ਮਾਈ ਮੋਰਾਂ

ਬੇਗਮ ਸਮਰੂ ( ਫਰਜ਼ਾਨਾ ਬੇਗਮ )


ਬੇਗਮ ਸਮਰੂ

ਫਰਜ਼ਾਨਾ ਜੈਬੁਨ ਨਿਸ਼ਾ ਨਾਮ ਦਿੱਤਾ ਸੀ ਸਮਰੂ ਬੇਗ਼ਮ ਨੂੰ ਉਸਦੀ ਮਾਂ ਜੱਦਨ ਬਾਈ ਨੇ। ਫਰਜ਼ਾਨਾ ਜਦੋਂ ਅੱਠ ਸਾਲ ਦੀ ਸੀ ਤਾਂ ਤਕਦੀਰ ਨੇ ਮਸ਼ਹੂਰ-ਏ-ਜ਼ਮਾਨਾ ਤਵਾਇਫ਼ ਗ਼ੁਲ ਬਦਨ ਦਾ ਕੋਠਾ ਉਸਦਾ ਟਿਕਾਣਾ ਨਿਯਤ ਕਰ ਦਿੱਤਾ। ਨਾਦਰ ਸ਼ਾਹ ਨੇ ਦਿੱਲੀ ਪੂਰੀ ਤਸੱਲੀ ਨਾਲ ਲੁੱਟੀ ਸੀ।

ਦਿੱਲੀ ਦੇ ਤਖ਼ਤ ਉੱਪਰ ਬੈਠਾ ਮੁਗ਼ਲ ਬਾਦਸ਼ਾਹ ਤਾਕ਼ਤ ਪੱਖੋਂ ਇੰਨ ਗ਼ਰੀਬ ਸੀ ਕਿ ਕਿਸੇ ਦਾ ਕੋਈ ਬਚਾਉ ਨਹੀਂ ਸੀ ਕਰ ਸਕਦਾ। ਮਾਰ-ਖ਼ੋਹ ਕਰਨ ਵਾਲੇ ਪੇਸ਼ਾਵਰ ਅਤੇ ਵਕ਼ਤ ਪਛਾਣ ਬਣੇ ਲੁਟੇਰੇ ਹੀ ਦਿੱਲੀ ਨੂੰ ਚਲਾ ਰਹੇ ਸਨ। ਸ਼ਹਿਰ ਦੇ ਅਮੀਰ-ਓ-ਰੂਓਸਾ ਸਭ ਹੀ ਭੱਜ ਕੇ ਲਖਨਊ, ਫੈਜ਼ਾਬਾਦ ਅਤੇ ਅਵਧ ਦੇ ਨਵਾਬ ਹੇਤ ਇਲਾਕਿਆਂ ਵਿੱਚ ਪਨਾਹ ਲਈ ਬੈਠੇ ਸਨ।

 

ਗੁਲਬਦਨ ਦੀ ਤਰਬੀਅਤ ਨੇ ਫਰਜ਼ਾਨਾ ਨੂੰ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣਾਇਆ ਜੋ ਪ੍ਰਤਿਭਾ ਵਾਲੀ ਨਾਚੀ ਅਤੇ ਗਾਇਕਾ ਵੀ ਸੀ। ਮਾਤਾ ਜੱਦਨ ਬਾਈ ਦੀ ਫ਼ੌਤਗੀ ਮਗਰੋਂ ਗੁਲਬਦਨ ਹੀ ਫਰਜ਼ਾਨਾ ਦੀ ਦੇਵ-ਮਾਤਾ, ਸਰਪ੍ਰਸਤ ਸੀ। ਕੱਚੀ ਉਮਰੇ ਹੀ ਕਿਸੇ ਮੁੱਛਫੁੱਟ ਨਾਲ ਫਰਜ਼ਾਨਾ ਨੂੰ ਇਸ਼ਕ ਹੋਇਆ ਅਤੇ ਉਹ ਇੱਕ ਬੱਚੀ ਦੀ ਮਾਂ ਭੀ ਬਣ ਗਈ, ਉਸਦਾ ਹਾਲੇ ਨਿਕਾਹ ਨਹੀਂ ਸੀ ਪੜ੍ਹ ਹੋਇਆ। ਇਸਤੋਂ ਥੋੜ੍ਹੀ ਦੇਰ ਬਾਅਦ ਹੀ ਫਰਜ਼ਾਨਾ ਦਾ ਆਪਣਾ ਕੋਠਾ ਸੀ ਅਤੇ ਉਹ ਰਸੂਖ਼ ਵਾਲੀ ਤਵਾਇਫ਼ ਵਜੋਂ ਮਸ਼ਹੂਰ ਸੀ। ਇੱਕ ਦਿਨ, ਜਨਰਲ ਵਾਲਟਰ ਸਾਂਬਰ ( General Walter Somber ) ਨਾਮੀ ਇੱਕ ਫ਼ਿਰੰਗੀ ਇਸਦੇ ਕੋਠੇ ਉੱਪਰ ਆਇਆ ਅਤੇ ਬੱਸ ਫਰਜ਼ਾਨਾ ਦਾ ਹੀ ਹੋ ਕੇ ਰਹਿ ਗਿਆ। ਉਸਦਾ ਟਿਕਾਣਾ ਆਗਰੇ ਸੀ, ਉਸਦੀ ਆਪਣੀ ਫ਼ੌਜ ਸੀ ਅਤੇ ਆਪਦੇ ਸਿਪਾਹੀਆਂ ਨੂੰ ਭਾੜੇ ਉੱਪਰ ਭੇਜਣ ਦਾ ਧੰਦਾ ( ਜੋ ਉਦੋਂ ਦੇਸੀ-ਵਲੈਤੀ ਸਾਰੇ ਹੀ “ਰਸੂਖ਼ ਵਾਲੇ” ਕਰਦੇ ਸਨ। ) ਕਰਦਾ ਸੀ। ਇਸ ਖ਼ਾਸ ਘੜੀ ਭੀ ਉਸਨੇ ਫ਼ੌਜ ਦਾ ਭਾੜਾ ਕਿਸੇ ਜੱਟ ਰਾਜੇ ਦੇ ਪੇ-ਰੋਲ ਉੱਪਰ ਹੀ ਛਪ ਰਿਹਾ ਸੀ। ਆਪ ਇਹ ਭਾਵੇਂ ਹੈ ਤਾਂ ਪੱਕੀ ਉਮਰ ਦਾ ਸੀ ਪਰ ਇਸਨੇ ਗੁਲਬਦਨ ਨੂੰ ਰੋਕੜਾ ਦੇ ਫਰਜ਼ਾਨਾ ਨੂੰ ਖ੍ਰੀਦ ਲਿਆ। ਗੁਲਬਦਨ ਨੇ ਵਾਲਟਰ ਨੂੰ, ਫਰਜ਼ਾਨਾ ਦੇ ਸ਼ੀਲ-ਯੁਕਤ ਕੰਵਾਰੀ ਹੋਣ ਦਾ ਯਕੀਨ ਦਿੱਤਾ ਕਿ ਉਸਦੀ ਬੇਟੀ ਸਦਾ ਉਸਦੀ ਨਜ਼ਰ ਹੇਠ ਹੀ ਰਹੀ ਹੈ। ਵਾਲਟਰ, ਫਰਜ਼ਾਨਾ ਨੂੰ ਆਗਰੇ ਲੈ ਆਇਆ।

 

ਆਗਰੇ ਪੁੱਜਣ ਸਾਰ ਹੀ ਫਰਜ਼ਾਨਾ ਨੇ ਘੋੜ-ਸਵਾਰੀ ਸਿੱਖ ਲਈ ਅਤੇ ਆਂਪਣੇ ਖਾਂਵੰਦ ਦੇ ਕਾਰੋਬਾਰ ਵਿੱਚ ਹੱਥ ਵਟਾਉਣ ਲੱਗੀ। ਉਸਨੇ ਅੰਗ੍ਰੇਜ਼ੀ ਜ਼ਬਾਨ ਨੂੰ ਬੋਲਣਾ ਅਤੇ ਲਿਖਣਾ ਸਿੱਖ ਲਿਆ, ਮਗਰੋਂ ਜਾ ਕੇ ਭਾਖਾ ਦਾ ਇਹੁ ਗਿਆਨ ਉਸਦੇ ਬਹੁਤ ਕੰਮ ਆਉਣ ਵਾਲਾ ਸਾਬਿਤ ਹੋਇਆ। ਉਹ ਆਪਣੀ ਫ਼ੌਜ ਦੇ ਸਿਪਾਹੀ ਤੋਂ ਆਫ਼ਿਸਰ ਤੱਕ ਸਭਦਾ ਖ਼ਿਆਲ ਰੱਖਦੀ ਅਤੇ ਸ਼ੀਘਰ ਹੀ ਉਸਨੇ ਸਭਿ ਜਨਾਂ ਦਾ ਦਿਲ ਜਿੱਤ ਲਿਆ। ਉਹ ਵਾਲਟਰ ਨਾਲ ਰਣ-ਤੱਤੇ ਵਿੱਚ ਭੀ ਪੁੱਜ ਜਾਂਦੀ। ਇਸ ਨਾਲ ਉਸਨੇ ਕਈ ਰਣ-ਨੀਤੀਆਂ ਦੀ ਸਮਝ ਭੀ ਸਾਧ ਲਈ। ਉਹ ਕਿਸੇ ਮਨੁੱਖ ਵਾਙ ਹੀ ਕਪੜੇ ਪਹਿਨਦੀ, ਉਸਦੇ ਲੱਕ ਤਲਵਾਰ ਅਤੇ ਸਿਰ ਉੱਪਰ ਪੱਗੜੀ ਹੁੰਦੀ। ਉਸਨੇ ਸਾਰੀਆਂ ਲੜਾਈਆਂ ਵਿੱਚ ਸ਼ਾਹੀ ਲਾਮ-ਲੱਤਾ ਪਹਿਨੇ ਹੋਏ ਹੀ ਭਾਗ ਲਿਆ। ਸਾਰੇ ਹਿੰਦੁਸਤਾਨੁ ਵਿੱਚ ਉਸਦੀ ਭੱਲ ਉਸ ਬਹਾਦਰ ਸਿਪਾਹੀ ਵਾਲੀ ਬਣ ਗਈ ਜਿਸਦਾ ਸਾਰੇ ਸੂਝਵਾਨ ਹੋਣ ਵਜੋਂ ਭੀ ਸਤਿਕਾਰ ਕਰਦੇ ਹਨ।

 

ਦਿੱਲੀ ਤਖ਼ਤ ਤੇ ਬੈਠੇ ਬਾਦਸ਼ਾਹ, ਸ਼ਾਹ ਆਲਮ – ਦੋਇਮ, ਨੇ ਵਾਲਟਰ ਨੂੰ ਸੰਦੇਸ਼ ਭੇਜਿਆ। ਵਾਲਟਰ ਅਤੇ ਫਰਜ਼ਾਨਾ ਉਸਨੂੰ ਲਾਲ ਕਿਲ੍ਹੇ ਵਿੱਚ ਜਾ ਕੇ ਮਿਲੇ। ਵਾਲਟਰ ਨੇ ਬਾਦਸ਼ਾਹ ਅੱਗੇ ਜਾਗੀਰ ਦੀ ਮੰਗ ਰੱਖੀ, ਇਸੀ ਦੌਰਾਨ ਫਰਜ਼ਾਨਾ ਨੇ ਮਲਕਾ ਨਾਲ ਗਾੜ੍ਹੀ ਦੋਸਤੀ ਗੰਢ ਲਈ। ਮਲਕਾ ਨੇ ਜਾਗੀਰ ਦਿੱਤੇ ਜਾਣ ਦੀ ਦਰਖ਼ਾਸਤ ਕਰ ਦਿੱਤਾ। ਆਖਿਰਕਾਰ ਬਾਦਸ਼ਾਹ ਨੇ ਮੇਰਠ ਕੋਲ ਯਮੁਨਾ ਕਿਨਾਰੇ ਪੈਂਦੇ ਪਿੰਡ ਸਰਧਾਣਾ ਦੇ ਲਾਗੇ ਬੰਨੇ ਦੀ ਜ਼ਮੀਨ ਵਾਲਟਰ ਨੂੰ ਜਾਗ਼ੀਰ ਵਜੋਂ ਦੇ ਦਿੱਤੀ। ਉਸ ਸਮੇ ਆਗਰੇ ਵਿੱਚ ਜੋ ਮੁੱਠੀ ਭਰ ਈਸਾਈ ਰਹਿੰਦੇ ਸਨ ਉਨ੍ਹਾਂ ਦੇ ਇੱਕ ਛੋਟਾ ਜਿਹਾ ਚਰਚ ਬਣਾਇਆ ਹੋਇਆ ਸੀ। ਫਰਜ਼ਾਨਾ ਇੱਥੇ ਸੇਵਾ ਕਰਨ ਲੱਗੀ ਅਤੇ ਛੇਤੀ ਹੀ ਇਹ ਇਸ ਈਸਾਈ-ਭਾਈਚਾਰੇ ਦਾ ਹਿੱਸਾ ਬਣ ਗਈ। ਵਾਲਟਰ ਨੇ ਆਗਰੇ ਵਿੱਚ ਹੀ ਇੱਕ ਜ਼ਮੀਨ ਦਾ ਟੋਟਾ ਹੱਥ ਹੇਠ ਕਰਕੇ ਇਸ ਵਿੱਚ ਫਰਜ਼ਾਨਾ ਲਈ ਖ਼ੂਬਸੂਰਤ ਘਰ ਬਣਾ ਦਿੱਤਾ।

 

ਥੋੜ੍ਹਾ ਚਿਰ ਬਿਮਾਰ ਰਹਿਣ ਮਗਰੋਂ ਵਾਲਟਰ ਸਤਾਰਾਂ ਸੌ ਅਠੱਤਰ 1778 ਵਿੱਚ ਕਾਲਵੱਸ ਹੋ ਗਿਆ। ਆਪਣੇ ਪਿੱਛੇ ਉਹ ਛੱਡ ਗਿਆ ਵੱਡੀ ਸਾਰੀ ਜਾਗੀਰ ਅਤੇ ਧੰਨ ਦੌਲਤ ਦਾ ਇੱਕ ਵੱਡਾ ਸਾਰਾ ਢੇਰ ਜੋ ਉਸਨੇ ਲਾਗਲੇ ਇਲਾਕਿਆਂ ਵਿੱਚ ਧਾਵੇ ਮਾਰ ਲਾਇਆ ਸੀ। ਵਾਲਟਰ ਦੀ ਮੌਤ ਨਾਲ ਉਸਦੀ ਵਿਰਾਸਤ ਦਾ ਸਵਾਲ ਉੱਠ ਖੜ੍ਹਿਆ। ਉਸਦੇ ਪਹਿਲੇ ਵਿਆਹ ਤੋਂ ਇੱਕ ਨਕਾਰਾ ਜਿਹਾ ਪੁੱਤ੍ਰ ਸੀ। ਫਰਜ਼ਾਨਾ ਨੂੰ ਸਾਰੇ ਫ਼ੌਜੀ, ਕਰਿੰਦੇ ਅਤੇ ਆਫ਼ਿਸਰ ਬੇਗ਼ਮ ਸਮਰੂ ਵਜੋਂ ਜਾਂਦੇ ਸਨ ਅਤੇ ਸਾਰੇ ਹੀ ਉਸਦੀ ਇਜ਼ਤ ਕਰਦੇ ਸਨ ਅਤੇ ਉਸ ਉੱਪਰ ਮਾਣ ਕਰਦੀ ਸਨ। ਵਾਲਟਰ ਦੀ ਵਿਰਾਸਤ ਦੇ ਝੇੜੇ ਦੀ ਖ਼ਬਰ ਦਿੱਲੀ ਦੇ ਵਜ਼ੀਰ ਨਜ਼ਫ਼ ਖ਼ਾਨ ਤੱਕ ਪੁਜੀ। ਉਸਨੇ ਬਾਦਸ਼ਾਹ ਨਾਲ ਮਸ਼ਵਰਾ ਕਰ, ਵਾਰਿਸੀ ਹੱਕ ਬੇਗਮ ਸਮਰੂ ਨੂੰ ਦਿਵਾ ਦਿੱਤੇ ਅਤੇ ਸਰਧਾਣਾ ਦੀ ਜਾਗੀਰ ਬਾਦਸ਼ਾਹ ਦੁਆਰਾ ਬੇਗ਼ਮ ਸਮਰੂ ਦੇ ਨਾਵੇਂ ਕਰ ਦਿੱਤੀ।

ਮੁਗ਼ਲ ਰਾਜ ਵਿੱਚ ਇਹ ਪਹਿਲੇ ਵੇਰਾਂ ਹੋਇਆ ਸੀ ਕਿ ਕਿਸੇ ਤ੍ਰੀਮਤ ਨੂੰ ਜਾਗੀਰ ਦਿੱਤੀ ਗਈ ਸੀ ਜੋ ਆਪਣੀ ਫ਼ੌਜ ਦੀ ਜਰਨੈਲ ਭੀ ਸੀ। ਇਸ ਅਹਿਸਾਨ ਬਦਲੇ ਬਾਦਸ਼ਾਹ ਨੇ ਕਿਹਾ ਕਿ ਉੱਤਰ ਵੱਲ ਦੇ ਇਲਾਕ਼ੇ ਵਿੱਚ “ਸਿੱਖਾਂ ਉੱਪਰ ਤਾੜਵੀਂ ਨਜ਼ਰ” ਰੱਖੇ।

ਬੇਗ਼ਮ ਸਮਰੂ ਨੇ ਸ਼ੀਘ੍ਰ ਤੋਂ ਭੀ ਪਹਿਲੇ ਜਾਗੀਰ ਦਾ ਸਾਰਾ ਰੱਖ-ਰਖਾਉ ਆਂਪਣੇ ਹੱਥ ਲੈ ਲਿਆ ਅਤੇ ਸੂਝ ਵਾਲੇ ਫ਼ੈਸਲੇ ਲੈ, ਉਨ੍ਹਾਂ ਉੱਪਰ ਅਮਲ ਕਰ, ਥੋੜ੍ਹੇ ਸਮੇਂ ਵਿੱਚ ਹੀ ਆਪਣੀ ਜਾਗੀਰ ਦੀ ਆਮਦਨ ਨੂੰ ਦੁੱਗਣਾ ਕਰ ਦਿੱਤਾ।

 

ਬੇਗ਼ਮ ਸਮਰੂ ਦੂਰ-ਦ੍ਰਿਸ਼ਟੀ ਵਾਲੀ ਖ਼ਾਤੂਨ ਸੀ। ਉਸਨੇ ਕੰਧ ਉੱਪਰ ਲਿਖੀ ਇਬਾਰਤ ਨੂੰ ਸਹੀ-ਸ਼ਹੀ ਪੜ੍ਹ ਲਿਆ ਕਿ ਅੱਜ ਜਾਂ ਭਲਕ, ਫ਼ਿਰੰਗੀ ਦਾ ਕਬਜ਼ਾ ਸਾਰੇ ਹਿੰਦੋਸਤਾਨ ਉੱਪਰ ਹੋਵੇਗਾ। ਇਸ ਦਿਸ਼ਾ ਵਿੱਚ ਪਹਿਲਾ ਕਦਮ ਜੋ ਉਸਨੇ ਲਿਆ ਉਹ ਸੀ ਸੱਤ ਮਈ, ਸਤਾਰਾਂ ਸੌ ਇੱਕਾਸੀ May 07, 1781 ਨੂੰ ਧਰਮ-ਪ੍ਰੀਵਰਤਨ ਕਰ ਈਸਾਈ ਧਰਮ ਵਿੱਚ ਪ੍ਰਵੇਸ਼ ਕਰਨਾ।

 

ਇਧਰ ਇਹ ਚਲ ਰਿਹਾ ਸੀ ਉੱਧਰ ਦਿੱਲੀ ਦਾ ਖ਼ਸਤਾਹਾਲ ਸਿੰਘਾਸਨ ਦਿਨੋਂ ਦਿਨ ਭੁਰਦਾ ਰਿਹਾ। ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਮਹਾਦੇਉ ਛਿੰਦੇ/ਸਿੰਧੀਆ ਨੂੰ ਮੰਤਰੀ ਬਣਾ ਕੇ ਫ਼ੌਜ ਦਾ ਕਮਾਂਡਰ ਥਾਪ ਦਿੱਤਾ ਸੀ। ਸਿੰਧੀਆ ਕਈ ਸਾਰੀਆਂ ਫ਼ੌਜੀ ਕਾਰਵਾਈਆਂ ਬੇਗਮ ਸਮਰੂ ਨੂੰ ਹੀ ਸੌਂਪਦਾ ਸੀ। ਇੱਕ ਵੇਰਾਂ ਜਦੋਂ ਰੋਹੀਲਾ ਸ੍ਰਦਾਰ ਗ਼ੁਲਾਮ ਕਾਦਿਰ ਦਿੱਲੀ ਵੱਲ ਵੱਧ ਰਿਹਾ ਸੀ ਤਾਂ ਇਸਦੀ ਖ਼ਬਰ ਬੇਗ਼ਮ ਨੂੰ ਹੋਈ, ਉਸਨੇ ਉਸੇ ਪਲ ਯਮੁਨਾ ਨਦੀ ਦੇ ਪੱਛਮੀ ਕੰਢੇ ਉੱਪਰ ਹਿਫ਼ਾਜ਼ਤ ਲਈ ਥਾਵਾਂ ਮੱਲ ਲਈਆਂ। ਗ਼ੁਲਾਮ ਕਾਦਿਰ, ਬੇਗ਼ਮ ਸਮਰੂ ਨੂੰ ਮਿਲਿਆ ਅਤੇ ਆਹਰ ਹੋ ਇਸਨੂੰ ਸੁਲਾਹ ਦਿਤੀ ਕਿ ਉਹ ਉਸ ਨਾਲ ਮਿਲਕੇ ਬਾਦਸ਼ਾਹ ਨੂੰ ਖ਼ਤਮ ਕਰ, ਸਾਂਝੇ ਤੌਰ ਉੱਪਰ ਦਿੱਲੀ ‘ਤੇ ਰਾਜ ਕਰਨ।
ਇਹ ਸੁਣ ਬੇਗ਼ਮ ਦਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ ਅਤੇ ਉਸਨੇ ਉਸੇ ਸਮੇਂ ਆਪਣੀਆਂ ਤੋਪਾਂ ਦੇ ਮੂੰਹ ਗ਼ੁਲਾਮ ਕਾਦਿਰ ਦੇ ਉਤਾਰੇ/ਕੈਂਪ ਵੱਲ ਖੋਲ੍ਹ ਦਿੱਤੇ। ਗ਼ੁਲਾਮ ਕਾਦਿਰ ਭੱਜ ਨਿਕਲਿਆ ਅਤੇ ਇਸ ਵਕੂਏ ਕਾਰਨ ਬਾਦਸ਼ਾਹ ਦੇ ਦਿਲ ਵਿੱਚ ਪੱਕੀ ਥਾਂ ਬਣ ਗਈ।

 

ਯਮੁਨਾ ਪਾਰ ਦਾ ਸਾਰਾ ਇਲਾਕਾ ਸ੍ਰ. ਬਘੇਲ ਸਿੰਘ ਅਤੇ ਉਸਦੇ ਸਾਥੀਆਂ ਦੀ ਮੁੱਠੀ ਵਿੱਚ ਸੀ। ਇੱਕ ਦਿਨ ਦੋ ਸਿੱਖ ਘੋੜਸ੍ਵਾਰ ਦੌਰੇ ‘ਤੇ ਸਨ ਕਿ ਬੰਦੂਕਾਂ ਵਾਲੇ ਚਾਰ ਮੁਸਲਮਾਨ ਉਨ੍ਹਾਂ ਦੀ ਨਜ਼ਰੀਂ ਪਏ ਜੋ ਇੱਕ ਪਾਲਕੀ ਚੁੱਕੀ ਜਾ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਆਪਣੀ ਹਵਸ ਬੁਝਾਉਣ ਲਈ ਮੁਸਲਮਾਨਾਂ ਵੱਲੋਂ ਹਿੰਦੂ ਔਰਤਾਂ ਦਾ ਅਗਵਾ ਕਰਨਾ ਇੱਕ ਆਮ ਸ਼ੁਗਲ ਸੀ। ਸਿੱਖ-ਸ੍ਵਾਰਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਜਾ ਪਾਲਕੀ ਵਾਲੇ ਘੇਰੇ। ਚਾਰੇ ਕੁਹਾਰ ਆਪਣੇ ਹਥਿਆਰ ਅਤੇ ਪਾਲਕੀ ਧਰਤੀ ‘ਤੇ ਰੱਖ ਰਫੂ-ਚਕ੍ਰ ਹੋ ਗਏ। ਸਿੱਖ ਜਦੋਂ ਪਾਲਕੀ ਲਗੇ ਢੁੱਕੇ ਤਾਂ ਸ਼ਾਹੀ ਖ਼ਾਨਦਾਨ ਦੀ ਬਲਾ ਦੀ ਖ਼ੂਬਸੂਰਤ ਖ਼ਾਤੂਨ ਨੇ ਪਰਦਾ ਹਟਾਇਆ। ਸਿੱਖਾਂ ਨੂੰ ਵੇਖ ਉਸਦੀ ਖ਼ਾਨਿਓਂ ਗਈ। ਸਿੱਖਾਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਬੇਗ਼ਮ ਸਮਰੂ ਹੈ, ਸਰਧਾਣਾ ਦੇ ਜਾਗੀਰਦਾਰ ਫ਼ਿਰੰਗੀ ਜਰਨੈਲ ਦੀ ਬੀਵੀ। ਇਸਨੇ ਅੱਗੇ ਦੱਸਿਆ ਕਿ ਭੱਜਣ ਵਾਲੇ ਇਸੇ ਦੇ ਕਰਿੰਦੇ ਸਨ। ਸਿੱਖਾਂ ਉਸੇ ਵੇਲੇ ਘੋੜੇ ਦੌੜਾਏ ਅਤੇ ਚਾਰਾਂ ਨੂੰ ਪਲਾਂ ਵਿੱਚ ਹੀ ਉਨ੍ਹਾਂ ਦਾ ਅਧੂਰਾ ਕੰਮ ਪੂਰਾ ਕਰਨ ਲਈ ਹਿੱਕ ਲਿਆਏ। ਉਨ੍ਹਾਂ ਪਾਲਕੀ ਚੁੱਕ ਸਰਧਾਣੇ ਲੈ ਆਂਦੀ।

 

ਬੇਗ਼ਮ, ਸਿੱਖਾਂ ਦੇ ਇਸ ਅੰਤਾਂ ਦੇ ਕ੍ਰਿਪਾਲੂ ਅਤੇ ਕਰੁਣਾਲੂ ਵਿਉਹਾਰ ਨਾਲ ਹੱਕੀ-ਬੱਕੀ ਰਹਿ ਗਈ, ਕਿਉਂਕਿ ਉਸਨੇ ਸਿੱਖਾਂ ਬਾਰੇ ਜੋ ਭੀ ਸੁਣਿਆ ਸੀ ਇਹ ਉਸਤੋਂ ਭਿੰਨ ਹੀ ਨਹੀਂ ਸਗਲਾ ਉਲਟ ਸੀ। ਸਿੱਖਾਂ ਦੱਸਿਆ ਕਿ ਉਹ ਬਘੇਲ ਸਿੰਘ ਦੀ ਫੌਜ ਦੇ ਸਿਪਾਹੀ ਹਨ। ਬੇਗਮ ਸਮਰੂ ਇਸ ਸਰਦਾਰ ਨੂੰ ਮਿਲਣਾ ਚਾਹੁੰਦੀ ਸੀ, ਉਸਨੇ ਤੁਰੰਤ ਇਹ ਖ਼੍ਵਾਹਿਸ਼ ਜ਼ਾਹਿਰ ਕਰਨ ਲਈ ਆਪਣਾ ਇੱਕ ਕਾਰਿੰਦਾ ਸਿੱਖਾਂ ਨਾਲ ਭੇਜ ਦਿੱਤਾ। ਥੋੜ੍ਹੇ ਦਿਨਾਂ ਦੀ ਵਿੱਥ ਮਗਰੋਂ ਹੀ, ਪਹਿਲੋਂ ਨਿਸ਼ਚਿਤ ਕੀਤੇ ਥਾਂ ‘ਤੇ ਦੋਵੇਂ ਮਿਲੇ ਅਤੇ ਸਹੁੰ ਖਾਧੀ ਕਿ ਤਾ-ਉਮਰ ਦੋਵੇਂ ਇੱਕ ਦੂਜੇ ਦੇ ਭੈਣ-ਭਰਾ ਰਹਿਣਗੇ। ਬੇਗ਼ਮ ਸਮਰੂ ਨੇ ਚੋਟੀ ਦੀ ਨਸਲ ਦੇ ਸਿਧਾਏ ਹੋਏ ਘੋੜਿਆਂ ਦੀ ਜੋੜੀ ਅਤੇ ਇੱਕ ਹਜ਼ਾਰ ਰੁਪਿਆ ਨਕਦ ਦਾ ਤੋਹਫ਼ਾ, ਬਘੇਲ ਸਿੰਘ ਨੂੰ, ਦਿੱਤਾ।

 

ਸਤਾਰਾਂ ਸੌ ਤੇਰਾਸੀ 1783 ਵਿੱਚ ਜਦੋਂ ਬਘੇਲ ਸਿੰਘ ਦਿੱਲੀ ਮੱਲ ਬੈਠਾ ਤਾਂ ਬਾਦਸ਼ਾਹ ਨੇ ਬੇਗ਼ਮ ਸਮਰੂ ਨੂੰ ਹੀ ਵਿਚੋਲਗੀ ਲਈ ਬੁਲਾਵਾ ਘੱਲਿਆ। ਇਹ ਬੇਗ਼ਮ ਸਮਰੂ ਹੀ ਸੀ ਜਿਸਨੇ ਵਿਚਕਾਰ ਹੋ ਸਮਝੌਤਾ ਕਰਵਾਇਆ ਅਤੇ ਸਮਝੌਤੇ ਦੀ ਹਰ ਮੱਦ ਦੀ ਬਾਰੀਕ ਤੋਂ ਬਾਰੀਕ ਡਿਟੇਲ ਵਿੱਚ ਦਖ਼ਲ ਰੱਖ, ਬਾਦਸ਼ਾਹ ਤੋਂ ਅਹਿਦ ਕਰਵਾਇਆ ਅਤੇ ਦਿੱਲੀ ਵਿੱਚ ਸੱਤ ਗੁਰੂਦੁਆਰੇ ਉਸਾਰੇ ਜਾਣ ਤੱਕ ਨਜ਼ਰ ਰੱਖੀ ਕਿ ਅਹਿਦਨਾਮਾ ਟੁੱਟੇ ਨਾ ਅਤੇ ਕੋਈ ਸਿਆਪਾ ਭੀ ਨ ਹੋਵ।

 

ਇਸ ਹਰ ਉਹ ਸਹੂਲਿਆਤ ਮੁੱਹਈਆ ਕੀਤੇ-ਕਰਵਾਏ ਜਿਸ ਨਾਲ ਅਹਿਦਨਾਮੇ ਦੀ ਮੱਦ ਕਿ ਬਘੇਲ ਸਿੰਘ ਛੇ ਆਨਾ ਫ਼ੀ ਰੁਪਿਆ, ਗੁਰੂਦੁਆਰਿਆਂ ਦੀ ਉਸਾਰੀ ਹਿੱਤ, ਕਰ ਵਸੂਲ ਸਕਦਾ ਹੈ। ਇਹ ਉਸ ਘਹਦੀ ਤੱਕ ਮੁਆਮਲੇ ਦੇ ਸਿਰ ਰਹੀ ਜਦੋਂ ਤੱਕ ਗੁਰੂਦੁਆਰਿਆਂ ਦੀਆਂ ਇਮਾਰਤਾਂ ਉੱਸਰ ਨਹੀਂ ਗਈਆਂ ਅਤੇ ਸਿੱਖ, ਪੰਜਾਬ ਜਾਣ ਨੂੰ ਰਵਾਨਗੀ ਵਿੱਢਣ ਲਈ ਰਾਜ਼ੀ ਨ ਹੋ ਗਏ।

 

ਸਤਾਰਾਂ ਸੌ ਅੱਠਾਸੀ 1788 ਵਿੱਚ, ਜਦੋਂ ਬੇਗਮ ਸਮਰੂ ਨੂੰ ਖ਼ਬਰ ਹੋਈ ਕਿ ਕਿਵੇਂ ਗ਼ੁਲਾਮ ਕਾਦਿਰ ਨੇ ਧੋਖੇ ਨਾਲ ਲਾਲ ਕਿਲੇ ‘ਤੇ ਕ਼ਬਜ਼ਾ ਕਰ, ਬਾਦਸ਼ਾਹ ਅਤੇ ਸ਼ਾਹੀ ਪਰਿਵਾਰ ਦੇ ਹਰ ਜੀਅ ਨੂੰ ਜ਼ਲੀਲ-ਓ-ਰੁਸਵਾ ਕੀਤਾ ਅਤੇ ਬਾਦਸ਼ਾਹ ਦੀ ਜ਼ਾਤ ਉੱਪਰ ਤਸ਼ੱਦਦ ਕਰਦਿਆਂ ਉਸਦੀਆਂ ਦੋਵੇਂ ਅੱਖਾਂ ਭੰਨ ਕੇ ਉਸਨੂੰ ਅੰਨ੍ਹਾ ਕਰ ਦਿੱਤਾ ਹੈ ਤਾਂ ਇਹ ਸਿੰਧੀਆ ਨੂੰ ਮਿਲੀ ਅਤੇ ਅਤੇ ਉਸਦੀ ਇਮਦਾਦ ਨਾਲ ਗ਼ੁਲਾਮ ਕਾਦਿਰ ਨੂੰ ਬੰਦੀ ਬਣਾਇਆ ਅਤੇ ਉਸਨੂੰ ਬਾਦਸ਼ਾਹ ਦੇ ਪੇਸ਼ ਕਰ ਉਸਦੇ ਕੀਤੇ ਦੀ ਉਸਨੂੰ ਕਈ ਗੁਣਾ ਵੱਧ ਤਾਬ ਨਾਲ ਸਜ਼ਾ ਦਿੱਤੀ

 

ਬ੍ਰਿਟਿਸ਼ ਅਠਾਰਾਂ ਸੌ ਤਿੰਨ 1803 ਵਿੱਚ ਦਿੱਲੀ ‘ਤੇ ਕਾਬਿਜ਼ ਹੋਏ। ਇਸ ਵੇਲੇ ਤੱਕ ਬੇਗ਼ਮ ਸਮਰੂ, ਅੰਗ੍ਰੇਜ਼ੀ ਜ਼ਬਾਨ ਲਿਖਣ ਵਿੱਚ ਪੂਰੀ ਮੁਹਾਰਿਤ ਹਾਸਿਲ ਕਰ ਚੁੱਕੀ ਸੀ ਅਤੇ ਬ੍ਰਤਾਨਵੀ ਲਹਿਜ਼ੇ ਵਿੱਚ ਰਵਾਨਗੀ ਨਾਲ ਬੋਲਦੀ ਸੀ। ਇਸ ਨਵੇਂ ਹੁਨਰ ਨਾਲ ਇਸ ਸ਼ਖ਼ਸੀਅਤ ਨੇ ਬਹੁਤ ਸਾਰੇ ਉੱਚ-ਆਫ਼ੀਸਰਾਂ ਨਾਲ ਦੋਸਤੀ ਗੰਢ ਲਈ। ਇਸਨੇ ਬਾਦਸ਼ਾਹ ਦੇ ਖ਼ਾਨੇ ਪਾ ਦਿੱਤਾ ਕਿ ਗੋਰੇ ਨਾਲ ਸਮਝੌਤਿਆਂ ਵਿੱਚ ਇਹ ਉਸਦੀ ਮੱਦਦ ਕਰ ਸਕਦੀ ਹੈ। ਇਸਨੇ ਦਿੱਲੀ ਵਿੱਚ ਆਪਣੀ ਰਹਾਇਸ਼ ਉਸਾਰਨ ਲਈ ਜ਼ਮੀਨ ਦੀ ਮੰਗ ਰੱਖੀ ਕਿਉਂਕਿ ਹੁਣ ਤੋਂ ਬਾਅਦ ਉਸਨੂੰ ਕਾਫ਼ੀ ਤੋਂ ਜ਼ਿਆਦਾ ਸਮਾਂ ਦਿੱਲੀ ਹੀ ਗੁਜ਼ਾਰਨਾ ਪੈਣਾ ਸੀ। ਬਾਦਸ਼ਾਹ ਨੇ ਉਸਨੂੰ ਚਾਂਦਨੀ ਚੌਕ ਵਿੱਚ ਜਗ੍ਹਾ ਦੇ ਦਿੱਤੀ। ਇਸ ਥਾਵੇਂ ਸਮਰੂ ਦੀ ਬਣਾਈ ਠਾਠਦਾਰ ਹਵੇਲੀ ਅੱਜ ਭੀ ਖੜ੍ਹੀ ਹੈ। ਇਸ ਆਲੀਸ਼ਨ ਇਮਾਰਤ ਵਿੱਚ ਇਹ, ਜਾਭਾਂ ਧਰਤੀ ਤੱਕ ਥੱਲੇ ਸੁੱਟਣ ਵਾਲੀਆਂ ਪਾਰਟੀਆਂ ਕਰਦੀ ਅਤੇ ਦਾਵਤ ਕਬੂਲਣ ਵਾਲੇ ਮਹਿਮਾਨ ਫ਼ਿਰੰਗੀ ਉੱਚ-ਆਫ਼ਿਸਰ ਇਸਦੀ ਕਿਸੇ ਭੀ ਮੰਗ, ਸੁਝਾਉ ਨੂੰ ਨਾਂਹ ਨ ਕਰ ਪਾਉਂਦੇ।

 

ਜਰਨੈਲ ਫ੍ਰਾਂਸਿਸ ਹੈਜ਼ਟਿੰਗਜ਼ ( General Francis Hastings ) ਈਸਟ-ਇੰਡੀਆ ਕੰਪਨੀ ਵਲੋਂ ਨਵਾਂ-ਨਿਕੋਰ ਕੰਪਨੀ-ਗਵਰਨਰ ਨਿਯੁਕਤ ਹੋਇਆ ਸੀ। ਉਹ ਦਿੱਲੀ ਆਇਆ ਤਾਂ ਬੇਗਮ ਸਮਰੂ ਨੂੰ ਮਿਲਿਆ। ਇਹ ਉਸਨੂੰ ਮੇਰਠ ਘੁੰਮਾਉਣ ਲੈ ਗਈ। ਉੱਥੇ ਇਸਨੇ ਉਹਨੂੰ ਪੁਰਾਣਾ ਚਰਚ ਵਿਖਾਇਆ ਅਤੇ ਨਵੇਂ ਚਰਚ ਦੀ ਉਸਾਰੀ ਤਜ਼ਵੀਜ਼ੀ। ਬੇਗ਼ਮ ਸਮਰੂ ਨੇ ਆਪਣੇ ਖ਼ਰਚ ‘ਤੇ, ਸਰਧਾਣੇ ਆਪਣੀ ਜਾਗੀਰ ਵਿੱਚ, ਇੱਕ ਭਵਯ ਚਰਚ ਬਣਵਾਇਆ, ਜੋ ਅੱਜ ਭੀ ਖੜ੍ਹਾ ਹੈ।

 

ਬੇਗ਼ਮ ਸਮਰੂ ਦੇ ਨਾਮ ਨਾਲ ਹੁਣ ਨਵੇਂ ਲਕਬ-ਓ-ਖ਼ਿਤਾਬ ਆ ਜੁੜੇ ਸਨ, ਹੁਣ ਉਹ ਜੌਆਨਾ ਨੋਬਲਜ਼ ਸੌਂਬਰ ਜੈਬੁਨ ਨਿਸ਼ਾ ਬੇਗ਼ਮ ( Joana Nobles Somber Jebun Nisa Begum ) ਸੀ। ਪੂਰੇ ਹਿੰਦੁਸਤਾਨ ਵਿੱਚ ਇਹ ਇੱਕ-ਮਾਤ੍ਰ ਈਸਾਈ ਜਰਨੈਲ ਸੀ ਜੋ ਇੱਕ ਤ੍ਰੀਮਤ ਸੀ।

 

ਜਦੋਂ ਅਠਾਰਾਂ ਸੌ ਛੱਤੀ 1836 ਵਿੱਚ ਇਸਨੇ ਕ਼ੈਦ-ਏ-ਹਿਯਾਤਿ ਤੋਂ ਨਿਜ਼ਾਤ ਪਾਈ ਤਾਂ ਇਸਨੂੰ ਇਸੇ ਦੁਆਰਾ ਤਾਮੀਰ ਕਰਵਾਏ ਚਰਚ ਵਿੱਚ ਦਫ਼ਨ ਕੀਤਾ ਗਿਆ।

 

ਭਾਵੇਂ ਸਾਰੀ ਜ਼ਿੰਦਗੀ ਇਸਨੇ ਕੋਈ ਪ੍ਰਸਿੱਧ ਜੰਗ ਨਹੀਂ ਲੜੀ ਪਰ ਇਹ ਤਾ-ਉਮਰ ਬਾਦਸ਼ਾਹ ਦੀ ਖ਼ਿਦਮਤਗਾਰ ਰਹੀ। ਜਦੋਂ ਭੀ ਬਾਦਸ਼ਾਹ ‘ਤੇ ਕੋਈ ਹਲਕੀ ਜਾਂ ਭਾਰੀ ਮੁਸੀਬਤ ਦੀ ਭਿਣਕ ਇਸਦੇ ਕੰਨੀਂ ਪੈਂਦੀ, ਇਹ ਉੱਡ ਕੇ ਦਿੱਲੀ ਪੁੱਜਣ ਦੀ ਕਰਦੀ ਅਤੇ ਉਸਨੂੰ ਜੋ ਭੀ ਮੱਦਦ ਲੋੜੀਂਦੀ ਹੁੰਦੀ ਇਹ ਉਸਦੇ ਪੱਲੇ ਖੜ੍ਹਦੀ।

 

ਇਸਦਾ ਮਾਣ-ਇਹਤਿਰਾਮ ਉੱਚਾ ਸੀ। ਸਾਰੇ ਇਸਨੂੰ ਉੱਚ-ਕੋਟਿ ਮਨੁੱਖ ਮੰਨਦੇ ਸਨ; ਬੁਲੰਦ ਬੁੱਧਿ, ਚਤੁਰ ਤੇ ਹੰਢੀ ਹੋਈ ਰਾਜਨੀਤਿਕ ਸੂਝ ਅਤੇ ਅਡਿੱਗ ਹੌਸਲੇ ਵਾਲਾ ਮਨੁੱਖ – ਇੱਕ ਤ੍ਰੀਮਤ।

 

 

ਬੇਗ਼ਮ ਸਮਰੂ ਉੱਪਰ ਇਤਿਹਾਸ ਦੀ ਕਿਤਾਬ ਵਿੱਚੋਂ ਇੱਕ ਚੈਪਟਰ/ਕਾਂਡ,

ਕਰਨਲ ਅਵਤਾਰ ਸਿੰਘ ਬੇਰਾਰ ( COL. Avtar Singh Berar )
ਦੀ ਪੁਸਤਕ

“The Great Sikh Warrior BAGHEL SINGH”
ਵਿੱਚੋਂ

“ਬੇਗ਼ਮ ਸਮਰੂ”

ਨਾਮੀ ਚਾਰ ਪੰਨੇ।
ਅਨੁਵਾਦ: ਦਲਵੀਰ ਗਿੱਲ

 

 

 

 

 

 

Categories: ਮਾਈ ਮੋਰਾਂ, ਸਮਰੂ ਬੇਗ਼ਮ, Dalvir Gill, Just Saying, Translations | Tags: , , , , , , | Leave a comment

Harjindermeet n srhknama


Categories: ਡਾ: ਹਰਜਿੰਦਰਮੀਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਮਾਈ ਮੋਰਾਂ, Dr. HarjinderMeet Singh, Hárjinderméet Singh, Review | Tags: , , , | Leave a comment

IMHO


ਜ਼ਬਤ ਦਾ ਸ਼ਾਹ – ਮਹਾਰਾਜਾ ਰਣਜੀਤ ਸਿੰਘ


ਅਜੇ ਕੱਲ ਤੱਕ, ਵੱਡੇ-ਵੱਡੇ ਘਰਾਂ ਦੇ ਮੁਸਲਮਾਨ ਨਵਾਬ, ਆਪਣੀਆਂ ਧੀਆਂ ਨੂੰ ਤਵਾਇਫਾਂ ਕੋਲ ਭੇਜਿਆ ਕਰਦੇ ਸਨ, ਉੱਠਣ-ਬੈਠਣ ਦਾ ਸ਼ਾਊਰ ਸਿੱਖਣ ਲਈ।
ਨਾਚ-ਗਾਣਾ ਸੁਣਨਾ ਅਤੇ ਇਸ ਲਈ ਖ਼ਾਸ ਤੌਰ ਉੱਪਰ ਮਕਾਨ ਹੀ ਨਹੀਂ ਮੁਹੱਲਿਆਂ ਦੇ ਮੁਹੱਲੇ ਉਸਾਰਨੇ ( ਜੋ ਤਾਕ਼ਤ ਖੁੱਸਣ ‘ਤੇ ਰੈੱਡ-ਲਾਈਟ ਏਰੀਆ ਬਣੇ, ਕਈ ਥਾਵੀਂ ਅੱਜ ਤੱਕ ਚੱਲਦੇ ਹਨ ); ਇੱਕ ਤੋਂ ਵੱਧ ਵਿਆਹ ਕਰਵਾਉਣਾ ( ਅਕਬਰ ਬਾਦਸ਼ਾਹ ਦੇ ਚਹੇਤੇ ਮਾਨ ਸਿੰਘ ਰਾਜਪੂਤ ਦੇ ਹਰਮ ਵਿੱਚ 2,200 ਤੋਂ ਉੱਪਰ ਔਰਤਾਂ ਸਨ। ); ਸ਼ਿਕਾਰ-ਖੇਡਣਾ ਅਤੇ ਇਸ ਲਈ ਖ਼ਾਸ ਇਮਾਰਤ ਬੇਸ ਵਜੋਂ ਤਾਮੀਰ ਕਰਵਾਉਣੀ, ਇਹ ਸਿਰਫ਼ ਆਮ ਹੀ ਨਹੀਂ ਸੀ ਸਗੋਂ ਇਸੇ ਦੁਆਰਾ ਹੀ ਕਿਸੇ ਰਾਜੇ-ਨਵਾਬ ਦਾ ਵਡੱਪਣ ਪਰਖਿਆ ਜਾਂਦਾ ਸੀ।
ਸਾਡੇ ਆਪਣੇ ਸਮਾਜ ਵਿੱਚ ਅਜੇ ਕੱਲ ਤੱਕ ਦੋ ਵਿਆਹ ਕਰਵਾਉਣਾ ਸਰਦਾਰੀ-ਸ਼ਾਨ ਸਮਝਿਆ ਜਾਂਦਾ ਸੀ।“ਪੰਜਾਬ ਦੇ ਸ਼ੇਰ” ਨੇ ਜੇ ਕਰ 20 ( ਕੁਝ ਅਨੁਸਾਰ 22 ) ਔਰਤਾਂ ਨਾਲ ਵਿਆਹ ਕਰਵਾਇਆ ( ਇਹਨਾਂ ਵਿਚੋਂ ਕੁਝ ਤਾਂ “ਚਾਦਰ ਪਾਈ” ਸੀ। ਜਿਵੇਂ ਭੰਗੀ ਸਰਦਾਰ ਜਿਨ੍ਹਾਂ ਤੋਂ ਸਤ ਕੇ ਲਾਹੌਰ ਵਾਲਿਆਂ ਨੇ ਰਾਜਾ ਰਣਜੀਤ ਸਿੰਘ ਨੂੰ ਸੱਦਾ ਦਿੱਤਾ ਅਤੇ ਲਾਹੌਰ ਦੇ ਫਾਟਕ ਆਪ ਖੋਹਲ ਕੇ ਉਸਦਾ ਸਵਾਗਤ ਕੀਤਾ। ) ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ( ਹੈਰਾਨੀ ਵਾਲੀ ਗੱਲ ਤਾਂ ਸਗੋਂ ਇਹ ਹੈ ਕਿ ਉਸਨੇ ਇੰਨੇ ਘੱਟ ਵਿਆਹ ਕਿਉਂ ਕਰਵਾਏ, ) ਇਹ ਵੀ ਸਗੋਂ ਉਸਦੇ ਕੱਛ ਦੇ ਜ਼ਬਤ ਦਾ ਪਤਾ ਦਿੰਦਾ ਹੈ ਨਾਂਕਿ ਉਸਦੇ ਵਿਲਾਸੀ ਹੋਣ ਦਾ।
“ਮਹਾਰਾਣੀ ਸਾਹਿਬਾ” ਬਾਰੇ ਸਿੱਖਾਂ ਵਿੱਚ ਉਸਦਾ ਵਿਰੋਧ ਸਗੋਂ ਉਸਦੇ “ਪਰਦਾ ਨਾ ਕਰਨ” ਕਰਕੇ ਸੀ। [ ਸਿੱਖੀ ਦਾ ਰੂਪ ਉਨੀਵੀਂ ਸਦੀ ਦੇ ਅੱਧ ਤੋਂ ਹੀ ਬਦਲਨਾ ਸ਼ੁਰੂ ਹੋ ਗਿਆ ਸੀ ਜਿਸ ਵਿੱਚ 1870 ਤੋਂ ਕਾਫ਼ੀ ਤੇਜ਼ੀ ਆਈ ਪਰ ਇਸੇ ਸਦੀ ਦੇ ਆਖ਼ਰੀ ਦਹਾਕੇ ਅਤੇ ਵੀਹਵੀਂ ਸਦੀ ਦੀ ਸ਼ੁਰੁਆਤ ਤੋਂ ਤਾਂ ਇਹ ਟਾਪ-ਗੇਅਰ ਵਿੱਚ ਹੀ ਪਿਆ ਹੋਇਆ ਹੈ ਅਤੇ ਅੱਜ ਇੱਕ ਸਦੀ ਬਾਅਦ ਅਸੀਂ ਕਰੀਬਨ ਸਾਰੀਆਂ ਹੀ ਸਿੱਖ-ਕਦਰਾਂ ( ਗੁਰੂ-ਉੱਪਰ ਅਡੋਲ ਸ਼ਰਧਾ; ਜਥੇਦਾਰ ਦੇ ਹੁਕ਼ਮ ਨੂੰ ਗੁਰੂ ਦੇ ਹੁਕ਼ੁਮ ਸਮ ਮੰਨਣਾ; ਬੁਲੰਦ-ਹੌਸਲੇ ਅਤੇ ਬੁਲੰਦ ਕਿਰਦਾਰ ਦੀ ਮਾਲਕੀ ) ਮਲੀਆਮੇਟ ਹੋਈਆਂ ਦੇਖਦੇ ਹਾਂ। ]

ਇੱਥੇ ਮੈਂ “ਚੰਗਾ ਸ਼ਾਸ਼ਕ—ਘਟੀਆ ਸਿੱਖ” ਦੀ ਤਰਜ਼ ਉੱਪਰ ਮਹਾਰਾਜੇ ( ਜਿਸਨੂੰ “ਸਿੰਘ ਸਾਹਿਬ” ਅਖਵਾਉਣਾ ਜ਼ਿਆਦਾ ਪਸੰਦ ਸੀ ) ਬਾਰੇ ਪ੍ਰਚਲਿਤ ਵਿਚਾਰ ਉੱਪਰ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਜੇ sweeping statement ਵਾਂਗ ਫ਼ਤਵਾ ਹੀ ਦੇਣਾ ਹੋਵੇ ਤਾਂ ਮੈਂ ਇਹੋ ਕਹਾਂਗਾ ਕਿ ਉਹ ਆਪਣੇ ਗੁਰੂ ਦਾ ਸੱਚਾ ਸਿੱਖ ਸੀ; ਸਗੋਂ ਅਜਿਹਾ ਗਜ਼ਬ ਦਾ ਸਿੱਖ ਸੀ ਜਿਸਦੀ ਮਿਸਾਲ ਪੇਸ਼ ਕੀਤੀ ਜਾ ਸਕੇ। ਸ਼ਾਸ਼ਕ ਦੇ ਤੌਰ ਉੱਪਰ ਉਸਦੀ ਕੈਬਨਿਟ ਵਿੱਚ ਹਿੰਦੂ-ਮੁਸਲਮਾਨ ਸ਼ਾਮਿਲ ਹੀ ਨਹੀਂ ਸਨ ਸਗੋਂ ਬਹੁ-ਗਿਣਤੀ ਵਿੱਚ ਸਨ, ਧਾਰਮਿਕ ਸਥਾਨਾਂ ਦੀ ਸੇਵਾ ਸਮੇਂ ਉਸਨੇ ਮੰਦਿਰ-ਮਸਜਿਦ ਦਾ ਕੋਈ ਵਿਤਕਰਾ ਨਹੀਂ ਕੀਤਾ। ਕੁਝ ਮੰਦਰਾਂ ਨਾਲ ਲੱਗਦੀ ਜ਼ਮੀਨ ਜੋ ਅੱਜ ਦੀ ਤਰੀਕ ਤਕ ਚਲੀ ਆਉਂਦੀ ਹੈ ਉਸੇ ਦਾ ਕੰਮ ਹੈ।

ਪਰ ਜ਼ਾਤੀ ਤੌਰ ਉੱਪਰ ਉਹ ਇੱਕ ਸਿੱਖੀ ਦਾ ਜੀਵਨ ਜੀਵਿਆ।

ਕਰੀਬਨ ਸਾਰੇ ਹੀ ਅੰਗ੍ਰੇਜ਼ ਲਿਖਾਰੀਆਂ ਨੇ ਲਿਖਿਆ ਹੈ ਕਿ ਉਸਦੇ ਦਿਨ ਦੀ ਸ਼ੁਰੁਆਤ ਗੁਰਬਾਣੀ ਦਾ ਪਾਠ ਸੁਣਨ ਤੋਂ ਹੁੰਦੀ ਸੀ ਭਾਵੇਂ ਕੋਈ ਵੱਡੇ ਤੋਂ ਵੱਡਾ ਨਾਢੂ-ਖਾਨ ਉਸ ਕੋਲ ਆ ਕੇ ਠਹਰਿਆ ਹੋਵੇ।

ਅੰਗ੍ਰੇਜ਼ਾਂ ਨਾਲ ਸੰਵਾਦ ਰਚਣ ਤੱਕ “ਸਿੱਖ ਦੀ ਪ੍ਰੀਭਾਸ਼ਾ” ਤਿਆਰ ਕਰਨ ਦੀ ਕੋਈ ਲੋੜ ਨਹੀਂ ਸੀ ਪਈ। ਸਿੱਖੀ “ਸਿਧਾਂਤ-ਮੂਲਕ” ਨਹੀਂ ਸਗੋਂ “ਕਰਮ-ਮੂਲਕ” ਹੀ ਸਮਝੀ-ਨਿਭਾਈ ਜਾਂਦੀ ਸੀ। “ਉਸਨੇ ਤਿਲਕ ਕਿਉਂ ਲਗਵਾਇਆ”, “ਉਸਦਾ ਅਤੇ ਉਸਦੀ ਉਲਾਦ ਦੇ ਵਿਆਹ ਅਗਨਿ ਦੁਆਲੇ ਕਿਉਂ ਹੋਏ?” ਸਵਾਲਾਂ ਦਾ ਉਸਦੇ ਸਮੇਂ ਵਿੱਚ ਖ਼ਿਆਲ ਵੀ ਨਹੀਂ ਸੀ ਆ ਸਕਦਾ। ਉਸਦੀ ਫੌਜ਼ ਵਿੱਚ ਸ਼ਾਮਿਲ ਵਿਦੇਸ਼ੀ ਵਾਲ ਨਹੀਂ ਕੱਟਦੇ ਸਨ ਅਤੇ ਉਹਨਾਂ ਨੂੰ ਤੰਬਾਕੂ ਤੋਂ ਵੀ ਪ੍ਰਹੇਜ਼ ਕਰਨਾ ਪੈਂਦਾ ਸੀ।

ਇਹ ਵੀ ਓਡੇ ਵੱਡੇ ਮਸਲੇ ਨਹੀਂ ਹਨ ਪਰ ਅਸਲ ਸਿੱਖ ਕੀਮਤਾਂ; ਬੇਖੌਫ਼ੀ, ਨਿਮਰਤਾ, ਖ਼ਿਮਾ, ਸਾਂਝੀਵਾਲਤਾ ਆਦਿ ਦਾ ਉਹ ਮੁਜੱਸਮਾ ਸੀ, ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਉਸਨੂੰ ਕਿੰਨਾ ਕੁ ਸਿੱਖੀ ਦੇ ਖਿਲਾਫ਼ ਜਾਣ ਦੀ ਇਜਾਜ਼ਤ ਦੇ ਸਕਦੇ ਹਨ ਅੰਦਾਜ਼ਾ ਲਾਉਣਾ ਔਖਾ ਨਹੀਂ। ਅਨਪੜ੍ਹ ਸੀ ਪਰ ਉਸਦੀ ਲਾਇਬ੍ਰੇਰੀ ਵਿੱਚ ਉਹ-ਉਹ ਵਿਲੱਖਣ ਪੁਸਤਕਾਂ ਸ਼ਾਮਿਲ ਸਨ, ਜਿਵੇਂ ਇੱਕੇਰਾਂ ਇੱਕ ਮੌਲਵੀ ਬਹੁਤ ਮਿਹਨਤ ਨਾਲ ‘ਕੁਰਾਨ ਸ਼ਰੀਫ਼’ ਦਾ ਸਰੂਪ ਤਿਆਰ ਕਰਕੇ ਹੈਦਰਾਬਾਦੀ ਨਵਾਬ ਕੋਲ ਲੈ ਜਾ ਰਿਹਾ ਸੀ ਕਿ ਆਪਣੀ ਮਿਹਨਤ ਦਾ ਇਨਾਮ ਵਸੂਲ ਸਕੇ। ਮਹਾਰਾਜੇ ਨੇ ਪੁਛਿਆ ਕਿ ਉਹ ਵੱਧ ਤੋ ਵੱਧ ਕਿੰਨੀ ਕੁ ਰਕਮ ਦੀ ਆਸ ਕਰਦਾ ਹੈ। ਦੱਸਣ ‘ਤੇ ਉਸੇ ਵੇਲੇ ਤਿੰਨ ਗੁਣਾਂ ( ਕੁਝ ਅਨੁਸਾਰ ਦਸ ਗੁਣਾਂ ) ਕੀਮਤ ਦੇ ਕੇ ਖ਼ਰੀਦ ਲਈ ਅਤੇ ਇਸਨੂੰ ਵੀ ਆਪਣੀ ਲਾਇਬ੍ਰੇਰੀ ਵਿੱਚ ਸ਼ਾਮਿਲ ਕਰਨ ਦੀ ਥਾਂ ਅੱਗੋਂ ਫਕ਼ੀਰ ਸਾਹਿਬ ਨੂੰ ਭੇਂਟ ਕਰ ਦਿੱਤਾ।

ਅਯਾਸ਼ੀ ਤਾਂ ਕੀਹ ਮਹਾਰਾਜਾ ਸਾਹਿਬ ਕਾਮੀ ਸੁਭਾਅ ਦਾ ਵੀ ਨਹੀਂ ਸੀ। ਉਹਨਾਂ ਦੇ ਔਗੁਣ ਜੋ ਦਿਸਦੇ ਹਨ, ਸਗੋਂ ਗੁਣਾਂ ਵਰਗੇ ਹਨ। ਮੈਨੂੰ ਇੱਕੋ ਇੱਕ ਔਗੁਣ ਜੋ ‘ਸਿੰਘ ਸਾਹਿਬ ਰਣਜੀਤ ਸਿੰਘ ਮਹਾਰਾਜਾ’ ਵਿੱਚ ਨਜ਼ਰ ਆਉਂਦਾ ਹੈ ਉਹ ਹੈ ਉਸਦਾ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ; ਇਹ ਗੁਣ ਸਿਰਫ ਬਹਾਦੁਰ ਇਨਸਾਨ ਵਿੱਚ ਹੀ ਹੋ ਸਕਦਾ ਹੈ ਗੀਦੀ ( ਲੇਂਡੀ ) ਸ਼ੱਕੀ ਹੁੰਦਾ ਹੈ। ਇਹ ਮਨੁੱਖਾ ਸੁਭਾਉ ਹੈ ਕਿ ਜੋ ਯਕੀਨ ਕਰਦਾ ਹੈ ਉਹ ਸਦਾ ਯਕੀਨ ਹੀ ਕਰਦਾ ਹੈ ਸਭ ਉੱਪਰ ਹੀ—ਉਹਨਾਂ ਉੱਪਰ ਵੀ ਜੋ ਯਕੀਨ ਦੇ ਕ਼ਾਬਿਲ ਨਹੀਂ, ਉਹਨਾਂ ਉੱਪਰ ਵੀ ਜੋ ਪਹਿਲਾਂ ਵੀ ਧੋਖਾ ਦੇ ਚੁੱਕੇ ਹਨ।

ਮਹਾਰਾਜਾ ਸਾਹਿਬ ਜੇ ਨਾਚੀ-ਮੋਰਾਂ ਨੂੰ ਉਂਝ ਹੀ ਰੱਖਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਡੱਕਣ ਵਾਲਾ ਕੌਣ ਸੀ ? ਇਹ ਤਾਂ ਸਗੋਂ ਉਸ ਸ਼ੇਰ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਸਨੇ ਨਾ ਕੇਵਲ ਉਸਨੂੰ ਰਾਣੀ ਹੀ ਬਣਾਇਆ ਸਗੋਂ ਉਸਦੇ ਗੁਣਾਂ ਕਰਕੇ ਉਨ੍ਹਾਂ ਨੂੰ “ਮਹਾਰਾਣੀ ਸਾਹਿਬਾ” ਦਾ ਖ਼ਿਤਾਬ ਦੇ ਕੇ ਇਸ ਖ਼ਿਤਾਬ ਦੀ ਇੱਜ਼ਤ ਵੀ ਵਧਾਈ।

ਖ਼ੂਬਸੂਰਤੀ ਮਾਈ ਮੋਰਾਂ ਦਾ ਕੇਵਲ ਇੱਕ ਹੀ ਗੁਣ ਸੀ, ਜਿਵੇਂ ਕਿ ਪਹਿਲਾਂ ਹੀ ਇਸ਼ਾਰਾ ਕੀਤਾ ਸੀ ਕਿ ਇਹ ਘਰਾਣੇ ਨਾਚ, ਗਾਉਣ, ਸੰਗੀਤਿਕ-ਸਾਜਾਂ ਆਦਿ ਵਿੱਚ ਤਾਂ ਨਿਪੁੰਨ ਹੁੰਦੇ ਹੀ ਸਨ ਪਰ ਸ਼ਾਇਰੀ ਆਦਿ ਦੇ ਨਾਲ ਇਹ ਸਮਾਜਿਕ ਆਪਸੀ-ਸੰਬੰਧਾਂ ਨੂੰ ਸਮਝਣ ਕਾਰਨ (ਰਾਜ)ਨੀਤੀ ਬਾਰੇ ਇੱਕ ਸਹਿਜ-ਗਿਆਨ ਇਹਨਾਂ ਵਿੱਚ ਕੁਦਰਤੀ ਹੀ ਹੁੰਦਾ ਸੀ।

ਕਿਸੇ ਵੀ ਰਾਜ ਵਿੱਚ “ਜੋ ਰਾਜਨੀਤੀ ਦਰਬਾਰ ਵਿੱਚ ਚਲਦੀ ਸੀ ਉਹ ਕੱਖ ਵੀ ਨਹੀਂ ਉਸਦੇ ਮੁਕਾਬਲੇ ਜੋ ਰਾਜਨੀਤੀ ‘ਹਰਮ’ ਵਿੱਚ ਚਲਦੀ ਸੀ।”

ਸੂਰਜ ਅਤੇ ਮਰਦ ਦੀ ਨਿਗਾਹ ਤੋਂ ਪਰੇ ਪਲੀਆਂ ਸਿੱਖ-ਸਰਦਾਰਾਂ ਜਾਂ ਕਾਂਗੜੇ ਵਾਲੇ ਰਾਜੇ ਦੀਆਂ ਦੋਹਾਂ ਬੇਟੀਆਂ, ਜਿਹਨਾਂ ਦਾ ਘਰਾਣੇ ਦੇ ਕਿਸੇ ਵੀ ਸਮਾਜਿਕ-ਰਾਜਨੀਤਿਕ ਕੰਮ ਵਿੱਚ ਇੱਕ ਪੈਸੇ ਦਾ ਦਖ਼ਲ ਨਹੀਂ, ਮਾਈ ਮੋਰਾਂ ਜੀ ਦੇ ਮੁਕਾਬਲੇ ਕਿੱਥੇ ਖੜਦੀਆਂ ਹੋਣਗੀਆਂ, ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।ਗੱਲ ਲੰਬੀ ਹੋ ਗਈ ਹੈ, ਇੱਥੇ ਹੀ ਖ਼ਤਮ ਕਰਦਾਂ ਹਾਂ। ਬਜ਼ੁਰਗ ਕਹਿੰਦੇ ਹੁੰਦੇ ਹਨ:
“ਭੁੱਖੇ ਦਾ ਨਿੰਦਣਾ ਕੀ ਤੇ ਰੱਜੇ ਦਾ ਸਲਾਹੁਣਾ ਕੀ।”

February 18, 2015 at 2:58am ·

( Picture Courtesy: Dr. Daljeet Kaur. Thanks! )

 

Categories: ਦਲਵੀਰ ਗਿੱਲ, ਮਹਾਰਾਜਾ ਰਣਜੀਤ ਸਿੰਘ, ਮਾਈ ਮੋਰਾਂ, Dalvir Gill, Just Saying | Tags: , , , , , | 4 Comments

Blog at WordPress.com.