Monthly Archives: November 2014

ਸ਼ਿਕਵਾ ਨਹੀਂ ?!!!!!


Lust
ਸ਼ਿਕਵਾ ਨਹੀਂ ਕੋਈ ਰਾਹਵਾਂ ਨਾਲ
ਜੰਗਲ ਖੇਤ ਗੁਫਾਵਾਂ ਨਾਲ
ਮੈਥੋਂ ਚੋਗਾ ਚੁਗਣ ਬਾਅਦ ਜਾ ਬੈਠੇ ਕੰਧ ਬਿਗਾਨੀ ਤੇ
ਕੁਝ ਨਾ ਸ਼ੁਕਰੇ ਆਖ ਰਹੇ ਨੇ ਯਾਰੀ ਛੱਡ ਹਵਾਵਾਂ ਨਾਲ
ਨਾ ਤੂੰ ਦਿਲ ਦੀ ਰਾਣੀ ਨਿਕਲੀ ਨਾ ਮੈਂ ਰਾਜਾ ਖ਼ਾਬਾਂ ਦਾ
ਕਿਹੜਾ ਸੁਰਗ ਬਣਾ ‘ਤਾ ਘਰ ਨੂੰ ਲਏ ਫੇਰਿਆਂ ਲਾਵਾਂ ਨਾਲ
ਆਖਿਰ ਕਦ ਤੱਕ ਜਤੀ ਸਦਾਊ ਪਾਕੇ ਰੇਬ ਕਛਿਹਰੇ ਨੂੰ
ਹਰੀਆਂ ਲਗਰਾਂ ਚਰਦਾ ਜਿਹੜਾ ਸਾਨ ਬਦਲਵੀਆਂ ਗਾਂਵਾਂ ਨਾਲ
ਬਸਤੀ ਦੇ ਵਿਚ ਰੌਲਾ ਪੈ ਗਿਆ ਹੰਸ ਕੋਧਰਾ ਖਾਂਦਾ ਨਹੀਂ
ਪਰ ਉਹ ਸਾਲ਼ਾ ਗੰਦ ਖਾ ਗਿਆ ਕਰ ਸਮਝੌਤਾ ਕਾਂਵਾਂ ਨਾਲ
ਹਾਥੀ ਦੇ ਘਰ ਆਉਣ ਜਾਣ ਸੀ ਢਿੱਡ ਹੋ ਗਿਆ ਕੀੜੀ ਨੂੰ
ਪਤਾ ਨਹੀਂ ਕੰਨ ਵਿੱਚ ਕੀ ਫੂਕਤਾ ਸ਼ਿਵ ਜੀ ਵਾਂਕਰ ਸਾਹਵਾਂ ਨਾਲ
ਔੜੀ ਉਮਰੇ ਫੁੱਲ ਖਿੜ ਗਿਆ ਮਾਰੂਥਲ ਵੀ ਟਹਿਕ ਪਿਆ
ਬਾਬੇ ਅਮਰੇ ਦੀ ਅੱਖ ਲੜ ਗਈ ਕੰਜ ਕੁਆਰੇ ਚਾਵਾਂ ਨਾਲ

ਅ ਸ ਅਮਰ

Categories: Amardeep Singh "Amar", Poetry, Punjabi | Tags: , , , , , , , | Leave a comment

ਘਰ ਕਿੱਥੇ ਹੈ…?


1

ਕਿੰਨਾਂ ਸ਼ਾਂਤ ਹੈ ਘਰ
ਉਹ ਸਦਾ ਵਾਂਗ ਸੀਤੇ ਹੋਏ ਬੁੱਲਾਂ ‘ਚੋਂ
ਅੰਗਿਆਰ ਸੁੱਟ ਰਹੀ ਹੈ
ਕਈ ਦਿਨਾਂ ਬਾਅਦ ਪਰਤਿਆਂ ਹਾਂ ਘਰੇ
ਵੀਕ ਐੰਡ ਜੁ ਹੋਇਆ
ਜਾਂਵਾਂ ਵੀ ਤਾਂ ਕਿਥੇ…?
ਤੀਲਾ ਤੀਲਾ ਜੋੜ ਕੇ ਬਣਾਇਐ..
ਇਹ ਆਲਣਾ
ਮੈਨੂੰ ਬਚਪਨ ਤੋੰ ਪਸੰਦ ਨਹੀਂ ਹਨ
ਧਰਮ ਦੇ ਸ਼ਲੋਕ ਸੀਤੇ ਹੋਏ ਬੁੱਲਾਂ ਚ ਸੁਲਗਦੇ
ਮੁਰਦਾ ਸ਼ਾਂਤੀ ਹੈ…

ਮੈੰ ਤਾਂ ਨਿੱਕੇ ਹੁੰਦਿਆਂ ਤੋ ਹੀ ਤੱਕਦਾ ਰਿਹਾਂ ਸਾਂ
ਪਿਆਰੋ ਮਜਬਣ ਨੂੰ, ਦੰਦਾਂ ਤੇ ਦੰਦਾਸਾ ਮਲਕੇ
ਰੋਜ਼ ਆਥਣੇ ਦਿਹਾੜੀ ਲਾ ਕੇ ਵਾਪਿਸ ਪਰਤ ਰਹੇ
ਗੇਬੂ ਦੀ ਉਡੀਕ ਕਰਦਿਆਂ
ਭਜਨੋ ਤਰਖਾਣੀ ਨੂੰ, ਆਪਣੇ ਲਾਮ ਤੇ ਗਏ
ਸੂਬੇਦਾਰ ਆਤਮਾ ਸਿਹੁੰ ਲਈ ਅੱਥਰੂ ਵਹਾਉੰਦਿਆ
ਮੈਨੂੰ ਯਾਦ ਹੈ ਹਨੇਰਾ ਹੁੰਦੇ ਸਾਰ, ਪਿਤਾ ਜੀ ਦੀ
ਉਡੀਕ ਕਰ ਰਹੀ ਮਾਂ ਦੀਆਂ
ਡੌਰ ਭੌਰ ਅੱਖਾਂ ਦਾ ਫਿਕਰ

ਜ਼ਮਾਨਾ ਤਰੱਕੀ ਕਰ ਗਿਐ
‘ਮਰੀਕਾ ਦਾ ਦੇਸ ਐ
ਹਫਤੇ ਬਾਅਦ ਪਰਤਿਆਂ ਹਾਂ ਘਰੇ
ਬੱਚੇ ਹੋਮ ਵਰਕ ਕਰ ਰਹੇ ਹਨ
ਤੇ ਮਿਸਜ ਹਾਊਸ ਵਰਕ ਕਰ ਰਹੀ ਐ
ਡੌਕ ਤੇ ਸਹਿਜ ਪਾਠ ਵੱਜ ਰਿਹੈ
ਮਹਿੰਗਾ ਟੀ ਵੀ ਹੈ
ਟਿਮਟਿਮਾਂਦੀ ਰੌਸ਼ਨੀ ਹੈ
ਚਮਚਮਾਂਉਦਾ ਰੰਗ ਰੋਗਨ ਵੀ ਹੈ
ਗੁਦਗੁਦੇ ਸੋਫੇ ਤੇ ਬੈਠਾਂ ਹਾਂ
ਰਿਮੋਟ ਨਾਲ ਬਟਨ ਦਬਾ ਕੇ
ਤਾਪਮਾਨ ਵੀ ਸੈਟ ਕਰ ਲਿਆ ਹੈ
ਪਰ
ਘਰ ਗੁੰਮ ਗਿਆ ਹੈ ਕਿਧਰੇ
ਪਤਾ ਨਹੀੰ ਕਿੱਥੇ..?
ਕਾਸ਼ ਮੈੰ ਗੇਬੂ ਮਜਬੀ ਹੁੰਦਾ
ਫੇਰ ਸ਼ਾਇਦ ਪਿਆਰੋ ਵੀ ਹੁੰਦੀ ਕੋਈ
ਤੇ ਸ਼ਾਇਦ ਘਰ ਵੀ ਨਾ ਗਵਾਚਦਾ

  • ਅ ਸ ਅਮਰ
Categories: Amardeep Singh "Amar", Poetry, Punjabi | Tags: , , , , , , | Leave a comment

Blog at WordPress.com.