ਪਰਮਿੰਦਰ ਸੋਢੀ

ਹਾਇਕੂ: ਰੂਪ ਅਤੇ ਵਸਤੂ


ਹਰ ਵਸਤ-ਵਰਤਾਰੇ ਦੇ ਦੋ ਪੱਖ ਹੁੰਦੇ ਹਨ; ਇੱਕ ਰੂਪ ਅਤੇ ਦੂਜਾ ਵਸਤੂ ਜਾਂ ਗੁਣ।

ਜਿਵੇਂ ਕਿ ਸੇਬ ਹੈ।

ਸੇਬ ਦਾ ਰੂਪਕ ਪੱਖ ਹੈ : ਇਹ ਗੋਲ ਹੈ , ਲਾਲ ਹੈ। ਹਰਾ ਵੀ ਹੋ ਸਕਦਾ ਹੈ।

ਸੇਬ ਦਾ ਵਸਤੂ ਪੱਖ ਹੈ: ਇਸਨੂੰ ਖਾਇਆ ਜਾ ਸਕਦਾ ਹੈ। ਇਹ ਮਿੱਠਾ ਹੈ।ਖੱਟਾ ਵੀ ਹੋ ਸਕਦਾ ਹੈ।

ਘੜੇ ਦੇ ਵੀ ਰੂਪਕ ਅਤੇ ਵਸਤੂ ਪੱਖ ਹੁੰਦੇ ਹਨ। ਘੋੜੇ ਦੇ ਵੀ ਤੇ ਨਦੀ ਦੇ ਵੀ।

ਇਸੇ ਤਰਾਂ ਹਾਇਕੂ ਦੇ ਵੀ ਹੁੰਦੇ ਹਨ:

ਸੇਬ ਤਿਕੋਣਾ ਨਹੀਂ ਹੋ ਸਕਦਾ, ਹਾਇਕੂ ਲੰਬਾ ਨਹੀਂ …
ਸੇਬ ਅੰਦਰੋ ਪੱਥਰ ਵਰਗਾ ਨਹੀਂ ਹੋ ਸਕਦਾ ਹਾਇਕੂ
ਸਿਧੀ ਬਿਆਨਬਾਜ਼ੀ ਨਹੀਂ ।

ਹਾਇਕੂ ਦਾ ਰੂਪਕ ਪੱਖ ਹੈ :

1. ਇਹ ਸੰਖੇਪ ਹੁੰਦਾ ਹੈ।

2.ਇਸ ਅੰਦਰ ਕੁਦਰਤ ਜਾਂ ਮੌਸਮ ਦਾ ਸਿੱਧਾ-ਅਸਿੱਧਾ ਜ਼ਿਕਰ ਹੁੰਦਾ ਹੈ।

3 ਇਸ ਅੰਦਰ ਕਿਸੇ ਵਿਸ਼ੇਸ਼ ਘਟਨਾ ਦਾ ਜ਼ਿਕਰ ਹੁੰਦਾ। ਇਹ ਘਟਨਾ ਵਰਤਮਾਨ ਸਮੇਂ ਵਿਚ ਅੱਖਾਂ ਦੇ ਐਨ ਸਾਹਮਣੇ ਵਾਪਰਦੀ ਲਗਦੀ ਹੈ।

ਹਾਇਕੂ ਦੇ ਵਸਤੂ ਪੱਖ ਭਾਵ ਇਸਦੇ ਗੁਣਾਤਮਕ ਪੱਖ ਹਨ :

1 .ਇਹ ਕਾਵਿਕ ਹੁੰਦਾ ਹੈ , ਕਵਿਤਾ ਹੁੰਦਾ ਹੈ ।

2. ਹਾਇਕੂ ਰਾਹੀਂ ਕੁਦਰਤ ਤੇ ਮਨੁੱਖੀ ਜਿੰਦਗੀ ਦੋਹਾਂ ਨੂੰ ਆਪਸ ਚ ਜੁੜੇ ਮਹਿਸੂਸ ਕੀਤਾ ਜਾਂਦਾ ਹੈ। ਦੋਹਾਂ ਵਿਚ ਇੱਕੋ ਸਮੇ ਅੰਤਰ – ਪ੍ਰਵੇਸ਼ ਕੀਤਾ ਜਾਂਦਾ ਹੈ। ਹੁਣ ਅਤੇ ਇਸ ਪਲ ਵਾਪਰ ਰਹੀ ਕਿਸੇ ਘਟਨਾ ਨੂੰ ਮਨੁਖੀ ਜਿੰਦਗੀ ਨਾਲ ਡੂੰਘੇ ਧਰਾਤਲ ਤੇ ਜੁੜਿਆ ਮਹਿਸੂਸ ਕੀਤਾ ਜਾਂਦਾ ਹੈ ।ਇਸ ਆਮ ਜਿਹੀ ਘਟਨਾ ਨਾਲ ਮਨੁੱਖੀ ਜੀਵਨ ਦੇ ਹੋਣ-ਥੀਣ ਨਾਲ ਜੁੜੇ ਦੁਖ ਸੁਖ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਬਿਨਾਂ ਥੱਲੇ ਵਾਲਾ ਭਾਂਡਾ
ਚੁਫੇਰੇ ਉੱਡਿਆ ਫਿਰੇ
ਪਤਝੜ ਦੀ ਹਵਾ ਨਾਲ ..

ਬੂਸੋਨ ਦਾ ਇਹ ਹਾਇਕੂ ਇੱਕ ਆਮ ਜਿਹੀ ਗੱਲ ਨੂੰ ਬਿਆਨ ਕਰਦਾ ਲਗਦਾ ਹੈ ।ਪਰ ਇਹ ਪੜ੍ਹਕੇ ਅਸੀਂ ਮਨੁੱਖੀ ਜੀਵਨ ਦੇ ਨਿਰਰਥਕ ਪੱਖ ਅਤੇ ਸੀਮਤ ਪੱਖ ਨੂੰ ਮਹਿਸੂਸ ਕਰ ਸਕਦੇ ਹਾਂ ।ਭਾਵਕ ਪੱਧਰ ਤੇ ਮਹਿਸੂਸ ਕਰ ਸਕਦੇ ਹਾਂ ।

ਅਗਲੀ ਵਾਰ ਹਾਇਕੂ ਦੇ ਸਭਿਆਚਾਰਕ ਆਧਾਰ ਤੇ ਦਾਰਸ਼ਨਿਕ ਆਧਾਰ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ।।
—ਪਰਮਿੰਦਰ ਸੋਢੀ

Categories: ਪਰਮਿੰਦਰ ਸੋਢੀ | Tags: , , | Leave a comment

Blog at WordPress.com.