ ?
ਦਵਾਈ ਖਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ ?
ਦਿਲ ਸਾਡੇ ਸੱਖਣੇ, ਲਾਟ ਬੁਝ ਗਈ ਹੈ ।

 

 

Categories: ਪੂਰਨ ਸਿੰਘ, Poetry, Punjabi | Tags: , , , , | Leave a comment

ਬਿਰਹੁ ਕਟਾਰੀ—ਅਮਰਦੀਪ ਸਿੰਘ “ਅਮਰ”


images

ਵਹਿਗੁਰੂ…..ਰੂ ਊ….ਊ…..ਗੁਰੂ…..
ਚਾਤਰਿਕ ਚਾਹਵੇ ਮੀੰਹ
ਤਾਂ ਉਹ ਬਰਸੇ ਨਾ
ਜੇਕਰ ਬਰਸੇ ਉਹ ਵਿਚਾਰਾ ਤਰਸੇ ਨਾ
ਕੋਕਿਲ ਅੰਬ ਸੁਹਾਵੀ ਮਰਦੀ ਪਿਰ ਬਿਨਾਂ
ਕੋਈ ਆਣ ਮਿਲਾਵੇ ਹੋਵੇ ਸੁਖ ਘਣਾੰ
ਪੈਰੀੰ ਝੂਰੇ ਮੋਰ ,
ਗੋਰੀ ਰੂਪ ਦੇਖ
ਕਰਮ ਗਤੀ ਨੂੰ ਮੇਟੇ ਭੈਣੇ ਕੌਣ ਆ..?
ਚੜਕੇ ਮੰਦਰ ਪੰਥ ਨਿਹਾਲੇ ਕਾਮਣੀ
ਪਿਰ ਪਰਦੇਸ ਸਿਧਾਏ,ਚਮਕੇ ਦਾਮਿਨੀ
ਸੇਜ ਅਕੇਲੀ ਰਾਤ ਅੰਗ ਮਰੋੜਦੀ
ਬਿਰਹਾ ਵਗਦੀ ਨਦੀ ਲੰਮੀ ਤੜਫਦੀ
ਟਿਮ ਟਿਮ ਚਮਕਨ ਤਾਰੇ ਭਿੰਨੀ ਰੈਨਿੜੀ
ਹਉ ਬਲਿਹਾਰੀ ਤਿੰਨ ਜੋ ਜਪਦੇ ਨਾਮ ਨੂੰ……….(ਅਮਰਾ)

Categories: Amardeep Singh "Amar", Poetry, Punjabi | Tags: , , , , , , | Leave a comment

ਫੁੱਲ ਜੰਗਲੀ—ਰੁਬਾਈ


z4

ਫੁੱਲ ਜੰਗਲੀ ਇੱਕ ਗਮਲੇ ਲਾਇਆ।
ਖਿੜ-ਖਿੜ ਹੱਸੇ ਅਜੇ ਵੀ ਨ ਕੁਮਲਾਇਆ।
ਸਾਂਭਣ ਆਈ ਪਰਾਗ ਜੋ ਇੱਕ ਮਧੂ ਪਰੀ,
ਵਿੱਢ ਸਕੀ ਨ ਹੌਸਲਾ ਗੱਚ ਭਰ ਆਇਆ।

Categories: ਦਲਵੀਰ ਗਿੱਲ, Dalvir Gill, Poetry, Punjabi | Tags: , , , , , , | Leave a comment

ਜੰਗਨਾਮਾ ਸਿੰਘਾਂ ਤੇ ਫਿਰੰਗੀਆਂ—ਸ਼ਾਹ ਮੁਹੰਮਦ


filmaker
( A Painting by Jason Askew )

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ ਨਿਗਾਰ ਕਰਕੇ,
ਰੰਗਾ ਰੰਗ ਦੇ ਭੇਖ ਰਚਾਂਵਦਾ ਈ ।
ਸਫਾਂ ਪਿਛਲੀਆਂ ਸਭ ਸਮੇਟ ਲੈਂਦਾ,
ਅੱਗੇ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ ।।1।।

ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ,
ਦੁਨੀਆਂ ਵੇਸਵਾ ਦਾ ਰੱਖੇ ਭੇਸ ਮੀਆਂ ।
ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ ।
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ।
ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ,
ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ।।2।।

ਇਕ ਰੋਜ਼ ਬਡਾਲੇ ਦੇ ਵਿਚ ਬੈਠੇ,
ਚਲੀ ਆਣ ਫਿਰੰਗੀ ਦੀ ਬਾਤ ਆਹੀ ।
ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ,
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉੱਤੇ ਅਫ਼ਾਤ ਆਹੀ ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ ।।3।।

ਏਹੁ ਜੱਗ ਸਰਾਇਂ ਮੁਸਾਫਿਰਾਂ ਦੀ,
ਏਥੇ ਜ਼ੋਰ ਵਾਲੇ ਕਈ ਆਇ ਗਏ ।
ਸ਼ਿਦਾਦ, ਨਮਰੂਦ, ਫਿਰਊਨ ਜੇਹੇ,
ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ ।
ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ,
ਫੇਰੀ ਵਾਂਗ ਵਣਜਾਰਿਆਂ ਪਾਇ ਗਏ ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ ।।4।।

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।।5।।

ਜਦੋਂ ਹੋਏ ਸਰਕਾਰ ਦੇ ਸਾਸ ਪੂਰੇ,
ਜਮ੍ਹਾ ਹੋਏ ਨੀ ਸਭ ਸਰਦਾਰ ਮੀਆਂ ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਇਹੋ ਸੀ ਕੌਲ-ਕਰਾਰ ਮੀਆਂ ।।6।।

ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ,
ਇਹ ਤਾਂ ਗਰਕ ਜਾਵੇ ਦਰਬਾਰ ਮੀਆਂ ।
ਪਿੱਛੇ ਸਾਡੇ ਵੀ ਕੌਰ ਨਾ ਰਾਜ ਕਰਸੀ,
ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ ।
ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ,
ਇਹ ਤਾਂ ਮਰਨਗੇ ਸਭ ਸਿਰਦਾਰ ਮੀਆਂ ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵੱਗੀ,
ਸਭੇ ਕਤਲ ਹੋਂਦੇ ਵਾਰੋ ਵਾਰ ਮੀਆਂ ।।7।।

ਖੜਕ ਸਿੰਘ ਮਹਾਰਾਜ ਹੋਯਾ ਬਹੁਤ ਮਾਂਦਾ,
ਬਰਸ ਇਕ ਪਿੱਛੇ ਵੱਸ ਕਾਲ ਹੋਇਆ ।
ਆਈ ਮੌਤ ਨਾ ਅਟਕਿਆ ਇਕ ਘੜੀ,
ਚੇਤ ਸਿੰਘ ਦੇ ਗਮ ਦੇ ਨਾਲ ਮੋਇਆ ।
ਕੌਰ ਸਾਹਿਬ ਮਹਾਰਾਜੇ ਦੀ ਗੱਲ ਸੁਣ ਕੇ,
ਜ਼ਰਾ ਗਮ ਦੇ ਨਾਲ ਨਾ ਮੂਲ ਰੋਇਆ ।
ਸ਼ਾਹ ਮੁਹੰਮਦਾ ਕਈਆਂ ਦੇ ਬੰਨ੍ਹਣੇ ਦਾ,
ਵਿਚ ਕੌਂਸਲ ਦੇ ਕੌਰ ਨੂੰ ਫਿਕਰ ਹੋਇਆ ।।8।।

ਖੜਕ ਸਿੰਘ ਮਹਾਰਾਜੇ ਨੂੰ ਚੁੱਕ ਲਿਆ,
ਵੇਖੋ ਸਾੜਨੇ ਨੂੰ ਹੁਣ ਲੈ ਚੱਲੇ ।
ਧਰਮ ਰਾਇ ਨੂੰ ਜਾਇ ਕੇ ਖਬਰ ਹੋਈ,
ਕੌਰ ਮਾਰਨੇ ਨੂੰ ਓਨ ਦੂਤ ਘੱਲੇ ।
ਮਾਰੋ ਮਾਰ ਕਰਦੇ ਦੂਤ ਉੱਠ ਦੌੜੇ,
ਜਦੋਂ ਹੋਏ ਨੀ ਮੌਤ ਦੇ ਆਇ ਹੱਲੇ ।
ਸ਼ਾਹ ਮੁਹੰਮਦਾ ਦੇਖ ਰਜ਼ਾਇ ਰੱਬ ਦੀ,
ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ ।।9।।

ਇਕ ਦੂਤ ਨੇ ਆਇ ਕੇ ਫ਼ਿਕਰ ਕੀਤਾ,
ਪਲਕ ਵਿਚ ਦਰਵਾਜ਼ੇ ਦੇ ਆਇਆ ਈ ।
ਜਿਹੜਾ ਧੁਰੋਂ ਦਰਗਾਹੋਂ ਸੀ ਹੁਕਮ ਆਇਆ,
ਦੇਖੋ ਓਸ ਨੇ ਖੂਬ ਬਜਾਇਆ ਈ ।
ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ,
ਛੱਜਾ ਢਾਹ ਦੋਹਾਂ ਉੱਤੇ ਪਾਇਆ ਈ ।
ਸ਼ਾਹ ਮੁਹੰਮਦਾ ਊਧਮ ਸਿੰਘ ਥਾਇਂ ਮੋਇਆ,
ਕੌਰ ਸਾਹਿਬ ਜੋ ਸਹਿਕਦਾ ਆਇਆ ਈ ।।10।।

ਅੱਠ ਪਹਿਰ ਲੁਕਾਇ ਕੇ ਰੱਖਿਓ ਨੇ,
ਦਿਨ ਦੂਜੇ ਰਾਣੀ ਚੰਦ ਕੌਰ ਆਈ ।
ਖੜਗ ਸਿੰਘ ਦਾ ਮੂਲ ਦਰੇਗ ਨਾਹੀਂ,
ਕੌਰ ਸਾਹਿਬ ਤਾਈਂ ਓਥੇ ਰੋਣ ਆਈ ।
ਮ੍ਰਿਤ ਹੋਇਆ ਤੇ ਕਰੋ ਸਸਕਾਰ ਇਸਦਾ,
ਰਾਣੀ ਆਖਦੀ, “ਤੁਸਾਂ ਕਿਉਂ ਦੇਰ ਲਾਈ ?”
ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ,
ਜਿਹਦਾ ਮੋਇਆ ਪੁਤ੍ਰ ਸੋਹਣਾ ਸ਼ੇਰ ਸਾਈ ।।11।।

ਸ਼ੇਰ ਸਿੰਘ ਨੂੰ ਕਿਸੇ ਜਾ ਖਬਰ ਦਿੱਤੀ,
ਜਿਹਦਾ ਮੋਇਆ ਭਤੀਜਾ ਵੀਰ ਯਾਰੋ ।
ਓਨ ਤੁਰਤ ਵਟਾਲਿਓਂ ਕੂਚ ਕੀਤਾ,
ਰਾਹੀਂ ਆਂਵਦਾ ਘੱਤ ਵਹੀਰ ਯਾਰੋ ।
ਜਦੋਂ ਆਣ ਕੇ ਹੋਇਆ ਲਾਹੌਰ ਦਾਖਲ,
ਅੱਖੀਂ ਰੋਵੇ ਪਲੱਟਦਾ ਨੀਰ ਯਾਰੋ ।
ਸ਼ਾਹ ਮੁਹੰਮਦਾ ਲੋਕ ਦਿਲਬਰੀ ਦੇਂਦੇ,
ਚੰਦ ਕੌਰ ਹੋਈ ਦਿਲਗੀਰ ਯਾਰੋ ।।12।।

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀਂ,
ਸ਼ੇਰ ਸਿੰਘ ਅੰਦਰ ਅੱਜ ਆਵਣਾ ਜੇ,
ਤੁਰਤ ਫੂਕ ਦੇਹੋ ਤੁਸੀਂ ਕਰਾਬੀਨਾਂ,
ਪਲਕ ਵਿਚ ਹੀ ਮਾਰ ਗਵਾਵਣਾ ਜੇ ।
ਸ਼ੇਰ ਸਿੰਘ ਨੂੰ ਰਾਜੇ ਨੇ ਖਬਰ ਦਿੱਤੀ,
ਅੰਦਰ ਅੱਜ ਹਜ਼ੂਰ ਨਾ ਆਵਣਾ ਜੇ ।
ਸ਼ਾਹ ਮੁਹੰਮਦਾ ਅਜੇ ਨਾ ਜ਼ੋਰ ਤੇਰਾ,
ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ ।।13।।

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ,
ਦਗੇਬਾਜ਼ੀਆਂ ਹੋਰ ਬਥੇਰੀਆਂ ਨੀ ।
ਓਨ ਤੁਰਤ ਲਾਹੌਰ ਥੀਂ ਕੂਚ ਕੀਤਾ,
ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ ।
ਪਿੱਛੇ ਰਾਜ ਬੈਠੀ ਰਾਣੀ ਚੰਦ ਕੌਰਾਂ,
ਦੇਂਦੇ ਆਇ ਮੁਸਾਹਿਬ ਦਲੇਰੀਆਂ ਨੀ ।
ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ,
ਕਿਲ੍ਹੇ ਕੋਟ ਤੇ ਰਈਅਤਾਂ ਤੇਰੀਆਂ ਨੀ ।।14।।

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,
ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।
ਉਹ ਹੈ ਪੁਤ੍ਰ ਸਰਕਾਰ ਦਾ ਫਤੇ-ਜੰਗੀ,
ਗੱਦੀ ਓਸ ਨੂੰ ਚਾਇ ਬਹਾਈਏ ਜੀ ।
ਸਿੰਘਾਂ ਆਖਿਆ,”ਰਾਜਾ ਜੀ ! ਹੁਕਮ ਤੇਰਾ,
ਜਿਸ ਨੂੰ ਕਹੇਂ ਸੋ ਫਤਹਿ ਬੁਲਾਈਏ ਜੀ ।
ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੇਂ,
ਇਸੇ ਵਖਤ ਹੀ ਤੁਰਤ ਮੰਗਾਈਏ ਜੀ” ।।15।।

ਬਾਈਆਂ ਦਿਨਾਂ ਦੀ ਰਾਜੇ ਨੇ ਲਈ ਰੁਖਸਤ,
ਤਰਫ ਜੰਮੂ ਦੀ ਹੋਏ ਨੀ ਕੂਚ ਡੇਰੇ,
ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ,
ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ ।
ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,
ਅਗੋਂ ਆਇ ਮਿਲਸਨ ਤੈਨੂੰ ਸਭ ਡੇਰੇ ।
ਸ਼ਾਹ ਮੁਹੰਮਦਾ ਮਿਲਣਗੇ ਸਭ ਅਫਸਰ,
ਜਿਸ ਵੇਲੜੇ ਸ਼ਹਿਰ ਦੇ ਜਾਇ ਨੇੜੇ ।।16।।

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,
ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ ।
ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,
ਧੂੜਾਂ ਉੱਡ ਕੇ ਘਟਾ ਹੋ ਚੱਲੀਆਂ ਨੀ ।
ਆਵੇ ਬੁੱਧੂ ਦੇ ਪਾਸ ਨੀ ਲਾਏ ਡੇਰੇ,
ਫ਼ੌਜਾਂ ਲੱਥੀਆਂ ਆਣ ਇਕੱਲੀਆਂ ਨੀ ।
ਸ਼ਾਹ ਮੁਹੰਮਦਾ ਆਣ ਜਾਂ ਰਥ ਪਹੁੰਚੇ,
ਗੱਲਾਂ ਸ਼ਹਿਰ ਲਾਹੌਰ ਵਿਚ ਚੱਲੀਆਂ ਨੀ ।।17।।

ਸ਼ੇਰ ਸਿੰਘ ਫਿਰ ਬੁੱਧੂ ਦੇ ਆਵਿਓਂ ਜੀ,
ਕਰ ਤੁਰਮ ਲਾਹੌਰ ਵੱਲ ਧਾਇਆ ਈ ।
ਫਲ੍ਹੇ ਪੜਤਲਾਂ ਦੇ ਅੱਗੋਂ ਪਾੜ ਕੇ ਜੀ,
ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ ।
ਓਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,
ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।
ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,
ਸ਼ੇਰ ਸਿੰਘ ਨੂੰ ਤਖਤ ਬਿਠਾਇਆ ਈ ।।18।।

ਸ਼ੇਰ ਸਿੰਘ ਗੱਦੀ ਉੱਤੇ ਆਣ ਬੈਠਾ,
ਰਾਣੀ ਕੈਦ ਕਰਕੇ ਕਿਲ੍ਹੇ ਵਿਚ ਪਾਈ ।
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ,
ਉਹ ਤਾਂ ਮੱਲ ਬੈਠਾ ਸਾਰੀ ਪਾਦਸ਼ਾਹੀ ।
ਬਰਸ ਹੋਇਆ ਜਦ ਓਸ ਨੂੰ ਕੈਦ ਹੋਇਆਂ,
ਰਾਣੀ ਦਿਲ ਦੇ ਵਿਖੇ ਜੋ ਜਿੱਚ ਆਹੀ ।
ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ,
ਸ਼ੇਰ ਸਿੰਘ ਨੇ ਗਲੋਂ ਬਲਾਇ ਲਾਹੀ ।।19।।

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ,
ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ ।
ਸੰਧਾਵਾਲੀਆਂ ਦੇ ਦੇਸ਼ੋਂ ਪੈਰ ਖਿਸਕੇ,
ਜਾ ਕੇ ਪੁੱਛ ਲੈ ਰਾਹ ਪਧਾਣੀਆਂ ਥੀਂ ।
ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,
ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ ।
ਸ਼ਾਹ ਮੁਹੰਮਦਾ ਜੰਮਿਆ ਅਲੀ ਅਕਬਰ,
ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ ।।20।।

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,
ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ ।
ਸ਼ੇਰ ਸਿੰਘ ਨੇ ਬੁੱਘੇ ਨੂੰ ਹੁਕਮ ਕੀਤਾ,
ਓਨ੍ਹਾਂ ਕਿਲ੍ਹਿਓਂ ਬਾਹਰ ਚਾ ਕੱਢਿਆ ਈ ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,
ਨੱਕ ਕੰਨ ਚਾ ਓਨ੍ਹਾਂ ਦਾ ਵੱਢਿਆ ਈ ।
ਸ਼ਾਹ ਮੁਹੰਮਦਾ ਲਾਹਿ ਕੇ ਸਭ ਜੇਵਰ,
ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ ।।21।।

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ,
ਡੇਰਾ ਸ਼ਾਹ ਬਿਲਾਵਲ ਲਗਾਂਵਦਾ ਈ ।
ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,
ਸ਼ੇਰ ਸਿੰਘ ਨੂੰ ਆਣ ਦਿਖਾਂਵਦਾ ਈ ।
ਸਿੱਧੀ ਜਦੋਂ ਸ਼ਹਿਜ਼ਾਦੇ ਨੇ ਨਜ਼ਰ ਕੀਤੀ,
ਜਲਦੀ ਨਾਲ ਚਾ ਕਲਾ ਦਬਾਂਵਦਾ ਈ ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਤੇਗ ਮਾਰ ਕੇ ਸੀਸ ਉਡਾਂਵਦਾ ਈ ।।22।।

ਲਹਿਣਾ ਸਿੰਘ ਜੋ ਬਾਗ ਦੀ ਤਰਫ ਆਇਆ,
ਅੱਗੇ ਕੌਰ ਜੋ ਹੋਮ ਕਰਾਂਵਦਾ ਈ ।
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,
ਅੱਗੋਂ ਵਾਸਤਾ ਰੱਬ ਦਾ ਪਾਂਵਦਾ ਈ ।
“ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,”
ਹੱਥ ਜੋੜ ਕੇ ਸੀਸ ਨਿਵਾਂਵਦਾ ਈ ।
ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ,
ਤੇਗ ਮਾਰ ਕੇ ਸੀਸ ਉਡਾਂਵਦਾ ਈ ।।23।।

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ,
ਸੰਧਾਵਾਲੀਏ ਸ਼ਹਿਰ ਨੂੰ ਉੱਠ ਧਾਏ ।
ਰਾਜਾ ਮਿਲਿਆ ਤਾਂ ਕਹਿਆ ਅਜੀਤ ਸਿੰਘ ਨੇ,
“ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ ।”
ਗੱਲੀਂ ਲਾਇ ਕੇ ਤੇ ਕਿਲੇ ਵਿਚ ਆਂਦਾ,
ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ ।
“ਕਿੱਥੇ ਮਾਰੀ ਸੀ ਰਾਜਾ ਜੀ ! ਚੰਦ ਕੌਰਾਂ ?”
ਸ਼ਾਹ ਮੁਹੰਮਦਾ ਪੁੱਛਣੇ ਉਨ੍ਹਾਂ ਚਾਹੇ ।।24।।

ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ,
“ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਈ ।”
ਮਗਰੋਂ ਮਹਿਰ ਘਸੀਟਾ ਭੀ ਬੋਲਿਆ ਈ,
ਅੱਗੋਂ ਸੁਖਨ ਸਲਾਹੀ ਨੇ ਕੱਢਿਆ ਈ ।
ਇਕ ਅੜਦਲੀ ਨੇ ਕਰਾਬੀਨ ਮਾਰੀ,
ਰੱਸਾ ਆਸ-ਉਮੈਦ ਦਾ ਵੱਢਿਆ ਈ ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਦਲੀਪ ਸਿੰਘ ਤਾਈਂ ਫੇਰ ਸੱਦਿਆ ਈ ।।25।।

ਪਹਿਲਾਂ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ,
ਪਿੱਛੋਂ ਦਿੱਤੀਆਂ ਸੱਤ ਪ੍ਰਦੱਖਣਾਂ ਈ ।
“ਤੇਰੇ ਵਾਸਤੇ ਹੋਏ ਨੀ ਸਭ ਕਾਰੇ,
ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ ।
ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,
ਅੱਜ ਰਾਤ ਪ੍ਰਸਾਦ ਕਿਨ ਚੱਖਣਾ ਈ ।
ਤੇਰੀ ਵਲ ਜੋ ਕਰੇਗਾ ਨਜ਼ਰ ਮੈਲੀ,
ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ” ।।26।।

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ ।
ਧੌਂਸਾ ਮਾਰ ਕੇ ਪਹੁਤਾ ਲਾਹੌਰ ਜਲਦੀ,
ਗੁੱਸੇ ਨਾਲ ਸੀ ਸ਼ਹਿਰ ਦੇ ਵਿਚ ਵੜਿਆ ।
ਰਾਜਪੂਤ ਉਹ ਡੋਗਰਾ ਖੂਬ ਚੰਗਾ,
ਸੰਧਾਵਾਲੀਆਂ ਦੇ ਨਾਲ ਖੂਬ ਲੜਿਆ ।
ਸ਼ਾਹ ਮੁਹੰਮਦਾ ਅਜੀਤ ਸਿੰਘ ਮੁਇਆ ਲੱਧਾ,
ਲਹਿਣਾ ਸਿੰਘ ਜੋ ਜੀਂਵਦਾ ਆਇ ਫੜਿਆ ।।27।।

ਦੋਹਾਂ ਸਿੰਘਾਂ ਤੋਂ ਬਹੁਤ ਸੂਰਮੱਤ ਹੋਈ,
ਖੰਡਾ ਵਿਚ ਦਰਬਾਰ ਵਜਾਇ ਗਏ ।
ਧਿਆਨ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ,
ਸਾਰੇ ਮੁਲਕ ਦੀ ਕਲਹ ਮਿਟਾਇ ਗਏ ।
ਰਾਜਾ ਕਰਦਾ ਸੀ ਮੁਲਕ ਦੀ ਬਾਦਸ਼ਾਹੀ,
ਪਿੱਛੇ ਰਹਿੰਦਿਆਂ ਨੂੰ ਵਖਤ ਪਾਇ ਗਏ ।
ਸ਼ਾਹ ਮੁਹੰਮਦਾ ਮਾਰ ਕੇ ਮੁਏ ਦੋਵੇਂ,
ਚੰਗੇ ਸੂਰਮੇ ਹੱਥ ਦਿਖਾਇ ਗਏ ।।28।।

ਦੁੱਲੇ ਭੱਟੀ ਨੂੰ ਗਾਂਵਦਾ ਜਗ ਸਾਰਾ,
ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ ।
ਮੀਰ ਦਾਦ ਚੌਹਾਨ ਦੇ ਸਤਰ ਅੰਦਰ,
ਮੋਈਆਂ ਰਾਣੀਆਂ ਖਾਇ ਕਟਾਰੀਆਂ ਨੀ ।
ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,
ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀ ।
ਸ਼ਾਹ ਮੁਹੰਮਦਾ ਮੁਏ ਨੀ ਬੀਰ ਬਣਕੇ,
ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ ।।29।।

ਪਿੱਛੋਂ ਆਣ ਕੇ ਸਭਨਾਂ ਨੂੰ ਫ਼ਿਕਰ ਹੋਇਆ,
ਸੋਚੀਂ ਪਏ ਨੀ ਸਭ ਸਿਰਦਾਰ ਮੀਆਂ ।
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ ।
ਗੱਦੀ ਵਾਲਿਆਂ ਨੂੰ ਨਹੀਂ ਬਹਿਣ ਦੇਂਦੇ,
ਹੋਰ ਕੌਣ ਕਿਸ ਦੇ ਪਾਣੀਹਾਰ ਮੀਆਂ ।
ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ ।।30।।

ਲਹਿਣਾ ਸਿੰਘ ਸਿਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ ।
ਮਹਾਂਬਲੀ ਸਿਰਦਾਰ ਸੀ ਪੰਥ ਵਿਚੋਂ,
ਡਿੱਠੀ ਬਣੀ ਕੁਚਲਣੀ ਚਾਲ ਮੀਆਂ ।
ਦਿਲ ਆਪਣੇ ਬੈਠ ਵਿਚਾਰ ਕਰਦਾ,
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ ।
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,
ਸਾਰਾ ਛੱਡ ਕੇ ਦੰਗ ਦਵਾਲ ਮੀਆਂ ।।31।।

ਦਲੀਪ ਸਿੰਘ ਗੱਦੀ ਉੱਤੇ ਰਹੇ ਬੈਠਾ,
ਹੀਰਾ ਸਿੰਘ ਜੋ ਰਾਜ ਕਮਾਂਵਦਾ ਈ ।
ਜੱਲ੍ਹਾ ਓਸ ਦਾ ਖਾਸ ਵਜ਼ੀਰ ਹੈ ਸੀ,
ਖ਼ਾਤਰ ਵਿਚ ਨਾ ਕਿਸੇ ਲਿਆਂਵਦਾ ਈ ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,
ਕਹੇ ਕੁਝ ਤੇ ਕੁਝ ਕਮਾਂਵਦਾ ਈ ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ,
ਹੀਰਾ ਸਿੰਘ ਦਾ ਨਾਸ ਕਰਾਂਵਦਾ ਈ ।।32।।

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,
ਬੁਰਾ ਕਰਨਹਾਰਾ ਜੱਲ੍ਹਾ ਠੀਕਦਾ ਈ ।
“ਜਲਦੀ ਪਹੁੰਚ ਵਜ਼ੀਰ ਬਣਾ ਲਈਏ,
ਤੈਨੂੰ ਖਾਲਸਾ ਪਇਆ ਉਡੀਕਦਾ ਈ ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,
ਹੀਰਾ ਸਿੰਘ ਤਾਂ ਪੁਤ੍ਰ ਸ਼ਰੀਕ ਦਾ ਈ ।
ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵੱਢੋ,
ਭੱਜ ਜਾਏਗਾ ਮਾਰਿਆ ਲੀਕ ਦਾ ਈ” ।।33।।

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,
ਜਾਮੇ ਵਿਚ ਨਾ ਮੂਲ ਸਮਾਂਵਦਾ ਈ ।
ਵੱਗਾ ਤੱਗ ਲਾਹੌਰ ਨੂੰ ਅਸਾਂ ਜਾਣਾ,
ਡੇਰੇ ਕਾਠੀਆਂ ਚਾਇ ਪਵਾਂਵਦਾ ਈ ।
ਮੰਜੀ ਕਾਕੜੀ ਫੌਜ਼ ਉਤਾਰ ਸਾਰੀ,
ਬਾਈ ਆਦਮੀ ਨਾਲ ਲੈ ਆਵਦਾ ਈ।
ਸ਼ਾਹ ਮੁਹੰਮਦਾ ਆ ਲਾਹੌਰ ਪਹੁੰਚਾ,
ਮੀਆਂਮੀਰ ਡੇਰਾ ਆਣ ਲਾਂਵਦਾ ਈ ।।34।।

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸਭੇ ਪੜਤਲਾਂ ਤੁਰਤ ਲਪੇਟੀਆਂ ਨੀ ।
ਸਿੰਘਾਂ ਆਖਿਆ, “ਰਾਜਾ ਜੀ ! ਜਾਓ ਮੁੜ ਕੇ,
ਫ਼ੌਜ਼ਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ ।”
“ਸਿੰਘੋ! ਜੀਉਂਦੇ ਜਾਣ ਮੁਹਾਲ ਜੰਮੂ,
ਤਾਅਨੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ ।
ਸ਼ਾਹ ਮੁਹੰਮਦਾ ਆਇਆ ਵਜ਼ੀਰੀ ਲੈ ਕੇ,”
ਆਖਣ ਸਭ ਪਹਾੜ ਡੁਮੇਟੀਆਂ ਨੀ ।।35।।

ਤੋਪਾਂ ਜੋੜ ਕੇ ਪੜਤਲਾਂ ਨਾਲ ਲੈ ਕੇ,
ਚਾਚੇ ਸਕੇ ਉੱਤੇ ਹੀਰਾ ਸਿੰਘ ਚੜ੍ਹਦਾ ।
ਜਦੋਂ ਫੌਜ ਨੇ ਘੱਤਿਆ ਆਣ ਘੇਰਾ,
ਖੰਡਾ ਸਾਰ ਦਾ ਖਿੱਚ ਕੇ ਹੱਥ ਫੜਦਾ,
ਭਮਿ ਸਿੰਘ ਤੇ ਕੇਸਰੀ ਸਿੰਘ ਸਾਹਵੇਂ,
ਲੈ ਕੇ ਦੋਹਾਂ ਨੂੰ ਕਟਕ ਦੇ ਵਿਚ ਵੜਦਾ ।
ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀ,
ਮੱਥੇ ਸਾਮ੍ਹਣੇ ਹੋਇ ਕੇ ਖੂਬ ਲੜਦਾ ।।36।।

ਸਿੰਘ ਜੱਲ੍ਹੇ ਦੇ ਹੱਥ ਤੋਂ ਤੰਗ ਆਏ,
ਦਿਲਾਂ ਵਿਚ ਕਚੀਚੀਆਂ ਖਾਵਦੇ ਨੀ ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,
ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ ।
ਕਈ ਆਖਦੇ ਦੇ ਇਨਾਮ ਸਗਵਾਂ,
ਲੈ ਬੁਤਕੀਆਂ ਗਲੇ ਚਾ ਪਾਂਵਦੇ ਨੀ ।
ਸ਼ਾਹ ਮੁਹੰਮਦਾ ਜੱਲ੍ਹੇ ਦੇ ਮਾਰਨੇ ਨੂੰ,
ਪੰਚ ਕੌਂਸਲੀ ਚਾਇ ਬਣਾਂਵਦੇ ਨੀ ।।37।।

ਹੋਇਆ ਹੁਕਮ ਜੋ ਬਹੁਤ ਮਹਾਵਤਾਂ ਨੂੰ,
ਹੌਦੇ ਸੁਇਨੇ ਦੇ ਚਾਇ ਕਸਾਂਵਦੇ ਨੀ ।
ਤਰਫ਼ ਜੰਮੂ ਦੀ ਦੇਇ ਮਰੋੜ ਚੱਲੇ,
ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ ।
ਘੇਰੇ ਅਜ਼ਲ ਦੇ ਅਕਲ ਨਾ ਜ਼ਰਾ ਆਈ,
ਬੁਰਾ ਆਪਣਾ ਆਪ ਕਰਾਂਵਦੇ ਨੀ ।
ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,
ਅੱਗੋਂ ਗੋਲਿਆਂ ਨਾਲ ਉਡਾਂਵਦੇ ਨੀ ।।38।।

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,
ਜਵਾਹਰ ਸਿੰਘ ਵਜ਼ੀਰ ਬਣਾਇਓ ਨੇ ।
ਤਰਫ਼ ਜੰਮੂ ਪਹਾੜ ਦੀ ਹੋ ਚੱਲੇ,
ਰਾਹੀਂ ਸ਼ੋਰ ਖ਼ਰੂਦ ਮਚਾਇਓ ਨੇ ।
ਓਤੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,
ਕੈਂਠੇ ਫੇਰ ਲੈ ਕੇ ਗਲੀਂ ਪਾਇਓ ਨੇ ।
ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,
ਜਵਾਹਰ ਸਿੰਘ ਨੂੰ ਆਖ ਸੁਣਾਇਓ ਨੇ ।।39।।

ਕੇਹਾ ਬੁਰਛਿਆਂ ਆਣ ਹਨੇਰ ਪਾਇਆ,
ਜੇੜ੍ਹਾ ਬਹੇ ਗੱਦੀ ਉਹ ਨੂੰ ਮਾਰ ਲੈਂਦੇ ।
ਕੈਂਠੇ ਕੜੇ ਇਨਾਮ ਰੁਪਏ ਬਾਰਾਂ,
ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਉੱਤੇ,
ਕਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ ।
ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭਾਈਏ,
ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।।40।।

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ,
ਸਭੋ ਕਤਲ ਹੋਏ ਵਾਰੋ ਵਾਰ ਮੀਆਂ ।
ਸਿਰ ਤੇ ਫੌਜ਼ ਦੇ ਰਿਹਾ ਨਾ ਕੋਈ ਕੁੰਡਾ,
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ ।।41।।

ਜਵਾਹਰ ਸਿੰਘ ਦੇ ਉੱਤੇ ਨੀ ਚੜ੍ਹੇ ਸਾਰੇ,
ਮੱਥਾ ਖ਼ੂਨੀਆਂ ਵਾਂਗ ਚਾ ਵੱਟਿਓ ਨੇ ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,
ਅੱਗੋਂ ਨਾਲ ਸੰਗੀਨਾਂ ਦੇ ਫੱਟਿਓ ਨੇ ।
ਸੀਖਾਂ ਨਾਲ ਉੜੁੰਬ ਕੇ ਫ਼ੀਲ ਉੱਤੇ,
ਕੱਢ ਹੌਦਿਓਂ ਜ਼ਿਮੀਂ ਤੇ ਸੱਟਿਓ ਨੇ ।
ਸ਼ਾਹ ਮੁਹੰਮਦਾ ਵਾਸਤੇ ਪਾਂਵਦੇ ਦਾ,
ਸਿਰ ਨਾਲ ਤਲਵਾਰ ਦੇ ਕੱਟਿਓ ਨੇ ।।42।।

ਰਾਣੀ ਕੈਦ ਕਨਾਤ ਦੇ ਵਿਚ ਕੀਤੀ,
“ਕਿਸ ਨੂੰ ਰੋਇ ਕੇ ਪਈ ਡਰਾਵਨੀ ਹੈਂ ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ,
ਜਿਹਨੂ ਪਾਇ ਕੇ ਵੈਣ ਸੁਣਾਵਨੀ ਹੈਂ ।
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,
ਜਿਹੜੇ ਡੂੰਘੜੇ ਵੈਣ ਤੂੰ ਪਾਵਨੀ ਹੈਂ ?
ਸ਼ਾਹ ਮੁਹੰਮਦਾ ਦੇਹ ਇਨਾਮ ਸਗੋਂ,
ਸਾਡੇ ਜ਼ੋਰ ਤੇ ਰਾਜ ਕਮਾਵਨੀ ਹੈਂ” ।।43।।

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,
ਕਿਥੋਂ ਕੱਢਾਂ ਮੈਂ ਕਲਗੀਆਂ ਨਿਤ ਤੋੜੇ ।
ਮੇਰੇ ਸਾਹਮਣੇ ਕੋਹਿਆ ਨੇ ਵੀਰ ਮੇਰਾ,
ਜੈਂਦੀ ਤਾਬਿਆ ਲੱਖ ਹਜ਼ਾਰ ਘੋੜੇ ।
ਕਿੱਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,
ਕੋਈ ਹੋਵੇ ਜੋ ਇਨ੍ਹਾਂ ਦਾ ਗਰਬ ਤੋੜੇ ।
ਸ਼ਾਹ ਮੁਹੰਮਦਾ ਓਸ ਤੋਂ ਜਾਨ ਵਾਰਾਂ,
ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।।44।।

ਮੈਨੂੰ ਆਣ ਚੁਫੇਰਿਓਂ ਘੂਰਦੇ ਨੀ,
ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ।
ਜੱਟੀ ਹੋਵਾਂ ਤੇ ਕਰਾਂ ਪੰਜਾਬ ਰੰਡੀ,
ਸਾਰੇ ਮੁਲਕ ਦੇ ਵਿਚ ਚਾ ਛਿੜਨ ਵਾਰਾਂ ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,
ਸਣੇ ਵੱਡਿਆਂ ਅਫ਼ਸਰਾਂ ਜਮਾਦਾਰਾਂ ।
ਪਏ ਰੁਲਣਗੇ ਵਿਚ ਪਰਦੇਸ ਮੁਰਦੇ,
ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ ।।45।।

ਜਿਨ੍ਹਾਂ ਕੋਹਿ ਕੇ ਮਾਰਿਆ ਵੀਰ ਮੇਰਾ,
ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।
ਧਾਕਾਂ ਪੈਣ ਵਲਾਇਤੀਂ ਦੇਸ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,
ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਗੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।।46।।

ਅਰਜ਼ੀ ਲਿਖੀ ਫਿਰੰਗੀ ਨੂੰ ਕੁੰਜ ਗੋਸ਼ੇ,
ਪਹਿਲਾਂ ਆਪਣੀ ਸੁਖ ਅਨੰਦ ਵਾਰੀ ।
“ਤੇਰੇ ਵੱਲ ਮੈਂ ਫੋਜ਼ਾਂ ਨੂੰ ਤੋਰਨੀ ਹਾਂ,
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ ।
ਪਹਿਲਾਂ ਆਪਣਾ ਜ਼ੋਰ ਤੂੰ ਸੱਭ ਲਾਵੀਂ,
ਪਿੱਛੋਂ ਕਰਾਂਗੀ ਖ਼ਰਚ ਮੈਂ ਬੰਦ ਵਾਰੀ ।
ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,
ਮੈਨੂੰ ਏਤਨੀ ਬਾਤ ਪਸੰਦ ਵਾਰੀ ।।47।।

ਪਹਿਲੇ ਪਾਰ ਦਾ ਮੁਲਕ ਤੂੰ ਮੱਲ ਸਾਡਾ,
ਆਪੇ ਖਾਇ ਗੁੱਸਾ ਤੈਂਥੀਂ ਆਵਨੀਗੇ ।
ਸੋਈ ਲੜਨਗੇ ਹੈਣ ਬੇ-ਖ਼ਬਰ ਜਿਹੜੇ,
ਮੱਥਾ ਕਦੀ ਸਰਦਾਰ ਨਾ ਡਾਹਵਨੀਗੇ ।
ਏਸੇ ਵਾਸਤੇ ਫੌਜ਼ ਮੈਂ ਪਾੜ ਛੱਡੀ,
ਕਈ ਭਾਂਜ ਅਚਾਣਕੀ ਪਾਵਨੀਗੇ ।
ਸ਼ਾਹ ਮੁਹੰਮਦਾ ਲਾਟ ਜੀ ! ਕਟਕ ਤੇਰੇ,
ਮੇਰੇ ਗਲੋਂ ਤਗਾਦੜੇ ਲਾਹਵਨੀਗੇ” ।।48।।

ਨੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ ।
ਟੁੰਡੇ ਲਾਟ ਨੇ ਚੁਕਿਆ ਆਣ ਬੀੜਾ,
“ਹਮੀਂ ਜਾਇ ਕੇ ਸੀਖ ਸੋਂ ਅੜੇਗਾ ਜੀ ।
ਘੰਟੇ ਤੀਨ ਮੇਂ ਜਾਇ ਲਾਹੌਰ ਮਾਰਾਂ,
ਏਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ ।
ਸ਼ਾਹ ਮੁਹੰਮਦਾ ਫਗਣੋਂ ਤੇਰ੍ਹਵੀਂ ਨੂੰ,
ਸਾਹਿਬ ਜਾਇ ਲਾਹੌਰ ਵਿਚ ਵੜੇਗਾ ਜੀ” ।।49।।

ਵੱਜੀ ਤੁਰਮ ਤੰਬੂਰ ਕਰਨਾਇ ਸ਼ੁਤਰੀ,
ਤੰਬੂ ਬੈਰਕਾਂ ਲਾਲ ਨਿਸ਼ਾਨ ਮੀਆਂ ।
ਕੋਤਲ ਪਾਲਕੀ ਬੱਘੀਆਂ ਤੋਪਖਾਨੇ,
ਦੂਰਬੀਨ ਜੰਗੀ ਸਾਇਬਾਨ ਮੀਆਂ ।
ਚੜ੍ਹਿਆ ਨੰਦਨੋਂ ਲਾਟ ਉਠਾਇ ਬੀੜਾ,
ਡੇਰਾ ਪਾਂਵਦਾ ਵਿਚ ਮੈਦਾਨ ਮੀਆਂ ।
ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਨ ਮੀਆਂ ।।50।।

ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,
“ਤੁਸੀਂ ਜਾਹੋ ਖਾਂ ਤਰਫ਼ ਕਸ਼ਮੀਰ ਨੂੰ ਜੀ ।”
ਓਨ੍ਹਾਂ ਰੱਬ ਦਾ ਵਾਸਤਾ ਪਾਇਆ ਸੀ,
“ਮਾਈ ! ਫੜੀਂ ਨਾ ਕਿਸੇ ਤਕਸੀਰ ਨੂੰ ਜੀ ।
ਪਾਰੋਂ ਮੁਲਕ ਫ਼ਿਰੰਗੀਆਂ ਮੱਲ ਲਿਆ,
ਅਸੀਂ ਮਾਰਾਂਗੇ ਓਸ ਬੇਪੀਰ ਨੂੰ ਜੀ ।
ਸ਼ਾਹ ਮੁਹੰਮਦਾ ਆਏ ਨੀ ਹੋਰ ਪਰਿਓਂ,
ਅਸੀਂ ਡੱਕਣਾ ਓਸ ਵਹੀਰ ਨੂੰ ਜੀ” ।।51।।

ਮਾਈ ਆਖਿਆ, “ਸੱਭੇ ਚੜ੍ਹ ਜਾਣ ਫੌਜਾਂ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ ।
ਮੁਸਲਮਾਨੀਆਂ ਪੜਤਲਾਂ ਰਹਿਣ ਏਥੇ,
ਘੋੜ-ਚੜ੍ਹੇ ਨਾਹੀਂ ਪਾਸ ਰੱਖਣੇ ਜੀ ।
ਕੰਠੇ ਕਲਗੀਆਂ ਵਾਲੜੇ ਹੋਣ ਅੱਗੇ,
ਮੋਹਰੇ ਹੋਰ ਗਰੀਬ ਨਾ ਧੱਕਣੇ ਜੀ ।
ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,
ਮਜ਼ੇ ਤਿਨ੍ਹਾਂ ਲੜਾਈ ਦੇ ਚੱਖਣੇ ਜੀ” ।।52।।

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,
“ਮੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ ।
ਜਮਨਾ ਤੀਕ ਜੋ ਪਿਆ ਹੈ ਮੁਲਖ ਸੁੰਞਾ,
ਖਾਵੋ ਦੇਸ ਫ਼ਿਰੰਗੀ ਦਾ ਲੁੱਟ ਵਾਰੀ ।
ਮਾਰੋ ਸ਼ਹਿਰ ਫ਼ਿਰੋਜ਼ਪੁਰ, ਲੁਧਿਆਣਾ,
ਸੁਟੋ ਛਾਵਣੀ ਓਸ ਦੀ ਪੁਟ ਸਾਰੀ ।
ਸ਼ਾਹ ਮੁਹੰਮਦਾ ਲਓ ਇਨਾਮ ਮੈਥੋਂ,
ਕੈਂਠੇ ਕੜੇ ਮੈਂ ਦੇਵਾਂਗੀ ਸੁਟ ਵਾਰੀ” ।।53।।

ਸਿੰਘਾਂ ਆਖਿਆ, “ਲੜਾਂਗੇ ਹੋਏ ਟੋਟੇ,
ਸਾਨੂੰ ਖ਼ਬਰ ਭੇਜੀਂ ਦਿਨੇ ਰਾਤ ਮਾਈ !
ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।”
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ,
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ ।
ਸ਼ਾਹ ਮੁਹੰਮਦਾ ਅਜੇ ਨਾ ਜਾਣਿਓ ਨੇ,
ਖ਼ਾਲੀ ਪਈ ਹੈ ਚੋਪੜੀ ਪਰਾਤ ਮਾਈ ।।54।।

ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ,
ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,
ਕਿਸੇ ਹਾਰ ਦਿੰਦਾ ਕਿਸੇ ਜੇਤ ਮੀਆਂ ।
ਇਕ ਲੱਖ ਬੇਟਾ ਸਵਾ ਲੱਖ ਪੋਤਾ,
ਰਾਵਣ ਮਾਰਿਆ ਘਰ ਦੇ ਭੇਤ ਮੀਆਂ,
ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,
ਕਈ ਸੂਰਮੇ ਆਉਣਗੇ ਖੇਤ ਮੀਆਂ ।।55।।

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,
“ਚੱਲੋ ਹੁਣੇ ਫ਼ਿਰੰਗੀ ਨੂੰ ਮਾਰੀਏ ਜੀ ।
ਇਕ ਵਾਰ ਜੇ ਸਾਹਮਣੇ ਹੋਏ ਸਾਡੇ,
ਇਕ ਘੜੀ ਵਿਚ ਪਾਰ ਉਤਾਰੀਏ ਜੀ ।
ਬੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ,
ਅਸੀਂ ਕਾਸ ਤੋਂ ਓਸ ਤੋਂ ਹਾਰੀਏ ਜੀ ।
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,
ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ ।।56।।

ਜ਼ਬਤ ਕਰਾਂਗੇ ਮਾਲ ਫਿਰੰਗੀਆਂ ਦਾ,
ਲੁਟ ਲਿਆਵਾਂਗੇ ਦੌਲਤਾਂ ਬੋਰੀਆਂ ਨੀ ।
ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖ਼ਾਨੇ,
ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ ।
ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ,
ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ ।
ਸ਼ਾਹ ਮੁਹੰਮਦਾ ਲਵਾਂਗੇ ਫੇਰ ਕੈਂਠੇ,
ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ” ।।57।।

ਧੌਂਸਾ ਵਜਿਆ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।
ਚੜ੍ਹੇ ਪੁਤਰ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।
ਚੜ੍ਹੇ ਸਭ ਮਝੈਲ ਦੁਆਬੀਏ ਜੀ,
ਜਿਨ੍ਹਾਂ ਕਿਲੇ ਨਿਵਾਏ ਨੇ ਢੇਰ ਮੀਆਂ ।
ਸ਼ਾਹ ਮੁਹੰਮਦਾ ਤੁਰੇ ਜੰਬੂਰ ਖਾਨੇ,
ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ ।।58।।

ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ,
ਜਲ੍ਹੇ ਵਾਲੀਏ ਬਣਤ ਬਣਾਂਵਦੇ ਨੀ ।
ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀ ।
ਚੜ੍ਹੇ ਸਭ ਸਰਦਾਰ ਮਜੀਠੀਏ ਜੀ,
ਸੰਧਾਵਾਲੀਏ ਕਾਠੀਆਂ ਪਾਂਵਦੇ ਨੀ ।
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮਟ,
ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ ।।59।।

ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਹੋਰ ਇਮਾਮ ਸ਼ਾਹ ਵਾਲੀਆਂ ਨੀ ।
ਇਲਾਹੀ ਬਖਸ਼ ਪਟੋਲੀਏ ਮਾਂਜ ਕੇ ਜੀ,
ਧੂਪ ਦੇਇ ਕੇ ਤਖਤ ਬਹਾਲੀਆਂ ਨੀ ।
ਸ਼ਾਹ ਮੁਹੰਮਦਾ ਐਸੀਆਂ ਸਿਕਲ ਹੋਈਆਂ,
ਬਿਜਲੀ ਵਾਂਗਰਾਂ ਦੇਣ ਦਿਖਾਲੀਆਂ ਨੀ ।।60।।

ਸੁਣ ਕੇ ਖ਼ਬਰ ਫਿਰੰਗੀ ਦੀ ਚੜ੍ਹੇ ਸਾਰੇ,
ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ ।
ਫੇਰ ਵਾਰ ਕੁ ਵਾਰ ਨਾ ਕਿਸੇ ਡਿੱਠਾ,
ਇਕ ਦੂਸਰੇ ਦੇ ਅੱਗੇ/ਪਿੱਛੇ ਲੱਗ ਤੁਰੀਆਂ ।
ਅੱਗੇ ਤੋਪਾਂ ਦੇ ਧਨੀ ਵੀ ਹੈਨ ਗੋਰੇ,
ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ ।
ਸ਼ਾਹ ਮੁਹੰਮਦਾ ਵਰਜ ਨਾ ਜਾਂਦਿਆਂ ਨੂੰ,
ਫੌਜਾਂ ਹੋਇ ਮੁਹਤਾਣੀਆਂ ਕਦੋਂ ਮੁੜੀਆਂ ।।61।।

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸਾ,
ਸੱਭੇ ਗੱਭਰੂ ਨਾਲ ਹੰਕਾਰ ਤੁਰਦੇ ।
ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ,
ਪੱਤਣ ਲੰਘੇ ਨੀ ਜਾਇ ਫਿਰੋਜ਼ਪੁਰ ਦੇ ।
ਅੱਗੇ ਛੇੜਿਆ ਨਹੀਂ ਫਿਰੰਗੀਆਂ ਨੇ,
ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।
ਸ਼ਾਹ ਮੁਹੰਮਦਾ ਭੱਜਣਾ ਰਣੋਂ ਭਾਰੀ,
ਜੁੱਟੇ ਸੂਰਮੇ ਆਖ ਤੂੰ ਕਦੋਂ ਮੁੜਦੇ ।।62।।

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ ।
ਬੀਕਾਨੇਰ ਗੁਲਨੇਰ ਭਟਨੇਰ ਜੈ ਪੁਰ,
ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।
ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,
ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ ।।63।।

ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,
“ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।
ਮਹਾਰਾਜੇ ਦੇ ਨਾਲ ਸੀ ਨੇਮ ਸਾਡਾ,
ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।
ਕਈ ਲੱਖ ਰੁਪਏ ਲੈ ਜਾਓ ਸਾਥੋਂ,
ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ ।
ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,
ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ” ।।64।।

ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,
“ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,
ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ ।
ਉਹੋ ਪੰਥ ਤੇਰੇ ਉੱਤੇ ਆਣ ਚੜ੍ਹਿਆ,
ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ ।
ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,
ਸੂਰੇ ਕੱਢ ਮੈਦਾਨ ਨਿਤਾਰ ਕੇ ਜੀ” ।।65।।

ਪੈਂਚਾਂ ਲਿਖਿਆ ਸਾਰੀਆਂ ਪੜਤਲਾਂ ਨੂੰ,
“ਸਾਡੀ ਅੱਜ ਹੈ ਵੱਡੀ ਚੜ੍ਹੰਤ ਮੀਆਂ ।
ਬੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ।
ਮਾਰੇ ਅਸੀਂ ਚੁਫੇਰੇ ਦੇ ਕਿਲ੍ਹੇ ਭਾਰੇ,
ਅਸੀਂ ਮਾਰਿਆ ਕੁੱਲੂ ਭਟੰਤ ਮੀਆਂ ।
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,
ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ” ।।66।।

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,
ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ ।
ਜਿਨ੍ਹੀਂ ਥਾਵੀਂ ਸੀ ਜਮ੍ਹਾਂ ਬਾਰੂਦ ਖ਼ਾਨੇ,
ਕੀਤੇ ਸਭ ਮਾਲੂਮ ਹਜ਼ਾਰ ਮੀਆਂ ।
ਦਾਰੂ ਵੰਡਿਆ ਜੰਗੀਆਂ ਸੂਰਿਆਂ ਨੂੰ,
ਦੋ ਦੋ ਬੋਤਲਾਂ ਕੈਫ਼ ਖ਼ੁਮਾਰ ਮੀਆਂ ।
ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ ।।67।।

ਇਕ ਪਿੰਡ ਦਾ ਨਾਮ ਜੋ ਮੁਦਕੀ ਸੀ,
ਓਥੇ ਭਰੀ ਸੀ ਪਾਣੀ ਦੀ ਖੱਡ ਮੀਆਂ ।
ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ,
ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ ।
ਤੋਪਾਂ ਚੱਲੀਆਂ ਕਟਕ ਫ਼ਿਰੰਗੀਆਂ ਦਾ,
ਗੋਲੇ ਤੋੜਦੇ ਮਾਸ ਤੇ ਹੱਡ ਮੀਆਂ ।
ਸ਼ਾਹ ਮੁਹੰਮਦਾ ਪਿਛਾਂਹ ਨੂੰ ਉੱਠ ਨੱਸੇ,
ਤੋਪਾਂ ਸਭ ਆਏ ਓਥੇ ਛੱਡ ਮੀਆਂ ।।68।।

ਡੇਰੇ ਆਣ ਕੇ ਬੈਠ ਸਲਾਹ ਕਰਦੇ,
“ਐਤਵਾਰ ਅਸੀਂ ਖੰਡਾ ਫੜਾਂਗੇ ਜੀ ।
ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ,
ਉਹ ਦੇ ਆਏ ਬਗੈਰ ਨਾ ਲੜਾਂਗੇ ਜੀ ।
ਸਰਫਾ ਜਾਨ ਦਾ ਨਹੀਂ ਜੇ ਮੂਲ ਕਰਨਾ,
ਜਦੋਂ ਵਿਚ ਮੈਦਾਨ ਦੇ ਅੜਾਂਗੇ ਜੀ ।
ਸ਼ਾਹ ਮੁਹੰਮਦਾ ਇਕ ਦੂੰ ਇਕ ਹੋ ਕੇ,
ਡੇਰੇ ਚੱਲ ਫ਼ਿਰੰਗੀ ਦੇ ਵੜਾਂਗੇ ਜੀ” ।।69।।

ਤੇਜਾ ਸਿੰਘ ਜੋ ਲਸ਼ਕਰੀਂ ਆਣ ਵੜਿਆ,
ਹੁੱਦੇਦਾਰ ਸਭੇ ਉੱਥੇ ਆਂਵਦੇ ਨੀ ।
ਕਰੋ ਹੁਕਮ ਤੇ ਤੇਗ ਉਠਾਈਏ ਜੀ ,
ਪਏ ਸਿੰਘ ਕਚੀਚੀਆਂ ਖਾਂਵਦੇ ਨੀ ।
ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,
ਚੋਟਾਂ ਕੈਸੀਆਂ ਦੇਖ ਚਲਾਂਵਦੇ ਨੀ ।
ਸ਼ਾਹ ਮੁਹੰਮਦਾ ਓਸ ਥੀਂ ਹੁਕਮ ਲੈ ਕੇ,
ਹੱਲਾ ਕਰਨ ਦੀ ਵਿਉਂਤ ਬਣਾਂਵਦੇ ਨੀ ।।70।।

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,
ਤੋਪਾਂ ਚਲੀਆਂ ਨੀ ਵਾਂਗੂੰ ਤੋੜਿਆਂ ਦੇ ।
ਸਿੰਘ ਸੂਰਮੇ ਆਣ ਮੈਦਾਨ ਲੱਥੇ,
ਗੰਜ ਲਾਹ ਸੁੱਟੇ ਓਨ੍ਹਾਂ ਗੋਰਿਆਂ ਦੇ ।
ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ,
ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ ।
ਸ਼ਾਹ ਮੁਹੰਮਦਾ ਰੰਡ ਬਿਠਾਇ ਨੰਦਨ,
ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ ।।71।।

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
“ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਇਆ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ ।
ਸ਼ਾਹ ਮੁਹੰਮਦਾ ਕਰਨੀ ਪੰਜਾਬ ਖਾਲੀ,
ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ” ।।72।।

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,
ਤੋਪਾਂ ਮਾਰੀਆਂ ਨੀਰ ਦੇ ਆਇ ਪੱਲੇ ।
ਫੂਕ ਸੁੱਟੀਆਂ ਸਾਰੀਆਂ ਮੇਖ਼ਜੀਨਾਂ,
ਸਿੰਘ ਉੱਡ ਕੇ ਪੱਤਰਾ ਹੋਇ ਚੱਲੇ ।
ਛੌਲਦਾਰੀਆਂ, ਤੰਬੂਆਂ ਛੱਡ ਦੌੜੇ,
ਕੋਈ ਚੀਜ਼ ਨਾ ਲਈ ਏ ਬੰਨ੍ਹ ਪੱਲੇ ।
ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,
ਸ਼ਾਹ ਮੁਹੰਮਦਾ ਰਣੋਂ ਨਾ ਮੂਲ ਹੱਲੇ ।।73।।

ਓਧਰ ਆਪ ਫ਼ਿਰੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।
ਚੱਲੇ ਤੋਪਖ਼ਾਨੇ ਸਾਰੇ ਬੇੜਿਆਂ ਦੇ,
ਮਗਰੋਂ ਹੋਈ ਬੰਦੂਕਾਂ ਦੀ ਫੰਡ ਮੀਆਂ ।
ਕਿਨ੍ਹੇ ਜਾਇ ਕੇ ਲਾਟ ਨੂੰ ਖਬਰ ਦਿੱਤੀ,
“ਨੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਓਥੇ ਝੰਡ ਮੀਆਂ” ।।74।।

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,
ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ ।
ਪਿੱਛੋਂ ਭੱਜ ਕੇ ਲਾਟ ਨੂੰ ਜਾਇ ਮਿਲਿਆ,
ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।
“ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ,
ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ ।
ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ,
ਛੱਡ ਗਏ ਨੀ ਸਿੰਘ ਮੈਦਾਨ ਖਾਲੀ” ।।75।।

ਮੁੜ ਕੇ ਫੇਰ ਫ਼ਿਰੰਗੀਆਂ ਜ਼ੋਰ ਪਾਇਆ,
ਲਾਟਾਂਦਾਰ ਗੋਲੇ ਓਥੇ ਆਣ ਛੁੱਟੇ ।
ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ,
ਕੈਰੋਂ ਪਾਂਡਵਾਂ ਦੇ ਜੈਸੇ ਬਾਣ ਛੁੱਟੇ ।
ਜਦੋਂ ਡਿੱਠੇ ਨੀ ਹੱਥ ਫ਼ਿਰੰਗੀਆਂ ਦੇ,
ਉਥੇ ਕਈਆਂ ਦੇ ਆਣ ਪ੍ਰਾਣ ਛੁੱਟੇ ।
ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ,
ਤੋਸ਼ੇਖਾਨੇ ਫ਼ਿਰੰਗੀਆਂ ਆਣ ਲੁੱਟੇ ।।76।।

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,
ਮੁੰਡੇ ਘੋੜ-ਚੜ੍ਹੇ, ਨਵੇਂ ਛੋਕਰੇ ਜੀ ।
ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ,
ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,
ਅਸੀਂ ਜਿਨ੍ਹਾਂ ਦੇ ਪੁਤਰ ਤੇ ਪੋਤਰੇ ਜੀ ।
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ ।।77।।

ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ,
ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,
ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।
ਅਸਾਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅੱਗੋਂ ਡੂਮਣਾ ਛਿੜੇ ਮਖੀਰ ਮੀਆਂ ।
ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,
ਜਿਥੇ ਚਲੀਏ ਘੱਤ ਵਹੀਰ ਮੀਆਂ ।।78।।

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਏ ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,
ਸਗੋਂ ਆਪਣਾ ਆਪ ਗਵਾਇ ਆਏ ।
ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ,
ਸਗੋਂ ਕੁੰਜੀਆਂ ਹੱਥ ਫੜਾਇ ਆਏ ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ “ਸਿੰਘ ਜੀ!
ਤੁਸੀਂ ਚੰਗੀਆਂ ਪੂਰੀਆਂ ਪਾਇ ਆਏ”।।79।।

ਘਰੀਂ ਜਾਇ ਕੇ ਫੇਰ ਆਰਾਮ ਕੀਤਾ,
ਕਿਸੇ ਰਾਤ ਕਿਸੇ ਦੋਇ ਰਾਤ ਮੀਆਂ ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,
ਜੇ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ ।
“ਕਿੱਥੇ ਲੁਕੋਗੇ ਜਾਇ ਕੇ ਖਾਲਸਾ ਜੀ,
ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ ।”
ਸ਼ਾਹ ਮੁਹੰਮਦਾ ਫੇਰ ਇਕੱਠ ਹੋਇਆ,
ਲੱਗੀ ਚਾਨਣੀ ਹੋਰ ਕਨਾਤ ਮੀਆਂ ।।80।।

ਕੰਢੇ ਪਾਰ ਦੇ ਜਮ੍ਹਾਂ ਜੁ ਹੋਇ ਡੇਰੇ,
ਨੌਕਰ ਇਵੇਂ ਦੇ ਘਰੀਂ ਨਾ ਮਿਲਣ ਜਾਣੇ ।
ਡੇਰੇ ਆਣ ਕੇ ਬਹੁ ਵਿਰਲਾਪ ਹੋਇਆ,
ਹੋਈਆਂ ਬੁਤਕੀਆਂ ਬੰਦ ਤੇ ਵਿਕਣ ਦਾਣੇ ।
ਛਹੀਆਂ ਕੱਢ ਕੇ ਮੋਰਚੀਂ ਜਾਇ ਬੈਠੇ,
ਡੇਰੀਂ ਆਣ ਕੇ ਫੇਰ ਪ੍ਰਸਾਦ ਖਾਣੇ ।
ਸ਼ਾਹ ਮੁਹੰਮਦਾ ਸਭੇ ਮਾਲੂਮ ਕੀਤੀ,
ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ ।।81।।

ਸਰਦਾਰ ਰਣਜੋਧ ਸਿੰਘ ਫੌਜ ਲੈ ਕੇ ,
ਮੱਦਦ ਲਾਡੂਏ ਵਾਲੇ ਦੀ ਚੱਲਿਆ ਜੇ ।
ਉਹ ਦੇ ਸਭ ਕਬੀਲੇ ਸੀ ਕੈਦ ਹੋਏ,
ਕੋਈ ਲਾਟ ਫ਼ਿਰੰਗੀ ਨੇ ਘੱਲਿਆ ਜੇ ।
ਇਨ੍ਹਾਂ ਜਾਇ ਖੋਹੀਆਂ ਬੰਦਾਂ ਸਾਰੀਆਂ ਨੀ,
ਉਹ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਜੇ ।
ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,
ਵਿਚੋਂ ਜੀਉ ਫ਼ਿਰੰਗੀ ਦਾ ਹੱਲਿਆ ਜੇ ।।82।।

ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ,
ਸਿੰਘ ਆਪਣੇ ਹੱਥ ਹਥਿਆਰ ਲੈਂਦੇ ।
ਇਨ੍ਹਾਂ ਬਹੁਤ ਫ਼ਿਰੰਗੀ ਦੀ ਫੌਜ ਮਾਰੀ,
ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ ।
ਤੋਪਾਂ, ਸ਼ੁਤਰ, ਹਾਥੀ, ਉਠ, ਰਥ, ਗੱਡੇ,
ਡੇਰੇ ਆਪਣੇ ਸਿੰਘ ਉਤਾਰ ਲੈਂਦੇ ।
ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,
ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ ।।83।।

ਮੁਹਕਮ ਦੀਨ, ਸਰਦਾਰ ਨੂੰ ਲਿਖੀ ਅਰਜ਼ੀ,
“ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ ।
ਦੇਹੁ ਭੇਜ ਉਰਾਰ ਸਭ ਕਾਰਖਾਨੇ,
ਅਸੀਂ ਰੱਖਾਗੇ ਨਾਲ ਰਮਾਨ ਦੇ ਜੀ ।
ਤੈਨੂੰ ਅੱਜ ਹਜ਼ੂਰ ਥੀਂ ਫ਼ਤਿਹ ਆਈ,
ਖ਼ਬਰਾਂ ਉੱਡੀਆਂ ਵਿਚ ਜਹਾਨ ਦੇ ਜੀ ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,
ਸਦਾ ਰੱਖੀਏ ਵਿਚ ਧਿਆਨ ਦੇ ਜੀ” ।।84।।

ਸੱਠ ਕੋਹਾਂ ਦਾ ਪੰਧ ਸੀ ਲੁਧਿਆਣਾ,
ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ ।
ਉਹ ਭੀ ਲੁੱਟਿਆ ਲਾਟ ਨੇ ਆਣ ਡੇਰਾ,
ਤੋਪਾਂ ਸਭ ਖੋਹੀਆਂ ਕੀਤੀ ਰੌੜ ਮੀਆਂ ।
ਝੱਲੀ ਅਬੂਤਬੇਲੇ ਦੀਆਂ ਪੜਤਲਾਂ ਨੇ,
ਅੱਧੀ ਘੜੀ ਲੜਾਈ ਦੀ ਸੌੜ ਮੀਆਂ ।
ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰਾ,
ਕਰ ਆਏ ਨੀ ਤ੍ਰੱਟੀਆਂ ਚੌੜ ਮੀਆਂ ।।85।।

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਨੱਠੇ,
ਪਏ ਔਝੜੀਂ ਔਝੜੀਂ ਜਾਂਵਦੇ ਨੀ ।
ਲੀੜੇ ਗਏ ਸਾਰੇ ਰਹੀ ਇਕ ਕੁੜਤੀ,
ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ ।
ਅਗੋਂ ਲੋਕ ਲੜਾਈ ਦੀ ਗੱਲ ਪੁਛਣ,
ਜੀਭ ਹੋਠਾਂ ਤੇ ਫੇਰ ਦਿਖਾਂਵਦੇ ਨੀ ।
ਸ਼ਾਹ ਮੁਹੰਮਦਾ ਆਇ ਕੇ ਘਰਦਿਆਂ ਤੋਂ,
ਨਵੇਂ ਕਪੜੇ ਹੋਰ ਸਿਵਾਂਵਦੇ ਨੀ ।।86।।

ਕਹਿੰਦੇ, ਜੀਉਂਦਿਆਂ ਫੇਰ ਨਾ ਕਦੀ ਜਾਣਾ,
ਮੂੰਹ ਲੱਗਣਾ ਨਹੀਂ ਚੰਡਾਲ ਦੇ ਜੀ ।
ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ,
ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ ।
ਤੁਸਾਂ ਆਖਣਾ “ਮਰ ਗਿਆ ਲੁਧਿਆਣੇ,
ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ ।”
ਸ਼ਾਹ ਮੁਹੰਮਦਾ ਰਹੇ ਹਥਿਆਰ ਓਥੇ,
ਲੀੜੇ ਨਹੀਂ ਆਏ ਸਾਡੇ ਨਾਲ ਦੇ ਜੀ ।।87।।

ਪਿਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ ।
ਫੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,
ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿਤਾ ਸਾਰਾ ਪਾਜ ਯਾਰੋ ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,
ਕਦੇ ਰਾਜ ਨਾ ਹੋਇ ਮੁਹਤਾਜ ਯਾਰੋ ।।88।।

ਤੀਜੀ ਵਾਰ ਲਲਕਾਰ ਕੇ ਪਏ ਗੋਰੇ,
ਵੇਲੇ ਫ਼ਜ਼ਰ ਦੇ ਹੋਇਆ ਤੰਬੂਰ ਮੀਆਂ ।
ਕੱਸ ਲਈਆਂ ਨੇ ਸਿੰਘਾਂ ਨੇ ਤੁਰਤ ਕਮਰਾਂ,
ਕਾਇਮ ਜੰਗ ਨੂੰ ਹੋਇ ਜ਼ਰੂਰ ਮੀਆਂ ।
ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿਤਾ,
ਪਿਆ ਦਲਾਂ ਦੇ ਵਿਚ ਫਤੂਰ ਮੀਆਂ ।
ਸ਼ਾਹ ਮੁਹੰਮਦਾ ਦੌੜ ਕੇ ਜਾਣ ਕਿਥੇ,
ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ ।।89।।

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
ਮਾਖੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ,
ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਮਾਰ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ ।।90।।

ਪਏ ਬਾਵਿਓਂ ਆਣ ਕੇ ਫੇਰ ਗੋਰੇ,
ਫਰਾਂਸੀਸ ਤੇ ਜਿੱਥੇ ਸੀ ਚਾਰ-ਯਾਰੀ ।
ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,
ਬਣੀ ਆਣ ਸਰਦਾਰਾਂ ਨੂੰ ਬਿਪਤ ਭਾਰੀ,
ਤੇਜਾ ਸਿੰਘ ਸਰਦਾਰ ਪੁਲ ਵੱਢ ਦਿਤਾ,
ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ,
ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,
ਅਤੇ ਜਾਨ ਨਾ ਕਰਨਗੇ ਮੂਲ ਪਿਆਰੀ ।।91।।

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।।92।।

ਕਈ ਸੂਰਮੇ ਮਾਰ ਕੇ ਮੋਏ ਉਥੇ,
ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ ।
ਰਹਿੰਦੇ ਘੇਰ ਕੇ ਵਿਚ ਦਰਿਆਇ ਡੋਬੇ,
ਛੱਰਰੇ ਮਾਰ ਕੇ ਤੇ ਤੋਪਾਂ ਚੰਗੀਆਂ ਦੇ ।
ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।
ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ,
ਜੰਗ ਵਿਚ ਜੋ ਨਾਲ ਫ਼ਿਰੰਗੀਆਂ ਦੇ ।।93।।

ਕਈ ਮਾਵਾਂ ਦੇ ਪੁੱਤਰ ਨੀ ਮੋਏ ਓਥੇ,
ਸੀਨੇ ਲੱਗੀਆਂ ਤੇਜ ਕਟਾਰੀਆਂ ਨੀ ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁਲ੍ਹੇ ਵਾਲ ਤੇ ਕਰਨ ਬੇਜ਼ਾਰੀਆਂ ਨੀ ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ ।।94।।

ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,
“ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ ।
ਰਹਿੰਦੀ ਫੌਜ ਦਾ ਕਰੋ ਇਲਾਜ ਕੋਈ,
ਕਾਬੂ ਤੁਸਾਂ ਬਗੈਰ ਨਾ ਆਵਣੀ ਜੀ ।
ਮੇਰੀ ਜਾਨ ਦੇ ਅਬ ਹੋ ਤੁਸੀਂ ਰਾਖੇ,
ਪਾਓ ਵਿਚ ਲਾਹੌਰ ਦੇ ਛਾਵਣੀ ਜੀ ।
ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,
ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ” ।।95।।

ਪੁਲ ਬੱਧਾ ਫ਼ਿਰੰਗੀਆਂ ਖ਼ਬਰ ਸੁਣ ਕੇ,
ਲਾਂਘੇ ਪਏ ਨੀ ਵਿਚ ਪਲਕਾਰਿਆਂ ਦੇ ।
ਆਏ ਸ਼ਹਿਰ ਲਾਹੌਰ ਨੂੰ ਮਾਰ ਧੌਂਸਾ,
ਵੱਜਦੇ ਵਾਜਿਆਂ ਨਾਲ ਨਗਾਰਿਆਂ ਦੇ,
ਸਾਂਭ ਲਏ ਸਰਕਾਰ ਦੇ ਸਿਲ੍ਹੇ-ਖਾਨੇ,
ਵਾਲੀ ਬਣੇ ਜੇ ਰਾਜ-ਦੁਆਰਿਆਂ ਦੇ ।
ਸ਼ਾਹ ਮੁਹੰਮਦਾ ਫੇੜ ਸੀ ਵਿਰਲਿਆਂ ਦੀ,
ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਦੇ ।।96।।

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,
ਬਾਹੋਂ ਪਕੜ ਲਾਹੌਰ ਲੈ ਜਾਂਵਦਾ ਈ ।
“ਸਾਹਿਬ ਲੋਕ ਜੀ ! ਅਸਾਂ ਪਰ ਦਇਆ ਕਰਨੀ”,
ਉਹ ਤਾਂ ਆਪਣਾ ਕੰਮ ਬਣਾਂਵਦਾ ਈ ।
ਦਿਤੇ ਕੱਢ ਮਲਵਈ ਦੁਆਬੀਏ ਜੀ,
ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ ।
ਸ਼ਾਹ ਮੁਹੰਮਦਾ ਸਭ ਪਹਾੜ ਲੈ ਕੇ,
ਕੂਚ ਜੰਮੂ ਨੂੰ ਤੁਰਤ ਕਰਾਂਵਦਾ ਈ ।।97।।

ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,
ਪਾਈ ਛਾਵਣੀ ਵਿਚ ਲਾਹੌਰ ਦੇ ਜੀ ।
ਰੋਕ ਮਾਲਵਾ ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿਚ ਫਿਲੌਰ ਦੇ ਜੀ ।
ਲਿਆ ਸ਼ਹਿਰ ਹੁਸ਼ਿਆਰ ਪੁਰ ਤਲਕ ਸਾਰਾ,
ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ ।
ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠਾ,
ਸਭੇ ਕੰਮ ਗਏ ਉਸਦੇ ਸੌਰਦੇ ਜੀ ।।98।।

ਰਹਿੰਦਾ ਮੁਲਕ ਫ਼ਿਰੰਗੀ ਦੇ ਪਿਆ ਪੇਟੇ,
ਕੀਤਾ ਹੁਕਮ ਜੁ ਗੋਰਿਆਂ ਸਾਰਿਆਂ ਨੇ !
ਮਾਈ ਫੌਜ ਨੂੰ ਚਾਇ ਜਵਾਬ ਦਿਤਾ,
ਦਿਤੀ ਨੌਕਰੀ ਛੱਡ ਵਿਚਾਰਿਆਂ ਨੇ ।
ਪਿਛੋਂ ਸਾਂਭ ਲਿਆ ਮੁਲਕ ਕਾਰਦਾਰਾਂ,
ਬਖ਼ਤਾਵਰਾਂ ਨੇਕ ਸਤਾਰਿਆਂ ਨੇ ।
ਸ਼ਾਹ ਮੁਹੰਮਦਾ ਲੋਕ ਵੈਰਾਨ ਹੋਏ,
ਤੋੜ ਸੁਟਿਆ ਮੁਲਕ ਉਜਾੜਿਆਂ ਨੇ ।।99।।

ਕੀਤਾ ਅਕਲ ਦਾ ਪੇਚ ਸੀ ਜਿੰਦ ਕੌਰਾਂ,
ਮੱਥਾ ਦੋਹਾਂ ਬਾਦਸ਼ਾਹੀਆਂ ਦਾ ਜੋੜਿਆ ਈ ।
ਗੁੱਝੀ ਰਮਜ਼ ਕਰਕੇ ਰਹੀ ਆਪ ਸੱਚੀ,
ਬਦਲਾ ਤੁਰਤ ਭਿਰਾਉ ਦਾ ਮੋੜਿਆ ਈ ।
ਨਾਲੇ ਫੌਜ ਨੂੰ ਤੁਰਤ ਜਵਾਬ ਦਿਤਾ,
ਉਸ ਕੁਫਰ ਮੁਦਈ ਦਾ ਤੋੜਿਆ ਈ ।
ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,
ਲਸ਼ਕਰ ਵਿਚ ਦਰਿਆਇ ਦੇ ਬੋੜਿਆ ਈ ।।100।।

ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,
ਕੇਹੀ ਚੜ੍ਹੀ ਹੈ ਕਹਿਰ ਦੀ ਸਾਣ ਮਾਈ ।
ਕਿਨ੍ਹਾਂ ਖੁੰਧਰਾਂ ਵਿਚ ਫਸਾਇ ਕੇ ਜੀ,
ਸਾਡੇ ਲਾਹਿ ਸੁਟੇ ਤੂੰ ਤਾਂ ਘਾਣ ਮਾਈ ।
ਹਥ ਧੋ ਕੇ ਪਈ ਹੈਂ ਮਗਰ ਸਾਡੇ,
ਅਜੇ ਘਰੀਂ ਨਾ ਦੇਂਦੀ ਹੈਂ ਜਾਣ ਮਾਈ ।
ਸ਼ਾਹ ਮੁਹੰਮਦਾ ਰਹੇ ਹਥਿਆਰ ਉਥੇ,
ਨਾਲ ਕੁੜਤੀਆਂ ਲਏ ਪਛਾਣ ਮਾਈ ।।101।।

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ ।
ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ,
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ ।
ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।।102।।

ਰੱਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਹ ਦੇ ਨਾਲ ਨਾ ਕਿਸੇ ਦਾ ਵਾਸਤਾ ਈ ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਵਿਚ ਮਹਾਸਤਾ ਈ ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ ।।103।।

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,
ਅਗੇ ਹੋਰ ਕੀ ਬਣਤ ਬਣਾਵਣੀ ਜੀ ।
ਇਕ ਘੜੀ ਦੀ ਕੁਝ ਉਮੈਦ ਨਾਹੀਂ,
ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ।
ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,
ਡਿਠੀ, ਅਸਾਂ ਫ਼ਿਰੰਗੀ ਦੀ ਛਾਵਣੀ ਜੀ ।
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅਗੇ ਹੋਰ ਕੀ ਖੇਡ ਰਚਾਵਣੀ ਜੀ ।।104।।

ਸੰਮਤ ਉੱਨੀ ਸੈ ਦੂਸਰਾ ਵਰਤਦਾ ਸੀ,
ਜਦੋਂ ਹੋਇਆ ਫ਼ਿਰੰਗੀ ਦਾ ਜੰਗ ਮੀਆਂ ।
ਹੈ ਸੀ ਖ਼ੂਨ ਦੀ ਇਹ ਜ਼ਮੀਨ ਪਿਆਸੀ,
ਹੋਈ ਸੁਰਖ ਸ਼ਰਾਬ ਦੇ ਰੰਗ ਮੀਆਂ ।
ਧਰਤੀ ਉਡ ਕੇ ਧੂੜ ਦੇ ਬਣੇ ਬੱਦਲ,
ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।
ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,
ਨਹੀਂ ਮੋੜਦੇ ਸੂਰਮੇ ਅੰਗ ਮੀਆਂ ।।105।।

Categories: ਸ਼ਾਹ ਮੁਹੰਮਦ, Poetry, Punjabi | Tags: , , , , | Leave a comment

ਸੁੱਚਾ ਮੋਤੀ—ਅਮਰਦੀਪ ਸਿੰਘ “ਅਮਰ”


12032071_10156088918545082_8865648828110329298_n

ਸੁੱਚਾ ਮੋਤੀ

ਸਰਦੀ ਦਾ ਕਹਿਰ
ਘੂਕ ਤੰਦਰਾਂ ਚ ਸੁੱਤਾ ਸ਼ਹਿਰ
ਤਿੰਨ ਮਲੂਕ ਜਿੰਦੜੀਆੰ ਕੈਦ
ਠੰਡਾ ਬੁਰਜ਼ ਕਕਰੀਲੀ ਰਾਤ
ਦਾਦੀ ਦੀ ਗੋਦੀ ਸੁਣਦੇ ਦਾਦੇ ਪੜਦਾਦੇ ਦੀ ਬਾਤ
ਭੁੱਖੇ ਤਿੰਨ ਦਿਨਾਂ ਦੇ
ਪਹਿਰੇ ਸਖਤ
ਸੂਬੇ ਦਾ ਹੁਕਮ ਕੋਈ ਨਾ ਦੇਵੇ ਅੰਨ ਦਾਣਾ
ਜੋ ਦੇਵੇ ਸੋ ਕੀਤਾ ਪਾਵੈ
ਸਣਬੱਚੀੰ ਪੀੜਿਆ ਜਾਵੇ
ਸ਼ੂਕਦੀ ਮੌਤ ਵਰਗੀ ਰਾਤ
ਹੋਇਆ ਪੌੜੀਆਂ ਤੇ ਖੜਾਕ
ਕੌਣ ….?
ਮਾਤਾ ਦੀ ਬਜ਼ੁਰਗ ਅਵਾਜ਼
ਮਾਤਾ ਮੈੰ ਮੋਤੀ…
ਕੌਣ ਮੋਤੀ….?
ਤੇਰੇ ਗੋਬਿੰਦ ਦਾ ਮੋਤੀ
ਗਲੇ ਮੇਰੇ ਜੇਵਰੀ
ਖਿੱਚਾ ਆਇਆ ਪਰੇਮ ਕੁੱਠਾ
ਮੇਰੇ ਨਿੱਕੇ ਵੀਰ ਭੁੱਖੇ
ਨਹੀੰ ਗਏ ਜਰੇ ਮਾਤਾ
ਜਾਤ ਦਾ ਮਹਿਰਾ ਮੇਰੀ ਭਿੱਟ ਚੜੇ ਵੱਿਡਆੰ ਨੂੰ
ਲਿਆਇਆਂ ਹਾੰ ਦੁੱਧ ਦੀ ਭੇਟਾ
ਪੀਲਾਵਣ ਲਈ ਵੀਰਾਂ ਨੂੰ
ਵੇ ਮੋਤੀ ਤੂੰ ਸੁੱਚਾ ਮੋਤੀ
ਗੋਬਿੰਦ ਦੀ ਕਲਗੀ ਦਾ ਮੋਤੀ
ਖਾਲਸਾ ਗੋਬਿੰਦ ਦਾ ਇੱਕ ਦਿਨ ਆਸੀ
ਮਿਟਾ ਦੇਸੀ ਸਭ ਵਿੱਥਾਂ ਵਿਰਲਾਂ
ਰਜਵਾੜਾਸ਼ਾਹੀ ਖਾਕ ਰੋਲਸੀ
ਵੇ ਮੋਤੀ ਮੇਰੇ ਪੋਤੇ ਭੁੱਖਣ ਭਾਣੇ ਕਈ ਦਿਨਾਂ ਦੇ
ਤੇਰੀ ਜੜ ਹਰੀ ਗੁਰੂ ਦੇ ਘਰੇ ਸਦਾ
ਤੂੰ ਪਰਉਪਕਾਰੀ
ਮਾਤਾ ਇਹ ਭਾਣਾ ਕੇਹਾ..?
ਮੋਤੀ ਜੁਲਮ ਦੀ ਜੜ ਪੁੱਟਣੀ ਮੇਰੇ ਲਾਲ ਦਿਆੰ ਲਾਲਾਂ
ਕੱਲ ਨੂੰ ਸੂਬੇ ਦੀ ਕਚਿਹਰੀ
ਭਾਣਾ ਇਹ ਤਾਂਹੀ
ਮੇਰਾ ਇਮਤਿਹਾਨ ਇਹ ਆਖਰੀ
ਵੇ ਮੋਤੀ ਤੂੰ ਸੁੱਚਾ ਮੋਤੀ
ਗੋਬਿੰਦ ਮੇਰੇ ਦੀ ਕਲਗੀ ਦਾ

Categories: Amardeep Singh "Amar", Poetry, Punjabi | Tags: , , , , , , | Leave a comment

Suchaa Moti (Truthful Pearl)—Trl. By Bhai Jagjit Singh


12032071_10156088918545082_8865648828110329298_n

A dedication to Bhai Moti Mehra who gave glasses of milk to Mata Gujri Kaur and the younger Sahibzade. His seva resulted in his whole family being wiped out by the fundamentalist muslim regime.
A translation of the a short poem by my brother in law, Bhai Amardeep Singh Amar.

Suchaa Moti (Truthful Pearl)

On a very cold night, the city was deep in sleep, three innocents were imprisoned in a cold tower, in minus temperatures…..
Sitting in the laps of their great grandmother, the Sahibzade listen to saakis (stories) of their grandfather…
Hungry for the last 3 days, held in tight security… The mogul orders were that nobody was to give them food or water…. whoever dared would suffer dire consequences….their generations would be killed via grinded on a grand wheel.
In that fearful night, footsteps were heard on the steps.
“Who is it?” Mata Gujri asked in her elderly voice. “Mata, its me Moti” answered a voice….
“Who Moti?” asked Mata Ji….”Your Gobinds Moti” answered the voice…”In my neck is the dogs leash, pulled with my Masters love…. how can I leave my little brothers hungry, how can I bear that… my caste is Mehra… my gift to my betters.. I have brought milk for my brothers”.
Mata Ji responded, “My Moti, your are Succha Moti (True Pearl) of my Gobinds kalgi…Khalsa day will come one day….All the indifferences of humans will disappear… These tyrants will perish….My Moti, my grandsons are hungry from a few days, you will blessed in house of the Guru forever, your are divine….”
“Mata, how did such a thing happen? asked Moti…
“Moti, destroying the roots of tyranny is the destiny of my Gobind, tomorrow in the Court of the Subedaar will be my last test, Moti you are a Saacha Moti of my Gobinds kalgi” responded Mata Ji.

The poem is much more powerful in Punjabi.

One day after the Shaheedi of the Sahibzade, Bhai Moti Mehra family were Shaheed in a merciless manner. However his seva and his families seva are immortalised……

Suchaa Moti (Truthful Pearl)
………………………………………………………………………………………………………………….

Translated by: Bhai Jagjit Singh

..

 

Categories: Amardeep Singh "Amar", Poetry, Punjabi | Tags: , , , , , , , , , , | Leave a comment

ਮੇਰਾ ਮਾਹੀ—ਰਣਧੀਰ ਸਿੰਘ


z

 

ਮੇਰਾ ਮਾਹੀ—ਰਣਧੀਰ ਸਿੰਘ

 

ਟੁੱਟੀ ਹੋਈ ਟਿੰਡ ਦਾ ਸਿਰਾ੍ਹਣਾ ਲਾਕੇ ਮੇਰਾ ਮਾਹੀ,
ਗਾਉਂਦਾ ਰਿਹਾ ਤੂਹੀ ਤੂਹੀ ਤੂੰ,
ਮਾਲਕਾ ਤੂਹੀ ਤੂਹੀ ਤੂਹੀ ਤੂਹੀ ਤੂੰ ।
ਆਨੰਦਪੁਰ ਛੱਡਿਆ ਸਾਜ ਬਾਜ ਛੱਡਿਆ
ਛੱਡ ਦਿੱਤੇ ਮਹਿਲ ਅਟਾਰੀਆਂ ।
ਮਾਲਕਾ ਛੱਡ ਦਿੱਤੇ ਮਹਿਲ ਅਟਾਰੀਆਂ ।
ਸਰਸਾ ਦੇ ਕੰਢੜੇ ਵਿਛੋੜੇ ਭਾਰੀ ਪੈ ਚੱਲੇ
ਵਿਛੜੀਆਂ ਸੰਗਤਾਂ ਪਿਆਰੀਆਂ
ਮਾਲਕਾ ਵਿਛੜੀਆਂ ਸੰਗਤਾਂ ਪਿਆਰੀਆਂ ।
ਸਾਰਾ ਪਰਿਵਾਰ ਭਾਵੇਂ ਵਿਛੜ ਕੇ ਖੇਰੂੰ ਹੋਇਆ
ਰੱਬ ਤੋਂ ਨਾਵਿਛੜਿਆਂ ਤੂੰ,
ਦਾਤਿਆ ਰੱਬ ਤੋਂ ਨਾ ਵਿਛੜਿਆ ਤੂੰ।
ਵਿੱਚ ਚਮਕੌਰ ਬੜਾ ਭਾਰੀ ਜੰਗ ਹੋਇਆ
ਦੇਖ ਵੈਰੀ ਹੋਇਆ ਬੜਾ ਦੰਗ ਜੀ ,
ਦਾਤਿਆ ਦੇਖ ਵੈਰੀ ਹੋਇਆ ਬੜਾ ਦੰਗ ਜੀ ।
ਜਾਨ ਤੋਂ ਪਿਆਰੇ ਚਾਲੀ ਸਿੰਘ ਜਾਨਾ ਵਾਰ ਗਏ
ਤੈਥੋਂ ਪਰ ਮੋੜਿਆ ਨਾ ਅੰਗ ਜੀ
ਮਾਲਕਾ ਤੈਥੋਂ ਪਰ ਮੋੜਿਆ ਨਾ ਅੰਗ ਜੀ ।
ਧੰਨ ਬਾਬਾ ਅਜੀਤ ਸਿੰਘ ਧੰਨ ਨੇ ਜੁਝਾਰ ਸਿੰਘ
ਹੱਥੀਂ ਤੋਰ ਦਿੱਤੇ ਹੱਸ ਤੂੰ,
ਮਾਲਕਾ ਹੱਥੀਂ ਤੋਰ ਦਿੱਤੇ ਹੱਸ ਤੂੰ ।
ਪੰਥ ਨੂੰ ਤੂੰ ਮਾਣ ਦੇਕੇ ਪੰਚ ਪਰਵਾਣ ਕਹਿਕੇ
ਗੜੀ ਵਿੱਚੋਂ ਆਇਆ ਬਾਹਰ ਚੱਲ ਕੇ
ਮਾਲਕਾ ਗੜੀ ਵਿੱਚੋਂ ਆਇਆ ਬਾਹਰ ਚੱਲ ਕੇ ।
ਪੁੱਤਾਂ ਦੀਆਂ ਲਾਸਾ਼ਂ ਕੋਲੋਂ ਬੋਚ ਤੂੰ ਲੰਘ ਗਿਆ
ਹੰਝੂ ਰੱਖੇ ਵਿਚੇ ਵਿਚੀ ਠੱਲ ਕੇ
ਮਾਲਕਾ ਅੱਖ ਵਿੱਚੋਂ ਅਥਰੂ ਨਾ ਛਲਕੇ ।
ਹਿੰਦ ਵਾਲਾ ਪੀਰ ਹੁਣ ਗੜੀ ਛੱਡ ਚੱਲਿਆ
ਮਾਰੀ ਭਬਕਾਰ ਉੱਚੀ ਤੂੰ
ਦਾਤਿਆ ਮਾਰੀ ਭਬਕਾਰ ਉੱਚੀ ਤੂੰ ।
ਮਾਛੀਵਾੜੇ ਜੰਗਲਾਂ ਚ ਜਾ ਕੇ ਡੇਰਾ ਲਾ ਲਿਆ
ਜਾਮਾ ਹੋਇਆ ਲੀਰੋ ਲੀਰ ਲੀਰ ਸੀ
ਮਾਲਕਾ ਜਾਮਾ ਹੋਇਆ ਲੀਰੋ ਲੀਰ ਸੀ ।
ਨੰਗੇ ਪੈਰ ਕੰਡਿਆ ਨੇ ਖੂੰਨੋ ਖੂਨ ਖੂਨ ਕੀਤੇ
ਹੱਥ ਵਿੱਚ ਨੰਗੀ ਸ਼ਮਸੀ਼ਰ ਸੀ
ਮਾਲਕਾ ਹੱਥ ਵਿੱਚ ਨੰਗੀ ਸ਼ਮਸ਼ੀਰ ਸੀ।
ਮਿੱਤਰ ਪਿਆਰੇ ਨੂੰ ਤੂੰ ਰਿਹਾ ਯਾਦ ਕਰਦਾ,
ਹਾਲ ਦੱਸਿਆ ਮੁਰੀਦ ਵਾਲਾ ਤੂੰ
ਮਾਲਕਾ ਦੱਸਿਆ ਮੁਰੀਦ ਵਾਲਾ ਤੂੰ ।
ਓਹਦੇ ਬਿਨਾਂ ਰੋਗ ,ਸਾਰੇ ਸੁਖ ਮੈਨੂ ਭਾਸਦੇ
ਸੱਪਾਂ ਵਾਲਾ ਲਗਦਾ ਏ ਸੰਗ ਜੀ
ਦਾਤਿਆ ਭਾਵੇਂ ਹੋਣ ਕੁੱਲ ਰੰਗ ਜੀ ।
ਮਿੱਤਰ ਦੀ ਯਾਦ ਬਾਝੋਂ ਸਭ ਸੁਖ ਦੁਨੀਆਂ ਦੇ
ਕਰਦੇ ਨੇ ਜੀਅ ਨੂੰ ਤੰਗ ਜੀ
ਮਾਲਕਾ ਕਰਦੇ ਨੇ ਜੀਅ ਨੂੰ ਤੰਗ ਜੀ।
ਸੱਥਰ ਨੂੰ ਚੰਗਾ ਅਾਖੇਂ ਸਦਾ ਈ ਅਕਾਲ ਜਾਪੇਂ
ਖੇੜਿਆਂ ਨੂੰ ਭੱਠ ਕਹੇਂ ਤੂੰ
ਮਾਲਕਾ ਭੱਠ ਕਹਿ ਸਕਦਾਂ ਏਂ ਤੂੰ ।
ਗਾਉਂਦਾ ਰਿਹਾ ਤੂੰਹੀ ਤੂੰਹੀ ਤੂੰ
ਦਾਤਿਆ ਗਾਉਂਦਾ ਰਿਹਾ ਤੂੰਹੀ ਤੂੰਹੀ ਤੂੰ ।
ਰਹਿਮ ! ਰਹਿਮ !! ਰਹਿਮ!!!

Categories: ਰਣਧੀਰ ਸਿੰਘ, Poetry, Punjabi | Tags: , , , , | Leave a comment

ਮੱਥਾ ਸੰਤਾਂ ਨੂੰ ਟੇਕਣਾ—ਪੂਰਨ ਸਿੰਘ


12032071_10156088918545082_8865648828110329298_n
ਮੱਥਾ ਸੰਤਾਂ ਨੂੰ ਟੇਕਣਾ
( ਪੂਰਨ ਸਿੰਘ )

ਦੇਖੀਂ ਬੱਚੀ ! ਮੱਥਾ ਸੰਤਾਂ ਨੂੰ ਟੇਕਣਾ ।
ਸੰਤ ਗਏ ਹਨ ਟੁਰ ਅੱਜ, ਪਹਾੜ ਵੱਲ,
ਜਾਵੀਂ ਤੂੰ ਵੀ, ਨਾ ਪੂਰਬ, ਨਾ ਪੱਛਮ,
ਸਿੱਧੀ ਟੁਰੀ ਜਾਹ ਤੂੰ ਵੀ ਪਹਾੜ ਵੱਲ,
ਉਧਰ ਗਏ ਨੀ ਉਹ ਸੰਤ
ਜਿਹੜੇ ਮਨੁੱਖ ਦੇ ਰੂਪ ਤੇ ਜਾਮੇਂ ਵਿਚ,
ਛੁਪੇ ਲੁਕੇ ਰੱਬ ਦਾ ਨਾਮ ਹਨ ।

ਮਿਲਣਗੇ ਤਾਂ ਨਹੀਂ ਤੈਨੂੰ ਬੱਚੀ ।
ਢੂੰਡਿਆਂ ਕਦੀ ਨਾ ਮਿਲਣ ਉਹ,
ਪਰ ਉਸ ਸਿਮਤ ਵੱਲ ਮੂੰਹ ਕਰੀਂ,
ਘਾਹ ਉੱਤੇ ਢਹਿ ਪਈਂ ਤੂੰ,
ਮੱਥਾ ਰੱਖ ਦੇਈਂ ਘਾਹ ‘ਤੇ,
ਰੱਬ ਰੱਬ ਕਰਦੀ ।

ਮੂੰਹ ਭਰੀਂ ਅਰਦਾਸ ਨਾਲ,
ਦਿਲ ਭਰੀਂ ਪਿਆਰ ਨਾਲ, ਚਾਅ ਨਾਲ,
ਦਿਮਾਗ਼ ਭਰੀਂ ਅਕਾਸ਼ ਦੀ ਉਚਾਈ ਨਾਲ,
ਅੱਖ ਵਿਚ ਤ੍ਰੇਲ ਮਿੱਠੀ ਯਾਦ ਦੀ,
ਦਸਾਂ ਪਾਤਸ਼ਾਹੀਆਂ ਦੇ ਨਾਮ ਵਿਚ,
ਪਾਵੀਂ ਇਉਂ ਤੂੰ ਰੋਮ ਰੋਮ ।
ਫਿਰ ਹਿੱਲੀਂ ਨਾਂਹ,
ਰਹੀਂ ਅਡੋਲ ਤੂੰ ਉਪਰੋਂ ਆਏ ਸਵਾਦ ਵਿਚ ।

ਸੰਤ ਆਖਦੇ : ਇਹ ਚੁੱਪ ਜਿਹਾ ਗਾਂਦਾ ਰਸ ਹੀ ਰੱਬ ਹੈ ।
ਉੱਥੇ ਦੇਖੀਂ : ਖੜੇ ਮਿਲਣਗੇ,
ਉਸ ਸਾਈਂ ਲੋਕ ਸਤਿਗੁਰਾਂ ਘੱਲੇ ਸੰਤ ਸੁੱਚੇ ਹੀਰੇ ।
ਤੇਰੇ ਸਿਰ ਤੇ ਬੱਚੀ ! ਹੱਥ ਸੰਤਾਂ ਦਾ ਆਣ ਵੱਜਸੀ,
ਅਸੀਸ ਦੇਣ,
ਤੇ ਖੜੇ ਦਿੱਸਣ ਕੋਲ ਕੋਲ ਤੈਨੂੰ,
ਅਰੂਪ ਲੋਕੀਂ ਰੂਪ ਵਿਚ ਆਵਸਣ ਰਾਹ ਪਾਣ ਨੂੰ ਤੈਨੂੰ ।

ਮੱਥਾ ਚੱਕੀਂ ਨਾਂਹ, ਤੱਕੀਂ ਹਿਠਾਂਹ ਨੂੰ ਘਾਹ ‘ਤੇ
ਘਾਹ ਸਾਵਾ ਉਤੇ ਭਾਲੀਂ ਨੀਝ ਲਾ,
ਦੇਖ ਸਿਰ ਤੇਰਾ ਹੈ ਸੰਤਾਂ ਦੇ ਚਰਨ ‘ਤੇ,
ਖੜੇ ਹਨ ਤੇਰੀ ਕੰਡੀ ਹੱਥ ਫੇਰਦੇ ।

————————————————–
——————————————————-
ਖੜੇ ਹਨ ਤੇਰੀ ਕੰਡੀ ਹੱਥ ਫੇਰਦੇ ।

— with Randhir Singh.

Avi Singh How about Sant Dhandaria ji……..Ha ha ha?See Translation

Dalvir Singh Gill
Dalvir Singh Gill ਅਵਤਾਰ Singh , ਆਪੂੰ ਬਣੇ ਪ੍ਰੋਫੈਸਰ ਅਤੇ ਆਪੇ ਬਣੇ ਸੰਤ ਇੱਕੋ ਹੀ ਚੀਜ਼ ਦੇ ਦੋ ਨਾਮ ਹਨ। ਪੂਰਨ ਸਿੰਘ ਜੀ ਇੱਕ ਹੱਥ ਦੀਆਂ ਉਂਗਲਾਂ ‘ਤੇ ਗਿਣੇ ਜਾ ਸਕਣ ਵਾਲੇ ਸਿੱਖ-ਚਿੰਤਕਾਂ ਵਿੱਚੋਂ ਹਨ, ਮੋਹਰੀ ਵਜੋਂ। ਰਸਿਆ ਅੰਬ ਚੂਪਦਿਆਂ ਗਲ-ਘੋਟੂ ਬੇਰਾਂ ਨੂੰ ਯਾਦ ਨਹੀਂ ਕਰਿਆ ਕਰਦੇ।

Dalvir Singh Gill
Dalvir Singh Gill Harman Jeet, ਇਹ ਹੈ ਤੇਰੀ ਵਿਰਾਸਤ, ਤੇਰੇ ਪੂਜਣਯੋਗ ਬਜ਼ੁਰਗ। ਤੈਂ ਵੀ ਬਖ਼ਸ਼-ਦਰ ਪਾਇਆ ਹੈ, ਘੋਲ-ਕਮਾਈ ਇਹੋ ਹੈ ਇਨ੍ਹਾਂ ਬਜ਼ੁਰਗਾਂ ਦੀ ਸੰਗਤ ਕਰਨੀ, ਨੀਵੇਂ ਥਾਂ ਬੈਠ ਕੇ। ਜੋ ਪ੍ਰਸਾਦਿ ਮਿਲੇ ਉਸ ਵਿੱਚੋਂ ਕੁਣਕਾ ਸਾਡੀਆਂ ਖ਼ਾਲੀ ਤਲੀਆਂ ‘ਤੇ ਵੀ ਰੱਖ ਦੇਣਾ।

Jaswinder Singh
Jaswinder Singh
Dhillon Mandeep Singh
Dhillon Mandeep Singh jaswinder singh ji eh gurbani kis site te hai ji

Jagmohan Singh
Jagmohan Singh SPIRIT BORN POORAN SINGH – NO MATCH TO HIS POETRY – THANKS FOR SHARING THIS WONDERFUL POEM

Kamaljit Singh Dhaliwal
Shehbaaz Goraya
Shehbaaz Goraya Waaaaah!!!!! Science,, logic,, spuritualism da amazing combination—super soul….. Ma love pro.puran singh…… Lakh vaar sadke

Davinder Singh
Davinder Singh ਦਲਬੀਰ ਬਾਈ ਕਿਨੇ੍ ਕੂ ਹਨ ਜੋ ਪੋ੍: ਪੂਰਨ ਸਿੰਘ ਜੀ ਨੂੰ ਸਮਝ ਸਕਣ ??

Dalvir Singh Gill
Dalvir Singh Gill Davinder Singh ਬਾਈ ਜੀ ਅੱਜ ਤਾਂ ਅਸੀਂ ਇਹਨਾਂ ਗੁਰੂ-ਪਿਆਰਿਆਂ ਦੀ ਸਮਝ ਦੇ ਉਲਟ ਚਲਣ ਨੂੰ ਹੀ ਵਿਦਵਤਾ ਸਮਝੀ ਬੈਠੇ ਹਾਂ। ਬੁੱਧਿ-ਮੰਡਲੇ ਦੇ ਕੈਦੀਆਂ ਨੇ ਵਲਵਲੇ ਦੇ ਦੇਸ਼ ਨਾਲ ਕੀ ਯਾਰੀਆਂ ਲਾਉਣੀਆਂ ਹੋਈਆਂ?!!

Tiger Singh
Tiger Singh Na bhai mishnry apdi hajri lua gae ..kalyug vich …ene mishnry jive purani kitchens bich cocroche

Tiger Singh
Tiger Singh Dalvir bai har thaan te mishnry ..fail aa .. Sale sharm fer nhi karde

Arvinder Singh
Arvinder Singh Dalvir Singh Gill ਭਾਜੀ ਅਸੀਂ ਕੁੱਜ ਵੀ ਬਚਨ ਕਰੀੲੇ ਤੇ ਦੋ ਦੋ ਸਾਲ ਪੜੇ ਪ੍ਰੋਫੈਸਰ ਜਾਂ ਮੁੱਖ ਰੂਪ ਚ ਬਹੁਤੇ ਪੜੇ ਅੱਡੀਅਾਂ ਚੱਕ ਪੈ ਜਾਂਦੇ ਹਨ ਕਿ ਤੁਸੀਂ ਬਹੁਤ ਕੱਟੜ ਹੋ …. ਪ੍ਰੋ. ਪੂਰਨ ਸਿੰਘ ਜੀ ਤੋਂ ਜਿਅਾਦਾ ਵੱਡਾ ਰੂਹ ਦਾ ਪਿਅਾਰਾ ਮੈ ਹਜੇ ਤੱਕ ਕਿਤੇ ਨਹੀਂ ਦੇਖਿਅਾ…. ਪਰ ਮੂਰਖ ੳੁਹਨਾਂ ਨੂੰ ਵੀ ਕੱਟੜ ਅੈਲਾਨ ਜਾਂਦੇ ਨੇ … ਕੀ ਕਹੀੲੇ ?

ਧੰਨ ਧੰਨ ਬੁੱਧੂ ਜੀਵੀ

Dalvir Singh Gill
Dalvir Singh Gill Arvinder Singh ਵੀਰ ਜੀ, ਗੋਰੇ ਨੇ ਜਦੋਂ ਵੱਡੇ ਰਾਠਾਂ ਨੂੰ ਹੱਥ ਵਿੱਚ ਕਰਕੇ ਸਿੱਖ ਅਤੇ ਸਿੱਖੀ ਨੂੰ ਪਰਿਭਾਸ਼ਿਤ ਕਰਨ ਲਈ ਸਿੰਘ-ਸਭੀਆਂ ਨੂੰ ਆਪਦਾ ਭੋਂਪੂ ਬਣਾਇਆ ਤਾਂ ਅਕਾਲੀ ਨਿਹੰਗਾਂ ਸਮੇਤ ਸਾਰੀਆਂ ਹੀ ਸੰਪਰਦਾਵਾਂ ਨੂੰ ਲਾਂਭੇ ਹੀ ਰੱਖਿਆ, ਚੇਤਨ ਤੌਰ ‘ਤੇ। ਭਾਈ ਵੀਰ ਸਿੰਘ ਅਤੇ ਪ੍ਰੋ ਪੂਰਨ ਸਿੰਘ ਦੋ ਅਜਿਹੇ ਨਾਮ ਹਨ ਜਿਹਨਾਂ ਨੇ ਆਧੁਨਿਕ ਅਤੇ ਪਰੰਪਰਾਵਾਦੀ ਵਿਚਾਰਾਂ ਵਿਚਕਾਰ ਪੁਲ ਬਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸਗੋਂ ਠੋਕ ਕੇ ਗੁਰੂ-ਘਰ ਦੀ ਪਰੰਪਰਾ ਨਾਲ ਹੀ ਜੁੜੇ ਰਹੇ।

ਅੱਜ ਤੱਕ ਦੇ ਭਸੌੜ-ਪੰਥੀ ਇਹੋ ਕਹਿੰਦੇ ਰਹੇ ਕਿ ਉਹ ਸਿੱਖੀ ਦੀ “ਆਧੁਨਿਕ” ਵਿਆਖਿਆ ਕਰ ਰਹੇ ਹਨ ਪਰ ਮਿਸ਼ਨਰੀਆਂ ਦੀ ਸਭਤੋਂ ਵੱਡੀ “ਦੇਣ” ਮੈਂ ਇਹੋ ਸਮਝਦਾ ਹਾਂ ਕਿ ਇਹਨਾਂ ਨੇ ਸਪਸ਼ਟ ਵਿਖਰੇਵਾਂ ਕੀਤਾ ਹੈ ਕਿ ਇੱਕੋ ਸਮੇਂ ਪਰੰਪਰਾ ਅਤੇ ਆਧੁਨਿਕਤਾ ਨੂੰ ਨਹੀਂ ਅਪਣਾਇਆ ਜਾ ਸਕਦਾ ਅਤੇ ਆਪਣੇ ਬਾਰੇ ਉਹ ਸਾਫ਼ ਹਨ ਕਿ ਉਹ ਆਧੁਨਿਕਤਾਵਾਦੀ ਹਨ ( ਇਹ ਅਲੱਗ ਮਸਲਾ ਹੈ ਕਿ ਉਹ ਮਾਡਰਨਿਜ਼ਮ ਜਾਂ ਪੋਸਟ-ਮਾਡਰਨਿਜ਼ਮ ਨੂੰ ਕਿੰਨਾ ਕੁ ਸਮਝਦੇ ਹਨ, ਜਾਂ ਸਮਝ ਸਕਦੇ ਹਨ। ਅਤੇ, ਉਹਨਾਂ ਨੂੰ ਪੂਰਬੀ ਅਤੇ ਪੱਛਮੀ ਤਰਕ-ਸ਼ਾਸਤਰ/ਨਿਯਾਯ ਦਾ ਕਿੰਨਾ ਕੁ ਗਿਆਨ ਹੈ, ਜਾਂ ਹੋ ਸਕਦਾ ਹੈ। )। ਅੱਜ ਮੰਡਨ ਨਾਲੋਂ ਖੰਡਣ ਦਾ ਬੁਖ਼ਾਰ ਜ਼ਿਆਦਾ ਸਿਰ ਚੜ੍ਹ ਕੇ ਬੋਲਦਾ ਹੈ ਸੋ ਇਹ ਕਹਿਣਾ ਜ਼ਿਆਦਾ ਬੇਹਤਰ ਹੈ ਕਿ ਉਹ ਇਹ ਨਹੀਂ ਕਹਿੰਦੇ ਕਿ ਉਹ ਆਧੁਨਿਕਤਾਵਾਦੀ ਹਨ ਸਗੋਂ ਇਹ ਐਲਾਨਦੇ ਹਨ ਕਿ ਉਹ “ਪਰੰਪਰਾ-ਵਿਰੋਧੀ” ਹਨ। ਇਹੋ ਉਹਨਾਂ ਦੀ ਦੇਣ ਹੈ ਕਿ ਉਹਨਾਂ ਨੇ “ਇੱਕੋ ਪਾਸਾ ਰਹਿਣਾ ਹੀਰੇ – ਜਾਂ ਖੇੜੇ ਜਾਂ ਰਾਂਝਾ” ਦੀ ਤਰਜ਼ ‘ਤੇ ਸਾਡੇ ਲਈ ਸਪਸ਼ਟ ਕਰ ਦਿੱਤਾ ਹੈ ਕਿ ਪਰੰਪਰਾ ਅਤੇ ਆਧੁਨਿਕਤਾ ਵਿੱਚੋਂ ਕਿਸੇ ਇੱਕ ਨੂੰ ਚੁਣੋ।

ਮੈਂ ਇੱਕੋ-ਇੱਕ ਦੋਸ਼ ਜੋ ਉਹਨਾਂ ਵਿੱਚ ਦੇਖਦਾ ਹਾਂ ਉਹ ਇਹੋ ਹੈ ਕਿ ਉਹ ਧਰਮ ਅਤੇ ਪਰੰਪਰਾ/ਪੰਥ ਨੂੰ ਰਲ-ਗੱਡ ਕਰੀ ਬੈਠੇ ਹਨ ਅਤੇ ਆਪਣੀ ਇਹ ਦੁਬਿਧਾ ਸੰਗਤ ਨੂੰ ਪਰੋਸੀ ਜਾ ਰਹੇ ਹਨ। ਇਸ ਵਿੱਚ ਮੈਂ ਉਹਨਾਂ ਦੀ ਸ਼ਾਤਰਤਾ ਨਹੀਂ ਸਗੋਂ ਕਮ-ਅਕਲੀ ਦੇਖਦਾ ਹਾਂ। ਉਹ ਧਰਮ ਬਾਰੇ ਗੱਲ ਕਰਦਿਆਂ ਪੰਥ ਵਿੱਚ ਵਾੜ੍ਹ ਦਿੰਦੇ ਹਨ ਅਤੇ ਪੰਥ ਬਾਰੇ ਗੱਲ ਕਰਦਿਆਂ ਧਰਮ ( Cosmic-Law ) ‘ਤੇ ਹੱਥ ਅਜ਼ਮਾਉਣ ਲੱਗ ਜਾਂਦੇ ਹਨ ਅਤੇ ਦੋਵਾਂ ਨੂੰ ਹੀ ਰੱਦ ਕਰ ਦਿੰਦੇ ਹਨ, ਇਸੇ ਲਈ ਉਹ ਨਾਸਤਿਕ ਜ਼ਾਹਿਰ ਹੁੰਦੇ ਹਨ।

ਆਦਿ ਦੀ ਸਾਰੀ ਬਾਣੀ ਹਰੇਕ ਪੰਥ ਦੇ ਪਾਧੀ ਨੂੰ ( ਯੋਗੀ, ਕਾਜ਼ੀ ਕੋਈ ਵੀ ਹੋਵੇ ) ਧਰਮ ਦਾ ਰਸਤਾ ਦਿਖਾਉਂਦੀ ਹੈ ਅਤੇ ਦਸਮ ਗੁਰੂ ਦਾ ਗ੍ਰੰਥ ਇੱਕ ਖ਼ਾਸ ਪੰਥ ਨੂੰ, ਮੁੱਖ ਰੂਪ ਵਿੱਚ, ਸੰਬੋਧਿਤ ਹੈ – ਜਾਂ ਇਉਂ ਮੈਨੂੰ ਲੱਗਦਾ ਹੈ।

ਮਿਸ਼ਨਰੀਆਂ ਦਾ ਇਹ ਕਲਟ ਪੰਥ ਦਾ ਕੰਟਰੋਲ ਚਾਹੁੰਦਾ ਹੈ ਪਰ ਪਰੰਪਰਾ ( ਪੰਥ ) ਤੋਂ ਇਨਕਾਰੀ ਹੈ ਅਤੇ ਆਪਣੀ ਇੱਕ ਨਵੀਂ ਪਰੰਪਰਾ ਨੂੰ ਸਰਬ-ਵਿਆਪਿਕ ਧਰਮ ‘ਤੇ ਲਾਗੂ ਕਰਨਾ ਚਾਹੁੰਦਾ ਹੈ, ਸਗੋਂ ਇਸ ਨਵੀਂ ਪਰੰਪਰਾ ਨੂੰ ਹੀ ( ਨਾ ਕੇਵਲ ਪੰਥ ਸਗੋਂ ) ਧਰਮ ਸਾਬਿਤ ਕਰਨ ਲਈ ਬਜ਼ਿਦ ਹੈ । ਜਦੋਂ ਇਸ ਅਸੰਭਵ ਨੂੰ ਉਹ ਮੂਰਤੀਮਾਨ ਹੁੰਦਾ ਨਹੀਂ ਪਾਉਂਦੇ ਤਾਂ ਕੁੰਠਿਤ ਮਨ ਨਾਲ ਉਹ ਪਰੰਪਰਾ ਨਾਲ ਜੁੜੇ ਸਾਰੇ ( ਪੁਰਾਤਨ ਅਤੇ ਨਵੀਨ ) ਨਾਵਾਂ ਨੂੰ ਹੀ ਰੱਦ ਕਰ ਦਿੰਦੇ ਹਨ। ਇੰਝ ਕਰਦਿਆਂ ਉਹਨਾਂ ਦਾ ਨਿਸ਼ਾਨਾ ਕੇਵਲ ਪਰੰਪਰਾ ਹੀ ਨਾ ਰਹਿ ਕੇ ਧਰਮ ਵੀ ਹੋ ਜਾਂਦਾ ਹੈ। ਧਰਮ ਹੋਂਦ ਦਾ, ਅਸਤਿਤਵ ਦਾ, ਆਧਾਰ ਹੈ। ਇਸ ਇੰਨਕਾਰ ਕਾਰਣ ਉਹ ਨਾਸਤਿਕ-ਵਿਚਾਰਧਾਰਾ ਦੀ ਪਰੰਪਰਾ ਨਾਲ ਜਾ ਜੁੜਦੇ ਹਨ, ਜਿੱਥੋਂ ਉਹ ਸ਼ੁਰੂ ਹੋਏ ਸਨ। ਇੰਝ ਇਹ ਗੋਲ-ਘੇਰਾ ਸੰਪੂਰਨ ਹੁੰਦਾ ਹੈ ਅਤੇ “ਅਬ ਘੂੰਮਤੇ ਰਹਿ ਜਾਓਗੇ” ਵਾਲੀ ਊਬ ਉਹਨਾਂ ਨੂੰ ਮਜਬੂਰ ਕਰੇਗੀ ਕਿ ਪਰੰਪਰਾ ਅਤੇ ਇਤਿਹਾਸ ਤੋਂ ਅੱਗੇ ਉਹ ਸਿਧਾਂਤ ( ਜਿਸਦੇ ਉਹ ਆਪਣੇ-ਆਪ ਨੂੰ ਸਭਤੋਂ ਵੱਡੇ ਮੁਦਾਅ ਸਮਝਣ ਦੇ ਭੁਲੇਖੇ ਵਿੱਚ ਰਹੇ ) ਉੱਪਰ ਵੀ ਹਮਲਾ ਕਰਨ, ਜੋ ਪਹਿਲਾਂ ਸੂਖਮ/ਲੁਪਤ/ਅਵਚੇਤਨ ਰੂਪ ਵਿੱਚ ਸੀ ਉਸਨੂੰ ਹੁਣ ਜ਼ਾਹਿਰਾ ਅਤੇ ਚੇਤਨ ਰੂਪ ਵਿੱਚ ਕਰਨ। ਅਤੇ ਇਹ ਹੋ ਵੀ ਚੁੱਕਾ ਹੈ।

ਤੁਸੀਂ ਤਾਂ ਇਸ ਵਰਤਾਰੇ ਨੂੰ ਸਮਝਦੇ ਹੀ ਹੋ, ਸਗੋਂ ਗੱਲ ਨੂੰ ਅੱਗੇ ਵਧਾਓ ਤਾਂ ਕਿ ਮੇਰੇ ਸ਼ਬਦ ਵੀ ਜੋ ਅੱਜ ਉਘੜੇ-ਦੁਘੜੇ ਹਨ ਕਿਸੇ ਲੜ੍ਹੀ ਵਿੱਚ ਆ ਜਾਣ।

Davinder Singh
Davinder Singh ਬਾਈ ਜੀ ਬਹੁਤ ਵਧੀਆ ਪੜਚੋਲ ਹੈ ਜੀ!

Dalvir Singh Gill
Dalvir Singh Gill ਬਾਈ ਜੀ, ਮੈਂ ਤਾਂ “ਆਧੁਨਿਕਤਾਵਾਦ/ਉੱਤਰ-ਆਧੁਨਿਕਤਾਵਾਦ ਅਤੇ ਸਿੱਖ” ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਆਪ ਜੀ ਜਿਹੇ ਸੁਹਿਰਦ ਸੱਜਣਾ ਤੋਂ ਮਦਦ ਦੀ ਆਸ ਹੈ ਪਰ ਤ੍ਰਾਸਦੀ ਹੀ ਇਹੋ ਹੈ ਕਿ ਜੋ ਵਿਦਿਆਰਥੀ ਬਣਨ ਦੇ ਵੀ ਕ਼ਾਬਿਲ ਨਹੀਂ ਉਹ ਪ੍ਰੋਫੈਸਰ ਬਣ ਸਟੇਜਾਂ ‘ਤੋਂ ਬੋਲ ਰਹੇ ਹਨ ਅਤੇ ਜਿਹਨਾਂ ਨੂੰ ਚਾਨਣ ਹੈ ਉਹ ਮੌਨ ਨਹੀਂ ਤੋੜ ਰਹੇ।

Davinder Singh
Davinder Singh ਮਤਿ ਹੋਦੀ ਹੋਇ ਇਆਣਾ । ਤਾਣ ਹੋਂਦੇ ਹੋਇ ਨਿਤਾਣਾ । ਅਣਹੋਂਦੇ ਆਪੁ ਵੰਡਾਏ ! ਕੋ ਐਸਾ ਭਗਤੁ ਸਦਾਏ । ( ਬਾਈ ਜੀ ਗਰੀਬੀ ਹੀ ਉਤਮ ਹੈ !!)

Dalvir Singh Gill
Dalvir Singh Gillਸਲੋਕ ਮਃ ੧ ॥
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥

ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥

 

Categories: ਅਮਰ ਰੂਹਾਂ, ਦਲਵੀਰ ਗਿੱਲ, ਪੂਰਨ ਸਿੰਘ, ਵਲਵਲੇ, Dalvir Gill, Poetry, Punjabi | Tags: , , , , , , , , | Leave a comment

ਬਾਬਾ ਅਮਰਾ-I—ਰਣਧੀਰ ਸਿੰਘ


005 copy
ਬਾਬਾ ਅਮਰਾ ਚੜ੍ਹਦਾ ਸੂਰਜ
ਪਤਾਸੇ ਭੋਰਦਾ ਬੁੱਲਾਂ ਨਾਲ।
ਤੀਨ ਲੋਕ ਦੀ ਫੁਰਦੀ ਇਸਨੂੰ ,
ਯਾਰੀ ਹੈ ਅਣਮੁੱਲਾਂ ਨਾਲ।
ਚੁਣਵੇਂ ਚੁਣਵੇਂ ਦਾਣੇ ਛਕਦਾ
ਨਹੀਂ ਅੱਖਮਿਲਾਉਂਦਾ ਗੁੱਲਾਂ ਨਾਲ ।
ਦੁੱਧੇਂ ਪਾਣੀ ਵੱਖ ਕਰੇਂਦਾ
ਸੱਚੀਆਂ ਸੱਚੋ ਸੱਚ ਸੁਣੌਂਦਾ
ਜਾਣੇ ਪੂਰੀ ਰੀਤ ਨਿਭਾਉਣੀ
ਕੀ ਖਾਰਾਂ ਕੀ ਫੁੱਲਾਂ ਨਾਲ ।
ਨਾਲ ਕਲਮ ਦੇ ਸੇਵ ਨਿਭਾਵੇ
ਭਾਵੇ ਪਿਆ ਟਰੱਕ ਚਲਾਵੇ
ਅੰਮ੍ਰਿਤ ਵੇਲੇ ਅੰਮ੍ਰਿਤ ਛਕਦਾ
ਘੁੱਟਾਂਬਾਟੀ ਬੁੱਲਾਂ ਨਾਲ ।
ਯਾਰੀ ਵਾਲੇ ਮਾਣ ਕਰੇਂਦੇ
ਅਮਰ ਬਾਈ ਤੇ ਜਾਣ ਮਰੇਂਦੇ
ਮਿੰਟ ਸਕਿੰਟੀ ਘੁਲ ਮਿਲ ਜਾਂਦੈ
ਦਲਬੀਰ ਵਰਗਿਆਂ ਗਿੱਲਾਂ ਨਾਲ ।
ਰਣਧੀਰ ਸਿੰਘ ਨੂੰ ਚਾਅ ਚੜ੍ਹ ਜਾਂਦੈ
ਖੁਸ਼ ਰਹਿੰਦਾ ਗੁਰੂ ਦਿਆਂ ਲਾਲਾਂ ਨਾਲ ।

ਬਾਬਾ ਅਮਰਾ—I

Categories: ਰਣਧੀਰ ਸਿੰਘ | Tags: , , , , , , | Leave a comment

Blog at WordPress.com.