ਲਾਲ ਸਿੰਘ ਦਸੂਹਾ

ਸੰਦਰਭ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ—ਲਾਲ ਸਿੰਘ ਦਸੂਹਾ


ਸੰਦਰਭ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ

ਲਾਲ ਸਿੰਘ ਦਸੂਹਾ

 

”………..ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ , ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ , ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ, ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।…………….”

” …………ਅਸੀਂ ਤਰਖਾਣ, ਮੋਚੀ, ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ, ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ ……… “ ਪੰਡਿਤ ਨਹਿਰੂ


ਥੋੜਾ ਕੁ ਸਮਾਂ ਪਹਿਲਾਂ ਦੁਨੀਆਂ ਭਰ ਦੀ ਪ੍ਰਤੀਨਿੱਧ ਟਿੱਪਣੀ-ਸੰਸਥਾ ਯੂਨਿਸਕੋ ਨੇ ਇੱਕ ਰੀਪੋਰਟ ਛਾਪੀ ਸੀ, ਜਿੱਸ ਵਿੱਚ ਪੰਜਾਬੀ ਸਮੇਤ ਅਨੇਕਾਂ ਖੇਤਰੀ ਭਾਸ਼ਾਵਾਂ ਦੇ ਆਉਂਦੇ ਪੰਜਾਹ ਸਾਲਾਂ ਵਿੱਚ ਖ਼ਤਮ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ।

ਸਾਡੇ ਪਾਸ ਇਸ ਰਿਪੋਰਟ ਨੂੰ ਰੱਦ ਕਰ ਦੇਣ ਦਾ ਭਾਵੁਕ ਆਧਾਰ ਵੀ ਹੈ ਤੇ ਆਪਣੀ ਭਾਸ਼ਾ, ਆਪਣੇ ਸਾਹਿਤ ਸੱਭਿਆਚਾਰ ਦਾ ਕਈ ਸਦੀਆਂ ਦੀ ਅਮੀਰੀ ਨਾਲ ਲਬਰੇਜ਼ ਹੋਇਆ ਇਤਿਹਾਸ ਵੀ ਸਾਨੂੰ ਸਾਡੀ ਬੋਲੀ ਦੇ ਲੋਕ ਆਧਾਰ ਤੇ ਵੀ ਮਾਣ ਹੈ ਤੇ ਆਪਣੀ ਧਰਤੀ ਦੇ ਜ਼ਰਖੇਜ਼ ਕਣਾਂ ਤੇ ਵੀ । ਤਾਂ ਵੀ ਟਿੱਪਣੀਕਾਰ ਸੰਸਥਾ ਦੇ ਆਖੇ-ਦੱਸੇ ਨੂੰ ਮੁੱਢੋ-ਸੁੱਢੋ ਰੱਦ ਕਰਨ ਤੋਂ ਪਹਿਲਾਂ ਉਸ ਦੁਆਰੇ ਕੱਢੇ ਨਿਰਨੇ ਪਿੱਛੇ ਕਾਰਜਸ਼ੀਲ, ਇਸ ਅਹਿਮ ਇਤਿਹਾਸਿਕ ਵਰਤਾਰੇ ਦੀ ਵੀ ਝਲਕ ਜ਼ਰੂਰ ਦੇਖਣੀ ਬਣਦੀ ।

ਇਤਿਹਾਸਕਾਰ ਦੱਸਦੇ ਹਨ ਕਿ ਦਸ ਹਜ਼ਾਰ ਸਾਲ ਪਹਿਲਾਂ , ਦੁਨੀਆਂ ਦੀ ਆਬਾਦੀ ਸਿਰਫ਼ ਦਸ ਲੱਖ ਸੀ ਤਾਂ ਪੰਦਰਾਂ ਹਜ਼ਾਰ ਦੇ ਕਰੀਬ ਭਾਸ਼ਾਵਾਂ ਦਾ ਚਲਣ ਸੀ, ਅੱਜ ਦੁਨੀਆਂ ਦੀ ਆਬਾਦੀ ਸਾਢੇ ਸੱਤ ਅਰਬ ਤੱਕ ਜਾ ਪੁੱਜੀ ਹੈ, ਪਰ ਭਾਸ਼ਾਵਾਂ ਦੀ ਸੰਖਿਆ ਸਿਰਫ਼ 6300 ਰਹਿ ਗਈ ਹੈ । ਉਹ ਵਿਦਵਾਨ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀਂ ਮਹਿਸੂਸਦੇ ਕਿ ਇਸੇ ਰਫ਼ਤਾਰ ਨਾਲ ਘਟਦੀ ਗਈ ਭਾਸ਼ਾਵਾਂ ਦੀ ਗਿਣਤੀ ਆਉਦੇ ਭਵਿਖ ਵਿੱਚ ਸਿਰਫ਼ ਛੇ-ਸੱਤ ਸੌ ਹੀ ਰਹਿ ਜਾਵੇਗੀ । ਇਸ ਤੱਥ ਦੀ ਪੁਸ਼ਟੀ ਵਜੋਂ ਉਹ ਆਸਟ੍ਰੇਲੀਆ ਮਹਾਂਦੀਪ ਦਾ ਹਵਾਲਾ ਵੀ ਦਿੰਦੇ ਹਨ, ਜਿੱਥੇ ਬੀਤੀਆਂ ਦੋ ਸਦੀਆਂ ਵਿੱਚ 250 ਭਾਸ਼ਾਵਾਂ ਵਿਚੋਂ 225 ਭਾਸ਼ਾਵਾਂ ਦਾ ਅੰਤਰ ਹੋ ਚੁੱਕਾ ਹੈ ਅਤੇ ਅਫ਼ਰੀਕਾ ਮਹਾਂਦੀਪ ਜਿੱਥੇ 1000 ਵਿੱਚੋਂ 220 ਦਾ ਅੰਤ ਹੋ ਚੁੱਕਾ ਹੈ ਤੇ ਕਈ ਮਰਨ ਕਿਨਾਰੇ ਪੁੱਜ ਗਈਆਂ ਹਨ ।

ਉਪਰੋਤਕ ਤੱਥਾਂ ਦੇ ਸਨਮੁੱਖ ਯੂਨਿਸਕੋ ਦਾ ਇਹ ਕਥਨ ਵੀ ਗੈਰ-ਵਾਜਿਬ ਨਹੀਂ ਕਿ ਇਵੇਂ ਤੇ ਇਸ ਰਫ਼ਤਾਰ ਨਾਲ ਅਲੋਪ ਹੁੰਦੀਆਂ ਰਹੀਆਂ ਭਾਸ਼ਾਵਾਂ ਵਿੱਚ ਕਿਧਰੇ ਪੰਜਾਬੀ ਭਾਸ਼ਾ ਵੀ ਸ਼ਾਮਿਲ ਨਾ ਹੋ ਗਈ ਹੋਵੇ ।

ਭਾਸ਼ਾ ਸੰਬੰਧੀ ਇਵੇਂ ਦਾ ਖ਼ਦਸ਼ਾ ਡਾ: ਡੇਵਿਡ ਹੈਰੀਸਨ ਨੇ ਆਪਣੇ ਲੇਖ ‘ਵੈਨੁੰ ਲੈਂਗੁਏਜਿਜ਼ ਡਾਈ’ ( When Languages Die ) ਵਿੱਚ ਪ੍ਰਗਟ ਕਰਦਿਆਂ, ਅੰਕੜਾ ਮੂਲਕ ਤੱਥਾਂ ਨਾਲ ਮਰ ਰਹੀਆਂ ਭਾਸ਼ਾਵਾਂ ਦੇ ਵੇਰਵੇ ਦੱਸੇ । ਉਹਨਾਂ ਅਨੁਸਾਰ : –

1) ਹਰ ਪੰਦਰਾਂ ਦਿਨਾਂ ਬਾਅਦ ਇਕ ਭਾਸ਼ਾ ਮਰ ਰਹੀ ਹੈ ।

2) ਇਹ ਖ਼ਤਰਾ ਦੁਨੀਆਂ ਭਰ ਦੀਆਂ 40% ਭਾਸ਼ਾਵਾਂ ਦੇ ਸਿਰ ਮੰਡਰਾ ਰਿਹਾ ਹੈ ।

3) 21ਵੀਂ ਸਦੀ ਦੇ ਅੰਤ ਤੱਕ ਅੱਜ ਦੀ ਭਾਸ਼ਾਵਾਂ ਦੀ ਗਿਣਤੀ ਨਾਲੋਂ ਅੱਧੀਆਂ ਭਾਸ਼ਾਵਾਂ ਹੀ ਰਹਿ ਜਾਣਗੀਆਂ ।

4) ਇਹਨਾਂ 6800 ਚੋਂ ਅੱਧੀਆਂ ਕਰੀਬ 3500 ਭਾਸ਼ਾਵਾਂ ਦੇ ਬੋਲਣ ਵਾਲੇ ਕੇਵਲ 20 % ਲੋਕ ਹੀ ਹਨ ।

5) ਬਾਕੀ ਦੀ 80% ਦੁਨੀਆਂ ਦੀ ਆਬਾਦੀ 80 ਭਾਸ਼ਾਵਾਂ ਹੀ ਬੋਲਦੀ ਹੈ ।

ਡਾ. ਹੈਰੀਸਨ ਭਾਸ਼ਾਵਾਂ ਦੇ ਇਸ ਖਾਤਮੇਂ ਲਈ, ਅਨੇਕਾਂ ਕਬੀਲਿਆਂ ਦੀ ਹੋਂਦ-ਹੋਣੀ ਮੁੱਢੋਂ-ਸੁੱਢੋਂ ਖ਼ਤਮ ਹੋ ਜਾਣ ਵਾਲੇ ਇਤਿਹਾਸਕ ਸੱਚਾਈ ਵਾਲੇ ਤੱਥਾਂ ਤੋਂ ਅਗਾਂਹ, ਸੰਸਾਰੀਕਰਨ ਦੇ ਵਰਤਾਰੇ ਨੂੰ ਅਤੇ ਇਕ ਥਾਂ ਇਕ ਦੇਸ਼ ਤੋਂ ਦੂਜੀ ਥਾਂ, ਦੂਜੇ ਦੇਸ਼ ਜਾ ਵਸਣ ਦੀ ਪ੍ਰਵਾਸ ਦੀ ਪ੍ਰਕਿਰਿਆ ਨੂੰ ਪ੍ਰਮੁੱਖ ਕਾਰਨ ਗਿਣਦਾ ਇਸ ਪੱਖੋਂ ਵੀ ਸਾਡਾ ਲਿਹਾਜ਼ ਨਹੀਂ ਕਰਦਾ ਕਿ ਅਸੀਂ ਸੱਭਿਐ ਜਾਂ ਉੱਤਰ–ਆਧੁਨਿਕ ਲੱਗਣ ਦਿੱਸਣ ਦੇ ਭੁਲਾਵੇ ਵਿੱਚ ਆਪਣੇ ਬੱਚਿਆਂ ਰਾਂਹੀ ਵੀ ਆਪਣੀਆਂ ਭਾਸ਼ਾਵਾਂ ਨੂੰ ਅੰਤਲੇ ਸਾਹਾਂ ਵੱਲ ਘਸੀਟ ਰਹੇ ਹਾਂ । ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ,ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।

ਇਥੇ ਇਸ ਬਿੰਦੂ ਦੀ ਸਮਝਦਾਰੀ ਹੋਣੀ ਵੀ ਬੇ-ਹੱਦ ਜ਼ਰੂਰੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਢਲਾ ਕਾਰਜ ਇਸਦਾ ਮੌਖਿਕ ਤੱਤ ਜਿੱਸ ਨੂੰ ਬੋਲੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ, ਨੂੰ ਵਿਸਾਰਨ ਤੋਂ ਸ਼ੁਰੂ ਹੁੰਦਾ ਹੈ ਤੇ ਜਿੱਸ ਨੂੰ ਸਾਡੀ ਅੱਜ ਦੀ ਮਾਨਸਿੱਕਤਾ ਨਾਮ-ਨਿਹਾਦ ਆਧੁਨਿਕਤਾ ਦੀ ਸੰਗਿਆ ਦੇ ਰਹੀ ਹੈ। ਇਸ ਦੇ ਨਾਲ ਹੀ ਜੁੜਵਾਂ ਤੱਤ ਇਹ ਵੀ ਬੇ-ਹੱਦ ਗੋਲਣਯੋਗ ਹੈ ਕਿ ਗੁਆਚ ਰਹੀ ਜਾਂ ਵਿਸਾਰੀ ਜਾ ਰਹੀ ਭਾਸ਼ਾ ਦਾ ਸਾਫ਼-ਸਿੱਧਾ ਅਰਥ ਗੁਆਚ ਰਿਹਾਂ ਜਾਂ ਗੁਆਇਆ ਜਾ ਰਿਹਾ ਸੱਭਿਆਚਾਰ ਹੀ ਹੁੰਦਾ ਹੈ ।

ਪੰਜਾਬੀ ਭਾਸ਼ਾ/ਸੱਭਿਆਚਾਰਕ ਦੇ ਸੰਬੰਧ ਵਿੱਚ ਇਹ ਤੱਥ ਉੱਘੜਵੇਂ ਰੂਮ ਵਿੱਚ ਦ੍ਰਿਸ਼ਟੀਗੋਚਰ ਹੋਣ ਕਾਰਨ ਯੂਨਿਸਕੋ ਵੱਲੋਂ ਅੰਗੀ ਪੰਜਾਬੀ ਭਾਸ਼ਾ ਦੀ ਰਹਿੰਦੀ–ਬਚਦੀ ਉਮਰ ਕੇਵਲ ਪੰਜਾਹ ਸਾਲ ਹੀ ਹੈ , ਬਿਲਕੁਲ ਗੈਰ ਵਾਜਿਬ ਨਹੀਂ ਜਾਪਦੀ ।

ਅਜਿਹੀ ਸਥਿਤੀ ਵਿੱਚ ਦੁਨੀਆਂ ਭਰ ਦੀਆਂ 7000 ਦੇ ਕਰੀਬ ਭਾਸ਼ਾਵਾਂ ਦੇ ਪ੍ਰਚਲਣ ਵਿੱਚ 10/12/13 ਵੇਂ ਸਥਾਨ ਤੇ ਵਿਚਰਨ ਵਾਲੀ ਪੰਜਾਬੀ ਦੇ ਭਵਿੱਖ ਤੇ ਲੱਗੇ ਪ੍ਰਸ਼ਨ-ਚਿੰਨ ਨੇ ਇਸ ਦੇ ਚਾਹੁਣ–ਬੋਲਣ ਵਾਲੇ ਵਿਅਕਤੀਆਂ–ਵਿਦਵਾਨਾਂ ਨੂੰ ਢੇਰ ਸਾਰੀਆਂ ਚਿੰਤਾਵਾਂ ਦੀ ਵਲਗਣ ਅੰਦਰ ਘੇਰ ਲਿਆ ਹੈ । ਕੋਈ ਇਸ ਦੇ ਕਾਰਨਾਂ ਦੀ ਘੋਖ-ਪੜਤਾਲ ਵਰਤਮਾਨ ਦੀਆਂ ਸਥਿਤੀਆਂ-ਪ੍ਰਸਥਿਤੀਆਂ ਨੂੰ ਸਨਮੁੱਖ ਰੱਖ ਕੇ ਕਰ ਰਿਹਾ , ਕੋਈ ਦੂਰ ਪਿਛਾਂਹ ਰਹਿ ਗਈ ਇਸ ਦੀ ਭੂਤ-ਭੌਤਿਕਤਾ ਦੇ ਆਧਾਰ-ਪਾਸਾਰ ਤੇ ।

ਭੂਤਕਾਲ ਦੀ ਕੁੱਖ ਨੂੰ ਟੋਹਣ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਭਾਵੇਂ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਪੰਜਾਹ ਹਜ਼ਾਰ ਪਹਿਲਾਂ ਵਾਲੇ ਸੰਸਕ੍ਰਿਤ ਕਾਲ ਨਾਲ ਜਾ ਜੁੜਦੀਆਂ ਹਨ, ਪਰ ਪਿੱਛੋਂ ਰਾਜ ਦੇ ਖਾਸੇ ਅਤੇ ਰਾਜਨੀਤੀ ਦੇ ਛੜਜੰਤਰ ਨੇ ਇਸ ਭਾਸ਼ਾ ਨੂੰ ਵਿਗਸਣ/ਮੌਲਣ ਦੇ ਬਹੁਤ ਹੀ ਸੰਕੋਚਵੇਂ ਅਵਸਰ ਪ੍ਰਦਾਨ ਕੀਤੇ । ਭਾਵੇਂ ਇਸ ਖਿੱਤੇ ਦਾ ਆਰਥਿੱਕ ਆਧਾਰ ਥੋੜੇ ਕੁ ਚਿਰਾਂ ਤੋਂ ਆਂਸ਼ਕ ਰੂਪ ਵਿੱਚ ਸਰਮਾਇਆ ਮੁਖੀ ਹੋ ਜਾਣ ਵਲ੍ਹ ਨੂੰ ਆਹੁਲਿਆ ਹੈ, ਪਰ ਸਦੀਆਂ ਭਰ ਤੋਂ ਇਹ ਆਧਾਰ ਸਾਮੰਤ ਮੁਖੀ ਹੀ ਰਿਹਾ । ਸੱਚ ਇਹ ਵੀ ਹੈ ਕਿ ਇਹ ਦੋਨੋਂ ਆਰਥਿੱਕ ਵਿੱਵਸਥਾਵਾਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਪ੍ਰਤੀ ਬੇਗਾਨਗੀ ਵਾਲਾ ਹੀ ਵਰਤਾਓ ਕਰਦੀਆਂ ਰਹੀਆਂ ਹਨ । ਪੰਜਾਬੀ ਭਾਸ਼ਾ/ਸੱਭਿਆਚਰ ਦਾ ਜੋ ਸਰੂਪ ਸਾਨੂੰ ਹੁਣ ਦੇ ਸਮਿਆਂ ਤੱਕ ਉੱਪਲਭਦ ਹੋਇਆ ਹੈ ਉਹ ਇਹਨਾਂ ਦੋਨਾਂ ਵਿਵੱਸਥਾਵਾਂ ਅੰਦਰ ਵਿਚਰਦੇ ਲੋਕ-ਸਮੂਹ ਦੀ ਲੋਕ-ਚੇਤਨਾ ਕਰਕੇ ਉੱਪਲਭਦ ਹੈ, ਨਾ ਕਿ ਵਿਵੱਸਥਾਵਾਂ ਦੇ, ਆਕਾਵਾਂ ਦੇ ਤੌਰ ਤਰੀਕਿਆਂ ਕਾਰਨ । ਇਹ ਆਕਾ ਤਾਂ ਵਾਹ ਲੱਗਦੀ ਨੂੰ ਪੰਜਾਬੀ ਬੋਲਦੇ ਇਸ ਖਿੱਤੇ ਅੰਦਰ ਰਹਿੰਦੇ–ਵਸਦੇ ਵੀ ਓਪਰਿਆਂ ਵਾਲਾ ਵਿਵਹਾਰ ਹੀ ਕਰਦੇ ਰਹੇ ਹਨ , ਜਾਂ ਕੁਰਸੀਆਂ ਸਰਦਾਰੀਆਂ-ਅਹੁਦੇਦਾਰੀਆਂ ਖਾਤਰ ਇਸ ਖਿੱਤੇ ਨੂੰ ਛਾਂਗਦੇ–ਛਿੱਲਦੇ, ਟੁੱਕੜਿਆਂ ਵਿੱਚ ਵੰਡਦੇ ਰਹੇ ਹਨ ।

ਪੰਜਾਬੀ ਭਾਸ਼ਾ/ਸੱਭਿਆਚਾਰ ਪ੍ਰਤੀ ਫਿਕਰਮੰਦੀ ਰੱਖਣ ਵਾਲੇ ਉਹ ਵਿਦਵਾਨ ਜਿਹੜੇ ਇਸ ਦੇ ਵਰਤਮਾਨ ਸਮੇਤ ਇਸ ਦੇ ਭਵਿੱਖ ਦੇ ਹਾਲਾਤਾਂ ਪ੍ਰਤੀ ਚਿੰਤੱਤ ਹਨ । ਉਹਨਾਂ ਦੀ ਮੁੱਖ ਟੇਕ ਵੀ ਇਥੋਂ ਦੀ ਆਰਥਿੱਕਤਾ ਅਤੇ ਰਾਜਨੀਤਕ ਵਿਵਹਾਰ ਤੇ ਹੀ ਟਿਕਦੀ ਹੈ । 1947/50 ਈ . ਪਿੱਛੋਂ ਭਾਰਤ ਦੇ ਵੱਖ ਵੱਖ ਖਿੱਤਿਆਂ ਦੀਆਂ ਬੋਲੀਆਂ ਨੂੰ ਸੰਵਿਧਾਨਿਕ ਮਾਨਤਾ ਦੇ ਕੇ ਇਹਨਾਂ ਨੂੰ ਵਿੱਗਸਣ–ਮੌਲਣ ਲਈ ਸਪੇਸ ਤਾਂ ਦੇ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਨੂੰ ਮਿਲੀ ਇਹ ਸਪੇਸ ਕਈ ਸਾਰੀਆਂ ਤੰਗ-ਵਲ੍ਹਗਣਾਂ ਵਿੱਚ ਫਿਰ ਤੋਂ ਘਿਰ ਗਈ । ਸੰਨ ’47 ਦੀ ਵੰਡ ਨਾਲ ਟੋਟੇ ਹੋਏ ਪੰਜਾਬ ਦੀ ਇੱਕ ਹੀ ਭਾਸ਼ਾ ਦੋ ਵੱਖ ਵੱਖ ਸੱਭਿਆਚਾਰਕ ਰਹਿਤਲਾਂ ‘ਚ ਵੰਡ ਹੋ ਕੇ ਵੱਖਰੇ ਵੱਖਰੇ ਸਰੂਪ ਅਖਿਤਿਆਰ ਕਰਦੀ ਗਈ, ਇਸ ਤੋਂ ਵੀ ਵੱਧ ਸਿਤਮਜ਼ਰੀਫੀ ਇਹ ਕਿ ਇਧਰ ਰਹੇ-ਬਚੇ ਪੰਜਾਬ ਦੀ ਸਾਂਝੀ-ਵਾਂਝੀ ਭਾਸ਼ਾ ਨੂੰ ਧਰਮਾਂ ਦੇ ਉੱਪ-ਸੱਭਿਆਚਾਰ ਨੇ ਬੇ-ਲੋੜੀ ਦਖ਼ਲ ਅੰਦਾਜ਼ੀ ਕਰਕੇ ਇਸ ਦੇ ਵਿੱਗਸਣ-ਮੋਲਣ ਦੇ ਰਾਹਾਂ ਵਿੱਚ ਕਈ ਸਾਰੀਆਂ ਅੜਚਨਾਂ ਖੜੀਆਂ ਕੀਤੀ ਰੱਖੀਆਂ । ਦੂਜੇ ਸ਼ਬਦਾਂ ਵਿੱਚ ਧਰਮ-ਅਧਾਰਿਤ ਸੱਭਿਆਚਾਰੀਕਰਨ ਦੇ ਅਮਲ ਵਿੱਚ ਦੋ ਭਾਸ਼ਾਵਾਂ ਇੱਕ ਦੂਜੀ ਨੂੰ ਪਿਛਾੜਨ ਦੇ ਅਮਲ ਅੰਦਰ ਹੀ ਰੁੱਝੀਆਂ ਰਹੀਆਂ ।

ਅਜੋਕੇ ਦੌਰ ਵਿੱਚ ਭਾਵੇਂ, ਬੀਤੀ ਸਦੀ ਦੇ ਪਿਛਲੇ ਅੱਧ ਵਾਲੀਆਂ ਸਥਿਤੀਆਂ-ਪ੍ਰਸਥਿਤੀਆਂ ਬਰਕਰਾਰ ਨਹੀਂ ਰਹੀਆਂ, ਤਾਂ ਵੀ ਸੰਸਾਰੀਕਰਨ, ਨਿੱਜੀਕਰਨ, ਵਿਓਪਾਰੀਕਰਨ ਦੇ ਬੀਤੀ ਸਦੀ ਦੇ ਅੰਤਲੇ ਦਹਾਕੇ ਤੋਂ ਕੁਝ ਤਿੱਖੇ ਰੂਪ ਵਿੱਚ ਸ਼ੁਰੂ ਹੋਏ ਚਲਣ-ਪ੍ਰਚਲਣ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਸਮੇਤ ਭਾਰਤ ਦੇਸ਼ ਦੀਆਂ ਸਾਰੀਆਂ ਉੱਪ-ਭਾਸ਼ਾਵਾਂ/ਖੇਤਰੀ-ਭਾਸ਼ਾਵਾਂ ਦੀ ਹੋਂਦ ਹੋਣੀ ਦੇ ਸਿਰ ਤੇ ਚਿੰਨ-ਭਾਸ਼ਾ ਦੀ ਤਲਵਾਰ ਲਟਕਾ ਦਿੱਤੀ ਹੈ । ਚਿੱਨਾਂ/ਬਿੰਦੂਆਂ ਰਾਹੀਂ ਦੁਨੀਆਂ ਭਰ ਦੇ ਆਕਾਸ਼ੀ-ਚਿੱਤਰਪੱਟ ਤੇ ਖਿੱਲਰੀ-ਪੱਸਰੀ ਇਹ ਕੰਮਪਿਓਟਰੀਕ੍ਰਿਤ ਭਾਸ਼ਾ, ਪੰਜਾਬੀ ਲਈ ਇਹ ਹੋਰ ਭਿਆਨਕ ਕਿਸਮ ਦਾ ਖ਼ਤਰਾ ਲਈ ਖੜੀ ਹੈ। ਇਉਂ, ਹੁਣ ਤੱਕ ਖੱਤਰਿਆਂ-ਦੁਸ਼ਵਾਰੀਆਂ ਅੰਦਰ ਘਿਰਿਆ ਰਿਹਾ ਪੰਜਾਬੀ ਸਾਹਿਤ-ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਅੰਦਰੂਨੀ ਤਲਖੀਆਂ ਦੇ ਨਾਲ ਨਾਲ ਬਾਹਰੀ ਹਮਲਿਆਂ ਦੀ ਲਿਪੇਟ ਵਿੱਚ ਆ ਗਏ ਹਨ । ਬਾਹਰੀ ਖ਼ਤਰਿਆਂ ਵਿੱਚ ਵਿਓਪਾਰਕ੍ਰਿਤ ਹੋਏ ਨਿੱਜੀ ਹੱਥਾਂ ਵੱਲੋਂ ਵੇਚੀ ਜਾਂਦੀ ਵਿੱਦਿਆ ਸਿੱਖਿਆ ਵਿਚੋਂ ਮਾਂ-ਬੋਲੀ ਨੂੰ ਪਿਛਾੜ ਕੇ ਹਿੰਦੀ/ਅੰਗਰੇਜ਼ੀ ਨੂੰ ਪ੍ਰਮੱਖ ਗਿਨਣਾ ਵੱਡੀ ਮੱਦ ਵਜੋਂ ਅੰਕਿਤ ਹੈ । ਜਿੱਸ ਦੀ ਪਿੱਠ ਤੇ ਪੰਜਾਬ ਦਾ ਰਾਜਨੀਤੀ–ਵਿਵਹਾਰ ਪੂਰੀ ਤਰਾਂ ਡਟ ਕੇ ਖਲੋਤਾ ਦਿੱਸਦਾ ਹੈ । ਇਸ ਵਰਗ ਦੀ ਕਹਿਣੀ ਤੇ ਕਰਨੀ ਵਿਚਲੇ ਜ਼ਮੀਨ–ਅਸਮਾਨ ਜਿੱਡੇ ਫ਼ਰਕ ਪਿੱਛੇ ਕਾਰਜ਼ਸੀਲ ਕਾਰਕ ਸਮੂੱਚੇ ਲੋਕ-ਸਮੂਹ ਨੂੰ ਆਪਣੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਤੋਂ ਬੇ-ਮੁੱਖ ਕਰਨ ਵਿੱਚ ਤਾਂ ਭਾਵੇ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਏ, ਤਾਂ ਵੀ ਗਲੋਬਲੀਕਰਨ ਦੇ ‘ਸੁਧਾਰਾਂ’ ਕਾਰਨ ਹੋਂਦ ਵਿੱਚ ਆਇਆ ਇੱਕ ਤ੍ਰਿਸ਼ੰਕੂ ਕਿਸਮ ਦਾ ਮੱਧ ਵਰਗ ਇਹਨਾਂ ਦੇ ਭੁਲਾਵੇ ਦਾ ਪੱਕਾ ਪਿੱਛ-ਲੱਗ ਬਣ ਗਿਆ ਹੈ । ਇਹ ਵਰਗ ਕਾਰਪੋਰੇਟ ਜਗਤ ਦੁਆਰਾ ਪ੍ਰਚਾਰਤ ਪ੍ਰਸਾਰਤ ਸਮੱਗਰੀ ਦੀ ਚਕਾਚੌਂਦ ਅੰਦਰ ਘਿਰਿਆ ਇੱਕ ਤਰ੍ਹਾਂ ਨਾਲ ਬੌਧਿਕ ਕੰਗਾਲੀ ਦੀ ਗ੍ਰਿਫ਼ਤ ਵਿੱਚ ਵੀ ਆ ਗਿਆ ਹੈ । ਉਸ ਨੇ ਬਿਨ੍ਹਾਂ ਸੋਚੇ ਸਮਝੇ ਹਰ ਐਸ਼ੋ-ਆਰਾਮ ਦੀ ਲਾਲਸਾ ਮਗਰ ਭੱਜਦੇ ਨੇ ਅਪਣੇ ਪੈਰ ਆਪਣੀ ਚਾਦਰ ਨਾਲੋਂ ਕਿਧਰੇ ਵੱਧ ਪਸਾਰ ਲਏ ਹਨ, ਜਿੱਸ ਕਾਰਨ ਉਸਦੀ ਆਰਥਿੱਕਤਾ ਵੀ ਡੱਗਮਗਾ ਗਈ ਤੇ ਆਪਣੇ ਜਾਨਦਾਰ ਸੱਭਿਆਚਾਰਕ ਵਿਰਸੇ ਤੋਂ ਵੀ ਨਿੱਖੜ-ਵਿੱਛਡ ਗਿਆ । ਕਾ: ਸੁਰਜੀਤ ਗਿੱਲ ਨੇ ਇਸ ਜਮਾਤ ਪ੍ਰਤੀ ਹਿਰਖ਼ ਪ੍ਰਗਟਾਉਦਿਆਂ ਕਿਹਾ ਸੀ – “ ਆਰਥਿੱਕਤਾ ਦੀ ਕੰਗਾਲੀ ਨਾਲੋਂ ਬੌਧਿਕਤਾ ਦੀ ਕੰਗਾਲੀ ਬਹੁਤ ਭੈੜੀ ਹੈ, ਕਿਉਂਕਿ ਇਹ ਕੰਗਾਲੀ ਅਕਸਰ ਕੌਮਾਂ ਦੀ ਦੁਰਦਸ਼ਾ ਦਾ ਕਾਰਨ ਬਣਦੀ ਹੈ ………… ਮੇਰੀ ਸਮਝ ਅਨੁਸਾਰ ਸਾਡੀ ਪੰਜਾਬੀਆਂ ਦੀ ਅਜੋਕੀ ਸਥਿਤੀ ਇਹੋ ਜਿਹੀ ਹੈ । “

ਅੱਜ ਜਦੋਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਬਾਰੇ ਕਿਸੇ ਕੋਣ ਤੋਂ ਫਿਕਰਮੰਦੀ ਜ਼ਾਹਿਰ ਕੀਤੀ ਜਾਂਦੀ ਹੈ ਤਾਂ ਇਸ ਦਾ ਮੁੱਖ ਦੋਸ਼ ਇਸ ਮੱਧ-ਵਰਗ ਉੱਪਰ ਆਇਤ ਹੋਣ ਦਾ ਕਾਰਨ ਇਹੀ ਬਣਦਾ । ਕਿਉਂਕਿ ਇਹੋ ਵਰਗ ਆਪਣੇ ਆਪ ਨੂੰ ਅਪਣੀ ਭਾਸ਼ਾ ਅਪਣੇ ਸਾਹਿਤ-ਸੱਭਿਆਚਰ ਦਾ ਮੁੱਖ ਸੇਵਾਦਾਰ ਸਮਝਦਾ ਹੀ ਨਹੀਂ, ਸਗੋਂ ਇਵੇਂ ਦੀ ਸਾਰੀ ਚੱਕ-ਥੱਲ ਇਸ ਦੀ ਕਾਰਗੁਜ਼ਾਰੀ ਦਾ ਹਿੱਸਾ ਹੀ ਹੈ ।

ਪਰ,ਇਹ ਦਾ ਅਰਥ ਇਹ ਵੀ ਨਹੀਂ ਕਿ ਭਾਸ਼ਾ, ਸਾਹਿਤ ਸੱਭਿਆਚਾਰ ਅੰਦਰ ਆਏ ਵਿਗਾੜ ਦੀ ਸਾਰੀ ਜੁੱਮੇਵਾਰੀ ਇਸ ਇਕੋ ਧਿਰ ਉੱਤੇ ਹੀ ਥੋਪ ਕੇ ਹੋਰਨਾਂ ਪੱਖਾਂ ਦੀ ਅਣਦੇਖੀ ਕਰ ਦਿੱਤੀ ਜਾਏ । ਹੋਰਨਾਂ ਅਹਿਮ ਪੱਖਾਂ ਵਿੱਚ ਇਕ ਪੱਖ ਪੰਜਾਬ ਅੰਦਰ ਕੌਮੀਅਤ ਦੇ ਸੰਕਲਪ ਦੀ ਅਣਹੋਂਦ ਨੂੰ ਵੀ ਗਿਨਣਾ ਪਵੇਗਾ । ਇਹ ਵਿਗਾੜ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਸੱਭਿਆਚਾਰ ਅੰਦਰ ਵੱਖ-ਵੱਖ ਸਮਿਆਂ ਤੇ ਹੁੰਦੇ ਰਹੇ ਸੱਭਿਆਚਾਰਕ ਵਿਸਫੋਟਾਂ ਕਾਰਨ ਵਾਪਰਿਆ । ਪਹਿਲਾਂ ਵਿਸਫੋਟ ਆਰੀਆ ਦਰਾਵੜ ਸੱਭਿਆਚਾਰ ਦੇ ਸੁਮੇਲ ਕਾਰਨ ਵਾਪਰਿਆ । ਦੂਜਾ ਹਿੰਦੂ ਤੇ ਬੋਧੀ ਸੱਭਿਆਚਰ ਦੇ ਸੁਮੇਲ ਕਾਰਨ, ਤੀਜਾ ਹਿੰਦੂ ਤੇ ਇਸਲਾਮੀ ਸੱਭਿਆਚਾਰਾਂ ਦੇ ਸੁਮੇਲ ਕਾਰਨ ਤੇ ਚੌਥਾ ਹਿੰਦੂ-ਮੁਸਲਮ ਸੱਭਿਆਚਾਰਾਂ ਤੇ ਯੂਰਪੀ ਸੱਭਿਆਚਾਰਾਂ ਦੇ ਮੇਲ-ਸੁਮੇਲ ਕਾਰਨ । ਚਾਹੀਦਾ ਤਾਂ ਇਹ ਸੀ ਕਿ ਇਹ ਮੇਲ–ਸੁਮੇਲ ਨਵੀਆਂ ਪੂੰਗਰਾਂ, ਨਵੀਆਂ ਕਰੂੰਬਲਾਂ ਨੂੰ ਜਨਮ ਦਿੰਦੇ । ਇਹਨਾਂ ਕਰੂੰਬਲਾਂ ਨੂੰ ਲੱਗਣ ਵਾਲੇ ਫੁੱਲਾਂ-ਪੱਤਿਆਂ ਦੀ ਰੰਗ-ਰੰਗੋਲੀ ਹਰ ਤਰ੍ਹਾਂ ਦੇ ਬਾਸ਼ਿੰਦਿਆਂ ਲਈ ਸੁਖਾਵੀਂ ਦਿੱਖ ਦਾ ਪ੍ਰਦਰਸ਼ਨ ਕਰਦੀ । ਪਰ ਹੋਇਆ–ਵਾਪਰਿਆ ਬਿਲਕੁਲ ਇਸਦੇ ਉਲਟ । ਇਹਨਾਂ ਚੌਹਾਂ ਨੇ ਜ਼ਿੱਦੋ-ਜ਼ਿੱਦੀ ਆਪਣੇ ਰੰਗ-ਢੰਗ ਨਾਲ ਆਪਣੀ ਆਪਣੀ ਸਮਾਜਿਕ ਤੇ ਸੱਭਿਆਚਕ ਰਹਿਤਲ ਲਈ ਧਾਰਮਿੱਕ ਰੰਗਣ ਵਾਲੀਆਂ ਲਹਿਰਾਂ ਦਾ ੳਟ-ਆਸਰਾ ਲੈ ਕੇ ਆਪੋ ਵਿੱਚ ਦੀ ਦੂਰੀ ਨੂੰ ਜਨੂੰਨੀ ਰੰਗਤ ਦੇ ਲਈ । ਇਹਨਾਂ ਰੰਗ-ਬਰੰਗੀਆਂ ਲਹਿਰਾਂ ਨੇ ਆਪਣੇ ਆਪਣੇ ਖੇਤਰ ਦੀ ਭਾਸ਼ਾ/ਸੱਭਿਆਚਾਰ ਨੂੰ ਪ੍ਰਚਾਰਨ-ਪ੍ਰਸਾਰਨ ਦਾ ਤਾਂ ਕਾਰਜ ਕੀਤਾ ਹੀ ਕੀਤਾ, ਨਾਲ ਦੀ ਨਾਲ ਦੂਜੀਆਂ ਸੱਭਿਆਚਾਰਕ ਇਕਾਈਆਂ ਦੀ ਭਾਸ਼ਾ ਤੇ ਸਾਹਿਤ ਪ੍ਰਤੀ ਤ੍ਰਿਸਕਾਰ ਭਰਿਆ ਰਵੱਈਆ ਅਪਨਾਂ ਕੇ, ਇਸ ਖਿੱਤੇ ਅੰਦਰ ਇਕ ਸਰਵ-ਸਾਂਝੀ ਕੋਮੀਅਤ, ਜਿੱਸ ਨੂੰ ਪੰਜਾਬੀ–ਕੋਮੀਅਤ ਕਿਹਾ ਜਾਣਾ ਸੀ ਦੇ ਉਸਾਰਨ ਵਿੱਚ ਵੱਡੀ ਅੜਚਨ ਬਣੀਆਂ ।

ਬਿਨਾਂ ਸ਼ੱਕ ਇਤਿਹਾਸ ਦੇ ਇੱਕ ਨਾਜ਼ਕ ਪੜਾ ਤੇ, ਇਸ ਸਾਂਝੇ ਪੰਜਾਬ ਦੀ ਸਾਂਝੀ ਕੌਮੀਅਤ ਹੋਂਦ ਵਿੱਚ ਆਈ ਵੀ । ਇਹ ਪੜਾ ਵਿਦੇਸ਼ੀ ਰਾਜਕੀ ਜੂਲੇ ਨੂੰ ਵਿਗਾਹ ਮਾਰਨ ਲਈ ਹਲਫ਼ ਲੈਣ ਦਾ ਸੀ । ਇਸ ਸਮੇਂ ਧਾਰਮਿਕ ਰੰਗਣ ਵਾਲੀਆਂ ਲਹਿਰਾਂ ਦੇ ਬਿਲਕੁਲ ਵਿੱਪਰਿਤ ਮਾਨੁੱਖੀ ਸਾਂਝ ਨਾਲ ਲਬਰੇਜ਼, ਸਮਾਜਿਕ ਤੇ ਰਾਜਸੀ ਲਹਿਰਾਂ ਨੇ ਆਪਣੀ ਹੋਂਦ ਦਾ ਸਿੱਕਾ ਜਮਾਇਆ । ਇਹਨਾਂ ਦਾ ਮੁੱਢ ਗ਼ਦਰ ਲਹਿਰ, ਕਿਰਤੀ ਲਹਿਰ ਨਾਲ ਬੱਝ ਹੋ ਕੇ, ਆਜ਼ਾਦੀ ਪ੍ਰਾਪਤੀ ਦੇ ਘੋਲ ਤੱਕ ਚਲਦੀਆਂ ਨੇ ਇਹਨਾਂ ਧਾਰਮਿੱਕ ਸੰਕੀਰਣਤਾ ਤੋਂ ਢੇਰ ਸਾਰੀ ਦੂਰੀ ਬਣਾਈ ਰੱਖੀ । ਇਹ ਪੜਾ ਤੇ ਪਨਪੀ ਸਾਂਝੇ ਪੰਜਾਬ ਦੀ ਸਾਂਝੀ ਕੋਮੀਅਤ, ਇਸ ਖਿੱਤੇ ਦੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨੂੰ, ਅਪਣੇ ਢੰਗ ਨਾਲ ਪ੍ਰਫੁਲਤ ਕਰਨ ਵਿੱਚ ਕਾਫੀ ਸਾਰੀ ਕਾਮਯਾਬ ਵੀ ਰਹੀ । ਪਰ ਛੇਤੀ ਹੀ ਇਹਨਾਂ ਮਾਨਵੀ ਦਿੱਖ ਵਾਲੀਆਂ ਲਹਿਰਾਂ ਦੀ ਕੀਤੀ ਕਮਾਈ ਫਿਰ ਧਾਰਮਿੱਕ ਸੰਕੀਰਨਤਾ ਦੀ ਭੇਂਟ ਚੜ੍ਹ ਗਈ । ਜਿੱਸ ਤੇ ਸਿੱਟੇ ਬੀਤੀ ਸਦੀ ਦੇ ਪਿੱਛਲੇ ਅੱਧ ਸਮੇਤ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਹੁਣ ਤੱਕ ਭੁਗਤੀ ਜਾ ਰਿਹਾ ਹੈ । ਇਸ ਪਿੱਛਲ-ਖੂਰੀ ਤੋਰ–ਦੌੜ ਵਿੱਚ ਪੰਜਾਬ ਦੇ ਜਨ-ਸਧਾਰਨ ਨੂੰ ਵੀ ਕਦਾਚਿੱਤ ਬਰੀ ਨਹੀਂ ਕੀਤਾ ਜਾ ਸਕਦਾ, ਜਿੱਸ ਨੇ ਧਰਮ-ਰੰਗੇ ਲਾਲੀ ਪੌਪ ਚੂਸਦਿਆਂ, ਅਪਣੀ ਹੋਂਦ ਸਮੇਤ ਅਪਣੀ ਭਾਸ਼ਾ, ਅਪਣੇ ਸਾਹਿਤ ਵਲ੍ਹ ਨੂੰ ਇੱਕ ਤਰ੍ਹਾਂ ਨਾਲ ਪਿੱਠ ਕੀਤੀ ਰੱਖੀ ਹੈ । ਦੱਖਣੀ ਅਮਰੀਕਾ ਦੇ ਦੇਸ਼ ਟੋਬੈਗੋ ਦੀ ਪਹਿਲੇ ਪ੍ਰਧਾਨ ਮੰਤਰੀ ਐਰਿਕਵਿਲੀਅਮਜ਼ ਨੇ ਧਰਮ ਦੇ ਅਜਿਹੇ ਰੋਲ ਬਾਰੇ ਬੇ-ਹੱਦ ਢੁੱਕਵੀਂ ਰਾਏ ਦਿੱਤੀ ਹੈ । ਉਸ ਅਨੁਸਾਰ “ ਧਰਮ ਇਨਸਾਨ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋੜੇ ਦੇ ਲੱਗੇ ਖੋਪੇ ਕਰਦੇ ਹਨ ।“ ਇਹ ਖੋਪੇ ਹਰ ਇਕ ਰਾਜਕੀ ਜਮਾਤ ਸਮੇਤ ਏਥੋਂ ਦੇ ਸਾਸ਼ਣ-ਪ੍ਰਸਾਸ਼ਣ ਨੇ ਵੀ ਬੇਝਿਜਕ ਹੋ ਕੇ ਵਰਤੇ । ਜਿੱਸ ਦੇ ਸਿੱਟੇ ਵਜੋਂ ਬਹੁਤ ਹੀ ਮਹਿੰਗੇ ਮੁਲ ਪ੍ਰਾਪਤ ਹੋਈ ਆਜ਼ਾਦੀ, ਇਕ ਤਰ੍ਹਾਂ ਨਾਲ ਹਾਸੋਹੀਣਾ ਮਾਖੋਲ ਜਿਹਾ ਬਣ ਕੇ ਰਹਿ ਗਈ ਹੈ ।

ਇਹ ਮਾਖੋਲ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨਾਲ ਸਬੰਧਤ ਸ਼ੰਵੇਦੇਨਸ਼ੀਲ ਕਾਮਿਆਂ ਨੂੰ ਹੋਰ ਵੀ ਡੂੰਘਾ ਜ਼ਖ਼ਮ ਲਾਉਂਦਾ ਹੈ ।

ਸਾਸ਼ਣ-ਪ੍ਰਸ਼ਾਸ਼ਣ ,ਧਰਮ ਅਤੇ ਜਨ-ਸਮੂਹ ਵਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਪ੍ਰਤੀ ਦਿਖਾਈ ਜਾ ਰਹੀ ਬੇ-ਰੁੱਖੀ ਨੂੰ ਸਮਝਣ ਵਿੱਚ ਬਹੁਤੀ ਅੜਚਨ ਇਸ ਲਈ ਨਹੀਂ ਆਉਂਦੀ ਕਿ ਇਕ ਪਾਸੇ ਤਾਂ ਰਾਜਕੀ ਜਮਾਤ ਦਾ ਅਸਲ ਖਾਸਾ ਕਾਰਜਸ਼ੀਲ ਹੈ ਤੇ ਦੂਜੇ ਪਾਸੇ ਜਨ-ਸਮੂਹ ਉੱਤੇ ਧਾਰਮਿੱਕਤਾ ਦੇ ਹੋਏ ਛਿੜਕਾ ਨੇ ਇਸ ਨੂੰ ਬਹੁਤ ਹੀ ਅਜੀਬ ਢੰਗ ਨਾਲ ਮੂਰਛੱਤ ਕੀਤਾ ਹੋਇਆ । ਪਰ ਸੋਚਣਾ ਇਹ ਬਣਦਾ, ਫਿਕਰਮੰਦੀ ਇਸ ਗੱਲ ਦੀ ਹੈ ਕਿ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਦਾ ਆਲੰਬਰਦਾਰ ਬਨਣ-ਦਿੱਸਣ ਦਾ ਢੰਗੋਰਾ ਪਿੱਟਦਾ ਸਾਡਾ ਲੇਖਕ ਯਨਿਸਕੋ ਵਲੋਂ ਅੰਗੀ ਪੰਜਾਬੀ ਭਾਸ਼ਾ ਦੀ ਉਮਰ ਪ੍ਰਤੀ ਕਿੰਨਾ ਕੁ ਚਿੰਤਾਵਾਨ ਹੈ ! ਸੋਚਣਾ ਇਹ ਵੀ ਬਣਦਾ ਹੈ ਕਿ ਸਾਡੇ ਲੇਖਕਾਂ ਦੀਆਂ ਲਿਖਤਾਂ, ਕੇਵਲ ਤੇ ਕੇਵਲ ਸਾਸ਼ਕੀ ਪ੍ਰਸਾਸ਼ਕੀ ਅਰਦਲ ਵਿੱਚ ਹੀ ਸਿਰ ਝੁਕਾਈ ਖੜੀਆਂ ਹਨ ਜਾਂ ਗੁੱਮਰਾਹ ਹੋਈ ਜਨ-ਚੇਤਨਾ ਨੂੰ ਅਪਣੀ ਭਾਸ਼ਾ, ਅਪਣੇ ਸੱਭਿਆਚਾਰ ਨੂੰ ਸਲਾਮਤ ਰੱਖਣ ਲਈ ਕੋਈ ਕਾਰਗਰ ਹੰਭਲਾ ਵੀ ਮਾਰਦੀਆਂ ਹਨ । ਥੋੜਾ ਕੁ ਨੀਂਝ ਲਾ ਕੇ ਦੇਖਦਿਆਂ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੁੰਦੀ ਕਿ ਸਾਡੇ ਬਹੁ-ਗਿਣਤੀ ਲੇਖਕਾਂ ਨੂੰ ਸਾਹਿਤ ਦੇ ਅਸਲ ਮਨੋਰਥ ਦੀ ਸ਼ਾਇਦ ਸਮਝ ਹੀ ਨਹੀਂ । ਇਹ ਬਹੁ-ਗਿਣਤੀ ਜਾਂ ਤਾਂ ਦਿਮਾਗੀ–ਇਯਾਸ਼ੀ ਦਾ ਸ਼ਿਕਾਰ ਹੋਈ ਅਪਣੇ ਸਵੈ ਨੂੰ ਲਿਸ਼ਕਾਉਣ-ਚਮਕਾਉਣ ਅੰਦਰ ਹੀ ਰੁਝੀ ਹੋਈ ਹੈ ਜਾਂ ਫਿਰ ਰਾਜ ਕਰਨੀ ਜਮਾਤ ਵੱਲੋਂ ਉਭਰੇ–ਉਭਾਰੇ ਭਰੂਣ-ਹੱਤਿਆ, ਨਸ਼ਿਆ ਦਾ ਚਲਣ-ਪ੍ਰਚਲਣ, ਅੱਤਿਵਾਦ-ਵੱਖਵਾਦ ਆਦਿ ਵਰਗੇ ਮੁੱਦਿਆਂ ਤੇ ਕਲਮਘਸਾਈ ਕਰਦੀ ਜਨ-ਸਮੂਹ ਦਾ ਧਿਆਨ ਲੋਕ-ਸਮੂਹ ਨੂੰ ਦਰਪੇਸ਼ ਅਸਲ ਮੱਦਾਂ ਤੋਂ ਲਾਂਭੇ ਕਰਨ ਵਿੱਚ ਰੁੱਝੀ ਹੋਈ ਹੈ । ਅਪਣੀ ਲਿਖਤ ਤੇ ਅਪਣੇ ਆਪ ਦੀ ਪੂਰੀ ਸਮਝਦਾਰੀ ਰੱਖਣ ਵਾਲੇ ਉਰਦੂ ਅਫ਼ਸਾਨਾਂ-ਨਿਗਾਹ ਸਆਦਤ ਹਸਨ ਮੰਟੋ ਨੇ ਅਪਣੇ ਆਸ-ਪਾਸ ਵਿਚਰਦੇ ਵਰਤਾਰੇ ਬਾਰੇ ਕਿਹਾ ਸੀ – “ ਮੈਂ ਤਹਿਜ਼ੀਬ ਅਤੇ ਸੋਸਾਇਟੀ ਕੇ ਕੱਪੜੇ ਕੀ ਉਤਾਰਾਂਗਾ, ਜੋ ਖੁੱਦ ਹੀ ਨੰਗੀ ਹੈ ……….ਲੋਕ ਮੈਨੂੰ ਸਿਆਹ ਕਲਮ ਕਹਿੰਦੇ ਹਨ ,ਪਰ ਮੈਂ ਤਖ਼ਤਾ-ਏ-ਸਿਆਹ ( ਬਲੈਕ-ਬੋਰਡ ) ਉੱਤੇ ਕਾਲੇ ਚਾਕ ਨਹੀਂ ਲਿਖਦਾ, ਸਗੋਂ ਚਿੱਟੇ ਚਾਕ ਨਾਲ ਲਿਖਦਾ ਹਾਂ, ਜਿੱਸ ਕਾਰਨ ਕਾਲੇ ਬੋਰਡ ਦੀ ਕਾਲਖ਼ ਹੋਰ ਵੀ ਗੂੜੀ ਨਜ਼ਰ ਆਉਣ ਲੱਗਦੀ ਹੈ ।“ ਇਸ ਦੇ ਬਿਲਕੁਲ ਵਿਪਰੀਤ ਸਾਡੇ ਸਾਹਿਤ ਦੇ ਬਹੁ-ਗਿਣਤੀ ਲੇਖਕ ਦੇ ਹੱਥਾਂ ‘ਚ ਕਦੀ ਨੀਲੀ ਕਲਮ ਹੁੰਦੀ, ਕਦੀ ਹਰੀ, ਕਦੀ ਲਾਲ । ਅੱਜ ਦੇ ਸਮੇਂ ਦੇ ਹਰ ਸਫੇ ਤੇ ਕੂੜ-ਅਮਾਵਸ ਵਰਗੀ ਪਸਰ ਗਈ ਕਾਲਖ ਉੱਤੇ ਬਾਬੇ ਨਾਨਕ ਦੇ ਬੋਲਾਂ ਵਰਗੇ, ਚਿੱਟੀ-ਸਫੈਦ, ਸਾਫ਼ਗੋਈ ਕਰਦੇ ਅੱਖਰ ਉੱਕਰਨਾ, ਅੱਜ ਦੀ ਬਹੁ-ਗਿਣਤੀ ਲੇਖਕਾਂ ਅੰਦਰੋਂ ਉੱਕਾ ਹੀ ਗਾਇਬ ਜਾਪਦਾ ਹੈ । ਤੇ, ਜਿਹਨਾਂ ਕੁਝ ਵਿੱਚ ਇਵੇਂ ਦੀ ਦਲੇਰੀ ਕਰਨ ਦੇ ਸਾਹਸ ਨੂੰ 21ਵੀ ਸਦੀ ਦੀ ਦੜਕ-ਭੜਕ ਨੇ ਅਜੇ ਖ਼ਤਮ ਨਹੀਂ ਕੀਤਾ, ਉਹਨਾਂ ਦੀ ਲਿਖਤ ਤੇ ਉਹਨਾਂ ਦੇ ਨਿੱਜੀ ਵਿਵਹਾਰ ਅੰਦਰ ਦ੍ਰਿਸ਼ਟੀਗੋਚਰ ਹੋ ਰਿਹਾ, ਅੰਤਾਂ ਦਾ ਫ਼ਰਕ ਵੀ, ਅਪਣੀ ਭਾਸ਼ਾ ਦੀ ਸਲਾਮਤੀ ਲਈ ਬਹੁਤਾ ਕਾਰਗਰ ਰੋਲ ਨਹੀਂ ਨਿਭਾ ਸਕੇਗਾ ।

ਇਸੇ ਕੜੀ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਸ਼ਾਬਦਿੱਕ ਰੂਪ ਦੇ ਕੇ ਛਾਪਣ ਵਾਲੀ ਧਿਰ ਪ੍ਰਕਾਸ਼ਕ ਵੀ ਆਪਣੇ ਹਿੱਸੇ ਦੇ ਦੋਸ਼ ਤੋਂ ਬਰੀ ਨਹੀਂ ਹੋ ਸਕਦੀ । ਭਾਵੇਂ ਸਾਹਿਤ, ਸੱਭਿਆਚਾਰ ਦਾ ਹੀ ਇਕ ਛੋਟਾ ਜਿਹਾ ਅੰਗ ਹੈ ਤਾਂ ਵੀ, ਇਹ ਸੱਭਿਆਚਾਰਕ ਦੇ ਦੂਜੇ ਅੰਗਾਂ-ਧਰਮ, ਫਲਸਫਾ, ਇਤਿਹਾਸ-ਮਿਥਿਹਾਸ ਆਦਿ ਸਮੇਤ ਕਿਸੇ ਇੱਕ ਖਿੱਤੇ ਤੇ ਸੱਭਿਆਚਾਰ ਨੂੰ ਇਸ ਦੀ ਸਮੁੱਚਤਾ ਵਿੱਚ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਰੱਖਦਾ ਹੈ । ਇਸ ਦੀ ਇਹ ਸਮਰੱਥਾ ਸ਼ਾਬਦਿੱਕ ਰੂਪ ਅੰਦਰ ਅੰਕਿਤ ਹੋਈਆਂ ਲਿਖਤਾਂ ਰਾਹੀਂ ਹੀ ਦੇਖੀ–ਸਮਝੀ ਜਾ ਸਕਦੀ ਹੈ । ਪਰ, ਚਿੰਤਾ ਇਸ ਗੱਲ ਦੀ ਹੈ, ਲਿਖਤਾਂ ਨੂੰ ਸ਼ਾਬਦਿੱਕ/ਪੁਸਤਕ ਰੂਪ ਦੇਣ ਵਾਲੀ ਧਿਰ ਪ੍ਰਕਾਸ਼ਨ ਅਤੇ ਲੇਖਕ ਦੇ ਸੰਬੰਧ ਸਦਾ ਹੀ ਤਿੜਕਵੇਂ ਰਹੇ ਹਨ । ਇਹ ਸੰਬੰਧ ਸਾਡੀ ਭਾਸ਼ਾ ਦੇ ਪ੍ਰਕਾਸ਼ਕਾਂ-ਲੇਖਕਾਂ ਦੇ ਸੰਦਰਭ ਵਿੱਚ ਤਾਂ ਰੜਕਵੇ ਹਨ ਹੀ, ਪਰ ਪੰਡਿਤ ਨਹਿਰੂ ਵਰਗੀ ਵੱਡੀ ਕਲਮ ਵੀ ਇਸ ਪ੍ਰਕਾਸ਼ਕੀ ਸੇਕ ਤੋਂ ਬਚ ਨਹੀਂ ਸਕੀ । ਉਹਨਾਂ ਐਮ.ਕੇ. ਮਲਕਾਨੀ ਨੂੰ ਲਿਖੇ ਪੱਤਰ ਵਿੱਚ ਇੱਕ ਵਾਰ ਕਿਹਾ ਸੀ – “ ਕਿ ਪ੍ਰਕਾਸ਼ਕ, ਲੇਖਕਾਂ ਦਾ ਹਮੇਸ਼ਾ ਹੀ ਸ਼ੋਸ਼ਣ ਕਰਦੇ ਆਏ ਹਨ । ਕੁਝ ਕੁ ਲੇਖਕ ਹੀ ਆਪਣੀਆਂ ਸ਼ਰਤਾਂ ਤੇ ਕਿਤਾਬਾਂ ਛਪਵਾ ਸਕਦੇ ਹਨ । ਬਾਕੀ ਦੇ ਲੇਖਕ ਸਮਝਦੇ ਹਨ ਕਿ ਪ੍ਰਕਾਸ਼ਕ ਹੀ ਸਾਰੀ ਬੁਰਾਈ ਦੀ ਜੜ੍ਹ ਹਨ …….ਉਹ ਲੇਖਕ ਦੇ ਸਿਰ ਤੇ ਪੈਸੇ ਕਮਾਉਂਦੇ ਹਨ ….ਬਹੁਤੇ ਪ੍ਰਕਾਸ਼ਕ ਲੇਖਕ ਦੀ ਸਿਰਜਨਾਤਮਕ ਪ੍ਰਕਿਰਿਆ ਨੂੰ ਕੋਈ ਮਹੱਤਤਾ ਨਹੀਂ ਦਿੰਦੇ । ਅਸੀਂ ਤਰਖਾਣ, ਮੋਚੀ, ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ, ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ ।“ ਪੰਡਿਤ ਨਹਿਰੂ ਨੇ ਅੱਗੇ ਲਿਖਿਆ ਸੀ – “ਜੇ ਮੈ ਕੇਵਲ ਲੇਖਕ ਹੁੰਦਾ, ਰਾਜਨੀਤਕ ਨਾ ਹੁੰਦਾ, ਤਾਂ ਮੈਂ ਲੇਖਕਾਂ ਦੀ ਟਰੇਡ-ਯੂਨੀਅਨ ਖੜੀ ਕਰਦਾ, ਜਿੱਸ ਵਿੱਚ ਲੇਖਕ ਮਿਥੀ ਰਕਮ ਤੋਂ ਇਕ ਪੈਸਾ ਵੀ ਘੱਟ ਵਸੂਲ ਨਾ ਕਰਦਾ । ਮੈਂ ਨਿਯਮ ਤੋੜਨ ਵਾਲਿਆਂ ਨੂੰ ਕਾਲੀਆਂ ਭੇਡਾਂ ਸਮਝਦਾ ।“

ਪੰਡਿਤ ਨਹਿਰੂ ਦੀ ਇਸ ਸਵੀਕ੍ਰਿਤੀ ਦੇ ਬਿਲਕੁਲ ਵਿਪਰੀਤ ਅਜੋਕਾ ਲੇਖਕ ਤਾਂ ਇਸ ਪੱਖੋਂ ਬਿਲਕੁਲ ਹੀ ਇਕੱਲ ਦਾ ਭੰਡਿਆ ਪਿਆ ਹੈ । ਇਕ ਤਰ੍ਹਾਂ ਨਾਲ ਵਿਖੜਿਆ ਪਿਆ ਹੈ, ਜਦ ਕਿ ਪ੍ਰਕਾਸ਼ਕ ਧਿਰ ਲੁੱਟ-ਖੋਹ ਦੇ ਮਾਮਲੇ ਵਿੱਚ ਇਕਦੰਮ ਜਥੇਬੰਦ ਹੋਈ ਦਿੱਸਦੀ ਹੈ ।

ਅਜਿਹੀ ਸਥਿਤੀ ਵਿੱਚ ਬਹੁ-ਪਰਤੀ ਫਿਕਰਮ਼ੰਦੀ ਜ਼ਾਹਿਰ ਕਰਨ ਵਾਲੀ ਸੰਵੇਦਨਸ਼ੀਲ ਧਿਰ ਵੀ ਥੋੜਾ ਕੁ ਜਿੰਨਾ ਡੋਲ ਗਈ ਲੱਗਦੀ ਹੈ । ਇਉਂ ਜਾਪਦਾ ਇਸ ਧਿਰ ਪਾਸ ਵੀ ਸਮਕਾਲ ਦੇ ਚਲਣ–ਪ੍ਰਚਲਨ ਦੀਆਂ ਅਨੁਸਾਰੀ ਕੁਝ ਇਕ ਛੋਟਾਂ ਲੈਣ-ਦੇਣ ਤੋਂ ਸਿਵਾ ਕੋਈ ਚਾਰਾ ਨਹੀਂ ਬਚਿਆ । ਇਸ ਦੀ ਮਾਨਤਾ ਇਹ ਬਣੀ ਜਾਪਦੀ, ਕਿ ਲਕੀਰ ਦੇ ਫ਼ਕੀਰ ਬਣੇ ਰਹਿਣ ਵਿੱਚ ਵੀ ਬਹੁਤੀ ਸਿਆਣਪ ਨਹੀਂ । ਪਰ, ਇਸ ਦੇ ਵਿਪਰੀਤ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਾਹਰੀ ਦਬਾ ਹੇਠ ਅਪਣੇ ਵਿਰਸੇ ਤੋਂ ਬੇ-ਮੁੱਖ ਹੋ ਜਾਣਾ ਵੀ ਇੱਕ ਤਰ੍ਹਾਂ ਨਾਲ ਆਤਮਘਾਤ ਕਰਨ ਵਲ੍ਹ ਨੂੰ ਤੁਰ ਪੈਣ ਦੇ ਬਰਾਬਰ ਹੋਵੇਗਾ । ਸ਼ਾਇਦ ਇਸੇ ਲਈ ਯੂਨਿਸਕੋ ਵੱਲੋਂ ਗ੍ਰਾਂਟ ਹੋਈ ਸਾਡੀ ਪੰਜਾਬੀ ਭਾਸ਼ਾ ਦੀ ਪੰਜਾਹ ਕੁ ਸਾਲ ਦੀ ਉਮਰ, ਸਾਡੀ ਚਿੰਤਾ ਦਾ ਕਾਰਨ ਬਣੀ ਹੈ । ਇਸ ਚਿੰਤਾ ਨੂੰ ਜੇ ਸਾਡਾ ਸੂਝਵਾਨ ਵਰਗ ਇਕ ਚੈਲੰਜ ਵੱਜੋਂ ਸਵ੍ਰੀਕਾਰਦਾ ਹੈ, ਤਾਂ ਇਸ ਨੂੰ ਆਪਣੇ ਢੰਗ ਨਾਲ ਲਾਮਬੰਦੀ ਕਰਨੀ ਹੋਵੇਗੀ । ਇਸ ਲਾਂਮਬੰਦੀ ਵਿੱਚ, ਗੁੱਮਰਾਹ ਹੋਏ ਮੱਧ ਵਰਗ ਵੱਲੋਂ ਸਵੀਕਾਰੇ-ਪ੍ਰਚਾਰੇ–ਪ੍ਰਸਾਰੇ ਜਾਂਦੇ ਸੱਤਈ ਪੱਧਰ ਦੇ ਸਾਹਿਤ ਤੇ ਲੱਚਰ ਕਿਸਮ ਦੀ ਗੀਤਕਾਰੀ-ਪੇਸ਼ਕਾਰੀ ਦੇ ਬਦਲ ਵੱਜੋਂ ਨਿੱਘਰ ਸਮਾਜਿੱਕ ਕਦਰਾਂ-ਕੀਮਤਾਂ ਨਾਲ ਮੋਹ ਰੱਖਣ ਵਾਲੇ ਸਾਹਿਤ ਦੀ ਨਿਸ਼ਾਹਦੇਹੀ ਕਰਕੇ ਇਸ ਨੂੰ ਪੁਰਉੱਤਸ਼ਾਹਤ ਕਰਨਾ ਹੋਵੇਗਾ । ਇਸ ਕੰਮ ਲਈ ਅਜੋਕੇ ਸਮੇਂ ਵਿੱਚ ਸਭ ਤੋਂ ਪਹਿਲਾਂ ਕਾਰਗਰ ਹੱਥਿਆਰ, ਸਾਹਿਤਕ ਜਥੇਬੰਦੀ ਦੀ ਮਹੱਤਵਪੂਰਨ ਮੈਕਾਨਿਜ਼ਮ ਦੀ ਸੁਚੱਜੀ ਵਰਤੋਂ ਵੀ ਕਰਨੀ ਪਵੇਗੀ । ਡਾ: ਗੁਰਬਖ਼ਸ਼ ਸਿੰਘ ਫਰੈਂਕ ਨੇ ਸਾਹਿਤਕ ਜਥੇਬੰਦੀ ਨੂੰ ਬੇ-ਹੱਦ ਕਾਰਗਰ ਅੰਸ਼ ਦੀ ਸੰਗਿਆ ਦੇਂਦਿਆ ਇਸ ਦੀ ਬਣਤਰ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ – “ ਇਹ ਤਿੰਨ ਪੱਧਰਾਂ ਤੇ ਵਿਚਰਦੀ ਹੈ, ਸਰਕਾਰੀ, ਨੀਮ-ਸਰਕਾਰੀ ਤੇ ਗੈਰ-ਸਰਕਾਰੀ । ਇਹ ਜਥੇਬੰਦੀਆਂ ਅਸਿੱਧੇ ਤੌਰ ਤੇ ਲੇਖਕ ਦੀ ਮਾਨਸਿੱਕਤਾ ਨੂੰ ਪ੍ਰਭਾਵਿਤ ਕਰਨ, ਤੇ ਸਾਹਿਤ ਰਚਨਾ ਦੇ ਅਮਲ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੀਆਂ ਹਨ । ਪਹਿਲੀਆਂ ਦੋਨੋਂ ਜਥੇਬੰਦੀਆਂ ਲੇਖਕਾਂ ਨੂੰ ਸਿੱਧੀ ਤਰ੍ਹਾਂ ਸਥਾਪਤੀ ਦੇ ਮਗਰ ਲਾਉਦੀਆਂ ਹਨ । ਇਹ ਸਾਹਿਤਕਾਰਾਂ ਨੂੰ ‘ਸੇਧ ਦੇਣ’ ਲਈ ਇਨਾਮਾਂ–ਸਨਮਾਨਾਂ ਦੀ ਵਰਖਾ ਕਰਦੀਆਂ, ਇਹ ਸੰਕੇਤ ਦਿੰਦੀਆਂ ਹਨ ਕਿ ਇਸ ਤਰ੍ਹਾਂ ਦਾ ਸਾਹਿਤਕ ਵਿਹਾਰ ਕਰੋਗੇ ਤਾਂ ਇਨਾਮ ਪਾਓਗੇ । ਨਹੀਂ ਤਾਂ ਸੋਧ ਦਿੱਤੇ ਜਾਓਗੇ । “

ਤੀਜੀ ਤਰ੍ਹਾਂ ਦੀ ਜਥੇਬੰਦੀ ਜਿੱਸ ਨੂੰ ਗੈਰ-ਸਰਕਾਰੀ ਹੋਣ ਦੀ ਸੰਗਿਆ ਪ੍ਰਾਪਤ ਹੈ, ਤੋਂ ਪੰਜਾਬੀ ਭਾਸ਼ਾ ਤੇ ਸਹਿਤ-ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਉੱਨਤੀ–ਤਰੱਕੀ ਦੀ ਆਸ ਆਸ਼ਕ ਰੂਪ ਵਿੱਚ ਵੀ ਰੱਖੀ ਜਾ ਸਕਦੀ ਹੈ, ਤੇ ਇਸ ਦੀ ਸੰਚਾਲਣਾਂ ਤੇ ਵਿਧੀ-ਵਿਹਾਰ ਦੇ ਅਨੁਕੂਲ ਕਾਫੀ ਸਾਰੀ ਮਾਤਰਾ ਵਿੱਚ ਵੀ । ਪਰ, ਇਸ ਉੱਤੇ ਪੂਰੀ ਦੀ ਪੂਰੀ ਟੇਕ ਰੱਖਣਾ ਇਸ ਲਈ ਉੱਚਿਤ ਨਹੀਂ ਕਿਉਂਕਿ ਇਸ ਅੰਦਰ ਵੀ ਬਹੁਤੀਵਾਰ ਅਸਾਹਿੱਤਕ ਬਿਰਤੀਆਂ ਭਾਰੂ ਹੋ ਜਾਂਦੀਆਂ ਹਨ ਤੇ ਇਹ ਵੀ ਉਹ ਕੁਝ ਕਰ ਸਕਣ ਦੀ ਅਪਣੀ ਸਮਰੱਥਾ ਸੀਮਤ ਕਰ ਲੈਂਦੀ ਹੈ, ਜਿਸ ਦੀ ਇਸ ਤੋਂ ਜਨ-ਲੇਖਕ ਨੂੰ ਆਸ –ਉਮੀਦ ਹੁੰਦੀ ਹੈ ।

ਉਮੀਦ ਹੈ ਕਿ ਕੇਂਦਰੀ ਲੇਖਕ ਸਭਾਵਾਂ, ਆਪਣੇ ਆਪ ਨੂੰ ਇਸ ਪੱਖੋਂ ਹੁਣ ਤਾਂ ਦੋਸ਼ ਮੁਕਤ ਕਰ ਹੀ ਲੈਣਗੀਆਂ ।

ਆਮੀਨ ।

ਲਾਲ ਸਿੰਘ ਦਸੂਹਾ,

Categories: ਮਾਤ ਬੋਲੀ, ਲਾਲ ਸਿੰਘ ਦਸੂਹਾ | Tags: , , | Leave a comment

Create a free website or blog at WordPress.com.