ਸਿਰਦਾਰ ਕਪੂਰ ਸਿੰਘ

ਸਿੱਖਾਂ ਨਾਲ ਵਿਸਾਹਘਾਤ – ਸਿਰਦਾਰ ਕਪੂਰ ਸਿੰਘ


 ਸਿੱਖਾਂ ਨਾਲ ਵਿਸਾਹਘਾਤ - ਸਿਰਦਾਰ ਕਪੂਰ ਸਿੰਘ

ਸਿੱਖਾਂ ਨਾਲ ਵਿਸਾਹ-ਘਾਤ – ਸਿਰਦਾਰ ਕਪੂਰ ਸਿੰਘ

[ ਸਰਦਾਰ ਕਪੂਰ ਸਿੰਘ ਦਾ ਪਾਰਲੀਮੈਂਟ ਵਿਚ ਦਿੱਤਾ ਭਾਸ਼ਨ:
ਸਰਦਾਰ ਕਪੂਰ ਸਿੰਘ ਐਮ.ਪੀ. ਵਲੋ 6 ਸਤੰਬਰ, 1966 ਨੂੰ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਦਿੱਤਾ ਭਾਸ਼ਨ, ਜਿਸ ਨਾਲ ‘ਪੰਜਾਬ ਪੁਨਰਗਠਨ ਬਿੱਲ-1966’ ਉਤੇ ਬਹਿਸ ਆਰੰਭ ਹੋਈ
( ਮੂਲ ਅੰਗਰਜ਼ੀ ਤੋਂ ਅਨੁਵਾਦ )।]

ਸ੍ਰੀਮਤੀ ਪ੍ਰਧਾਨ ਸਾਹਿਬ ਜੀਓ,
ਮੈਂ ਇਸ ਬਿੱਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਗੁਲਜਾਰੀ ਲਾਲ ਨੰਦਾ ਜੀ ਨੇ ਜੋ ਭਾਸ਼ਨ ਹੁਣੇ ਹੁਣੇ ਦਿੱਤਾ ਹੈ ਮੈਂ ਉਸ ਨੂੰ ਬੜੇ ਧਿਆਨ ਨਾਲ, ਇਕ ਮਨ ਹੋ ਕੇ ਸੁਣਿਆ ਅਤੇ ਸਮਝਿਆ ਹੈ।

ਗ੍ਰਹਿ ਮੰਤਰੀ ਜਿਸ ਮਸਲੇ ਨੂੰ ਲੋਕ ਸਭਾ ਵਿਚ ਪੇਸ਼ ਕਰਨ ਉਸ ਨੂੰ ਗਹੁ ਨਾਲ ਸੁਣਨਾ ਹੀ ਯੋਗ। ਸ੍ਰੀਮਤੀ ਪ੍ਰਧਾਨ ਜੀਓ, ਮੇਰੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿ ਮੈਂ ਇਸ ਸਾਰੇ ਦੇ ਸਾਰੇ ਬਿਲ ਦਾ ਵਿਰੋਧ ਕਰਾਂ। ਇਹ ਬਿਲ ਗੰਦਾ ਆਂਡਾ ਹੈ ਜਿਸ ਦੇ ਦੰਦ ਪਿਆ ਮਾਰੇ, ਪਰ ਇਹ ਨਾ-ਖਾਣ ਵਾਲੀ ਅਭਕਸ਼ ਵਸਤੂ ਹੈ ਤੇ ਨਾ-ਪਚਣ ਵਾਲੀ ਵੀ। ਕੋਈ ਸੋਝੀਵਾਨ ਬੰਦਾ ਤਾਂ ਇਸ ਨੂੰ ਕਬੂਲ ਕਰ ਨਹੀਂ ਸਕਦਾ। ਸ੍ਰੀ ਮਹਾਵੀਰ ਤਿਆਗੀ-ਇਹ ਤਾਂ ਆਪੋ ਆਪਣੇ ਹਾਜਮੇ ਉਤੇ ਨਿਰਭਰ ਹੈ। ਕਪੂਰ ਸਿੰਘ-ਮੇਰੇ ਮਨ ਵਿਚ ਕੋਈ ਸ਼ੰਕਾ ਨਹੀਂ ਕਿ ਭਾਵੇ ਸਿੱਖਾਂ ਦਾ ਹਾਜਮਾਂ ਤੇ ਉਨਾਂ ਦੀ ਪਾਚਨ ਸ਼ਕਤੀ ਕਿਤਨੀ ਵੀ ਪ੍ਰਬਲ ਕਿਉਂ ਨਾ ਹੋਵੇ, ਜਿਵੇ ਕਿ ਮੇਰੇ ਮਿਤ੍ਰ ਤਿਆਗੀ ਜੀ ਨੇ ਸੰਕਤ ਕੀਤਾ ਹੈ, ਇਸ ਗੰਦੇ ਆਂਡੇ ਨੂੰ ਖਾਣ ਨਾਲ ਉਨਾਂ ਨੂੰ ਢਿੱਡ ਪੀੜ ਹੀ ਪਵੇਗੀ। ਮੈਂ ਆਪਣੇ ਵੋਟਰਾਂ ਦੇ ਨਾਂ ਉਤੇ ਆਪਣੇ ਚੋਣ ਹਲਕੇ ਦੇ ਨਾਂ ਉਤੇ, ਸਮੂਹ ਸਿੱਖਾਂ ਦੇ ਨਾਂ ਉਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਉਤੇ ਬਿਲ ਨੂੰ ਰੱਦ ਕਰਦਾ ਹਾਂ। ਤਿੰਨ ਕਾਰਨ ਇਸ ਨੂੰ ਨਾ-ਕਬੂਲਣ ਦੇ ਹਨ। ਇੱਕ ਤਾਂ ਇਹ ਪਾਪ-ਭਰੀ ਮਨਸਾ ਦੀ ਉਪਜ ਹੈ। ਦੂਜੇ ਇਸਨੂੰ ਜਮਾਉਣ ਵਾਲੀ ਦਾਈ ਕੁਚੱਜੀ ਹੈ। ਤੀਜੇ ਇਹ ਦੇਸ਼ ਦੇ ਸਮੂਚੇ ਲਾਭਾਂ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਦੇਸ਼ ਉਤੇ ਰਾਜ ਕਰਨ ਵਾਲੀ ਜਾਤੀ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ ਤੇ ਇੰਝ ਮੁਲਕ ਕਮਜ਼ੋਰ ਹੋਵਗਾ। ਸ੍ਰੀ ਮਹਾਵੀਰ ਤਿਆਗੀ -ਇਹ ਬੱਚਾ ਹਰਾਮੀ ਤਾਂ ਨਹੀਂ ਹੈ। ਸ੍ਰੀ ਕਪੂਰ ਸਿੰਘ-ਹਰਾਮੀ ਨਾ ਹੋਵੇ ਪਰ ਇਸ ਦੀ ਪੈਦਾਇਸ਼ ਪਾਪ-ਭਰੇ ਸੰਕਲਪ ਦਵਾਰਾ ਹੋਈ ਹੈ ਅਤੇ ਇਹ ਮੁੱਢੋਂ ਹੀ ਜਾਤ ਕੁਜਾਤ ਹੈ। ਮੈਂ ਇਸ ਨੂੰ ਪਾਪ ਦੀ ਉਪਜ ਇਸ ਲਈ ਕਹਿੰਦਾਂ ਹਾਂ ਕਿਉਕਿ ਸਿੱਖਾਂ ਨਾਲ ਜੋ ਵਿਸਾਹ-ਘਾਤ ਸੁਤੰਤਰ ਭਾਰਤ ਵਿਚ ਕੀਤਾ ਗਿਆ ਹੈ,ਇਹ ਉਸ ਦੀ ਆਖਰੀ ਕੜੀ ਹੈ। ਹਿੰਦੂਸਤਾਨ ਦੀ ਬਹੁਗਿਣਤੀ ਦੇ ਲੀਡਰਾਂ ਵੱਲੋਂ ਸਿੱਖਾਂ ਨੂੰ ਜੋ ਵਿਸ਼ਵਾਸ ਦਿਵਾਏ ਗਏ ਸੀ ਅਤੇ ਕਾਂਗਰਸ ਜਿਹੜੇ ਲਾਰੇ ਪਿਛਲੇ 30-35 ਸਾਲ ਤੋਂ ਲਾਉਂਦੀ ਰਹੀ ਉਨਾਂ ਦਾ ਹੁਣ ਪਾਜ ਖੁੱਲ ਗਿਆ ਹੈ। ਇਹ ਗੱਲ ਇਸ ਲੋਕ ਸਭਾ ਲਈ ਜਨਤਾ ਲਈ ਸਾਰੇ ਹਿੰਦੂਸਤਾਨ ਦੇ ਵਾਸੀਆਂ ਲਈ ਅਤੇ ਸਾਰੀ ਦੁਨੀਆਂ ਦੇ ਸੱਜਣ ਪੁਰਸ਼ਾਂ ਲਈ ਸੁਣਨੀ ਤੇ ਸਮਝਣੀ ਗੁਣਕਾਰੀ ਹੋਵਗੀ ਜਿਹੜੀ ਕਥਾਂ ਕਿ ਸਿੱਖਾਂ ਨਾਲ ਕੀਤੇ ਗਏ ਵਿਸਾਹਘਾਤ ਦੀ ਮੈਂ ਅੱਜ ਸੁਨਾਣ ਲੱਗਾ। ਵਿਸਾਹਘਾਤ ਕਾਂਗਰਸੀ ਹਿੰਦੂ, ਲੀਡਰਾਂ ਨੇ ਜਾਣ-ਬੁਝ ਕੇ ਅਤੇ ਕ੍ਰਿਤਘਨਾਂ ਦਵਾਰਾ ਉਸ ਸਿੱਖ ਕੌਮ ਨਾਲ ਕੀਤਾ ਹੈ ਜਿਸ ਸਿੱਖ ਕੌਮ ਨੇ ਹਿੰਦੂ, ਧਰਮ ਤੇ ਹਿੰਦੂ ਜਾਤੀ ਦੀ ਰੱਖਿਆ ਲਈ ਬੇਪਨਾਹ ਤੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ। ਇਹ ਵਿਸ਼ਾਹਘਾਤ ਉਨਾਂ ਸਿੱਖਾਂ ਨਾਲ ਕੀਤਾ ਗਿਆ ਹੈ ਜਿਹੜੇ ਕਿ ਧਰਮ ਦੇ ਰੱਖਿਅਕ ਤੇ ਦੇਸ਼ ਦੇ ਵੈਰੀਆਂ ਦੇ ਸ਼ਤਰੂ ਹਨ। ਇਹ ਧੋਖਾ ਉਨਾਂ ਸਿੱਖਾਂ ਨਾਲ ਹੋਇਆ ਹੈ ਜਿਨਾਂ ਦਾ ਹੌਂਸਲਾ ਕੁਰਬਾਨੀ ਅਤੇ ਦੇਸ਼ ਭਗਤੀ ਸੰਸਾਰ ਵਿਚ ਪ੍ਰਸਿੱਧ ਹੈ। ਉਸ ਸਿੱਖ ਜਾਤੀ ਨਾਲ ਹੋਏ ਵਿਸਾਹਘਾਤ ਦੀ ਕਹਾਣੀ ਮੈਂ ਅੱਜ ਬਿਆਨ ਕਰਨ ਦੀ ਆਗਿਆ ਚਾਹੁੰਦਾ ਹਾਂ ਜਿਨਾਂ ਨਾਲ ਕਿ ਵਿਸ਼ਵਾਸਘਾਤ ਬਿਗਾਨਿਆਂ ਨੇ ਨਹੀਂ ਸਗੋਂ ਆਪਣਿਆਂ ਨੇ ਕੀਤਾ ਹੈ। ਇਹ ਉਹ ਸਿੱਖ ਹਨ ਜਿਹੜੇ ਸਵੇਰੇ ਸ਼ਾਮ ਅਰਦਾਸ ਵਿਚ ਕਹਿੰਦੇ ਹਨ, ਸਿੱਖਾਂ ਨੂੰ ਵਿਸਾਹ ਦਾਨ ਭਰੋਸਾ ਦਾਨ। ਜੋ ਵਿਸ਼ਵਾਸ ਕਰਦੇ ਹਨ ਅਤੇ ਵਿਸ਼ਵਾਸਘਾਤ ਦੀ ਉਮੀਦ ਦੂਜਿਆਂ ਕੋਲੋਂ ਨਹੀਂ ਰੱਖਦੇ। ਅਸਾਡੇ ਬਜ਼ੁਰਗ ਅਤੇ ਰਿਸ਼ੀ ਜੋ ਕਿ ਹਿੰਦੂਆਂ ਤੇ ਸਿੱਖਾਂ ਦੋਹਾਂ ਦੇ ਪੂਜਯ ਹਨ ਵਿਸ਼ਵਾਸਘਾਤ ਨਾਲੋਂ ਵੱਡਾ ਮਹਾਨ ਪਾਪ ਹੋਰ ਕੋਈ ਨਹੀਂ ਗਿਣਦੇ ਸਨ। ਮਹਾਂਭਾਰਤ (ਆਂਦਿਪਰਵਮ 74 25) ਵਿਚ ਲਿਖਿਆ ਹੈ। ਯੋ ਅਨਯਾਥਾਸੰਤਾਤਮਾਨਮ ਅਨਯਥਾਂ ਪ੍ਰਤਿਪਦਯਤ ਕਿੰਤਣ ਨ ਕ੍ਰਤਮ ਪਾਪਮ ਚੋਰਣਾਤਮਾਪਹਾਰਿਣਮ॥ ਅਰਥਾਤ ਜਿਸ ਦੇ ਮਨ ਵਿਚ ਹੋਰ ਹੈ ਪਰ ਬਚਨਾਂ ਦਵਾਰਾ ਹੋਰ ਪ੍ਰਗਟ ਕਰਦਾ ਹੈ ਉਸ ਕੋਲੋਂ ਕੋਈ ਪਾਪ ਵੀ ਅਸੰਭਵ ਨਹੀਂ ਹੈ, ਕਿਉਂ ਜੋ ਆਪਣੀ ਆਤਮਾ ਦਾ ਚੋਰ ਅਤੇ ਡਾਕੂ ਤਾਂ ਉਹ ਸਪੱਸ਼ਟ ਹੈ ਹੀ। ਮੈਂ ਇਸ ਸਦਨ ਦੇ ਮੈਂਬਰਾਂ ਨੂੰ ਬਨਤੀ ਕਰਦਾਂ ਹਾਂ ਕਿ ਉਹ ਆਪਣਾ ਧਿਆਨ 1929 ਦੀ ਹਿਮ ਰਿਤੂ ਵੱਲ ਲੈ ਜਾਣ ਜਦੋਂਕਿ ਲਾਹੌਰ ਵਿਚ ਰਾਵੀ ਦੇ ਕੰਢੇ ਉਤੇ ਸਰਬ ਹਿੰਦ ਕਾਗਰਸ ਕਮੇਟੀ ਦਾ ਸਮਾਗਮ ਹੋਇਆ ਸੀ ਅਤੇ ਜਦੋਂ ਹਿੰਦੂਸਤਾਨ ਲਈ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਸੀ। ਮਾਘ ਦੀ ਉਸ ਠੰਡੀ ਰਾਤ ਮੈਂ ਇਕ ਵਿਦਿਆਰਥੀ-ਵਾਲੰਟੀਅਰ ਦੇ ਰੂਪ ਵਿਚ ਉਥੇ ਮੌਜੂਦ ਸਾਂ। ਉਸਤੋਂ ਪਹਿਲੇ ਦਿਨ ਸਿੱਖਾਂ ਨੇ ਆਪਣੇ ਲੀਡਰ ਬਾਬਾ ਖੜਕ ਸਿੰਘ ਸਰਕਰਦਗੀ ਵਿਚ ਪੰਜ ਲੱਖ ਨਰ ਨਾਰੀ ਦਾ ਸ਼ਾਨਦਾਰ ਜਲਸਾ ਕੱਢਿਆ ਸੀ ਜਿਸ ਬਾਬਤ ਕਿ ਲੰਡਨ ਦ ਟਾਈਮਜ਼ ਅਖਬਾਰ ਨੇ ਲਿਖਿਆ ਸੀ ਕਿ- ਇਸ ਜਲਸੇ ਦੀ ਸ਼ਾਨ ਦੇ ਸਾਹਮਣੇ ਕਾਂਗਰਸ ਦੀ ਜਲੂਸੀ ਫਿੱਕੀ ਪੈ ਗਈ ਅਤੇ ਕਾਂਗਰਸੀਆਂ ਨੇ ਆਪਣਾ ਸਿਰ ਸ਼ਰਮ ਨਾਲ ਝੁਕਾ ਲਿਆ। ਉਸ ਤੋਂ ਦੂਜੇ ਦਿਨ ਮਹਾਤਮਾ ਗਾਂਧੀ ਪੰਡਤ ਮੋਤੀ ਲਾਲ ਨਹਿਰੂ ਤੇ ਪੰਡਤ ਜਵਾਹਰ ਲਾਲ ਬਾਬਾ ਖੜਕ ਸਿੰਘ ਜੀ ਦੇ ਨਿਵਾਸ ਅਸਥਾਨ ਚਬੁਰਜੀ ਵਿਖ ਪਹੁੰਚੇ ਤੇ ਇਹ ਵਿਸ਼ਵਾਸ ਦਿਵਾਇਆ ਕਿ ਜਿਸ ਵੇਲੇ ਹਿੰਦੁਸਤਾਨ ਆਜ਼ਾਦ ਹੋ ਜਾਏਗਾ ਕੋਈ ਵਿਧਾਨ ਅਜਿਹਾ ਨਹੀਂ ਬਣਾਇਆ ਜਾਏਗਾ ਜਿਹੜਾ ਕਿ ਸਿੱਖਾਂ ਨੂੰ ਮਨਜ਼ੂਰ ਤੇ ਕਬੂਲ ਨਾ ਹੋਵੇ ਅਤੇ ਕਿਸੇ ਮਤਲਬ ਦਾ ਮਤਾ ਵੀ ਕਾਂਗਰਸ ਨੇ ਪਾਸ ਕਰ ਦਿੱਤਾ। ਉਸ ਤੋਂ ਪਿੱਛੇ ਸਨ 1947 ਤਕ ਇਸ ਮਤੇ ਦੀ ਪ੍ਰੋੜਤਾ ਕਈ ਵਾਰ ਕਾਂਗਰਸ ਨੇ ਕੀਤੀ ਅਤੇ ਸੰਨ 1950 ਤਕ ਇਸ ਮਤੇ ਨੂੰ ਕਾਂਗਰਸ ਨੇ ਅਮੰਨਾ ਨਹੀਂ ਕੀਤਾ। 1950 ਵਿਚ ਜਦੋਂ ਸੁਤੰਤਰ ਭਾਰਤ ਦਾ ਵਿਧਾਨ ਬਣਾਇਆ ਗਿਆ ਤਾਂ ਇਸ ਮਤੇ ਉਤੇ ਅਮਲ ਕਰਨ ਤੋਂ ਸਿੱਧਾ ਤੇ ਸਾਫ ਇਨਕਾਰ ਕਰ ਦਿੱਤਾ ਗਿਆ। ਸਿੱਖ ਜਿਹੜੇ ਕਿ ਵਿਸਾਹ ਪਾਲਣ ਵਾਲੇ ਤੇ ਵਿਸ਼ਵਾਸ ਕਰਨ ਵਾਲ ਹਨ ਉਨਾਂ ਨੇ ਪੂਰੇ 20 ਸਾਲ ਕਾਂਗਰਸ ਦੇ ਵਿਸ਼ਵਾਸ ਉਤੇ ਪੂਰਾ ਭਰੋਸਾ ਰੱਖਿਆ ਅਤ ਜਦੋਂ ਵੀ ਉਨਾਂ ਨੂੰ ਅੰਗਰੇਜ਼ਾਂ ਵੱਲੋਂ ਜਾਂ ਮੁਸਲਮਾਨਾਂ ਵੱਲੋਂ ਰਾਜਸੀ ਅਧਿਕਾਰਾਂ ਬਾਰੇ ਕੋਈ ਪਸ਼ਕਾਸ਼ ਵੀ ਹੋਈ ਉਹ ਉਨਾਂ ਨੇ ਤੁਰੰਤ ਨਾ-ਮਨਜ਼ੂਰ ਕਰ ਦਿੱਤੀ। ਇਸ ਸਮੇ ਵਿਚ ਮੁਸਲਮਾਨਾਂ ਵਲੋਂ ਤੇ ਅੰਗਰੇਜ਼ਾਂ ਵਲੋਂ ਇਕ ਤੋਂ ਵੱਧ ਵਾਰ ਸਿੱਖਾਂ ਨੂੰ ਸੁਤੰਤਰ ਰਾਜ ਆਪਣਾ ਆਜ਼ਾਦ ਦੇਸ਼ ਦੇਣ ਤਕ ਦੇ ਯਤਨ ਹੋਏ ਜਿਹੜਾ ਦੇਸ਼ ਕਿ ਦਰਿਆ ਘੱਘਰ ਤੋਂ ਲੈ ਕੇ ਚਨਾਬ ਦੇ ਕੰਡਿਆਂ ਤੱਕ ਮਿਥਿਆ ਗਿਆ ਸੀ ਪਰ ਸਿੱਖਾਂ ਨ ਇਸ ਨੂੰ ਕਬੂਲਣੋਂ ਨਾਂਹ ਕਰ ਦਿੱਤੀ। ਹੁਣ ਮੈਂ ਸੰਨ 1932 ਵਲ ਆਉਂਦਾ ਹਾਂ ਜਦੋਂ ਲੰਦਨ ਵਿਚ ਦੂਜੀ ਗੋਲ ਮੇਜ ਕਾਨਫਰੰਸ ਹੋ ਰਹੀ ਸੀ ਅਤੇ ਸਿਆਲਕੋਟ ਵਾਲੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਜਿਸ ਵੇਲੇ ਕਿ ਕੌਂਸਲ ਆਫ ਇੰਡੀਆ ਦੇ ਮੈਂਬਰ ਸਨ। ਉਸ ਸਮੇ ਬਰਤਾਨਵੀ ਸਰਕਾਰ ਦੇ ਲੀਡਰਾਂ ਨੇ ਸਰਦਾਰ ਬਹਾਦੂਰ ਸ਼ਿਵਦੇਵ ਸਿੰਘ ਦਵਾਰਾ ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਕਿ ਜੇ ਉਹ ਕਾਂਗਰਸ ਨਾਲੋਂ ਆਪਣਾ ਸੰਬੰਧ ਪੱਕੇ ਤੌਰ ਤੇ ਤੋੜ ਲੈਣ ਤਾਂ ਅੰਗਰੇਜ਼ ਸਿੱਖਾਂ ਨੂੰ ਪੰਜਾਬ ਅਤੇ ਹਿੰਦੂਸਤਾਨ ਵਿਚ ਇਤਨੀ ਠੋਸ ਸ਼ਕਤੀ ਦੇ ਦੇਣਗੇ ਜਿਸ ਦਵਾਰਾ ਕਿ ਜਦੋਂ ਉਹ ਹਿੰਦੂਸਤਾਨ ਨੂੰ ਆਜ਼ਾਦ ਕਰਨ ਸਿੱਖ ਹਿੰਦੂਸਤਾਨ ਦੇ ਤੀਜੇ ਭਾਈ ਵਾਲ ਬਣ ਸਕਣ। ਇਹ ਮਾਸਟਰ ਤਾਰਾ ਸਿੰਘ ਜਿਸ ਦੇ ਔਗੁਣਾ ਨੂੰ ਦਿਨ ਰਾਤ ਗਿਣਿਆ ਜਾਂਦਾ ਹੈ ਇਹ ਮਾਸਟਰ ਤਾਰਾ ਸਿੰਘ ਜਿਹੜਾ ਹੱਦ ਤੋਂ ਵੱਧ ਸਰਲ ਸੁਭਾ ਹੈ ਉਸ ਨੇ ਇਹ ਭਾਰੀ ਪੇਸ਼ਕਸ਼ ਫੌਰਨ ਨਾ ਮਨਜ਼ੂਰ ਕਰ ਦਿੱਤੀ। ਸ੍ਰੀਮਤੀ ਪ੍ਰਧਾਨ ਸਾਹਿਬ ਮੈਂ ਉਸ ਵਲ ਕੈਂਬਰਿਜ ਦੀ ਯੂਨੀਵਰਸਿਟੀ ਵਿਚ ਵਿਦਿਆਰਥੀ ਸਾਂ ਅਤੇ ਇਹ ਸਾਰੀਆਂ ਮੇਰੇ ਸਾਹਮਣੇ ਤੋਂ ਹੱਥੀ ਹੋਈਆਂ। ਹੁਣ ਤੀਜੀ ਸਾਖੀ ਸੁਣੋ। ਸੰਨ 1946 ਜੁਲਾਈ ਦੇ ਮਹੀਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਲਸਾ ਕਲਕੱਤੇ ਹੋਇਆ ਜਿਸ ਵਿਚ ਕਿ ਸਿੱਖਾਂ ਨਾਲ ਕੀਤੇ ਗਏ ਰਾਜਸੀ ਪ੍ਰਣ ਦੁਹਰਾਏ ਗਏ। 6 ਜੁਲਾਈ 1946 ਨੂੰ ਕਾਂਗਰਸ ਦੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਕ ਪ੍ਰੈਸ ਕਾਨਫਰੰਸ ਕਲਕੱਤੇ ਵਿਚ ਕੀਤੀ ਜਿਸ ਵਿਚ ਫੱਫੇ ਕੁੱਟਣੀਆਂ ਵਾਲੇ ਇਹ ਸ਼ਬਦ ਕਹੇ ਗਏ, “ਪੰਜਾਬ ਦੇ ਬਹਾਦੂਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ। ਮੈਨੂੰ ਇਸ ਵਿਚ ਕੋਈ ਆਪੱਤੀ ਨਹੀਂ ਦਿੱਸਦੀ ਕਿ ਹਿੰਦੂਸਤਾਨ ਦ ਉਤਰ ਵਿਚ ਇਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਥੇ ਕਿ ਸੁਤੰਤਰਤਾ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ।” ਇਨਾਂ ਕਾਵਯਮਈ ਸ਼ਬਦਾਂ ਨਾਲ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ਇਕ ਸੁਤੰਤਰ ਦੇਸ਼ ਦੇਣ ਦਾ ਬਚਨ ਦਿੱਤਾ ਗਿਆ। ਚੌਥੀ ਸਾਖੀ ਇਉਂ ਹੈ ਕਿ ਸੰਨ 1946 ਦੀਆਂ ਸਰਦੀਆਂ ਵਿਚ ਜਦੋਂ ਕੈਬਨਿਟ ਮਿਸ਼ਨ ਦਿੱਲੀ ਆਇਆ ਤਾਂ ਉਨਾਂ ਨੇ ਸਰਦਾਰ ਬਲਦੇਵ ਸਿੰਘ ਨੂੰ ਬਰਤਾਨਵੀ ਸਰਕਾਰ ਵਲੋਂ ਇਹ ਸੁਨੇਹਾ ਦਿੱਤਾ ਕਿ ਜੇ ਸਿੱਖ ਕਾਂਗਰਸ ਨਾਲੋਂ ਕਿਵੇ ਵੀ ਵੱਖ ਹੋਣਾ ਨਹੀਂ ਲੋਚਦੇ ਅਤੇ ਹਿੰਦੂਆਂ ਦੇ ਨਾਲ ਰਲ ਕੇ ਹੀ ਰਹਿਣਾ ਚਾਹੁੰਦੇ ਹਨ ਤਾਂ ਉਨਾਂ ਸ਼ੁਭ ਇੱਛਾਂ ਦੇ ਪ੍ਰਗਟਾਵੇ ਲਈ ਜੋ ਕਿ ਅੰਗਰਜ਼ੀ ਜਾਤੀ ਦੇ ਹਿਰਦੇ ਵਿਚ ਸਿੱਖਾਂ ਲਈ ਹਨ ਬਰਤਾਨਵੀ ਸਰਕਾਰ ਅਜਿਹਾ ਵਿਧਾਨ ਨਿਸਚਤ ਕਰਨ ਲਈ ਤਿਆਰ ਹੈ ਜਿਸ ਵਿਚ ਕਿ ਉਹ ਜਿੱਥੇ ਤਕ ਸਿੱਖ ਹੋਮਲੈਂਡ ਸਿੱਖਾਂ ਦੀ ਪਿਤ੍ਰੀ ਭੂਮੀ ਅਥਵਾ ਸਿੱਖਸਤਾਨ ਦਾ ਸੰਬਧ ਹੈ ਅਰਥਾਤ ਘੱਗਰ ਤੋਂ ਚਨਾਬ ਵਿਚਲਾ ਇਲਾਕਾ ਉਥੇ ਹਿੰਦੂਸਤਾਨ ਦੀ ਤਕਸੀਮ ਹੋਣ ਪਿੱਛੋਂ ਨਾ ਭਾਰਤ ਤੇ ਨਾ ਪਾਕਿਸਤਾਨ ਕੋਈ ਅਜਿਹਾ ਕਾਨੂੰਨ ਲਾਗੂ ਕਰ ਸਕੇ ਜਿਹੜਾ ਕਿ ਸਿੱਖਾਂ ਨੂੰ ਕਬੂਲ ਨਾ ਹੋਵੇ। ਸ.ਬਲਦੇਵ ਸਿੰਘ ਨੇ ਝਟਪਟ ਇਹ ਸਾਰੀ ਗੱਲਬਾਤ ਨਹਿਰੂ ਜੀ ਨੂੰ ਜਾ ਦੱਸੀ ਤੇ ਉਨਾਂ ਦੀ ਸਲਾਹ ਨਾਲ ਬਰਤਾਨਵੀ ਸਰਕਾਰ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ। ਜੇ ਸਿੱਖ ਉਸ ਵੇਲੇ ਇਹ ਮੰਨ ਲੈਂਦੇ ਤਾਂ ਇਹ ਕਾਂਗਰਸ ਦੇ ਪੰਡਤ ਜਵਾਹਰ ਲਾਲ ਨਹਿਰੂ ਦਵਾਰਾ ਸੰਨ 1946 ਦੀ ਕਲਕੱਤੇ ਵਿਚ ਕੀਤੀ ਪਸ਼ਕਸ਼ ਨਾਲੋਂ ਕਿਤੇ ਵਧੇਰੇ ਵੱਡੀ ਪੇਸ਼ਕਸ਼ ਸੀ ਅਤੇ ਇਸ ਦਵਾਰਾ ਸਿੱਖ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਵਿਚ ਸ਼ਕਤੀਸ਼ਾਲੀ ਪ੍ਰਭਾਵਸ਼ਾਲੀ ਅਸਥਾਨ ਪ੍ਰਾਪਤ ਕਰ ਸਕਦੇ ਸਨ। ਪੰਜਵੀਂ ਗੱਲ ਇਉਂ ਹੈ ਕਿ ਸੰਨ 1947 ਅਪ੍ਰੈਲ ਦੇ ਮਹੀਨੇ ਵਿਚ ਮਿਸਟਰ ਜਿਨਾਹ ਨੇ ਬਰਾਤਨਵੀ ਸਰਕਾਰ ਦੇ ਕੁਝ ਉਘੇ ਲੀਡਰਾਂ ਨਾਲ ਸਲਾਹ ਕਰਕੇ ਸਿੱਖਾਂ ਨੂੰ ਇਹ ਇਕ ਪੇਸ਼ਕਸ਼ ਕੀਤੀ। ਪਹਿਲਾਂ ਤਾਂ ਇਹ ਗੱਲ ਮਾਸਟਰ ਤਾਰਾ ਸਿੰਘ ਜੀ ਨਾਲ ਕੀਤੀ ਗਈ ਤੇ ਪਿੱਛੋਂ ਮਹਾਰਾਜਾ ਪਟਿਆਲਾ ਨਾਲ। ਪੇਸ਼ਕਸ਼ ਇਹ ਸੀ ਕਿ ਪਟਿਆਲੇ ਦੀ ਰਿਆਸਤ ਨੂੰ ਇਕ ਸੁਤੰਤਰ ਦੇਸ਼ ਸਥਾਪਤ ਕਰਕੇ ਪਾਣਪੀਤ ਤੋਂ ਲੈ ਕ ਰਾਵੀ ਦਰਿਆ ਦੇ ਕੰਢਿਆਂ ਤੱਕ ਦੇ ਇਲਾਕੇ ਵਿਚ ਮਿਲਾ ਦਿੱਤੇ ਜਾਣ। ਇਹੋ ਦੇਸ਼ ਸਿੱਖਸਤਾਨ ਬਣ ਜਾਵੇ ਅਤੇ ਫਿਰ ਇਹ ਸਿੱਖਸਤਾਨ ਪਾਕਿਸਤਾਨ ਨਾਲ ਸੰਧੀ ਕਰਕੇ ਆਪਣੀ ਰੱਖਿਆ ਆਦਿ ਦੇ ਸਾਂਝੇ ਪ੍ਰਬੰਧ ਕਰ ਲਵੇ। ਮਾਸਟਰ ਤਾਰਾ ਸਿੰਘ ਨੇ ਤਾਂ ਇਹ ਪੇਸ਼ਕਸ਼ ਬਿਨਾਂ ਕਿਸੇ ਨਾਲ ਸਲਾਹ ਕੀਤੇ ਦੇ ਹੀ ਠੁਕਰਾ ਦਿੱਤੀ ਪਰ ਮਹਾਰਾਜਾ ਪਟਿਆਲੇ ਨੇ ਸ.ਪਟੇਲ ਤੇ ਸ੍ਰੀ ਜਵਾਹਰ ਲਾਲ ਨਹਿਰੂ ਨਾਲ ਸਲਾਹ ਕਰਕੇ ਇਸ ਨੂੰ ਰੱਦ ਕਰ ਦਿੱਤਾ। ਛੇਵੀਂ ਕੜੀ ਇਸ ਕਥਾ ਦੀ ਇਉਂ ਹੈ,

9 ਦਸੰਬਰ 1946 ਨੂੰ ਜਦੋਂ ਕਿ ਹਿੰਦੁਸਤਾਨ ਦੀ ਕੰਸਟੀਚਿਊਐਂਟ ਅਸੈਂਬਲੀ ਦੀ ਪਹਿਲੀ ਬੈਠਕ ਦਿਲੀ ਵਿਚ ਹੋਈ ਤਾਂ ਉਸ ਸਮੇ ਬਾਬੂ ਰਾਜਿੰਦਰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਪੰਡਤ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਤੇ ਬੁਨਿਆਦੀ ਮਤਾ ਪੇਸ਼ ਕੀਤਾ ਜਿਸ ਵਿਚ ਇਹ ਸ਼ਬਦ ਅੰਕਿਤ ਹਨ। “ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ ਹੈ ਤੇ ਇਹ ਸਾਡਾ ਪ੍ਰਣ ਹੈ ਤੇ ਇਹ ਅਸਾਡਾ ਬਚਨ ਹੈ ਅਸੀਂ ਸਾਰੇ ਸੰਸਾਰ ਦੇ ਰੂਬਰੂ ਹਿੰਦੁਸਤਾਨ ਦੇ ਕਰੋੜਾਂ ਸ਼ਹਿਰਿਆਂ ਨੂੰ ਦਿੰਦੇ ਹਾਂ। ਇਸ ਲਈ ਇਹ ਇਕ ਪਵਿੱਤਰ ਸੌਗੰਦ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ।” (ਆਪਣੀ ਸਵਾਰਥ ਸਿਧੀ ਲਈ ਅਤੇ ਵੇਲਾ ਟਪਾਉਣ ਲਈ ਝੂਠੀਆਂ ਸਹੁੰਆ ਸੌਂਗਦਾ ਖਾ ਲੈਣੀਆਂ ਕਾਂਗਰਸ ਲਈ ਕੋਈ ਨਵੀਂ ਗੱਲ ਨਹੀ ਜਾਪਦੀ। 16 ਮਾਰਚ ਸੰਨ 1931 ਨੂੰ ਮਹਾਤਮਾ ਗਾਂਧੀ ਗੁਰਦੁਆਰਾ ਸੀਸ ਗੰਜ ਦੇ ਇਕ ਵਿਸ਼ੇਸ਼ ਦੀਵਾਨ ਵਿਚ ਗਏ ਜਿਥੇ ਕਿ ਉਨਾਂ ਨੂੰ ਮਾਣ ਪੱਤਰ ਦਿਤਾ ਗਿਆ। ਉਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਕਿ ਜੇ ਕਾਂਗਰਸ ਸਿੱਖਾਂ ਨਾਲ ਕੀਤੇ ਕੌਲ ਇਕਰਾਰਾਂ ਤੋਂ ਖਿਸਕ ਗਈ ਤਾਂ ਫਿਰ ਸਿੱਖ ਕੀ ਕਰਨਗੇ। ਮਹਾਤਮਾਂ ਗਾਂਧੀ ਨੇ ਜੋ ਉਤਰ ਦਿੱਤਾ ਉਹ ਉਨਾਂ ਦੇ ਅਖਬਾਰ ਯੰਗ ਇੰਡੀਆ ਮਿਤੀ 19 ਮਾਰਚ 1931 ਵਿਚ ਛਪਿਆ ਹੋਇਆ ਹੈ ਅਤੇ ਉਸ ਵਿਚ ਇਹ ਸ਼ਬਦ ਹਨ ‘ਸਰਦਾਰ ਮਧੂਸੂਦਨ ਸਿੰਘ ਜੀ ਨੇ ਮੈਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਹੈ ਕਿ ਕਾਂਗਰਸ ਸਿੱਖਾਂ ਨਾਲ ਕੀਤੇ ਕੌਲ ਇਕਰਾਰਾਂ ਦਾ ਪਾਲਨ ਕਰੇਗੀ ਅਤੇ ਕਦੇ ਕੋਈ ਅਜਿਹਾ ਕਦਮ ਨਹੀਂ ਚੁਕੇਗੀ ਕਿ ਜਿਸ ਨਾਲ ਸਿੱਖਾਂ ਦੀ ਹਮਦਰਦੀ ਕਾਂਗਰਸ ਨਾਲੋਂ ਟੁੱਟ ਜਾਵੇ। ਭਰਾਵੋ, ਕਾਂਗਰਸ ਨੇ ਲਾਹੌਰ ਵਿਚ ਮਤਾ ਪਾਸ ਕਰ ਦਿੱਤਾ ਹੋਇਆ ਹੈ ਕਿ ਉਹ ਕੋਈ ਵਿਧਾਨ ਨਹੀਂ ਬਣਾੲਗੀ ਜਿਸ ਨੂੰ ਸਿੱਖ ਆਪੂ ਪਰਵਾਨ ਨਾ ਕਰਨ। ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਨਾਲੋਂ ਹੋਰ ਵਧ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ।….ਮੈਂ ਸਿੱਖਾਂ ਨੂੰ ਆਖਦਾ ਹਾਂ ਕਿ ਉਹ ਮੇਰੇ ਬਚਨਾਂ ਉਤੇ ਵਿਸ਼ਵਾਸ ਕਰਨ ਅਤੇ ਕਾਂਗਰਸ ਦੇ ਮਤੇ ਉਤੇ ਭਰੋਸਾ ਰੱਖਣ ਕਿ ਕਾਂਗਰਸ ਸਿੱਖ ਜਾਤੀ ਨਾਲ ਤਾਂ ਕੀ ਕਿਸੇ ਇਕ ਵਿਅਕਤੀ ਨਾਲ ਵੀ ਵਿਸ਼ਵਾਸਘਾਤ ਨਹੀਂ ਕਰੇਗੀ। ਜੇ ਉਸ ਨੇ ਅਜਿਹਾ ਕੀਤਾ ਤਾਂ ਉਹ ਆਪਣੀ ਮੌਤ ਆਪ ਹੀ ਮਰ ਜਾਵੇਗੀ…..ਸਿੱਖੋ, ਭਾਈਓ ਤੇ ਭੈਣੋ ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸ਼ੰਸੇ ਛੱਡ ਦਿਓ…..ਇਸ ਤੋਂ ਵੱਧ ਮੈਂ ਹੋਰ ਕੀ ਆਖਾਂ। ਪਰਮਾਤਮਾ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ ਉਨਾਂ ਤੋਂ ਮੈਂ ਅਤੇ ਕਾਂਗਰਸ ਕਦੇ ਨਹੀਂ ਫਿਰਾਂਗੇ। ਜਦੋਂ ਪੁੱਛਿਆ ਗਿਆ ਕਿ ਜੇ ਸਿੱਖਾਂ ਨਾਲ ਧੋਖਾ ਹੋਇਆ ਤਾਂ ਮੁਲਕ ਆਜ਼ਾਦ ਹੋਣ ਉਤੇ ਸਿੱਖ ਤਾਂ ਨਿਹੱਥਲ ਹੋ ਜਾਣਗੇ ਤੇ ਸਾਰੀ ਤਾਕਤ ਹਿੰਦੂਆਂ ਦੇ ਹੱਥ ਚਲੀ ਜਾਵੇਗੀ ਤਾਂ ਮਹਾਤਮਾ ਗਾਂਧੀ ਨੇ ਉਤਰ ਦਿੱਤਾ ਕਿ ਉਸ ਸਮੇ ਸਿੱਖਾਂ ਦਾ ਇਹ ਹੱਕ ਹੋਵਗਾ ਕਿ ਉਹ ਹੱਥ ਵਿਚ ਤਲਵਾਰ ਫੜ ਕੇ ਬਗਾਵਤ ਕਰਨ ਅਤੇ ਵਾਹਿਗੁਰੂ ਅਤੇ ਮਨੁੱਖਜਾਤੀ ਦੀ ਆਤਮਾ ਉਨਾਂ ਦੀ ਸਹਾਇਤਾ ਕਰਨਗੇ।) ਜੋ ਲੋਕ ਰੱਬ ਦੇ ਭਓ ਤੇ ਗੁਰੂ ਦੇ ਡਰ ਤੋਂ ਆਜ਼ਾਦ ਹੋ ਕੇ ਝੂਠੀਆਂ ਸਹੁੰਆਂ-ਸੁਗੰਦਾ ਰਾਜਸੀ ਪੱਧਰ ਉਤੇ ਚੁੱਕਦੇ ਹਨ ਅਤੇ ਉਨਾਂ ਦੀ ਅੰਤਮ ਗਤੀ ਦੀ ਬਾਬਤ ਮੈਂ ਕੀ ਆਖਾਂ। ਜਿਨਾਂ ਦੇ ਮਨ ਵਿਚੋਂ ਸ਼ਰਮ ਉਡ ਚੁੱਕੀ ਹੈ ਉਥੇ ਜਿਨਾਂ ਨਾਲ ਵਿਸ਼ਵਾਸਘਾਤ ਹੋਇਆ ਹੈ ਉਹ ਸਿਵਾਏ ਅਕਾਲ ਪੁਰਖ ਦੇ ਦਰਬਾਰ ਵਿਚ ਅਰਦਾਸ ਦੇ ਹੋਰ ਕਰ ਵੀ ਕੀ ਸਕਦੇ ਹਨ। ਸਿੱਖ ਇਸ ਸਮੇ ਗੁਰੂ ਅਕਾਲ ਪੁਰਖ ਕੋਲ ਆਪਣੇ ਕਸ਼ਟਾਂ ਦੀ ਨਵਿਰਤੀ ਲਈ ਅਰਦਾਸ ਕਰ ਰਹੇ ਹਨ। ਪਰ ਜਿਨਾਂ ਲੋਕਾਂ ਦੇ ਹੱਥ ਰਾਜ ਦੀ ਸ਼ਕਤੀ ਆ ਜਾਂਦੀ ਹੈ ਉਹ ਆਪਣੀ ਤਵਾਰੀਖ ਆਪ ਹੀ ਘੜ ਲੈਂਦੇ ਹਨ। ਇਸ ਲਈ ਮੈਂ ਸਿੱਖਾਂ ਨਾਲ ਵਿਸ਼ਵਾਸ-ਘਾਤ ਦੀ ਇਸ ਦੁਖਦਾਈ ਕਥਾ ਦਾ ਵਰਣਨ ਕਰ ਰਿਹਾਂ ਹਾਂ ਤਾਂ ਜੋ ਆਉਣ ਵਾਲੀਆਂ ਨਸਲਾਂ ਸਚਾਈ ਤੋਂ ਜਾਣੂ ਹੋ ਜਾਣ। ਹੁਣ ਮੈਂ ਸੱਤਵੀਂ ਸਾਖੀ ਵਲ ਆਉਂਦਾ ਹਾਂ।

12 ਮਈ 1947 ਨੂੰ ਹਿੰਦੂਸਤਾਨ ਦੇ ਗਵਰਨਰ ਜਨਰਲ ਲਾਰਡ ਮਾਊਂਬਟਨ ਪੰਡਤ ਜਵਾਹਰ ਲਾਲ ਨਹਿਰੂ ਨਵਾਬ ਲਿਆਕਤ ਅਲੀ ਖਾਂ ਅਤੇ ਸਰਦਾਰ ਬਲਦੇਵ ਸਿੰਘ ਬਰਤਾਨਵੀ ਸਰਕਾਰ ਦੇ ਸੱਦ ਉਤੇ ਲੰਦਨ ਨੂੰ ਹਵਾਈ ਜਹਾਜ਼ ਰਾਹੀਂ ਗਏ ਤਾਂ ਜੋ ਉਥੇ ਹਿੰਦੂਸਤਾਨ ਦੀ ਫਿਰਕੂ ਅੜਚਨ ਦੇ ਹਲ ਲੱਭਣ ਦਾ ਆਖਰੀ ਯਤਨ ਕੀਤਾ ਜਾਵੇ। ਜਦੋਂ ਮੁਸਲਿਮ ਲੀਗ ਤੇ ਕਾਂਗਰਸ ਵਿਚਕਾਰ ਕੋਈ ਗੱਲ ਬਾਤ ਨੇਪਰੇ ਨਾ ਚੜ ਸਕੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਹਿੰਦੂਸਤਾਨ ਨੂੰ ਵਾਪਸੀ ਰਵਾਨਗੀ ਮਿਥ ਲਈ ਤਾਂ ਬਰਤਾਨਵੀ ਸਰਕਾਰ ਦੇ ਇਕ ਪ੍ਰਮੁਖ ਨੇਤਾ ਨੇ ਸਰਦਾਰ ਬਲਦਵ ਸਿੰਘ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਇਕ ਦੋ ਦਿਨ ਪਿਛੇ ਠਹਿਰ ਜਾਣ ਤੱਦ, “ਅਜਿਹੇ ਪ੍ਰਬੰਧ ਸੰਭਵ ਹਨ ਜਿਨਾਂ ਦਵਾਰਾ ਕਿ ਸਿੱਖ ਆਪਣੇ ਪੈਰਾਂ ਉਤੇ ਖੜੇ ਹੋ ਕੇ ਸੰਸਾਰ ਦੀ ਤਵਾਰੀਖ ਵਿਚ ਭਾਈਵਾਲੀ ਪਾ ਸਕਣ।” ਸਰਦਾਰ ਬਲਦੇਵ ਸਿੰਘ ਨੇ ਬਿਨਾਂ ਵਿਲੰਬ ਦੇ ਅਤੇ ਸ਼੍ਰਸ਼ਟਾਚਾਰ ਦੇ ਵਿਰੁੱਧ ਇਹ ਭੇਤ ਵਾਲੀ ਗੱਲ ਝਟ ਪੰਡਤ ਨਹਿਰੂ ਨੂੰ ਜਾ ਦੱਸੀ ਅਤੇ ਪੰਡਤ ਨਹਿਰੂ ਦੀ ਪ੍ਰੇਰਨਾ ਅਨੁਸਾਰ ਹਿੰਦੂਸਤਾਨ ਵਾਪਸ ਆਉਣ ਲਈ, ਉਨਾਂ ਨਾਲ ਹੀ ਹਵਾਈ ਜਹਾਜ ਵਿੱਚ ਆ ਸਵਾਰ ਹੋਏ। ਵਿਦਾਇਗੀ ਵੇਲੇ ਸਰਦਾਰ ਬਲਦੇਵ ਸਿੰਘ ਨੇ ਸੰਸਾਰ ਦੇ ਪੱਤਰਕਾਰਾਂ ਦਵਾਰਾ ਬਿਨਾਂ ਨੀਤੀ ਵਿਚਾਰ ਦੇ ਇਉਂ ਦਮਗਜਾ ਮਾਰਿਆ “ਸਿੱਖ ਅੰਗਰੇਜ਼ਾਂ ਕੋਲੋਂ ਨਾ ਕੁਝ ਮੰਗਦੇ ਹਨ ਨਾ ਕੁਝ ਲੋਚਦੇ ਹਨ ਸਿਵਾਏ ਇਸ ਗਲ ਦੇ ਕਿ ਅੰਗਰੇਜ਼ ਬਿਸਤਰਾ ਬੋਰੀਆ ਗੋਲ ਕਰਕੇ ਹਿੰਦੂਸਤਾਨ ਨੂੰ ਛੱਡ ਜਾਣ। ਸਿੱਖਾਂ ਨੇ ਜੋ ਕੁਝ ਵੀ ਰਾਜਸੀ ਅਧਿਕਾਰ ਲੈਣੇ ਜਾਂ ਮੰਗਣੇ ਹਨ ਉਹ ਕਾਂਗਰਸ ਕੋਲੋਂ ਤੇ ਹਿੰਦੂਆਂ ਦੀ ਕ੍ਰਿਪਾਲਤਾਦਵਾਰਾ ਪ੍ਰਾਪਤ ਕਰਨਗੇ।” ਹੁਣ ਅੱਠਵੀਂ ਤੇ ਅੰਤਲੀ ਸਾਖੀ ਇਉਂ ਹੈ ਕਿ ਜੁਲਾਈ 1947 ਵਿਚ ਅਣਵੰਡੇ ਪੰਜਾਬ ਦੀ ਲੇਜਿਸਲਟਿਵ ਅਸੈਂਬਲੀ ਦੇ ਹਿੰਦੂ ਤੇ ਸਿੱਖ ਮੈਂਬਰਾਂ ਦੀ ਇਕ ਬੈਠਕ ਦਿੱਲੀ ਵਿਚ ਹੋਈ ਜਿਥੇ ਕਿ ਉਨਾਂ ਨੇ ਸਰਬ ਸੰਮਤੀ ਨਾਲ ਹਿੰਦੂਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜਤਾ ਕੀਤੀ। ਉਸ ਮਤੇ ਵਿਚ ਇਹ ਸ਼ਬਦ ਵੀ ਮੌਜੂਦ ਹਨ- “ਹਿੰਦੂਸਤਾਨ ਦੀ ਵੰਡ ਤੋਂ ਪਿੱਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ ਉਸ ਵਿਚ ਇਹ ਅਤੀ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦਾ ਬਾਨਣੂ ਬੰਨਿਆ ਜਾਏ।” ਇਹ ਪੰਜਾਬ ਦੇ ਉਹੋ ਹਿੰਦੂ ਹਨ ਜਿਨਾਂ ਦੀ ਕਿ ਬੁਧੀ ਨਾਲੋਂ ਉਨਾਂ ਦੀ ਕੁਚੇਸ਼ਟਾ ਵਧੇਰੇ ਪ੍ਰਬਲ ਹੈ, ਜਿਨਾਂ ਨੇ ਭਾਰਤ ਸੁਤੰਤਰ ਹੋਣ ਪਿੱਛੋਂ ਕੋਈ ਢੰਗ ਤਰੀਕਾ ਵਰਤਣੋਂ ਸੰਕੋਚ ਨਹੀਂ ਕੀਤਾ ਜਿਸ ਦਵਾਰਾ ਕਿ ਸਿੱਖਾਂ ਨੂੰ ਹੀਣ ਬਣਾ ਕੇ ਆਪਣੇ ਅਧੀਨ ਰੱਖ ਸਕਣ। ਅੱਜ ਜਿਹੜਾ ਬਿਲ ਅਸੀਂ ਵਿਚਾਰ ਰਹੇ ਹਾਂ ਇਹ ਉਸ ਘਿਰਣਾ-ਭਰੀ ਕਥਾ ਦਾ ਹੀ ਅੰਤਮ ਅਧਿਆਏ ਹੈ, ਜਿਹੜੀ ਕਥਾ ਮੈਂ ਹੁਣ ਸੁਣਾ ਚੁੱਕਾ ਹਾਂ। ਜਦੋਂ ਸੰਨ 1950 ਵਿਚ ਸੁਤੰਤਰ ਹਿੰਦੂਸਤਾਨ ਦਾ ਨਵਾਂ ਵਿਧਾਨ ਨਿਰਮਤ ਕੀਤਾ ਗਿਆ ਤਾਂ ਸਿੱਖਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਅਥਵਾ ਅਕਾਲੀ ਮੈਂਬਰਾਂ ਨੇ, ਗੱਜਵੱਜ ਕੇ ਕਿਹਾ ਕਿ- “ਸਿੱਖ ਇਸ ਵਿਧਾਨ ਨੂੰ ਰੱਦ ਕਰਦੇ ਹਨ। ਸਿੱਖ ਇਸ ਵਿਧਾਨ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।” ਸਿੱਖਾਂ ਦੇ ਨੁਮਾਇੰਦਿਆਂ ਨੇ ਇਸ ਵਿਧਾਨ ਦੇ ਇਸ ਖਰੜੇ ਉਤੇ ਦਸਤਖਤ ਕਰਨ ਤੋਂ ਉਕਾ ਹੀ ਨਾਂਹ ਕਰ ਦਿੱਤੀ ਤਾਂ ਜੋ ਸਭ ਸੰਸਾਰ ਅਤੇ ਆਉਣ ਵਾਲੀਆਂ ਨਸਲਾਂ ਸਪੱਸ਼ਟ ਸਮਝ ਲੈਣ ਕਿ ਇਹ ਵਿਧਾਨ ਸਿੱਖਾਂ ਨਾਲ ਵਿਸਾਹਘਾਤ ਕਰਕੇ ਬਣਾਇਆ ਗਿਆ ਹੈ ਅਤੇ ਇਸ ਕਾਰਨ ਸਿੱਖਾਂ ਦੀ ਆਤਮਾ ਇਸ ਨੂੰ ਸਵੀਕਾਰ ਕਰਨ ਉਤੇ ਮਜ਼ਬੂਰ ਨਹੀਂ ਕੀਤੀ ਜਾ ਸਕਦੀ। ਸ੍ਰੀਮਤੀ ਪ੍ਰਧਾਨ ਜੀਊ, ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ, ਬੀਤ ਚੁੱਕੇ ਅਠਾਰਾਂ ਸਾਲਾਂ ਵਿਚ ਸਿੱਖਾਂ ਦੀ ਜੋ ਦੁਰਗਤੀ ਹੋਈ ਹੈ ਅਤੇ ਸਿੱਖਾਂ ਨਾਲ ਜੋ ਧੱਕੇ ਇਨਾਂ ਰਾਜਸੀ ਤੇ ਫਰੰਗੀ ਹਿੰਦੂਆਂ ਨੇ ਕੀਤੇ ਹਨ ਉਸ ਦੁੱਖ ਭਰੇ ਕਾਂਡ ਨੂੰ ਮੈਂ ਅੱਜ ਸਮੇ ਦੀ ਥੁੜ ਦੇ ਕਾਰਨ ਨਹੀਂ ਛੋਂਹਦਾ। ਕੇਵਲ ਇਨਾਂ ਦੱਸਾਗਾਂ ਕਿ ਜਦੋਂ ਸੰਨ 1954 ਵਿਚ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਵਾਇਆ ਕਿ ਕਾਂਗਰਸ ਤੇ ਹਿੰਦੂਆਂ ਵੱਲੋਂ ਸਿੱਖਾਂ ਨਾਲ ਕੀਤੇ ਬਚਨ ਪੂਰੇ ਨਹੀਂ ਹੋਏ ਤਦ ਪੰਡਤ ਜਵਾਹਰ ਲਾਲ ਨਹਿਰੂ ਨੇ ਬਿਨਾ ਝਿਜਕ ਉਤਰ ਦਿੱਤਾ ਕਿ ‘ਹੁਣ ਸਮਾਂ ਬਦਲ ਗਿਆ ਹੈ।’ ਸਿੱਖ ਭਲੀ ਪ੍ਰਕਾਰ ਜਾਣਦੇ ਹਨ ਕਿ ਹੁਣ ਸਮਾਂ ਬਦਲ ਗਿਆ ਹੈ। ਹੁਣ ਮੈਨੂੰ ਇਸ ਬਿਲ ਉਤੇ ਥੋੜੀ ਜਿਹੀ ਟੀਕਾ ਟਿੱਪਣੀ ਕਰਨ ਦੀ ਆਗਿਆ ਦਿੱਤੀ ਜਾਵੇ। 21 ਮਾਰਚ 1966 ਨੂੰ ਗ੍ਰਹਿ ਮੰਤਰੀ ਨੇ ਸੁਪਰੀਮ ਕੋਰਟ ਦੇ ਇਕ ਜੱਜ ਦੀ ਪ੍ਰਧਾਨਗੀ ਹੇਠ ਕਮਸ਼ੀਨ ਨੀਯਤ ਕੀਤਾ ਕਿ ਪੰਜਾਬ ਦੇ ਪੰਜਾਬੀ ਤੇ ਹਿੰਦੀ ਭਾਗਾਂ ਨੂੰ ਵੱਖਰੇ-ਵੱਖਰੇ ਕਰਕੇ ਪੰਜਾਬ ਤੇ ਹਰਿਆਣਾ ਰਾਜ ਸਥਾਪਤ ਕੀਤੇ ਜਾਣ ਅਤੇ ਇਹ ਵੰਡ ਸੰਨ 1961 ਦੀ ਜਨਸੰਖਿਆਂ ਦੇ ਆਧਾਰ ਉਤੇ ਹੋਵੇ ਅਤੇ ਇਹ ਵੰਡ ਕਰਨ ਸਮੇ ਤਹਸੀਲਾਂ ਦੀਆਂ ਹੱਦਾਂ ਨਾਂ ਤੋੜੀਆਂ ਜਾਣ। ਇਨਾਂ ਤਿੰਨਾਂ ਆਦੇਸ਼ਾਂ ਦੇ ਗੁਹਜ ਰਹੱਸ ਨੂੰ ਜੇ ਸਮਝਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾੲੇਗਾ ਕਿ ਇਨਾਂ ਦਾ ਭਾਵ ਪੰਜਾਬ ਨੂੰ ਨਿਰਬਲ ਕਰਨਾ ਅਤੇ ਸਿੱਖਾਂ ਦਾ ਲੱਕ ਤੋੜਨਾ ਸੀ। ‘ਸ਼ਾਹ ਕਮੀਸ਼ਨ’ ਨੇ ਇਸ ਗ੍ਰਹਜ ਰਹੱਸ ਨੂੰ ਸਮਝਣ ਵਿਚ ਅਣਗਹਿਲੀ ਨਹੀਂ ਵਿਖਾਈ। ਜਿੰਨਾਂ ਛੋਟੇ ਤੋਂ ਛੋਟਾ ਪੰਜਾਬ ਹੋ ਸਕਿਆ ਉਸ ਤੋਂ ਵੱਧ ਉਨਾਂ ਨਹੀਂ ਬਣਨ ਦਿੱਤਾ ਅਤੇ ਉਨਾਂ ਨੇ ਪੰਜਾਬ ਨੂੰ ਹੀਣਾ ਕਰਨ ਲਈ ਜੋ ਕੁਝ ਸਰ ਬਣ ਸਕਿਆ ਹੈ ਕੀਤਾ ਹੈ, ਤਾਂ ਜੋ ਪੰਜਾਬ ਦਾ ਇਲਾਕਾ ਤੇ ਹੱਕ ਖੋਹ ਕੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਅਮੀਰ ਬਣਾਇਆ ਜਾ ਸਕੇ। ਡਲਹੌਜੀ ਪੰਜਾਬ ਕੋਲੋਂ ਖੋਹ ਲਈ ਹੈ ਕਿ ਇਹ ਪਹਾੜੀ ਇਲਾਕਾ ਹੈ ਅਤੇ ਮੋਰਨੀ ਜਿਹਡਾ ਕਿ ਡਲਹੌਜੀ ਨਾਲੋਂ ਵੀ ਉਚੇਰਾ ਹੈ ਉਹ ਹਰਿਆਣੇ ਨੂੰ ਦੇ ਦਿੱਤਾ ਹੈ ਕਿ ਹਿੰਦੂ ਵੱਸਦੇ ਹਨ। ਇਹ ਦੁੱਖਦਾਈ ਕਥਾ ਇਉਂ ਜਾਰੀ ਹੈ ਅਤੇ ਨਵੀਆਂ ਕੜੀਆਂ ਘੜ ਕੇ ਪੰਜਾਬ ਨੂੰ ਪ੍ਰਾਧੀਨ ਤੇ ਨਿਰਬਲ ਕਰਨ ਦੇ ਭਰਪੂਰ ਜਤਨ ਕੀਤੇ ਗਏ ਹਨ। ਸਿੱਟੇ ਵਜੋਂ ਪੰਜਾਬ ਹੁਣ ਐਵੇ ਇਕ ਚੋਪੜਿਆਂ ਲਪਿਆ ਜ਼ਿਲਾ ਪ੍ਰੀਸ਼ਦ ਰਹਿ ਗਿਆ ਹੈ ਅਤੇ ਇਹ ਸਿੱਖਾਂ ਲਈ ਇਕ ਕੁਰਾਟੀਨ ਬਣਾ ਦਿੱਤਾ ਗਿਆ ਹੈ। ਦੁਖ ਦੀ ਗੱਲ ਇਹ ਹੈ ਕਿ ਇਨਾ ਪਾਪ ਕਰਮਾਂ ਦੀ ਪੂਰਤੀ ਲਈ ਦੇਸ਼ ਦੀ ਜੁਡੀਸ਼ਰੀ ਨੂੰ ਵਰਤਿਆ ਗਿਆ ਹੈ। (ਸੰਨ 1964 ਵਿਚ ਇਨਾਂ ਸਤਰਾਂ ਦਾ ਲਿਖਾਰੀ ਦਿੱਲੀ ਪਾਰਲੀਮੈਂਟ ਵਿਚ ਪਾਰਲੀਮੈਂਟਰੀ ਸੁਤੰਤਰ ਪਾਰਟੀ ਦਾ ਸੈਕਟਰੀ ਸੀ ਅਤੇ ਇਸ ਹੈਸਿਅਤ ਵਿਚ ਉਹ ਮਦਰਾਸ ਸੁਤੰਤਰ ਪਾਰਟੀ ਦੇ ਨੇਤਾ ਤੇ ਨਿਰਮਾਤਾ ਸ੍ਰੀ ਰਾਜਗੋਪਾਲਾਚਾਰੀ ਨੂੰ ਮਿਲਣ ਗਿਆ ਤਦ ਰਾਜਾ ਜੀ ਨੇ ਦੱਸਿਆ ਕਿ ਸੰਨ 1946 ਵਿਚ ਹੀ ਉਨਾਂ ਨੇ ਮਾਸਟਰ ਤਾਰਾ ਸਿੰਘ (“Dear Old Master Ji”) ਨੂੰ ਖਬਰਦਾਰ ਕਰ ਦਿੱਤਾ ਸੀ ਕਿ ਹੁਣ ਜੋ ਕੁੱਝ ਸਿੱਖ ਪ੍ਰਾਪਤ ਕਰ ਸਕਦੇ ਹਨ, ਅੰਗਰੇਜਾਂ ਤੇ ਮੁਸਲਮਾਨਾਂ ਨਾਲ ਸੁਲਹ ਸਫਾਈ ਕਰਕੇ ਲੈ ਲੈਣ, ਪਿਛੋਂ ਹਿਦੂਆਂ ਨੇ ਕੁਝ ਵੀ ਨਹੀਂ ਦੇਣਾ ਦਵਾਣਾ। ਮੈਂ ਮੁੜਨ ਉਪਰਾਂਤ ਮਾਸਟਰ ਤਾਰਾ ਸਿੰਘ ਜੀ ਕੋਲੋਂ ਇਹ ਗੱਲ ਪੁੱਛੀ ਤਾਂ ਕਹਿਣ ਲੱਗੇ, ‘ਹਾਂ ਗੱਲ ਹੋਈ ਤਾਂ ਸੀ, ਪਰ ਅਸੀਂ ਸੋਚਿਆ ਕਿ ਇਉਂ ਹਿੰਦੂਆਂ ਉਤੇ ਅਸਾਡੀ ਬੇਭਰੋਸਗੀ ਪ੍ਰਗਟ ਹੋਵਗੀ ਅਤੇ ਅਸੀਂ ਚੁੱਪ ਵੱਟੀ ਰੱਖੀ।’

“ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ।।

ਬਿਖੁ ਫਲਿ ਮੀਠਾ ਚਾਰਿ ਦਿਨ ਫਿਰਿ ਹੋਵ ਤਾਤਾ ਰਾਮ।।” {ਗੁਰੂ ਗ੍ਰੰਥ ਸਾਹਿਬ, ਆਸਾ ਮਹਲਾ }) ਸ੍ਰੀਮਤੀ ਪ੍ਰਧਾਨ ਜੀਊ ਮੈਨੂੰ ਇਹ ਕਹਿਣ ਦੀ ਆਗਿਆ ਦਿਉ ਕਿ ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ ਜੋ ਪਾਪ ਸਭ ਤੋਂ ਵੱਡਾ ਕਾਂਗਰਸੀ ਹਾਕਮਾਂ ਨੇ ਕੀਤਾ ਹੈ ਉਹ ਇਹ ਹੈ ਕਿ ਉਨਾਂ ਨੇ ਨਿਯਾਲਯਾਂ ਦੇ ਉਚ-ਅਧਿਕਾਰਿਆਂ ਨੂੰ ਮਹਾਨ ਅਨਿਅਏਂ ਦੇ ਰਾਜਸੀ ਕੰਮਾਂ ਲਈ ਵਰਤਿਆ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਲੋਕਾਂ ਦਾ ਭਰੋਸਾ ਅਦਾਲਾਤਾਂ ਤੋਂ ਉਠ ਗਿਆ ਹੈ। ਤਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨ 20 ਜੁਲਾਈ 1966 ਨੂੰ ਇਹ ਮਤਾ ਪਾਸ ਕੀਤਾ- “ਸਿੱਖਾਂ ਨਾਲ ਸੰਬੰਧਤ ਮਸਲਿਆਂ ਬਾਰੇ ਜੋ ਅਦਾਲਤੀ ਜਾਂਚ ਪੜਤਾਲਾਂ ਤੇ ਰਿਪੋਰਟਾਂ ਸੁਤੰਤਰ ਭਾਰਤ ਵਿਚ ਹੋਈਆਂ ਹਨ, ਉਨਾਂ ਉਤੇ ਦੀਰਘ ਵਿਚਾਰ ਕਰਨ ਪਿੱਛੋਂ, ਇਹ ਸਿੱਟਾ ਨਿਕਲਦਾ ਹੈ ਕਿ ਆਜ਼ਾਦ ਹਿੰਦੂਸਤਾਨ ਵਿਚ ਅਦਾਲਤਾਂ ਅਤੇ ਅਦਾਲਤੀ ਕਾਰਵਾਈਆਂ ਉਤੇ ਰਾਜਸੀ ਹਿੰਦੂਆਂ ਨੇ ਅਯੋਗ ਪ੍ਰਬਾਵ ਇਸ ਪ੍ਰਕਾਰ ਪਾਏ ਹੋਏ ਹਨ ਕਿ ਸਿੱਖਾਂ ਨੂੰ ਕਿਸੇ ਅਦਾਲਤੀ ਢੰਗ ਅਤੇ ਰਾਹ ਦਵਾਰਾ ਇਨਸਾਫ ਦੀ ਉਮੀਦ ਨਹੀਂ ਰਹਿ ਗਈ।” ਮਾਨਯਵਰ ਮਹਿਲਾ ਪ੍ਰਧਾਨ ਸਾਹਿਬ, ਹੋ ਸਕਦਾ ਹੈ ਕਿ ਮੇਰੇ ਕੋਲੋਂ ਪੁੱਛਿਆ ਜਾਵੇ, ਅਤੇ ਮੈਂ ਵੇਖ ਰਿਹਾ ਹਾਂ ਕਿ ਕਈ ਭਲੇ ਅਤੇ ਸੱਜਣ ਮੈਂਬਰ ਇਸ ਸਭਾ ਵਿਚ ਬੈਠ ਹਨ ਜਿਨਾਂ ਦੇ ਮਨ ਵਿਚ ਕਈ ਇਸ ਪ੍ਰਕਾਰ ਦੇ ਪ੍ਰਸ਼ਨ ਉਠ ਰਹੇ ਹੋਣਗੇ’ ਇਹ ਸਰਦਾਰ ਕਪੂਰ ਸਿੰਘ, ਸਿਆਣਾ ਬਿਆਣਾ ਹੋ ਕੇ ਸਿੱਖਾਂ ਦੀ ਗੱਲ ਲੋਕ ਸਭਾ ਵਿਚ ਕਿਉਂ ਛੇੜ ਬੈਠਾ ਹੈ ? ਸਾਡੇ ਦੇਸ਼ ਵਿਚ ਅਫਿਰਕੂ ਰਾਜ ਸਥਾਪਤ ਹੋ ਚੁੱਕਾ ਹੈ ਅਤੇ ਸਾਂਝੀਆਂ ਵੋਟਾਂ ਨਾਲ ਰਾਜ ਕਰਨ ਦਾ ਵਿਧਾਨ ਬਣ ਗਿਆ ਹੈ। ਸਿੱਖਾਂ ਨਾਲ ਵਿਤਕਰਾ ਅਤੇ ਧੱਕਾ ਕਿਵੇ ਹੋ ਸਕਦਾ ਹੈ, ਵਿਧਾਨ ਵਿਚ ਤਾਂ ਸਿੱਖ ਹਿੰਦੂ ਦਾ ਵਿਤਕਰਾ ਮੰਨਿਆ ਹੀ ਨਹੀਂ ਗਿਆ।’ ਇਨਾਂ ਪ੍ਰਸ਼ਨਾਂ ਦਾ ਉਤਰ ਮੈਂ ਸਹਿਜ ਹੀ ਦੇ ਸਕਦਾ ਹਾਂ। ਵਿਧਾਨ ਅਤੇ ਕਾਨੂੰਨ ਤਾਂ ਕਿਤਾਬਾਂ ਵਿਚ ਲਿਖੇ ਹੁੰਦੇ ਹਨ, ਪਰ ਉਨਾਂ ਉਤੇ ਜਿਸ ਢੰਗ ਨਾਲ ਅਮਲ ਕੀਤਾ ਜਾਂਦਾ ਹੈ, ਉਹ ਗੱਲ ਹੋਰ ਹੈ। ਗੱਲ ਕਹਿਣ ਦੀ ਹੋਰ ਹੁੰਦੀ ਤੇ ਕਰਨ ਦੀ ਹੋਰ, ਇਹ ਰਾਜਨੀਤੀ ਦਾ ਰਹਸੱਯ ਹੈ। ਜਿਹੜੇ ਲੋਕ ਇਸ ਪ੍ਰਕਾਰ ਦੀਆਂ ਭੁੱਲ ਭੁਲਾਣੀਆਂ ਵਿਚ ਸਿੱਖਾਂ ਨੂੰ ਪਾਉਣ ਦਾ ਯਤਨ ਕਰਦੇ ਹਨ, ਉਹ ਜਾਂ ਤਾਂ ਸਿੱਖਾਂ ਵਾਂਗ ਹੀ ਸਿੱਧੜ ਹਨ ਅਤੇ ਜਾਂ ਲੋੜ ਤੋਂ ਵਧ ਚਲਾਕ। ਮੁੰਡੂਕੋਪਨਸ਼ਿਦ ਵਿਚ ਲਿਖਿਆ ਹੈ ਕਿ ਸੰਸਾਰ ਆਤਮਾ ਦੀਆਂ ਚਾਰ ਗਤੀਆਂ ਤੋਂ ਉਤਪੰਨ ਹੁੰਦਾ ਹੈ। ਇਸ ਨੂੰ ‘ਚਤਰਪਾਦ’ ਕਿਹਾ ਹੈ। ਇਸ ਤਰਾਂ ਅੱਜਕਲ ਦੇ ਰਾਜ ਪਰਪੰਚ ਦੇ ਵੀ ਚਾਰ ਪੈਰ ਹਨ, ਪਾਰਲੀਮੈਂਟ, ਨੌਕਰਸ਼ਾਹੀ, ਅਦਾਲਤਾਂ ਅਤੇ ਪ੍ਰੈਸ। ਜਿਤਨਾਂ ਚਿਰ ਰਾਜ ਦੇ ਇਨਾਂ ਚਹੁੰ ਅੰਗਾਂ ਦੀ ਰੂਪ ਰੇਖਾ ਨਾ ਪਛਾਣੀ ਜਾਵੇ, ਉਤਨਾ ਚਿਰ ਹਿੰਦੁਸਤਾਨ ਵਿਚ ਸਿੱਖਾਂ ਦੀ ਦੁਖ ਭਰੀ ਯੋਜਨਾ ਦੀ ਸੋਝੀ ਨਹੀਂ ਆ ਸਕਦੀ। ਅਦਾਲਤਾਂ ਤੇ ਨੌਕਰਸ਼ਾਹੀ ਬਾਬਤ ਮੈਂ ਖੁਲ ਸੰਕੇਤ ਕਰ ਚੁੱਕਾ ਹਾਂ। ਹੁਣ ਮੈਂ ਪਾਰਲੀਮੈਂਟ ਵਲ,ਇਸ ਲੋਕ ਸਭਾ ਵਲ, ਕੁੱਝ ਇਸ਼ਾਰੇ ਕਰਦਾ ਹਾਂ। ਇਹ ਲੋਕ ਸਭਾ ਮਹਾਨ ਗੌਰਵਸ਼ਾਲੀ ਸੰਸਥਾ ਹੈ ਅਤੇ ਇਸ ਦੇ ਸਤਿਕਾਰ ਨੂੰ ਕੋਈ ਭੰਗ ਕਰਨ ਦਾ ਅਧਿਕਾਰੀ ਨਹੀਂ ਹੈ। ਪਰੰਤੂ ਸਿੱਖ ਭਲੀ ਪ੍ਰਕਾਰ ਜਾਣਦੇ ਹਨ ਕਿ ਸਾਂਝੇ ਵੋਟਾਂ ਦੀ ਚੋਣ ਰਾਹੀਂ ਉਹ ਦੋ ਚਾਰ ਤੋਂ ਵੱਧ ਆਪਣੇ ਮੈਂਬਰ ਇਥੇ ਭੇਜ ਨਹੀਂ ਸਕਦੇ। ਇਹ ਦੋਹ ਚਹੁੰ ਮੈਂਬਰਾਂ ਨੂੰ ਵੀ ਖੁਲੀ ਤੇ ਨਿਰਭੈ ਹੋ ਕੇ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਪਿਛਲੇਰੇ ਮਹੀਨਿਆਂ ਵਿਚ ਹੀ ਇਹ ਵੇਖਣ ਵਿਚ ਆਇਆ ਹੈ ਕਿ ਘੱਟ ਗਿਣਤੀ ਦੇ ਮੈਂਬਰਾਂ ਨੂੰ, ਬਿਨਾਂ ਸੁਣੇ ਤ ਬਿਨਾਂ ਵਿਚਾਰੇ, ਲੋਕ ਸਭਾ ਵਿਚੋਂ ਖਾਰਜ ਕਰ ਦਿੱਤਾ ਜਾਂਦਾ ਹੈ ਅਤੇ ਪਿਛੋਂ ਵੀ ਆਪਣਾ ਦੁੱਖ ਹੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਅਜਿਹੀ ਲੋਕ ਸਭਾ ਦਵਾਰਾ ਸਿੱਖ ਆਪਣੇ ਦੁੱਖਾਂ ਦੀ ਨਵਿਰਤੀ ਕਿਵੇ ਕਰਨ ? ਹੁਣ ਮੈਂ ਪ੍ਰੈਸ ਦੀ ਗੱਲ ਕਰਦਾ ਹਾਂ। ਸਾਡੇ ਦੇਸ਼ ਦਾ ਪ੍ਰੈਸ ਆਜ਼ਾਦ ਹੈ ਅਤੇ ਬਹੁਤ ਹੱਦ ਤੱਕ ਨਿਰਪੱਖ ਵੀ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਿੱਖਾਂ ਦਾ ਸਵਾਲ ਹੋਵੇ, ਉਸ ਵੇਲੇ ਉਨਾਂ ਦਾ ਰਵੱਈਆ ਕੀ ਹੁੰਦਾ ਹੈ। ਕੁਝ ਸਾਲ ਹੋਏ ਇੰਗਲੈਂਡ ਵਿਚ ਕਈ ਅਖਬਾਰਾਂ ਦੇ ਮਾਲਕ ਲਾਰਡ ਬੀਵਰਬਰੁਕ ਦੀ ਪ੍ਰਧਾਨ ਮੰਤਰੀ ਬਾਲਡਵਿਨ ਨਾਲ ਖੜਕ ਪਈ ਸੀ ਤਦ ਬਾਲਡਵਿਨ ਨੇ ਪ੍ਰੈਸ ਬਾਰੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਕਿਹਾ ਸੀ- ‘ਪ੍ਰੈਸ ਕੋਲ ਸ਼ਕਤੀ ਹੈ, ਪਰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ। ਇਨਾਂ ਕੋਲ ਕੰਜਰਾਂ ਤੇ ਕੰਜਰੀਆਂ ਵਾਲੇ ਸਭ ਅਧਿਕਾਰ ਹਨ।’ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿੰਦਾ। ਮੈਂ ਬਹੁਤ ਕੁਝ ਕਹਿ ਚੁੱਕਾ ਹਾਂ ਜਿਸ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2, ਜਿਹੜਾ ਕਿ 20 ਜੁਲਾਈ 1966 ਨੂੰ ਪਾਸ ਕੀਤਾ ਗਿਆ, ਦੇ ਪਿਛੋਕੜ ਦੀ, ਜਿਥੋਂ ਤਕ ਕਿ ਇਸ ਦਾ ਸੰਬੰਧ ਇਸ ਬਿਲ ਨਾਲ ਹੈ, ਸਮਝ ਪੈ ਸਕਦੀ ਹੈ। ਉਹ ਮਤਾ ਇਉਂ ਹੈ- ‘ਸਿੱਖ ਨਿਸਚੈ ਕਰਦੇ ਹਨ ਅਤੇ ਐਲਾਨ ਕਰਦੇ ਹਨ ਕਿ ਉਹ ਆਪਣੀ ਪੂਰੀ ਸ਼ਕਤੀ ਨਾਲ, ਐਸੇ ਹਮਲੇ ਦਾ ਮੁਕਾਬਲਾ ਕਰਨਗੇ, ਜਿਸ ਦਾ ਭਾਵ ਸਿੱਖਾਂ ਨੂੰ ਆਜ਼ਾਦ ਹਿੰਦੁਸਤਾਨ ਵਿਚ ਘਟੀਆ ਦਰਜੇ ਦੇ ਅਤੇ ਗੌਰਵ-ਰਹਿਤ ਸ਼ਹਿਰੀ ਬਣਾ ਦੇਣਾ ਹੋਵੇ।’ ਉਹ ਮੰਗ ਕਰਦੇ ਹਨ ਕਿ ਹੇਠ ਲਿਖੇ ਕਦਮ ਫੌਰਨ ਚੁੱਕੇ ਜਾਣ ਤਾ ਜੋ ਸਿੱਖ ਹਿੰਦੂਸਤਾਨ ਵਿਚ, ਬਰਾਬਰ ਦੇ ਭਰਾ ਬਣ ਕੇ ਰਹਿ ਸਕਣ- (1) ਜਿਹੜੇ ਸਿੱਖ ਇਲਾਕੇ ਜਾਣ ਬੁੱਝ ਕੇ ਅਤੇ ਬਿਨ ਕਾਰਨ ਨਵੇ ਪੰਜਾਬ ਵਿਚੋਂ ਕੱਢ ਦਿੱਤੇ ਗਏ ਹਨ ਅਤੇ ਜੋੜ ਨਹੀਂ ਗਏ, ਜਿਹਾ ਕਿ, ਗੁਰਦਾਸਪੁਰ ਜ਼ਿਲੇ ਦਾ ਇਲਾਕਾ ਜਿਸ ਵਿਚ ਡਲਹੌਜ਼ੀ ਸ਼ਾਮਲ ਹੈ, ਅੰਬਾਲੇ ਦਾ ਜ਼ਿਲਾ ਸਣੇ ਚੰਡੀਗੜ, ਪੰਜੌਰ, ਕਾਲਕਾ ਤੇ ਅੰਬਾਲਾ ਸਦਰ ਦੇ ਅਤੇ ਊਨੇ ਦੀ ਸਾਰੀ ਤਹਿਸੀਲ ਅਤੇ ਨਾਲਾਗੜ ਦਾ ‘ਦੇਸ਼’ ਨਾਮ ਦਾ ਇਲਾਕਾ,ਸਰਸੇ ਦੀ ਤਹਿਸੀਲ, ਗੂਹਲਾ ਸਬ-ਤਹਿਸੀਲ ਸਣੇ ਟੋਹਾਣਾ ਅਤੇ ਰਤੀਆ ਬਲਾਕ ਜਿਹੜੇ ਕਿ ਹਿਸਾਰ ਦੇ ਜ਼ਿਲੇ ਵਿਚ ਹਨ, ਕਰਨਾਲ ਜ਼ਿਲੇ ਦਾ ਸ਼ਾਹਬਾਦ ਬਲਾਕ ਅਤੇ ਰਾਜਸਥਾਨ ਦਾ ਗੰਗਾ ਨਗਰ ਜ਼ਿਲਾ, ਇਨਾਂ ਇਲਾਕਿਆਂ ਨੂੰ ਝੱਟ-ਪੱਟ ਪੰਜਾਬ ਵਿਚ ਸ਼ਾਮਲ ਕੀਤਾ ਜਾਵੇ ਤਾਂਕਿ ਸਾਰੇ ਨਾਲ ਲੱਗਦੇ ਸਿੱਖ ਵਸੋਂ ਦੇ ਇਲਾਕੇ ਇਕੱਠੇ ਹੋ ਕੇ, ਸੁਤੰਤਰ ਭਾਰਤ ਅੰਦਰ, ਸਿੱਖ ਹੋਮਲੈਂਡ ਅਥਵਾ ਸਿੱਖਸਤਾਨ ਦਾ ਰੂਪ ਧਾਰਨ ਕਰ ਲੈਣ, ਜਿਸ ਵਿਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ਼ ਹੱਕ ਰਾਖਵੇ ਹੋਣ। (2) ਇਸ ਨਵੇ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ ਅਧਿਕਾਰ ਤੇ ਪਦਵੀ ਦਿੱਤੀ ਜਾਵੇ ਜਿਹੜੀ ਕਿ, ਸੰਨ 1950 ਵਿਚ, ਹਿੰਦੂਸਤਾਨ ਦੇ ਵਿਧਾਨ ਦੁਆਰਾ ਜੰਮੂ ਤੇ ਕਸ਼ਮੀਰ ਨੂੰ ਪ੍ਰਾਪਤ ਹੋਏ ਸਨ।’ ਸ੍ਰੀਮਤੀ ਜੀਓ, ਮੈਂ ਹੁਣ ਆਪਣਾ ਭਾਸ਼ਨ ਸਮਾਪਤ ਕਰ ਚੁੱਕਾ ਹਾਂ। ਸਾਰੇ ਸਿੱਖਾਂ ਅਤੇ ਸਿੱਖ ਪੰਥ ਦੇ ਨਾਮ ਉਤੇ, ਜਿਨਾਂ ਦੀ ਜੱਥਬੰਦੀ ਕਿ ਸ਼੍ਰੋਮਣੀ ਅਕਾਲੀ ਦਲ ਹੈ, ਮੈਂ ਇਸ ਬਿੱਲ ਨੂੰ ਰੱਦ ਕਰਦਾ ਹਾਂ, ਇਸ ਦਾ ਵਿਰੋਧ ਕਰਦਾ ਹਾਂ, ਇਸ ਨੂੰ ਨਾਮੰਨਜੂਰ ਕਰਦਾ ਹਾਂ, ਅਤੇ ਇਸ ਬਿਲ ਦੇ ਪਿਛੇ ਜਿਹੜੀਆਂ ਭਾਵਨਾਵਾਂ ਹਨ ਉਨਾਂ ਨੂੰ ਧਿਰਕਾਰਦਾ ਹਾਂ। ਮੈਂ ਹਿੰਦ ਸਰਕਾਰ ਨੂੰ ਕਹਿੰਦਾ ਹਾਂ ਕਿ ਉਹ ਛੇਤੀ ਤੋਂ ਛੇਤੀ ਵਿਧਾਨਕ ਕਦਮ ਚੁੱਕੇ ਜਿਸ ਦੁਆਰਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਉਨਾਂ ਮੰਗਾਂ ਦੀ, ਜਿਨਾਂ ਦੀ ਵਿਆਖਿਆ ਕਿ ਮੈਂ ਹੁਣ ਕਰ ਚੁੱਕਾ ਹਾਂ, ਪੂਰਤੀ ਹੋਵੇ। ਮਾਨਯੋਗ ਪ੍ਰਧਾਨ ਦੇਵੀ ਜੀਓ, ਮੈਂ ਆਪਦਾ ਧੰਨਵਾਦ ਕਰਦਾ

Categories: ਲੇਖਿਕ, ਸਿਰਦਾਰ ਕਪੂਰ ਸਿੰਘ | Tags: , , | 1 Comment

Blog at WordPress.com.