ਮਨਿੰਦਰ ਕਾਂਗ

ਭਾਰ – ਮਨਿੰਦਰ ਸਿੰਘ ਕਾਂਗ


ਭਾਰ

( ਮਨਿੰਦਰ ਸਿੰਘ ਕਾਂਗ )

 

ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿੱਚ ਬੜੀ ਔਖ ਹੁੰਦੀ ਸੀ। ਇੱਕ ਤੇ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿੱਚ ਵੀ ਮੈਨੂੰ ਮੰਜੀ ‘ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਝ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ।

ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਦਕਾ ਕਿ ‘ਮੰਜੀ’ ਤੇ ਹੀ ਸੌਣਾ ਹੈ, ਇੱਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰੀਆ ਸਕੂਲ ਦੇ ਸਾਲਾਂ ਤੋਂ ਖਾਲੀ ਪਏ ਹੋਸਟਲ ਦੇ ਬੋਅ ਮਾਰਦੇ ਅੱਧ-ਕੱਚੇ ਕਮਰਿਆਂ ‘ਚ ਵਿੱਚ ਸੜਾਂਗਾ।
ਆਵਾਜ਼ ਦੂਸਰੀ ਵਾਰ ਪਈ ਸੀ। ਹੁਣ ਘੇਸਲ ਮਾਰਨੀ ਔਖੀ ਸੀ, ਕਿਉਂਕਿ ਫਕੀਰੀਆ ਤੇ ਚਰਨਾ ਹੌਲਦਾਰ, ਦੋਵੇਂ ਪਹਿਲਾਂ-ਪਹਿਲ ਜਦੋਂ ਮੈਂ ਹੱਡ ਟੁੱਟੇ ਹੋਣ ਕਾਰਨ ਉੱਠ ਨਹੀਂ ਸਾਂ ਸਕਦਾ ਹੁੰਦਾ, ਮੈਨੂੰ ਵੱਖੀ ਵਿੱਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ। ਉਦੋਂ ਦਾ ਮਨ ਚੰਦਰਾ ਏਨਾ ਸਹਿਮਿਆ ਪਿਆ ਹੈ ਕਿ ਜੇ ਕੋਈ ਹੋਮ-ਗਾਰਡੀਆ ਜਾਂ ਸੀ. ਆਰ. ਪੀ. ਵਾਲਾ ਵੀ ਆਵਾਜ਼ ਮਾਰੇ, ਮੈਂ ਫੜਕ ਦੇਣੀ ਉੱਠ ਬਹਿਨਾਂ ਤੇ ਜਵਾਬ ਦੇਨਾ ਵਾਂ।

ਬਾਹਰ ”ਚੰਨਾ ਨੱਥ” ਜਿਹੜਾ ਹੁਣੇ ਹੌਲਦਾਰ ਬਣਿਆ ਹੈ, ਖੜੋਤਾ ਹੈ। ਉਂਜ ਕੁੱਟਣ ਵਿੱਚ ਉਹ ਵੀ ਕਸਾਈ ਹੈ, ਪਰ ਆਮ ਬੋਲਚਾਲ ਵਿੱਚ ਠੀਕ ਰਹਿੰਦਾ ਹੈ।
”ਆਜਾ ਮਾਸਟਰਾ! ਤੈਨੂੰ ਡਿਪਟੀ ਯਾਦ ਕਰਦੈ!” ਉਸ ਨੇ ਕਿਹਾ ਤੇ ਮੇਰੇ ਵੱਲ ਪ੍ਰਤੀਕਰਮ ਲਈ ਵੇਖਣ ਲੱਗਾ।
”ਨਾਲ ਲੈ ਕੇ ਜਾਣੈ ਤੈਨੂੰ!” ਮੈਨੂੰ ਚੁੱਪ ਖੜੋਤਾ ਵੇਖ ਕੇ ਉਹਨੇ ਫੇਰ ਕਿਹਾ। ਮੈਂ ਚੁੱਪ-ਚਾਪ ਚਾਦਰ ਝਾੜ ਕੇ ਕਿੱਲੀ ‘ਤੇ ਟੰਗੀ ਤੇ ਬੂਹਾ ਢੋਅ ਕੇ ਉਹਦੇ ਨਾਲ ਹੋ ਗਿਆ।

ਮੇਰੀ ਇਨ੍ਹਾਂ ਛੇ ਮਹੀਨਿਆਂ ਵਿੱਚ ਚਾਰ ਵਾਰ ਤਫਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ-ਸਾਰਾ ਹਫਤਾ ਮੇਰੀ ਚੰਡਾਈ ਹੁੰਦੀ ਰਹੀ ਸੀ। ਇੱਕ ਵਾਰ ਤਾਂ ਮੈਂ ਮਰ ਹੀ ਗਿਆ ਸਾਂ, ਪਰ ਸੀ.ਆਰ.ਪੀ. ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਹੁਣ ਤੱਕ ਭਾਖੜੇ ਦੀਆਂ ਮੱਛੀਆਂ ਦੇ ਢਿੱਡ ਵਿੱਚ ਹੁੰਦਾ, ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗਿੱਟੀ-ਸਿੱਟੀ ਆਪਸ ਵਿੱਚ ਪੂਰੀ ਤਰ੍ਹਾਂ ਮਿਲੀ ਹੋਈ ਹੈ। ਕਾਗਜ਼ਾਂ ਵਿੱਚ ਤਾਂ ਪੁਲਿਸ ਮੈਨੂੰ ਪਿਛਲੇ ਮਹੀਨੇ ਦਾ ਮਰਿਆ ਵਿਖਾਈ ਜਾ ਰਹੀ ਹੈ। ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ, ਇਹ ਮੈਨੂੰ ਗੁੱਡੂ ਸਿਪਾਹੀ ਦੱਸ ਗਿਆ ਸੀ।

”ਖ਼ੈਰ! ਮਨਾਂ, ਵੇਖੀ ਜਾਊ ਹੁਣ! ਕਿਧਰੇ ਦੁਬਾਰਾ ਨਾ ਢਾਹ ਲੈਣ ਤੇ ਜਾਹ ਜਾਂਦੀਏ ਹੋ ਜਾਏ। ਸਰੀਰ ਤੇ ਅੱਗੇ ਹੀ ਖਤਮ ਏ। ਪਿਛਲੀ ਵਾਰ ਤਾਂ ਪੈਨਸਲੀਨ ਬਚਾ ਗਈ, ਪਰ ਐਤਕਾਂ ਤੇ ਉਹ ਵੀ ਮਰੋੜ ਲਾ ਦਊ।” ਮੈਂ ਗਿਣਤੀਆਂ ਵਿੱਚ ਪਿਆ ”ਚੰਨੇ ਨੱਥ” ਨਾਲ ਤਫਤੀਸ਼ ਵਾਲੇ ਭੋਰਿਆਂ ਵੱਲ ਵਧ ਰਿਹਾ ਸਾਂ। ਚੰਨਾ ਚੁੱਪ ਸੀ ਤੇ ਅੱਗੇ ਅੱਗੇ ਤੁਰੀ ਜਾ ਰਿਹਾ ਸੀ। ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ ਲਾ ਕੇ ਭੋਰਿਆਂ ਵਰਗਾ ਬਣਾਇਆ ਹੋਇਆ ਸੀ, ਉੱਥੇ ਹੀ ਸਭ ਦੀ ਤਫਤੀਸ਼ ਹੁੰਦੀ ਹੈ ਤੇ ਜਾਂ ਫਿਰ ਜੀਹਦਾ ਮੁਕਾਬਲਾ ਬਣਾਉਣਾ ਹੋਵੇ, ਉਹਨੂੰ ਉੱਥੇ ਇੱਕ ਵਾਰ ਐੱਸ.ਪੀ. ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿੱਚ ‘ਪਹੀਏ’ ਲਾ ਦੇਂਦੇ ਹਨ। ਸਿਵਾਏ ਮੇਰੇ ਤੇ ‘ਪੀਤੂ ਲੰਬੜ’ ਦੇ ਜਿਹੜਾ ਬੱਬਰਾਂ ਵਿੱਚ ਸੀ, ਬਾਕੀ ਸਾਰੇ ਮੇਰੇ ਵਿਹੰਦਿਆਂ-ਵਿਹੰਦਿਆਂ ‘ਪਹੀਏ’ ਲਵਾ ਕੇ ਗੁਰੂ ਮਹਾਰਾਜ ਕੋਲ ਪਹੁੰਚ ਚੁੱਕੇ ਸਨ। ਗੁਰਦੀਪ ਸਿੰਘ ਚਕੌਰੀ, ਮਨਜੀਤ ਸਿੰਘ ਘਸੀਟਪੁਰੀਆ, ਲਾਲੀ ਬੱਬਰ, ਤਰਸੇਮ ਸਿੰਘ ਗੁੱਡੀ ਤੇ ਮਹਿੰਦਰ ਸਿੰਘ ਉਰਫ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿੱਚ ਟਰੱਕ ਵਿੱਚ ਲਿਟਾਏ ਹਨ। ਬਾਕੀਆਂ ਦੀ ਤਾਂ ਮੈਨੂੰ ਇਨ੍ਹਾਂ ਛੇ ਮਹੀਨਿਆਂ ਵਿੱਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵੱਲ ਦੇ, ਕਈ ਰੋਪੜ ਜਾਂ ਆਨੰਦਪੁਰ ਸਾਹਿਬ ਵੱਲ ਦੇ ਬੰਦੇ ਸਨ, ਜਿਹੜੇ ‘ਪਹੀਏ’ ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾਂ, ਚਮਕੌਰ ਸਾਹਿਬ ਵੱਲ ਦੀਆਂ। ਉਨ੍ਹਾਂ ਨੂੰ ਵੀ ਵਾਰੀ ਵਾਰੀ ‘ਪਹੀਏ’ ਲਾਏ ਗਏ ਸਨ। ਵਾਰਿਸ ਸ਼ਾਇਦ ਉਨ੍ਹਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿੱਚ ਟੱਕਰਾਂ ਮਾਰਦੇ ਫਿਰਦੇ ਹੋਣਗੇ। ‘ਪੀਤੂ ਲੰਬੜ’ ਕੁੱਟ ਨਾਲ ਪਾਗਲ ਹੋ ਗਿਆ ਸੀ, ਸੋ ਉਹਨੂੰ ਛੱਡ ਦਿੱਤਾ ਗਿਆ ਸੀ। ਹੁਣ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬੈਠਾ ਰਹਿੰਦੈ। ਗੁੱਡੂ ਹੌਲਦਾਰ ਨੇ ਇਹ ਗੱਲ ਵੀ ਦੱਸੀ ਸੀ।

”ਮਨਾ! ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਐ! ਹੋ ਤਕੜਾ!” ਮੈਂ ਇਨ੍ਹਾਂ ਗਿਣਤੀਆਂ ਵਿੱਚ ਹੀ ਪਿਆ ‘ਚੰਨੇ ਨੱਥ’ ਦੇ ਨਾਲ ਨਾਲ ਤੁਰਦਾ ‘ਇੰਟੈਰੋਗੇਸ਼ਨ’ ਸੈਂਟਰ ਵਾਲੇ ਪਾਸੇ ਪਹੁੰਚ ਗਿਆ ਸਾਂ। ਅੱਗੇ ਜਾ ਕੇ ਅਸੀਂ ਥੰਮਲੇ ਨਾਲ ਢੋਅ ਲਾ ਕੇ ਖੜ੍ਹੇ ਹੋ ਗਏ। ਇਨ੍ਹਾਂ ਥਮਲਿਆਂ ਤੋਂ ਸਾਡੇ ਵਿੱਚੋਂ ਕੋਈ ਵੀ ਬਿਨਾਂ ਪੁੱਛੇ ਅੱਗੇ ਨਹੀਂ ਸੀ ਜਾ ਸਕਦਾ। ਅੱਗੋਂ ਵਲੇਵਾਂ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐੱਸ.ਐਚ.ਓ. ਦੇ ਬਿਨਾਂ ਕਹੇ ਕਿਸੇ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ। ਸਿਪਾਹੀ ਵੀ ਉਹੀ ਜਾਂਦੇ ਸਨ, ਜਿਹੜੇ ਪੱਕੀ ਤਫਤੀਸ਼ੀਏ ਸਨ ਜਾਂ ਫਿਰ ਜਿਹੜੇ ਸਿਰਫ ”ਚੰਡਾਈ” ਕਰਨ ਲਈ ਰੱਖੇ ਹੋਏ ਸਨ। ਡਿਪਟੀ ”ਅਜੈਬਾ ਸ਼ੁਦਾਈ” ਤੇ ਐੱਸ.ਪੀ. ‘ਸ਼ਰਮਾ’ ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰ ਜੇ ਕੋਈ ਭਾਊ ਨਾ ਬਕੇ ਜਾਂ ਫਿਰ ਕਿਤੇ ਦੋਹੇਂ ਕੁੱਟ ਕੁੱਟ ਕੇ ਪਾਗਲ ਹੋਏ ਹੋਣ ਤਾਂ ਕਿਸੇ ਨਾ ਕਿਸੇ ਸਿਪਾਹੀ ਉੱਪਰ ਵੀ ਗੁੱਸਾ ਕੱਢ ਦੇਂਦੇ ਸਨ। ਸੋ ਸਣੇ ਐੱਸ.ਐਚ.ਓ. ਅਤੇ ਸਣੇ ਸਿਪਾਹੀਆਂ ਦੇ ਕੋਈ ਵੀ ‘ਅਜੈਬੇ ਡਿਪਟੀ’ ਦੀ ਮਰਜੀ ਬਿਨਾਂ ਉਧਰ ਨਹੀਂ ਸੀ ਜਾਂਦਾ।

ਅੱਜ ਵੀ ਸ਼ਰਮੇ ਐੱਸ.ਪੀ. ਅਤੇ ਅਜੈਬੇ ਸ਼ੁਦਾਈ ਦੀਆਂ ਗੱਲਾਂ ਦੀ ਅਵਾਜ਼ ਆ ਰਹੀ ਸੀ। ਫਕੀਰੀਆ ਹੌਲਦਾਰ ਵੀ ਪਰ੍ਹਾਂ ਖੜ੍ਹਾ ਤੰਬਾਕੂ ਥੁੱਕ ਰਿਹਾ ਸੀ। ਇਹ ਅਜੈਬੇ ਦਾ ਖਾਸ ਬੰਦਾ ਸੀ।
ਮੇਰੇ ਰੌਂਗਟੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਾਰੇ ਹੱਡਾਂ ਵਿੱਚ ਚਸਕ ਜਿਹੀ ਪੈਣ ਲੱਗ ਪਈ। ਫਕੀਰੀਆ ਉਦੋਂ ਹੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦਾ ਹੁੰਦਾ ਸੀ, ਜਦੋਂ ਕਿਸੇ ਭਾਊ ਨੂੰ ਅੱਤ ਦਾ ਕੁਟਾਪਾ ਕਰਨਾ ਹੋਵੇ ਜਾਂ ਫਿਰ ਬੇਤਰਸ ਹੋ ਕੇ ਮੁਕਾਬਲਾ ਬਣਾਉਣ ਦੀ ਲੋੜ ਪਵੇ। ਫਕੀਰੀਆ ਚੌਵੀ ਘੰਟੇ ਦਾਰੂ ਪੀਣ ਵਾਲਿਆਂ ਵਿੱਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ ਤੀਵੀਆਂ ਮਾਰ ਘੱਤੇ ਸਨ, ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ। ਹੁਣ ਇਹਨੂੰ ਐੱਸ.ਪੀ. ਬਨਾਣ ਨੂੰ ਫਿਰਦੇ ਨੇ, ਪਹਿਲਾਂ ਇਸਨੂੰ ਮਜੀਠਾ ਪੁਲਿਸ ਵਾਲੇ ਅੰਮ੍ਰਿਤਸਰ ਦੇ ਭਾਊਆਂ ਨੂੰ ਬਕਾਉਣ ਵਾਸਤੇ ਲੈ ਜਾਂਦੇ ਸਨ, ਪਰ ਹੁਣ ਇਹ ਪੱਕੇ ਤੌਰ ‘ਤੇ ਅੰਮ੍ਰਿਤਸਰ ਪੁਲਿਸ ਕੋਲ ਆ ਗਿਆ ਹੈ। ਕਦੇ-ਕਦੇ ਨਾਭੇ ਜੇਲ੍ਹ ਵਾਲੇ ਤੇ ਜਲੰਧਰੀਏ ਵੀ ਲਿਜਾਂਦੇ ਨੇ। ਮੈਂ ਉਨ੍ਹਾਂ ਦੀ ਗੱਡੀ ਵਿੱਚ ਚੜ੍ਹਦਿਆਂ ਉੱਤਰਦਿਆਂ ਇਹਨੂੰ ਕਈ ਵਾਰ ਵੇਖਿਐ…ਅੱਜ ਜੇ ਫਕੀਰੀਆ ਬਾਹਰ ਏ ਤਾਂ ਜ਼ਰੂਰ ਹੀ ਮੇਰੀ ਚੰਡਾਈ ਹੋਏਗੀ ਤੇ ਜਾਂ ਫੇਰ।

”ਭਾਅ! ਕਿਤੇ ਅੱਜ ਮੁੜ ਮੇਰੀ ਵਾਰੀ ਤਾਂ ਨਹੀਂ ਆ ਗਈ ਦੁਬਾਰਾ।” ਮੈਂ ਡਰਦੇ-ਡਰਦੇ ਨੇ ਆਪਣੇ ਨਾਲ ਖੜ੍ਹੇ ‘ਚੰਨੇ ਨੱਥ’ ਨੂੰ ਪੁੱਛ ਲਿਆ। ਉਹ ਅੱਗੇ ਹੀ ਮੈਨੂੰ ਦੱਸਣ-ਦੱਸਣ ਕਰਦਾ ਪਿਆ ਸੀ।
”ਓ ਨਹੀਂ ਓਏ ਮਾਸ਼ਟਰਾ! ਇਹ ਤਾਂ ਤੇਰੇ ਪੁਰਾਣੇ ਆੜੀ ‘ਜੱਸੇ ਮਾਰੂਤੀ’ ਦੇ ਸਵਾਗਤ ਦੀਆਂ ਤਿਆਰੀਆਂ ਨੇ! ਜਲੰਧਰ ਦੀ ਪੁਲਿਸ ਨੇ ਇਹ ਭੈਣ …….ਦੀ ”ਦੱਦਰ ਜਿਹੀ” ਆਪਣੇ ਗਲੋਂ ਲਾਹ ਕੇ ਤਰਨਤਾਰਨ ਦੀ ਪੁਲਿਸ ਦੇ ਗਲ ਪਾ ‘ਤੀ ਸੀ। ਤਰਨਤਾਰਨ ਆਲੇ ਗਾੜੀਓਂ ਆਹੰਦੇ ਪਈ ਅਸੀਂ ਕਾਹਨੂੰ ਮਾਰੀਏ ਏਸ ਗੰਦ ਨੂੰ? ਅਨਾਮ ਤੇ ਮਾਰ ਕੋਈ ਹੈ ਨਹੋਂ ਇਹਦੇ ਸਿਰ ਦਾ……..ਤੇ ਫਿਰ ਐੱਸ.ਐੱਸ.ਪੀ. ਇਹਦਾ ਫਸਤਾ ਵੱਢੇ। ਹੁਣ ਸ਼ਰਮੇ ਐੱਸ.ਪੀ. ਤੇ ਅਜੈਬੇ ਦੀ ਡਿਊਟੀ ਲੱਗੀ ਆ ਪਈ ਤੁਸੀਂ ਇਹਦੇ ਆਲਾ ਕੰਮ ਨਬੇੜੋ!”
”…..ਹੈਂ! ਜੱਸਾ ਅਜੇ ਹੈਗੈ?” ਮੈਂ ਡੈਂਬਰ ਗਿਆ ਸਾਂ। ਸਹਿਵਨ ਹੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ।
”ਤੈਨੂੰ ਨਹੀਂ ਪਤਾ? ਲੈ ਦੱਸ਼! ਤੈਨੂੰ ਤੇ ਮਾਰ ਉਹਦੀ ਸਾਰੀ ਰਾਮ ਲੀਲਾ ਪਤੈ?” ਚੰਨੇ ਨੱਥ ਨੇ ਆਪਣੀ ਜਾਣੀ ਮੈਨੂੰ ਜਿਵੇਂ ਝਿੜਕਿਆ।
”ਪਰ ! ਉਹ ਤੇ ਮਹੀਨਾ ਹੋ ਚੱਲਿਆ ਮਰੇ ਹੋਏ ਨੂੰ। ਮੈਨੂੰ ਵਾਇਰਲੈੱਸ ਵਾਲਾ ਸੁਰਜੀਤ ਦੱਸ ਗਿਆ ਸੀ ਪਈ ਤੇਰਾ ਪੁਰਾਣਾ ਆੜੀ ਗਿਆ….। ਉਹਨੂੰ ਮਹਿਤੇ ਚੌਂਕ ਵਾਲਾ ਸੀਤਲ ਸੁੰਹ ਨਹੀਂ ਸੀ ਮਾਰ ਗਿਆ? ਮੈਂ ਤੇ ਇਹੀ ਸੁਣਿਆ ਸੀ।” ਮੈਂ ਕਿਹਾ।
”ਕਿਹੜਾ ਸੀਤਲ ਓਏ? ਉਹ ਤੇ ਭਾਊ, ਉਹ ਵੀ ਸਾਡਾ ਈ ਬੰਦੈ! ਇੰਟੈਲੀਜੈਂਸ ਆਲਿਆਂ ਉਹਦੀ ਇੰਸਪੈਕਟਰ ਦੀ ਤਨਖਾਹ ਲਾਈ ਹੋਈ ਐ। ਕਹਿਣ ਨੂੰ ਉਹ ‘ਭਿੰਡਰਾਂਵਾਲਾ ਟਾਈਗਰਜ਼” ਦਾ ਏਰੀਆ ਕਮਾਂਡਰ ਇਆ। ਉਸੇ ਨੇ ਤੇ ਤੇਰੇ ਏਸ ”ਜੱਸੇ ਯਾਰ” ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਇਆ। ਨਹੀਂ ਤੇ ਕਿੱਥੇ ਕੁਛ ਪਤਾ ਲੱਗਣਾ ਸੀ?” ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲਾ ਠਾਹ ਸੋਟਾ ਮੇਰੇ ਸਿਰ ‘ਚ ਮਾਰਿਆ।

ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲਗਦਾ ਕਿ ”ਸੀਤਲ” ਵੀ ਇੰਟੈਲੀਜੈਂਸ ਵਿੱਚ ਹੈ, ਤਾਂ ਮੈਂ ਥੋੜ੍ਹਾ ਬਹੁਤ ਹੈਰਾਨ ਹੁੰਦਾ। ਜ਼ਿਆਦਾ ਏਸ ਕਰਕੇ ਨਹੀਂ, ਕਿਉਂਕਿ ਦਸਾਂ ਕੁ ਸਾਲਾਂ ਦੇ ਏਸ ਅੰਡਰਗਰਾਊਂਡ ਜੀਵਨ ਵਿੱਚ ਮੈਂ ਅਨੇਕਾਂ ਪਾਤਰ ਦੋਹੀਂ ਬੰਨੀ ਵਿਚਰਦੇ ਵੇਖ ਚੁੱਕਾ ਸਾਂ। ਕਈ ਮੈਂ ਹੱਥੀਂ ਮਾਰੇ ਸਨ। ਕਈ ਮੁੜ ਪੁਲਿਸ ਵਿੱਚ ਚਲੇ ਗਏ। ਕਈ ਆਪਣੇ ਫੀਲੇ (ਕਾਲੀਆਂ ਬਿੱਲੀਆਂ) ਪੁਲਿਸ ਨੇ ਆਪ ਮਾਰ ਘੱਤੇ! ਏਹੋ ਜੱਸਾ ਮਰੂਤੀ, ਜੀਹਦੀ ਗੱਲ ਚੰਨਾ ਨੱਥ ਕਰਦਾ ਪਿਐ, ਪਹਿਲਾਂ ਬਾਬੇ ਭਿੰਡਰਾਂਵਾਲੇ ਨਾਲ ਸੀ। ਫੇਰ ਬਾਬੇ ਭਿੰਡਰਾਂਵਾਲੇ ਨੇ ਜਦੋਂ ਇਹਦੀਆਂ ਵੀ ਤੇ ਆਪਣੇ ਖਾਸ ਚੇਲੇ ਗੁਰਿੰਦਰ ਪੀ.ਟੀ. ਦੀਆਂ ਵੀ ਲੱਤਾਂ ਤੋੜੀਆਂ, ਇਹ ਤੇ ਮੁੜ ਐੱਸ.ਐੱਸ.ਪੀ. ਮੁਸਤਫਾ ਆਲਮ ਦੀ ”ਕੈਟ” ਬਣ ਗਿਆ ਸੀ। ਚਾਰ ਪੰਜ ਸਾਲ ਫੇਰ ਇਹਨੇ ”ਕੈਟ” ਬਣ ਕੇ ਕੱਟੇ ਸਨ। ਰਾਤ ਨੂੰ ਦਾਹੜਾ ਖੋਲ੍ਹ ਕੇ ਇਹਨੇ ਤਰਨਤਾਰਨ ਵੱਲ ਦੇ ਕਿੰਨੇ ਹੀ ਲਾਲੇ ਮਾਰੇ ਵੀ, ਲੁੱਟੇ ਵੀ ਸਨ। ਮੈਨੂੰ ਉਦੋਂ ਵੀ ਆਪਣੀ ਹਾਈ-ਕਮਾਂਡ ਵੱਲੋਂ ਹੁਕਮ ਮਿਲਦਾ ਰਹਿੰਦਾ ਸੀ ਕਿ ”ਜੱਸੇ ਕੈਟ” ਦੀ ਟਿਕਟ ਕੱਟੋ। ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪੁਰਾਣੀ ਲਿਹਾਜ਼ ਆ ਜਾਂਦੀ ਸੀ। ਉਹਨੇ ਸਵੇਰੇ ‘ਕੈਟ’ ਬਣ ਕੇ ਮਾਊਜ਼ਰ ਲਟਕਾ ਕੇ ਐੱਸ.ਐੱਸ.ਪੀ. ਨਾਲ ਘੁੰਮਣਾ। ਰਾਤ ਨੂੰ ਐੱਸ.ਪੀ. ਦੇ ਦੱਸੇ ਇਲਾਕਿਆਂ ਤੇ ਘਰਾਂ ਤੇ ਲੁੱਟਖੋਹ ਕਰਨੀ ਜਾਂ ਟੱਬਰ ਮਾਰ ਆਉਣਾ। ਹਿੱਸਾ-ਪੱਤੀ ਚੰਡੀਗੜ੍ਹ ਤੋਂ ਲੈ ਕੇ ਐੱਸ.ਪੀ. ਸਿਟੀ, ਐੱਸ.ਪੀ. (ਡੀ.) ਤੇ ਐੱਸ.ਪੀ. (ਸੀ.ਆਈ.ਡੀ.) ਨੂੰ ਬਰਾਬਰ ਪਹੁੰਚਾਉਣਾ। ਕਦੀ ਕਦੀ ਉਹਨੇ ਮੈਨੂੰ ਤਰਨਤਾਰਨ ਰੋਡ ਤੇ ਮਿਲ ਪੈਣਾ ਜਾਂ ਫਿਰ ਬਾਬੇ ਸ਼ਹੀਦੀਂ, ਜਿੱਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਹਿਰਾ ਕੱਟਦਾ ਸਾਂ। ਨਾ ਉਹਨੇ ਮੈਨੂੰ ਪਛਾਨਣ ਦਾ ਵਿਖਾਵਾ ਕਰਨਾ ਤੇ ਨਾ ਮੈਂ ਅੱਖ ਬਚਾਣ ਦਾ ਵਿਖਾਵਾ ਕਰਨਾ। ਓਪਰਿਆਂ ਵਾਂਗ ਅਸੀਂ ਕੋਲੋਂ ਲੰਘ ਜਾਣਾ। ਕੋਈ ਜਾਨ ਤੇ ਭੀੜ ਬਣਨ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮਦਦ ਲਈ ਦੂਸਰੇ ਲਾਂਗਰੀ ”ਤੋਚੀ” ਨੂੰ ਸੁਨੇਹਾ ਦੇ ਜਾਣਾ, ਉਹਦੇ ਆਖੇ ਤੇ ਮੈਂ ਇੱਕ ਦੋ ਵੱਡੇ ਕੰਮ ਕੀਤੇ ਸਨ। ਵੱਡਾ ਕੰਮ ਮੈਂ ਉਹਦੇ ਕਹੇ ਤੇ ਰੂਬੀ ਕੈਟ ਦਾ……..

”ਉਏ ਥਮਲੇ ‘ਚ ਵੱਜੀ ਜਾਨੈਂ….। ਭਾਊ ਗਾੜੀ ਕਿੱਧਰ ? ਧਿਆਨ ਤੇਰਾ ਮਾਈਂ….ਪਤਾ ਨਹੀਂ ਕਿੱਥੇ ਆ? ਸੁਰਤ ਤਾਂਹ ਚੜ੍ਹੀ ਊ?” ਚੰਨੇ ਨੱਥ ਨੇ ਮੇਰੀ ਬਿਰਤੀ ਤੋੜ ਦਿੱਤੀ।
”…..ਆ….ਹੈਂ, ਨਹੀਂ, ਮੈਂ ਤਾਂ ਆਪ ਈ ਜੱਸੇ ਬਾਰੇ ਸੋਚਣ ਡਿਹਾਂ! ਕਦੋਂ ਲਿਆਉਣੈ ਉਹਨੂੰ,” ਮੈਂ ਹੈਰਾਨੀ ਤੇ ਭੈਅ ਦੇ ਰਲੇ ਮਿਲੇ ਭਾਵਾਂ ਨਾਲ ਕਿਹਾ।
”ਓ ਨਾ, ਭੈਣ ਦੇ ਯਾਰ ਕੋਲੋਂ ਪੈਹਿਆਂ ਦਾ ਹਿਸਾਬ ਲੈਣ ਡਹੇ ਸਨ ਇੱਕ ਤੇ! ਮਾਰ ਸੈਂਤੀ ਲੱਖ ਤੇ ਉਹਦੀ ਰਣਜੀਤ ਐਵੇਨਿਊ, ਅੰਬਰਸਰ ਵਾਲੀ ਕੋਠੀ ‘ਚੋਂ ਲਿਆਂਦੈ। ਸਾਢੇ ਚਾਰ ਲੱਖ ਤੇ ਦੋ ਕਿੱਲੋ ਸੋਨਾ ਉਹਦੇ ਬਟਾਲੇ ਵਾਲੇ ਟਿਕਾਣੇ ‘ਚੋਂ ਲੱਭੈ। ਤੇ ਜਿਹੜਾ ਗਿੰਦੋ ਸ਼ਪੈਹਣ ਦੇ ਬੰਦ ਪਏ ਘਰ ‘ਚੋਂ ਕਿਤੇ ਨੋਟ ਮਿਲਿਐ ਮਾਰ ਕਹਿਣ ਸੁਣਨ ਤੋਂ ਬਾਹਰਾ।” ਚੰਨੇ ਨੇ ਦੱਸਿਆ।
”ਗਿੰਦੋ ਆਪ ਕਿੱਥੇ ਆ ਹੁਣ?” ਮੈਂ ਗਿੰਦੋ ਸ਼ਪੈਹਣ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਸ ਲਈ ਉਤਸੁਕਤਾ ਵੱਸ ਮੈਂ ਨੱਥ ਨੂੰ ਪੁੱਛ ਬੈਠਾ।
ਚੰਨੇ ਨੇ ਪਹਿਲੇ ਗਾਹਲਾਂ ਦੀ ਚੰਗੀ-ਚੋਖੀ ਸ਼ੁਰਲੀ ਛੱਡੀ ਤੇ ਫੇਰ ਥੁੱਕ ਕੇ ਕਹਿਣ ਲੱਗਾ-”ਏਹਨੇ ਤੇਰੇ ਯਾਰ ”ਮਾਰੂਤੀ” ਨੇ ਸਾਲ ਹੋ ਗਿਆ, ਮਾਰ ਕੇ ਸਾੜ ‘ਤੀ ਸੀ ਡੀਜ਼ਲ ਪਾ ਕੇ। ਉਹ ਤੇ ਜਦੋਂ ਇਹਦੇ ਛਤਰੌਲ ਹੋਈ, ਇਹਨੇ ਬਾਕੀ ਕਤਲਾਂ ਨਾਲ ਗਿੰਦੋ ਸ਼ਪੈਹਣ ਦਾ ਕਤਲ ਵੀ ਮੰਨਿਆ। ਪਰ ਏਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ? ਉਹਦੀ ਤੇ ਸ਼ੋਹਦੀ ਸਵਾਹ ਵੀ ਨਹੀਂ ਲੱਭੀ।” ਚੰਨਾ ਆਪਣੀ ਟੇਪ ਚਲਾਈ ਜਾ ਰਿਹਾ ਸੀ।

ਆਪਣੇ ਬਾਰੇ ਕੁਝ ਕੂਲਾ ਜਿਹਾ ਸੋਚ ਕੇ ਮੇਰੇ ਬੁੱਲ੍ਹਾਂ ‘ਤੇ ਆਪੇ ਹੀ ਮੁਸਕਰਾਹਟ ਆ ਗਈ। ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ।
ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਣ ਵਰਗਾ ਪਿੰਡਾ ਆ ਗਿਆ। ਏਡੀ ਨਰੋਈ ਤੇ ਸੁੰਦਰ ਦੇਹੀ ਤੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਝੁਣੀ ਜਿਹੀ ਆ ਗਈ। ਫਿਰ ਅਗਲੇ ਹੀ ਪਲ ਖਿਆਲ ਆਇਆ ਕਿ ਏਨਾ ਕੁਝ ਵੇਖ ਲਿਐ ਕਿ ਸੱਤ ਜਨਮਾਂ ਤੱਕ ਮੁੜ ਕੇ ਏਨੀ ਵਹਿਸ਼ਤ ਨਾ ਵੇਖੀ ਜਾਣੀ ਨੇ, ਨਾ ਹੀ ਦੁਬਾਰਾ ਏਨੇ ਖੂਨ ਕਰ ਹੋਣੇ ਨੇ, ਫੇਰ ਮਨਾ ਤੈਨੂੰ ਕਾਹਦੀ ਧੁੜਧੁੜੀ ਉੱਠਦੀ ਐ? ਅਗਲੀ ਸੋਚ ਨੇ ਹੋਰ ਹੀ ਹੁੰਗਾਰਾ ਦਿੱਤਾ ਕਿ ਧੁੜਧੁੜੀ ਤਾਂ ਅਜੇ ਇਹੀ ਸਾਬਤ ਕਰਦੀ ਐ ਕਿ ਅਜੇ ਅੰਦਰ ਦਿਲ ਧੜਕਦੈ…। ਅਜੇ ਤਰਸ ਦੇ ਸਰੋਤ ਪੂਰੀ ਤਰ੍ਹਾਂ ਸੁੱਕੇ ਨਹੀਂ।

”ਕੀ ਗੱਲ ਇਆ? ਬੜੀਆਂ ਦੰਦੀਆਂ ਨਿਕਲਦੀਐਂ?” ਚੰਨਾ ਮੇਰੇ ਮੂੰਹ ਵੱਲ ਤੱਕ ਕੇ ਕਹਿਣ ਲੱਗਾ।
”ਹੈਂ! ਓ ਭਾਅ ਨਹੀਂ ਦੰਦੀਆਂ ਕਿੱਥੇ? ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਿਹਾ ਹੋ ਜਾਂਦੈ….ਹੋਰ ਕੋਈ ਗੱਲ ਨਹੀਂ।” ਮੈਂ ਜਿਵੇਂ ਪਰਤ ਆਇਆ।
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥਮਲੇ ਨਾਲ ਢੋਅ ਲਾਈ ਕਿੰਨੇ ਮਿੰਟਾਂ ਦਾ ਖੜ੍ਹਾ ਹਾਂ। ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਲਿਜਾ ਰਹੀ ਹੈ। ਮੇਰੇ ਅੰਦਰੋਂ ਅਵਾਜ਼ ਆ ਗਈ ਕਿ ਮਾਰ ਖਾ ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਿਮਾਗ ਵੀ ਜਵਾਬ ਦੇਈ ਜਾ ਰਹੇ ਹਨ।
”ਭਾਅ! ਜੇ ਕਹੇਂ ਤਾਂ ਮੈਂ ਭੁੰਜੇ ਬਹਿ ਜਾਵਾਂ। ਮੇਰੀਆਂ ਲੱਤਾਂ ਹੁਣ ਮਰੀਆਂ ਜਿਹੀਆਂ ਰਹਿੰਦੀਆਂ ਨੇ। ਮੈਥੋਂ ਹੁਣ ਹੋਰ ਖੜਿਆ ਨਹੀਂ ਹੋਇਆ ਜਾਂਦਾ।” ਮੈਂ ਬੜੀ ਆਜਿਜ਼ੀ ਨਾਲ ‘ਨੱਥ’ ਨੂੰ ਬੇਨਤੀ ਕੀਤੀ।
”ਮਖ! ਮੇਰੀ ਅੱਲੋਂ ਤੂੰ ਜੰਮ ਜੰਮ ਬਹੁ। ਬਹਿ ਜਾ। ਬਹਿ ਜਾ। ਪਰ ਜਦੋਂ ਡਿਪਟੀ ਦੀ ਮਾੜੀ ਜਿਹੀ ਵਾਜ ਵੀ ਆਏ, ਉਸ ਵੇਲੇ ਉੱਠ ਕੇ ਖਲੋ ਜਾਈਂ। ਅਜੈਬੇ ਦਾ ਤੈਨੂੰ ਸੁਭਾਅ ਪਤਾ ਈ ਐ।” ਨੱਥ ਨੇ ਸੁਚੇਤ ਕੀਤਾ।
”ਮੈਂ ਕਿਤੇ ਭੁੱਲਦਾਂ ਅਜੈਬੇ ਨੂੰ! ਭਾਅ, ਚਿੰਤਾ ਛੱਡ ਦੇਹ! ਵਾਜ ਪੈਣ ਦੀ ਡੇਰ ਆ, ਮੈਂ ਟਨਸ਼ੰਨ ਖੜਾ ਦਿਖੂੰਗਾ।” ਅਜੈਬੇ ਦੇ ਨਾਂ ਤੋਂ ਹੀ ਮੈਨੂੰ ਧੁੜਧੁੜੀ ਆ ਗਈ ਸੀ।
”ਚੰਗਾ, ਬਹੁ ਇਥੇ ਹੀ ਫੇਰ! ਮੈਂ ਚਾਹ ਦਾ ਕੱਪ ਭੇਜਦੈਂ ਤੇਰੇ ਲਈ! ਇਹਨਾਂ ਪਤਾ ਨਹੀਂ ਕਦੋਂ ਆਪਣੇ ਭਣੋਈਏ ‘ਜੱਸੇ’ ਨੂੰ ਲੈ ਕੇ ਆਉਣਾ? ਖੌਰੇ ਘੰਟੇ, ਦੋ ਘੰਟੇ ਕਿ ਤਿੰਨ ਵੀ ਲੱਗ ਜਾਣ।” ਚੰਨੇ ਨੇ ਕਿਹਾ।
ਮੈਂ ਮਸਕੀਨਾਂ ਵਾਂਗ ਹੱਥ ਜੋੜੇ ਤੇ ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕੀਤਾ। ਬਾਅਦ ਵਿੱਚ ਮੈਨੂੰ ਆਪਣੇ ਜੁੜੇ ਹੱਥਾਂ ‘ਤੇ ਹੈਰਾਨੀ ਹੋਈ। ਕਿੱਥੇ ਮੇਰੇ ਨਾਂ ਤੇ ਪੰਜਾਹ ਲੱਖ ਦਾ ਇਨਾਮ ਸੀ। ਕਦੇ ਸਾਰਾ ਪੰਜਾਬ ਮੇਰੇ ਨਾਮ ਤੋਂ ਡਰਦਾ ਸੀ। ਅੱਜ ਮੈਂ ਮੰਗਤਾ ਹਾਂ। ”ਮੈਂ ਕੀ ਦਾ ਕੀ ਹੋ ਗਿਆ?” ਮੈਂ ਆਪਣੇ ਜੁੜੇ ਹੱਥਾਂ ਵੱਲ ਕਿੰਨੀ ਦੇਰ ਵੇਖਦਾ ਰਿਹਾ ਸਾਂ।
ਥਮਲੇ ਨਾਲ ਢੋਅ ਲਾ ਕੇ ਬੈਠਿਆਂ ਮੇਰੀ ਸੁਰਤ ”ਜੱਸੇ ਮਰੂਤੀ” ਵਲ ਮੁੜ ਗਈ। ਅਤੀਤ ਮੇਰੀਆਂ ਅੱਖਾਂ ਅੱਗੇ ਇਉਂ ਸਹਿਜ ਨਾਲ ਘੁੰਮਣ ਲੱਗਾ ਕਿ ਮਨੋਂ ਮੈਂ ਅੱਜ ਵੀ ਉਥੇ ਹੀ ਤੁਰਦਾ ਫਿਰਦਾ ਹੋਵਾਂ।

ਜੱਸਾ ਮਰੂਤੀ ਤਕਰੀਬਨ ਮੇਰੇ ਨਾਲ ਹੀ ਸੰਤਾਂ ਦੇ ਸੰਪਰਕ ਵਿੱਚ ਆਇਆ ਸੀ। ਮੈਂ ਸੰਨ ਕਿਆਸੀ ਵਿੱਚ ਬੀ.ਐੱਡ. ਕਰਕੇ ਤਰਨਤਾਰਨ ਰੋਡ ‘ਤੇ ‘ਕਲਗੀਧਰ ਖਾਲਸਾ ਸਕੂਲ’ ਵਿੱਚ ਲੱਗ ਗਿਆ ਸਾਂ। ਸਕੂਲ ਮਿਡਲ ਤੱਕ ਸੀ, ਸ਼੍ਰੋਮਣੀ ਕਮੇਟੀ ਅਧੀਨ ਸੀ ਤੇ ਮੇਰੀ ਪੈਨਸ਼ਨੇਬਲ ਨੌਕਰੀ ਸੀ। ਮੈਂ ਪੱਕਾ ਸਾਂ ਤੇ ਸੁਹਣੀ ਨਿਭ ਰਹੀ ਸੀ। ਵਿਆਹ ਦੀ ਤਿਆਰੀ ਸੀ। ਏਦਾਂ ਹੀ ਸਾਲ, ਦੋ ਸਾਲ ਲੰਘ ਗਏ। ਇੱਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪਿਆ। ਗੁਰੂ ਨਾਨਕ ਨਿਵਾਸ ਤੋਂ ਅੱਗੇ ਸ਼੍ਰੋਮਣੀ ਕਮੇਟੀ ਦੇ ਦਫਤਰ ਸਨ। ਮੈਨੂੰ ਦਫਤਰ ਦੇ ਬਾਹਰ ਬਣੇ ਬਰਾਂਡੇ ਵਿੱਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਮੈਂ ਮਿੱਥੇ ਸਮੇਂ ‘ਤੇ ਅੱਪੜ ਗਿਆ ਸਾਂ।
ਇਹ ਸੰਤ ਭਿੰਡਰਾਂਵਾਲਿਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ। ਅਕਾਲ ਗੈਸਟ ਹਾਊਸ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਜੀ ਤੱਕ ਸੰਤਾਂ ਦੇ ਸੇਵਕ ਰਿਵਾਲਵਰ ਪਾ ਕੇ ਘੁੰਮ ਰਹੇ ਸਨ। ਅੱਗੋਂ ਮੰਜੀ ਸਾਹਿਬ ਵਿਖੇ ਵੀ ਸ਼ਸਤਰਧਾਰੀ ਸਿੰਘ ਹਮੇਸ਼ਾਂ ਬੈਠੇ ਰਹਿੰਦੇ ਸਨ। ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾਂ ਪਹਿਰੇ ਤੇ ਰਹਿੰਦੇ ਸਨ। ਅਕਾਲ ਗੈਸਟ ਹਾਊਸ ਤੇ ਬੱਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ਤੇ ਸੰਤਾਂ ਦੇ ਸੇਵਕ ਸਨ। ਦੋਵੇਂ ਧੜੇ ਇੱਕ ਦੂਜੇ ਨੂੰ ਘੋਰ ਨਫਰਤ ਕਰਦੇ ਸਨ। ਬੱਬਰਾਂ ਦੇ ਸਿਰਫ ਬਾਰਾਂ ਜਣਿਆਂ ਦੀ ਭਰਤੀ ਸੀ ਤੇ ਤੇਰ੍ਹਵਾਂ ਉਨ੍ਹਾਂ ਦਾ ਮੁਖੀ ਜਰਮਨ ਭੱਜ ਗਿਆ ਹੋਇਆ ਸੀ।
ਉਥੇ ਮੈਨੂੰ ਇੰਤਜ਼ਾਰ ਕਰਦਿਆਂ ਸਮਾਂ ਹੋ ਗਿਆ। ਅੱਕ ਕੇ ਮੈਂ ਦਫਤਰੋਂ ਬਾਹਰ ਆ ਕੇ ਗੁਰਦੁਆਰਾ ਬਾਬਾ ਅਟੱਲ ਦੇ ਸਾਹਮਣੇ ਇੱਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਲਈ। ਸਾਹਮਣੇ ਦਿਸਦੇ ਉੱਚੇ ਪੁਰਾਣੇ ਅੰਬਰਸਰੀ ਮਕਾਨਾਂ ਦੀ ਛੱਤ ‘ਤੇ ਸੀ.ਆਰ.ਪੀ. ਦੇ ਮੋਰਚੇ ਬਣੇ ਦਿਸਦੇ ਸਨ। ਸੀ.ਆਰ.ਪੀ. ਦੇ ਜਵਾਨ ਵੀ ਕਦੇ ਕਦੇ ਸਿਰ ਕੱਢਦੇ। ਉਨ੍ਹਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ। ਉਧਰੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਹੋਟਲ ਤੱਕ ਆਉਣ ਦਾ ਹੀ ਹੁਕਮ ਸੀ। ਮੈਂ ਖਾੜਕੂਆਂ ਤੇ ਸੀ.ਆਰ.ਪੀ. ਦੀ ਕਸ਼ਮਕਸ਼ ਬਾਬਤ ਹੀ ਸੋਚਦਾ ਚਾਹ ਪੀ ਰਿਹਾ ਸਾਂ ਕਿ ਮੇਰਾ ਨਾਂ ਲੈ ਕੇ ਕਿਸੇ ਨੇ ਅਵਾਜ਼ ਮਾਰੀ। ਮੈਂ ਪਿੱਛੇ ਪਰਤ ਕੇ ਵੇਖਿਆ ਤਾਂ ਮੇਰਾ ਬੀ.ਏ. ਬੀ.ਐਡ. ਦਾ ਜਮਾਤੀ ”ਜੋਤੀ ਹੁੰਦਲ” ਖੜ੍ਹਾ ਸੀ। ਲੰਮਾ ਕੁੜਤਾ-ਪਜਾਮਾ, ਗੋਲ ਪੱਗ ਤੇ ਗਲ ਵਿੱਚ ਮਾਊਜ਼ਰ ਦੀ ਡੋਰੀ ਪਾਈ ਉਹ ਵੱਖਰਾ ਹੀ ਲੱਗ ਰਿਹਾ ਸੀ। ਪਰ ਮੈਂ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਲਿਆ। ਸਾਲ ਦੋ ਸਾਲ ਪਿੱਛੋਂ ਮਿਲਣ ਕਾਰਨ ਉਸ ਕੋਲ ਦੱਸਣ ਲਈ ਬੜਾ ਕੁਝ ਸੀ।
ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਰਿਹਾ ਹੋਣ ਕਾਰਨ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇ ਵਿੱਚ ਸ਼ਾਮਲ ਹੋ ਗਿਆ ਸੀ। ਸੰਧੂ ਗਰੁੱਪ ਨੇ, ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਦੂਸਰਾ ਧੜਾ ਵੀ ਭਾਵੇਂ ਵਿਦਿਆਰਥੀਆਂ ਦਾ ਸੀ, ਪਰ ਉਹ ਪ੍ਰੋ. ਕੰਦੂਕਾਦਰੇ ਅਧੀਨ ਸੰਤ ਲੌਂਗੋਵਾਲ ਨਾਲ ਸਨ। ਪਰ ਉਨ੍ਹਾਂ ਕੋਲ ਹਥਿਆਰ ਨਾ-ਮਾਤਰ ਸਨ। ਇਧਰ ਹਥਿਆਰ ਵਧੇਰੇ ਸਨ।

ਮੇਰੇ ਨਾਲ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫਤਰ ਤੱਕ ਆਇਆ। ਮੈਂ ਦੱਸਿਆ ਕਿ ਮੈਂ ਤੇ ਪ੍ਰਧਾਨ ਨੂੰ ਮਿਲਣ ਆਇਆ ਸਾਂ। ਸਾਡੇ ਸਕੂਲ ਦੀ ਪ੍ਰਧਾਨ ਦੀ ਕਮੇਟੀ ਨਾਲ ਬੜੀ ਨੇੜਤਾ ਸੀ। ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ”ਕੋਈ ਕੰਮ ਹੈ ਈ ਤੇ ਦੱਸ। ਇੱਥੇ ਸਾਡੇ ਹੁਕਮ ਬਿਨਾਂ ਬੰਦੇ ਮੂਤਣ ਤੱਕ ਨਹੀਂ ਜਾ ਸਕਦੇ।” ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਿਵਾਸ ਲੰਘ ਗਿਆ।
ਜਦੋਂ ਮੈਂ ਦੁਬਾਰਾ ਅੰਦਰ ਗਿਆ ਤਾਂ ਮੈਂ ਵੇਖਿਆ ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵੱਲ ਵੇਖ ਰਿਹਾ ਸੀ। ਮੇਰੇ ਮਨ ਵਿੱਚ ਨਾ ਕੋਈ ਭਾਵ ਤੇ ਨਾ ਕੋਈ ਭੈਅ, ਮੈਂ ਸੁਤੇ ਸਿਧ ਜਾ ਉਹਨੂੰ ਫਤਹਿ ਬੁਲਾਈ। ਉਹਦਾ ਰੌਂ ਪਰ ਕੁਝ ਉੱਖੜਿਆ ਸੀ। ਫਤਹਿ ਦਾ ਜਵਾਬ ਦੇ ਕੇ ਉਸ ਸਿੱਧਾ ਹੀ ਪੁੱਛ ਲਿਆ, ”ਇਹ ਕਿੱਦਾਂ ਜਾਣਦੈ ਤੁਹਾਨੂੰ?”
ਮੈਂ ਅੰਦਰੋਂ ਉਹਦੇ ਰੌਂ ਤੋਂ ਥੋੜ੍ਹਾ ਜਿਹਾ ਘਬਰਾ ਗਿਆ ਸਾਂ। ਪਰ ਮੈਂ ਪੱਕੀ ਅਵਾਜ਼ ਨਾਲ ਦੱਸਿਆ ਕਿ ਮੇਰਾ ਬੀ.ਐਡ. ਦਾ ਜਮਾਤੀ ਹੈ। ਪਹਿਲੇ ਦੋ ਕੁ ਮਿੰਟ ਉਹ ਚੁੱਪ ਰਿਹਾ, ਅੰਤ ਉਸ ਦੁਚਿਤੀ ਛੱਡ ਕੇ ਕਹਿ ਹੀ ਦਿੱਤਾ।
”ਮਾਸਟਰ ਜੀ! ਤੁਸੀਂ ਕਿਹੜੇ ਵੇਲਿਆਂ ਵਿੱਚੋਂ ਲੰਘ ਰਹੇ ਹੋ? ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ? ਅਸੀਂ ਤੇ ਟਕਸਾਲੀ ਅਕਾਲੀ ਹਾਂ। ਏਜੰਸੀਆਂ ਨੂੰ ਸਾਡਾ ਸਭ ਕੁਝ ਪਤੈ। ਪਰ ਤੁਸੀਂ ਤਾਂ ਅਸਲੋਂ ਨਵੇਂ ਸਓ। ਹੁਣ ਤੱਕ ਵੀਹ ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣੈ ਉਹਦੇ ਨਾਲ ਗੱਲਾਂ ਕਰਦਿਆਂ। ਤੇ ਉਹ ਵੀਹ ਦੀਆਂ ਵੀਹ ਅੱਖਾਂ ਹੀ ਜਾਂ ਤੇ ਸੀ.ਆਈ. ਡੀ. ਜਾਂ ਫਿਰ ਪੁਲਿਸ ਦੇ ਸੂਹੀਆ ਕੁੱਤਿਆਂ ਦੀਆਂ ਹੋਣੀਆਂ ਨੇ। ਨਾਲੇ ਜਿਸ ਹੁੰਦਲ-ਹਾਂਦਲ ਜਿਹੇ ਨਾਲ ਤੁਸੀਂ ਬੀ.ਐਡ. ਵੇਲੇ ਦਾ ਦੋਸਤ ਹੋਣ ਦਾ ਦਾਅਵਾ ਕਰ ਰਹੇ ਸਓ, ਉਹਦੇ ਬਾਰੇ ਸੰਤ ਲੌਂਗੋਵਾਲ ਕੋਲ ਏਹੀ ਖਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨੇ ਹੀ ਏਥੇ ਫਿੱਟ ਕੀਤਾ ਹੈ। ਉਤੋਂ ਸਿਆਪਾ ਇਹ ਵੇ ਕਿ ਸੰਤ ਭਿੰਡਰਾਂਵਾਲੇ ਕਦੇ ਵੀ ਲੌਂਗੋਵਾਲ ਜੀ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ।”
ਅਚਾਨਕ ਡਰ ਨਾਲ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ। ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ, ਮਨ ਤਕੜਾ ਹੈ, ਪਰ ਤਨ ਖੋਖਲਾ ਹੈ। ਉਦੋਂ ਤਨ ਤਕੜਾ ਸੀ ਪਰ ਮਨ ਡਰਪੋਕ ਸੀ। ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਦਾ ਸੀ.ਆਈ.ਡੀ. ਦਾ ਹੋਣ ਬਾਰੇ ਸੋਚ ਕੇ ਮੈਂ ਡਰ ਗਿਆ ਸਾਂ ਤੇ ਪ੍ਰਧਾਨ ਸਾਹਮਣੇ ਅਵਾਕ ਖੜ੍ਹਾ ਸਾਂ। ਮੇਰੀ ਮੱਤ ਮਾਰੀ ਗਈ ਸੀ।
”ਹੁਣ ਜਾਓ ਤੁਸੀਂ ਘਰ! ਤੇ ਬਚ ਕੇ ਰਹਿਓ। ਮੈਨੂੰ ਸ਼ੱਕ ਹੈ ਕਿ ਇਹ ਹੁੰਦਲ ਹੀ ਕਿਧਰੇ ਤੁਹਾਡੀਆਂ ਬੇੜੀਆਂ ਵਿੱਚ ਵੱਟੇ ਨਾ ਪਾਏ।” ਪ੍ਰਧਾਨ ਜੀ ਨੇ ਮੈਨੂੰ ਇਹ ਕਹਿ ਕੇ ਤੋਰ ਦਿੱਤਾ ਸੀ।
ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇੱਕ ਇੱਕ ਅੱਖਰ ਸੱਚਾ ਸਾਬਤ ਹੋਏਗਾ। ਤੇ ਇੱਕ ਦਿਨ ਏਹੀ ਹੁੰਦਲ ਤੇ ਏਹੀ ਏਜੰਸੀਆਂ ਦੇ ਸੂਹੀਏ ਕੁੱਤੇ ਮੇਰੇ ਘਰ-ਸੰਸਾਰ ਦਾ ਤੀਲਾ ਤੀਲਾ ਬਖੇਰ ਛੱਡਣਗੇ।

ਉਹੀ ਗੱਲ ਹੋਈ ਸੀ। ਦਸ ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ ‘ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲੋਂ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ ਇੱਕ ਭਾਰਾ ਜਿਹਾ ਸਰਦਾਰ ਮੇਰੇ ਘਰ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੁਰੀਂ ਕੰਮ ਕਾਰਾਂ ਤੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਡਰ ਗਿਆ ਸਾਂ। ਪਰ ਰਸਮੀ ਮੈਂ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵੀ ਪੰਜ-ਸੱਤ ਮਿੰਟ ਬੈਠ ਕੇ ਤੇ ਚਾਹ ਦਾ ਕੱਪ ਪੀ ਕੇ ਟੁਰ ਗਏ ਸਨ। ਜਾਂਦੇ-ਜਾਂਦੇ ਉਹ ਮੈਨੂੰ ਇੱਕ ਬੋਰਾ ਜਿਹਾ ਫੜਾ ਗਏ ਸਨ। ਵੀਹ ਕੁ ਕਿਲੋ ਵਾਲੇ ਇਸ ਬੋਰੇ ਵਿੱਚ ਸਿਰਫ ਤਿੰਨ ਵੱਡੇ ਹਦਵਾਣੇ ਸਨ। ਦਸ ਕੁ ਕਿਲੋ ਦੇ ਹੋਣਗੇ। ਉਹ ਕਹਿਣ ਲੱਗੇ, ”ਸਿੰਘਾਂ ਨੇ ਖਾਣ ਲਈ ਹਦਵਾਣੇ ਮੰਗੇ ਸਨ, ਪਰ ਸਾਡਾ ਪੁਲਿਸ ਪਿੱਛਾ ਕਰ ਰਹੀ ਹੈ, ਏਸ ਲਈ ਅਸੀਂ ਕੱਲ੍ਹ ਜਾਂ ਪਰਸੋਂ ਹਦਵਾਣੇ ਲੈ ਜਾਵਾਂਗੇ।”

ਉਹ ਤੇ ਚਲੇ ਗਏ, ਪਰ ਮੈਂ ਹਦਵਾਣੇ ਰਖਾ ਕੇ ਸੋਚੀਂ ਪਿਆ ਰਿਹਾ ਕਿ ਆਖਰ ਏਸ ਨਿਗੂਣੀ ਦੋ ਕੁ ਰੁਪਏ ਦੀ ਚੀਜ਼ ਨੂੰ ਰੱਖਣ ਲਈ ਉਹ ਮੇਰੇ ਘਰ ਜੋਖਮ ਉਠਾ ਕੇ ਆਏ ਸਨ। ਅਚਾਨਕ ਕੋਈ ਖਿਆਲ ਮੇਰੇ ਮਨ ਵਿੱਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ। ਵਾਰੀ ਵਾਰੀ ਤਿੰਨਾਂ ਅੰਦਰੋਂ ਛਣਕਾਟਾ ਜਿਹਾ ਪਿਆ। ਫਿਰ ਮੈਂ ਧਿਆਨ ਨਾਲ ਵੇਖਿਆ ਉਹ ਤਿੰਨੋਂ ਹੀ ਵਿਚਕਾਰੋਂ ਚੀਰ ਕੇ ਫਿਰ ਜੋੜੇ ਹੋਏ ਸਨ। ਹਿੰਮਤ ਕਰਕੇ ਮੈਂ ਇੱਕ ਖੋਲ੍ਹ ਲਿਆ। ਉਹ ਅੰਦਰੋਂ ਖਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗਜ਼ ਵਿੱਚ ਗੋਲੀਆਂ ਤਹਿ ਕੀਤੀਆਂ ਪਈਆਂ ਸਨ। ਗੋਲੀਆਂ ਥੱਲੇ ਨਿੱਕੇ ਨਿੱਕੇ ਪਿਸਟਲ ਸਨ, ਤਿੰਨੇ ਵਿੱਚੋਂ ਇੱਕੋ ਜਿਹੇ, ਇਕਸਾਰ ਤੇ ਲਿਸ਼ਕਦੇ….।
…………ਮੈਂ ਅੰਤਾਂ ਦਾ ਡਰ ਗਿਆ। ਰਾਤ ਨੀਂਦ ਨਾ ਪਈ। ਮੈਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਦੀ ਧਾੜ ਆਈ, ਹੁਣ ਵੀ ਆਈ। ਰੱਬ ਰੱਬ ਕਰਕੇ ਸਵੇਰ ਹੋਈ। ਸਕੂਲ ਮੇਰਾ ਦਿਲ ਨਾ ਟਿਕੇ। ਰੱਬ ਰੱਬ ਕਰਦਾ ਘਰ ਆਇਆ ਤੇ ਆ ਕੇ ਕਮਰੇ ਵਿੱਚ ਲੇਟ ਗਿਆ। ਮਾਂ ਨੇ ਕੁਝ ਪੁੱਛਿਆ, ਮੈਂ ਕੁਝ ਦੱਸਾਂ? ਸ਼ਾਮ ਹਨੇਰੇ ਪਏ ਭਾਪਾ ਜੀ ਤੇ ਭਰਾ ਵੀ ਆ ਗਏ, ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ। ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੇ ਦੰਦ ਵੀ ਦੁਖਦਾ ਸੀ ਤੇ ਬਾਕੀ ਤਿੰਨੇ ਫਟ ਉਹਦਾ ਕਸ਼ਟ ਬੁੱਝ ਲੈਂਦੇ ਸਨ। ਪਰਿਵਾਰ ਦੇ ਜੀਅ ਮੈਨੂੰ ਹਲਕੀ ਜਿਹੀ ਪੁੱਛ ਪ੍ਰਤੀਤ ਕਰਦੇ ਰਹੇ, ਪਰ ਮੈਂ ਕੋਈ ਲੜ-ਪੱਲਾ ਨਾ ਫੜਾਇਆ, ਦੱਸਦਾ ਵੀ ਕੀ? ਏਨੇ ਨੂੰ ਸਾਢੇ ਕੁ ਅੱਠ ਵਜੇ ਉਸੇ ਭਾਰੇ ਜਿਹੇ ਸਰਦਾਰ ਨੇ ਆ ਸਿਰੀ ਕੱਢੀ। ਦਰਵਾਜ਼ਾ ਖੜਕਾ ਕੇ ਉਸ ਨੇ ਮੈਨੂੰ ਬਾਹਰ ਬੁਲਾ ਲਿਆ ਤੇ ਹਦਵਾਣਿਆਂ ਵਾਲੀ ਬੋਰੀ ਦੇਣ ਲਈ ਕਿਹਾ। ਹਦਵਾਣੇ ਤਾਂ ਮੈਂ ਫੜਾ ਦਿੱਤੇ, ਪਰ ਬੜੀ ਪੱਕੀ ਅਵਾਜ਼ ਵਿੱਚ ਮੈਂ ਕਹਿ ਦਿੱਤਾ, ”ਹੁੰਦਲ ਨੂੰ ਕਹਿਓ, ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿੱਚ ਨਾ ਪਾਵੇ, ਤੇ ਨਾ ਹੀ ਮੇਰੇ ਵੱਲ ਮੁੜ ਕਦੀ ਆਵੇ।” ਉਹ ਭਾਰਾ ਜਿਹਾ ਸਰਦਾਰ ਕੁਝ ਸਕਿੰਟ ਬੜੀ ਅਜੀਬ ਤਰ੍ਹਾਂ ਮੇਰੇ ਵੱਲ ਘੂਰਦਾ ਰਿਹਾ, ਬੋਲਿਆ ਕੁਝ ਨਹੀਂ। ਫੇਰ ਉਹ ਹਦਵਾਣੇ ਲੈ ਕੇ ਚੁੱਪਚਾਪ ਚਲਾ ਗਿਆ।

ਬਸ ਉਹ ਦਿਨ ਤੇ ਆਹ ਦਿਨ। ਮੇਰੇ ਉਪਰ ”ਹੁੰਦਲ ਪ੍ਰਕੋਪ” ਸ਼ੁਰੂ ਹੋ ਗਿਆ। ਬਹੁਤ ਬਾਦ ਵਿੱਚ ਸੰਤਾਂ ਕੋਲ ਰਹਿ ਰਹਿ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੁੰਦਲ ਮੇਰੀਆਂ ਜੜ੍ਹਾਂ ਵਿੱਚ ਬੈਠਾ ਸੀ। ਉਹ ਵੀ ਤਾਂ ਪਤਾ ਲੱਗਾ, ਜਦੋਂ ਏਸੇ ਜੱਸੇ, ਪੀ.ਟੀ. ਤੇ ਵਹਿਸ਼ੀ ਇੰਦਰਜੀਤ ਨੇ ਸੰਤਾਂ ਦੇ ਇਸ਼ਾਰੇ ‘ਤੇ ਏਸ ਪੁਲਸੀਏ ਹੁੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਟੁਕੜੇ ਕਰਕੇ ਬੋਰੀ ਵਿੱਚ ਪਾ ਕੇ ਬਾਗ ਵਾਲੀ ਗਲੀ ਵਿੱਚ ਸੁੱਟੇ ਸਨ। ਉਥੋਂ ਪੁਲਿਸ ਆ ਕੇ ਚੁੱਪ-ਚਾਪ ਉਹ ਟੋਟੇ ਹੋਈ ਲੋਥ ਲੈ ਗਈ ਸੀ।

”ਹੁੰਦਲ ਤੇ ਹਦਵਾਣਿਆਂ ਵਾਲੀ” ਘਟਨਾ ਤੋਂ ਤੀਸਰੇ ਦਿਨ ਹੀ ਪੁਲਿਸ ਨੇ ਮੈਨੂੰ ਸਵੇਰੇ ਰਾਹ ਵਿੱਚੋਂ ਚੁੱਕ ਲਿਆ। ਮੈਂ ਅਜੇ ਘਰੋਂ ਨਿਕਲ ਕੇ ਗਲੀ ਮੁੜਿਆ ਹੀ ਸੀ ਕਿ ਚਿੱਟ ਕੱਪੜੀਏ ਪੰਜ ਸੱਤ ਸਾਹਨਾਂ ਨੇ ਮੈਨੂੰ ਚੁੱਕ ਕੇ ਕੈਂਟਰ ਵਿੱਚ ਸੁੱਟ ਦਿੱਤਾ। ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ੍ਹ ਗਏ। ਮੂੰਹ ਤੇ ਹੱਥ ਮੇਰੇ ਉਨ੍ਹਾਂ ਬੰਨ੍ਹ ਦਿੱਤੇ। ਦਸਾਂ ਮਿੰਟਾਂ ਬਾਅਦ ਹੀ ਅਸੀਂ ਅੰਮ੍ਰਿਤਸਰ ਦੇ ਬਦਨਾਮ ਸੀ.ਆਈ.ਏ. ਸਟਾਫ ਦੇ ਕਮਰਿਆਂ ਵਿੱਚ ਸਾਂ। ਮੇਰੀ ਤਫਤੀਸ਼ ਦਾ ਜਿੰਮਾ ਐੱਸ.ਪੀ. (ਡੀ.) ਰੰਧਾਵੇ ਕੋਲ ਸੀ। ਉਹਨੇ ਤੇ ਉਹਦੇ ਸਾਹਨਾਂ ਨੇ ਜਾਂਦਿਆਂ ਮੇਰੀਆਂ ਲੱਤਾਂ ਪਾੜ ਦਿੱਤੀਆਂ। ਦਰਦ ਨਾਲ ਮੇਰਾ ਸਿਰ ਚਕਰਾ ਗਿਆ, ਪਰ ਮੈਂ ਕਸੀਸ ਵੱਟ ਕੇ ਪੀ ਗਿਆ।
”ਤੂੰ ਆਪ ਹੀ ਸਾਰਾ ਕੁਝ ਦੱਸ ਦੇਹ, ਨਹੀਂ ਤੇ ਮਾਲ ਮੰਡੀ ਭੇਜ ਦਊਂਗਾ ਮੈਂ ਤੈਨੂੰ!” ਰੰਧਾਵੇ ਨੇ ਦਾਬਾ ਮਾਰਿਆ।
”ਮੈਂ ਕਦੋਂ ਨਾਬਰ ਆਂ? ਤੁਸੀਂ ਜੋ ਪੁੱਛਣੈ, ਪੁੱਛੋ?” ਮੇਰੀ ਅਵਾਜ਼ ਦਰਦ ਭਰੀ ਸੀ।
”ਦੱਸ ਫੇਰ, ਇਹ ਹਦਵਾਣਿਆਂ ਵਾਲਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ?” ਰੰਧਾਵੇ ਨੇ ਪੈਂਦੀ ਸੱਟੇ ਕਿਹਾ।
ਮੈਂ ਸਮਝ ਗਿਆ ਸਾਂ ਕਿ ਇਹਨਾਂ ਨੂੰ ਜੋਤੀ ਹੁੰਦਲ ਦੇ ਹਦਵਾਣਿਆਂ ਵਾਲੀ ਗੱਲ ਦਾ ਪਤਾ ਹੈ। ਮੈਂ ਕਿਹੜਾ ਦੋਸ਼ੀ ਸਾਂ, ਏਸ ਲਈ ਅੱਖਰ-ਅੱਖਰ ਸਾਰੀ ਗੱਲ ਸੱਚ ਦੱਸ ਦਿੱਤੀ। ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਥਾਂ ਸਗੋਂ ਹੋਰ ਗਾਲ੍ਹਾਂ ਕੱਢਣ ਲੱਗ ਪਿਆ।
”ਮਾਂ ਚੋ……ਅਜੇ ਬੜਾ ਕੁਝ ਹੋਰ ਹੈਗੈ ਤੇਰੇ ਢਿੱਡ ਵਿੱਚ। ਤੂੰ ਏਦਾਂ ਨਹੀਂ ਦੱਸਣਾ। ਤੈਨੂੰ ਮਾਲ ਮੰਡੀ ਵਿਖਾਉਣੀ ਹੀ ਪਊ।”
”ਤੂੰ ਐੱਸ.ਪੀ. ਐਂ ਕਿ……ਦਾ ਸਿਰਾ ਏਂ? ਤੈਨੂੰ ਕਹਿਨੇ ਤਪਤੀਸ਼ੀਆ ਬਣਾ ਤਾ? ਜੇ ਤੈਨੂੰ ਹੁੰਦਲ ਦਾ ਤੇ ਹਦਵਾਣਿਆਂ ਦਾ ਸਾਰਾ ਹਾਲ ਪਤੈ, ਤਾਂ ਤੈਨੂੰ ਤੇਰੇ ਸੂਹੀਆਂ ਭੈਣ ਚੋ……ਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ-ਬਿੱਲੇ ਦੇ ਡੰਡਾ ਨਹੀਂ ਮਾਰਿਆ। ਸਿਵਾਇ ਮਾਸਟਰੀ ਦੇ ਮੈਂ ਹੋਰ ਕੀ ਕੀਤੈ?” ਗੁੱਸੇ ਵਿੱਚ ਮੈਥੋਂ ਕਿਹਾ ਗਿਆ। ਅਸਲ ਗੱਲ ਇਹ ਸੀ ਕਿ ਨੰਗੀਆਂ ਗਾਲ੍ਹਾਂ ਮੈਥੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ।

ਮੇਰੀ ਏਨੀ ਸਪੱਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ ਕੁੱਟਣ ਲੱਗ ਪਏ। ਇੱਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜ ਦਿੱਤੀ। ਮੈਂ ਦਰਦ ਨਾਲ ਲੁਹਰੀਆਂ ਲੈਂਦਾ ਡਿੱਗ ਪਿਆ। ਫੇਰ ਉਹ ਮੇਰੇ ਪੈਰਾਂ ਤੇ ਪੁੱਠੇ ਪਾਸੇ ਡਾਂਗਾਂ ਮਾਰਨ ਲੱਗ ਪਏ। ਮੈਂ ਗਾਲ੍ਹਾਂ ਕੱਢਣ ਲੱਗ ਪਿਆ, ਪਰ ਅੱਧ ਕੁ ਮਿੰਟ ਪਿੱਛੋਂ ਮੇਰੀ ਸੁਰਤ ਜਵਾਬ ਦੇ ਗਈ। ਜਦੋਂ ਹੋਸ਼ ਆਈ ਮੈਂ ਉਥੇ ਹੀ ਲੰਮਾ ਪਿਆ ਹੋਇਆ ਸਾਂ।
ਸਾਮ ਤੱਕ ਮੇਰੇ ਸਾਥੀ, ਸ਼ੁੱਭਚਿੰਤਕ ਅੱਪੜ ਗਏ ਸਨ। ਮੁਹੱਲੇ ਦੇ ਮੁਹਤਬਰ ਵੀ ਨਾਲ ਸਨ। ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵੱਖਰਾ ਕਰਕੇ ਕਿਹਾ, ”ਲੈ ਜਾਓ, ਪਰ ਅਸੀਂ ਇਸ ਤੋਂ ਅਜੇ ਬਹੁਤ ਕੁਝ ਕਢਾਉਣਾ ਏ।”
ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਵਾਣ ਤੇ ਘਰ ਪਹੁੰਚਾਉਣ ਤੱਕ ਹਰ ਕਦਮ ਤੇ ਮੇਰਾ ਸਾਥ ਦਿੱਤਾ। ਜਾਣ ਲੱਗੇ ਨੇ ਨਿੱਜੀ ਤੌਰ ਤੇ ਮੈਨੂੰ ਪੈਸੇ ਵੀ ਦਿੱਤੇ। ਮੇਰੀ ਮਾਂ ਤੇ ਮੇਰੇ ਸ਼ਰੀਫ ਪਿਓ ਨੂੰ ਹੌਸਲਾ ਵੀ ਦਿੱਤਾ। ਨਿੱਕੇ ਭਰਾ ਨੂੰ ਵੀ ਢਾਰਸ ਬੰਨ੍ਹਾਈ। ਪਰ ਜਾਣ ਲੱਗਿਆਂ ਮੈਨੂੰ ਇਕੱਲਾ ਕਰਕੇ ਕਿਹਾ, ”ਅੱਗੇ ਕੀ ਸੋਚਿਆ ਈ?”
”ਮੈਨੂੰ ਮਾਰ ਦਾ ਦੁੱਖ ਨਹੀਂ, ਭਾਵੇਂ ਮੇਰੀ ਲੱਤ ਫੇਰ ਤੋੜ ਲੈਣ। ਦੁੱਖ ਮੈਨੂੰ ਕਿਸੇ ਬੇਦੋਸ਼ੇ ਦੀ ਕੁਟੀਣ ਦਾ ਹੈ।” ਮੇਰੀਆਂ ਅੱਖਾਂ ਭਰ ਆਈਆਂ ਸਨ।
”ਕਾਕਾ! ਵਿਚਲੀ ਗੱਲ ਤੇ ਇਹ ਈ ਕਿ ਸਰਕਾਰੀ ਤੰਤਰ ਹੀ ਗੁਪਤ ਅਪਰੇਸ਼ਨ ਚਲਾ ਰਿਹੈ ਕਿ ਨੌਜੁਆਨੀ ਨੂੰ ਖਾੜਕੂ ਬਣਨ ਲਈ ਪਰੇਰੋ। ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਏ। ਤੇ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਏ, ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗਾ ਪਿੱਛਾ ਕਰ ਜਾ, ਨਹੀਂ ਤਾਂ ਤੈਨੂੰ ਅੰਬਰਸਰ ਦੀ ਪੁਲਿਸ ਨੇ ਟਿਕਣ ਨਹੀਂ ਦੇਣਾ। ਅੰਬਰਸਰ, ਗੁਰਦਾਸਪੁਰ ਦਾ ਮੁੰਡਾ ਇਸ ਚੱਕਰ ਵਿੱਚ ਲਿਆਉਣ ਲਈ ਤੇ ਮਾਰ ਸਾਰੀ ਪੁਲਿਸ, ਸਾਰੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਤੂੰ ਜੇ ਇਥੇ ਹੀ ਰਹਿਓਂ ਤੇ ਮੇਰੀ ਜਾਚੇ ਲੰਮਾ ਸਮਾਂ ਨਹੀਂ…..। ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰ ਲੈ…….।” ਪ੍ਰਧਾਨ ਨੇ ਇਸ਼ਾਰੇ ਨਾਲ ਗੱਲ ਨਿਬੇੜ ਦਿੱਤੀ।

ਪ੍ਰਧਾਨ ਤੇ ਟੁਰ ਗਿਆ ਸੀ, ਪਰ ਅਸੀਂ ਕਿੱਥੇ ਜਾਂਦੇ? ਕੁਝ ਸੁੱਝਦਾ ਨਹੀਂ ਸੀ। ਥੋੜ੍ਹੀ ਦੇਰ ਮਗਰੋਂ ਮੈਂ ਰਿਕਸ਼ੇ ‘ਤੇ ਆਉਣ-ਜਾਣ ਲੱਗ ਪਿਆ। ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ। ਪਰ ਇੱਕ ਪਰਛਾਵਾਂ ਜਿਹਾ ਰਹਿ ਗਿਆ ਸੀ।

ਅਚਾਨਕ ਇੱਕ ਦਿਨ ਅੰਮ੍ਰਿਤਸਰ ਦੇ ਸ਼ਿਵਾਲੇ ਮੰਦਰ ਬੰਬ ਫਟ ਗਿਆ। ਮੈਂ ਸਕੂਲ ਹੀ ਸਾਂ, ਪ੍ਰਧਾਨ ਹੁਰੀਂ ਅਚਨਚੇਤ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰ ਨਾ ਰਹੀਂ। ਉਨ੍ਹਾਂ ਦਾ ਕਿਹਾ ਮੇਰੇ ਲਈ ਹੁਕਮ ਸੀ। ਉਸ ਰਾਤ ਮੈਂ ਆਪਣੇ ਸਾਥੀ ਮਾਸਟਰ ਨਾਲ ਉਸ ਦੇ ਪਿੰਡ ‘ਚੱਬੇ’ ਨੂੰ ਚਲਾ ਗਿਆ। ਘਰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਆਵਾਂਗਾ। ਉਦੋਂ ਕੀ ਪਤਾ ਸੀ?
ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਾ ਕਿ ਮਾਂ ਨੂੰ ਪੁਲਿਸ ਲੈ ਗਈ ਸੀ। ਘਰ ਨਾ ਉਦੋਂ ਭਾਪੇ ਹੋਰੀਂ ਸਨ ਤੇ ਨਾ ਛੋਟਾ ਭਰਾ। ਦੋਵੇਂ ਕੰਮ ‘ਤੇ ਸਨ। ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗਵਾਂਢੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਰੋਂਦੀ ਕੁਰਲਾਉਂਦੀ ਨੂੰ ਚਿੱਟ ਕੱਪੜੀਏ ਪੁਲਸੀਏ ਲੈ ਗਏ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹੜੇ ਜ਼ਿਲ੍ਹੇ ਦੀ ਪੁਲਿਸ ਸੀ।
ਘਾਬਰੇ ਹੋਏ ਅਸੀਂ ਤਿੰਨੇ ਪਿਓ ਪੁੱਤਰ ਐੱਸ.ਐੱਸ.ਪੀ. ‘ਮੀਨਾ’ ਕੋਲ ਪੇਸ਼ ਹੋ ਗਏ। ਉਹਨੇ ਫੇਰ ਸਾਨੂੰ ਰੰਧਾਵੇ ਕੋਲ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉਥੇ ਹੀ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਵਿੱਚ ਬਿਠਾ ਦਿੱਤਾ। ਅਸੀਂ ਤਿੰਨੇ ਰਾਤ ਭਰ ਉਥੇ ਬੈਠੇ ਰਹੇ। ਨਾ ਸਾਡੇ ਕੋਲ ਮੰਜਾ, ਬਿਸਤਰਾ, ਨਾ ਢਿੱਡ ਵਿੱਚ ਅੰਨ ਨਾ ਦਾਣਾ! ਨਾ ਹੀ ਕਿਸੇ ਨੇ ਸਾਨੂੰ ਰੋਟੀ, ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ। ਸਾਡੇ ਨਾਲ ਹੋਰ ਵੀ ਕਿੰਨੇ ਹੀ ਘਸਮੈਲੇ ਤੇ ਦੁੱਖਾਂ ਦੇ ਮਾਰੇ ਜਾਪਦੇ ਪੇਂਡੂ ਚਿਹਰੇ ਬੈਠੇ ਸਨ। ਸਭ ਖਾਮੋਸ਼ ਸਨ।

ਸਵੇਰੇ ਪੰਜ ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ ਡੀ.ਆਈ.ਜੀ. ਸ਼ੁਕਲਾ ਆ ਗਏ। ਸ਼ੁਕਲਾ ਨੂੰ ਵੀ ਮੈਂ ਪਿਛਲੀ ਗ੍ਰਿਫਤਾਰੀ ਵੇਲੇ ਦਾ ਪਛਾਣਦਾ ਸਾਂ।
ਉਨ੍ਹਾਂ ਦੇ ਆਉਂਦਿਆਂ ਹੀ ਸਾਨੂੰ ਫਾਲਨ ਕਰ ਲਿਆ ਗਿਆ ਤੇ ਅੰਦਰ ਤਫਤੀਸ਼ੀ ਕਮਰਿਆਂ ਵਿੱਚ ਧੱਕ ਦਿੱਤਾ। ਅੱਗੇ ਸ਼ੁਕਲਾ ਤੇ ਰੰਧਾਵਾ ਕੁਰਸੀਆਂ ‘ਤੇ ਬੈਠੇ ਸਨ ਤੇ ਉਨ੍ਹਾਂ ਦੇ ਬੁੱਚੜ ਸਿਪਾਹੀ ਕੋਲ ਤਿਆਰ-ਬਰ-ਤਿਆਰ ਖੜ੍ਹੇ ਸਨ। ਨਵੇਂ ਬੰਦੇ ਦਾ ਸਾਹ ਸੁਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਵਾਹ ਸੀ।
”ਜਨਾਬ, ਇਨ੍ਹਾਂ ਦਾ ਕੀ ਕਰਨੈ?” ਇੰਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ।
”ਸਫਾਰਸ਼ ਤੁਹਾਡੀ ਭੈਣ ਚੋ……., ਪਹਿਲਾਂ ਅੱਪੜ ਜਾਂਦੀ ਏ! ਕੀ ਕਹੀਏ ਹੁਣ ਤੁਹਾਨੂੰ?” ਰੰਧਾਵਾ ਕਹਿਣ ਲੱਗਾ।
”ਇਹੀ ਨੇ ਪ੍ਰਧਾਨ ਮਨਚੰਦੇ ਦੇ ਬੰਦੇ?” ਸ਼ੁਕਲਾ, ਰੰਧਾਵੇ ਨੂੰ ਪੁੱਛਣ ਲੱਗਾ।
”ਜੀ ਜਨਾਬ! ਮਨਚੰਦੇ ਦੇ ਈ ਬੰਦੇ ਐ! ਉਹੀ ਲੌਂਗੋਵਾਲ ਗਰੁੱਪ ਵਾਲਾ…….।” ਰੰਧਾਵੇ ਨੇ ਕਿਹਾ।
”ਭੇਜੋ ਭੈਣ ਚੋ…..ਨੂੰ!” ਸ਼ੁਕਲਾ ਨੇ ਕਿਹਾ। ਫੇਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਵਲੇਲ ਆਈ ਕਿ ਬਿਨਾ ਕਾਰਣ ਦੰਦੀਆਂ ਕਰੀਚਦਾ ਉੱਠਿਆ ਤੇ ਮੇਰੇ ਪਿਓ ਦੀ ਦਾੜ੍ਹੀ ਫੜ੍ਹ ਕੇ ਖਿੱਚਣ ਲੱਗ ਪਿਆ। ਨਾਲ ਨਾਲ ਪਾਗਲਾਂ ਵਾਂਗ ਕਹੀ ਜਾਏ, ”ਕੁੱਤਿਆ! ਮੁੰਡਿਆਂ ਆਪਣਿਆਂ ਨੂੰ ਬੰਨ੍ਹ ਕੇ ਰੱਖ।”
ਉਹਦੀ ਦੇਖਾ-ਦੇਖੀ ਰੰਧਾਵੇ ਨੇ ਵੀ ਦੋ ਤਿੰਨ ਠੁੱਡੇ ਸਾਡੇ ਦੋਹਾਂ ਦੇ ਬੈਠਿਆਂ ਕੱਢ ਮਾਰੇ। ਕੁਝ ਦੇਰ ਤੇ ਮੈਂ ਬਰਦਾਸ਼ਤ ਕੀਤਾ। ਫੇਰ ਮੇਰੇ ਹੱਥ ਲੋਹੇ ਦੀ ਬਾਲਟੀ ਆ ਗਈ, ਜਿਹੜੀ ਸ਼ਾਇਦ ਫਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ ਹੋਈ ਸੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਪਿੱਠ ‘ਤੇ ਮਾਰੀ। ਨਿੱਕਾ ਭਰਾ ਮੇਰੀ ਹੱਲਾਸ਼ੇਰੀ ਨਾਲ ਪਿਓ ਨੂੰ ਕੁੱਟਦੇ ਸ਼ੁਕਲੇ ਨੂੰ ਹੱਥੀਂ ਪੈ ਗਿਆ। ਬੱਸ ਫੇਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਨ੍ਹਾਂ ਸਾਨੂੰ ਡਾਂਗਾਂ, ਠੁੱਡਿਆਂ ਤੇ ਪਟਿਆਂ ਨਾਲ ਕੁੱਟਿਆ। ਜਾਂਦਾ-ਜਾਂਦਾ ਸ਼ੁਕਲਾ ਕਹਿ ਗਿਆ, ”ਹੋਸ਼ ਆਉਣ ‘ਤੇ ਮਾਂ ਚੋ….ਨੂੰ ਬਾਹਰ ਸੁੱਟ ਆਇਆ ਜੇ! ਤੇ ਨਾਲੇ..ਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਓਗੇ।”

ਉਹ ਦਿਨ ਤੇ ਆਹ ਦਿਨ!
ਭਾਪਾ ਜੀ ਤੇ ਪੂਰੇ ਹੋ ਗਏ ਨੇ। ਅੱਜ ਤੇ ਉਨ੍ਹਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿੱਚ ਧੁੰਦਲਾ ਜਿਹਾ ਗਿਆ ਹੈ। ਭਰਾ ਨੂੰ ਆਖਰੀ ਵਾਰ ਸ਼ਿੰਟੀ ਖਰਾਦੀਏ ਨੇ ਨਾਨਕਮੱਤੇ ਯੂ.ਪੀ. ਦੋ ਕੁ ਸਾਲ ਹੋਏ, ਵੇਖਿਆ ਸੀ। ਉਹ ਉਥੇ ਹੀ ਕਿਸੇ ਪਿੰਡ ਵਿੱਚ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ ਵਸ ਗਿਆ ਸੀ।
ਤੇ ਮਾਂ! ਮਾਂ ਦਾ ਚਿਹਰਾ ਏਨ੍ਹਾਂ ਦਸਾਂ ਸਾਲਾਂ ਵਿੱਚ ਵੀ ਧੁੰਦਲਾ ਨਹੀਂ ਪਿਆ।
ਪਰ ਮਾਂ ਨੂੰ ਫੇਰ ਮੈਂ ਕਦੀ ਨਹੀਂ ਮਿਲ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਤੇ ਕਿਤੇ ਪੰਜ-ਤੱਤਾਂ ਵਿੱਚ ਲੀਨ ਹੋ ਚੁੱਕੀ ਸੀ।

ਕੈਂਟਰ ਦੇ ਇੰਜਣ ਦੀ ਘੁਰ-ਘੁਰ ਨੇ ਮੇਰੀ ਬਿਰਤੀ ਤੋੜ ਦਿੱਤੀ। ਸਾਲਾਂ ਪਿੱਛੇ ਗਿਆ ਮੈਂ ਵਾਪਸ ਪਰਤ ਆਇਆ ਸਾਂ। ਜੱਸੇ ਮਾਰੂਤੀ ਵਾਲਾ ਕੈਂਟਰ ਆ ਗਿਆ ਸੀ। ਮੈਂ ਫੱਟ ਟਨਸ਼ਨ ਹੋ ਕੇ ਖੜ੍ਹਾ ਹੋ ਗਿਆ। ਏਨੇ ਨੂੰ ਅਜੈਬਾ ਤੇ ਸ਼ਰਮਾ ਵੀ ਬਾਹਰ ਨਿਕਲਦੇ ਮੈਂ ਵੇਖ ਲਏ ਸਨ। ਮੇਰੇ ਕੋਲੋਂ ਲੰਘਦੇ ਹੋਏ ਉਹ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਵਧ ਗਏ ਸਨ। ਉਨ੍ਹਾਂ ਦੀ ਨਜ਼ਰ ਵਿੱਚ ਕੀ ਮੈਂ ਤੇ ਕੀ ਕੋਈ ਹੋਰ ਆਦਮ-ਜਾਇਆ ਸਭ ਕੀੜੇ ਹੀ ਸਨ। ਏਨਾ ਚਿਰ ਏਹਨਾਂ ਬੁੱਚੜਾਂ ਵਿੱਚ ਰਹਿ ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਨ੍ਹਾਂ ਦੇ ਦਿਲ ਦਿਮਾਗ ਵਿੱਚ ਭਾਵਨਾਵਾਂ ਵਾਲੀ ਥਾਂ ਸ਼ਾਇਦ ਜੰਗਾਲਿਆ ਲੋਹਾ ਭਰ ਦਿੱਤਾ ਹੈ। ਮੈਂ ਅਬੋਲ ਖੜ੍ਹਾ ਰਿਹਾ ਸਾਂ। ਚੰਨਾ, ਫਕੀਰੀਆ ਤੇ ਸ਼ਿੰਦਾ ‘ਸ਼ਪਾਹੀ’ ਵੀ ਕੈਂਟਰ ਕੋਲ ਜਾ ਖੜ੍ਹੇ ਸਨ।
”ਓਏ ਤੂੰ? ਕੀ ਨਾਂ ਤੇਰਾ? ਏਧਰ ਆ ਜਾ ਭੈਣ ਦੇਣਿਆ। ਮੁੰਡਿਆਂ ਨਾਲ ਲੱਗ ਜਾਹ ਤੇ ਏਸ ਮੁਰਦਾਰ ਨੂੰ ਪਰ੍ਹਾਂ ਆਪਣੇ ਆਲ੍ਹੀ ਕੋਠੜੀ ‘ਚ ਲੈ ਜਾਹ! ਕੱਲ੍ਹ ਨੂੰ ਕਰਾਂਗੇ ਇਹਦਾ ਕੰਮ …..।” ਅਜੈਬੇ ਨੂੰ ਮੈਂ ਹੁਣ ਦਿਖ ਪਿਆ ਸਾਂ।
ਆਪਣੇ ਚਿਹਰੇ ਉਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਧੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ ਤੀਰ ਵਾਂਗ ਗਿਆ ਤੇ ਲਾਸ਼ ਜਿਹੀ ਨੂੰ, ਜੀਹਨੂੰ ਅਸੀਂ ਕਦੀ ‘ਜੱਸਾ ਮਰੂਤੀ’ ਕਿਹਾ ਕਰਦੇ ਸਾਂ, ਪੁਲਸੀਆਂ ਨਾਲ ਹੱਥ ਪਵਾ ਕੇ ਕੈਂਟਰ ਵਿੱਚੋਂ ਲਾਹੁਣ ਲੱਗ ਪਿਆ ਸਾਂ।

ਪਰ ਜੱਸਾ ਮਾਰੂਤੀ! ਜੱਸਾ ਕਿੱਥੇ ਸੀ? ਇਹ ਤੇ ਕੋਈ ਲੋਥ ਜਿਹੀ ਸੀ। ਮੈਂ ਆਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿੱਚ ਵੇਖ ਕੇ ਝੂਰਦਾ ਸਾਂ, ਪਰ ਜੱਸੇ ਨੂੰ ਵੇਖ ਕੇ ਮੈਂ ਬਸ ਝੂਣਿਆ ਗਿਆ ਸਾਂ। ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ, ਬੰਦ ਸੀ, ਤੇ ਅੱਖ ਦੇ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਪਿਆ ਸੀ। ਐਨ ਜਿਵੇਂ ਮਤੀਰਾ ਪੂਰਾ ਤਿਆਰ ਹੋਵੇ ਤੇ ਕਿਸੇ ਨੇ ਫੇਹ ਦਿੱਤਾ ਹੋਵੇ। ਕੱਪੜਿਆਂ ‘ਤੇ ਪੈਰਾਂ ‘ਤੇ ਖੂਨ ਦੇ ਨਿਸ਼ਾਨ। ਤੇ ਉਹਨੂੰ ਹੱਥ ਪਵਾਂਦਿਆਂ ਮੇਰਾ ਧਿਆਨ ਜੱਸੇ ਦੀਆਂ ਬਾਹਵਾਂ ਵੱਲ ਚਲਾ ਗਿਆ ਸੀ।
”ਹੱਥ ਕਿੱਥੇ ਸੱਜਾ ਇਹਦਾ?” ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸਾਂ। ਤੇ ਹੱਥ ਦੀ ਥਾਂ ਇੱਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰਾ ਮੁੰਹ ਚਿੜਾ ਰਿਹਾ ਸੀ।
”ਇਹਨੂੰ ਮਾਸਟਰ ਆਲੇ ਕਮਰੇ ‘ਚ ਪਾ ਦਿਓ। ਕਿਉਂ ਓਏ ਕੰਬਲ ਹੈਗੇ ਈ ਨਾ ਲੋੜ ਜੋਗੇ?” ਸ਼ਰਮੇ ਨੇ ਕਿਹਾ।
”ਹਾਂ ਜੀ, ਹਾਂ ਜੀ!” ਮੈਂ ਮਸ਼ੀਨ ਵਾਂਗ ਜਵਾਬ ਦਿੱਤਾ।
ਸਣੇ ਤਿੰਨ ਸਿਪਾਹੀਆਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿੱਚ ਜਾ ਲਿਟਾਇਆ। ਏਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ। ਵਿੱਚ ਵਿੱਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਲਿਟਾ ਕੇ ਚਲੇ ਗਏ। ਮੈਂ ਉਹਦੇ ਕੋਲ ਹੀ ਜ਼ਮੀਨ ਤੇ ਬਹਿ ਗਿਆ। ਮੇਰੇ ਭੌਂ-ਬਿਸਤਰੇ ਉਪਰ ਉਹ ਲੇਟਿਆ ਹੋਇਆ ਸੀ। ਕੁਝ ਦੇਰ ਮੈਂ ਬੈਠਾ ਰਿਹਾ। ਫੇਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਹੈ। ਉਹ ਮੈਨੂੰ ਪਛਾਣ ਗਿਆ ਸੀ ਤੇ ਕੁਝ ਕਹਿਣਾ ਲੋਚਦਾ ਸੀ।

”ਮੈਂ ਆਂ ਜੱਸਿਆ ਮਾਸਟਰ! ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ ਪਛਾਣਿਆ?” ਮੈਂ ਗੱਲਬਾਤ ਤੋਰਨ ਲਈ ਕਿਹਾ। ”ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਛਿੰਦੇ ਸ਼ਿਪਾਹੀ ਕੋਲੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀ ਖਣੀ ਇੱਕ ਕਿ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐੱਸ.ਪੀ. ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸ਼ਟਰ ਕੋਲ ਲੰਘਾ ਦਿਆ ਜੇ! ਬੜੀ ਮੁਸ਼ਕਿਲ ਉਹਦੇ ਮਨ ਮਿਹਰ ਪਈ ਏ। ਮਨ ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖਾਤਰ ਜੀਤ ਸਪਰਿੰਗਾਂ ਆਲੇ ਦੇ ਚੁਬਾਰੇ ਦੀ ਦੱਸ ਪਾਈ ਏ। ਉਥੇ ਮੇਰਾ ਨਕਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ਤੇ ਜਿੰਦਰਾ ਮੇਰਾ ਈ ਏ, ਭਾਅ ਵੱਡਿਆ। ਦੋ ਲੱਖ ਦੀ ਪਈ ਏ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ।” ਜੱਸਾ ਬੜੀ ਚੜਦੀ ਕਲਾ ਵਾਲੀ ਅਵਾਜ਼ ਵਿੱਚ ਬੋਲ ਰਿਹਾ ਸੀ। ਪਹਿਲੇ ਮੈਨੂੰ ਯਕੀਨ ਨਾ ਆਵੇ ਕਿ ਏਨੇ ਹਿੱਲੇ ਅੰਜਰ-ਪੰਜਰ ਨਾਲ ਵੀ ਕੋਈ ਏਨੀ ਬੁਲੰਦ ਅਵਾਜ਼ ਵਿੱਚ ਬੋਲ ਸਕਦੈ? ਫੇਰ ਆਪੇ ਹੀ ਮੈਨੂੰ ਬਘੇਲੇ ਦਾ ਚੇਤਾ ਆ ਗਿਆ। ਬਘੇਲੇ ਦਾ ਅੰਗ-ਅੰਗ ਗਿੱਲ ਨੇ ਕੋਲ ਖੜੋ ਕੇ ਤੁੜਵਾਇਆ ਸੀ, ਪਰ ਮੌਤ ਦੀ ਆਖਰੀ ਘੜੀ ਤੱਕ ਉਹਦੀ ਅਵਾਜ਼ ਦਾ ਗੜਕਾ ਕਾਇਮ ਰਿਹਾ।

***

”ਭਾਅ! ਤੂੰ ਇਹ ਕੀ ਹਾਲਤ ਕਰਵਾ ਲਈ ਊ? ਚੰਗਾ ਭਲਾ ਟਿਕਾਣੇ ਤੇ ਸੈਂ! ਸਬ ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਵਿੱਚ। ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਏਥੇ ਵਖੌਣ ਦੀ? ਅੱਗੇ ਤੂੰ ਚੁਰਾਸੀ ਵਿੱਚ ਤੇ ਚੁਰਾਸੀ ਤੋਂ ਮਗਰੋਂ ਥੋੜਾ ਵਖਾਲਿਐ ਆਪਣਾ ਪਾਗਲਪਣ? ਹੋਰ ਕੀ ਕਸਰ ਸੀ ਭਲਾ…..?” ਮੈਂ ਦੁਖੀ ਮਨ ਨਾਲ ਏਨਾ ਹੀ ਕਹਿ ਸਕਿਆ।
”ਵੱਡਿਆ!” ਲੰਮੀ ਚੁੱਪ ਦੇ ਮਗਰੋਂ ਉਹ ਬੋਲਿਆ।
”ਹੂੰ?” ਮੈਂ ਪ੍ਰਸ਼ਨ ਚਿੰਨ ਬਣਿਆ ਬੈਠਾ ਸਾਂ।
”ਏਹ ਲੰਮੀ ਰਾਮ ਕਹਾਣੀ ਊ। ਜੇ ਕਿਤੇ ਕੁਦਰਤ ਨੇ ਇੱਕ ਅੱਧੀ ਰਾਤ ਉਮਰ ਲਮਕਾਈ ਏ, ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ। ਪਰ ਮੈਂ ਤੈਨੂੰ ਇੱਕ ਕੰਮ ਕਹਿਣਾ ਈ, ਤੇ ਨਾਂਹ ਨਾ ਕਰੀਂ। ਮੈਂ ਏਸੇ ਕੰਮ ਲਈ ਤੇਰੇ ਕੋਲ ਆਇਆਂ। ਰੁਪਈਆ ਦੋ ਲੱਖ ਕੀ, ਮੈਂ ਹੋਰ ਵੀ ਸਾਰਾ ਕੁਛ ਦੇ ਦੇਣਾ ਸੀ ਸ਼ਰਮੇ ਨੂੰ। ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਛ ਦੇ ਜਾਊਂ ਪਰ ਮੇਰੀ ਹਾਅ ਬੇਨਤੀ ਮੰਨ ਲਈਂ, ਜਿਹੜੀ ਮੈਂ ਕਰਾਂਗਾ।” ਉਹ ਜਿਵੇਂ ਬੁਝਾਰਤ ਬਣਿਆ ਖੜਾ ਸੀ।
”ਪੈਹੇ ਮੈਂ ਢੂਹੇ ‘ਚ ਲੈਣੇ ਆ ਜੱਸਿਆ। ਤੂੰ ਦੱਸ ਭਾਅ! ਮੈਂ ਅੱਗ ਲੌਣੀ ਆ ਨੋਟਾਂ ਨੂੰ। ਕਾਗਜ਼ਾਂ ‘ਚ ਮੈਂ ਮੋਇਆ ਪਿਆਂ। ਬਾਹਰ ਵੀ ਨਾ ਮੇਰੀ ਰੰਨ, ਨਾ ਕੰਨ, ਨਾ ਮਾਂ-ਨਾ ਪਿਓ। ਭਰਾ ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਵੀ ਮੋਇਆਂ ਬਰਾਬਰ। ਤੂੰ ਆਪਣੀ ਦੱਸ!” ਮੈਂ ਜਿਵੇਂ ਜ਼ਿੰਦਗੀ ਦੇ ਅਕੇਵੇਂ ‘ਚੋਂ ਬੋਲ ਪਿਆ।
”ਹਾਂ! ਇਹ ਤੇ ਵੱਡਿਆ, ਤੂੰ ਠੀਕ ਆਂਹਨਾ ਇਆ, ਹਾਅ ਹਾਂ!” ਉਹ ਜਿਵੇਂ ਲੰਮੀ ਪੀੜ ਭਰੀ ਅਵਾਜ਼ ਵਿੱਚ ਬੋਲਿਆ।
ਫੇਰ ਸਾਡੇ ਦੋਹਾਂ ਵਿੱਚ ਲੰਮੀ ਚੁੱਪ ਛਾ ਗਈ। ਅਸੀਂ ਦੋਵੇਂ ਹੀ ਸੋਚੀਂ ਪੈ ਗਏ ਸਾਂ।

***

ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ, ਅਸੀਂ ਇਸੇ ਸ਼ਸ਼ੋਪੰਜ ਵਿੱਚ ਪਏ ਤਿੰਨੇ ਰੁਲ ਗਏ ਸਾਂ। ਪਿਉ ਮੇਰਾ ਮੰਜੇ ਤੇ ਪੈ ਗਿਆ। ਮੈਂ ਤੇ ਛੋਟਾ ਕਦੀ ਰੋਟੀਆਂ ਲਾਹੁੰਦੇ, ਕਦੀ ਡਾਕਟਰ ਵੱਲ ਭੱਜਦੇ, ਕਦੀ ਨੌਕਰੀਆਂ ਵੱਲ ਭੱਜਦੇ। ਹਾਰ ਕੇ ਮਾਈ ਰੱਖ ਲਈ। ਪਰ ਪਿਉ ਮੇਰੇ ਲਈ ਇਹ ਵਿਛੋੜਾ ਅਸਹਿ ਸੀ। ਕੁਛ ਦੇਰ ਬਾਅਦ ਮੈਨੂੰ ਜਿਵੇਂ ਹੀ ਖਬਰ ਮਿਲੀ, ਉਹ ਠੀਕ ਨਹੀਂ ਸੀ। ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ। ਦਿਲ ‘ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ, ਪਰ ਸਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ। ਉਦੋਂ ਹੀ ਪੁਲਿਸ ਬਾਰ-ਬਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਸੀ। ਕਦੀ ਆਟਾ ਮੰਡੀ, ਕਦੇ ਸੱਟੇ ਬਜ਼ਾਰ ‘ਚ ਤੇ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਹੋਣਾ, ਮੈਨੂੰ ਜਾਂ ਭਰਾ ਨੂੰ ਇੱਕ ਅੱਧੀ ਰਾਤ ਥਾਣੇ ਬਠਾ ਲੈਣਾ। ਹਾਰ ਕੇ ਛੋਟੇ ਭਰਾ ਨੂੰ ਯੂ.ਪੀ. ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਉਥੇ ਸਾਡੇ ਤਖਾਣਾ ਬਰਾਦਰੀ ਬਥੇਰੀ ਸੀ। ਮਾਂ ਦੀ ਖਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੁਬਿਧਾ ਵਿੱਚ ਰਿਹਾ, ਫੇਰ ਦਿਲ ਕਰੜਾ ਕਰ ਕੇ ਅਸਤੀਫਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸਿਫਾਰਸ਼ ‘ਤੇ ਸੰਤਾਂ ਦੇ ਟਹਿਲੂਆਂ ਵਿੱਚ ਸ਼ਾਮਲ ਹੋ ਗਿਆ। ਬੇਨਤੀ ਮੇਰੀ ਇੱਕੋ ਸੀ ਕਿ ਮੈਨੂੰ ਐੱਸ.ਪੀ. ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ। ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ, ਅੱਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿੱਜੀ ਹਥਿਆਰ ਸੇਵਾ ਵਿੱਚ ਪਾ ਦਿੱਤਾ ਸੀ।
ਮੈਂ ਉਥੇ ਇੱਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ। ਮੇਰੇ ਹਰਿਮੰਦਰ ਸਾਹਿਬ ਅੱਪੜ ਜਾਣ ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖਬਰ ਅੱਗ ਵਾਂਗ ਫੈਲੀ ਸੀ, ਉਹੀ ਪੁਲਿਸ ਹੁਣ ਮੇਰੇ ਵੱਲ ਮੂੰਹ ਨਹੀਂ ਸੀ ਕਰਦੀ। ਮੇਰੇ ਭਾਪਾ ਜੀ ਅਰਾਮ ਨਾਲ ਰਹਿੰਦੇ ਪਏ ਸਨ। ਕੰਮ-ਕਾਰ ‘ਤੇ ਉਹ ਜਾਂਦੇ ਸਨ, ਪਰ ਹੁਣ ਮਸਾਂ ਆਪਣੇ ਖਰਚ ਜੋਗਾ ਕੰਮ ਕਰਦੇ ਸਨ।

***

ਉਥੇ ਹੀ ਪਹਿਲੀ ਵਾਰੀ ਮੈਨੂੰ ਇਹ ”ਜੱਸਾ ਮਰੂਤੀ” ਮਿਲਿਆ ਸੀ। ਉਹ ਪੁਤਲੀ ਘਰ ਵਾਲੇ ਖਾੜਕੂ ਪੀ.ਟੀ. ਦਾ ਪੁਰਾਣਾ ਸੰਗੀ ਸੀ। ਖਾਲਸਾ ਕਾਲਜ, ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ ਵਿੱਚ ਉਹਦਾ ਪੁਰਾਣਾ ਘਰ ਸੀ। ਪਿੱਛੋਂ ਪਿਉ ਉਹਦਾ ਯੂਨੀਵਰਸਿਟੀ ਦੇ ਮਗਰਲੇ ਰਾਹ ‘ਤੇ ਪੈਂਦੇ ਘਣਪੁਰ ਦਾ ਸੀ। ਗਰੀਬ ਜੱਟ ਭਲੇ ਵੇਲੇ ਪਿੰਡੋਂ ਉੱਠ ਕੇ ਖਾਲਸਾ ਕਾਲਜ ਦੇ ਨਾਲ ਵੱਸੇ ਗੁਰੂ ਨਾਨਕ ਵਾੜੇ ਆ ਵਸਿਆ ਸੀ। ਜੱਸਾ ਉਹਦੀ ਇੱਕੋ ਇੱਕ ਵੱਡੀ ਉਮਰੇ ਹੋਈ ਔਲਾਦ ਸੀ। ਜਮਾਂਦਰੂ ਹੀ ਵਹਿਸ਼ੀ ਸੁਭਾਅ ਦਾ ਹੋਣ ਕਰਕੇ ਉਹਦੀ ਬਹਿਣੀ ਬਲੈਕੀਏ ਜਾਂ ਮਾਰਖੋਰੇ ਭਾਊਆਂ ਨਾਲ ਹੋ ਗਈ ਸੀ। ਉਥੋਂ ਹੀ ਉਹਦੀ ਪੀ.ਟੀ. ਨਾਲ ਯਾਰੀ ਪੈ ਗਈ। ਪੀ.ਟੀ. ਅੰਦਰ ਵੀ ਅਜਿਹੇ ਜਜ਼ਬੇ ਸਨ। ਦੋਹੇਂ ਅੰਤ ਨੂੰ ਸੰਤਾਂ ਦੀ ਸ਼ਰਨ ਜਾ ਪਏ ਸਨ। ਪੀ.ਟੀ. ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬਾ ਥਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੁੜਵਾ ਕੇ ਲੰਗਰ ਦੀ ਛੱਤ ‘ਤੇ ਮਹੀਨੇ ਕੁ ਲਈ ਲੰਮਾ ਪਾ ਛੱਡਿਆ ਸੀ। ਉਦੋਂ ਤੇ ਜੱਸਾ ਝੂਠ ਮਾਰ ਕੇ ਸੰਤਾਂ ਕੋਲੋਂ ਬਚ ਗਿਆ ਸੀ, ਪਰ ਬਾਬੇ ਮਾਨੋਚਾਹਲ ਨੂੰ ਜੱਸਾ ਪਸੰਦ ਨਹੀਂ ਸੀ। ਉਹਨੇ ਤੇ ਬਾਬੇ ਥਾਰੇ ਨੇ ਵੀ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ, ਪਰ ਏਦੂੰ ਪਹਿਲਾਂ ਕਿ ਉਹਦਾ ਕੰਮ ਹੁੰਦਾ, ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ। ਉਦੋਂ ਹੀ ਕਿਧਰੇ ਅਪਰੇਸ਼ਨ ਬਲਿਊ ਸਟਾਰ ਦੀ ਸ਼ੁਰੂਆਤ ਹੋਈ। ਜੱਸਾ ਬੱਬਰਾਂ ਕੋਲੋਂ ਤੇ ਗੁਰਚਰਨ ਲੰਮੇ ਕੋਲੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂਆ ਸੀ, ਸੂਚਨਾ ਲੈ ਕੇ ਬਲਿਊ ਸਟਾਰ ਤੋਂ ਪੰਜ ਕੁ ਦਿਨ ਪਹਿਲਾਂ ਹੀ ਬਾਗ ਵਾਲੀ ਗਲੀ ਵਿੱਚ ਪਾੜ ਪਾ ਕੇ ਚੌਂਕ ਪ੍ਰਾਗਦਾਸ ਕੋਲੋਂ ਤਰਨਤਾਰਨ ਵਲ ਨੂੰ ਨਿਕਲ ਗਿਆ ਸੀ। ਪੀ.ਟੀ. ਤੇ ਉਹਦੇ ਸਾਥੀ ਅੰਦਰ ਪਰਕਰਮਾ ਵਿੱਚ ਤੇ ਬਾਬੇ ਸ੍ਰੀ ਚੰਦ ਦੇ ਉਦਾਸੀਨ ਅਖਾੜੇ ਵਿੱਚ ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ ਸਨ।

***

ਮੈਂ ਉਹਨੀਂ ਦਿਨੀਂ ਆਪ ਵੀ ਪ੍ਰਕਰਮਾ ਤੋਂ ਬਾਹਰ ਸਾਂ। ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ ‘ਤੇ ਲਾਈ ਸੀ, ਪਰ ਮੈਂ ਨਾਂਹ ਕਰ ਗਿਆ ਸਾਂ। ਫੇਰ ਉਹਨੂੰ ਇੰਦਰ ਵਹਿਸ਼ੀ ਤੇ ਜੱਸੇ ਪੀ.ਟੀ. ਨੇ ਮਾਰਿਆ ਸੀ। ਸਿੰਘਾਂ ਨੇ ਮੇਰੀ ਇੱਕੋ ਇੱਕ ਤਮੰਨਾ, ਐੱਸ.ਪੀ. ਸ਼ਰਮੇ ਦੀ ਜਾਨ ਲੈਣ ਦੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿੱਚ ਭੇਜ ਦਿੱਤਾ। ਸ਼ਰਮਾ ਵੀ ਉਦੋਂ ਤਰਨਤਾਰਨ ਵੱਲ ਕੰਮ ਕਰ ਰਿਹਾ ਸੀ।

***

”ਕੀ ਸੋਚਦੈਂ ਵੱਡਿਆ?” ਲੰਮੇ ਪਏ ਜੱਸੇ ਨੇ ਅਚਾਨਕ ਮੈਨੂੰ ਪੁੱਛ ਲਿਆ।
”ਕੁਛ ਨਹੀਂ। ਬਸ ਪੁਰਾਣੇ ਦਿਨ ਯਾਦ ਆ ਗਏ।” ਮੈਂ ਕਿਹਾ।
”ਯਾਦ ਈ ਭਾਊ। ਮੈਂ ਪਹਿਲੀ ਵਾਰ ਤੈਨੂੰ ਬੀ.ਐਡ. ਖਾਲਸਾ ਕਾਲਜ ਦੇ ਸਮਾਗਮ ‘ਤੇ ਵੇਖਿਆ ਸੀ। ਤੂੰ ਇੱਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ। ਨਾਲੇ ਤੁਹਾਡੀ ਕਲਾਸ ਨੇ ਕਵਾਲੀ ਪੇਸ਼ ਕੀਤੀ ਸੀ।”
ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੇਰੇ ਚਿਹਰੇ ‘ਤੇ ਮੁਸਕਰਾਹਟ ਆ ਗਈ।
”ਤੂੰ ਕਿਵੇਂ ਉਥੇ ਸੀ?” ਮੈਂ ਕਿਹਾ
”ਅਸੀਂ ਭਾਅ ਵਿਹਲੜ ਤੇ ਲੋਫਰ ਨੰਬਰ ਇੱਕ ਸੀਗੇ। ਕਾਲਜ ਦੇ ਹਰ ਸਮਾਗਮ ਵਿੱਚ ਵੜ ਜਾਂਦੇ ਸਾਂ। ਇੱਕ ਤੇ ਮੇਰਾ ਘਰ ਈ ਕਾਲਜ ਦੀ ਜੜ ‘ਚ ਸੀ। ਦੂਜਾ ਮੈਂ ਖਾਲਸਾ ਸਕੂਲ ਤੋਂ ਪੜਿਆ ਵਾਂ। ਮੇਰੇ ਲਈ ਕੀ ਔਖਾ ਸੀ?” ਜੱਸੇ ਨੇ ਕਿਹਾ।

***

ਅਚਾਨਕ ਬਾਹਰ ਰੌਲਾ ਪਿਆ। ਮੇਰਾ ਧਿਆਨ ਬਾਹਰ ਨੂੰ ਚਲਾ ਗਿਆ। ਸ਼ਾਮ ਢਲ ਗਈ ਸੀ ਤੇ ਰਾਤ ਪੈ ਰਹੀ ਸੀ। ਰੌਲਾ ਸੁਣ ਕੇ ਮੈਂ ਬਾਹਰ ਚਲਾ ਗਿਆ। ਉਥੇ ਦੂਰੋਂ ਨਜ਼ਰ ਮਾਰਿਆਂ ਕੁਝ ਪਤਾ ਨਹੀਂ ਸੀ ਲਗਦਾ। ਪਰ ਏਨਾ ਪਤਾ ਲੱਗ ਗਿਆ ਕਿ ਅਜੈਬਾ ਥਾਣੇਦਾਰ ਤੇ ਫਕੀਰੀਆ ਆਪਸ ਵਿੱਚ ਖਹਿਬੜਦੇ ਪਏ ਸਨ। ਫਕੀਰੀਆ ਕਿਸੇ ਤੋਂ ਡਰਦਾ ਨਹੀਂ ਸੀ। ਥੋੜੀ ਦੇਰ ਮੈਂ ਖੜਾ ਰਿਹਾ। ਏਨੇ ਨੂੰ ਸ਼ੌਂਕੀ ਲਾਂਗਰੀ ਮੇਰੇ ਕੋਲੋਂ ਲੰਘਿਆ। ਮੈਂ ਹੌਲੀ ਜਿਹੀ ਵਾਜ ਮਾਰ ਕੇ ਉਹਨੂੰ ਮਾਜਰਾ ਪੁੱਛਿਆ।
”ਓ ਫਕੀਰੀਆ ਤੇ ਜੈਬਾ ਥਾਣੇਦਾਰ ਖਹਿਬੜ ਪਏ ਈ ਭਾਊ। ਜੈਬਾ ਫਕੀਰੀਏ ਨੂੰ ਰੁਪਈਆ ਦਸ ਹਜ਼ਾਰ ਸੁੱਟੂ ਈ। ਨਾਲੇ ਬੋਤਲਾਂ ਦੀ ਪੂਰੀ ਪੇਟੀ ਦਊ ਈ, ਪਈ ਉਹ ਜੱਸੇ ਨੂੰ ਮਾਰ ਕੇ ਮੰਡ ਵੱਲ ਸੁੱਟ ਆਏ, ਉਥੇ ਜਿੱਥੇ ਪਹਿਲਾਂ ਈ ਲਾਸ਼ਾਂ ਸੁੱਟਦੇ ਰਹੇ ਆਂ। ਪਰ ਫਕੀਰੀਆ ਅੱਗੋਂ ਗਾਹਲੀਂ ਡਹਿ ਪਿਆ ਈ ਅਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ।”
”ਫੇਰ?” ਮੈਂ ਸ਼ੌਂਕੀ ਨੂੰ ਹੋਰ ਕੁਰੇਦਿਆ।
”ਫੇਰ ਕੀ? ਅਜੈਬਾ ਕਹਿੰਦੈ, ਮਾਈਂਯਾਵੇ ਨੇ ਸਾਡੇ ਖਣੀਂ ਕਿੰਨੇ ਪੁਲਸੀਏ ਮਾਰੇ ਐ, ਆਪ ਹੀ ਪੁਲਸੀਆ ਹੋ ਕੇ ਵੀ। ਤੇ ਏਹੋ ਜਹੇ ਕੀੜੇ ਨੂੰ ਮਾਰਨ ‘ਚ ਕੀ ਹਰਜ਼ ਐ? ਅੱਗੋਂ ਫਕੀਰੀਆ ਕਹਿੰਦੈ, ”ਮੈਂ ਕਿਹੜਾ ਥੋੜੇ ਬੰਦੇ ਮਾਰੇ ਐ? ਫੇਰ ਤੇ ਕੱਲ ਨੂੰ ਮੈਨੂੰ ਵੀ ਮਾਰ ਦਿਓ ਜੇ।”
”ਹੁਣ ਕੀ ਕਰਨਗੇ ਫੇਰ?” ਮੈਂ ਪੁੱਛਿਆ। ਮੈਨੂੰ ਪਤਾ ਸੀ ਕਿ ਸ਼ੌਂਕੀ ਨੂੰ ਸਭ ਪਤਾ ਹੋਏਗਾ। ਉਂਝ ਵੀ ਤਜਰਬੇ ਤੋਂ ਮੈਂ ਜਾਣ ਗਿਆ ਸਾਂ ਕਿ ਭੇਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਤੇ ਡਰਾਈਵਰਾਂ ਕੋਲ ਹੀ ਹੁੰਦੇ ਨੇ।
”ਫੇਰ ਕੀ?”
”ਫੇਰ ਭਾਅ, ਹੁਣ ਚੰਨਾ ਨੱਥ ਤੇ ਕਿਰਪਾਲ ਹੌਲਦਾਰ ਤਿਆਰ ਨੇ ਇਹਦੀ ਟਿਕਟ ਕੱਟਣ ਲਈ। ਅਜੈਬੇ ਨੇ ਉਹੀ ਦਸ ਹਜ਼ਾਰ ਤੇ ਪੇਟੀ ਉਨਾਂ ਨੂੰ ਦੇਣੀ ਕਰ ‘ਤੀ ਐ,” ਸ਼ੌਂਕੀ ਨੇ ਕਿਹਾ।
”ਕਦੋਂ?” ਮੈਂ ਸ਼ੌਂਕੀ ਨੂੰ ਸਪੱਸ਼ਟ ਪੁੱਛਿਆ।
”ਕੱਲ ਦੁਪਹਿਰੋਂ ਬਾਅਦ,” ਸ਼ੌਂਕੀ ਕਹਿ ਕੇ ਬਾਹਰ ਚਲਾ ਗਿਆ।

***

ਮੈਂ ਕਮਰੇ ਵਿੱਚ ਪਰਤ ਆਇਆ। ਜੱਸੇ ਨੇ ਰੌਲੇ ਦਾ ਕਾਰਣ ਪੁੱਛਿਆ। ਬੜੇ ਸਪੱਸ਼ਟ ਰੂਪ ਵਿੱਚ ਪੂਰੀ ਸਹਿਜ ਅਵਾਜ਼ ਵਿੱਚ ਮੈਂ ਕਿਹਾ, ”ਕੱਲ ਦੁਪਹਿਰ ਤੋਂ ਬਾਦ ਤਿਆਰ ਰਹੀਂ। ਆ ਗਿਐ ਵੇਲਾ।”
ਲੰਮੀ ਚੁੱਪ ਤੋਂ ਬਾਅਦ ਉਸ ਨੇ ਕਿਹਾ-
”ਫੇਰ ਰੌਲਾ ਕਾਹਦਾ ਸੀ?”
”ਫਕੀਰੀਏ ਨੇ ਨਾਂਹ ਕਰ ਤੀ ਐ।” ਮੈਂ ਕਿਹਾ।
”ਹੁਣ ਕੌਣ?” ਉਹਨੇ ਨਜ਼ਰਾਂ ਗੱਡ ਕੇ ਸਪੱਸ਼ਟ ਪੁੱਛਿਆ।
”ਚੰਨਾ ਤੇ ਕਿਰਪਾਲ!” ਮੈਂ ਏਨਾ ਕਹਿ ਕੇ ਚੁੱਪ ਵੱਟ ਗਿਆ। ਉਹ ਵੀ ਚੁੱਪ ਕਰ ਗਿਆ। ਕੁਛ ਦੇਰ ਸਿੱਧਾ ਪਏ ਰਹਿਣ ਬਾਅਦ ਉਸ ਕਿਹਾ, ”ਮੈਨੂੰ ਪਾਸਾ ਦਵਾ ਦੇਹ!”
ਮੈਂ ਉੱਠਕੇ ਵੱਖੀ ਪਰਨੇ ਕਰ ਦਿੱਤਾ। ਅਚਾਨਕ ਮੈਨੂੰ ਉਹਦੇ ਕੱਟੇ ਹੋਏ ਹੱਥ ਦਾ ਖਿਆਲ ਆਇਆ-
”ਸੱਜਾ ਹੱਥ ਕਿੱਥੇ ਈ?”
”ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਐ ਹਫਤਾ ਕੁ ਪਹਿਲਾਂ।” ਉਹਨੇ ਜਵਾਬ ਦਿੱਤਾ।
”ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ ਝਾੜੂ ਨੰਗਲ ਵਲ! ਚੀਮਾ ਰਟੈਰ ਹੋਣ ਵੇਲੇ ਉਹਨੂੰ ਭਰਤੀ ਕਰਾ ਗਿਆ ਸੀ ਹੌਲਦਾਰ! ਉਹਦੀ ਡਿਊਟੀ ਉਧਰਲੀ ਪੁਲਿਸ ਚੌਂਕੀ ‘ਚ ਸੀ। ਬਸ ਮੈਨੂੰ ਪਤਾ ਸੀ, ਰਾਤ ਨੂੰ ਕਿਹੜੇ ਵੇਲੇ ਉਹ ਦੋ ਤਿੰਨ ਜਣੇ ਨਿਕਲਦੇ ਐ। ਦੋ ਸਨ, ਮੈਂ ਰੇੜ ਦਿੱਤੇ।” ਉਹਨੇ ਬਾਕੀ ਬਚਦੀ ਕਥਾ ਵੀ ਸੁਣਾ ਦਿੱਤੀ।
”ਫੇਰ?” ਮੈਂ ਪੁੱਛਿਆ।
”ਫੇਰ ਕੀ? ਚੀਮੇ ਨੂੰ ਪਤਾ ਲੱਗਾ ਈ ਸਾਲ ਕੁ ਬਾਅਦ! ਉਹ ਵੀ ਹਫਤਾ ਕੁ ਪਹਿਲਾਂ ਅਜੈਬੇ ਨੇ ਦੱਸਿਆ ਈ ਉਹਨੂੰ। ਉਹ ਅਜੈਬੇ ਕੋਲੋਂ ਮੈਨੂੰ ਮੰਗਦਾ ਸੀ। ਪੰਜ ਲੱਖ ਵੀ ਢੇਰੀ ਕਰਦਾ ਸੀ ਕਿ ਜੱਸੇ ਦੇ ਟੋਟੇ ਕਰ ਦਿਓ। ਅਜੈਬੇ ਨੇ ਪੰਜ ਲੱਖ ਵੇਖ ਕੇ ਆਖ ਛੱਡਿਆ, ”ਤੈਨੂੰ ਇਹ ਨੋਟਾਂ ਦੀ ਖਾਣ ਪੰਜ ਲੱਖ ‘ਚ ਦੇ ਦੇਈਏ। ਕੁੱਟ ਜਿੰਨਾ ਮਰਜ਼ੀ ਲਾ, ਵੱਢਾਂ-ਮਾਰਾਂਗੇ ਅਸੀਂ ਆਪੇ।”
”ਅੱਛਾ?” ਮੈਂ ਹੁੰਗਾਰਾ ਭਰਿਆ। ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ, ਕਿਉਂਕਿ ਅੱਤ ਦੇ ਨੀਚ ਤੇ ਹੈਵਾਨਾਂ ਨਾਲ ਤੇ ਮੈਂ ਆਪ ਕੰਮ ਕਰ ਚੁੱਕਾ ਸਾਂ ਕਈ ਸਾਲ। ਸੋ ਇਹ ਸਭ ਸਹਿਜ ਸੀ।

***

”ਫੇਰ ਕੀ?”
”ਆਹ ਸਾਰਾ ਅੰਜਰ-ਪੰਜਰ ਦੁਬਾਰਾ ਉਸੇ ਧੀ ਦੇ ਯਾਰ ਦਾ ਈ ਹਿਲਾਇਐ ਹੋਇਐ। ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆਇਆ ਤੇ ਹੱਥ ਵੱਢ ਗਿਆ। ਉਹ ਤੇ ਸਾਲਾ ਗਾਟਾ ਲਾਹੂ ਸੀ, ਪਰ ਅਜੈਬੇ ਤੇ ਨਿਰਮਲ ਨੇ ਫੜ ਲਿਆ।” ਉਸ ਕਿਹਾ।
ਲੰਮੀ ਚੁੱਪ ਬਾਅਦ ਉਸਨੇ ਫੇਰ ਕਹਿਣਾ ਸ਼ੁਰੂ ਕੀਤਾ-
”ਮੈਨੂੰ ਨਾ ਕੱਲ ਦੁਪਹਿਰੇ ਆਉਣ ਵਾਲੀ ਮੌਤ ਦਾ ਕੋਈ ਰੰਜ ਈ, ਤੇ ਨਾ ਈ ਏਸ ਹੱਥ ਦਾ। ਰੰਝ ਤੇ ਵੱਡਿਆ ਮੈਨੂੰ ਹੋਰ ਈ ਐ। ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਨਾਲੇ ਤੈਥੋਂ ਕੁਝ ਮੰਗਣਾ ਵੀ ਏ।”
”ਤੈਨੂੰ ਯਾਦ ਏ, ਮੈਂ ਤੈਨੂੰ ਰੂਬੀ ਕੈਟ ਕੋਲੋਂ ਬਚਾਇਆ ਸੀ?” ਕੁਛ ਦੇਰ ਬਾਅਦ ਉਸ ਕਿਹਾ।

ਮੈਨੂੰ ਸਾਰੀ ਕਹਾਣੀ ਯਾਦ ਆ ਗਈ। ਰੂਬੀ ਕੈਟ ਪੁਲਿਸ ਦਾ ਬੰਦਾ ਸੀ। ਪਰ ਚਾਟੀਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜਥੇਦਾਰ ਬਣਿਆ ਬੈਠਾ ਸੀ। ਮੈਂ ਵੀ ਉਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ। ਰੂਬੀ ਨੂੰ ਪਤਾ ਲੱਗ ਗਿਆ ਤੇ ਉਹਨੇ ਥਾਣੇ ਬੀ. ਡਿਵੀਜ਼ਨ ਰਿਪੋਰਟ ਕਰ ਦਿੱਤੀ ਸੀ। ਉੱਥੇ ਕਿਤੇ ਜੱਸਾ ਤੈਨਾਤ ਸੀ। ਉਹਨੇ ਫੱਟ ਆਪਣੇ ਫੀਲੇ ਤੋਚੀ ਲਾਂਗਰੀ ਨੂੰ ਸੁਨੇਹਾ ਦਿੱਤਾ ਤੇ ਤੋਚੀ ਨੇ ਮੈਨੂੰ ਲਾਂਭੇ ਕਰ ਦਿੱਤਾ। ਸ਼ਾਮ ਨੂੰ ਹਨੇਰਾ ਪਏ ਮੈਂ ਤੇ ਤੋਚੀ ਨੇ ਰੂਬੀ ਨੂੰ ਗਲ ‘ਚ ਪਰਨਾ ਪਾ ਕੇ ਮਾਰ ਦਿੱਤਾ, ਜਦੋਂ ਉਹ ਬੇਫਿਕਰ ਹੋ ਕੇ ਸਕੱਤਰੀ ਬਾਗ ਕੋਲੋਂ ਲੰਘ ਕੇ ਭਗਤਾਂ ਵਾਲੇ ਜਾ ਰਿਹਾ ਸੀ। ਲਾਸ਼ ਚੁੱਕ ਕੇ ਗੰਦੇ ਨਾਲੇ ਵਿੱਚ ਪੱਕੀ ਤਰਾਂ ਨੱਪ ਦਿੱਤੀ। ਰੂਬੀ ਦਾ ਅੱਜ ਤੱਕ ਖੁਰਾ ਨਹੀਂ ਲੱਭ ਸਕੀ ਪੁਲਿਸ ਤੇ ਨਾ ਮੈਂ ਕਿਸੇ ਵੀ ਰਿਮਾਂਡ ਵਿੱਚ ਉਹਦਾ ਕਤਲ ਮੰਨਿਆ ਸਾਂ।
”ਹਾਂ! ਤੇਰੀ ਕਿਰਪਾ ਨਾਲ ਉਦੋਂ ਮੈਂ ਮਸਾਂ ਬਚਿਆ ਸਾਂ।” ਮੈਂ ਜੱਸੇ ਨੂੰ ਦਿਲੋਂ ਕਿਹਾ।
ਕੁਝ ਦੇਰ ਬਾਅਦ ਮੇਰੀ ਅੱਖ ਲੱਗ ਗਈ। ਜੱਸੇ ਨੂੰ ਨੀਂਦ ਕਿੱਥੇ?

***

ਪੀ.ਟੀ. ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਗਾਂ ਖੁੱਲੀਆਂ ਸਨ। ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜਾਈਆਂ ਕਰ ਗਏ ਸਨ। ਜੱਸੇ ਨੇ ਉਥੋਂ ਬਚ ਨਿਕਲੇ ਜਿੰਦੇ, ਗਿੰਦਰ, ਬਾਬੇ ਮਾਨੋਚਾਹਲ ਜਾਂ ਸੁੱਖ ਹੋਰਾਂ ਨਾਲ ਸੰਪਰਕ ਨਾ ਬਣਾਇਆ। ਉਧਰ ਫੌਜ ਤੇ ਪੁਲਿਸ ਸਾਰੇ ਹਾਰਡ ਕੋਰ ਅਤਿਵਾਦੀਆਂ ਨੂੰ ਲੱਭ ਰਹੀ ਸੀ। ਜੱਸਾ ਛੇਹਰਟੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ ਮੁਸਤਫੇ ਆਲਮ ਦੀ ਕਾਲੀ ਬਿੱਲੀ ਬਣ ਗਿਆ। ਥੋੜੀ ਦੇਰ ਬਾਅਦ ਉਹ ਮਸ਼ਹੂਰ ਕੈਟ ਸੋਖੇ ਕਾਲੇ ਦੀ ਸਿਫਾਰਿਸ਼ ਨਾਲ ਸਿਪਾਹੀ ਭਰਤੀ ਹੋ ਗਿਆ। ਸਾਨੂੰ ਇਹ ਸਭ ਖਬਰਾਂ ਮਿਲਦੀਆਂ ਸਨ। ਮਾਨੋਚਾਹਲ ਅਤੇ ਗੁਰਜੰਟ ਸਿੰਘ ਹੱਥਾਂ ‘ਤੇ ਦੰਦੀਆਂ ਵੱਢਦੇ ਸਨ ਕਿ ਉਦੋਂ ਹੀ ਇਹਨੂੰ ਕਿਉਂ ਨਾ ਮਾਰ ਦਿੱਤਾ? ਉਧਰ ਜੱਸੇ ਨੂੰ ਤੇ ਖਾੜਕੂ ਲਹਿਰ ਦੇ ਅੱਡੇ, ਉਨਾਂ ਦੇ ਕੰਮ ਕਰਨ ਦੇ ਢੰਗ ਤੱਕ ਪਤਾ ਸੀ, ਉਹਨੇ ਕਈ ਇਨਾਮੀ ਸਿੰਘ ਮਾਰੇ ਤੇ ਤਰੱਕੀਆਂ ਕਰਦਾ ਛੋਟਾ ਥਾਣੇਦਾਰ ਬਣ ਗਿਆ ਸੀ। ਇੰਦਰਜੀਤ ਵਹਿਸ਼ੀ ਦੀ ਸੰਗਤ ਕਾਰਣ ਉਸ ਅੰਦਰ ਬੇਤਰਸੀ ਪੈਦਾ ਹੋ ਗਈ ਸੀ, ਜਿਹੜੀ ਅਕਸਰ ਕਸਾਈਆਂ, ਨੀਮ ਪਾਗਲਾਂ ਜਾਂ ਅੰਨੀ ਤਾਕਤ ਨਾਲ ਭੂਸਰੇ ਪਸ਼ੂਆਂ ਦੀਆਂ ਅੱਖਾਂ ਵਿੱਚ ਹੁੰਦੀ ਹੈ। ਸੋਖਾ ਕਾਲਾ ਤੇ ਇੱਕ ਦਿਨ ਅੰਮ੍ਰਿਤਸਰ ਆਪਣੇ ਘਰ ਬੈਠਾ ਹੀ ਭੂਪੀ ਜੋਗਪੁਰੀਏ ਹੱਥੋਂ ਮਾਰਿਆ ਗਿਆ, ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ। ਦਿੱਲੀ ਸਰਕਾਰ ਨੂੰ ਅੱਤਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ, ਉਹਦਾ ਦਾ ਨਾਂ ਹਰ ਏਜੰਸੀ ਵਿੱਚ ‘ਕੰਮ ਦੇ ਬੰਦੇ’ ਵਜੋਂ ਬੋਲਣ ਲੱਗ ਪਿਆ ਸੀ।

***

”ਇੰਦਰ ਵਹਿਸ਼ੀ ਨੂੰ ਕਿਉਂ ਮਾਰ ਤਾ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਾਲਿਆਂ ਨੇ?” ਰਾਤ ਦਾ ਆਖਰੀ ਪਹਿਰ ਸੀ, ਜਦ ਮੈਂ ਨਿਰੰਤਰ ਜਾਗਦੇ ਜੱਸੇ ਨੂੰ ਪੁੱਛਿਆ। ਅਸੀਂ ਦੋਵੇਂ ਹੀ ਸੁੱਤੇ ਨਹੀਂ ਸਾਂ।
”ਉਹ ਦਰਅਸਲ ਅਸੀਂ ਵਰਪਾਲਾਂ ਦੇ ਕਿਸੇ ਟਾਊਟ ਨੂੰ ਮੌਕੇ ‘ਤੇ ਫੜ ਕੇ ਮਾਰਨਾ ਸੀ। ਜਦ ਅਸੀਂ ਗੋਲੀ ਮਾਰਨ ਲੱਗੇ, ਇੰਦਰ ਵਹਿਸ਼ੀ ਕਹਿੰਦਾ, ”ਥੋੜਾ ਨਜ਼ਾਰਾ ਵੀ ਬੰਨੀਏ ਤੇ ਉਹਨੇ ਲਿਬਰੇਸ਼ਨ ਆਲੇ ਜਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ ਤੁਸੀਂ ਜਾਓ। ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ। ਨਾਲ ਉਨਾਂ ਦਾ ਹੌਲੀ ਉਮਰ ਦਾ ਸਿੰਘ ਸੀ – ਪ੍ਰਤਾਪ ਸਿੰਘ। ਉਹ ਸਾਡੇ ਨਾਲ ਰਿਹਾ। ਇੰਦਰ ਵਹਿਸ਼ੀ ਨੇ ਤੇ ਮੈਂ ਰਲ ਕੇ ਨਹਿਰ ਦੇ ਕੰਢੇ ਜਾ ਕੇ ਉਸ ਟਾਊਟ ਦੇ ਮੂੰਹ ਵਿੱਚ ਕੱਪੜਾ ਦੇ ਕੇ ਉਹਦਾ ਬੰਦ ਬੰਦ ਕੱਟਿਆ। ਜਿਉਂ ਜਿਉਂ ਅਸੀਂ ਕੱਟੀਏ, ਉਹ ਮਰਨ ਤੋਂ ਪਹਿਲਾਂ ਤੜਫੇ । ਸਾਨੂੰ ਦੋਹਾਂ ਨੂੰ ਮਾਰ ਕੇ ਕਿਤੇ ਸਵਾਦ ਆਇਆ। ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਗਿਆ। ਉਥੋਂ ਹੀ ਰਾਤੋ ਰਾਤ ਕਸ਼ਮੀਰ ਠੱਠੇ ਕੋਲ ਚਲਾ ਗਿਆ। ਅਸੀਂ ਪਿੱਛੋਂ ਉਹਦੇ ਸੰਤਾਲੀ ਦਾ ਪੂਰਾ ਬਰਸਟ ਮਾਰਿਆ ਕਿ ਉਹ ਠੱਠੇ ਕੋਲ ਨਾ ਪਹੁੰਚ ਸਕੇ, ਪਰ ਉਹ ਬਚ ਗਿਆ, ਤੇ ਠੱਠੇ ਨੂੰ ਸਾਰੀ ਕਹਾਣੀ ਜਾ ਸੁਣਾਈ। ਮੈਨੂੰ ਖੁੜਕ ਗਈ ਸੀ ਏਸ ਲਈ ਮੈਂ ਤੇ ਮੁੜ ਬਾਬੇ ਭਿੰਡਰਾਂਵਾਲੇ ਦੇ ਦਰਬਾਰ ਵਿੱਚ ਨਹੀਂ ਸੀ ਗਿਆ। ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ? ਉਹ ਅੰਦਰ ਪ੍ਰਕਰਮਾ ‘ਚ ਚਲਾ ਗਿਆ ਤੇ ਉਥੋਂ ਹੀ ਠੱਠੇ ਹੁਰਾਂ ਉਹਨੂੰ ਬਾਹਰ ਗੁਰੂ ਰਾਮਦਾਸ ਸਰਾਂ ਵਿੱਚ ਲਿਜਾ ਕੇ ਟੋਟੇ ਟੋਟੇ ਕਰਕੇ ਤਰਨਤਾਰਨ ਰੋਡ ਵੱਲ ਕਿਤੇ ਉਜਾੜ ਵਿੱਚ ਪੈਟਰੋਲ ਪਾ ਕੇ ਸਾੜ ਘੱਤਿਆ ਸੀ।” ਜੱਸੇ ਨੇ ਸਾਰੀ ਕਹਾਣੀ ਦੱਸ ਦਿੱਤੀ।

***

”ਪਰ….ਪਰ ਭਾਅ। ਤੂੰ ਗਿੰਦੋ ਸ਼ਪੈਹਣ ਕਾਹਨੂੰ ਮਾਰ ਘੱਤੀ?” ਮੈਂ ਝਿਜਕ ਕੇ ਪੁੱਛ ਹੀ ਲਿਆ।
ਉਹ ਮੇਰੀ ਘਰਦੀ ਨਹੀਂ ਸੀ, ਓਦਾਂ ਹੀ ਰੱਖੀ ਹੋਈ ਸੀ ਰਖੇਲ ਵਾਂਗ। ਪਰ ਉਹ ਮੈਨੂੰ ਟੋਕਣ ਬਹੁਤ ਲੱਗ ਪਈ ਸੀ। ਜਦੋਂ ਮੈਂ ਸ਼ਰਾਬ ਨਾਲ ਡੱਕਿਆ ਉਹਦੇ ਆਲੇ ਘਰ ਹੀ ਜਾਂਦਾ, ਉਹ ਮੈਨੂੰ ਟੋਕਦੀ। ਇਕੱਲੀ ਰਹਿੰਦੀ ਸੀ ਉਹ। ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ ਮੈਂ ਪਾਗਲ ਹੋ ਕੇ ਹੱਥਾਂ ਵਿੱਚ ਚਾਕੂ ਮਾਰ ਮਾਰ ਲਹੂ ਕੱਢਦਾ ਜਾਂ ਕੰਧ ਨਾਲ ਸਿਰ ਭੰਨਦਾ। ਉਹ ਤੰਗ ਆ ਜਾਂਦੀ। ਇੱਕ ਦਿਨ ਗੁੱਸੇ ‘ਚ ਮੈਥੋਂ ਉਹਦੇ ਗੋਲੀ ਮਾਰੀ ਗਈ। ਮੈਂ ਸਰਕਾਰੀ ਜੀਪ ‘ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕ ਦਿੱਤੀ। ਏਦਾਂ ਹੀ ਪਹਿਲਾਂ ਮੈਂ ਤਰਨਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸੀ। ਉਦੋਂ ਖਬਾਰਾਂ ‘ਚ ਬੜਾ ਰੌਲਾ ਪਿਆ ਸੀ, ਪਰ ਆਪੇ ਈ ਸਭ ਚੁੱਪ ਕਰ ਗਏ ਸਨ।” ਜੱਸਾ ਉਧੜਦਾ ਜਾਂਦਾ ਸੀ।

”ਭਾਅ….। ਤੇਰੀ ਵਹੁਟੀ ਤੇ ਬੱਚਾ ਵੀ ਸੀਗੇ। ਨਿੱਕੀ ਉਮਰੇ ਤੇਰੇ ਪਿਓ ਨੇ ਤੇਰੇ ਲਈ ਜਿਹੜੀ ਸਹੇੜੀ ਸੀ। ਉਹ ਨਹੀਂ ਕਦੀ ਮਿਲੇ?” ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵੱਲ ਦਵਾਇਆ।
”ਭਾਅ। ਉਹ ਤੇ ਮੈਂ ਸੰਨ ਇਕਾਸੀ ਦੇ ਛੱਡੇ ਈ। ਮੈਂ ਉਦੋਂ ਮਸਾਂ ਉਨੀਆਂ ਵੀਹਾਂ ਦਾ ਹੋਵਾਂਗਾ। ਉਹ ਤੇ ਐਸੀ ਮੈਂ ਛੱਡੀ, ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਵੱਲ ਮੂੰਹ ਨਹੀਂ ਕੀਤਾ। ਮੁੰਡਾ ਮੇਰਾ ਵੀ ਉਥੇ ਹੀ ਹੋਇਆ ਸੀ।” ਉਹ ਫਿਸ ਜਿਹਾ ਪਿਆ।
”ਯਾਦ ਆਉਂਦਾ ਕਦੇ?” ਮੈਂ ਕਿਹਾ।
”ਨਹੀਂ।” ਉਹਦਾ ਚਿਹਰਾ ਫਿਰ ਸਖਤ ਹੋ ਗਿਆ।

***

ਬਰਨਾਲਾ ਸਰਕਾਰ ਜਦੋਂ ਸਤਾਸੀ ਵਿੱਚ ਆਈ ਤੇ ਚਲੀ ਵੀ ਗਈ, ਉਦੋਂ ਮੈਨੂੰ ਕੁਝ ਮਹੀਨਿਆਂ ਲਈ ਆਮ ਮਾਫੀ ਮਿਲ ਗਈ ਸੀ। ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿੱਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸਨ। ਮੇਰੇ ਪਿਤਾ ਜੀ ਵੀ ਉਦੋਂ ਹੀ ਚੜਾਈ ਕਰ ਗਏ ਸਨ। ਮੈਂ ਉਹਨੀ ਦਿਨੀਂ ਘਰ ਹੀ ਰਹਿੰਦਾ ਸਾਂ। ਕਈ ਮੇਰੇ ਸਾਥੀ ਬਰਨਾਲਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਸਨ, ਕਈ ਬਿਜਲੀ ਬੋਰਡ ਵਿੱਚ। ਕਈਆਂ ਨੂੰ ਮਿੰਨੀ ਬੱਸਾਂ ਪਵਾ ਦਿੱਤੀਆਂ ਗਈਆਂ ਸਨ। ਭਾਪੇ ਹੁਰਾਂ ਨੂੰ ਗੁਜ਼ਰਿਆਂ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਰਨਾਲਾ ਸਰਕਾਰ ਡਿੱਗ ਪਈ ਸੀ। ਮੈਂ ਵੀ ਵੀਹ ਕੁ ਹਜ਼ਾਰ ਦਾ ਲੋਨ ਲੈ ਰੱਖਿਆ ਸੀ, ਪਰ ਕਿਸੇ ਕੰਮ ਨੂੰ ਰੂਹ ਨਹੀਂ ਸੀ ਕਰਦੀ। ਭਰਾ ਪੱਕਾ ਹੀ ਯੂ.ਪੀ. ਵਸ ਗਿਆ ਸੀ। ਬਰਨਾਲਾ ਸਰਕਾਰ ਦੇ ਡਿੱਗਣ ਦੀ ਦੇਰ ਸੀ ਕਿ ਫੇਰ ਪੁਲਿਸ ਗੇੜੇ ਕੱਢਣ ਲੱਗ ਪਈ। ਉਹੀ ਕੁਚੱਕਰ। ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ। ਇੱਕ ਵਾਰ ਮੈਂ ਪੈਂਟਾ ਗਰੁੱਪ ਨਾਲ ਰਲਿਆਂ ਸਾਂ। ਉਨਾਂ ਕੋਲ ਪੱਕੀਆਂ ਠਾਹਰਾਂ ਤੇ ਨਵੇਂ ਹਥਿਆਰ ਸਨ। ਕਦੀ ਕਦੀ ਮੈਨੂੰ ਜੱਸੇ ਦੀ ਸ਼ੋਅ ਮਿਲਦੀ ਤੇ ਉਹਨੂੰ ਮੇਰੀ, ਪਰ ਉਦੋਂ ਹੋਰ ਕੁਝ ਪੋਂਹਦਾ ਹੀ ਨਹੀਂ ਸੀ। ਇੱਕ ਵਾਰ ਢੰਡ ਕਸੇਲ ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ। ਮੈਂ ਇਕੱਲਾ ਮੋਟਰ ਸਾਈਕਲ ਤੇ ਜਾ ਰਿਹਾ ਸਾਂ। ਉਧਰੋਂ ਜੱਸਾ ਨਾਕਾ ਲਾਈ ਖੜਾ ਸੀ। ਪੁਲਿਸ ਨੇ ਰੋਕਿਆ ਤੇ ਮੇਰੀ ਪੁੱਛਗਿੱਛ ਸ਼ੁਰੂ ਕੀਤੀ। ਜੱਸਾ ਤਿੰਨ ਸਟਾਰ ਲਾਈ ਖੜਾ ਸੀ। ਅਸਾਂ ਦੋਹਾਂ ਇੱਕ ਦੂਜੇ ਨੂੰ ਪਛਾਣ ਲਿਆ। ਬੋਲਿਆ ਕੋਈ ਵੀ ਨਾ। ਉਹਨੇ ਹੱਥ ਦੇ ਇਸ਼ਾਰੇ ਨਾਲ ਕਿਹਾ, ”ਜਾਣ ਦਿਓ ਮੁੰਡਿਓ ਇਹਨੂੰ।”
ਮੈਂ ਵੀ ਚੁੱਪਚਾਪ ਚਲਾ ਗਿਆ ਸਾਂ।

***

ਸਵੇਰ ਹੋ ਰਹੀ ਸੀ, ਜਦ ਜੱਸੇ ਨੇ ਮੇਰੇ ਕੋਲੋਂ ਪਾਣੀ ਮੰਗਿਆ। ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਿਟਾ ਦਿੱਤਾ। ਅਚਾਨਕ ਉਹ ਬੋਲਿਆ
”ਮਾਸਟਰਾ! ਮੈਨੂੰ ਤੇਰੀ ਮਾਂ ਮਰੀ ਦਾ ਬੜਾ ਮਸੋਸ ਈ।”
”ਛੱਡ ਹੁਣ।” ਮੈਂ ਕਿਹਾ। ਪਰ ਅਚਾਨਕ ਮਾਂ ਦਾ ਜ਼ਿਕਰ ਆ ਜਾਣ ਨਾਲ ਮੇਰਾ ਗੱਚ ਭਰ ਆਇਆ ਸੀ।
”ਮਾਸਟਰਾ। ਮੇਰੀ ਇੱਕ ਗਲਤੀ ਹੈ ਈ। ਮੈਂ ਤੇਰੇ ਦੋਸ਼ੀ ਸ਼ਰਮੇ ਐੱਸ.ਪੀ. ਨਾਲ ਸਾਲ ਕੁ ਕੰਮ ਕੀਤੈ। ਉਦੋਂ ਤੇਰੀ ਬੜੀ ਚੜਾਈ ਸੀ ਪੰਜਾਬ ‘ਚ। ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ। ਪਰ ਕੀ ਦੱਸਾਂ, ਮੈਨੂੰ ਉਦੋਂ ਪੈਹੇ ਦਾ ਲਾਲਚ ਬੜਾ ਹੀ, ਮੈਨੂੰ ਮਾਰ ਗਿਆ।” ਉਹ ਪੂਰੀ ਤਰਾਂ ਉੱਧੜ ਰਿਹਾ ਸੀ।
”ਛੱਡ ਗੱਲ ਨੂੰ ਦਫਾ ਕਰ ਹੁਣ।” ਮੈਂ ਇਹ ਗੱਲਾਂ ਤੇ ਸ਼ਰਮੇ ਸੀਨੀਅਰ ਦਾ ਜ਼ਿਕਰ ਵੀ ਸੁਣਨਾ ਨਹੀਂ ਸੀ ਚਾਹੁੰਦਾ। ਸੋ ਮੈਂ ਗੱਲ ਮੁਕਾਈ।

***

ਘੰਟੇ ਕੁ ਬਾਅਦ ਜਦੋਂ ਟਿੱਕੀ ਪੂਰੀ ਚੜ ਆਈ, ਚੰਨਾ ਤੇ ਕਿਰਪਾਲ ਆ ਗਏ। ਕਿਰਪਾਲ ਘਰੋਂ ਆਇਆ ਸੀ, ਪਰ ਚੰਨਾ ਉਥੇ ਹੀ ਸੌਂਦਾ ਸੀ। ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ, ਪਰ ਵਰਿਆਂ ਤੋਂ ਬੰਦ ਪਿਆ ਸੀ। ਇਥੇ ਪੰਜਾਬ ਪੁਲਿਸ ਦਾ ਟਾਰਚਰ ਸੈਂਟਰ ਸੀ ਤੇ ਸੀ.ਆਈ.ਡੀ. ਦਾ ਵੀ ਵਿੰਗ ਸੀ। ਪਿਛਲਾ ਹਾਲ ਸੀ.ਆਰ.ਪੀ. ਕੋਲ ਸੀ। ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਸੀ ਦੇਂਦੀ। ਚੰਨੇ ਤੇ ਉਹਦੇ ਵਰਗੇ ਕਈ ਸਿਪਾਹੀ ਤੇ ਹੌਲਦਾਰ ਉਥੇ ਹੀ ਖਾਲੀ ਕਮਰਿਆਂ ਵਿੱਚ ਸੌਂ ਛੱਡਦੇ ਸਨ।

”ਹਾਂ ਬਈ। ਤਿਆਰ ਏਂ? ਚੰਨੇ ਨੇ ਬੜੇ ਇਤਮੀਨਾਨ ਨਾਲ ਲੰਮੇ ਪਏ ਜੱਸੇ ਨੂੰ ਕਿਹਾ। ਕਿਰਪਾਲ ਬਿਲਕੁਲ ਚੁੱਪ ਸੀ। ਕਿਰਪਾਲ ਦੀ ਆਦਤ ਸੀ, ਬੰਦਾ ਕੁੱਟਣ ਲੱਗਾ ਤੇ ਮਾਰਨ ਲੱਗਾ ਵੀ ਚੁੱਪ ਰਹਿੰਦਾ ਸੀ। ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਊ ਸੀ। ਜਦੋਂ ਬੱਬੂ ਟਾਊਟ ਦੀ ਮੁਖਬਰੀ ਤੇ ਚੱਬੇ ਅੱਲੋਂ ਫੜ ਕੇ ਲਿਆਏ ਸਨ, ਉਦੋਂ ਕਿਰਪਾਲ ਨੇ ਹੀ ਮੈਨੂੰ ਸਭ ਤੋਂ ਵੱਧ ਤਸੀਹੇ ਦਿੱਤੇ ਸਨ।
”ਤਿਆਰ ਆਂ। ਤੂੰ ਦੱਸ, ਕਦੋਂ ਟਿਕਟ ਕੱਟਣਾ ਆ ਮੇਰਾ?” ਜੱਸਾ ਨਿਰਭੈ ਸੀ।
”ਦੁਪਹਿਰੋਂ ਬਾਦ।” ਕਿਰਪਾਲ ਨੇ ਹੌਲੀ ਜਿਹੀ ਕਿਹਾ ਤੇ ਫਿਰ ਦੋਹੇਂ ਚਲੇ ਗਏ।
”ਭਾਅ। ਹੁਣ ਵੇਲਾ ਆ ਗਿਐ। ਮੈਨੂੰ ਤੇਰੀ ਲੋੜ ਐ। ਮੈਂ ਐਵੇਂ ਨਹੀਂ ਸ਼ਰਮੇ ਨੂੰ ਦੋ ਲੱਖ ਦੇ ਕੇ ਤੇਰਾ ਸਾਥ ਮੰਗਿਆ।” ਜੱਸਾ ਉਨਾਂ ਦੋਹਾਂ ਦੇ ਜਾਂਦਿਆਂ ਹੀ ਮੈਨੂੰ ਕਹਿਣ ਲੱਗਾ।
”ਦੱਸ। ਸੇਵਾ ਦੱਸ?” ਮੈਂ ਦਿਲੋਂ ਕਿਹਾ।
”ਭਾਅ! ਚੰਨਾ ਨੱਥ ਤੇ ਕਿਰਪਾਲ, ਤੇਰੇ ਨਾਲ ਦੋਹੇਂ ਬੜੇ ਸੂਤਰ ਆ। ਤੂੰ ਇਨਾਂ ਨੂੰ ਕਹਿ ਕਿ ਮੇਰੀ ਛਾਤੀ ਉਪਰੋਂ ਟਰੱਕ ਲੰਘਾ ਕੇ ਮੈਨੂੰ ਮਾਰਨ। ਮੈਂ ਗੋਲੀ ਨਾਲ ਨਹੀਂ ਮਰਨਾ ਚਾਹੁੰਦਾ।” ਉਹਨੇ ਪੱਕੀ ਅਵਾਜ਼ ਵਿੱਚ ਕਿਹਾ।

ਹੈਰਾਨੀ ਨਾਲ ਮੇਰਾ ਮੂੰਹ ਖੁੱਲਾ ਰਹਿ ਗਿਆ। ਮੈਂ ਕਦੀ ਤਵੱਕੋ ਨਹੀਂ ਸੀ ਕੀਤੀ ਕਿ ਜੱਸਾ ਏਦਾਂ ਦੀ ਮੌਤ ਮੰਗੇਗਾ। ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ-
”ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ?”
”ਮੈਂ ਜੋ ਕਹੇਂ, ਦੇਣ ਨੂੰ ਤਿਆਰ ਆਂ। ਅਜੇ ਵੀ ਮੇਰੇ ਕੋਲ ਇੱਕ ਜਗਾ ਡੇਢ ਲੱਖ ਰੁਪਿਆ ਦੱਬਿਆ ਪਿਆ। ਮੈਂ ਚੰਨੇ ਨੱਥ ਹੁਰਾਂ ਨੂੰ ਜਗਾ ਦੱਸਦਾਂ। ਬੱਸ ਮੇਰਾ ਵੀਰ, ਤੂੰ ਕਹਿ ਸੁਣ ਕੇ ਉਨਾਂ ਨੂੰ ਰਾਜ਼ੀ ਕਰ ਲੈ, ਪਈ ਉਹ ਮੈਨੂੰ ਛਾਤੀ ਤੋਂ ਟਰੱਕ ਲੰਘਾ ਕੇ ਮਾਰਨ।” ਉਹ ਮੇਰੇ ਤਰਲੇ ਪਾਉਣ ਤੇ ਉਤਰ ਆਇਆ ਸੀ।
ਹੁਣ ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ। ਮੈਂ ਹਾਰ ਕੇ ਸਖਤੀ ਨਾਲ ਕਿਹਾ-
”ਯਾਰ ਤੂੰ ਕਮਲਾ ਇਆਂ। ਦੱਸ ਭਲਾ ਇੰਝ ਮੰਗਿਆਂ ਵੀ ਮੌਤ ਮਿਲਦੀ ਐ?”
ਉਹ ਲੰਮਾ ਪਿਆ ਵਾਰ-ਵਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ ਜਾ ਕੇ ਗੱਲ ਕਰਾਂ। ਉੱਠ ਕੇ ਮੈਂ ਚੰਨੇ ਕੋਲ ਉਹਦੇ ਕਮਰੇ ਵਿੱਚ ਚਲਾ ਗਿਆ। ਸਾਰੀ ਗੱਲ ਸੁਣ ਕੇ ਚੰਨਾ ਪਾਗਲਾਂ ਵਾਂਗ ਹੱਸਣ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ-
”ਭੈਣ ਦਾ ਯਾਰ। ਹੁਣ ਸੌਖੀ ਮੌਤ ਮੰਗਦੈ। ਪਹਿਲਾਂ ਆਪ ਪੁਲਸੀਏ ਹੋ ਕੇ ਵੀ ਸਾਡੇ ਪੁਲਸੀਏ ਭਰਾ ਮਾਰਦਾ ਰਿਹੈ ਚੋਰੀ। ਹੁਣ ਡਰਦੈ? ਅਜੈਬੇ ਨੇ ਤੇ ਇਹਦੇ ਲਈ ਬੜਾ ਸਖਤ ਆਡਰ ਕੱਢਿਐ। ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਕੇ ਦਿੱਤੈ। ਅਸੀਂ ਇਥੋਂ ਹੀ ਇਹਦੇ ਗਲ ‘ਚ ਲੋਹੇ ਦਾ ਫੰਧਾ ਪਾਉਣੈ ਤੇ ਤੜਫਾਂਦੇ ਨੂੰ ਮੰਡ ਲਿਜਾ ਕੇ ਮਾਰ ਕੇ ਸੁੱਟਣੈ। ਇਹਦਾ ਸਾਹ ਅਸੀਂ ਅੱਧਾ ਪੌਣਾ ਘੰਟਾ ਨਾ ਆਉਣ ਦੇਣੈ ਤੇ ਨਾ ਇਹਨੂੰ ਮਰਨ ਦੇਣਾ ਏ। ਤੂੰ ਜਾ ਕੇ ਦੱਸ ਦੇਹ ਉਹਨੂੰ।”

***

ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ। ਉਹ ਚੁੱਪ ਹੋ ਗਿਆ। ਮੈਂ ਵੀ ਕੁਝ ਚਿਰ ਖਾਮੋਸ਼ ਰਿਹਾ। ਹਾਰ ਕੇ ਮੈਂ ਕਿਹਾ-
”ਭਾਅ! ਤੂੰ ਹਾਅ, ਏਦਾਂ ਦੀ ਮੌਤ ਕਿਉਂ ਮੰਗਦੈਂ?
”ਮੈਨੂੰ ਪਤਾ ਸੀ, ਤੂੰ ਇਹ ਸੁਆਲ ਕਰੇਂਗਾ। ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ। ਹੁਣ ਮੇਰੇ ਕੋਲ ਸਮਾਂ ਘੱਟ ਏ। ਮੈਂ ਦਿਲ ਤੋਂ ਬੋਝ ਲਾਹੁਣ ਚਾਹੁੰਨਾ। ਤੂੰ ਪਹਿਲਾ ਤੇ ਆਖਰੀ ਸਖਸ਼ ਏਂ, ਜੀਹਨੂੰ ਮੈਂ ਇਹ ਭੇਦ ਦੱਸ ਕੇ ਮਰਨੈ।” ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗਾ।
”ਮੈਨੂੰ ਪਾਸਾ ਦਵਾ ਦੇਹ।” ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ। ਮੈਂ ਪਾਸਾ ਦਵਾ ਦਿੱਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ ਹੋ ਕੇ ਕੰਧ ਨਾਲ ਢੋਅ ਲਾ ਕੇ ਬੈਠ ਗਿਆ। ਹੁਣ ਮੈਂ ਪੂਰੀ ਇਕਾਗਰਤਾ ਨਾਲ ਉਹਦੀ ਗੱਲ ਸੁਣਨ ਲਈ ਤਿਆਰ ਸਾਂ।

”ਗੱਲ ਏਦਾਂ ਸੀ ਵੱਡਿਆ। ਪਈ ਮੈਂ ਹੁਣ ਇਨਾਂ ਮਹੀਨਿਆਂ ਵਿੱਚ ਆਪਣੇ ਬਾਰੇ ਬੜਾ ਸੋਚਿਐ। ਮੈਂ ਆਪਣੇ ਸੁਭਾਅ ਦਾ ਤੇ ਜੀਵਨ ਦਾ ਆਪ ਬੜਾ ਨੇੜਿਓਂ ਹੋ ਕੇ ….ਇਹਨੂੰ ਸਮਝਣਾ ਚਾਹਿਆ ਏ।” ਉਹਨੂੰ ਗੱਲ ਕਰਨ ਲਈ ਸ਼ਬਦ ਨਹੀਂ ਸਨ ਅਹੁੜ ਰਹੇ।
”ਤੂੰ ਭਾਅ। ਕਰੀ ਚੱਲ ਗੱਲ।” ਮੈਂ ਉਹਨੂੰ ਹੌਸਲਾ ਦਿੱਤਾ।
”ਗੱਲ ਏਦਾਂ ਸੀ ਪਈ, ਮੈਂ ਜਦੋਂ ਪੁਲਿਸ ‘ਚ ਚਲਾ ਗਿਆ ਤੇ ਮਾਅਰ ਮੈਂ ਕੋਈ ਜੀਅ ਜੰਤ ਮਾਰਿਆ। ਕੋਈ ਗਿਣਤੀ, ਕੋਈ ਹਿਸਾਬ ਨਹੀਂ। ਏਜੰਸੀਆਂ ਦੇ ਕਹਿਣ ਤੇ ਮੈਂ ਅਖਬਾਰਾਂ ਵਾਲੇ ਮਾਰੇ, ਹਾਕਰ ਮਾਰੇ, ਮਾਸਟਰ ਮਾਰੇ, ਪਟਵਾਰੀ ਮਾਰੇ, ਡਾਂਸਰਾਂ ਮਾਰੀਆਂ, ਗੌਣ ਆਲੇ ਮਾਰੇ, ਖੁਸਰੇ ਮਾਰੇ। ਮੈਂ ਮਾਅਰ ਕੋਈ ਕੰਮ ਨਹੀਂ ਛੱਡਿਆ। ਮਾਰ ਕੇ ਕਦੀ ਮੈਂ ਪਰਚੀ ਮਾਨੋਚਾਹਲ ਦੀ ਸੁੱਟ ਦੇਣੀ। ਕਦੀ ਬੁੱਧਸਿੰਘ ਵਾਲੇ ਦੀ ਲਿਬਰੇਸ਼ਨ ਫੋਰਸ ਦੀ, ਕਦੇ ਬੱਬਰਾਂ ਦੀ। ਸਾਡੇ ਕੋਲ ਸਾਰੇ ਪੈਡ ਪਏ ਹੁੰਦੇ ਸਨ। ਸਿੱਖਾਂ ਨੂੰ ਕੀ ਪਤਾ ਲੱਗਣੈ ਪਈ ਇਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਹੀ ਸਰਕਾਰੀ ਚਿੰਬੜੇ ਹੋਏ ਸਨ। ਲੋਕ ਸਮਝਣਗੇ ਕਿ ਅੱਤਵਾਦੀ ਕੰਮ ਕਰ ਗਏ ਨੇ। ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸਨ।
ਮੈਂ ਚੁੱਪ ਸਾਂ। ਮੈਨੂੰ ਤੇ ਇਨਾਂ ਮਹੀਨਿਆਂ ਵਿੱਚ ਇਨਾਂ ਸਭ ਗੱਲਾਂ ਦਾ ਚਾਨਣ ਹੋ ਚੁੱਕਾ ਸੀ ਕਿ ਕਿਵੇਂ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਏ ਤੇ ਆਪ ਹੀ ਸਾਡੀ ਸਫ ਲਵੇਟੀ ਜਾ ਰਹੀ ਏ। ਪਰ ਅੱਜ ਜੱਸੇ ਦੇ ਮੂੰਹੋਂ ਸੁਣ ਕੇ ਚੰਗਾ ਲੱਗ ਰਿਹਾ ਸੀ।

***

”ਮੈਂ ਤੇ ਭਾਅ। ਤੇਰੇ ਨਾਂ ‘ਤੇ ਵੀ ਪੈਡ ਸੁੱਟ ਸੁੱਟ ਕੇ ਬੜੇ ਬੰਦੇ ਮਾਰੇ। ਅੰਬਰਸਰ ਕੰਪਨੀ ਬਾਗ ਕੋਲ ਜਿਹੜੇ ‘ਜਨਸੰਘੀ’ ਸਵੇਰੇ ਸੈਰ ਕਰਦੇ ਮਾਰੇ ਸਨ ਨਾ, ਉਹ ਮੈਂ ਈ ਮਾਰੇ ਸਨ, ਪਰਚੀ ਮੈਂ ਤੇਰੇ ਨਾਂ ਦੀ, ਮਾਸਟਰ ਕਰਮ ਸਿੰਘ ਦੇ ਨਾਂ ਦੀ ਸੁੱਟ ਦਿੱਤੀ ਸੀ। ਤਰਨਤਾਰਨ ਆਲੇ ਦਸ ਲਾਲੇ ਵੀ ਮੈਂ ਈ ਬੱਸ ‘ਚੋਂ ਲਾਹ ਕੇ ਮਾਰੇ ਸਨ। ਨਾ ਤੇਰਾ ਦੇ ਤਾ।” ਉਹ ਉੱਧੜ ਰਿਹਾ ਸੀ।
”ਹੁਣ ਛੱਡ ਪੁਰਾਣੀਆਂ ਗੱਲਾਂ ਵੀਰ,” ਮੈਂ ਕਿਹਾ।
”ਨਹੀਂ ਇਹ ਦੱਸਣੀਆਂ ਜ਼ਰੂਰੀ ਨੇ। ਇਹਨਾਂ ਗੱਲਾਂ ਦਾ ਸਬੰਧ ਹੀ ਤੇ ਹੈ ਮੇਰੀ ਅਗਲੀ ਗੱਲ ਨਾਲ।” ਉਹਨੇ ਲੜੀ ਜੋੜੀ।

”ਅੱਗੇ ਗੱਲ ਭਾਅ ਇਹ ਸੀ ਕਿ ਮੇਰਾ ਦਿਲ ਬਚਪਨ ਤੋਂ ਹੀ ਵਹਿਸ਼ੀ ਜਿਹਾ ਸੀ। ਜਿਵੇਂ ਦਿਲ ਦੀ ਥਾਂ ਖਬਰੇ ਕੋਈ ਜੰਗਾਲ ਖਾਧਾ ਲੋਹਾ ਰੱਖਿਆ ਸੀ। ਸ਼ਾਇਦ ਮੇਰੀ ਮਾਂ ਛੇਤੀਂ ਮਰ ਗਈ, ਉਹਦੇ ਵਿਗੋਚੇ ਕਰਕੇ ਮੈਂ ਇੰਝ ਹੋ ਗਿਆ। ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ ਗਏ ਸਨ। ਮੇਰੇ ਅੰਦਰਲਾ ਪਸ਼ੂ ਬਸ ਦਿਨੋਂ ਦਿਨ ਵਧਦਾ ਹੀ ਗਿਆ ਸੀ। ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸੇ ਨੂੰ ਮਾਰਨ ਲਈ ਲੱਭ ਈ ਲੈਂਦੇ। ਕੁੱਟਦੇ ਤਾਂ ਅਸੀਂ ਸਵਾਦ ਲੈ ਲੈ ਕੇ ਸਾਂ। ਆਹੀ ਫਕੀਰੀਆ ਮੇਰਾ ਪੁਰਾਣਾ ਆੜੀ। ਇਹਨੇ ਤੇ ਮੈਂ ਖਬਰੇ ਕੋਈ ਸੌ ਤੋਂ ਉਪਰ ਬੰਦਾ ਮਾਰਿਆ ਹੋਣੈ? ਮੈਂ ਤੇ ਇਹ ਮਸ਼ਹੂਰ ਸਾਂ। ਫਕੀਰੀਏ ਦੇ ਪੈਰਾਂ ਵਿੱਚ ਕੋਹੜ ਹੋਣ ਕਰਕੇ ਪਾਕ ਚਲਦੀ ਸੀ। ਨਾਭੇ ਦੀ ਟਾਡਾ ਆਲੀ ਜੇਲ ਵਿੱਚ ਫਕੀਰੀਆ ਇਹੀ ਪਾਕ ਆਲੇ ਪੈਰ ਬੰਨ ਕੇ ਲੰਮੇ ਸਮੇਂ ਮੁੰਡਿਆਂ ਦੇ ਪੈਰਾਂ ਤੇ ਰਗੜਦਾ ਹੁੰਦਾ ਸੀ।” ਉਹਨੇ ਸਾਹ ਲੈ ਕੇ ਕਿਹਾ।

”ਫੇਰ। ਅੱਗੋਂ ਕੀ ਹੋਇਆ?” ਮੈਂ ਦਿਲਚਸਪੀ ਵਿਖਾਈ।
”ਦੱਸਦਾਂ।” ਉਹਨੇ ਲੰਮੇ ਸਾਹ ਲਏ।
”ਹੋਇਆ ਭਾਅ ਏਦਾਂ ਪਈ ਸਾਨੂੰ ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਟਾਲੇ ਫਤਹਿਗੜ ਚੂੜੀਆਂ ਆਲੀ ਰੋਡ ਤੇ ਮੀਲ ਕੁ ਹਟ ਕੇ ਜਿਹੜਾ ਬਾਜਵਾ ਟਰਾਂਸਪੋਰਟ ਇਆ। ਉਹਦੇ ਕੋਲ ਬਾਬਾ ਬਿਜਲਵਾਲ ਮਰਨ ਤੋਂ ਪਹਿਲਾਂ ਸੱਤ ਕੁ ਲੱਖ ਰੁਪਈਆ ਛੱਡ ਗਿਐ। ਉਦੋਂ ਮੇਰੀ ਡਿਊਟੀ ਅਚੱਲ ਵਟਾਲੇ ਤੋਂ ਪਹਿਲਾਂ ਸੜਕ ਆਲੀ ਚੌਂਕੀ ਵਿੱਚ ਸੀਗੀ। ਅਸੀਂ, ਮੈਂ ਤੇ ਛੋਟੇ ਥਾਣੇਦਾਰ ਗੁਰਮੁਖ ਤੇ ਸਾਡੀ ਜੁੰਡੀ ਦੇ ਦੋ ਸਿਪਾਹੀ ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਬਾਜਵੇ ਨਾਲ ਲੇਖਾ ਕਰਨ ਦੀ ਸਲਾਹ ਬਣਾਈ। ਮੁਖਬਰ ਨੇ ਦੱਸਿਆ ਸੀ ਪਈ ਪੈਸਾ ਉਹਦੇ ਘਰ ‘ਚ ਹੀ ਹੈ, ਅਜੇ ਕਿਸੇ ਲੇਖੇ ਨਹੀਂ ਲੱਗਾ। ਅਸੀਂ ਬਟਾਲੇ ਆਲੇ ਐੱਸ.ਐੱਸ.ਪੀ. ਨੂੰ ਗੱਲ ਖੋਲ ਦਿੱਤੀ ਤੇ ਹਿੱਸਾ ਪੱਤੀ ਮੰਨ ਕੇ ਅੱਧੀ ਰਾਤ ਨੂੰ ਬਾਜਵੇ ਦਾ ਬੂਹਾ ਭੰਨਿਆ। ਪਹਿਲਾਂ ਉਹ ਖੋਲੇ ਨਾ, ਅਸੀਂ ਪੰਜ ਛੇ ਹੋਮਗਾਡੀਏ ਪਿਛਲੀ ਕੰਧ ਵੱਲ ਖੜੇ ਕੀਤੇ ਹੋਏ ਸਨ ਕਿ ਉਧਰੋਂ ਕੋਈ ਨਾ ਭੱਜੇ। ਇਧਰੋਂ ਅਸੀਂ ਚਾਰਾਂ ਬੂਹੇ ਭੰਨ ਕੇ ਖੁਲਵਾ ਲਏ। ਘਰ ਸਿਰਫ ਉਹ ਟਰਾਂਸਪੋਰਟਰ, ਉਹਦੀ ਪਤਨੀ ਤੇ ਉਨਾਂ ਦੀ ਦੋ ਢਾਈ ਸਾਲ ਦੀ ਬਾਲੜੀ ਹੀ ਸਨ। ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ, ਮੈਨੂੰ ਪਤਾ ਨਹੀਂ।”

”ਲੈ ਬਈ ਮਾਸਟਰਾ। ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਸਾਈ। ਅਸੀਂ ਉਸ ਉਜਾੜ ਘਰ ਤੇ ਉਜਾੜ ਆਸ ਪਾਸ ਵਿੱਚ ਬਗੈਰ ਚੀਕਾਂ ਦੀ ਪਰਵਾਹ ਕੀਤਿਆਂ ਉਹਦੇ ਸਾਰੇ ਹੱਡ ਤੋੜੇ, ਪਰ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ। ਹਾਰ ਕੇ ਉਹਦੀ ਵਹੁਟੀ ਮਾਰੀ। ਉਹ ਤੇ ਸਗੋਂ ਹੋਰ ਸ਼ੇਰ ਹੋ ਗਿਆ। ਕਹਿੰਦਾ ਹੁਣ ਤੇ ਜੋ ਮਰਜ਼ੀ ਵਿਗਾੜ ਲਓ, ਮੈਂ ਕੁਝ ਨਹੀਂ ਦਵਾਲ। ਜੀਹਦੇ ਲਈ ਭੱਜਾ ਫਿਰਦਾ ਸਾਂ, ਉਹ ਤੇ ਤੁਸੀਂ ਮਾਰ ਘੱਤੀ। ਉਹ ਤੇ ਮਾਸਟਰਾ, ਸਾਨੂੰ ਗਾਲਾਂ ਕੱਢੀ ਜਾਏ।” ਉਹਨੇ ਸਾਹ ਲਿਆ।

”ਲੈ ਬਈ ਮਾਸਟਰਾ। ਉਹਦੀਆਂ ਗਾਲਾਂ ਨਾਲ ਮੇਰੇ ਸਿਰ ਨੂੰ ਪਤਾ ਨਹੀਂ ਕੀ ਘੇਰਨੀ ਚੜੀ? ਮੈਂ ਉਹਦੀ ਉਹ ਦੋ ਢਾਈ ਸਾਲ ਦੀ ਬਾਲੜੀ ਉਹਦੇ ਸਾਹਮਣੇ ਹੀ ਲੱਤਾਂ ਤੋਂ ਫੜੀ ਤੇ ਗੁੱਸੇ ‘ਚ ਜ਼ੋਰ ਦੀ ਜ਼ਮੀਨ ‘ਤੇ ਮਾਰੀ। ਜਿੱਦਾਂ ਕੱਪੜਾ ਧੋਣ ਲੱਗਿਆਂ ਜ਼ਮੀਨ ਤੇ ਮਾਰੀਦੈ ਨਾ ਜ਼ਮੀਨ ‘ਤੇ ਏਦਾਂ ਮਾਰੀ। ਉਹਨੇ ਬਾਲੜੀ ਨੇ ਮੇਰੇ ਹੱਥਾਂ ‘ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰਕੇ ਮੇਰੇ ਵੱਲ ਵੇਖਿਆ, ਤੇ…….ਤੇ ਸਕਿੰਟ ਕੁ ਬਾਅਦ ਉਹਦਾ ਖੱਖੜੀਆਂ ਹੋਇਆ ਸਿਰ ਦੋ ਟੋਟਿਆਂ ਵਿੱਚ ਖਿੱਲਰ ਗਿਆ।”

ਮੈਂ ਸੁਣ ਕੇ ਸੁੰਨ ਹੋ ਗਿਆ। ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ। ਉਹ ਮੇਰੇ ਮੂੰਹ ਵੱਲ ਵੇਖੀ ਗਿਆ। ਹਾਰ ਕੇ ਉਹਨੇ ਕਿਹਾ-
”ਮੈਨੂੰ ਪਤਾ ਸੀ, ਤੂੰ ਸੁਣ ਕੇ ਸੁੰਨ ਹੋ ਜਾਣੈਂ। ਕਹੇਂ ਤਾਂ ਅੱਗੋਂ ਦੱਸਾਂ?”
”ਪਰ….ਪਰ ਇਹਦੇ ਪਿਉ ਦਾ ਕੀ ਬਣਿਆ?” ਮੈਂ ਏਨਾ ਕਹਿ ਸਕਿਆ।
”ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ। ਹਾਰ ਕੇ ਗੁਰਮੁਖ ਨੇ ਗੋਲੀ ਮਾਰ ਕੇ ਉਥੇ ਵਿਹੜੇ ਵਿੱਚ ਹੀ ਉਹਨੂੰ ਮਾਰ ਦਿੱਤਾ। ਤੇ ਅਸੀਂ ਸਾਰੇ ਖਾਲੀ ਹੱਥ ਉਥੋਂ ਆ ਗਏ। ਐੱਸ.ਐੱਸ.ਪੀ. ਨੂੰ ਆ ਕੇ ਅਸੀਂ ਰਿਪੋਰਟ ਕਰ ਦਿੱਤੀ। ਸਵੇਰੇ ਉਹਨੇ ਪੱਤਰਕਾਰਾਂ ਨੂੰ ਸੱਦ ਕੇ ਇਹਨੂੰ ਖਾੜਕੂਆਂ ਦੀ ਆਪਸੀ ਲੜਾਈ ਕਹਿ ਦਿੱਤਾ।

”ਫੇਰ?”
”ਫੇਰ ਕੀ ਭਾਅ? ਅਸੀਂ ਭੁੱਲ-ਭੁਲਾ ਗਏ। ਪਰ ਹਫਤੇ ਕੁ ਬਾਦ ਹੀ ਨਾ, ਰੋਜ਼ ਰਾਤ ਜਦ ਮੈਂ ਸ਼ਰਾਬ ਨਾਲ ਲੋਹੜ ਹੋ ਕੇ ਸੌਵਾਂ, ਕਿ ਬਸ ਰਾਤ ਨੂੰ ਇੱਕ ਡੇਢ ਵਜੇ ਰੋਜ਼ ਕੋਈ ਡਰਾ ਕੇ ਜਗਾ ਦੇਵੇ। ਅੱਖਾਂ ਬੰਦ ਕਰਾਂ ਤਾਂ ਵੀ ਦਿਖੇ ਤੇ ਅੱਖਾਂ ਖੋਲਾਂ ਤਾਂ ਵੀ ਦਿਖੇ।” ਉਸ ਕਿਹਾ।
”ਕੀ ਦਿਖੇ?” ਮੈਂ ਪੁੱਛਿਆ।
”ਬਸ ਭਾਅ। ਉਹ ਦੋ-ਢਾਈ ਕੁ ਸਾਲ ਦੀ ਬਾਲੜੀ ਦਿਖੀ ਜਾਏ। ਇੱਕ ਹੱਥ ‘ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੇ ਵਿੱਚ ਕਿਸੇ ਟੁੱਟੇ ਤੇ ਫਿੱਸੇ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉੱਠ ਜਾਵਾਂ। ਰਾਤਾਂ ਨੂੰ ਨੀਂਦ ਨਾ ਪਵੇ। ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲੇ ਵੀ ਤੇ ਤਰਨਤਾਰਨ ਵਾਲੇ ਵੀ ਐੱਸ.ਪੀ. ਕਹਿਣ ਕੀ ਹੋ ਗਿਐ ਤੇਰੇ ਚਿਹਰੇ ਨੂੰ? ਜੇ ਬਟਾਲਾ ਨਹੀਂ ਮਾਫਕ ਤਾਂ ਸਾਡੇ ਕੋਲ ਆ ਜਾਹ। ਪਰ ਮੈਂ ਉਨਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾ ਦਿੱਤੀ, ਪਰ ਚੈਨ ਕਿੱਥੇ? ਹਾਰ ਕੇ ਮੈਂ ਚਾਟੀਵਿੰਡ ਆਲੇ ਪੀਰ ਗਾਲੜੂ ਸ਼ਾਹ ਕੋਲ ਗਿਆ। ਉਹਨੇ ਮੈਨੂੰ ਬਿਨਾਂ ਕੁਝ ਪੁੱਛੇ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ। ਮੈਂ ਦਿਲ ‘ਚ ਉਹਨੂੰ ਲੱਖ ਗਾਲ ਕੱਢੀ ਤੇ ਆ ਗਿਆ। ਬਈ ਭੜੂਵਿਆ। ਮੌਤ ਮੈਨੂੰ ਕੀ ਕਰੇਗੀ? ਮੈਨੂੰ ਨੀਂਦ ਤੇ ਦੇਹ ਇੱਕ ਰਾਤ।” ਉਹ ਰੁਕ ਗਿਆ।

”ਫੇਰ ਤੂੰ ਕੀ ਕੀਤਾ?” ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸਾਂ। ਮੇਰੇ ਲਈ ਇਹ ਅਸਲੋਂ ਹੀ ਅਲੋਕਾਰ ਗੱਲਾਂ ਸਨ। ਜੀਵਨ ਦੇ ਏਨੇ ਭਿਆਨਕ ਰੰਗ ਵੇਖ ਕੇ ਵੀ ਇਹ ਗੱਲਾਂ ਤੇ ਜੱਸੇ ਦਾ ਇਹ ਵਰਤਾਰਾ ਜਿਵੇਂ ਸੁੰਨ ਕਰ ਰਿਹਾ ਸੀ।
”ਫੇਰ ਕੀ ਭਾਅ ਵੱਡਿਆ? ਮੈਂ ਸੋਚਿਆ, ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਿਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਏ। ਮਰਦਾ ਕੀ ਨਾ ਕਰਦਾ? ਮੇਰਾ ਡਮਾਕ ਤੇ ਹਿੱਲ ਚੁੱਕਾ ਸੀ। ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ ਪੁਲਸੀਆਂ ਦੇ ਘਰ ਸਨ, ਚਾਹੇ ਉਹ ਹੋਮਗਾਰਡੀਆ ਈ ਹੋਵੇ, ਉਨਾਂ ਵੱਲ ਜਾ ਕੇ ਤਾੜ ਰੱਖਣੀ। ਜਦੋਂ ਦਾਅ ਲੱਗਣਾ ਕੋਈ ਨਾ ਕੋਈ ਸਿਪਾਹੀ, ਕੋਈ ਹੋਮਗਾਰਡੀਆ ਜਾਂ ਕੋਈ ਛੋਟਾ ਥਾਣੇਦਾਰ ਮਾਰ ਕੇ ਸੁੱਟ ਆਉਣਾ। ਤੇ ਸੱਚ ਜਾਣੀਂ। ਇੱਕ ਦੋ ਦਿਨ ਉਸੇ ਕੁੜੀ ਦੇ ਭੂਤ ਨੇ ਨਾ ਆਉਣਾ। ਪਰ ਤੀਸਰੇ ਕੁ ਦਿਨ ਫੇਰ ਉਸੇ ਬਾਲੜੀ ਨੇ ਆ ਵਖਾਲੀ ਦੇਣੀ। ਅੰਤ ਮੈਂ ਗੈਰਹਾਜ਼ਰ ਹੋਣ ਲੱਗ ਪਿਆ ਤੇ ਪਾਗਲਾਂ ਵਾਂਗ ਇੱਕ ਜ਼ਿਲੇ ਤੋਂ ਦੂਜੇ ਜ਼ਿਲੇ ਵਿੱਚ ਭਟਕਣ ਲੱਗ ਪਿਆ।” ਉਸ ਕਿਹਾ।

ਮੈਂ ਚੁੱਪ ਸਾਂ। ਉਸ ਆਪੇ ਫੇਰ ਗੱਲ ਛੋਹੀ।
”ਮੇਰਾ ਭਾਅ। ਪਾਗਲਪਣ ਬਹੁਤ ਵਧ ਗਿਆ ਸੀ। ਵਾਕਫੀ ਮੇਰੀ ਬੜੀ ਸੀ। ਮੈਂ ਪਤਾ ਕਰਨਾ ਕਿ ਕਿਹੜਾ ਸਿਪਾਹੀ ਕਿਸ ਥਾਣੇ ‘ਚੋਂ ਰੋਜ਼ ਘਰ ਜਾਂਦੈ ਜਾਂ ਕਿਹੜਾ ਛੁੱਟੀ ‘ਤੇ ਚੱਲ ਰਿਹਾ ਹੈ? ਮੈਂ ਜਿੱਥੇ ਦਾਅ ਲੱਗਣਾ, ਮਾਰੀ ਟੁਰੀ ਜਾਣੇ। ਹਾਲਤ ਇਹ ਹੋ ਗਈ ਕਿ ਮੈਂ ਆਪਣੇ ਵਰਿਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਸੁੱਟੇ। ਰਾਮ ਸੁੰਹ ਬਚ ਗਿਆ ਸੀ। ਮਾਅਰ ਪੁਲਿਸ ‘ਚ ਤੇ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨ ਏਦਾਂ ਗੁਪਤ ਰੂਪ ਵਿੱਚ ਮਾਰੀ ਜਾ ਰਿਹੈ?”

”ਪਰ ਭਾਅ! ਤੂੰ ਫੜਿਆ ਨਾ ਗਿਆ?” ਮੈਂ ਕਿਹਾ।
”ਫੜਿਆ ਮੈਂ ਟੱਟੂ ਜਾਣਾ ਸੀ? ਮੇਰੇ ‘ਤੇ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਸਵੇਰੇ ਮੈਂ ਕਮਲਿਆਂ ਵਾਂਗ ਥਾਣੇ ਫਿਰਦਾ ਰਹਿੰਦਾ। ਹਰ ਕੋਈ ਸਮਝਦਾ, ਕਿਸੇ ਅੱਤਵਾਦੀ ਜਾਂ ਕਿਸੇ ਪਨਾਹ ਦੇਣ ਵਾਲੀ ਦੀ ਮਾਰ ਵਿੱਚ ਫਿਰਦੈ। ਤੇ ਸ਼ੱਕ ਮੇਰੇ ‘ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਏਸ ਲਿਬਰੇਸ਼ਨ ਵਾਲੇ ਸੀਤਲ ਸੁੰਹ ਮਹਿਤੇ ਚੌਂਕ ਆਲੇ ਦੀ ਬੇੜੀ ਬਹਿ ਗਈ ਤੇ ਮੈਂ ਫੜਿਆ ਗਿਆ।” ਉਸ ਕਿਹਾ।
”ਸੀਤਲ ਨੇ ਕਿੱਦਾਂ ਤੈਨੂੰ ਫੜਿਆ?” ਮੈਂ ਪੁੱਛਿਆ।
”ਉਹ ਮੈਂ ਨਾ ਮਾਸਟਰਾ। ਧੂਲਕੇ ਅਲ ਕਿਤੇ ਇੱਕ ਰਾਤ ਕਿਸੇ ਹੋਮਗਾਰਡੀਏ ਦਾ ਕੰਮ ਕਰਨ ਗਿਆ ਸਾਂ। ਮੈਨੂੰ ਪੱਕਾ ਪਤਾ ਸੀ ਕਿ ਪਈ ਉਹ ਰਾਤ ਨੂੰ ਸੈਕਲ ‘ਤੇ ਪਿੰਡ ਨੂੰ ਜਾਂਦੈ। ਜਦ ਨਾ ਮੈਂ ਉਹਨੂੰ ਮਾਰਨ ਲੱਗਾ, ਉਹਨੇ ਕਿਹਾ, ”ਕੌਣ ਐ?” ਉਹਦੇ ਲਲਕਾਰੇ ਦੇ ਜਵਾਬ ਵਿੱਚ ਮੈਂ ਕਿਤੇ ਕਹਿ ਬੈਠਾ, ”ਹੁਣ ਕਿੱਥੇ ਜਾਏਂਗਾ? ਮੈਂ ਤੇਰਾ ਭਣਵੋਈਆ ਸੀਤਲ ਇਆਂ।” ਉਹਨੂੰ ਤੇ ਮਾਰ ਦਿੱਤਾ, ਪਰ ਮੈਂ ਨਸ਼ੇ ਕਾਰਣ ਇਹ ਨਾ ਵੇਖ ਸਕਿਆ ਕਿ ਮਗਰ ਇੱਕ ਹੋਰ ਸਾਈਕਲ ਵਾਲਾ ਵੀ ਆ ਰਿਹਾ ਸੀ। ਉਹ ਖਬਰੇ ਕੋਈ ਦੋਧੀ ਸੀ, ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ। ਲਓ ਜੀ, ਉਹ ਅਗਲੀ ਸਵੇਰ ਸੀਤਲ ਨੂੰ ਦੱਸ ਆਇਆ, ਪਈ ਤੇਰੇ ਨਾਂ ਤੇ ਤਾਂ ਰਾਤੀਂ ਸਾਡੇ ਪਿੰਡ ਆਲਾ ਹੋਮਗਾਰਡੀਆ ਮਾਰ ਤਾ ਤੇ ਤੂੰ ਇਥੇ ਫਿਰੀ ਜਾਨੈਂ। ਲਉ ਜੀ, ਸੀਤਲ ਸੀ ਪੰਜਾਬ ਪੁਲਿਸ ਦਾ ਬੰਦਾ। ਮੈਂ ਐਵੇਂ ਉਹਦਾ ਨਾਂ ਲੈ ਤਾ। ਉਹ ਤੇ ਜੀ ਫੱਟ ਐੱਸ.ਪੀ. ਕੋਲ ਪੁੱਜਦਾ ਹੋ ਗਿਆ। ਤੇ ਨਾਲੇ ਸੀ.ਆਈ.ਡੀ. ਮਗਰ ਲਾ ਤੀ। ਤੇ ਲਉ ਜੀ ਸੀ.ਆਈ.ਡੀ. ਆਲਿਆਂ ਹਫਤਾ ਨਹੀਂ ਪੈਣ ਦਿੱਤਾ, ਮੈਨੂੰ ਫੜ ਕੇ ਅਜੈਬੇ ਕੋਲ ਦੇ ਗਏ। ਪਹਿਲੇ ਤੇ ਜਲੰਧਰ ਪੁਲਿਸ ਆਲੇ ਲੈ ਗਏ, ਕਿਉਂਕਿ ਮੈਂ ਜਿਸ ਐੱਸ.ਐੱਸ.ਪੀ. ਨਾਲ ਸਾਂ, ਉਹ ਜਲੰਧਰ ਜਾ ਵੜਿਆ ਸੀ। ਉਹਨੇ ਫੇਰ ਮੈਨੂੰ ਅਜੈਬੇ ਨੂੰ ਦੇ ਦਿੱਤਾ। ਮੈਂ ਖਬਰੇ, ਕੋਈ ਪੰਤਾਲੀ ਜਾਂ ਪੰਜਾਹ ਦੇ ਕਰੀਬ ਸਿਪਾਹੀ ਮਾਰੇ ਹੋਣੇ ਆ।” ਉਹਨੇ ਲੰਮਾ ਸਾਹ ਲੈ ਕੇ ਆਪਣੀ ਰਾਮ ਕਹਾਣੀ ਮੁਕਾ ਦਿੱਤੀ।

***

”ਪਰ ਹੁਣ ਤੂੰ ਕੀ ਚਾਹੁੰਨੈ?” ਮੈਂ ਕਿਹਾ।
”ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਓ।” ਉਸ ਫੇਰ ਕਿਹਾ।
”ਕਦੰਤ ਨਹੀਂ ਹੋ ਸਕਦਾ।” ਮੈਂ ਅੱਕ ਕੇ ਕਿਹਾ।
”ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।” ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।
”ਉਏ, ਉਹ ਤੇ ਗਿੱਲ ਦਾ ਹੁਕਮ ਸੀ।” ਮੈਂ ਉਹਨੂੰ ਸੱਚ ਦੱਸ ਦਿੱਤਾ।
”ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?” ਉਸ ਬੱਚਿਆਂ ਵਾਂਗ ਹਠ ਕੀਤਾ।
”ਪਰ ਯਾਰ। ਤੂੰ ਇਸ ਸਿਆਪੇ ‘ਚ ਕਿਉਂ ਪੈਨੈ? ਗੱਲ ਕੀ ਆ ਵਿੱਚੋਂ?” ਮੈਂ ਅੱਕ ਕੇ ਕਿਹਾ।
”ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।” ਉਸਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-
”ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫੜਿਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ।” ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬੱਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇੱਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ ‘ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿੱਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲੱਗ ਪੈਂਦੇ। ਤੇ ਜਿਵੇਂ ਮੇਰੀ ਛਾਤੀ ‘ਤੇ ਬੈਠੀ ਉਹ ਮਣਾਂ, ਟਨਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲਦਾਂ, ਹੱਥ ਮੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।”

ਮੈਂ ਚੁੱਪ ਸਾਂ।
ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ-
”ਭਾਅ। ਮੇਰੀ ਬਸ ਆਹ ਇੱਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਇਹ ਭਾਰ ਛਾਤੀ ‘ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦਏ। ਖਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।”

Categories: ਕਹਾਣੀ, ਮਨਿੰਦਰ ਕਾਂਗ | Tags: , , , | Leave a comment

ਕੁੱਤੀ ਵਿਹੜਾ – ਮਨਿੰਦਰ ਸਿੰਘ ਕਾਂਗ


ਕੁੱਤੀ ਵਿਹੜਾ

ਮਨਿੰਦਰ ਸਿੰਘ ਕਾਂਗ

 

 

‘ਕੁੱਤੀ ਵਿਹੜਾ` ਜਾਂ ‘ਕਸਾਈ ਵਿਹੜਾ` – ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ ਸ਼ਹਿਰ ਦੇ ਜੰਮਪਲ ਫੱਟ ਦੱਸ ਦੇਣਗੇ ਕਿ ਸੁਲਤਾਨਵਿੰਡ ਗੇਟ ਦੇ ਅੰਦਰੋਂ ਲੰਘਦਿਆਂ ਕਿਰਪਾਨਾਂ ਵਾਲਾ ਬਜ਼ਾਰ ਲੰਘ ਕੇ, ਤੇ ਢੋਲੀਆਂ ਵਾਲੇ ਚੌਂਕ ਤੋਂ ਲੈ ਕੇ ਹਰਮੰਦਰ ਸਾਹਿਬ ਦੇ ਰਾਹ ਵਿੱਚ ਪੈਂਦੀ ਸੋਡਾ-ਵਾਟਰ ਫੈਕਟਰੀ ਤੱਕ ਕੁੱਤੀ ਵਿਹੜਾ ਹੀ ਜੇ! ਅਗੋਂ ਤੇ ਫੇਰ ਗੁਰੂ ਰਾਮ ਦਾਸ ਸਰਾਂ ਸ਼ੁਰੂ ਹੋ ਜਾਂਦੀ ਏ!

– – – –

ਤੇ ਮੈਂ ਲਿਖਣਾ ਕੋਈ ਨਹੀਂ ਸੀਗਾ ਏਸ ਸਭ ਕੁਝ ਬਾਰੇ, ਜੇ ਕਿਤੇ ਬਾਲਮੀਕੀਆਂ ਦੇ ਬੰਟੀ ਨੇ ਡੱਬ ਵਿੱਚੋਂ ਲੰਮਾ ਖੰਜਰ ਕੱਢ ਕੇ ਲਲਕਾਰੇ-ਚੀਕਾਂ ਨਾ ਮਾਰੀਆਂ ਹੁੰਦੀਆਂ…!

ਇਹ ਤੇ ਇਲੈਕਸ਼ਨਾਂ ਦੇ ਦਿਨ ਸਨ ਤੇ ਵਰ੍ਹਾ 1997 ਦਾ ਲਗਾ ਜਾਂਦਾ ਸੀ। ਇਧਰ ਚੌਂਕ ਬਾਬੇ ਭੌੜੀ ਵਾਲੇ ਦਾ ਪੁਰਾਣਾ ਦਸ ਨੰਬਰੀਆ, ਤੇ ਕਹਿੰਦਾ-ਕੁਹਾਂਦਾ ਬਦਮਾਸ਼ “ਸਲਾਹੀਆ ਸੁਤਲਾਨ ਵਿੰਡੀਆ” ਇਲੈਕਸ਼ਨ ਲੜ ਰਿਹਾ ਸੀ ਫੇਰ ਇਸ ਵਾਰ! ਪਹਿਲੇ ਉਹ ਆਪਣੇ ਬਦਮਾਸ਼ ਗੁਰੂ ‘ਇਕਵਿੰਦਰ ਸਿੰਘ’ ਨਾਲ ਕਈ ਦਹਾਕੇ ਯੂਥ ਕਾਂਗਰਸ ਦਾ ਬਦਮਾਸ਼ ਵਰਕਰ ਰਿਹਾ ਸੀ। ਇਸ ਵਾਰ ਆਪਣੇ ਬਦਮਾਸ਼+ਸਿਆਸੀ ਗੁਰੂ ‘ਇਕਵਿੰਦਰ’ ਦੇ ਇਸ਼ਾਰੇ ਤੇ ਅਕਾਲੀ ਹੋ ਗਿਆ ਸੀ। ਮੁੱਖ ਮੰਤਰੀ ਰੌਸ਼ਨ ਸਿੰਘ ਦੀ ਹਾਜ਼ਰੀ ਵਿੱਚ ਉਹਨੂੰ ਸਿਰੋਪਾ ਪਾ ਕੇ ਅਕਾਲੀ ਸਿੰਘ ਬਣਾ ਲਿਆ ਗਿਆ ਸੀ। ਇਥੋਂ ਤੱਕ ਕਿ ਟਿਕਟ ਨਾਲ ਵੀ ਨਿਵਾਜਿਆ ਗਿਆ ਸੀ। ਸਰਕਾਰੀ ਏਜੰਸੀਆਂ ਨੇ ਵੀ ਤਬਦੀਲੀ ਲਿਆਉਣੀ ਸੀ। ਉਹਨਾਂ ਵਲੋਂ ਵੀ ਥਾਪੜਾ ਮਿਲ ਗਿਆ ਸੀ। ਖ਼ੁਫ਼ੀਆ ਸਰਕਾਰੀ ਤੰਤਰ ਨਾਲ ਸੀ। ਜ਼ਾਹਰ ਸੀ, ਸਾਲਾਂ ਦੀ ਉਸਦੀ ਖ਼ੁਫ਼ੀਆ ਏਜੰਸੀਆਂ ਨਾਲ ਨਿਭਾਈ ਯਾਰੀ ਕੰਮ ਆਈ ਸੀ, ਤੇ ਉਹਨੂੰ ਪੱਕਾ ਕੀਤਾ ਗਿਆ ਸੀ ਕਿ ਇਸ ਵਾਰ ਐਮ.ਐਲ.ਏ. ਉਹ ਹੀ ਬਣੇਗਾ…!

…ਦੂਸਰੀ ਵੱਡੀ ਗੱਲ, ਉਹਦੇ ਸਿਆਸੀ+ਬਦਮਾਸ਼ ਗੁਰੂ ਇਕਵਿੰਦਰ ਨੇ ਵੀ ਦਿੱਲੀ ਦਰਬਾਰ ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਦੇ ਹੁਕਮ ਤੇ ‘ਰੌਸ਼ਨ-ਬਾਣੀ’ ਗ੍ਰਹਿਣ ਕਰ ਲਈ ਸੀ। ਹੁਣ ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਕਦੀ ਵੱਖੋ-ਵੱਖਰਾ ਦਿੱਸਦਾ ਖਾਸਾ ਵੀ ਇਕ ਹੋ ਚੁੱਕਾ ਸੀ। ਹੁਣ ਅਕਾਲੀਆਂ ਵਿੱਚ ਵੀ ਸ਼ਹਿਰ ਦੇ ਕਾਂਗਰਸੀ ਬਦਮਾਸ਼ਾਂ ਵਾਲੇ ਨਾਂ ਰੱਖਣ ਤੇ ਚੈਨੀਆਂ-ਮੁੰਦੀਆਂ ਪਾ ਕੇ ਜੀਪਾਂ ‘ਤੇ ਚੜ੍ਹ ਕੇ ਚੋਣ-ਮੁਹਿੰਮ ਚਲਾਣ ਦੀ ਲਹਿਰ ਸੀ। ਕੋਈ ਬਦਮਾਸ਼ ਹੁਣ “ਕਿੱਟਾ” ਜੀ ਸੀ, ਕੋਈ “ਬਿੱਟਾ” ਜੀ! ਕੋਈ ਹੁਣ “ਟੀਟੂ” ਜੀ ਸਨ ਤੇ ਕੋਈ ਹੁਣ “ਬੰਟੀ” ਜੀ ਸਨ। ਕੋਈ ਰੋਮੀ-ਟੋਮੀ ਸੀ, ਕੋਈ “ਬਿੱਟੂ-ਟੀਟੂ” ਸਨ। ਕਿਤੇ-ਕਿਤੇ “ਲਾਟੀ” ਜੀ, “ਲਾਡੀ” ਜੀ ਵੀ ਮਿਲਦੇ ਸਨ, ਤੇ ਕਿਤੇ ਨਾ ਕਿਤੇ ਭਪੀ ਭਾਜੀ, ਭੂਪੀ ਭਾਜੀ ਤੇ ਗਿੰਦਾ-ਭਿੰਦਾ ਜੀ ਵੀ ਸਨ। ਜਿਸਨੂੰ ਕੁਝ ਨਹੀਂ ਸੀ ਲੱਭਦਾ, ਉਹ ਦਾੜ੍ਹੀ ਲੰਮੀ ਕਰਕੇ ਨਾਂ ਦੇ ਮਗਰ ਖਾਲਸਾ ਜੋੜ ਲੈਂਦਾ ਸੀ। ਰਾਤ ਨੂੰ ਲੰਮੀ ਦਾੜ੍ਹੀ ਸਮੇਤ ਜਾਂ ਤੇ ਤੰਮਾਕੂ ਦਾੜ੍ਹਾਂ ਵਿੱਚ ਰੱਖਕੇ ਪੈਗ ਲਾਉਂਦੇ, ਜਾਂ ਨਾਗਣੀ (ਅਫ਼ੀਮ) ਦੀ ਉਂਗਲ ਚੱਟਦੇ…।

…ਅੰਬਰਸਰ ਪੂਰੀਆਂ ਚੜ੍ਹਾਈਆਂ ‘ਤੇ ਸੀ !

…ਇਹੋ ਜਿਹੇ ਵਧੀਆ ਸਮਿਆਂ ਵਿੱਚ, ਜਦੋਂ ਕਿ ਸਮਾਂ 1997 ਦਾ ਚਲ ਰਿਹਾ ਸੀ ਤੇ ਇਲੈਕਸ਼ਨ ਸਿਰ ‘ਤੇ ਸਨ, ਮੈਂ ਆਪਣੇ ਮਿੱਤਰ-ਪਿਆਰਿਆਂ ਨਾਲ ਦਰਬਾਰ ਸਾਹਿਬ, ਸਰਾਂ ਵਾਲੇ ਪਾਸਿਉਂ ਪੈਦਲ ਨਿਕਲਦਾ ਬਾਹਰ ਸੁਲਤਾਨਵਿੰਡ ਰੋਡ ‘ਤੇ ਚੜ੍ਹਿਆ। ਇਧਰ ਦੇ ਮਸ਼ਹੂਰ ਇਲਾਕੇ ਅਜੀਤ ਨਗਰ ਦੇ ਬਾਹਰ ਏਸੇ ਬਦਮਾਸ਼ ‘ਸਲਾਰੀਏ’ ਦੇ ਵਿਰੋਧੀ ਦਾ ਇਲੈਕਸ਼ਨ ਜਲਸਾ ਹੋ ਰਿਹਾ ਸੀ। ਇਥੇ ਹੀ ਮੈਨੂੰ ਬੰਟੀ ਦੇ ਦਰਸ਼ਨ ਹੋਏ, ਜਦੋਂ ਉਹਨੇ ਸ਼ਰਾਬ ਨਾਲ ਰੱਜੇ ਹੋਏ ਨੇ ਡੱਬ ਵਿਚੋਂ ਖੰਜਰ ਕੱਢ ਕੇ ਘੁਮਾਇਆ। ਨਾਲ ਹੀ ਲਲਕਾਰਾ ਮਾਰਿਆ-

“ਓਏ ਰੋਡ ‘ਤੇ ਕੁੱਤੀ ਨਹੀਂ ਬੁੜਕਣ ਦੇਣੀ! ਲੰਡੀ-ਬੁੱਚੀ ਡੁਰਰ-ਰ ਉਏ…!”

ਮੇਰੇ ਨਾਲ ਮੇਰੇ ਤਿੰਨ ਸਾਥੀ ਸਨ। ਇਕ ਤੇ ਸਥਾਨਕ ਕਵੀ ਹਰਜੀਤ ‘ਨੀਲਮਣੀ’ ਜੀ ਸਨ। ਦੂਸਰਾ ਸਾਡਾ ਸਾਂਝਾ ਮਿੱਤਰ ਗੁਰਿੰਦਰ ਗੀਟਾ ਸੀ ਤੇ ਤੀਸਰਾ ਮੇਰਾ ਆਪਣਾ ਪਰਛਾਵਾਂ, ‘ਤੋਚੀ ਸਾਂਈ’ ਸੀ। ਤੋਚੀ ਜਨਮਜਾਤ ਫ਼ਕੀਰ ਸੀ ਤੇ ਮੇਰਾ ਬਚਪਨ ਦਾ ਜੋਟੀਦਾਰ ਸੀ। ਉਹ ਡੇਰੇ ‘ਲਾਲਾਂ ਵਾਲੇ’ ਉੱਪਰ ਚੜ੍ਹਾਇਆ ਬਾਲਕ ਸੀ ਤੇ ਉਥੇ ਡੇਰੇ ਵਿੱਚ ਹੀ ਪਲਿਆ ਸੀ। ਅੰਬਰਸਰ ਮੈਂ ਜਦੋਂ ਵੀ ਜਾਵਾਂ, ਜਿੰਨੇ ਦਿਨ ਵੀ ਰਹਵਾਂ, ਭਾਵੇਂ ਇਕ ਦਿਨ, ਭਾਵੇਂ ਹਫ਼ਤਾ, ਉਹਨੇ ਦਿਹਾੜੀ ਦੇ ਇਕ-ਦੋ ਘੰਟੇ ਮੇਰੇ ਨਾਲ ਪੈਦਲ ਹੀ ਸ਼ਹਿਰ ਵਿੱਚ ਗਲੀਆਂ ਕੱਛਦਿਆਂ ਕੱਟਣੇ ਹੁੰਦੇ ਸਨ।

…ਹਮੇਸ਼ਾ ਵਾਂਗ ਅੱਜ ਵੀ ਉਹ ਨਾਲ ਸੀ!

ਸਭ ਤੋਂ ਪਹਿਲਾਂ ਨੀਲਮਣੀ ਬੋਲਿਆ :-

“—ਦੇ ਯਾਰ ਦੇ ਚਿੱਟੇ (ਚੂਹੜੇ) ਕਿਵੇਂ ਚਾਂਭਲੇ ਈ…!”

“ਮੂਰਖ ਜਾਂ ਤੇ ਖਾ ਮਰੇ, ਜਾਂ ਰੱਜ ਮਰ…।” ਗੀਟੇ ਨੇ ਤੱਤ ਕੱਢਿਆ।

ਮੇਰੇ ਦਿਲ ਨੂੰ ਜਿਵੇਂ ਇਕ ਧੱਕਾ ਜਿਹਾ ਲਗਾ। ਜ਼ਾਹਰ ਤੌਰ `ਤੇ ਮੈਂ ਪਰਗਟ ਨਹੀਂ ਹੋਣ ਦਿੱਤਾ। ਇਕ ਤੇ ਮੈਂ ਬੰਟੀ ਨੂੰ ਨਿੱਜੀ ਰੂਪ ਵਿਚ ਜਾਣਦਾ ਸਾਂ। ਉਹ ਸਾਡੀ ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਚੂਹੜੀ ‘ਰਾਧਾ ਰੰਡੀ’ ਦੇ ਕਬੀਲੇ ਵਿਚੋਂ ਸੀ। ‘ਰਾਧਾ ਰੰਡੀ’ ਤੇ ਹੁਣ (ਹਜ਼ਰਤ ਈਸਾ ਉਹਨੂੰ ਜਨੱਤ ਦਵਾਏ) ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੀ ਸੀ। ਪਿਛਲੇ ਸੌ, ਡੇਢ ਸੌ ਸਾਲ ਦਾ ਸਾਡੇ ਖ਼ਾਨਦਾਨ ਦਾ ਸ਼ਜਰਾ ਮੈਨੂੰ ਪਤਾ ਏ। ਤੇ ਏਹ ਸੌ, ਡੇਢ ਸੌ ਸਾਲ ਹੀ ਏਸ ਰਾਧਾ ਰੰਡੀ ਦੇ ਪੂਰਵਜਾਂ ਤੇ ਉਹਦੇ  ਪੁੱਤ, ਧੀਆਂ ਤੇ ਨੂੰਹਾਂ ਨੇ ਸਾਡਾ ਗੰਦ ਚੁੱਕਿਆ ਸੀ। ਰਾਧਾ ਨੂੰ ਮੈਂ ਹਮੇਸ਼ਾ ਮਲ ਮੂਤਰ ਵਾਲੇ ਟੋਕਰੇ ਨਾਲ ਵੇਖਿਆ ਸੀ, ਜਾਂ ਕਦੀ-ਕਦੀ ਆਪਣੇ ਖ਼ੋਲੇ ਦੇ ਬਾਹਰ ਹੁੱਕਾ ਪੀਂਦਿਆਂ । ਉਹਦਾ ਕਮਰਾ ਪਤਾ ਨਹੀਂ ਕਿਉਂ, ਮੈਨੂੰ ਹਮੇਸ਼ਾ ਖ਼ੋਲਾ ਹੀ ਲਗਾ ਸੀ!

– – – –

ਇਹ ਬੰਟੀ ਉਸੇ ਰਾਧਾ ਰੰਡੀ ਦੀ ਸਕੀ ਭੈਣ ਦਾ ਪੜੋਤਰਾ ਸੀ। ਇਹਨਾਂ ਵਿੱਚ ਵਿਆਹ ਤੇ ਔਲਾਦ ਛੇਤੀ ਹੋ ਜਾਂਦੇ ਸਨ। ਰਾਧਾ ਅਜੇ ਭਰ ਜੁਆਨ ਸੀ ਕਿ ਵਿਧਵਾ ਹੋ ਗਈ। ਮਸਾਂ ਵੀਹਾਂ ਕੁ ਦੀ ਸੀ, ਜਦੋਂ ਰੰਡੀ ਹੋ ਕੇ ਪੇਕੇ ਵੀ ਆ ਗਈ। ਕੁੱਛੜ ਇਕੋ-ਇਕ ਕੁੜੀ ਸੀ ਤੇ ਫੇਰ ਉਸੇ ਕੁੜੀ ਤੋਂ ਹੀ ਰਾਧਾ ਦੀ ਕੁਲ ਅੱਗੇ ਚੱਲੀ ਸੀ। ਰਾਧਾ ਦੀਆਂ ਛੇ ਭੈਣਾਂ ਸਨ ਤੇ ਇਕੋ ਭਰਾ ਸੀ। ਭਰਾ ਅਫ਼ੀਮੀ ਸੀ ਤੇ ਹੁੱਕੇ ‘ਚ ਗੋਲਾ ਰੱਖ ਕੇ ਪੀਂਦਾ ਸੀ। ਇਹ ਲੱਤ ਉਹਨੂੰ ਪਿਉ ਨੇ ਲਾਈ ਸੀ। ਰਾਧਾ ਦੀ ਮਾਂ ਤੇ ਬੜੀ ਮਾਂਦੀ-ਮਰੇੜੀ ਜਿਹੀ ਸੀ। ਰਾਧਾ ਦੇ ਰੰਡੀ ਹੋ ਕੇ ਪਰਤ ਆਉਣ ਪਿਛੋਂ ਸਾਲ ਕੁ ਬਾਦ ਉਹ ਮਰ ਵੀ ਗਈ। ਉਹਦੇ ਨਾਲ ਹੀ ਛੇਵੀਂ ਭੈਣ, ਜਿਹੜੀ ਮਸਾਂ ਹੀ ਮਹੀਨੇ, ਦੋ ਦੀ ਸੀ, ਵੀ ਮਰ ਗਈ। ਹੁਣ ਰਾਧਾ ਤੋਂ ਛੋਟੀਆਂ ਚਾਰ ਸਨ। ਭਰਾ ਸਭ ਤੋਂ ਵੱਡਾ ਸੀ। ਭਰਾ ਕੋਲ ਕੰਮ ਕੋਈ ਨਹੀਂ ਸੀ ਤੇ ਪਿਉ ਕਰਨ ਜੋਗਾ ਨਹੀਂ ਸੀ।

ਕੁਛ ਚਿਰ ਭਰਾ ਨੇ ਰਾਮ ਬਾਗ ਵਿਖੇ ਰੰਡੀਆਂ ਦਾ ਦੱਲਪੁਣਾ ਕੀਤਾ ਸੀ। ਉਹਨੇ ਭੈਣ ਰਾਧਾ ਨੂੰ ਸਮਝਾਇਆ ਕਿ ਕੁਝ ਸਮਾਂ ਰਾਮ ਬਾਗ ਵਿੱਚ ਧੰਦਾ ਕਰ ਕੇ ਵੇਖ ਲਵੇ। ਉਹ ਦੂਜਿਆ ਦਾ ਦੱਲਾ ਬਣਿਆ ਰਿਹੈ, ਤੇ ਹੁਣ ਆਪਣੀ ਭੈਣ ਲਈ ਤੇ ਜਾਨ ਹਾਜ਼ਰ ਹੈ ! ਭਰਾ ਤੇ ਪਿਉ ਦੀ ਸਹਿਮਤੀ ਨਾਲ ਰਾਧਾ ਨੇ ਨਿੱਕੀ ਕੁੜੀ ਆਪਣੀ ਛੋਟੀ ਭੈਣ, ਜਿਹੜੀ ਹੁਣ ਸਤਾਰਾਂ ਟੱਪ ਗਈ ਸੀ, ਨੂੰ ਸਾਂਭ ਦਿੱਤੀ ‘ਤੇ ਆਪ ਰਾਮ ਬਾਗ ਬੈਠ ਗਈ। ਪਰ ਉਹਨੂੰ ਇਹ ਧੰਦਾ ਲੰਮਾ ਸਮਾਂ ਰਾਸ ਨਹੀਂ ਆਇਆ। ਉਹਨੇ ਉਥੇ ਮਸਾਂ ਮਰਕੇ ਸਾਲ-ਸਵਾ ਸਾਲ ਕੱਟਿਆ। ਇਕ ਤੇ ਉਹਦੇ ਬਹੁਤੇ ਗਾਹਕ ਫੌਜੀ ਸਨ, ਜਾਂ ਅੰਬਰਸਰ ਵਪਾਰ ਕਰਨ ਆਏ ਮੁਸਲਮਾਨ ਤੇ ਪਠਾਣ ਸਨ। ਢਿੱਡੋਂ ਉਹ ਮੁਸਲਮਾਨਾਂ ਨੂੰ ਅੰਤਾਂ ਦੀ ਨਫ਼ਰਤ ਕਰਦੀ ਸੀ। ਪਰ ਉਹਨਾਂ ਦੀਆਂ ਗੰਦੀਆਂ ਫਰਮਾਇਸ਼ਾਂ ਨੂੰ ਉਹੀ ਜਾਣਦੀ ਸੀ ਕਿ ਉਹ ਕਿੱਦਾਂ ਟਾਲਦੀ ਸੀ! ਸਾਲ ਕੁ ਬਾਦ ਹੀ ਉਹਨੂੰ ਗਰਮੀ ਪੈ ਗਈ। ਇਹ ਸੁਗਾਤ ਉਹਨੂੰ ਕੋਈ ਗੋਰਾ ਫੌਜੀ ਦੇ ਗਿਆ। ਪਹਿਲੇ ਤੇ ਉਹਨੇ ਪਰਵਾਹ ਹੀ ਨਾ ਕੀਤੀ। ਪਰ ਜਦੋਂ ਪਿਸ਼ਾਬ ਵਿਚੋਂ ਪਾਕ ਰਿੱਸਦੀ ਦਿੱਸੀ ਤਾਂ ਉਹ ਮਿਸ਼ਨ-ਕੰਪਾਊਂਡ ਦੇ ਡਾਕਟਰ ਕੋਲ ਭੱਜੀ ਗਈ। ਉਦੋਂ ਮਹਾਂ ਸਿੰਘ ਗੇਟ ਦੇ ਅੰਦਰ ਕਰਕੇ ਕੁਤਵਾਲੀ ਤੋਂ ਪਹਿਲਾਂ ਨਵਾਂ-ਨਵਾਂ ਮਿਸ਼ਨ ਕੰਪਾਊਂਡ ਖੁਲ੍ਹਾ ਸੀ। ਰਾਧਾ ਚਰਚ ਬੜੇ ਨੇਮ ਨਾਲ ਹਰ ਐਤਵਾਰ ਜਾਂਦੀ ਤੇ ਸਤਸੰਗ ਸੁਣਦੀ ਸੀ। ਮਿਸ਼ਨ ਕੰਪਾਉਂਡ ਵਾਲੇ ਸਾਰੇ ਉਸਦੇ ਜਾਣੂੰ ਸਨ। ਉਥੇ ਸੇਵਾ ਵਿੱਚ ਲੱਗੇ ਈਸਾਈ ਡਾਕਟਰ ਨੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਨਾਲੇ ਲਾਟ-ਪਾਦਰੀ ਨੂੰ ਵੀ ਉਹਦੀ ਤਕਲੀਫ ਦੱਸ ਦਿੱਤੀ। ਇਕ ਈਸਾਈ ਬੱਚੀ ਨੂੰ ਨਰਕ ਵਿੱਚੋਂ ਕੱਢਣ ਲਈ ਲਾਟ-ਪਾਦਰੀ ਨੇ ਕਮਰ ਕੱਸ ਲਈ। ਉਹਨੇ ਰਾਧਾ ਨੂੰ ਤੇ ਠੀਕ ਕਰਵਾ ਹੀ ਦਿੱਤਾ, ਨਾਲ ਹਰ ਮਹੀਨੇ ਦੀ ਬੱਝਵੀਂ ਚਵਾਨੀ ਦੀ, ਦੋ ਬੰਦਿਆਂ ਦੀ ਡਿਊਟੀ ਲਾ ਦਿੱਤੀ। ਰਾਧਾ ਲਈ ਅਠਿਆਨੀ ਮਹੀਨਾ ਤੇ ਸਵਰਗ ਸੀ। ਉਹਦੇ ਭਰਾ ਲਈ ਕੀਨੀਆ ਦੇ ਟਿਕਟ ਦਾ ਇੰਤਜ਼ਾਮ ਕੀਤਾ ਗਿਆ ਤੇ ਉਹ ਦਸੀਂ-ਪੰਦਰੀਂ ਦਿਨੀ ਹੀ ਕੀਨੀਆ ਦੇ ਸਮੁੰਦਰੀ ਜਹਾਜ਼ ਚੜ੍ਹ ਗਿਆ ਸੀ, ਜਿਥੋਂ ਉਹ ਮੁੜ ਕਦੀ ਨਾ ਪਰਤਿਆ। ਸ਼ਾਇਦ ਉਧਰ ਹੀ ਕਿਧਰੇ ਮਰ-ਖੱਪ ਗਿਆ ਹੋਵੇ।

ਉਹਦੇੇ ਮਗਰੋਂ ਰਾਧਾ ਨੇ ਆਪਣੇ ਜੱਦੀ ਘਰ ਦੀ ਅਗਲੀ ਕਮਰੀ ਜਿਹੀ ਸਾਂਭ ਲਈ। ਪਿਉ ਕੁਝ ਕੁ ਸਾਲਾਂ ਬਾਅਦ ਮਰ ਗਿਆ। ਹਰ ਸ਼ਨੀ-ਐਤਵਾਰ ਰਾਧਾ ਨੇਮ ਨਾਲ ਚਰਚ ਜਾਂਦੀ ਤੇ ਆਪਣੇ ਕੁੱਤੀ ਵਿਹੜੇ ਵਿੱਚੋਂ ਜਿੰਨੇ ਕੁ ਹੋ ਸਕਦਾ, ਮਰਦ-ਤੀਵੀਆਂ ਤੇ ਨੌਜੁਆਨ ਕੁੜੀਆਂ ਨੂੰ ਨਾਲ ਲੈ ਕੇ ਜਾਂਦੀ। ਚੈਪਲ ਦੀਆਂ ਖੁਲ੍ਹੀਆਂ ਬਾਰੀਆਂ ਵਿਚੋਂ ਜਦ ਮਸੀਹੀ ਭਜਨ ਗੂੰਜਦੇ, ਰਾਧਾ ਦੀ ਖਰਜ ਭਰੀ ਅਵਾਜ਼ ਲਗਾਤਾਰ ਗੁੂੰਜਦੀ, ਜਿਵੇਂ ਟੀਨ ਤੇ ਛੱਤ ਤੇ ਇਕਸਾਰ ਮੀਂਹ ਪੈ ਰਿਹਾ ਹੋਵੇ!

– – – –

ਇਸੇ ਰਾਧਾ, ਜਿਸਦਾ ਲਕਬ ‘ਰੰਡੀ` ਪੈ ਗਿਆ ਹੋਇਆ ਸੀ, ਦੀਆਂ ਛੋਟੀਆਂ ਚਾਰੇ ਭੈਣਾਂ ਉਥੇ ਹੀ ਲਾਗੇ-ਸ਼ਾਗੇ ਵਿਆਹੀਆਂ ਗਈਆਂ ਸਨ। ਦੋ ਦਾ ਵਿਆਹ ਤੇ ਡੈਮ ਗੰਜ ਕੋਲ ਸੂਰ ਦਾ ਮੀਟ ਵੇਚਣ ਬੈਠੇ ਇਕੋ ਪਰਿਵਾਰ ਦੇ ਚਾਚੇ-ਤਾਏ ਤੇ ਮੁੰਡਿਆਂ ਨਾਲ ਹੋ ਗਿਆ ਸੀ। ਇਕ ਰੇਲਵੇ ਸਟੇਸ਼ਨ ਟੱਪ ਕੇ ਲੋਕੋ-ਸ਼ੈਡਾਂ ਕੋਲ ਬੈਠੇ ਬਾਲਮੀਕੀਆਂ ਵਿੱਚ ਵਿਆਹੀ ਗਈ ਸੀ। ਚੌਥੀ ਉਥੇ ਕੁੱਤੀ ਵਿਹੜੇ ਦੇ ਬਾਹਰ ਹੀ ਵਿਆਹੀ ਗਈ ਸੀ। ਉਹੋ ਸਵੇਰੇ-ਸ਼ਾਮ ਰਾਧਾ ਦੀ ਸੇਵਾ ਵਿੱਚ ਆਈ ਰਹਿੰਦੀ ਸੀ।

ਰਾਧਾ ਦੇ ਟੱਬਰ ਦੇ ਵੱਡ-ਵਡੇਰੇ ਗੁਰੂ ਬਜ਼ਾਰ, ਝੂਠੇ ਬਜ਼ਾਰ, ਲੂਣ ਮੰਡੀ, ਆਟਾ ਮੰਡੀ ਤੇ ਮਾਈ ਸੇਵਾਂ ਦੇ ਬਜ਼ਾਰਾਂ ਉਪਰ ਬਣੇ ਘਰਾਂ ਦਾ ਮਲ ਮੂਤਰ ਚੁੱਕਦੇ ਸਨ। ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿੱਚ ਬਣੇ ਉੱਚੇ ਘਰਾਂ ਦੀਆਂ ਟੱਟੀਆਂ ਧੁਰ ਕੋਠੇ ਹੁੰਦੀਆਂ ਸਨ। ਰਾਧਾ ਦੇ ਵੱਡ-ਵਡੇਰੇ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਹਨੇਰੇ ਤੋਂ ਪਹਿਲਾਂ ਕੋਠੇ ਲਾਹੁੰਦੇ। ਗੰਦ ਚੁੱਕਣ ਨੂੰ ਉਹ ‘ਕੋਠਾ ਕਮਾਣਾ’ ਕਹਿੰਦੇ ਸਨ। ਰਾਧਾ ਦੇ ਘਰਾਂ ਦੇ ਨਾਲ ਉਹਦੇ ਹੀ ਸ਼ਰੀਕੇ ਬਰਾਦਰੀ ਦੇ ਦੂਸਰੇ ਘਰ, ਘੰਟਾ ਘਰ, ਬਾਗ ਵਾਲੀ ਗਲੀ, ਚੌਂਕ ਰਾਮਦਾਸ ਦੇ ਇਲਾਕੇ ਦਾ ਗੰਦ ਚੁੱਕਦੇ ਸਨ। ਗਲਤੀ ਨਾਲ ਵੀ ਜੇ ਬਰਾਦਰੀ-ਸ਼ਰੀਕੇ ਦੀਆਂ ਚੂਹੜੀਆਂ ਤੇ ਚੂਹੜੇ ਦੂਸਰੇ ਦੇ ਇਲਾਕੇ ਦਾ ਮਲ ਮੂਤਰ ਚੁੱਕਣ ਦਾ ਕੰਮ ਲੈ ਲੈਂਦੇ, ਤਾਂ ਮਾਨੋ ਹਨੇਰੀ ਆ ਜਾਂਦੀ ਸੀ। ਝਾੜੂਆਂ, ਟੋਕਰਿਆਂ ਤੇ ਗੰਦ ਚੁੱਕਣ ਵਾਲੇ ਫਰਸਿਆਂ ਨਾਲ ਉਹ ਲੜਾਈ ਹੁੰਦੀ ਤੇ ਉਹ-ਉਹ ਗਾਹਲਾਂ, ਚੂਹੜੀਆਂ-ਚੂਹੜੇ ਇਕ ਦੂਸਰੇ ਨੂੰ ਦੇਂਦੇ ਕਿ ਬਜ਼ਾਰ ਖਾਲੀ ਹੋ ਜਾਂਦੇ ਸਨ !

– – – –

ਅਗਲੀ ਵੱਡੀ ਗੱਲ ਇਹ ਸੀ ਕਿ ਜਿਸ ਗਲੀ-ਮੁੱਹਲੇ ਜਾਂ ਘਰ ਤੋਂ ਉਹ ਤੰਗ ਆ ਜਾਂਦੇ, ਉਥੇ ਚੂਹੜੇ ਹੋਣ ਕਾਰਨ ਉਹ ਔਖਾ ਤੇ ਬੋਲ ਨਹੀਂ ਸਨ ਸਕਦੇ, ਪਰ ਇਕ ਕੰਮ ਅਵੱਸ਼ ਕਰਦੇ। ਉਸ ਇਲਾਕੇ ਦਾ ਗੰਦ ਚੁੱਕਦੇ ਘੱਟ ਸਨ ਤੇ ਪਾਣੀ ਪਾਕੇ ਨਾਲੀਆਂ ਵਿੱਚ ਡੋਲ੍ਹ ਜਿ਼ਆਦਾ ਛੱਡਦੇ ਸਨ। ਗੁਰੂ ਬਜ਼ਾਰ ਦੇ ਸੁਨਿਆਰਿਆਂ ਦੇ ਚਿੱਟੇ ਦੁੱਧ ਰੰਗ ਤੋਂ, ਤੇ ਉਹਨਾਂ ਦੀਆਂ ਮੋਟੀਆਂ-ਮੋਟੀਆਂ, ਸੁੰਦਰ ਸੁਨਿਆਰੀਆਂ ਤੋਂ ਜਿਵੇਂ ਉਹਨਾਂ ਨੂੰ ਧੁਰੋਂ ਨਫ਼ਰਤ ਸੀ। ਏਸੇ ਲਈ ਕਈ ਸੌ ਸਾਲ ਤੱਕ ਹੀ ਗੁਰੂ ਬਜ਼ਾਰ ਵਿੱਚੋਂ ਸਵੇਰੇ ਸੁਵਖਤੇ ਲੰਘਣਾ ਨਰਕ ਤੁਲ ਹੁੰਦਾ ਸੀ। ਉਹ ਤੇ ਲਾਲੀਆਂ ਜਾਂ ਸੁਨਿਆਰਿਆਂ, ਚੂਹੜੀ ਦੇ ਜਾਣ ਪਿਛੋਂ ਭਰਾਈਆਂ ਨੂੰ ਬੁਲਾ ਕੇ ਪਾਣੀ ਇਕੱਠਾ ਕਰਾਂਦੀਆਂ ਤੇ ਮਣਾਂ ਮੂੰਹੀ ਨਾਲੀਆਂ ਵਿੱਚ ਡੋਲ੍ਹਦੀਆਂ ਸਨ, ਤਾਂ ਕਿਤੇ ਜਾਕੇ ਏਸ ਗੁਰੂ ਸਾਹਿਬਾਨ ਦੇ ਵਰੋਸਾਏ ਪੁਰਾਣੀ ਇੱਟ ਤੇ ਬਰੀਕ ਗਲੀਆਂ ਵਾਲੇ ਬਜ਼ਾਰਾਂ ਵਿੱਚੋ ਬੋਅ ਸਾਫ਼ ਹੁੰਦੀ।

– – – –

“ਰਾਧਾ” ਕੁਝ ਚਿਰ ਰੰਡੀਆਂ ਵਾਲਾ ਕੰਮ ਛੱਡਕੇ ਕੋਠੇ ਲਾਹੁਣ ਵੀ ਜਾਂਦੀ ਰਹੀ ਸੀ। ਬਸ ਐਵੇ ਸਾਲ-ਦੋ ਕੁ ਸਾਲ ਹੀ! ਫੇਰ ਉਹਨੇ ਅਜੀਤ ਨਗਰ, ਜਿਹੜਾ ਅਕਾਲੀਆਂ ਨੇ 1948 ਵਿੱਚ ਫੁੱਲਾਂ ਵਾਲੇ ਬਾਗ ਨੂੰ ਖਤਮ ਕਰਕੇ ਕੱਟਿਆ ਸੀ, ਉਥੇ ਝਾੜੂ ਮਾਰਨ ਦੀ ਡਿਊਟੀ ਲੈ ਲਈ ਸੀ। ਉਥੇ ਹੀ ਸਾਡੇ ਚਾਰ-ਪੰਜ ਘਰ ਇੱਕ ਸਾਂਝੀ ਵਲਗਣ ਵਿੱਚ ਬਣੇ ਹੋਏ ਸਨ। ਅਕਾਲੀਆਂ ਨੇ ਸਾਡੇ ਇਕ ਬਾਬੇ ਨੂੰ ਉਹਦੀ ਸੇਵਾ ਬਦਲੇ ਸਸਤੀ ਜ਼ਮੀਨ ਦੇ ਦਿੱਤੀ ਸੀ। ਉਸ ਸਾਂਝੀ ਵਲਗਣ ਵਿਚ ਚਾਰਾਂ ਵਿੱਚੋਂ ਇੱਕ ਘਰ ਸਾਡਾ ਵੀ ਸੀ।

ਰਾਧਾ ਜਦੋਂ ਵੀ ਸਾਡੇ ਘਰ ਅਗੋਂ ਲੰਘਦੀ, ਮੇਰੀ ਬੇਬੇ (ਪੜਦਾਦੀ) ਕੋਲੋਂ ਹਮੇਸ਼ਾ, ਸੱਟੇ-ਦੜੇ ਦਾ ਨੰਬਰ ਜ਼ਰੂਰ ਪੁੱਛਦੀ ਸੀ। ਬੇਬੇ ਜੋ ਵੀ ਪੁੱਠਾ ਸਿੱਧਾ ਬੋਲ ਦੇਂਦੀ, ਰਾਧਾ ਉਹਦਾ ਨੰਬਰ ਬਣਾ ਲੈਂਦੀ। ਫੇਰ ਉਹ ਉਸੇ ਨੰਬਰ ‘ਤੇ ਦੜਾ ਜਾਂ ਸੱਟਾ ਲਾ ਦੇਂਦੀ। ਉਹਨੀਂ ਦਿਨੀ ਅੰਬਰਸਰ ਵਿੱਚ “ਬਾਬਾ ਭੁਕਾਨਿਆ ਵਾਲਾ”, ਜਿਹੜਾ ਦਸ ਨੰਬਰੀਆ ਸੀ, ਘੜਾ ਖੋਹਲਦਾ ਸੀ। ਧੇਲੀ ਦੇ ਢਾਈ ਰੂਪਏ, ਰੁਪਏ ਦੇ ਪੰਜ ਰੁਪਏ, ਪੰਜ ਦੇ ਪੰਝੀ!

… ਸ਼ਾਮ ਨੂੰ ਰਾਧਾ ਆਪਣੀ ਧੇਲੀ, ਰੁਪਈਆ ਲਾਕੇ ਹੋਣ ਵਾਲੀ ਕਮਾਈ ਦਾ ਨੰਬਰ ਪਤਾ ਕਰਨ ਚਾਟੀਵਿੰਡ ਚੌਂਕ ਜਾਂਦੀ। ਉਥੇ ਬਾਬਾ “ਭੁਕਾਨਿਆਂ ਵਾਲਾ” ਸ਼ਾਮ ਨੂੰ ਨੰਬਰ ਪੁਕਾਰਦਾ। ਕਈ ਵਾਰ ਰਾਧਾ ਨੂੰ ਨੰਬਰ ਮਿਲ ਜਾਂਦਾ ਤੇ ਉਹ ‘ਚਰਸ` ਦੀ ਗੋਲੀ ਲੈ ਲੈਂਦੀ। ਉਦੋਂ ਉਹਦੀ ਹੁੱਕੀ ਵਿੱਚੋਂ ਅਸਲੀ ਸੁਲਫ਼ੇ ਦੀ ਮਹਿਕ ਉੱਠਦੀ। ਜੇ ਨੰਬਰ ਨਾ ਵੀ ਨਿਕਲਦਾ, ਰਾਧਾ ਹੱਸੀ ਜਾਂਦੀ ਤੇ ਆਪਣੀ ਕਮਰੇ ਦੇ ਬਾਹਰ ਆਕੇ ਮੰਜੀ ‘ਤੇ ਬੈਠ ਜਾਂਦੀ ਤੇ ਆਲੇ-ਦੁਆਲੇ ਬੈਠੇ ਹੋਰਨਾਂ ਨੂੰ ਆਪਣੇ ਕਾਰਨਾਮੇ ਦੱਸੀ ਜਾਂਦੀ ਤੇ ਹੱਸਦੀ ਰਹਿੰਦੀ। ਗੱਲਾਂ ਕਰਦਿਆਂ ਉਹਦੇ ਮਹਿੰਦੀ ਰੰਗੇ ਵਾਲ ਵੀ ਹੱਸਦੇ ਲਗਦੇ। ਉਹਦੇ ਆਲੇ ਦੁਆਲੇ ਉਹਦੀ ਬੇਟੀ ਦੇ ਪੋਤੇ-ਪੜੋਤੇ, ਉਹਦੀਆਂ ਭੈਣਾਂ ਦੇ ਬੱਚਿਆਂ ਦੇ ਬੱਚੇ ਉਹਦੀ ਕੁਲ ਵਧਾ ਰਹੇ ਦਿੱਸਦੇ।

ਰਾਧਾ ਨੂੰ ਵੇਖਦਿਆਂ ਹੀ ਮੇਰੀ ਦਾਦੀ ਉੱਚੀ ਸਾਰੀ ਕਹਿੰਦੀ ਸੀ –

“ਲੈ ਆ ਗਈ ਰਾਧਾ ਰੰਡੀ…! ਹੁਣ ਆਕੇ ਕਹੇਗੀ  ਚਾਹ ਪਾ ਦੇਹ ਮੇਰੀ ਗੜਵੀ ‘ਚ!”

ਇਹ ਬੰਟੀ ਮਸੀਹ, ਜਿਹੜਾ ਅੱਜਕਲ ਟੌਪ ਦਾ ਛੁਰੀਮਾਰ ਤੇ ਸਮੈਕ ਪੀਣ ਵਿੱਚ ਨੰਬਰ-ਵਨ ਸੀ, ਇਸੇ ਰਾਧਾ ਰੰਡੀ ਦੇ ਕਬੀਲੇ ਵਿੱਚੋ ਸੀ। ਵੀਹਾਂ ਨੂੰ ਪਾਰ ਕੀਤਾ ਇਹ ਮੁੰਡਾ ਮੇਰੀ ਸਿੰਝਾਣ ਵਿੱਚ ਸੀ। ਸਾਡੇ ਇਲਾਕੇ ਵਿੱਚ ਲੜਾਈਆਂ ਵਿੱਚ ਪੈਸੇ ਲੈ ਕੇ ਆਣ, ਢੋਲੀਆਂ ਨਾਲ ਢੋਲ ਵਜਾਣ ਲਈ ਸਾਈ ‘ਤੇ ਆਉਣ ਵਿੱਚ ਇਹ ਅਗੇ ਰਹਿੰਦਾ ਸੀ। ਪਿਛਲੇ ਸਾਲ ਕੁ ਤੋਂ ਇਹ ਹੁਣ ਸਮੈਕ ਦੀਆਂ ਪੁੜੀਆਂ ਵੇਚਣ ਵਿੱਚ ਨੰਬਰ ਇਕ ‘ਤੇ ਸੀ। ਥਾਣੇਦਾਰ ਮੱਲ੍ਹੀ ਕੋਲੋਂ ਕਈ ਵਾਰ ਕੁੱਟ ਖਾ ਚੁੱਕਾ ਸੀ।

ਵੱਡੀ ਗੱਲ ਇਹ ਸੀ ਕਿ ਮੈਂ ਇਸ ਨੂੰ, ਇਸ ਦੇ ਪਿਉ ਤੇ ਦਾਦੇ ਨੂੰ, ਗੱਲ ਕੀ ਰਾਧਾ ਤੱਕ ਇਸ ਦੇ ਸਾਰੇ ਖਾਨਦਾਨੀ ਸ਼ਜਰੇ ਨੂੰ ਜਾਣਦਾ ਸਾਂ। ਇਹਦਾ ਪਿਉ ਵੀ ਕਤਲ ਹੋ ਕੇ ਹੀ ਸੰਸਾਰ ਤੋਂ ਰੁਖਸਤ ਹੋਇਆ ਸੀ।—

ਅੱਜ ਜਦੋਂ ਮੇਰੇ ਸਾਥੀਆਂ ਇਹਨੂੰ “ਚਿੱਟਾ” ਕਿਹਾ ਤਾਂ ਉਹ ਮਾਨੋ ਮੇਰੀ ਸਿਮਰਤੀ ਦੇ ਦਵਾਰ ਖੋਲ੍ਹ ਗਏ ਸਨ –

– – – –

“ਉਹ … ਵੇਖਿਓ ਨਾਂ! ਉਹ ਕੌਣ ਆ ਰਹੇ ਨੇ ਸਿੱਧੇ ਸਾਡੇ ਵੱਲ?” ਬਾਬਾ ਬੁੱਢਾ ਜੀ ਨੇ ਅਚਾਨਕ ਉੱਠੇ ਰੌਲ੍ਹੇ ਵਲ ਨਿਗਾਹ ਗੱਡ ਕੇ ਸਾਹਮਣੇ ਬੈਠੀਆਂ ਸੰਗਤਾਂ ਨੂੰ ਕਿਹਾ।

ਬਾਬਾ ਬੁੱਢਾ ਜੀ ਦੇ ਬਿਲਕੁਲ ਪਿੱਛੇ ਤਖਤਪੋਸ਼ ‘ਤੇ ਸੱਚੇ ਪਾਤਸ਼ਾਹ ਬਿਰਾਜਮਾਨ ਸਨ। ਨਾਲ ਹੀ ਬਾਕੀ ਹਜ਼ੂਰੀ ਸੇਵਕ ਬੈਠੇ ਹੋਏ ਸਨ। ਕੁਛ ਸੰਗਤਾਂ ਸਾਹਮਣੇ ਬੈਠੀਆਂ ਸੀ, ਕੁਝ ਥੋੜ੍ਹੀ ਦੂਰੀ ‘ਤੇ ਮਿੱਟੀ ਪੁੱਟਣ ਦੀ ਕਾਰ-ਸੇਵਾ ਕਰ ਰਹੀਆਂ ਸਨ।

‘…ਆਉਣ ਦਿਓ ਬਾਬਾ ਜੀ! ਇਹਨਾਂ ਨੂੰ ਆਉਣ ਦਿਉ ਮੇੇਰੇ ਵਲ! ਇਹਨਾਂ ਦਾ ਤੇ ਸਾਡਾ ਮਿਲਣਾ ਪਹਿਲਾਂ ਹੀ ਤੈ ਹੋ ਚੁੱਕਾ ਹੈ। ਇਹ ਜਨਮ ਤੇ ਇਕ ਬਹਾਨਾ ਹੀ ਜੇ! ਇਹੀ ਲੋਕ ਤੇ ਏਹਨਾਂ ਧਰਤੀਆਂ ਦੇ ਅਸਲ ਮਾਲਕ ਸਨ। ਆਉਣ ਦਿਓ!” ਸੱਚੇ ਪਾਤਸ਼ਾਹ ਨੇ ਬਚਨ ਕੀਤੇ।

ਸਭ ਦਾ ਧਿਆਨ ਆਉਣ ਵਾਲਿਆਂ ਵਲ ਹੀ ਸੀ। ਆਉਣ ਵਾਲੇ ਨਜ਼ਦੀਕ ਆ ਰਹੇ ਸਨ। ਕੋਈ ਪੱਚੀ-ਤੀਹ ਜਣਿਆਂ ਦਾ ਟੋਲਾ ਸੀ। ਵਧੇਰੇ ਕਰਕੇ ਮਰਦ ਤੇ ਬੱਚੇ ਸਨ। ਔਰਤਾਂ ਦੋ-ਚਾਰ ਹੀ ਸਨ, ਤੇ ਉਹ ਵੀ ਬਿਰਧ ਸਨ। ਸਾਰਿਆਂ ਦੇ ਪਿੰਡੇ ਨੰਗੇ ਸਨ, ਸਿਰਫ਼ ਹੇਠਾਂ, ਨੰਗ ਢੱਕਣ ਦੇ ਨਾਂ ਚੰਦ ਲੀਰਾਂ ਬੱਧੀਆਂ ਹੋਈਆਂ ਸਨ। ਬਿਰਧ ਔਰਤਾਂ ਧੜੋ ਨੰਗੀਆਂ ਤੇ ਲੱਕ ਉਹਨਾਂ ਦੇ ਵੀ ਲੀਰਾਂ ਹੋਈਆਂ ਲੱਕਦੀਆਂ ਹੀ ਬੰਨ੍ਹੀਆਂ ਹੋਈਆਂ ਸਨ। ਬਾਲ-ਅੰਝਾਣਿਆਂ ਦੇ ਢਿੱਡ ਪਿਚਕੇ ਤੇ ਸਰੀਰ ਬੀਮਾਰਾਂ ਜਿਹੇ ਸਨ। ਉਹਨਾਂ ਨਾਲ ਟੁਰੇ ਆਉਂਦੇ ਬੰਦਿਆਂ ਨੇ ਮੂੰਹ ‘ਤੇ ਇਕ ਹੱਥ ਨਾਲ ਮਿੱਟੀ ਦੇ ਟੁੱਟੇ ਤੌੜਿਆਂ ਦੇ ਟੋਟੇ ਨੱਪੇ ਹੋਏ ਸਨ ਤੇ ਢਿੱਡਾਂ ‘ਤੇ ਰੱਸੀਆਂ ਬੰਨ੍ਹੀਆਂ ਹੋਈਆ ਸਨ।

…ਸੰਗਤ ਪਛਾਣ ਗਈ ਸੀ ਕਿ ਉਹ ਕੌਣ ਸਨ? ਸਭ ਲੋਕ ਹੁਣ ਸੱਚੇ ਪਾਤਸ਼ਾਹ ਵਲ ਵੇਖ ਰਹੇ ਸਨ। ਉਹਨਾਂ ਪੱਚੀਆਂ-ਤੀਹਾਂ ਬੰਦਿਆਂ ਦਾ ਟੋਲਾ ਕੁਝ ਕਦਮਾਂ ਪਿਛਾਂਹ ਹੀ ਖੜੋ ਗਿਆ ਸੀ।

– – – –

“ਆ ਜਾਉ ਕਰਮਾਂ ਵਾਲਿਓ! ਝਿਜਕੋ ਨਾ! ਨਾਨਕ ਦੇ ਦਰਬਾਰ ਤੁਹਾਡੀ ਕੋਈ ਭਿੱਟ ਨਹੀਂ!” ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਸਭ ਤੋਂ ਅੱਗੇ ਖੜ੍ਹੇ ਮੁਖੀ ਨੂੰ, ਤੇ ਬਾਕੀਆਂ ਨੂੰ ਸਾਂਝਾ ਸੰਬੋਧਨ ਕਰਦਿਆਂ ਕਿਹਾ।

“…ਅੰਨਦਾਤਾ! ਅਸੀਂ ਸਾਰੇ ਤੇਰੀ ਸ਼ਰਨੀ ਆਏ ਹਾਂ। ਪਰ ਕਿੱਦਾਂ ਅਰਜ ਕਰੀਏ? ਅਸੀਂ ਸਾਰੇ ਹੀ ਦੋ ਪਿੰਡਾਂ ਦੇ ਚੂਹੜੇ ਆਂ! ਸੁਲਤਾਨਵਿੰਡ ਤੇ ਚਾਟੀਵਿੰਡ ਦੇ ਵਿਚਕਾਰ ਪੈਂਦੇ ਪਹੇ ਤੇ ਸਾਡਾ ਵਿਹੜਾ ਏ। ਪਰ੍ਹਾਂ ਜੰਗਲ ਏ! ਅਸੀਂ ਸਾਰੇ ਹੀ ਮਹਿਮੇ ਰਾਜਪੂਤ ਦੇ ਬਠਾਏ ਹੋਏ ਹਾਂ। ਹੁਣ ਬਾਬਾ ਬਲੌਲ ਰਾਜਪੂਤ ਸਾਡਾ ਮਾਲਕ ਏ! ਪਰ ਪਿੰਡ ਦੇ ਸਾਰੇ ਰਾਜਪੂਤ ਤੇ ਬ੍ਰਾਹਮਣ ਸਾਥੋਂ ਵਗਾਰਾਂ ਲੈਂਦੇ ਨੇ। ਅਸੀਂ ਕਿਸੇ ਤੋਂ ਨਾਬਰ ਨਹੀਂ ਹੋ ਸਕਦੇ ਮਾਲਕਾ।” ਸਭ ਤੋਂ ਅਗਲੇ ਨੇ, ਜਿਹੜਾ ਉਹਨਾਂ ਦਾ ਮੁਖੀ ਜਾਪਦਾ ਸੀ, ਅਰਜ਼ ਗੁਜਾਰੀ ਤੇ ਨਾਲ ਹੀ ਜੋਰ-ਜੋਰ ਦੀ ਢਿੱਡ ਵਜਾਣਾ ਸ਼ੁਰੂ ਕਰ ਦਿੱਤਾ। ਉਹਦੇ ਢਿੱਡ ਵਜੌਣ ਦੀ ਦੇਰ ਸੀ ਕਿ ਬਸ ਜਿਵੇਂ ਬਾਕੀ ਉਹਦਾ ਇਸ਼ਾਰਾ ਹੀ ਉਡੀਕ ਰਹੇ ਸਨ। ਸਾਰਿਆਂ ਹੀ ਮੂੰਹ ਤੋਂ ਤੌੜਿਆਂ ਦੇ ਟੋਟੇ ਲਾਹ ਦਿੱਤੇ ਤੇ ਢਿੱਡ ਵਜੌਣ ਤੇ ਮੂੰਹੋਂ ਕੁਰਲੌਣ ਲਗ ਪਏ। ਬੁੱਢੀਆਂ ਜਨਾਨੀਆਂ ਨੇ ਵੱਖਰੀਆਂ ਜਿਹੀਆਂ ਦਿਲ-ਚੀਰਵੀਆਂ ਲੇਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਸੰਗਤ ਭੌਚਕੀ ਜਿਹੀ ਗਈ ਸੀ। ਇਥੋਂ ਤੱਕ ਕਿ ਬਾਲਕ ਅਰਜਨ ਦੇਵ ਅਤੇ ਬਾਬਾ ਬੁੱਢਾ ਜੀ ਵੀ ਪਸ਼ੇਮਾਨ ਹੋ ਗਏ ਸਨ। ਪਰ ਜਾਣੀ-ਜਾਣ ਪਾਤਸ਼ਾਹ ਨੇ ਸਭ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ, ਤੇ ਉਹਨਾਂ ਨੂੰ ਘੜੀ-ਦੋ-ਘੜੀ ਢਿੱਡ ਵੱਜਾ ਲੈਣ ਦਿੱਤੇ। ਅਖੀਰ ਉਹਨਾਂ ਦਾ ਇਹ ਅਮਲ ਰੁਕਿਆ ਤੇ ਉਹਨਾਂ ਦੂਰੋਂ ਹੀ ਸੰਗਤ ਸਮੇਤ ਗੁਰੂ ਸਾਹਿਬ ਨੂੰ ਲੰਮੇ ਪੈਕੇ ਦੰਡਵਤ ਕੀਤੀ।

“…ਉੱਠੋ ਬੱਚਿਓ! ਮੈਂ ਤੁਹਾਡੀ ਵੇਦਨਾ ਪੜ੍ਹ ਲਈ ਏ। ਇਹ ਗੁਰੂ ਨਾਨਕ ਦਾ ਦਰਬਾਰ ਏ! ਤੁਹਾਨੂੰ ਖਾਲੀ ਨਹੀਂ ਮੋੜਾਂਗਾ।” ਗੁਰੂ ਸਾਹਿਬ ਨੇ ਰਮਜ਼ ਸੁੱਟੀ।

“…ਮਾਲਕਾ! ਰਾਜਪੂਤ ਤੇ ਹਿੰਦੂ ਲਾਲੇ ਸਾਥੋਂ ਵਗਾਰਾਂ ਲੈਂਦੇ ਨੇ। ਬਾਹਮਣਾਂ ਨੂੰ ਸਾਨੂੰ ਆਪਣੀਆਂ ਬੇਟੀਆਂ ਪਰੋਸਣੀਆਂ ਪੈਂਦੀਆਂ ਨੇ। ਜਿਹੜੇ ਬਾਹਮਣ ਤੇ “ਮਲਕ”  ਹੁਰਾਂ ਦੇ ਨੇੜੇ ਨੇ, ਉਹ ਤੇ ਬਹੁਤਾ ਹੀ ਕਹਿਰ ਕਮਾਂਦੇ ਨੇ। ਮਲਕ ਹੁਰੀਂ ਵੀ ਜ਼ੁਲਮ ਕਰਦੇ ਨੇ, ਪਰ ਏਨਾ ਨਹੀਂ, ਜਿੰਨਾ ਇਹ ਬਾਹਮਣ ਤੇ ਰਾਜਪੂਤ ਕਰਦੇ ਨੇ। ਮਲਕ ਹੁਰੀਂ ਆਪਣੇ ਸੇਵਕ ਭੇਜ ਛੱਡਦੇ ਨੇ ਕਿ ਜੁੰਮੇ ਦੀ ਨਮਾਜ਼ ਅਦਾ ਕਰਿਆ ਕਰੋ। ਪਰ ਕਰੀਏ ਕਿਵੇਂ? ਨਾ ਕੋਈ ਨਮਾਜ਼ੀ, ਨਾ ਕਾਜ਼ੀ, ਅਸੀਂ ਆਪ ਕਿਥੋਂ ਲਿਆਈਏ? ਉਹ ਭੇਜਦੇ ਨਹੀਂ।” ਉਹਨਾਂ ਦੇ ਮੁਖੀ ਨੇ ਵਿਥਿਆ ਖੋਲ੍ਹ ਸੁਣਾਈ।

“ਇਹ ਨਾਨਕ ਨਿਰੰਕਾਰੀ ਦਾ ਦਰਬਾਰ ਏ। ਇਥੋਂ ਤੁਸੀਂ ਖਾਲੀ ਨਹੀਂ ਜਾਉਗੇ!” ਐਤਕੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਵਲੋਂ ਜਵਾਬ ਦਿੱਤਾ।

“ਬਾਬਾ ਜੀ! ਇਹਨਾਂ ਨੂੰ ਕਿਹੜੀ ਗੁੱਠ ਦੇ ਦਈਏ?” ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸਵਾਲ ਕੀਤਾ।

“ਮਹਾਰਾਜ! ਇਸ ਨਵੇਂ ਨਗਰ ਵਿੱਚ ਤੁਸੀਂ ਇਹਨਾਂ ਢੇਡਾਂ ਨੂੰ ਵੀ ਵੱਸਾਣ ਦੀ ਸੋਚੀ ਬੈਠੇ ਹੋ! ਤਾਂ ਤੇ ਫੇਰ ਮਲਕ ਹੁਰਾਂ ਨਾਲ ਵੀ, ਤੇ ਇਲਾਕੇ ਦੇ ਬਾਹਮਣਾਂ ਨਾਲ ਵੀ ਸਿੱਧਾ ਮੱਥਾ ਲਗ ਜਾਣ ਏ !” ਬਾਬਾ ਮੋਹਰੀ ਜੀ ਨੇ ਕਿਹਾ।

“ਭਗਤ ਜੀ ! ਅਸੀਂ ਨਕਦ ਅਦਾਇਗੀ ਦੇਕੇ ਇਹ ਜਗ੍ਹਾ ਖਰੀਦੀ ਏ। ਦੂਸਰਾ ਇਹ ਨਾਨਕ ਦਾ ਦਰਬਾਰ ਏ। ਰੂਹਾਨੀਅਤ ਦਾ ਮਰਕਜ਼ ! ਇਥੇ ਮਲਕ-ਸ਼ਲਕ ਜਾਂ ਕਿਸੇ ਬਾਹਮਣ ਦੀ ਮਜਾਲ ਨਹੀਂ ਹੋਣੀ ਕਿ ਚੁਸਕ ਜਾਵੇ ! ਪੰਜਾਬ ਮੁਲਕ ਹੀ ਪੀਰਾਂ ਤੇ ਭਗਤਾਂ ਦਾ ਏ!” ਬਾਬਾ ਬੁੱਢਾ ਜੀ ਨੇ ਕਿਹਾ।

“ਐਦਾਂ ਕਰੋ ਕਿ ਉੱਤਰ ਵਲ ਮੂੰਹ ਕਰਕੇ ਜੰਗਲ ਦੀ ਆਖਰੀ ਬਾਹੀ ਇਹਨਾਂ ਨੂੰ ਦੇ ਦਿਉ।” ਗੁਰੂ ਜੀ ਨੇ ਦੋ ਟੁੱਕ ਫੈਸਲਾ ਦੇ ਦਿੱਤਾ।

“ਸਾਨੂੰ ਭਾਵੇਂ ਜੰਗਲ ਦੇ ਅੰਦਰ ਚਾਰ ਕਰਮ ਦੇ ਦਿਉ, ਪਰ ਹੁਣ ਸਾਨੂੰ ਵਾਪਸ ਨਾ ਧੱਕਿਆ ਜੇ! ਨਹੀਂ ਤੇ ਮਲਕ ਹੁਰੀਂ ਸਾਨੂੰ ਮਾਰ ਦੇਣਗੇ। ਉਹ ਬਹੁਤੇ ਵਗਾਰੀਆਂ ਦੀ ਪੁੱਠੀ ਖੱਲ ਲੁਹਾ ਕੇ ਲੂਣ ਪਵਾਂਦੇ ਜੇ।” ਸ਼ਰਨੀ ਆਇਆਂ ਵਿਚੋਂ ਇਕ ਹੋਰ ਨੇ ਅਰਜ ਕੀਤੀ।

“ਹੁਣ ਤੁਸੀਂ ਇਥੇ ਸਾਡੇ ਸ਼ਹਿਰ ਵਿੱਚ ਹੀ ਵੱਸੋਗੇ। ਤੇ ਤੀਹੋ-ਕਾਲ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਕੋਈ ਨਾ ਕੱਢ ਸਕੂ !” ਮਹਾਰਾਜ ਨੇ ਬਚਨ ਕੀਤੇ।

“ਤੁਹਾਡੇ ਮਲਕ ਕਿਹੜਾ ਏ?” ਬਾਬਾ ਮੋਹਰੀ ਜੀ ਨੇ ਕਿਹਾ।

“ਅਸਦ ਖਾਂ ਏ!” ਸ਼ਰਨੀਆਂ ਦੀ ਥਾਂ ਟਿੱਕਾ ਪ੍ਰਿਥੀ ਚੰਦ ਫੱਟ ਬੋਲਿਆ।

“ਟਿੱਕਾ ਜੀ ਨੂੰ ਬੜਾ ਇਲਮ ਏ !” ਮੋਹਰੀ ਜੀ ਨੇ ਕਿਹਾ।

“ਮਹਾਰਾਜ ਦਾ ਕੰਮ-ਕਾਰ ਵੀ ਇਹਨਾਂ ਹੀ ਵੇਖਣੈ,” ਇਕ ਹੋਰ ਸੇਵਕ ਬੋਲਿਆ।

“ਪਰਿਵਾਰ ਤੇ ਹੋਰ ਜੀਆ-ਜੰਤ ਲੁਕਾ ਕੇ ਆਏ ਹੋ ਨਾ?” ਹਲਕਾ ਜਿਹਾ ਮੁਸਕਾ ਕੇ ਸੱਚੇ ਪਾਤਸ਼ਾਹ ਨੇ ਕਿਹਾ।

“ਜੀ ਸੱਚੇ ਪਾਤਸ਼ਾਹ। ਟੱਬਰ-ਟੀਰ ਤੇ ਹੋਰ ਜੀਆ-ਜੰਤ ਉਹ ਸਾਹਮਣੀ ਝਿੜੀ ਵਿੱਚ ਲੁਕੋ ਆਏ ਆਂ। ਮਲਕ ਹੁਰਾਂ ਨੂੰ ਜਾਂ ਪ੍ਰੋਹਤਾਂ ਦੇ ਕਿਸੇ ਵੀ ਘਰ ਨੂੰ ਖਬਰ ਹੋ ਜਾਂਦੀ ਤਾਂ ਸਾਨੂੰ ਜਾਂ ਤਾਂ ਸਾੜ ਦੇਣਾ ਸੀ, ਜਾਂ ਪੁੱਠੀਆਂ ਖੱਲ੍ਹਾਂ ਲੁਹਾ ਦੇਣੀਆਂ ਸਨ,” ਇਕ ਸ਼ਰਨਾਰਥੀ ਬੋਲਿਆ।

“ਜਾਉ ਲੈ ਆਉ ਸਭਨਾਂ ਸਿਰਾਂ ਨੂੰ ! ਜਿੰਨੇ ਸਰੀਰ ਨੇ, ਸਭ ਨਾਨਕ-ਨਿਰੰਕਾਰੀ ਦੇ ਨੇ। ਆਕੇ ਪਹਿਲਾਂ ਲੰਗਰ ਛੱਕੋ। ਤੇ ਨਾਲੇ ਇਹ ਦੱਸੋ, ਪਈ ਰੋਟੀ-ਪਾਣੀ ਲਈ ਦਾਣੇ ਪਿੰਡ ਦੇਂਦਾ ਸੀ ਜਾਂ ਕੋਈ ਹੋਰ ਇੰਤਜ਼ਾਮ ਸੀ?” ਗੁਰੂ ਜੀ ਨੇ ਕਿਹਾ।

“..ਜੀ ਪਿੰਡ ਦੇਂਦਾ ਤੇ ਸੀ, ਪਰ ਬੜੇ ਬੁਰੇ ਹਾਲੀਂ। ਕਦੀ ਕਦੀ ਮਲਕ ਹੁਰੀਂ ਜ਼ਕਾਤ ਭਿਜਵਾਂਦੇ ਸਨ, ਪਰ ਉਹ ਵੀ ਸਾਡੇ ਸਾਰੇ ਲਾਣੇ (ਕਬੀਲੇ) ਲਈ ਪੂਰੀ ਨਹੀਂ ਸੀ ਪੈਂਦੀ,” ਮੁਖੀ ਜਾਪਦੇ ਬੰਦੇ ਨੇ ਸਾਰੀ ਵਿਥਿਆ ਦੱਸੀ।

“…ਤੇ ਫੇਰ ਔਕੜ ਵੇਲੇ ਕੀ ਕਰਦੇ ਸਾਉ?” ਗੁਰੂ ਸਾਹਿਬ ਨੇ ਸਪਸ਼ਟ ਪੁੱਛਿਆ।

“…ਜੀ ਕੀ ਦੱਸੀਏ? ਔਕੜ ਵੇਲੇ ਜਾਂ ਤੇ ਫੇਰ ਚੂਹੇ ਮਾਰ ਲਈਦੇ ਸੀ। ਜੰਗਲ ਫਰੋਲ ਲਈਦਾ ਸੀ ਜੀ ਚੂਹਿਆਂ ਲਈ ! ਸਹਿਆ ਜਾਂ ਕੋਈ ਰੋਝ ਮਾਰਨ ਦਾ ਸਾਨੂੰ ਹੁਕਮ ਨਹੀਂ ਸੀ। ਤੇ ਜੇ ਕਿਤੇ ਪਸ਼ੂ ਮਰ ਜਾਏ, ਤਾਂ ਅਸੀਂ ਚਮੜਾ ਕਮਾ ਕੇ ਮਾਲਕ ਨੂੰ ਦੇ ਦਈਦਾ ਸੀ, ਪਰ ਮਾਸ ਨੂੰ ਸੁੱਕਾ ਕੇ, ਭੋਰ ਕੇ, ਚੂਰਾ ਬਣਾ ਲਈਦਾ ਸੀ। ਉਸੇ ਨੂੰ ਔਕੜਾਂ ਵੇਲੇ ਉਬਾਲ ਲਈਦਾ ਸੀ ਜੀ ਤਾਂਬੀਏ ‘ਚ,” ਇਕ ਹੋਰ ਨੇ ਖੁਲਾਸਾ ਕੀਤਾ।

“…ਪਰ ਸਿਆਲਾਂ ਦੇ ਦਿਨੀਂ ਕੀ ਕਰਦੇ ਹੋਵੋਗੇ? ਸਿਆਲਾਂ ‘ਚ ਤੇ ਕਈ ਵਾਰ ਕੁਛ ਵੀ ਨਹੀਂ ਲੱਭਦਾ,” ਬਾਬਾ ਬੁੱਢਾ ਜੀ ਨੇ ਪੇਂਡੂ ਅਭਿਆਸ ‘ਚੋਂ ਸਹਿਵਨ ਹੀ ਪੁੱਛ ਲਿਆ।

“ਬੋਲਦੇ ਨਹੀਂ – ਭਲਿਓ ਲੋਕੋ!” ਉਹਨਾਂ ਨੂੰ ਚੁੱਪ ਵੇਖ ਕੇ ਗੁਰੂ ਸਾਹਿਬ ਬੋਲੇ।

“ਸੱਚੇ ਪਾਤਸ਼ਾਹ। ਕੀ ਦੱਸੀਏ? ਹੱਲ ਤੇ ਸਿਆਲਾਂ ਦਾ ਵੀ ਅਸੀਂ ਕੱਢ ਲਿਆ ਹੋਇਆ ਸੀ। ਭੁੱਖ ਨਾਲ ਨਹੀਂ, ਅਸੀਂ ਤੇ ਵੱਡੇ-ਵੱਡੇਰਿਆਂ ਦੇ ਕੋਹਣ ਨਾਲ ਮਰ ਚੱਲੇ ਆਂ। ਅੱਤ ਭੁੱਖ ਦੇ ਦਿਨੀਂ ਅਸੀਂ ਚਾਟੀਵਿੰਡ ਤੋਂ ਪਾਰ ਜੰਗਲ ‘ਚ ਲੰਘ ਜਾਂਦੇ ਸਾਂ ਤੇ ਇਕ-ਦੋ ਜੰਗਲੀ ਕੁੱਤੇ ਮਾਰ ਲਿਆਨੇ ਸਾਂ। ਜਦੋਂ ਉਹਨਾਂ ਦਾ ਮਾਸ ਮੁੱਕ ਜਾਂਦਾ, ਹੋਰ ਮਾਰ ਲਿਆਂਦੇ ਸਾਂ। ਪਾਤਸ਼ਾਹ! ਸਾਡਾ ਬੜਾ ਮੰਦਾ ਹਾਲ ਸਾਈ,” ਇਕ ਮਾਂਦੇ-ਮਰੇੜੇ ਬੁੱਢੇ ਨੇ, ਜਿਹੜਾ ਮੁਖੀਏ ਦੇ ਬਰਾਬਰ ਖੜ੍ਹਾ ਸੀ, ਅਰਜ ਗੁਜ਼ਾਰੀ।

ਸਭ ਪਾਸੇ ਚੁੱਪ ਛਾ ਗਈ। ਕਈਆਂ ਨੂੰ ਵਿਚੋਂ ਘ੍ਰਿਣਾ ਨਾਲ ਉਲਟੀ ਆਣ ਵਾਲੀ ਹੋ ਗਈ। ਸੰਗਤਾਂ ਵਿਚੋਂ ਚੰਦ ਔਰਤਾਂ ਕੁੱਤੇ ਵਾਲੀ ਗੱਲ ਸੁਣਕੇ ਕਚਿਆਣ ਨਾਲ ਮਨ ਭਾਰੀ ਕਰ ਬੈਠੀਆਂ। ਆਖਰ ਸੱਚੇ ਪਾਤਸ਼ਾਹ ਨੇ ਹੀ ਚੁੱਪ ਤੋੜੀ –

“ਬਾਬਾ ਜੀ, ਪਹਿਲਾਂ ਇਹਨਾਂ ਨੂੰ ਲੰਗਰ ਛਕਾਉ। ਫੇਰ ਜਗ੍ਹਾ ਦੇ ਦਿਉ, ਤਾਂ ਕਿ ਰਾਤ ਤੱਕ ਇਹ ਕੋਈ ਛੰਨਾਂ, ਛੱਪਰੀਆਂ ਬੰਨ੍ਹ ਲੈਣ।”

“ਜੀ ਪਾਤਸ਼ਾਹ!” ਬਾਬਾ ਜੀ ਉੱਠ ਖੜੋਤੇ।

ਏਨੇ ਨੂੰ ਉਸੇ ਨੰਗੀ ਭੀੜ ਵਿਚੋਂ ਦੋ ਸਰੀਰ ਬਾਹਰ ਆਏ। ਲੱਕ ਉਹਨਾਂ ਦੇ ਲਹੂ ਲਿਬੜੀਆਂ ਤਹਿਮਤਾਂ ਸਨ। ਤਹਿਮਤਾਂ ਤੇ ਗੰਦੀ ਰੱਸੀ ਬੰਨ੍ਹ ਕੇ ਨਿੱਕੀਆਂ ਛੁਰੀਆਂ ਬੰਨ੍ਹੀਆਂ ਹੋਈਆ ਸਨ। ਅਗੇ ਹੋ ਕੇ ਉਹਨਾਂ ਸੱਚੇ ਪਾਤਸ਼ਾਹ ਨੂੰ ਸਲਾਮ ਕੀਤੀ ਤੇ ਅਰਜ ਗੁਜ਼ਾਰੀ –

“ਖੁਦਾਵੰਦਾ! ਅਸੀਂ ਵੀ ਅਰਜ ਲੈ ਕੇ ਆਏ ਹਾਂ। ਸਾਡੀ ਵੀ ਝੋਲੀ ਖ਼ੈਰ ਪਾ,” ਉਹਨਾਂ ਵਿਚੋਂ ਇਕ ਨੇ ਕਿਹਾ।

“… ਹਾਂ ਦੱਸੋ। ਤੁਹਾਡੀ ਝੋਲੀ ਖਾਲੀ ਨਹੀਂ ਜਾਣ ਦਿਆਂਗੇ। ਦੱਸੋ, ਦੱਸੋ?” ਮਹਾਰਾਜ ਨੇ ਕਿਹਾ।

“ਅਸੀਂ ਕਸਾਈ ਆਂ ! ਇਹਨਾਂ ਦੇ ਲਾਣੇ ਵਿਚੋਂ ਹੀ ਆਂ। ਪਰ ਮਲਕ ਹੁਰਾਂ ਦੇ ਕਾਜ਼ੀ ਨੂੰ ਕੁਛ ਕਸਾਈ ਚਾਹੀਦੇ ਸਨ। ਉਹਨਾਂ ਨੇ, ਪਰੂੰ-ਪਰਾਰ ਤੋਂ ਵੀ ਕਿਤੇ ਪਹਿਲੋਂ ਦੀ ਗੱਲ ਆ, ਸਾਡੇ ਹੱਥਾਂ ‘ਤੇ ਸੂਫੀ ਅੰਬ ਸ਼ਾਹ ਕੋਲੋ ਬੈਤ ਕਰਾ ਦਿੱਤੀ ਸੀ। ਹੁਣ ਕਲਮਾ ਤੇ ਪੜ੍ਹ ਲਿਆ ਏ। ਪਰ ਸਾਨੂੰ ਉਹ ਨਾਲ ਨਹੀਂ ਰਲਾਂਦੇ। ਰਹਿਨੇ ਅਸੀਂ ਆਪਣੇ ਇਹਨਾਂ ਭਰਾਵਾਂ ਨਾਲ ਆਂ। ਜਦੋਂ ਉਹਨਾਂ ਨੂੰ ਪਸ਼ੂ ਹਲਾਲ ਕਰੌਣ ਦੀ ਲੋੜ ਪੈਂਦੀ ਏ, ਉਦੋਂ ਸਾਨੂੰ ਵਗਾਰ ਲਈ ਧੱਕ ਖੜ੍ਹਦੇ ਨੇ।” ਇਕ ਨੇ ਆਪਣੀ ਲਹੂ ਲਿਬੜੀ ਤਹਿਮਤ ਦਾ ਪੱਲਾ ਹੱਥ ‘ਚ ਫੜ ਕੇ ਅਰਜ ਕੀਤੀ। ਦੂਸਰੇ ਨੇ ਨੀਵਾਂ ਹੋਕੇ ਮੂੰਹ ਵਿੱਚ ਘਾਹ ਦੀ ਤਿੜ ਦੱਬਾ ਲਈ। ਤਿੜ (ਦੱਬ) ਬੇਨਤੀ ਕਰਨ ਦੀ ਨਿਸ਼ਾਨੀ ਸੀ।

“…ਮੈਂ ਵੇਖ ਲਈ ਏ ਦੱਬ ਤੇਰੇ ਮੂੰਹ ਵਿੱਚ। ਤੂੰ ਵੀ ਅਰਜ ਕਰ ਛੱਡ। ਮਹਾਰਾਜ ਨੇ ਤੈਨੂੰ ਵੀ ਖਾਲੀ ਨਹੀਂ ਤੋਰਨਾ।” ਬਾਬਾ ਬੁੱਢਾ ਜੀ ਨੇ ਹੱਸ ਕੇ ਕਿਹਾ।

“ਖੁਦਾਵੰਦਾ। ਇਹਨਾਂ ਦੀਆਂ ਛੰਨ ਕੋਲ ਇਕ-ਅੱਧ ਛੰਨ ਸਾਡੀ ਵੀ ਪਵਾ ਦੇਹ। ਅਸੀਂ ਉਹਨਾਂ ਦੇ ਵੱਸ ਨਹੀਂ ਰਹਿਣਾ ਚਾਹੁੰਦੇ। ਕਸਾਈ ਅਸੀਂ ਨਹੀਂ। ਕਸਾਈ ਤੇ ਉਹ ਨੇ ਅਸਲ ‘ਚ ! ਪਿਛਲੇ ਵਰ੍ਹੇ ਉਹਨਾਂ ਸਾਡੀ ਨਿੱਕੀ ਜਿਹੀ ਗਲਤੀ ਤੇ ਮੇਰਾ ਛੋਹਰ ਵੱਟੇ-ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਸੀ।” ਘਾਹ ਦੀ ਤਿੜ ਵਾਲਾ ਬੋਲਿਆ ਤੇ ਰੋਣ ਲੱਗ ਪਿਆ।

“… ਇਹ ਤੇ ਗੱਲ ਹੀ ਕੋਈ ਨਹੀਂ। ਖੱਬੀ ਬਾਹੀ ਤੁਹਾਡੀ! ਸੱਜੀ ਉਹਨਾਂ ਦੀ! ਤੁਸੀਂ ਵੀ ਉਥੇ ਹੀ ਛੰਨਾਂ ਪਾ ਲਉ।” ਗੁਰੂ ਜੀ ਨੇ ਨਬੇੜਾ ਕਰ ਦਿੱਤਾ।

“… ਜੀ ਪਾਤਸ਼ਾਹ। ਇਕ ਬੰਨੇ ‘ਕੁੱਤੀ ਵਿਹੜਾ’ ਤੇ ਦੂਜੇ ਬੰਨੇ ‘ਕਸਾਈ ਵਿਹੜਾ’। ਇਥੇ ਵਾਹਵਾ ਰੌਣਕ ਰਹਿਸੀ ਮਾਰਾਜ।” ਮੋਹਰੀ ਜੀ ਨੇ ਕਿਹਾ। ਇਹ ਪਤਾ ਨਹੀਂ ਸੀ ਲਗਾ ਕਿ ਮੋਹਰੀ ਜੀ ਨੇ ਦਿਲੋਂ ਕਿਹਾ ਕਿ ਵਿਅੰਗ ਕੀਤਾ ਸੀ? ਕਿਉਂਕਿ ਨਾਨਕ ਨਿਰੰਕਾਰੀ ਦੀ ਗੱਦੀ ਵਲੋਂ ਕੁਛ ਵੀ ਕੀਤਾ ਜਾਣਾ ਸੰਭਵ ਸੀ। ਪਰ ਮੋਹਰੀ ਜੀ ਨੂੰ ਆਪਣੇ ਖੱਤਰੀ ਹੋਣ ਦਾ ਵੀ ਕਿਧਰੇ ਡੂੰਘਾ, ਧੁਰ ਅੰਦਰ ਮਾਣ ਸੀ। ਅੱਜ ਉਹ ਮਾਣ ਥੋੜ੍ਹਾ ਔਖਾ ਹੋ ਰਿਹਾ ਸੀ।

“… ਸਭ ਗੁਰੂ ਦੀ ਬਖਸ਼ਿਸ਼ ਏ ਮੋਹਰੀ ਜੀ। ਅਸੀਂ ਕੋਣ ਆਂ?” ਗੁਰੂ ਸਾਹਿਬ, ਜੋ ਦਿਲ ਦੀਆਂ ਦਿਲ ‘ਚ ਬੁੱਝ ਲੈਂਦੇ ਸਨ, ਕਹਿਣ ਲੱਗੇ।

– – – –

ਬਾਬਾ ਬੁੱਢਾ ਜੀ ਉਹਨਾਂ ਨੂੰ, ਸਾਰਿਆਂ ਨੂੰ, ਸਮੇਤ ਝਿੜੀ ਵਿੱਚ ਲੁਕੀ ਸੰਗਤ ਦੇ, ਲੰਗਰ ਛਕਾਣ ਲੈ ਗਏ ਸਨ। ਕਾਫੀ ਦੇਰ ਮਗਰੋਂ ਉਹ ਇਕੱਲੇ ਪਰਤੇ ਤੇ ਸੱਚੇ ਪਾਤਸ਼ਾਹ ਦੇ ਬਿਲਕੁਲ ਨਜ਼ਦੀਕ ਆ ਕੇ ਚਰਨਾਂ ਕੋਲ ਬੈਠ ਗਏ ਤੇ ਅਰਜ ਕੀਤੀ –

“ਸੱਚੇ ਪਾਤਸ਼ਾਹ! ਲੰਗਰ ਤੇ ਛਕਾ ਦਿੱਤੈ! ਪਰ ਕਿੰਨੀ ਓ ਸੰਗਤ ਚੁੱਪ ਕਰਕੇ ਖਿਸਕ ਗਈ ਏ। ਇਹਨਾਂ ਢੇਡਾਂ ਨਾਲ ਬਹਿ ਕੇ ਲੰਗਰ ਛੱਕਣ ਲਈ ਤੇਰੇ ਵਿਰਲੇ ਸਿੱਖ ਹੀ ਬੈਠੇ ਰਹੇ ਨੇ। ਬਸ ਉਹੀ, ਜਿੰਨ੍ਹਾ ਨੂੰ ਢੇਡਾਂ ਵਿੱਚੋਂ ਵੀ ਤੂੰ ਹੀ ਦਿੱਸਦਾ ਏਂ!”

ਹਜ਼ੂਰ ਮਹਾਰਾਜ ਕਿੰਨੀ ਦੇਰ ਖਾਮੋਸ਼ ਬੈਠੇ ਰਹੇ। ਫੇਰ ਬਾਬਾ ਬੁੱਢਾ ਜੀ ਦੇ ਕੰਨ ਕੋਲ ਸਰਗੋਸ਼ੀ ਨਾਲ ਕਹਿਣ ਲੱਗੇ –

“ਤੁਸੀਂ ਇਹਨਾਂ ਨੂੰ ਉੱਤਰ ਵਾਲੀ ਬਾਹੀ ਵੱਲ ਥੋੜ੍ਹੀ ਥਾਂ ਦਿਉ। ਕੋਲ ਜੰਗਲ ਵੀ ਹੈ। ਰਾਤ ਤੱਕ ਇਹ ਸਿਰ ਲੁਕਾਣ ਜੋਗੇ ਹੋਣ। ਇਹ ਨਾਨਕ ਦੇ ਦਰਾਬਰ ‘ਚ ਆਏ ਨੇ। ਸ਼ਰਾਨਗਤ ਨੂੰ ਕਿਵੇਂ ਸੁੱਟ ਪਾਈਏ? ਵੇਖੀ ਜਾਏਗੀ, ਜੋ ਹੋਏਗਾ!”

“ਪਾਤਸ਼ਾਹ! ਵਧੇਰੇ ਕਰਕੇ ਲਾਹੌਰ ਦੀ ਰੋੜ ਬੰਸ, ਤੇ ਸੁਲਤਾਨਪੁਰ ਲੋਧੀ ਵਲ ਦੀ ਜੱਟ ਬਰਾਦਰੀ ਲੰਗਰ ਛੱਡ ਗਈ ਏ। ਉੱਠ ਕੇ ਚੁੱਪ ਕੀਤੇ ਟੁਰ ਗਏ ਨੇ। ਬਾਕੀ ਰਿਆੜਕੀ ਦੇ ਤੇ ਪਹਾੜ ਦੇ ਪੈਰਾਂ ਦੇ ਕੁਛ ਘੁਮਿਆਰ ਤੇ ਜੱਟ, ਜਿਹੜੇ ਇਕੱਠੇ ਆਏ ਸਨ, ਉਹ ਬੜੇ ਸਿਦਕ ਨਾਲ ਲੰਗਰ ਛੱਕ ਰਹੇ ਨੇ।“ ਬਾਬਾ ਬੁੱਢਾ ਜੀ ਨੇ ਤਫ਼ਸੀਲ ਦਿੱਤੀ। ਨਾਲ ਹੀ ਉਹ ਉੱਠ ਕੇ ਦੁਬਾਰਾ ਢੇਡਾਂ ਵੱਲ ਚਲੇ ਗਏ, ਤਾਂ ਕਿ ਉਹਨਾਂ ਨੂੰ ਜਗ੍ਹਾਂ ਦੇ ਨਿਸ਼ਾਨ ਦੇ ਆਣ।

“ਵਾਹ ਮੇਰੇ ਨਾਨਕਾ ! ਨਿਰੰਕਾਰੀਆ ! ਤੇਰੀਆਂ ਤੂੰ ਜਾਣੇ। ਪਰ ਮੇਰੇ ਪੁੱਤਰੋ। ਤੁਸੀਂ ਜਿੰਨੀ ਆਸ ਲੈ ਕੇ ਇਹਨਾਂ ਨਾਨਕ-ਪੰਥੀਆਂ ਕੋਲ ਆਏ ਸਾਓੁ, ਮੈਨੂੰ ਨਹੀਂ ਭਾਸਦਾ, ਪਈ ਇਹ ਤੁਹਾਨੂੰ ਪੂਰੀ ਤਰ੍ਹਾਂ ਗਲ ਨਾਲ ਲਾ ਲੈਣਗੇ।” ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਨੇ ਮੂੰਹ ਵਿੱਚ ਇਹ ਅਰਜ ਨਾਨਕ ਨਿਰੰਕਾਰੀ ਦੀ ਆਤਮਾ ਅਗੇ ਕੀਤੀ ਤੇ ਜਵਾਬ ਵਿੱਚ ਜੋ ਉਹਨਾਂ ਨੂੰ ਅਗਮ-ਨਿਗਮ ਦੀ ਬਾਣੀ ਸੁਣੀ, ਉਹ ਸਿਰਫ ਉਹੀ ਜਾਣ ਸਕੇ ਸਨ। ਪਰ ਉਹਨਾਂ ਦੇ ਮੁਖ ਦੀ ਉਦਾਸੀ ਕਈ ਕੁਛ ਰਹਿ ਰਹੀ ਸੀ।

ਇਸ ਸਾਰੇ ਕੌਤਕ ਨੂੰ ਦੋ ਬਾਲ-ਅੰਝਾਣੇ, ਬਾਲਕ ਅਰਜਨ ਦੇਵ ਅਤੇ ਉਹਨਾਂ ਦਾ ਹੀ ਅੰਗ-ਸਾਕ ਵਿਚੋਂ ਭਰਾ ਲਗਦਾ ਬਾਲਕ ਗੁਰਦਾਸ ਬੜੇ ਗਹੁ ਨਾਲ ਵੇਖ ਰਹੇ ਸਨ। ਉਹਨਾਂ ਦੇ ਮੁਖ-ਮੰਡਲ ਬਾਲਕ ਹੋਣ ਦੇ ਬਾਵਜੂਦ ਕਿਸੇ ਸਿਆਣੀ ਆਭਾ ਨਾਲ ਲਿਸ਼ਕ ਰਹੇ ਸਨ।

– – – –

ਰਾਤ ਜਦੋਂ ਮੈਂ ਸੁੱਤਾ, ਚੰਗਾ ਭਲਾ ਸਾਂ। ਪਰ ਰਾਤ ਜਦੋਂ ਅੱਧ ‘ਚ ਹੋਈ, ਭਾਵ ਜਦੋਂ ਪ੍ਰੇਤ-ਆਤਮਾਵਾਂ ਦਾ ਪਹਿਰਾ ਲਗ ਗਿਆ, ਉਦੋਂ ਹੀ ਕਿਤੇ ਮੇਰੀ ਅੱਖ ਖੁਲ੍ਹੀ। ਤੇ ਅੱਖ ਖੁੁਲ੍ਹੀ ਵੀ ਬੜੇ ਕਸੂਤੇ ਢੰਗ ਨਾਲ! ਅਚਾਨਕ ਮੈਨੂੰ ਲਗਾ ਕਿ ਕੋਈ ਬੜੀ ਬੇਤਰਸੀ ਨਾਲ ਮੇਰੇ ਦੋਵੇਂ ਹੱਥਾਂ ਤੇ ਬੁਰਕ ਪਿਆ ਵੱਢਦੈ! ਮੈਂ ਸ਼ਾਇਦ ਕਿਸੇ ਸੁਪਨੇ ਵਿੱਚ ਵਿਚਰ ਰਿਹਾ ਸਾਂ ਕਿ ਅਰਧ-ਜਾਗਰਨ ਵਿੱਚ, ਇਹਦਾ ਉਸ ਵੇਲੇ ਤੱਕ ਕੋਈ ਅਹਿਸਾਸ ਨਹੀਂ ਸੀ ਹੋਇਆ। ਜਦੋ ਮੈਂ ਹੱਥਾਂ ਤੇ ਬੁਰਕ ਵੱਢੀਂਦੇ ਤੱਕੇ ਤਾਂ ਦਰਦ ਨਾਲ ਚੀਕਾਂ ਛੱਡ ਦਿੱਤੀਆਂ। ਕੋਈ ਆਪਣੇ ਕਰੜੇ ਹੱਥਾਂ ਵਿੱਚ ਫੜ ਕੇ ਮੇਰੇ ਦੋਹੇਂ ਹੱਥਾਂ ਤੇ ਬੁਰਕ ਪਿਆ ਵੱਢਦਾ ਸੀ। ਅਜੇ ਦੰਦੀਆਂ ਹੀ ਖੁੱਭੀਆਂ ਸਨ ਤੇ ਲਹੂ ਸਿੰਮਣਾ ਸ਼ੁਰੂ ਹੋਇਆ ਸੀ। ਸੁਪਨੇ ਵਿੱਚ ਹੀ ਮੈਨੂੰ ਆਭਾਸ ਹੋ ਗਿਆ ਕਿ ਮੇਰੇ ਦੋਵੇਂ ਹੱਥਾਂ ਤੇ ਬੁਰਕ ਵੱਢਣ ਵਾਲੀ ਇਹ ਸ਼ੈਅ ਕੋਈ ਜਨਾਨੀ ਐ! ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਇਹ ਜਨਾਨਾ ਸ਼ੈਅ ਕੋਈ ਬੜੀ ਬਲਵਾਨ ਤੇ ਰੂਹਾਨੀ ਸ਼ੈਅ ਏ!

ਮੈਂ ਡਰਕੇ ਅੱਖਾਂ ਖੋਹਲ ਦਿੱਤੀਆਂ। ਅਗੇ ਅੱਖਾਂ ਖੁਲ੍ਹੀਆਂ ਵਿੱਚ ਵੀ ਘੁੰਗਰਾਲੇ ਵਾਲਾਂ ਵਾਲੀ ਤੇ ਵੱਡੀਆਂ ਅੱਖਾਂ ਵਾਲੀ, ਕਾਲੇ-ਧੂਤ ਰੰਗ ਦੀ ਲੰਮੀ-ਚੌੜੀ ਜਨਾਨੀ ਮੇਰੇ ਹੱਥਾਂ ‘ਤੇ ਬੁਰਕ ਪਈ ਵੱਢਦੀ ਸੀ। ਉਹਦੀਆਂ ਨਾਸਾਂ ਫ੍ਹੀਨੀਆਂ ਤੇ ਉੱਭਰਵੇਂ ਭਰਵੱਟੇ ਸਨ। ਅੱਖਾਂ ਚੌੜੀਆਂ ਤੇ ਖੂਨੀ ਲਿਸ਼ਕ ਭਰੀਆਂ ਸਨ। ਦੰਦ, ਜਿਹੜੇ ਦੁੱਧ-ਚਿੱਟੇ ਤੇ ਮਜਬੂਤ ਸਨ, ਮੇਰੇ ਲਹੂ ਨਾਲ ਲਿਬੜੇ ਦਿੱਸਦੇ ਸਨ। ਮੈਂ ਚੀਕ ਮਾਰਕੇ ਸੱਜਾ ਹੱਥ ਛੁਡੌਣਾ ਚਾਹਿਆ ਤਾਂ ਖੱਬੇ ਅੰਤਾਂ ਦੀ ਦਰਦ ਹੋਈ। ਮਰਦੇ ਨੇ ਖੱਬੇ ਵੰਨੀ ਵੇਖਿਆ ਤਾਂ ਬਿਲਕੁਲ ਉਹੋ ਜਿਹੀ ਇਕ ਹੋਰ ਜਨਾਨਾ ਮੂਰਤ ਮੇਰਾ ਹੱਥ ਪਈ ਖਾਵੇ। ਸਾਹਮਣੇ ਵੇਖਿਆ ਤਾਂ ਉਹੋ ਹੀ ਮੂਰਤ ਸਾਹਮਣੇ ਵੀ ਖੜ੍ਹੀ ਦਿੱਸੇ। ਮੈਂ ਚੀਕਾਂ ਮਾਰਦਿਆਂ ਕਿਹਾ –

“ਹਾਏ! ਹਾਏ ਛੱਡ ਦੇਹ! ਮੈਂ ਮਰ ਗਿਆ!”

“ਵੇਖਦਾ ਕੀ ਏਂ? ਜਿਧਰ ਮਰਜੀ ਆ, ਵੇਖ ਲੈ! ਮੈ ਚਾਰੇ ਪਾਸੇ ਖੜੋਤੀ ਆਂ ਘੇਰ ਕੇ ਤੈਨੂੰ!”

ਮੈਂ ਭਾਵੇਂ ਦਰਦ ਨਾਲ ਮਰਨ ਡਿਹਾ ਸਾਂ, ਪਰ ਮੈਂ ਮੂਲ-ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।

“…ਕਰੀ ਜਾਹ ਪਾਠ! ਪਾਠਾਂ ਨਾਲ ਨਹੀਂ ਤੂੰ ਮੇਰੇ ਕੋਲੋਂ ਬਚਣ ਲਗਾ!” ਉਸ ਲੰਮੀ-ਚੌੜੀ ਜਨਾਨੀ ਨੇ ਮੈਨੂੰ ਕਿਹਾ ਤੇ ਫਿਰ ਆਪੇ ਹੀ ਮੇਰੇ ਹੱਥ ਛੱਡ ਦਿੱਤੇ। ਹੱਥ ਛੁਟਦਿਆਂ ਹੀ ਮੈਂ ਕੱਛਾਂ ਵਿੱਚ ਦੇ ਲਏ। ਦਰਦ ਨਾਲ ਮੇਰਾ ਬੁਰਾ ਹਾਲ ਸੀ। ਹੀਆ ਕਰਕੇ ਮੈਂ ਪੁੱਛ ਹੀ ਲਿਆ –

“ਕੌਣ ਆਂ ਤੂੰ? ਤੇ ਮੈਂ ਤੇਰਾ ਕੀ ਵਗਾੜਿਆ?”

“ਮੈਂ ‘ਆਦਿ ਮਾਤਾ’ ਹਾਂ! ਇਸ ਜਗਤ ਦੀ ਮੂਲ ਰਚਨਾ ਦੀ ਜਣਨੀ। ਬਾਕੀ ਸਭ ਮਾਤਾਵਾਂ ਮੇਰੇ ਵਿਚੋਂ ਹੀ ਨਿਕਲੀਆਂ ਨੇ। ਮੈਨੂੰ ਧਿਆਨ ਨਾਲ ਵੇਖ!” ਉਹ ਗਰਜਵੀਂ ਅਵਾਜ਼ ਵਿੱਚ ਕਹਿਣ ਲੱਗੀ।

… ਦਰਦ ਦੀ ਵਿਆਕੁਲਤਾ ਤੋਂ ਉਪਰ ਉੱਠ ਕੇ ਮੈਂ ਅੰਚਭੇ ਵਿੱਚ ਆ ਗਿਆ। ਫੇਰ ਮੈਂ ਧਿਆਨ ਨਾਲ ਉਹਦੇ ਵਲ ਤੱਕਣ ਲਗ ਪਿਆ। ਕਾਲਾ-ਸ਼ਾਹ ਪਿੰਡਾ ਸੀ ਉਹਦਾ, ਤੇ ਕਾਲੀਆਂ ਗਦਰਾਈਆਂ ਛਾਤੀਆਂ ਲਮਕ ਰਹੀਆਂ ਸਨ। ਵੱਡੀ ਗੱਲ ਇਹ ਕਿ ਉਹਨਾਂ ਨੰਗੀਆਂ ਛਾਤੀਆਂ ਵਿੱਚੋਂ ਦੁੱਧ ਦੀਆਂ ਬੂੰਦਾਂ ਸਿੰਮ ਕੇ ਸਰੀਰ ਤੇ ਵੱਗ ਰਹੀਆਂ ਸਨ। ਮਾਤਾ ਧੁਰ ਤੱਕ ਹੀ ਨੰਗੀ ਸੀ। ਸਿਰਫ ਪੈਰਾਂ ਵਿੱਚ ਹਰੇ ਪੱਤੇ ਤੇ ਜੰਗਲੀ ਫੁੱਲ ਬੰਨ੍ਹੇ ਹੋਏ ਸਨ। ਜੀਭ ਦੀ ਲਾਲੀ ਗੱਲ ਕਰਦਿਆਂ ਸਾਖਸ਼ਾਤ ਦਿੱਸਦੀ ਸੀ।

“ਪਰ ਮਾਤਾ! ਮੇਰਾ ਕੀ ਕਸੂਰ ਏ? ਮੇਰੇ ਹੱਥਾਂ ਤੇ ਚੱਕ ਤੂੰ ਐਂਵੇ ਹੀ ਵੱਢੇ।” ਮੈਂ ਡਰਦੇ ਨੇ ਜਿਰਾਹ ਕੀਤੀ।

“ਤੂੰ ਕਾਂਗ ਨਹੀਂ, ਜਿਹੜਾ ਕਹਾਣੀਆਂ ਪੌਂਦਾ ਰਹਿੰਦਾ ਏ?” ਉਹਨੇ ਫੱਟ ਕਿਹਾ।

“ਆਹੋ ਮਾਤਾ! ਇਹਦਾ ਮਤਲਬ, ਤੂੰ ਮੈਨੂੰ ਜਾਣਦੀ ਏ?” ਮੈਂ ਹੈਰਾਨ ਸਾਂ।

“ਮੈਂ ਸਾਰੇ ਸੰਸਾਰ ਨੂੰ ਜਾਣਦੀ ਆਂ। ਇਕ-ਇਕ ਨੂੰ! ਤੇ ਸਾਰਿਆਂ ਨੂੰ ਸਿੱਝ ਵੀ ਲਵਾਂਗੀ, ਜਿਹੜੇ ਮੇਰੇ ਬੱਚਿਆਂ ਨੂੰ ਮੰਦਾ ਬੋਲਦੇ ਤੇ ਮੰਦਾ ਤਕੌਂਦੇ ਨੇ,” ਉਹ ਫੇਰ ਗੁੱਸੇ ਵਿੱਚ ਆ ਗਈ ਸੀ।

“…ਪਰ ਮਾਤਾ! ਮੈਂ ਕਦ ਤੇਰੇ ਕਿਸੇ ਬੱਚੇ ਨੂੰ ਮੰਦਾ ਬੋਲਿਐ, ਜਾਂ ਮੰਦਾ ਤਕਾਇਐ?” ਮੈਂ ਡਰਦੇ ਨੇ ਤਰਕ ਕੀਤਾ।

“ਅੱਜ ਸ਼ਾਮੀ ਜਦੋਂ ਤੂੰ ਹਰੀਮੰਦਰ ਵਲੋਂ ਔਂਦਾ ਪਿਆ ਸੈਂ, ਤੇਰੇ ਸਾਥੀਆਂ ਨੇ ਮੇਰੇ ਬੱਚੇ ”ਬੰਟੀ ਮਸੀਹ“ ਨੂੰ ਗਾਹਲਾਂ ਕੱਢੀਆਂ ਕਿ ਨਹੀਂ?” ਮਾਤਾ ਕਹਿਰਵਾਨ ਹੋਕੇ ਕਹਿਣ ਲਗੀ।

“ਪਰ ਮਾਤਾ! ਮੈਂ ਤੇ ਕੁਛ ਨਹੀਂ ਸੀ ਨਾ ਕਿਹਾ, ਤੇਰੇ ਉਸ ਲਗਦੇ “ਬੰਟੀ ਮਸੀਹ” ਨੂੰ? ਨਾਲੇ ਮੈਂ ਤੇ ਉਹਦੇ ਪੋਤੜਿਆਂ ਦਾ ਵਾਕਫ਼ ਹਾਂ। ਪੀੜ੍ਹੀਆਂ ਦਾ ਜਾਣੂੰ। ਉਹ ਤੇ ਪੀੜ੍ਹੀਆਂ ਤੋਂ ਸਾਲੇ ਸ਼ਰਾਬੀ ਤੇ ਗੰਦੇ ਬੰਦੇ ਨੇ। ਇਹਨਾਂ ਚੂਹੜਿਆਂ ਸਾਲਿਆਂ ਤੇ ਨਸ਼ੇ ਆਲੀ ਹੱਦ ਮੁੱਕਾ ਦਿੱਤੀ ਏ!” ਮੈਂ ਨਾਲੇ ਡਰ ਰਿਹਾ ਸਾਂ, ਨਾਲ ਅੱਕੇ ਹੋਏ ਨੇ ਸੱਚ ਵੀ ਬੋਲਿਆ।

“ਤਾਂ ਹੀ ਤੇ ਤੇਰੇ ਹੱਥਾਂ ਤੇ ਚੱਕ ਵੱਢੇ ਨੇ। ਸ਼ੁਕਰ ਕਰ, ਤੇਰੀ ਜੀਭ ਨਹੀਂ ਵੱਢੀ, ਜਿਹੜੀ ਗੰਦ ਬੱਕਦੀ ਪਈ ਏ! ਇਹ ਸਾਰੇ ਮੇਰੇ ਪੁੱਤਰ ਨੇ। ਇਹ ਮੇਰੇ “ਸ਼ਿਵ ਭੋਲੇੇ” ਦੇ ਬੱਚੇ ਨੇ। ਏਸ ਸੰਸਾਰ ਦੇ ਮਾਲਕ! ਤੇ ਤੂੰ…? ਚਵਲੇ ਜਹਾਨ ਦੀਏ। ਬਜਾਇ ਆਪਣੇ ਲੇਖਕੀ-ਕਰਮ ਦੇ, ਤਰਸ ਕਰਨ ਦੀ ਥਾਂ ਆਪਣੇ ਸਾਥੀਆਂ ਦੀ ਬਕੜਵਾਹ ਸੁਣਦਾ ਰਿਹਾ…! ਤਾਂ ਹੀ ਤੇਰੇ ਹੱਥਾਂ ਤੇ ਬੁਰਕ ਭਰੇ ਨੇ।” ਮਾਤਾ ਕਹਿਣ ਲਗੀ।

ਮੈਂ ਮੁੜ ਡਰ ਗਿਆ ਕਿ ਕਿਧਰੇ ਆਦਿਮਾਤਾ ਫੇਰ ਨਾ ਕਹਿਰਵਾਨ ਹੋ ਜਾਏ। ਕੁਛ ਸੁੱਝਿਆ ਨਾ। ਫੇਰ ਮੈ ਗੱਲ ਬਦਲਣ ਲਈ ਕਹਿ ਦਿੱਤਾ –

“ਮਾਤਾ ਤੂੰ ਹੀ ਕਾਲੀ ਐਂ…?”

“ਹਾਂ ਮੈਂ ਹੀ ਕਾਲੀ, ਮੈਂ ਹੀ ਜਗਦੰਬੇ ਤੇ ਮੈਂ ਹੀ ਸਤੀ ਹਾਂ ! ਤੇ ਨਾਲੇ ਸੁਣ ਲੈ। ਤੇਰੇ ਗੁਨਾਹ ਮੈਂ ਤਾਂ ਬਖਸ਼ਾਂਗੀ, ਜੇ ਤੂੰ ਮੇਰੇ ਬੱਚਿਆਂ ਨਾਲ ਸੈਆਂ-ਹਜ਼ਾਰਾਂ ਵਰ੍ਹਿਆ ਤੋਂ ਹੋਈ ਬਦਸਲੂਕੀ ਦੀ, ਤੇ ਪਸ਼ੂਆਂ ਤੋਂ ਵੀ ਬਦਤਰ ਹੋਏ ਵਿਹਾਰ ਦੀ ਗੱਲ ਲਿਖੇਂਗਾ। ਨਹੀਂ ਤੇ ਤੇਰਾ ਖ਼ਾਤਮਾ ਕਰ ਦਿਆਂਗੀ। ਸਮਝੇ?” ਉਹਨੇ ਗਰਜ ਕੇ ਕਿਹਾ।

“…ਪਰ ਮਾਤਾ। ਮੈਂ ਕੀ ਲਿਖੂੰ?” ਮੈਨੂੰ ਸੁੱਝੇ ਕੁਝ ਨਾ, ਮੈਂ ਡਰਦੇ ਨੇ ਕਹਿ ਹੀ ਦਿੱਤਾ।

“ਇਹ ਤੂੰ ਜਾਣ। ਤੂੰ ਕਾਹਦੀ ਕਥਾਕਾਰੀ ਕਰਦੈ?” ਉਹ ਫੇਰ ਕਹਿਣ ਲਗੀ। ਫੇਰ ਉਹ ਮੇਰੇ ਵੇਖਦਿਆਂ-ਵੇਖਦਿਆਂ ਅਕਾਰ ਵਧਾਣ ਲਗ ਪਈ। ਫੈਲ ਕੇ ਕਮਰੇ ਜਿੱਡੀ ਹੋ ਗਈ। ਫੇਰ ਕਮਰੇ ਨੂੰ ਫੈਲਾਉਣ ਲਗ ਪਈ। ਮੈਂ ਡਰਕੇ ਅੱਖਾਂ ਮੀਟ ਲਈਆਂ। ਜਦ ਖੋਹਲੀਆਂ ਤਾਂ ਉਹ ਗਾਇਬ ਹੋ ਚੁੱਕੀ ਸੀ। ਪਹਿਲੇ ਜਾਪਿਆ ਕਿ ਮੈਂ ਕੋਈ ਸੱਚ ਹੀ ਵੇਖਿਆ ਹੋਣੈ, ਪਰ ਜਦੋਂ ਜਾਗਦੀਆਂ ਅੱਖਾਂ ਨਾਲ ਵੀ ਹੱਥਾਂ ਨੂੰ ਸਾਫ ਵੇਖਿਆ ਤਾਂ ਯਕੀਨ ਹੋ ਗਿਆ ਕਿ ਸਭ ਸੁਫਨਾ ਸੀ। ਹੱਥ ਤੇ ਸਾਫ਼ ਸਨ !

…ਸਵੇਰੇ ਉਠੱਦਿਆਂ ਹੀ ਮੈ ਪਹਿਲੀ ਚਾਹ ਪੀਕੇ ਜਲੰਧਰ ਨੂੰ ਭੱਜ ਆਇਆ। ਬੁੱਢੇ ਮਾਂ-ਪਿਉ ਕਹਿੰਦੇ ਰਹੇ ਕਿ “ਛਾਹ ਵੇਲਾ” ਖਾ ਕੇ ਜਾਹ। ਪਰ ਮੇਰੇ ਦਿਲ ਨੂੰ ਧਰਵਾਸ ਕਿਥੇ? ਮੈਂ ਹੱਥਾਂ ਨੂੰ ਵੀ ਉਹਨਾਂ ਤੋਂ ਲੁਕੋਈ ਰੱਖਿਆ। ਜਲੰਧਰ ਆਕੇ ਪਹਿਲਾ ਕੰਮ ਮੈਂ ਇਹ ਕੀਤਾ ਕਿ ਹੱਥਾਂ ਤੇ ਖਿਡਾਰੀਆਂ ਵਾਲੇ ਕਾਪ ਜਿਹੇ ਪਾ ਲਏ। ਘਰ ਦੀ ਨੂੰ ਕਹਿ ਦਿੱਤਾ ਕਿ ਬੱਸ ਵਿਚੋਂ ਉਤਰਦਿਆਂ ਹੱਥ ਰਗੜੇ ਗਏ ਨੇ। ਹੱਥ ਤੇ ਚੰਗੇ ਭਲੇ ਸਾਫ਼ ਸੁਥਰੇ ਸਨ, ਪਰ ਮਨ ਅੰਦਰ ਕੋਈ ਡਰ ਸੀ, ਕੋਈ ਭਉ ਸੀ ਕਿ ਬਸ…!

– – – –

ਰਾਤ ਫੇਰ ਉਹੀ ਗੱਲ ਹੋਈ!

ਚੰਗਾ ਭਲਾ ਸੁੱਤਾ। ਆਖਰੀ ਪਹਿਰ ਦੇ ਖ਼ਾਤਮੇ ਵੇਲੇ ਫੇਰ ਮੇਰੇ ਹੱਥਾਂ ਤੇ ਕਿਸੇ ਨੇ ਬੁਰਕ ਮਾਰੇ। ਮੈਂ ਫੇਰ ਘਾਬਰ ਕੇ ਉੱਠਿਆ। ਫੇਰ ਉਹੀ ਚਿਹਰਾ !  ਮੈਂ ਗਿੜਗਿੜਾ ਕੇ ਜਾਨ ਬਖਸ਼ੀ ਦੀ ਅਰਜੋਈ ਕਰਨ ਲਗਾ :-

“…ਬੱਚੂ! ਕੀ ਅੰਬਰਸਰ, ਕੀ ਜਲੰਧਰ? ਕਿਤੇ ਚਲਾ ਜਾਹ। ਤੇਰੀ ਜਾਨ ਬਖਸ਼ੀ ਤਾਂ ਹੀ ਹੋਊ, ਜੇ ਤੂੰ ਮੇਰੇ ਇਹਨਾਂ ਬਾਲਾਂ ਨਾਲ ਹੋਏ ਧਰੋਹ ਦੀ ਕਹਾਣੀ ਪਾਏਂਗਾ। ਨਹੀਂ ਤੇ ਤੇਰੇ ਇਹਨਾਂ ਹੱਥਾਂ ਦਾ ਕੀਮਾ ਕਰਾਂਗੀ। ਏਸ ਸ਼ੁਭ ਕਰਮ ਬਿਨਾਂ ਤੇਰੇ ਇਹ ਚਗਲ ਹੱਥ ਕਿਤੇ ਰਗੜ ਕੇ ਫੋੜੇ ਤੇ ਲੌਣੇ ਆ ਮੈਂ?” ਮਾਤਾ ਸਪਸ਼ਟ ਸੀ।

“…ਪਰ ਮਾਤਾ! ਮਾਤਾ! ਮੈਂ ਲਿਖ ਦਊਂ। ਪਰ ਪਤਾ ਤੇ ਲਗੇ ਕਿ ਮੈਂ ਕੀ ਲਿਖਣੈ? ਕਿਥੋਂ ਮੈਂ ਸ਼ੁਰੂ ਕਰਾਂ?” ਮੈਂ ਦੁਹਾਈ ਪਾਈ।

“…ਹਾਅ ਹਾ! ਆਹ ਤੇ ਹੋਈ ਨਾ ਗੱਲ ! ਠੀਕ ਆਂ ਤੂੰ। ਅਇਥੇ ਮੈਂ ਤੇਰੀ ਮਦਤ ਕਰੂੰ। ਤੂੰ ਐ ਕਰ, ਪਈ ਤੂੰ ਨਾ… ਤੂੰ ਐਂ ਕਰ, ਪਿਛੱਲ-ਝਾਤ ਪਾ। ਭੂਤ ਵਲ ਪਰਤ ਜਾਏਂ ਤਾਂ ਤੈਨੂੰ ਬੜਾ ਕੁਛ ਦਿੱਸੂ। ਉਹੀ ਤੂੰ ਅੱਖਰ-ਅੱਖਰ ਲਿਖ ਲਈਂ। ਕਿਹੜਾ ਕੋਈ ਉਚੇਚ ਕਰਨੀ ਪੈਣੀ ਆ? ਪਰ ਲਿਖੀਂ ਅੱਖਰ-ਅੱਖਰ ਸੱਚ।” ਮਾਤਾ ਨਰਮ ਪੈ ਕੇ ਕਹਿਣ ਲਗੀ।

“ਪਰ ਮਾਤਾ। ਮੇਰੀ ਕੋਈ ਸੀਮਾ-ਰੇਖਾ ਵੀ ਹੋਉ ਕਿ ਨਹੀ? ਪਿੱਛਲ-ਝਾਤ ਤੇ ਮੈਨੂੰ ਪਤਾ ਨਹੀਂ ਕਿੰਨੀ ਕੁ ਪਿਛਾਂਹ ਲੈ ਜਾਉ? ਮੈਂ ਕੀ ਛਡੂੰ, ਤੇ ਕੀ ਲਿਖੂੰ? ਮੈਨੂੰ ਪਤਾ ਤੇ ਹੋਵੇ।” ਮੈਂ ਬੇਨਤੀ ਕੀਤੀ।

“ਚੱਲ ਇਹ ਵੀ ਠੀਕ ਐ। ਤੂੰ ਐ ਕਰ। ਪਈ ਤੂੰ ਹੈਗੈਂ ਪਿਛੋਂ ਅੰਬਰਸਰ ਦਾ। ਤੇ ਮੇਰੇ ਇਹ ਬੱਚੇ “ਰਾਧਾ” ਦੇ ਕਬੀਲੇ ਵਾਲੇ “ਹਸਾਈ” ਵੀ ਇਥੇ ਹੀ ਰਹਿ ਰਹੇ ਨੇ, ਸੈਆਂ ਹਜ਼ਾਰਾਂ ਵਰ੍ਹਿਆਂ ਤੋਂ। …ਤੂੰ ਐ ਕਰ, ਅੰਬਰਸਰ ਵੱਸਣ ਤੋਂ ਸ਼ੁਰੂ ਕਰ। ਠੀਕ ਐ ਹੁਣ?” ਮਾਤਾ ਨੇ ਗਰਜ ਕੇ ਕਿਹਾ।

“ਠੀਕ ਐ!” ਮੈਂ ਹੱਥ ਜੋੜੇ।

– – – –

ਰਾਤ ਜਦ ਮੈਂ ਬਿਸਰਾਮ ਕਰਨ ਲਗਾ, ਤਾਂ ਮੈਨੂੰ ਪਤਾ ਸੀ ਕਿ ਅੱਜ ਕਥਾ ਅਗੇ ਚਲੇਗੀ। ਮੈਂ ਮਨੋਂ ਤਿਆਰ ਸੀ। ਕਥਾ ਵਾਸਤੇ ਭੂਤ-ਕਾਲ ਵਿੱਚ ਮਾਤਾ ਨੇ ਆਪ ਹੀ ਲੈ ਕੇ ਜਾਣਾ ਸੀ। ਮੇਰਾ ਕੰਮ ਤੇ ਬਸ ਯਾਦ-ਸ਼ਕਤੀ ਨੂੰ ਹੁਕਮ ਦੇਣਾ ਤੇ ਅਗਲੇ ਦਿਨਾਂ ਵਿੱਚ ਬਸ ਕਲਮਬੱਧ ਕਰੀ ਜਾਣ ਦਾ ਸੀ।

…ਸੋ ਅੱਜ ਜਦੋਂ ਮੈਂ ਨੀਂਦ ਦੀ ਗੋਦ ਵਿਚ ਗਿਆ, ਤਾਂ ਪਿੱਛਲ-ਝਾਤ ਆਰੰਭ ਹੋ ਗਈ।

ਕਥਾ ਇਓਂ ਚਲੀ –

ਗੁਰੂ ਰਾਮ ਦਾਸ, ਸੱਚੇ ਪਾਤਸ਼ਾਹ ਉਸ ਝਿੜੀ ਕੋਲ ਆਕੇ ਰੁਕ ਗਏ, ਜਿਥੇ ਕਿੱਕਰਾਂ ਤੇ ਦੇਸੀ ਬੇਰੀਆਂ ਦੇ ਝੁੰਡ ਸਨ। ਇਥੇ ਹੀ ਸਿਰਫ਼ ਇਹ ਬੇਰੀਆਂ ਸਨ, ਜਿਥੇ ਕਿ ਲਾਚੀ ਬੇਰ ਲਗਦੇ ਸਨ। ਦੂਰ ਪਰ੍ਹਾਂ, ਮੋਟੇ ਬੇਰਾਂ ਵਾਲੀਆਂ ਬੇਰੀਆਂ ਸਨ। ਸੱਚੇ ਪਾਤਸਾਹ ਨੇ ਉਥੋਂ ਹੀ ਨਜ਼ਰ ਭਰਕੇ ਸਾਹਮਣੇ ਬਣੇ ਕੁਦਰਤੀ ਤਲਾਅ ਵਲ ਨਿਗਾਹ ਟਿਕਾ ਲਈ। ਉਹਨਾਂ ਦੀਆਂ ਅੱਖਾਂ ਹੁਣ ਨਿਰੇ ਤਲਾਅ ਨੂੰ ਹੀ ਨਹੀਂ ਸਨ ਵੇਖ ਰਹੀਆਂ, ਸਗੋਂ ਉਥੇ ਭਵਿੱਖ ਦੀ ਇਕ ਅਡੋਲ ਲਿਸ਼ਕ ਸੀ। ਪਿਛੇ ਬਾਬਾ ਬੁੱਢਾ ਜੀ ਤੇ ਟਿੱਕਾ ਪ੍ਰਿਥੀ ਚੰਦ ਵੀ ਸਨ। ਮਗਰ ਹੀ ਬਾਬਾ ਮੋਹਰੀ ਜੀ ਸਨ, ਬੁੱਧੂ ਜੀ ਸਨ। ਸੱਚੇ ਪਾਤਸ਼ਾਹ ਨੇ ਪਿਛਾਂਹ ਵਲ ਵੇਖਿਆ ਤੇ ਬਾਬਾ ਬੁੱਢਾ ਜੀ ਨੂੰ ਮੁਖਾਤਬ ਹੋਕੇ ਕਹਿਣ ਲੱਗੇ –

“ਬਾਬਾ ਜੀ! ਸਾਨੂੰ ਮਾਲਕਾਂ ਕੋਲੋਂ ਪਟੇ ਮਿਲ ਗਏ ਹਨ ਨਾ?”

“ਜੀ ਪਾਤਸ਼ਾਹ ਜੀਓ! ਪਟੇ ਮਾਲਕਾਂ ਕੋਲੋਂ ਮਿਲ ਗਏ ਹਨ। ਜਵਾਹਰੀ ਰਾਜਪੂਤ ਦੇ ਲਾਣੇ ਦਾ ਇਕ ਪੁੱਤਰ ਸੂਫ਼ੀ ‘ਸ਼ਾਹ ਅਲੀ’ ਦਾ ਮੁਰੀਦ ਹੋਕੇ ਮੁਸਲਮਾਨ ਹੋ ਗਿਆ ਸੀ। ਉਹਦਾ ਟੱਬਰ “ਤੁੰਗ ਪਿੰਡ” ਜਾ ਬੈਠਾ ਸੀ। ਇਹ ਸਾਰੀ ਜ਼ਮੀਨ, ਸਮੇਤ ਹਾਅ ਸਾਹਮਣੇ ਵਾਲੇ ਜੰਗਲ ਦੇ, ਉਹਨਾਂ ਕੋਲ ਸੀ। ਅਸੀਂ ਪਹਿਲਾਂ ਤੇ “ਗਿਲਵਾਲੀ” ਪਿੰਡ ਚੱਕਰ ਮਾਰਦੇ ਰਹੇ ਸਾਂ। ਉਥੋਂ ਪਤਾ ਲਗਾ ਕਿ ਇਹ ਜਗ੍ਹਾ ਤੇ ਸਾਰੀ ਮੁਸ਼ਤਰਕਾ ਪੈਲੀ ਆ। ਇਥੇ ਤੇ ਤਿੰਨ੍ਹਾਂ ਪਿੰਡਾਂ ਦਾ ਤਰਿਡਾ ਬਣਦਾ ਜੇ ! ਗਿਲਵਾਲੀ, ਚਾਟੀ ਵਿੰਡ ਤੇ ਸੁਲਤਾਨ ਵਿੰਡ, ਤਿੰਨਾਂ ਪਿੰਡਾਂ ਦੀ ਮੁਸ਼ਤਰਕਾ ਪੈਲੀ ਦਾ ਇਹ ਤਰਿਡਾ ਜਾ ਜੰਗਲ ਨਾਲ ਮਿਲਣੈ,” ਬਾਬਾ ਬੁੱਢਾ ਜੀ ਨੇ ਸਾਰੀ ਤਫ਼ਸੀਲ ਦਿੱਤੀ।

“…ਤੇ ਬਾਬਾ ਜੀ। ਕਿੰਨੇ ‘ਚ ਮੁੱਕ-ਮੁੱਕਾ ਹੋ ਗਿਆ ਸੀ?” ਸੱਚੇ ਪਾਤਸ਼ਾਹ ਨੇ ਐਂਵੇ ਹੀ ਗੱਲ ਕਰਨ ਖਾਤਰ ਗੱਲ ਕੀਤੀ।

“ਪੈਸੇ ਤੇ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀਓ, ਬਥੇਰੇ ਲੈ ਗਏ ਨੇ ਮਾਰ! ਏਸ ਤਰਿਡੇ ਦੇ ਬਾਰਾਂ ਸੌ ਦਿੱਤੇ ਨੇ। ਪੈਸੇ ਦੀ ਤੇ ਤੋਟ ਹੀ ਕੋਈ ਨਹੀਂ ਸੀ ! ਸੰਗਤਾਂ ਹੋਰ ਦੇਣ ਨੂੰ ਤਿਆਰ ਸਨ। ਇਹ ਤੇ ਬਸ ਆਪ ਜੀ ਦੀ ਨਜ਼ਰ ਸੁੱਵਲੀ ਚਾਹੀਦੀ ਏ।” ਬਾਬਾ ਮੋਹਰੀ ਜੀ ਕਹਿਣ ਲਗੇ।

“…ਤੇ ਸੇਵਾ ਲਈ ਸੰਗਤ ਤਿਆਰ ਏ ਨਾ?” ਬੜੀ ਦੇਰ ਦੀ ਨੀਝ-ਟਿਕਾਈ ਨੂੰ ਭੰਗ ਕਰਕੇ ਮਹਾਰਾਜ ਨੇ ਬਚਨ ਕੀਤੇ।

“ਸੰਗਤ ਤੇ ਮਹਾਰਾਜ, ਮਗਧ ਤੇ ਕਾਮਰੂਪ ਦੇਸਾਂ ਤੱਕ ਦੀ ਆਣ ਲਈ ਕਮਰ ਕੱਸੀ ਬੈਠੀ ਏ। ਮਗਧ ਵਾਲਿਆਂ ਤੇ ਅਗੋਂ ਕਲਿੰਗ ਦੇਸ ਤੱਕ ਦੀ ਸੰਗਤ ਨੂੰ ਲਿਆਣ ਦੀ ਹਾਂ ਕੀਤੀ ਹੋਈ ਏ। ਮਸੰਦ ਚੌਂਹੀ ਦਿਸ਼ਾਈ ਜਾ ਚੁੱਕੇ ਨੇ।” ਬਾਬਾ ਬੁੱਢਾ ਜੀ ਬੋਲੇ।

“ਕਾਰ-ਸੇਵਾ ਲਈ ਤਾਂ ਮਹਾਰਾਜ, ਸੇਵਕ ਤੁਹਾਡਾ ਇਸ਼ਾਰਾ ਉਡੀਕ ਰਹੇ ਨੇ।” ਸੇਵਾਦਾਰ ਭਗਤ ਬੁੱਧੂ, ਜਿਹੜਾ ਦਿਨ-ਰਾਤ ਸੇਵਾ ਵਿੱਚ ਲੀਨ ਰਹਿੰਦਾ ਸੀ, ਬੋਲ ਪਿਆ।

“ਤਾਂ ਫਿਰ ਠੀਕ ਐ। ਇਕੋ ਸਮੇਂ ਅਸੀਂ ਏਸ ਹਰਿਮੰਦਰ ਦੀ, ਤੇ ਇਕ ਨਵੇਂ ਸ਼ਹਿਰ ਦੀ, ਨਾਲੋ-ਨਾਲ ਤਾਮੀਰ ਕਰਾਂਗੇ। ਇਹ ਨਾਨਕ ਪਾਤਸ਼ਾਹ ਦੇ ਖਾਬਾਂ ਦੀ ਨਗਰੀ ਬਣੇਗਾ!”

“ਸੱਚੇ ਬਾਤਸ਼ਾਹ! ਜਦੋਂ ਮੈਂ ਗੁਰੂ ਨਾਨਕ ਨਾਲ ਘਰ-ਬਾਰ ਤੇ ਲਵੇਰਾ ਛੱਡ ਕੇ ਰਮਤਾ ਹੋ ਟੁਰਿਆ ਸਾਂ, ਉਦੋਂ ਮੈਂ ਛੇ ਸਾਤੇ ਗੁਰੂ ਜੀ ਨਾਲ ਦਿਨ-ਰਾਤ, ਅੰਗ-ਸੰਗ ਹੋਕੇ ਗੁਜ਼ਾਰੇ ਸਨ। ਉਦੋਂ ਅਸੀਂ ਏਸ ਥਾਂ ਤੋਂ ਵੀ ਲੰਘੇ ਸਾਂ। ਇਹ ਢਾਬ ਉਦੋਂ ਬਸ ਛੱਪੜੀ ਹੀ ਸੀ। ਪਰ ਗੁਰਾਂ ਨੇ ਏਧਰ ਇਸ਼ਾਰਾ ਕਰਕੇ ਮੇਰੇ ਵਲ ਬੜੀ ਰਮਜ਼ ਭਰੀ ਤੱਕਣੀ ਸੁੱਟੀ ਸੀ। ਉਸ ਨਜ਼ਰ ਦਾ ਮਤਲਬ ਮੈਨੂੰ ਹੁਣ ਸਮਝ ਆ ਰਿਹਾ ਐ। ਉਦੋਂ ਤੇ ਅਸੀਂ ਇਥੋ ਲੰਘ ਕੇ, ਤੇ ਪਿੰਡੋਰੀ ਦੇ ਬਾਹਰੋਂ ਫੇਰ ਅੱਚਲ ਦੇ ਰਾਹ ਪੈ ਗਏ ਸਾਂ। ਕੱਥੂ ਨੰਗਲ ਸਤਗੁਰਾਂ ਮੈਥੋਂ ਵਿਦੈਗੀ ਲੈ ਲਈ ਸੀ।” ਬਾਬਾ ਬੁੱਢਾ ਜੀ ਨੇ ਯਾਦਾਂ ਫਰੋਲੀਆਂ।

“…ਬਸ ਬਾਬਾ ਜੀ! ਹੁਣ ਇਹੀ ਰਮਜ਼ ਭਰੀ ਧਰਤੀ, ਤੇ ਇਹੀ ਢਾਬ ਅੰਮ੍ਰਿਤ ਦਾ ਸਰ ਬਣੇਗੀ। ਸਭ ਮਾਈ-ਭਾਈ ਇਥੋਂ ਅੰਮ੍ਰਿਤ ਦੀ ਦਾਤ ਲੈ ਕੇ ਜਨਮ ਸਫਲਾ ਕਰਨਗੇ।” ਗੁਰੂ ਜੀ ਨੇ ਬਚਨ ਕੀਤੇ।

“ਤਾਂ ਠੀਕ ਐ ਜੀ ਫੇਰ! ਅਸੀਂ ਤੇ ਏਸ ਨਵੇਂ ਸ਼ਹਿਰ ਦਾ ਨਾਉਂ ਵੀ ਰੱਖ ਦਿੱਤਾ ਹੈ ਜੀ ਹੁਣੇ ਹੀ।” ਬਾਬਾ ਮੋਹਰੀ ਜੀ ਬੋਲੇ।

“ਚੱਕ ਰਾਮਦਾਸਪੁਰ।” ਨਾਲ ਹੀ ਟਿੱਕਾ ਪ੍ਰਿਥੀ ਚੰਦ ਬੋਲਿਆ।

“ਹਾਂ! ਠੀਕ ਐ! ਚੱਕ ਰਾਮਦਾਸ!” ਬਾਬਾ ਬੁੱਢਾ ਜੀ ਤੇ ਬੁੱਧੂ ਜੀ ਨੇ ਦੁਹਰਾਇਆ।

ਮਹਾਰਾਜ ਮੰਦ-ਮੰਦ ਮੁਸਕਾਂਦੇ ਰਹੇ।

– – – –

ਮਮਦੂ ਤੇ ਟੀਂਡੇ ਹੁਰਾਂ ਦਾ ਟੱਬਰ ਵੀ ਤਕਰੀਬਨ ਚਾਰ ਸਦੀਆਂ ਦਾ ਕੁੱਤੀ ਵਿਹੜੇ ਦਾ ਵਸਨੀਕ ਹੈ। ਰਾਧਾ ਰੰਡੀ, ਬੋਦੂ, ਟੀਂਡਾ ਤੇ ਧਰਮ ਸਿੰਘ ਨਿਹੰਗ, ਇਹਨਾਂ ਸਭਨਾਂ ਦੇ ਵਡੇਰੇ ਇਕੋ ਸਮੇਂ ਢਿੱਡ ਤੇ ਮੂੰਹ ਤੇ ਚਿੱਪਰਾਂ ਬੰਨ੍ਹ ਕੇ ਗੁਰੂ ਰਾਮਦਾਸ ਅਗੇ ਨਮਸਤਕ ਹੋਏ ਸਨ। ਬੋਦੂ ਤੇ ਟੀਂਡੇ ਹੁਰੀਂ ਸ਼ਿਵ ਭਗਤ ਸਨ ਜਾਂ ਦੇਵੀ ਧਿਓਂਂਦੇ ਸਨ। ਸਮਾਂ ਪਾਕੇ ਬਾਲਮੀਕੀ ਇਕੱਠ ਹੋਣ ਲਗੇ ਤੇ ਇਹ ਰਾਮ ਭਗਤ ਬਣ ਗਏ ਸਨ।

ਨਾ ਹੀ ਬੋਦੂ ਦੇ ਟੱਬਰ ਤੇ ਨਾ ਹੀ ਟੀਂਡੇ ਤੇ ਧਰਮੇ ਨਿਹੰਗ ਦੇ ਟੱਬਰ ਨੇ, ਮਸੀਹੀ ਬਾਣੀ ਪੜ੍ਹੀ ਸੀ। ਇਹਨਾਂ ਦੇ ਨਾਲ ਹੀ ਜਿਹੜਾ ਘਰ ਬਾਲਮੀਕੀ ਰਿਹਾ, ਉਹ ‘ਸ਼ੀਸ਼ੇ ਛੁਰੀਮਾਰ’ ਦਾ ਘਰ ਸੀ। ਸ਼ੀਸ਼ੇ ਨੂੰ ਮਰਿਆਂ ਤੇ ਖੋਰੇ ਸੱਤਰ ਕੁ ਸਾਲ ਹੋਣ ਲਗੇ ਨੇ, ਪਰ ਉਹਦਾ ਟੱਬਰ ‘ਸ਼ੀਸ਼ੇ ਛੁਰੀਮਾਰ’ ਦਾ ਕਹੌਂਦਾ ਹੈ। ਸ਼ੀਸ਼ਾ ਉਦੋਂ ਆਪ ਸਿੱਧੀਆਂ ਲੜਾਈਆਂ ਵਿੱਚ ਛੁਰੀਆਂ ਘੱਟ ਹੀ ਮਾਰਦਾ ਰਿਹਾ ਸੀ, ਪਰ ਉਹ ਪੇਸ਼ੇਵਰ ਛੁਰੀਮਾਰ ਮੰਗਤਿਆ ਨਾਲ ਲਾਹੌਰ ਤੇ ਸਿਆਲਕੋਟ ਤੱਕ ਛੁਰੀ ਨਾਲ ਖੂਨ ਕੱਢ-ਕੱਢ ਕੇ ਪੰਜਾਬਣਾਂ ਨੂੰ ਡਰਾ ਛੱਡਦਾ ਤੇ ਪੈਸੇ, ਟਕੇ ਤੇ ਕਪੜਿਆਂ ਦੀਆਂ ਪੰਡਾਂ ਚੁੱਕ ਲਿਔਂਦਾ। ਲਾਹੌਰਨਾਂ ਵਿਚਾਰੀਆਂ ਗੋਰੀਆਂ-ਚਿੱਟੀਆਂ, ਗਲੀ ਵਿੱਚ ਸਵੇਰੇ ਦਸ-ਗਿਆਰਾਂ ਵਜੇ ਮੰਜੇ ਡਾਹ ਕੇ ਬੈਠੀਆਂ ਹੁੰਦੀਆਂ, ਜਦੋਂ ਸ਼ੀਸ਼ੇ ਤੇ ਉਹਦੇ ਨਾਲ ਦੇ ਛੁਰੀਮਾਰ ਮੰਗਤਿਆ ਦਾ ਗਰੁੱਪ ਪਹੁੰਚ ਜਾਂਦਾ। ਮੂੰਹੋਂ ਕੁਛ ਮੰਗਦੇ ਨਾ, ਪਰ ਪਿੰਡੇ ਆਪਣੇ ਤੇ ਨਿੱਕੇ-ਨਿੱਕੇ ਟੱਕ ਲਾ ਕੇ ਖੂਨ ਕੱਢ ਲੈਂਦੇ। ਡਰਦੀਆਂ ਸ਼ਹਿਰਨਾਂ ‘ਨਾ ਵੀਰ ਵੇ’ ਕਹਿੰਦੀਆਂ ਆਟਾ-ਦਾਲ, ਪੈਸੇ ਤੋ ਹੋਰ ਨਿੱਕ-ਸੁੱਕ ਦੇ ਦੇਂਦੀਆਂ ਸਨ।

ਬੋਦੂ ਹੁਰੀਂ ਦੋ ਭਰਾ ਸਨ। ਸੰਤਾਲੀ ਦੀ ਵੰਡ ਵੇਲੇ ਹੀ ਦੋਹੇਂ ਭਰ ਜੁਆਨ ਸਨ। ਬੋਦੂ ਕੋਲ ਜਨਮ ਤੋਂ ਹੀ ਬੜੀ ਬੋਅ ਆਉਂਦੀ ਸੀ। ਅਜੇ ਕਿ ਉਹਨੇ ਕਦੀ ਗੰਦਾ ਨਹੀਂ ਸੀ ਚੁਿੱਕਆ, ਪਰ ਇਹਦੇ ਬਾਵਜੂਦ ਕਹਿੰਦੀਆਂ-ਕੁਹਾਂਦੀਆਂ ਤੇ ਬੋਅ ਸਹਿੰਦੀਆਂ ਚੂਹੜੀਆਂ ਵੀ ਬੋਦੂ ਦੇ ਮੂੰਹ ਤੇ ਪਿੰਡੇ ਵਿਚੋਂ ਆਉਂਦੀ ਭੜਾਸ ਸਦਕਾ ‘ਬਹੁੜੀ-ਬਹੁੜੀ’ ਕਰ ਜਾਂਦੀਆਂ ਸਨ। ਬੋਦੂ ਤੋਂ ਛੋਟਾ ‘ਦੀਸ਼ਾ’ ਜਿਲਦਸਾਜ਼ ਸੀ, ਜਿਹੜਾ ਕਿ ਦੇਖਣ-ਪਾਖਣ ਵਿਚ ਸੋਹਣਾ ਤੇ ਬੋਅ-ਰਹਿਤ ਸੀ। ਉਹਨੂੰ ਛੋਟੀ ਉਮਰ ਵਿੱਚ ਹੀ ਦੋ ਰੁਪਏ ਮਹੀਨੇ ਤੇ ਉਹਦੇ ਪਿਉ ਨੇ ਮੁਸਲਮਾਨ ਬੁੱਕ-ਬਾਈਂਡਰਾਂ ਕੋਲ ਬਜ਼ਾਰ ਮਾਈ ਸੇਵਾਂ ਵਿੱਚ ਗਿਰਵੀ ਰੱਖ ਦਿੱਤਾ ਸੀ। ਸਾਲ ਦੇ ਇਕੱਠੇ ਪੰਝੀ ਰੁਪਏ ਐਸੇ ਲਏ ਕਿ ਉਹਨੇ ਸਾਰੀ ਉਮਰ ਜਿਲਦਸਾਜ਼ੀ ਕੀਤੀ। ਦੀਸ਼ਾ ਵੀ ਆਪਣੇ ਭਰਾ ਬੋਦੂ ਵਾਂਗ ਵਹਿਸ਼ੀ ਬੜਾ ਸੀ। ਉਹ ਤੇ ਬੋਦੂ, ਦੋਹੇਂ ਸੁਲਫ਼ਾ ਪੀਣ, ਦੇਸੀ ਸ਼ਰਾਬ ਪੀਣ ਤੇ ਨਿੱਕੇ ਮੁੰਡਿਆ ਨਾਲ ਕੁਕਰਮ ਕਰਨ ਦੇ ਠਰਕੀ ਸਨ। ਬੋਦੂ ਜਮਾਂਦਰੂ ਵਹਿਸ਼ੀ ਸੀ। ਉਹਦਾ ਵਿਆਹ ਬੜੀ ਮੁਸ਼ਕਲ ਉਹਦੇ ਪਿਉ ਨੇ ਨਕਦ ਛਿਲੱੜ ਖਰਚ ਕੇ ਕੀਤਾ, ਪਰ ਵਹੁਟੀ ਨੇ ਸਿਰਫ਼ ਦੋ ਰਾਤਾਂ ਉਸ ਨਾਲ ਕੱਟੀਆਂ। ਤੀਸਰੇ ਦਿਨ ਉਸ ਸਪਸ਼ਟ ਕਹਿ ਦਿੱਤਾ ਸੀ ਕਿ ਬੋਦੂ ਨਾਲ ਨਹੀਂ ਰਹਿਣਾ। ਸੋ ਬਰਾਦਰੀ ਨੇ ਫੈਸਲਾ ਕੀਤਾ ਕਿ ਉਹਨੂੰ ਦੀਸ਼ੇ ਦੇ ਬਿਠਾ ਦਿਉ। ਦੀਸ਼ਾ ਤੇ ਪਹਿਲਾਂ ਤਿਆਰ ਸੀ। ਸੋ ਬੋਦੂ ਦਾ ਪੱਤਾ ਕੱਟਿਆ ਗਿਆ।

ਬੋਦੂ ਦੇ ਸੁਭਾ ਮੁਤਾਬਕ ਹੀ ਪ੍ਰਭੂ ਨੇ ਬੋਦੂ ਨੂੰ ਰੋਜ਼ੀ ਦਿੱਤੀ। ਬੋਦੂ ਨੂੰ ਅੰਗਰੇਜ਼ਾਂ ਨੇ ਹਸਪਤਾਲ ਵਿਚ ਮੁਰਦਿਆਂ ਦੀ ਸੰਭਾਲ ਵਾਲੇ ਕਮਰੇ ਦਾ ਜਮਾਂਦਾਰ ਲਾ ਦਿੱਤਾ। ਉਥੇ ਕੋਈ ਮਾਈ ਦਾ ਲਾਲ ਨਹੀਂ ਸੀ ਕੱਟ ਸਕਦਾ। ਅੰਗਰੇਜ਼ਾਂ ਦਾ ਲਾਇਆ ਬੋਦੂ ਨਵੀਂ ਸਦੀ ਚੜ੍ਹਨ ਤੱਕ ਸਿਵਲ ਅੰਮ੍ਰਿਤਸਰ ਨੇ ਰਿਟੈਰ ਨਹੀਂ ਹੋਣ ਦਿੱਤਾ ਸੀ। ਰਿਟੈਰਮੈਂਟ ਮਗਰੋਂ ਵੀ ਦਿਹਾੜੀ ਤੇ ਰੱਖ ਲਿਆ ਸੀ। ਅੱਸੀ ਟੱਪਿਆ ਹੋਇਆ ਬੋਦੂ ਅਜੇ ਵੀ ਪੋਸਟਮਾਰਟਮ ਵਾਲੇ ਕਮਰੇ ਵਿੱਚੋਂ ਲਾਸ਼ਾਂ ਦੇ ਟੁਕੜੇ ਮੋਰਚਰੀ ਵਿੱਚ ਲੈ ਜਾਂਦਾ। ਜੇ ਲਾਸ਼ ਦਾ ਵਾਲੀ ਵਾਰਸ ਆ ਜਾਂਦਾ, ਲਾਸ਼ਾਂ ਨੂੰ ਪੈਰ ਜਾਂ ਹੱਥ ਤੋਂ ਰੱਸੀ ਪਾਈ ਖਿੱਚ ਕੇ ਬਾਹਰ ਚਾਨਣ ਵਿੱਚ ਲਿਆਂਦਾ। ਜੇ ਲਾਸ਼ ਸਬੰਧਤ ਲੋਕਾਂ ਦੀ ਹੁੰਦੀ ਤਾਂ ਦਸ-ਵੀਹ ਰੁਪਏ ਲੈਕੇ ਸੌਂਪਦਾ। ਨਹੀਂ ਫੇਰ ਰੱਸੀ ਨਾਲ ਖਿੱਚ ਕੇ ਅੰਦਰ ਸੁੱਟ ਦੇਂਦਾ। ਲਾਵਰਸ ਲਾਸ਼ਾਂ ਹਫਤਾ-ਹਫਤਾ ਰੁਲਦੀਆਂ। ਬੋਦੂ ਹਰ ਤਿੰਨ੍ਹ-ਚਾਰ ਘੰਟੇ ਬਾਅਦ ਅੰਨਗੜ੍ਹ ਤੋਂ ਲਿਆਂਦੀ ਸ਼ਰਾਬ ਦੀ ਬਲੈਡਰ ਵਿਚੋਂ ਪਊਆ ਅੰਦਰ ਮਾਰ ਲੈਂਦਾ। ਹੁਣ ਤੇ ਸੁਖ ਨਾਲ ਉਹਦੇ ਦੋ ਸਰਕਾਰੀ ਅਸਿਸਟੈਂਟ ਵੀ ਸਨ। ਪਰ ਉਹਨਾਂ ਦੀ ਵੀ ਬੋਅ ਨਾਲ ਬਸ ਹੋ ਜਾਂਦੀ ਸੀ। ਉਹ ਬੋਦੂ ਨੂੰ ਹੀ ਹਫ਼ਤੇ ਦਾ ਸੌ-ਪੰਜਾਹ ਦੇ ਕੇ ਬਠਾਈ ਰੱਖਦੇ ਸਨ।

ਦੀਸ਼ੇ ਬੁੱਕ ਬਾਈਂਡਰ ਦੀ ਨੱਬੇ ਦਾ ਸੰਨ ਟੱਪਦਿਆਂ ਹੀ ਮੌਤ ਹੋ ਗਈ ਸੀ। ਉਦੋਂ ਕੁ ਹੀ, ਜਦੋਂ ਕਿਤੇ ਬਿਅੰਤ ਸਿੰਘ ਦੀ ਸਰਕਾਰ ਬਣੀ ਸੀ। ਦੀਸ਼ਾ ਮੁਫ਼ਤ ਦੀ ਰੋਜ਼ ਮਿਲਦੀ ਦੇ ਲਾਲਚ ਵਿੱਚ ਬਹੁਤੀ ਪੀਂਦਾ ਰਿਹਾ ਤੇ ਕਾਂਗਰਸ-ਕਲਚਰ ਲਈ ਸ਼ਹੀਦ ਹੋ ਗਿਆ। ਛੋਟੇ ਭਰਾ ਦੇ ਮਰੇ ਤੇ ਬੋਦੂ ਆਪ ਵੀ ਅੱਧਾ ਮਰ ਗਿਆ ਸੀ। ਉਹ ਹੁਣ ਸਿਵਲ ਹਸਪਤਾਲ ਅੰਦਰ ਹੀ ਦਿਨ ਕੱਟਦਾ ਸੀ।

ਦਰਅਸਲ ਬੋਦੂ ਤੇ ਦੀਸ਼ੇ ਦਾ ਪ੍ਰਸੰਗ ਏਸ ਲਈ ਚੱਲਿਆ ਸੀ, ਕਿ ਦੀਸ਼ੇ ਦੀਆਂ ਦੋਹਤੀਆਂ ਨੇ ਅੰਬਰਸਰ ਸ਼ਹਿਰ ਵਿੱਚ ਡਾਂਸਰਾਂ ਬਣ ਕੇ ਵਖ਼ਤ ਪਾ ਦਿੱਤਾ ਸੀ। ਉਹ ਵਿਆਂਹਾਂ ਤੇ ਵੱਜਦੇ ਆਰਕੈਸਟਰਾ ਤੇ ਏਨਾ ਤਿੱਖਾ ਡਾਂਸ ਕਰਦੀਆਂ ਕਿ ਬਸ ਸ਼ਰਾਬੀ ਬਰਾਤੀ ਨੋਟ ਵਾਰੀ ਜਾਂਦੇ। ਵੱਡੀ ਗੋਰੀ ਤੇ ਏਨਾ ਤੇਜ਼ੀ ਨਾਲ ਛਾਤੀਆਂ ਭੁੜਕਾਂਦੀ ਕਿ ਵੱਜਦੇ ਸਾਜਾਂ ਦੀ ਤਾਲ ‘ਤੇ ਉਹਦੀਆਂ ਛਾਤੀਆਂ ਭੜਕਦੀਆਂ ਜਾਪਦੀਆਂ। ਛੋਟੀ ਵੀਰਾਂ ਨੇ ਥੋੜ੍ਹੀ ਦੇਰ ਡਾਂਸ ਕੀਤਾ ਤੇ ਫੇਰ ਪੰਡਤਾਂ ਦਾ ਇਕ ਲੋਕਲ ਅੰਬਰਸਰੀ ਗਾਇਕ ਉੱਠਿਆ ਸੀ ‘ਪਾਲਾ ਪਟਾਕਾ’, ਉਹਦੇ ਨਾਲ ਗੌਣ ਤੇ ਜਾਣ ਲਗ ਪਈ। ਥੋੜ੍ਹੀ ਦੇਰ ਬਾਅਦ ਹੀ ਉਹ ਪਾਲੇ ਤੋਂ ਗਰਭਵਤੀ ਹੋ ਗਈ। ਪਾਲੇ ਦਾ ਟੱਬਰ ਪੰਡਤਾਂ ਦਾ, ਉਹ ਵੀਰਾਂ ਨੂੰ ਲਾਗੇ ਨਾ ਲਗਣ ਦੇਣ। ਵੀਰਾਂ ਨੇ ਥਾਣੇਦਾਰ ਭਗਤ ਰਾਮ ਕੋਲ ਗੱਲ ਕੀਤੀ, ਜਿਹੜਾ ਆਪ ਬਾਲਮੀਕੀ ਸੀ। ਉਹਨੇ ਪਾਲਾ ਢਾਹ ਲਿਆ। ਪਾਲੇ ਨੇ ਛਿੱਤਰਾਂ ਤੋਂ ਡਰਦਿਆਂ ਵੀਰਾਂ ਵਿਆਹ ਲਈ ਸੀ। ਪਾਲੇ ਦੇ ਟੱਬਰ ਨੇ ਏਨੀ ਨਮੋਸ਼ੀ ਮੰਨੀ ਕਿ ਉਹ ਰਤਨ ਨਗਰ ਵਾਲਾ ਆਪਣਾ ਘਰ ਪਾਲੇ ਤੇ ਵੀਰਾਂ ਨੂੰ ਦੇ ਕੇ ਆਪ ਫਤਹਿਗੜ੍ਹ ਚੂੜੀਆਂ ਜਾ ਕੇ ਵੱਸ ਗਏ ਸਨ। ਮੁੜ ਉਹ ਕਦੀ ਪਾਲੇ ਵਲ ਨਹੀਂ ਸਨ ਗਏ।

ਗੋਰੀ ਤੇ ਵੀਰਾਂ ਤੋਂ ਵੱਡੀ ਵੀ ਇਕ ਸੀ, ਜਿਹੜੀ ਐਸ ਵੇਲੇ ਤੀਹਾਂ-ਪੈਂਤੀਆਂ ਦੀ ਸੀ। ਉਹ ਬਾਲਮੀਕੀ ਆਸ਼ਰਮ ‘ਰਾਮਤੀਰਥ’ ਲੰਗਰ ਦੀ ਸੇਵਾ ਕਰਦੀ ਸੀ। ਦੱਸਣ ਵਾਲੇ ਦੱਸਦੇ ਨੇ ਪਈ ਉਹਦੇ ਨਾਲ ਬਚਪਨ ਵਿੱਚ ਹੀ, ਜਦੋਂ ਅਜੇ ਉਹ ਅੱਠਾਂ-ਦਸਾਂ ਸਾਲਾਂ ਦੀ ਸੀ, ਇਕੱਲੀ ਵੇਖ ਕੇ ਦੀਸ਼ਾ ਤੇ ਬੋਦੂ ਮੂੰਹ ਕਾਲਾ ਕਰ ਲੈਂਦੇ ਸਨ। ਕਿਸੇ ਨੇ ਜਦੋਂ ਦੋਹਤੀ ਨਾਲ ਦੋਹਾਂ ਨੂੰ ਮੂੰਹ ਕਾਲਾ ਕਰਦਿਆਂ ਸਿਰ ਤੋਂ ਫੜ ਲਿਆ ਤਾਂ ਉਹਨਾਂ ਨੂੰ ਵਿਹੜੇ ਵਿਚ ਲਿਆ ਕੇ ਛਤਰੌਲ ਕੀਤੀ। ਵਿਹੜੇ ਦੇ ਮਰਦਾਂ ਨੰਗਾ ਕਰਕੇ ਪਹਿਲਾਂ ਉਹਨਾਂ ਦੇ ਚਿੱਤੜ ਕੁੱਟੇ, ਫੇਰ ਢੂਹੀ ਤੇ ਵਾਰੀ ਵਾਰੀ ਸਭਨਾਂ ਨੇ ਥੁੱਕਿਆ। ਫੇਰ ਸਦਾ ਲਈ ਵਿਹੜੇ ਵਿਚੋਂ ਕੱਢ ਦਿੱਤਾ ਸੀ। ਪਰ ਉਹ ਨਿੱਕੀ ਬੱਚੀ ਕਦੀ ਨਾਰਮਲ ਨਹੀਂ ਸੀ ਹੋਈ। ਉਹਦਾ ਸਿੱਧਰਾਪਨ ਵੇਖ ਕੇ ਅੰਤ ਉਹਦੀ ਮਾਂ ਨੇ ਉਹਨੂੰ ਡੇਰੇ ਚਾੜ੍ਹ ਛੱਡਿਆ ਸੀ।

ਬੋਦੂ ਤੇ ਦੀਸ਼ਾ ਮੁੜ ਕਈ ਸਾਲ ਵਿਹੜੇ ਨਹੀਂ ਸਨ ਵੜੇ। ਇਕ ਵਾਰ ਸ਼ਰਾਬੀ ਹੋ ਕੇ ਦੋਹਾਂ ਆਕੇ ਲਲਕਾਰੇ ਮਾਰਨ ਦਾ ਹੌਂਸਲਾ ਕੱਢਿਆ ਸੀ, ਪਰ ਉਦੋਂ ਹੀ “ਡੂਨੇ-ਪਾਪੜੀ” ਤੇ “ਸ਼ੀਸ਼ੇ ਛੁਰੀਮਾਰ” ਦੇ ਮੁੰਡਿਆਂ ਨੇ ਦੋਹਾਂ ਦੇ ਪੱਟਾਂ ਵਿੱਚ ਚਾਕੂ ਦੇ ਤਰੇਛਵੇਂ ਵਾਰ ਕਰਕੇ ਐਸੇ ਚੀਰੇ ਪਾਏ ਕਿ ਕਈ ਮਹੀਨੇ ਉਹ ਦੋਵੇਂ ਜਰਾਹ ਕੋਲੋਂ ਮਲ੍ਹਮਾਂ ਲੁਆਂਦੇ ਰਹੇ ਸਨ।

ਮੁੜ ਉਹ ਕਦੀ ਵਿਹੜੇ ਦੇ ਅੰਦਰ ਨਹੀਂ ਸਨ ਵੜੇ। ਬਸ ਸਾਹਮਣੇ ਕਸਾਈ ਵਿਹੜੇ ਦੇ ਸਕੂਲ ਦੀ ਕੰਧ ਨਾਲ ਬਣੀ ਥੜ੍ਹੀ ਤੇ ਕਦੀ-ਕਦੀ ਘੰਟਾ, ਅੱਧਾ ਘੰਟਾ ਬਹਿ ਕੇ, ਚੁੱਪ ਚਾਪ ਉੱਠ ਕੇ ਟੁਰ ਜਾਂਦੇ ਸਨ।

ਉਂਜ ਉਥੇ ਉਹਨਾਂ ਬਿਨ੍ਹਾਂ ਕੋਈ ਉਦਰਿਆ ਵੀ ਨਹੀਂ ਬੈਠਾ ਸੀ। ਲੋਕ ਹੁਣ ਬਸ ਦੋਹਾਂ ਨੂੰ ਏਨਾ ਕੁ ਹੀ ਜਾਣਦੇ ਸਨ ਕਿ ਇਹ ਉਹੀ ਬੋਦੂ ਤੇ ਦੀਸ਼ਾ ਨੇ, ਜਿਨ੍ਹਾਂ ਦੀਆਂ ਦੋਹਤੀਆਂ ਡਾਂਸਰਾਂ ਬਣ ਕੇ ਹਜ਼ਾਰਾਂ ਲੱਖਾਂ ਕਮਾਏ ਨੇ, ਤੇ ਹੁਣ ਦੋਵੇਂ ਵਿਹੜੇ ਵਿੱਚ ਨਹੀਂ ਰਹਿੰਦੀਆਂ।

ਬੋਦੂ ਤੇ ਦੀਸ਼ੇ ਦੀ ਬਸ ਇਕੋ ਵਾਰ ਦੁਬਾਰਾ ਚੜ੍ਹਾਈ ਹੋਈ ਸੀ। ਉਦੋਂ ਜਦੋਂ ਅਪਰੇਸ਼ਨ ਬਲੂ-ਸਟਾਰ ਤੋਂ ਮਗਰੋਂ ਦੋਹਾਂ ਨੂੰ ਹਰਮੰਦਰ ਸਾਹਿਬ ਵਿਚੋਂ ਲਾਸ਼ਾਂ ਚੁੱਕਣ ਤੇ ਡੀਜ਼ਲ ਪਾ-ਪਾ ਕੇ ਫੂਕਣ ਦਾ ਠੇਕਾ ਮਿਲਿਆ ਸੀ।

ਅੱਜ ਵੀ ਦੋਹੇਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਕਹਿ ਛੱਡਦੇ ਨੇ –

“ਉਹ ਵੀ ਕਿਆ ਦਿਨ ਸਨ!”

– – – –

ਜਿਸ ਵੇਲੇ ਸੰਗਤਾਂ ਉੱਸਰ ਰਹੇ ਹਰਮੰਦਰ ਵਲ ਨੂੰ ਨਤਮਸਤਕ ਹੋਣ ਨੂੰ ਜਾਂਦੀਆਂ, ਉਹਨਾਂ ਨੂੰ ਨਿੱਕੀ-ਨਿੱਕੀ ਇੱਟ ਨਾਲ ਉੱਸਰ ਰਿਹਾ ਛੋਟਾ ਜਿਹਾ ਸ਼ਹਿਰ ਵਿਖਾਈ ਦੇਣ ਲਗ ਪੈਂਦਾ ਸੀ। ਚਾਟੀਵਿੰਡ ਤੋਂ ਅੰਦਰ ਆਂਦਿਆਂ ਬਸਤੀ ਰਾਮ ਦੀ ਢਾਬ ;ਤੇ ਵੱਡੇ-ਵੱਡੇ ਸਿੰਗਾਂ ਵਾਲੇ ਬਲਦ ਲੈਕੇ ਬੈਠੇ ਵਪਾਰੀ ਦਿੱਸਦੇ। ‘ਲੂਣ ਮੰਡੀ’ ਤੇ ‘ਦਾਲ ਮੰਡੀ’ ਲਈ ਦਿੱਤੀ ਥਾਂ ਵਿਚ ਪਸ਼ੌਰੀਏ ਤੇ ਹੜਪਾ ਦੇ ਵਪਾਰੀ ਆਪਣੀਆਂ ਛੱਪਰੀਆਂ ਪਾਈ ਬੈਠੇ ਦਿੱਸਦੇ ਸਨ। ਮੱਥੇ ਵਾਲੀ ਬਾਹੀ ਵਿਚ ਕੱਟੂ-ਬਾਲੀਆਂ ਤੇ ਬਰਨਾਲੇ ਦੇ ਚਮਾਰ ਆਕੇ ਚਮੜਾ ਕੱਟਣ ਬਹਿ ਗਏ ਸਨ। ਸਭ ਤੋਂ ਵਧ ਰੌਣਕਾਂ ਸੁਨਿਆਰ ਬਜ਼ਾਰ ਤੇ ਕੱਛ-ਗੁਜਰਾਤ ਵਲੋਂ ਆਏ ਮਾਰਵਾੜੀਆਂ ਦੇ ਬਜ਼ਾਰਾਂ ਵਿਚ ਸਨ। ਮਾਰਵਾੜੀ ਆਪਣੇ ਟੱਬਰਾਂ ਸਮੇਤ ਆ ਗਏ ਸਨ। ਉਹਨਾਂ ਦੀਆਂ ਬੀਵੀਆਂ, ਬੱਚੇ ਉੱਸਰ ਰਹੇ ਸ਼ਹਿਰ ਵਿਚ ਥਾਂ-ਥਾਂ ਫਿਰਦੇ ਦਿੱਸਦੇ ਸਨ। ਤੀਵੀਆਂ ਦੇ ਘੱਗਰੇ ਤੇ ਬੱਚਿਆਂ ਦੇ ਪਾਈਆਂ ਉੱਚੀਆਂ ਬੰਡੀਆਂ ਰਾਮਦਾਸਪੁਰ ਤੇ ਮਾਝੇ ਦੇ ਹੋਰ ਪੇਂਡੂ ਭਾਊਆਂ ਲਈ ਅਜਬ ਝਾਕੀ ਪੇਸ਼ ਕਰਦੀਆਂ ਸਨ। ਮਾਰਵਾੜੀ ਔਰਤਾਂ, ਮਰਦ ਤੇ ਬੱਚੇ ਜਿਸ ਨਿਸੰਗਤਾ ਨਾਲ ਵਿਚਰਦੇ ਸਨ, ਉਹ ਤੇ ਮਾਝੇ ਦੇ ਮੋਟੀ ਬੁੱਧ ਦੇ ਭਾਊਆਂ ਲਈ ਅਸਰਦਾਰ ਸ਼ੈਅ ਸੀ। ਸਾਤੇ ਤੋਂ ਵੱਧ ਗਿਣਤੀ ਨਾ ਜਾਣਨ ਵਾਲੇ ਭਾਊਆਂ ਲਈ ਹਜ਼ਾਰਾਂ ਦੀ ਗਿਣਤੀ ਮੂੰਹ ਜ਼ਬਾਨੀ ਕਰਕੇ ਕਾਗਤਾਂ ਤੇ ਲਿਖਦੇ ਮਾਰਵਾੜੀ ਹਊਆ ਸਨ!

ਸੰਗਤ ਸਵੇਰੇ ਵਧੇਰੇ ਕਰਕੇ ‘ਆਸਾ ਦੀ ਵਾਰ` ਦੇ ਗਾਇਨ ਵੇਲੇ ਇਕੱਠੀ ਹੁੰਦੀ ਸੀ। ਸਵੇਰੇ ਅੰਮ੍ਰਿਤ ਵੇਲੇ ਆਉਣ ਵਾਲੀ ਸੰਗਤ ਨੇ ਅਕਸਰ ਬਾਬਾ ਬੁੱਢਾ ਜੀ ਕੋਲ ਫਰਿਆਦ ਕੀਤੀ ਸੀ ਕਿ ਗਿਲਵਾਲੀ ਤੋਂ ਟੁਰ ਕੇ, ਚਾਟੀਵਿੰਡ ਦੇ ਨਾਲ-ਨਾਲ ਆਉਂਦੀ ਝੜੀ ਕੋਲੋਂ ਲੰਘਿਆਂ ਸੱਪ ਬਹੁਤ ਪੈਂਦੇ ਸਨ। ਜਾਂ ਫੇਰ ਗਿੱਦੜ ਤੇ ਜੰਗਲੀ ਕੁੱਤੇ ਦੰਦ ਨੰਗੇ ਕਰਕੇ ਸੰਗਤ ਤੇ ਝਈਆਂ ਲੈ-ਲੈ ਪੈਂਦੇ ਸਨ। ਇਹਦਾ ਪਿਛਲੇ ਕਾਫੀ ਚਿਰ ਤੋਂ ਬਾਬੇ ਹੁਰੀਂ ਹੱਲ ਕੱਢਣਾ ਚਾਹੁੰਦੇ ਸਨ, ਪਰ ਕੁਛ ਸੁੱਝ ਨਹੀਂ ਸੀ ਰਿਹਾ। ਉਧਰ ਕਾਰ-ਸੇਵਾ ਵੀ ਜੋਰਾਂ ਤੇ ਸੀ। ਸਰੋਵਰ ਵਿਚ ਜਲ ਦਾ ਸਤਰ ਬਣਿਆ ਰਹੇ, ਇਸ ਲਈ ਆਸ ਪਾਸ ਖੂਹ ਖੋਦੇ ਜਾ ਰਹੇ ਸਨ। ਗੁਰੂ ਕੇ ਮਹਿਲਾਂ ਵਾਲੇ ਖੂਹ ਤੋਂ ਜਲ ਨੂੰ ਸਿੱਧਾ ਸਰੋਵਰ ਵਲ ਲਿਔਣ ਲਈ ‘ਹੰਸਲੀਆਂ’ ਉਸਾਰੀਆਂ ਜਾ ਰਹੀਆਂ ਸਨ। ਕਾਰ-ਸੇਵਾ ਲਈ ਤੇ ਜਿੰਨੇ ਸਿਰ ਆਉਣ, ਉਨੇ ਥੋੜ੍ਹੇ ਸਨ।

– – – –

ਪਿਛਲੇ ਕੁਝ ਦਿਨਾਂ ਤੋਂ ਸੰਗਤ ਸੌਖ ਮਹਿਸੂਸ ਕਰ ਰਹੀ ਸੀ। ਰਾਹ ਵਿਚ ਨਾ ਹੁਣ ਸੱਪ ਪੈ ਰਹੇ ਸਨ, ਨਾ ਹੀ ਕਦੀ ਗਿੱਦੜ ਜਾਂ ਜੰਗਲੀ ਕੁੱਤੇ ਦਿੱਸੇ ਸਨ।

ਇਹ ਬਾਬਾ ਬੁੱਢਾ ਜੀ ਦੀ ਕਰਾਮਾਤ ਸੀ, ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਵਲੋਂ ਕੁੱਤੀ ਵਿਹੜੇ ਵਿਚ ਵੱਸਾਏ ਚੂਹੜਿਆਂ ਨੂੰ ਇਹ ਇਲਾਕਾ ਸੱਪਾਂ, ਗਿੱਦੜਾਂ ਤੇ ਕੁੱਤਿਆਂ ਤੋਂ ਮੁਕਤ ਕਰਨ ਲਈ ਕਿਹਾ ਸੀ। ਬਾਬਾ ਜੀ ਦਾ ਹੁਕਮ ਪਾਕੇ ਸਾਰੇ ਸਰੀਰ ਹੀ ਏਸ ਕੰਮ ਲਗ ਪਏ। ਦਿਨਾਂ ਵਿਚ ਹੀ ਉਥੇ ਚੂਹੇ ਤੱਕ ਲੱਭਣੋ ਹੱਟ ਗਏ ਸਨ।

– – – –

ਪਹਿਲਾਂ-ਪਹਿਲ ਤੇ ਸੰਗਤ ਜਦੋਂ ਉੱਤਰ ਵਲੋਂ ਬਣੇ ਪਹੇ ਤੋਂ ਲੰਘ ਕੇ ਹਰਮੰਦਰ ਨੂੰ ਜਾਂਦੀ ਤਾਂ ੳਥੇੇ ਚੂਹੜਿਆਂ ਵਲੋਂ ਪਾਏ ਗੰਦੇ ਜਿਹੇ ਛੱਪਰਾਂ ਤੋਂ ਤ੍ਰਹਿੰਦੀਆਂ ਸਨ, ਪਰ ਜਦੋਂ ਸੰਗਤ ਵੇਖਦੀ ਕਿ ਉਹਨਾਂ ਨੂੰ ਵੇਖਦਿਆਂ ਹੀ ਚੂਹੜੇ ਮਰਦ-ਔਰਤਾਂ ਹੱਥ ਜੋੜ ਜੋਰ-ਜੋਰ ਦੀ ‘ਨਾਨਕ-ਨਾਨਕ’ ਜਾ ‘ਬਾਬਾ ਰਾਮਦਾਸ’ ਕਹੀ ਜਾਂਦੇ, ਤਾਂ ਉਹਨਾਂ ਦਾ ਡਰ ਤੇ ਹੌਲੀ-ਹੌਲੀ ਚੁੱਕਿਆ ਹੀ ਗਿਆ, ਸਗੋਂ ਇਹ ਪਤਾ ਲਗਣ ਤੇ, ਕਿ ਰਾਹ ਭੁੱਲੇ ਜਾਂ ਫੇਰ ਔਝੜੀਂ ਪਏ ਸ਼ਰਧਾਲੂ ਨੂੰ ਚੂਹੜੇ ਹਰਮੰਦਰ ਦੀ ਬਾਹੀ ਤੱਕ ਸਹੀ-ਸਲਾਮਤ ਛੱਡ ਕੇ ਜਾਂਦੇ ਹਨ, ਰਾਹੀਆਂ ਨੇ ਇਸੇ ਰਾਹ ਤੋਂ ਲੰਘਣਾ ਸ਼ੁਰੂ ਕਰ ਦਿੱਤਾ ਸੀ।

ਚੂਹੜਿਆਂ ਦੀ ਬਸ ਇਕੋ ਵੱਡੀ ਮੁਸ਼ਕਲ ਸੀ। ਉਹ ਰੋਟੀ ਕਮਾਣ ਦੀ ਸੀ। ਮਰਦ ਤੇ ਸਵੇਰੇ ਨਵੇਂ ਉਸੱਰ ਰਹੇ ਬਜ਼ਾਰਾਂ ਵਿਚ ਨਿਕਲ ਜਾਂਦੇ ਤੇ ਮਾਰਵਾੜੀਆਂ ਨਾਲ ਹੱਥ ਵੱਟਾ ਦੇਂਦੇ ਸਨ। ਮਾਰਵਾੜੀ ਸੁੱਚਮ ਤੇ ਰੱਖਦੇ, ਪਰ ਭਿੱਟ ਵੀ ਬਹੁਤੀ ਨਹੀਂ ਸਨ ਵਖਾਂਦੇ। ਲੂਣ ਦੇ ਮੁਸਲਮਾਨ ਵਪਾਰੀ ਤੇ ਭਿੱਟ ਬਿਲਕੁਲ ਨਹੀਂ ਸਨ ਵਖਾਂਦੇ। ਉਹਨਾਂ ਦਾ ਕੰਮ ਕਰਕੇ ਚੂਹੜਿਆਂ ਨੂੰ ਮਾਰਵਾੜੀਆਂ ਜਾਂ ਮੁਸਲਮਾਨ ਵਪਾਰੀਆਂ ਕੋਲੋਂ ਕਈ ਵਾਰ ਕੌਡਾਂ ਮਿਲ ਜਾਂਦੀਆਂ, ਜਾਂ ਤਾਂਬੇ ਦਾ ਨਿੱਕਾ ਪੈਸਾ ਮਿਲ ਜਾਂਦਾ ਸੀ। ਕੌਡਾਂ ਬਦਲੇ ਉਹ ਕਦੀ ਦਾਲ, ਆਟਾ ਜਾਂ ਫੇਰ ਸ਼ਹਿਰ ਸਬਜੀ ਵੇਚਣ ਆਏ ਅਰਾਈਆਂ ਕੋਲੋਂ ਸਬਜੀ ਲੈ ਲੈਂਦੇ। ਜਦ ਕਦੀ ਕਿਤੇ ਵੀ ਕੰਮ ਨਾ ਮਿਲਦਾ, ਉਹ ਕੱਟੂ ਬਾਲੀਆਂ, ਬਰਨਾਲੇ ਦੇ ਚਮਾਰਾਂ ਨਾਲ ਚਮੜਾ ਸਾਫ ਕਰਨ ਵਿਚ ਹਥ ਵੱਟਾ ਦੇਂਦੇ ਸਨ। ਉਹਨਾਂ ਦੀ ਜੁੱਤੀ ਦੀ ਮੰਗ ਬੜੀ ਸੀ। ਏਸ ਲਈ ਉਹਨਾਂ ਨੂੰ ਲਾਹੇ ਹੋਏ ਚਮੜੇ ਨੂੰ ਧੋਕੇ ਸਾਫ ਕਰਨ ਲਈ ਸਹਾਇਕਾਂ ਦੀ ਹਮੇਸ਼ਾਂ ਲੋੜ ਰਹਿੰਦੀ ਸੀ। ਏਨਾ ਬਦਬੋ ਵਾਲਾ ਕੰਮ ਕਰਨ ਤੋਂ ਤ੍ਰਹਿੰਦੇ ਚਮਾਰ ਜਦੋਂ ਵੀ ਉਹਨਾਂ ਨੂੰ ਕੁੱਤੀ ਵਿਹੜੇ ਦਾ ਚੂਹੜਾ ਮਿਲੇ, ਕੰਮ ਦੇ ਦੇਂਦੇ ਸਨ। ਪਰ ਉਹ ਚੂਹੜਿਆਂ ਤੋਂ ਭਿੱਟ ਬੜੀ ਮੰਨਦੇ ਸਨ। ਨਾਲੇ ਕੰਮ ਲਈ ਜਾਂਦੇ, ਨਾਲ ਦੁਰ-ਦੁਰ ਕਰੀ ਜਾਂਦੇ। ਸ਼ਾਮ ਨੂੰ ਪਰ ਬੜੀ ਦਰਿਆ ਦਿਲੀ ਨਾਲ ਚੂਹੜੇ ਦੀ ਫੈਲਾ ਕੇ ਵਿਛਾਈ ਚਾਦਰ ਤੇ ਇਕ ਜਾਂ ਦੋ ‘ਪੜੋਪੀਆਂ’ ਕਣਕ ਦੇ ਦਾਣੇ ਪਾ ਦੇਂਦੇ ਸਨ।

… ਚੂਹੜਿਆਂ ਲਈ ਕਣਕ ਬੜੀ ਨਿਆਮਤ ਸੀ।

ਉਂਜ ਤੇ ਗੁਰੂ ਰਾਮਦਾਸ ਵਲੋਂ ਦਿਨ-ਰਾਤ ਲਾਏ ਲੰਗਰ ਵਿਚ ਉਹਨਾਂ ਲਈ ਥਾਂ ਸੀ। ਗੁਰੂ ਰਾਮਦਾਸ ਉਹਨਾਂ ਨੂੰ ਆਪ ਹੱਥੀ ਬੜੀ ਪ੍ਰੀਤ ਨਾਲ ਡਾਲੀ ਲਿਆਏ ਸਿੱਖਾਂ ਦੇ ਪਰਸ਼ਾਦੇ ਪਰੋਸਦੇ, ਜਾਂ ਲੋਹ-ਲੰਗਰ ਤੋਂ ਤਾਜੇ ਬਣਦੇ ਪਰਸ਼ਾਦੇ ਚੁੱਕ ਉਹਨਾਂ ਦੀ ਝੋਲ ਭਰਦੇ। ਪਰ ਜਿਉਂ ਹੀ ਚੂਹੜੇ ਹਰਮੰਦਰ ਦੀ ਬਾਰੀ ਟੱਪ ਕੇ ਕੁੱਤੀ ਵਿਹੜੇ ਦੇ ਰਾਹ ਪੈਂਦੇ, ਖੱਤਰੀਆਂ ਦੇ, ਪੰਡਤਾਂ ਦੇ ਮੁੰਡੇ ਉਹਨਾਂ ਨੂੰ ਸੋਟੀਆਂ ਨਾਲ ਛੱਲੀਆਂ ਵਾਂਗ ਕੁੱਟਦੇ। ਉਹਨਾਂ ਦੇ ਨਾਲ ਮਾਝੇ ਦੇ ਬੂਝੜ ਜੱਟਾਂ ਦੇ ਡੂਸ਼ ਵੀ ਉਹਨਾਂ ਦੀ ਫੂਕ ਛੱਕ ਕੇ ਰਲ ਜਾਂਦੇ ਤੇ ਚੂਹੜਿਆਂ ਦੀ ਬੜੀ ਦੁਰਗਤ ਹੁੰਦੀ। ਮੂੰਹ ਉਹਨਾਂ ਬੰਨ੍ਹੇ ਹੁੰਦੇ, ਇਸ ਲਈ ਉਹ ਗੁਰੂ ਕੋਲ ਸ਼ਿਕਾਇਤ ਕਰਦੇ ਵੀ ਤੇ ਕੀਹਦੀ? ਹਾਰ ਕੇ ਉਹਨਾਂ ਨੂੰ ਸਮਝ ਆ ਗਈ ਕਿ ਲੰਗਰ ਛੱਕਣ ਤੋਂ ਬਾਦ ਹੀ ਉਹਨਾਂ ਨੂੰ ਇਹ ਵਿਸ਼ੇਸ਼ ਮਾਰ ਪੈਂਦੀ ਸੀ।

ਉਹਨਾਂ ਲੰਗਰ ਜਾਣਾ ਬੰਦ ਕਰ ਦਿੱਤਾ, ਬਸ ਕਦੀ-ਕਦੀ ਹਰਮੰਦਰ ਦੀ ਉਸਾਰੀ ਵੇਖ ਰਹੇ ਸੱਚੇ ਪਾਤਸ਼ਾਹ ਨੂੰ, ਜਾਂ ਉਹਨਾਂ ਦੇ ਹਮਦਰਦ ਬਾਬਾ ਬੁੱਢਾ ਜੀ ਨੂੰ ਮੱਥਾ ਟੇਕ ਜਾਂਦੇ ਸਨ। ਫੇਰ ਬੜੀ ਹਸਰਤ ਨਾਲ ਕਾਰ-ਸੇਵਾ ਕਰ ਰਹੀਆਂ ਸੰਗਤਾਂ ਵਲ ਵੇਖ ਕੇ ਪਰਤ ਜਾਂਦੇ ਸਨ।

ਕੁੱਤੀ ਵਿਹੜੇ ਵਾਲਿਆਂ ਲਈ ਸਭ ਤੋਂ ਵੱਧ ਮੌਜ ਭਰਿਆ ਦਿਹਾੜਾ ਉਦੋਂ ਹੁੰਦਾ ਸੀ, ਜਦੋ ਕਦੀ ਉਹ ਬਾਬੇ ਬੁੱਧੂ ਨਾਲ ਰਲ ਕੇ ਲੰਗਰ ਛੱਕਦੇ ਸਨ। ਬਾਬਾ ਬੁੱਧੂ ਤੇ ਉਹਦੀ ਮੰਡਲੀ ਦੀ ਗੁਰੂ-ਘਰ ਵਿਚ ਅਨਿੰਨ ਸ਼ਰਧਾ ਸੀ। ਉਹ ਸਾਰੇ ਹਰਮੰਦਰ ਦੀ ਕਾਰ-ਸੇਵਾ ਵਿਚ ਲਗੇ ਹੋਏ ਸਨ। ਵਿਚੋਂ ਕਈ ਆ ਜਾਂਦੇ, ਕਈ ਟੁਰ ਜਾਂਦੇ ਸਨ। ਸਾਰੇ ਹੀ ਹੱਥਾਂ ਦੇ ਕਾਰੀਗਰ ਸਨ। ਬਹੁਤਿਆਂ ਦੇ ਅੱਟਣਾਂ ਭਰੇ ਹੱਥ ਤੇ ਟਾਕੀਆਂ ਵਾਲੇ ਲੀੜੇ ਹੁੰਦੇ ਸਨ। ਬੁੱਧੂ ਦੇ ਆਪਣੇ ਚੋਲੇ ਤੇ ਕੱਛੇ ਤੇ ਅਨੇਕਾਂ ਟਾਕੀਆਂ ਸਨ। ਇਹ ਲੋਕ ਸਨ, ਜਿਹੜੇ ਮਹੀਨੇ, ਦੋ ਮਹੀਨੀਂ ਇਕ, ਦੋ ਦਿਨ ਹੱਥੀ ਸੇਵਾ ਕਰਨ ਦੀ ਸੁਖਣਾ ਸੁੱਖਦੇ, ਤੇ ਫੇਰ ਬੁੱਧੂ ਦੇ ਆਵੇ ਤੇ ਆ ਜਾਂਦੇ। ਸੁੱਖਣ ਸੁੱਖੀ ਪੂਰੀ ਕਰਕੇ ਪਰਤ ਜਾਂਦੇ ਸਨ। ਘਰੋਂ ਆਉਣ ਵੇਲੇ ਰਸਦ ਦੀ ਪੋਟਲੀ ਨਾਲ ਲਿਆਂਦੇ ਸਨ, ਜਾਂ ਬੁੱਧੂ ਦੇ ਲੰਗਰ ਵਿਚ ਲੱਕੜ ਜਾਂ ਜਲ ਦੀ ਸੇਵਾ ਕਰਦੇ, ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ।

ਬੁੱਧੂ ਦਾ ਲੰਗਰ ਚਾਰ ਪਹਿਰ ਵਿਚੋਂ ਸਿਰਫ਼ ਇਕ ਪਹਿਰ ਲਗਦਾ। ਤਿੰਨ੍ਹ ਪਹਿਰ ਬੁੱਧੂ ਵੀ ਭੁੱਖਾ ਰਹਿੰਦਾ ਤੇ ਸਿਰਫ਼ ਇਕੋ ਪਹਿਰ ਰੱਜ ਕੇ ਲੰਗਰ ਛਕਦਾ। ਸੰਗਤ ਉਹਦੀ ਆਪਣੀ ਸੀ, ਉਹ ਵੀ ਬੁੱਧੂ ਦੀ ਪ੍ਰੀਤ ਵਿਚ ਬੱਝੀ ਇਕੋ ਪਹਿਰ ਖਾਂਦੀ। ਸਿਰਫ ਬਾਲ-ਅੰਝਾਣਿਆਂ ਤੇ ਬਿਰਧਾਂ ਲਈ ਵੱਖਰੇ ਪ੍ਰਬੰਧ ਸਨ। ਦੁਪਹਿਰੇ ਸੂਰਜ ਜਦ ਸਿਰ ‘ਤੇ ਹੁੰਦਾ, ਬੁੱਧੂ ਲੰਗਰ ਲਈ ਉੱਚੀ ਆਵਾਜ਼ ਵਿਚ ਬੇਨਤੇ ਤੇ ਬੇਨਤੇ ਕਰੀ ਜਾਂਦਾ। ਕੁੱਤੀ ਵਿਹੜੇ ਵਾਲੇ ਜੇ ਕਿਤੇ ਕੋਲ ਹੁੰਦੇ, ਉਹਨਾਂ ਨੂੰ ਚਾਅ ਚੜ੍ਹ ਜਾਂਦਾ। ਸਾਰੇ ਭੱਜ ਕੇ ਬੁੱਧੂ ਦੇ ਆਵੇ ਦੇ ਬਾਹਰਵਾਰ ਕਰਕੇ ਬੈਠ ਜਾਂਦੇ। ਸੰਗਤ ਆਈ ਵੇਖ ਬੁੱਧੂ ਬਾਬਾ ਬਸ ਇਕੋ ਹੋਕਰਾ ਮਾਰਦਾ –

“ਬਈ ਸੰਗਤ ਭੁੱਖੀ ਨਾ ਜਾਵੇ। ਗੁਰੂ ਰਾਮਦਾਸ ਦਾ ਦਰ ਐ ਬਈ। ਸਾਰੇ ਮਾਈ-ਭਾਈ ਛੱਕੋ!”

… ਤੇ ਬਸ ਜਿਵੇਂ ਕ੍ਰਿਸ਼ਮਾ ਵਾਪਰ ਜਾਂਦਾ। ਉਹਨਾਂ ਵਰਗੇ ਜਾਪਦੇ ਕਿੰਨੇ ਹੀ ਕਿਰਤੀ ਉਹਨਾਂ ਨਾਲ ਆ-ਆ ਕੇ ਬੈਠੀ ਜਾਂਦੇ, ਤੇ ਵਰਤੌਣ ਵਾਲੇ ਵੀ ਉਹਨਾਂ ਵਰਗੇ ਘਸਮੈਲੇ ਚਿਹਰੇ, ਅਧੋਰਾਣੇ, ਪਾਟੇ ਲੀੜਿਆਂ ਵਾਲੇ ਤੇ ਮਸਕੀਨ ਬੰਦੇ ਹੁੰਦੇ। ਲੰਗਰ ਕਦੀ ਨਾ ਘੱਟਦਾ ਤੇ ਅੰਤ ਛਕਣ ਵਾਲੇ ਹੀ ‘ਬੱਸ’ ਕਰ ਉੱਠ ਜਾਂਦੇ।

ਉਹਨਾਂ ਚੂਹੜਿਆਂ ਸਮੇਤ ਸਾਰੀ ਸੰਗਤ ਨੂੰ ਹੀ ਯਕੀਨ ਸੀ ਕਿ ਨਾਨਕ ਪੰਥੀ ‘ਬੁੱਧੂ ਬਾਬੇ’ ਕੋਲ ਰਿੱਧੀਆਂ ਵੱਸ ਹਨ, ਇਸੇ ਲਈ ਉਹਦੇ ਕੋਲ ਕੋਈ ਤੋਟ ਨਹੀਂ ਸੀ ਆਉਂਦੀ।

– – – –

ਕਦੀ-ਕਦੀ ਕੁੱਤੀ ਵਿਹੜੇ ਵਾਲਿਆਂ ਨੂੰ ਉਦੋਂ ਬੜੀ ਮੌਜ ਲਗਦੀ ਸੀ, ਜਦ ਕਿਤੇ ਬਣ ਰਹੇ ਸ਼ਹਿਰ ਵਿਚ ਕੋਈ ਮਰ ਜਾਂਦਾ ਸੀ। ਵਧੇਰੇ ਕਰਕੇ ਮੁਰਦਾ ਫੂਕਣ ਲਈ ਉਹਨ੍ਹਾਂ ਦੇ ਬੰਦੇ ਹੀ ਸੱਦੇ ਜਾਂਦੇ ਸਨ। ਮਗਰੋਂ ਪਿੰਡ-ਦਾਨ, ਮਰਗ-ਦਾਨ ਵੇਲੇ ਵੱਖ ਵੱਖ ਇਲਾਕਿਆਂ ਤੋਂ ਆਏ ਸਾਰੇ ਸਿੰਧੀ, ਗੁਜਰਾਤੀ, ਮਾਰਵਾੜੀ, ਪੰਜਾਬੀ ਵਪਾਰੀ ਚੂਹੜਿਆਂ ਨੂੰ ਕੁਝ ਨਾ ਕੁਝ ਦੇਂਦੇ। ਮਰੇ ਬੰਦੇ ਦੇ ਕਪੜੇ-ਬਿਸਤਰਾ ਵੀ ਮਿਲ ਜਾਂਦਾ। ਭੋਜਨ ਤੋਂ ਮਗਰੋਂ ਬਚੀ ਸਾਰੀ ਜੂਠ ਉਹਨ੍ਹਾਂ ਨੂੰ ਪੱਤਲਾਂ ਸਣੇ ਚੁੱਕਾ ਦਿੱਤੀ ਜਾਂਦੀ ਸੀ।

…ਅਗਲੇ ਦੋ ਦਿਨ ਤੇ ਸਾਰਾ ਲਾਣਾ ਹੀ ਬੜੀ ਮਸਤੀ ਵਿਚ ਫਿਰਦਾ। ਸਭ ਨੂੰ ਬਰਾਬਰ ਰੋਟੀ ਦੇ ਬੱਚੇ ਟੋਟੇ, ਚੋਲ ਤੇ ਸਬਜ਼ੀ ਵੰਡੀ ਜਾਂਦੀ। ਮਰਗ ਤੋਂ ਆਈ ਕੋਈ ਸ਼ੈਅ ਖਰਾਬ ਨਾ ਕੀਤੀ ਜਾਂਦੀ। ਬਰਾਬਰੀ ਨਾਲ ਸਭ ਨੂੰ ਹੀ ਮਿਲਦਾ, ਭਾਵੇਂ ਕਣਕ ਦਾ ਇਕ ਦਾਣਾ ਹੀ ਮਿਲੇ। ਕਪੜੇ ਤੇ ਬਿਸਤਰਾ ਸਭ ਤੋਂ ਲੋੜਵੰਦਾਂ ਨੂੰ ਮਿਲਦੇ, ਜਾਂ ਫਿਰ ਉਦੋਂ ਮੌਜ ਲਗਦੀ ਸੀ, ਜਦੋਂ ਹਰਮੰਦਰ ਸਾਹਿਬ ਦੇ ਮੱਥੇ ਵਲ ਬੈਠੇ ਚਮਾਰ ਕਿਸੇ ਬੌਲਦ ਜਾਂ ਮੱਝ, ਕੱਟੀ ਦੇ ਮਰਨ ‘ਤੇ ਸੱਦਦੇ ਸਨ। ਮਰੇ ਪਸ਼ੂ ਦੀ ਖੱਲ ਲਾਹ ਕੇ ਚਮਾਰਾਂ ਨੂੰ ਦੇਣੀ ਹੁੰਦੀ ਸੀ, ਤੇ ਬਸ! ਮਿੱਝ, ਚਰਬੀ ਤੇ ਮੋਟਾ ਮਾਸ ਸਾਰੇ ਕਬੀਲੇ ਦਾ ਹੁੰਦਾ ਸੀ। ਉਦੋਂ ਕਈ-ਕਈ ਦਿਨ ਕੁੱਤੀ ਵਿਹੜੇ ਦੇ ਘਰ ਵਿਚਲੇ ਹਰ ਤਾਂਬੀਏ ਵਿਚ ਚਰਬੀ ਉਬਲਦੀ ਤੇ ਚੁਲ੍ਹੇ ਅੱਗ ਬਲਦੀ ਸੀ।

ਮਰੇ ਹੋਏ ਪਸ਼ੂ ਦੇ ਪੌੜ ਤੇ ਨਰਮ ਹੱਡ ਉਹਨਾਂ ਦੇ ਗੁਆਂਢ ਰਹਿੰਦੇ ਕਾਦਰ ਤੇ ਸਦਾਕਤ ਕਸਾਈ ਮੁਫਤ ਵਿਚ ਹੀ ਕੱਟ ਕੇ ਟੋਟੇ ਕਰ ਦੇਂਦੇ ਸਨ। ਫੇਰ ਉਹ ਟੋਟੇ ਮਾੜੇ ਦਿਨਾਂ ਲਈ ਲੂਣ ਲਾਕੇ ਸੁੱਕਾ ਲਏ ਜਾਂਦੇ ਸਨ। ਕਾਦਰ ਤੇ ਸਦਾਕਤ ਤੇ ਉਹਨਾਂ ਦਾ ਕਬੀਲਾ ਬੜੇ ਅੱਲ੍ਹਾ-ਲੋਕ ਤੇ ਤਰਸਵਾਨ ਸਨ। ਉਹਨਾਂ ਦੀ ਰੋਟੀ ਚੰਗੀ ਚਲਦੀ ਸੀ, ਕਿਉਂਕਿ ਉਹ ਹਰ ਰੋਜ਼ ਹੀ ਹੁਣ ਮੁਗਲਾਂ ਦੀ ਛਾਉਣੀ ਗਊਆਂ ਜਿਬ੍ਹਾ ਕਰਨ ਟੁਰੇ ਰਹਿੰਦੇ ਸਨ। ਉਹਨਾਂ ਨੂੰ ਨਕਦ ਉਜਰਤ ਵੱਖ ਮਿਲਦੀ ਸੀ ਤੇ ਵਾਪਸੀ ‘ਤੇ ਨਾਨ ਤੇ ਮਾਸ ਵੱਖ ਮਿਲਦਾ ਸੀ। ਕਾਦਰ ਤੇ ਸਦਾਕਤ ਦੇ ਵਡੇਰਿਆਂ ਨੂੰ ਵੀ ਗੁਰੂੂ ਰਾਮਦਾਸ ਜੀ ਵੱਲੋਂ ਥਾਂ ਮਿਲਦੀ ਸੀ।

ਉਂਜ ਉਹ ਹੈ ਵੀ ਤੇ ਉਹਨਾਂ ਵਿਚੋਂ ਸਨ। ਅਜੇ ਵੀ ਮੁੰਡੇ ਕੁੜੀਆਂ ਇਕ ਦੂਜੇ ਵਲ ਵਿਆਹ ਲੈਂਦੇ ਸਨ। ਕਾਦਰ ਹੁਰੀਂ ਨਾਂ ਦੇ ਹੀ ਮੁਸੱਲੀ ਸਨ, ਨਮਾਜ਼ ਨਹੀਂ ਸਨ ਪੜ੍ਹਦੇ, ਤੇ ਨਾ ਹੀ ਕਦੀ ਜੁੰਮੇ ਰਾਤ ਨੂੰ ਚਿਰਾਗ ਕਰਦੇ ਜਾਂ ਮਸੀਤੇ ਜਾਂਦੇ ਸਨ।

ਉਧਰ ਕੁੱਤੀ ਵਿਹੜੇ ਦੇ ਬੱਚੇ ਤੀਂਵੀਆਂ, ਜਿਹੜੇ ਵਧੇਰੇ ਕਰਕੇ ਅੱਧ ਭੁੱਖੇ ਹੀ ਰਹਿੰਦੇ ਸਨ, ਅਕਸਰ ਕਿਸੇ ਦੀ ਮਰਗ ਜਾਂ ਕਿਸੇ ਪਸ਼ੂ ਦੇ ਮਰਨ ਦੀ ਖਬਰ ਉਡੀਕਦੇ ਰਹਿੰਦੇ ਸਨ।

– – – –

ਸ਼ਹਿਰ ਦੀਆਂ ਰੌਣਕਾਂ ਹੌਲੀ-ਹੌਲੀ ਪਰਤ ਰਹੀਆਂ ਸਨ। 1991-92 ਦੀਆਂ ਇਲੈਕਸ਼ਨਾਂ ਵਿਚ ਕਾਂਗਰਸ ਨੇ ਤਿੰਨ-ਚਾਰ ਪਰਸੈਂਟ ਵੋਟਾਂ ਪਵਾ ਕੇ ਹੀ ਹੂੰਝਾ ਫੇਰੂ ਜਿੱਤ ਪ੍ਰਾਪਤ ਕਰ ਲਈ ਸੀ। ਕੋਈ ਐਮ.ਐਲ.ਏ. ਚਾਰ ਸੌ ਵੋਟ ਲੈ ਗਿਆ, ਕੋਈ ਦੋ ਸੌ! ਤੇ ਕੋਈ ਇਕ ਸੌ ਪੰਝੀ ਕੁ ਵੋਟਾਂ ਨਾਲ ਹੀ ਐਮ.ਐਲ.ਏ. ਬਣ ਗਿਆ ਸੀ। ਬਲਵੰਤ ਸਿੰਘ ਏਸ ਹੂੰਝਾ-ਫੇਰੂ ਜਿੱਤ ਨਾਲ ਮੁੱਖ ਮੰਤਰੀ ਬਣ ਚੁੱਕਾ ਸੀ। ਕਾਂਗਰਸ ਨੇ ਇਸ ਜਿੱਤ ਤੋਂ ਮਗਰੋਂ ਬਾਕੀ ਸਾਰੇ ਹਿੰਦੋਸਤਾਨ ਵਿਚੋਂ ਇਸ ਜਿੱਤ ਦਾ ਲਾਹਾ ਲੈਣਾ ਸੀ, ਇਸ ਲਈ ਏਜੰਸੀਆਂ ਨੂੰ ਹੁਕਮ ਸੀ ਕਿ ਸਾਰੇ ਸਰਕਾਰੀ ਖਾੜਕੂ, ਕੈਟ, ਮੁਖਬਰ ਤੇ ਲੁਟੇਰੇ ਵਾਪਸ ਸੱਦ ਲਵੋ! ਪੰਜਾਬ ਵਿਚ ਅੱਤਵਾਦ ਦੇ ਸਫਾਏ ਦਾ ਪ੍ਰਭਾਵ ਦਿਉ ਤੇ ਰੌਣਕਾਂ ਵਾਲਾ ਮਾਹੌਲ ਲੈ ਕੇ ਆਉ!

ਪੰਜਾਬ ਦਾ ਮਸ਼ਹੂਰ ਕੈਟ, ਕਾਂਗਰਸੀਆਂ ਦਾ ਯੂਥ ਆਗੂ ਇਕਵਿੰਦਰ ਸਿੰਘ ਏਸੇ ਵਿਹੜੇ ਦੀਆਂ ਸੌ-ਡੇਢ ਸੋ ਵੋਟਾਂ ਨਾਲ ਜਿੱਤਿਆ ਸੀ। ਕਦੀ ਕੋਈ ਵੇਲਾ ਸੀ, ਜਦੋਂ ਉਹ ਸ਼ਹਿਰ ਦਾ ਮਸ਼ਹੂਰ ਸੱਟੇਬਾਜ਼ ਤੇ ਸਾਈਕਲ-ਚੋਰ ਹੋਇਆ ਕਰਦਾ ਸੀ। ਫੇਰ ਉਹ ਪੰਜ-ਦਸ ਰੁਪਏ ਰੋਜ਼ ‘ਤੇ ਕਾਂਗਰਸ ਦੇ ਜਲਸਿਆਂ ਤੇ ਝੰਡਾ ਚੁੱਕ ਕੇ ਵੀ ਜਾਣ ਲਗ ਪਿਆ। ਮਜਬੂਰਨ ਪੁਲਸ ਨੂੰ ‘ਸਾਈਕਲ ਚੋਰਾਂ’ ਦੇ ਰਜਿਸਟਰ ਵਿਚੋਂ ਉਹਦੀ ਫੋਟੋ ਕੱਢਣੀ ਪਈ। ਕਾਂਗਰਸ ਨੂੰ ਹਮੇਸ਼ਾ ਅਪਰਾਧੀ ਪਿਛੋਕੜ ਦੇ ਬੰਦੇ ਬੜੇ ਰਾਸ ਆਉਂਦੇ ਰਹੇ ਹਨ। ਇਕਵਿੰਦਰ ਨੂੰ ਕਾਂਗਰਸ ਬੜੀ ਰਾਸ ਆਈ। ਤਰੱਕੀ ਕਰਦਾ ਉਹ ਐਮ.ਐਲ.ਏ. ਬਣ ਗਿਆ। ਹਾਲਾਤ ਇਥੋ ਤੱਕ ਸਾਜ਼ਗਾਰ ਹੋਏ ਕਿ ਉਹ ਸੈਂਟਰ ਦੇ ਚੀਫ਼ ‘ਬਾਬਾ ਚੁੱਪ ਸ਼ਾਹ’ ਦਾ ਵੀ ਖਾਸ ਕਰਿੰਦਾ ਬਣ ਗਿਆ ਸੀ। ਬਾਬਾ ਚੁੱਪ ਸ਼ਾਹ ਕਾਂਗਰਸ ਦੀ ਦਿੱਲੀ ਦੀ ਸਰਬਉੱਚ ਹਸਤੀ ਸੀ।

ਇਹ ਇਕਵਿੰਦਰ ਐਮ.ਐਲ.ਏ ਬਣਨ ਤੋਂ ਬਾਦ ਕੁੱਤੀ ਵਿਹੜੇ ਤੇ ਬੜਾ ਮਿਹਰਬਾਨ ਰਿਹਾ ਸੀ। ਉਹ ਹਰ ਕਾਂਗਰਸੀ ਸਮਾਗਮ ਵਿਚ ਕੁੱਤੀ ਵਿਹੜੇ ਦੇ ਬੰਦੇ ਬੁਲਾਂਦਾ। ਪ੍ਰਤੀ ਵਿਅਕਤੀ ਹਰ ਬੰਦੇ ਨੂੰ ਪੰਝੀ ਰੁਪਏ ਦਿਹਾੜੀ ਹਰ ਜਲਸੇ ਦੀ, ਤੇ ਸ਼ਾਮ ਨੂੰ ਚਾਰ ਬੰਦਿਆਂ ਮਗਰ ਇਕ ਬੋਤਲ! ਕੁੱਤੀ ਵਿਹੜੇ ਦੀਆਂ ਡਾਂਸਰਾਂ ਹੀ ਹਰ ਕਾਂਗਰਸ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਡਾਂਸ ਕਰਦੀਆਂ। ਸਾਰਿਆਂ ਨੇ ਕਿਸੇ ਨਾ ਕਿਸੇ ਡਾਂਸ ਕੱਲਬ ਨਾਲ ਨਾਤਾ ਰੱਖਿਆ ਹੋਇਆ ਸੀ। ਕੁੱਤੀ ਵਿਹੜੇ ਦੇ ਜਿਹੜੇ ਮੁੰਡੇ ‘ਚੋਂਕ ਢੋਲੀਆਂ’ ਵਿਚ ਖੜੋ ਕੇ ਢੋਲ ਵਜਾਂਦੇ ਤੇ ਵਿਆਹ ਉਡੀਕਦੇ ਰਹਿੰਦੇ ਸਨ, ਉਹ ਏਸ ਇਕਵਿੰਦਰ ਦੀ ਕਿਰਪਾ ਨਾਲ ਰੋਜ਼ ਢੋਲ ਵਜਾਣ ਦੀਆਂ ਦਿਹਾੜੀਆਂ ਤੇ ਜਾ ਰਹੇ ਸਨ। ਇਹਨਾਂ ਤੇ ਰਲਕੇ ਨੇਪਾਲਣ ਡਾਂਸਰਾਂ ਨੂੰ ਮਾਤ ਪਾ ਦਿੱਤਾ ਸੀ। ਕਾਂਗਰਸ ਹਾਈ ਕਮਾਂਡ ਦਾ ਹੁਕਮ ਸੀ ਕਿ ਪੰਜਾਬ ਦੇ ਹਰ ਸ਼ਹਿਰ ਵਿਚ ਵੱਧ ਤੋਂ ਵੱਧ ਮੇਲੇ ਕਰਾਕੇ ਜਸ਼ਨ ਵਰਗਾ ਮਾਹੌਲ ਬਣਾਉ, ਤਾਂ ਜੋ ਪੰਜਾਬ ਦੀ ਸ਼ਾਂਤੀ ‘ਕਾਂਗਰਸ’ ਨੇ ਬਹਾਲ ਕੀਤੀ, ਦਾ ਵਾਤਾਵਰਨ ਬਣਿਆ ਜਾਪੇ।

ਉਧਰ ਪੰਜਾਬੀ ਮਰ ਰਹੇ ਸਨ, ਪੁਲਸ ਨੋਟ ਕੱਠੇ ਕਰ ਰਹੀ ਸੀ।

ਕਾਂਗਰਸੀਏ, ਕਾਕੇ ਭੰਗੜੇ ਪਾਕੇ “ਪੰਜਾਬ ਵਿਚ ‘ਸ਼ਾਂਤੀ’ ਪਰਤ ਆਈ”, ਦਾ ਨਾਅਰਾ ਦੇ ਰਹੇ ਸਨ।

– – – –

ਅੱਜ ਸਵੇਰੇ ਜਦੋਂ ਵਿਹੜੇ ਦੇ ਬੱਚੇ ਜਾਗੇ ਤਾਂ ਘਬਰਾਹਟ ਅਤੇ ਡਰ ਨਾਲ ਉਹਨਾਂ ਮੁੜ ਬਿਸਤਰਿਆਂ ਵਿਚ ਲੁਕਣਾ ਚਾਹਿਆ, ਪਰ ਆਖਰ ਨੂੰ ਸਭ ਨੂੰ ਉੱਠ ਕੇ ਬਾਹਰ ਆਉਣਾ ਪਿਆ। ਅਗੇ ਮਾਂਵਾ ਨੇ ਉੱਠਦਿਆਂ ਹੀ ਉਹਨਾਂ ਅੱਗੇ ਰਾਤ ਦੀ ਜੂਠ ਦੇ ਟੋਟੇ ਰੱਖੇ ਹੁੰਦੇ ਸਨ, ਪਰ ਉਹ ਤੇ ਸਾਰੀਆਂ ਅੱਜ ਬਾਹਰ ਵਿਹੜੇ ਵਿਚ ਰੋਂਦੀਆਂ ਪਈਆਂ ਸਨ।

“ਹਾਏ ਖੁਦਾਵੰਦਾ! ਸਾਨੂੰ ਯਤੀਮਾਂ ਨੂੰ ਕੀਹਦੇ ਹਵਾਲੇ ਕਰ ਗਿਐਂ?” ਫੀਕੇ ਕਸਾਈ ਦੀ ਬੁੱਢੀ ਮਾਂ ਨੇ ਲੇਰ ਮਾਰੀ। ਮਗਰ ਹੀ ਸਾਰੇ ਵਿਹੜੇ ਨੇ ਮੁੜ ਰੋਣਾ ਸ਼ੁਰੂ ਕਰ ਦਿੱਤਾ।

ਬੱਚਿਆਂ ਦੇ ਉੱਠਣ ਦੀ ਦੇਰ ਸੀ ਕਿ ਸਭਨਾਂ ਹੌਲੀ ਹੌਲੀ ਹਰਮੰਦਰ ਵਲ ਟੁਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਦ ਹੀ ਬੱਚਿਆਂ ਨੂੰ ਸਮਝ ਆਈ ਕਿ ਕੋਈ ‘ਸੱਚੇ ਪਾਤਸ਼ਾਹ’ ਅੱਜ ਟੁਰ ਗਿਐ, ਤਾਂ ਹੀ ਮਾਂ-ਪਿਉ ਰੋ ਰਹੇ ਨੇ!

“ਨੀ ਮਾਂ! ਇਹ ਸੱਚੇ ਪਾਤਸ਼ਾਹ ਕਿਥੇ ਟੁਰ ਗਿਐ?” ਇਕ ਬੱਚੇ ਨੇ ਹੌਂਸਲਾ ਕੀਤਾ। ਪਰ ਮਾਂਵਾ ਨੂੰ ਜੁਵਾਬ ਦੇਣ ਦੀ ਵਿਹਲ ਕਿਥੇ ਸੀ? ਉਹਨਾਂ ਦਾ ਤੇ ਪਿਉ ਅੱਜ ਅਗਲੇ ਜਹਾਨ ਟੁਰ ਗਿਆ ਸੀ। ਉਧਰ ਜਦੋਂ ਬੱਚਿਆਂ ਨੂੰ ਪਤਾ ਲਗਾ ਕਿ ‘ਲੰਗਰਾਂ ਵਾਲਾ ਸੱਚੇ ਪਾਤਸ਼ਾਹ’ ਅੱਜ ਟੁਰ ਗਿਐ, ਤਾਂ ਉਹਨਾਂ ਵੀ ਰੋਣਾ ਸ਼ੁਰੂ ਕਰ ਦਿੱਤਾ।

ਕੁੱਤੀ ਵਿਹੜੇ ਵਾਲਿਆਂ ਦੀ ਭੀੜ ਕਿੰਨੀ ਦੇਰ ਹਰਮੰਦਰ ਦੇ ਦਰਾਂ ਤੋਂ ਕਈ ਕਰਮਾਂ ਦੂਰ ਖੜੀ ਰਹੀ। ਅੱਜ ਉਥੇ ਨਾ ਕਾਰ-ਸੇਵਕ ਸਨ, ਨਾ ਮਿਸਤਰੀ। ਨਾ ਹੀ ਬਾਬਾ ਬੁੱਢਾ ਜੀ ਸਨ, ਤੇ ਨਾ ਹੀ ਬਾਕੀ ਭਗਤ ਕਿਤੇ ਦਿਖ ਰਹੇ ਸਨ। ਸਿਰਫ਼ ਕੁਛ ਸਥਾਈ ਸੰਗਤ ਤੇ ਕੁਛ ਬਿਰਧ ਮਾਈ-ਭਾਈ ਬਾਣੀ ਪੜ੍ਹ ਰਹੇ ਸਨ। ਸ਼ਬਦ ਸਾਰੇ ਵੈਰਾਗਮਈ ਸਨ, ਜਿਹੜੇ ਚੂਹੜਿਆਂ ਦੇ ਕੰਨੀ ਪੈ ਰਹੇ ਸਨ, ਪਰ ਉਨ੍ਹਾਂ ਦੀ ਸਮਝ ਤੋਂ ਬਾਹਰ ਸਨ। ਪਰ ਸੋਗੀ ਧੁਨਾਂ ਉਹਨਾਂ ਨੂੰ ਹੋਰ ਰੁਆ ਰਹੀਆਂ ਸਨ। ਬਹੁਤੀ ਸੰਗਤ ਤੇ ਸੱਚੇ ਪਾਤਸ਼ਾਹ ਦੇ ਅੰਗੀਠਾ ਸਾਂਭਣ ਦੀ ਰਸਮ ਵਿਚ ਸ਼ਾਮਲ ਹੋਣ ਟੁਰ ਗਈ ਸੀ।

ਰੁਦਨ ਕਰਕੇ ਸਾਰੇ ਵਾਪਸ ਵਿਹੜੇ ਪਰਤ ਗਏ। ਉਸ ਦਿਨ ਕਿਸੇ ਇਕ ਵੀ ਜੀਅ ਨੇ ਅੰਨ-ਪਾਣੀ ਨਹੀਂ ਖਾਧਾ। ਸਿਵਾਇ ਬੱਚਿਆਂ ਦੇ, ਜਿਹੜੇ ਭੁੱਖੋਂ ਬੇਹਾਲ ਸਨ!

– – – –

“ਨਵੇਂ ਆਏ ‘ਸੱਚੇ ਪਾਤਸ਼ਾਹ’ ਪਹਿਲੇ ਪਾਤਸ਼ਾਹ ਦਾ ਹੀ ਰੂਪ ਹਨ। ਇਸ ਵਾਸਤੇ ਅਸੀਂ ਵੀ ਉੱਦਾਂ ਹੀ ਨਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਾਵਾਂਗੇ!” ਚੜਿਕ ਮੱਲ ਨੇ, ਜਿਹੜਾ ਸਭ ਤੋਂ ਬਿਰਧ ਸੀ, ਵਿਹੜੇ ਨੂੰ ਦੱਸਿਆ ਤੇ ਪੱਕ ਲਈ ਹੱਥ ਫੜੀ ਛਿੱਟੀ ਹਿਲਾਈ।

ਹਿੰਮਤ ਕਰਕੇ ਸਾਰੇ ਉਸ ਨਵੇਂ ‘ਸੱਚੇ ਪਾਤਸ਼ਾਹ’ ਦੇ ਦਰਸ਼ਨਾਂ ਲਈ ਟੁਰ ਪਏ। ਜਿਹੜਾ ਉਹਨਾਂ ਦੇ ਸੱਚੇ ਪਾਤਸ਼ਾਹ ਦੀ ਗੱਦੀ ਤੇ ਬੈਠਾ ਸੀ। ਭੀੜ ਬੜੀ ਸੀ, ਪਰ ਉਹਨਾਂ ਨੂੰ ਕਿਸੇ ਨੇ ਡੱਕਿਆ ਨਾ, ਕਿਉਂਕਿ ਮਸੰਦ ਆਪੋ-ਆਪਣੀ ਸੰਗਤ ਤੇ ਭੇਟਾ ਲੈ ਕੇ ਆ ਜਾ ਰਹੇ ਸਨ। ਮਸੰਦਾਂ ਸਦਕਾ ਹਰ ਪੂਰ ਤੇ ਹਰ ਭੇਖ ਵਾਲੀ ਸੰਗਤ ਆ ਜਾ ਰਹੀ ਸੀ।

ਮਹਾਰਾਜ ਅਗੇ ਉੱਦਾਂ ਹੀ ਉਸੇ ਲੱਕੜ ਦੇ ਬਣੇ ਤਖਤਪੋਸ਼ ਤੇ ਬਿਰਾਜਮਾਨ ਸਨ, ਜਿਥੇ ਕਦੀ ‘ਗੁਰੂ ਰਾਮਦਾਸ’ ਜੀ ਬਿਰਾਜਦੇ ਸਨ। ਸੁਭਾ ਅਨੁਸਾਰ ਅਗੇ ਜਾਕੇ ਸਭ ਤੋਂ ਪਹਿਲਾਂ ਚੜਿਕ, ਜੂਪੇ ਤੇ ਦਾਸ ਮੱਲ ਨੇ ਠੀਕਰੀਆਂ ਦੀਆਂ ਬਣਾਈਆਂ ਟਿੱਪਰੀਆਂ ਵਜਾਈਆਂ। ਇਸ਼ਾਰਾ ਮਿਲਦਿਆਂ ਹੀ ਮਾਈਆਂ ਤੇ ਬੱਚਿਆਂ ਨੇ ਢਿੱਡ ਖੜਕਾ ਕੇ ਅਵਾਜ਼ਾਂ ਕੱਢੀਆਂ। ਸਦੀਆਂ ਦੇ ਅਭਿਆਸੀ ਚੂਹੜਿਆਂ ਨੂੰ ਹੁਕਮ ਸੀ ਕਿ ਵੱਡਿਆਂ ਕੋਲ ਹਾਜ਼ਰ ਹੋਣ ਲਈ ਆਪਣੀ ਹੋਂਦ ਦੀ ਸੂਚਨਾ ਦੇਣ ਲਈ ਖੜਾਕਾ ਜ਼ਰੂਰ ਕਰਨਾ ਹੈ। ਭਾਵੇਂ ਸੱਚੇ ਪਾਤਸ਼ਾਹ ਤੇ ਬਾਬਾ ਬੁੱਢਾ ਜੀ ਨੇ ਇਸ ਕੰਮ ਤੋਂ ਉਹਨਾਂ ਨੂੰ ਠਾਕ ਦਿੱਤਾ ਸੀ, ਪਰ ਉਹ ਆਦਤ ਤੋਂ ਮਜਬੂਰ ਸਨ।

“ਉਏ! ਆ ਜਾਉ ਉਏ! ਇਹਦੀ ਲੋੜ ਨਹੀਂ।” ਬਾਬਾ ਬੁੱਢਾ ਜੀ ਹਮੇਸ਼ਾ ਵਾਂਗ ਉਥੇ ਬਿਰਾਜਮਾਨ ਸਨ, ਜਿਥੇ ਉਹ ਸਦਾ ਬਹਿੰਦੇ ਆਏ ਸਨ।

“ਮਹਾਰਾਜ ਜੀ! ਇਹ ਵੀ ਤੁਹਾਡੀ ਸੰਗਤ ਹੈ।” ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਮੁਖਾਤਬ ਹੋਏ।

ਗੁਰੂ ਅਰਜਨ ਪਾਤਸ਼ਾਹ, ਜਿਹੜੇ ਬਾਲ ਅਵਸਥਾ ਤੋਂ ਹੀ ਚੂਹੜਿਆਂ ਦਾ ਆਪਣੇ ਪਿਤਾ ਨਾਲ ਅਗਾਧ ਪ੍ਰੇਮ ਦੇਖਦੇ ਆ ਰਹੇ ਸਨ, ਆਸਣ ਤੋਂ ਉੱਠ ਖੜੋਤੇ ਤੇ ਅੱਗੇ ਵੱਧ ਕੇ ਦਾਸ ਮੱਲ ਤੇ ਚੜਿਕ ਮੱਲ ਨੂੰ ਜੱਫ਼ੀ ਵਿਚ ਲੈ ਲਿਆ।

“ਸਾਡਾ ਬਾਪੂ ਆ ਗਿਆ। ਬਾਪੂ ਪਰਤ ਆਇਆ ਜੇ ਉਏ ਲੋਕੋ! ਸਾਡਾ ਬਾਪੂ ਆ ਗਿਆ।” ਅਚਾਨਕ ਹੀ ਚੜਿਕ ਮੱਲ ਨੂੰ ਵਜਦ ਤਾਰੀ ਹੋ ਗਿਆ। ਹਾਲ ਪਏ ਵਿਚ ਹੀ ਉਸ ਦੁਹਾਈ ਚੁੱਕ ਦਿੱਤੀ। ਚੂਹੜਿਆਂ ਦੇ ਸਾਰੇ ਟੱਬਰ ਹੁਕਮ ਪਾਕੇ ਮਹਾਰਾਜ ਦੇ ਚਰਨੀ ਢਹਿ ਪਏ। ਉਹਨਾਂ ਦੀ ਰੀਸੇ ਨਿਆਣੇ ਵੀ ਚਰਨੀਂ ਪੈ ਗਏ।

– – – –

“ਅੱਜਕਲ੍ਹ ਧੰਦਾ ਕੀ ਕਰਦੇ ਓ?” ਅਕਸਰ ਸੇਵਾ ਕਰਨ ਆਉਣ ਲੱਗ ਪਏ ਦਾਸ ਮੱਲ, ਚੜਿਕ, ਅਣੀਏ ਤੇ ਜੂਪੇ ਹੁਰਾਂ ਨੂੰ ਬਾਬਾ ਬੁੱਢਾ ਜੀ ਨੇ ਸਾਂਝਾ ਪੁੱਛਿਆ।

“…ਜੀ ਅਸੀਂ ਤੇ ਗੁਰੂ ਬਜ਼ਾਰ ਦੇ ਸੁਨਿਆਰਿਆਂ ਤੇ ਲੂਣ ਮੰਡੀ, ਆਟਾ ਮੰਡੀ ਤੇ ਸਵਾਂਕ ਮੰਡੀ ਤੱਕ ਦੇ ਮਾਰਵਾੜੀਆਂ ਦੇ ਕੋਠੇ ਲਾਹੁਣ ਲਗ ਪਏ ਆਂ।” ਥੋੜ੍ਹਾ ਸ਼ਰਮਾ ਕੇ ਜੂਪੇ ਨੇ ਦੱਸਿਆ।

“ਉਏ ਆਹ-ਹਾਅ ਕੋਠੇ ਲਾਹੁਣਾ ਕਿਹੜਾ ਕੰਮ ਇਆ?” ਜੱਟ ਬਾਵੇ, ਸਿੱਧ ਪੱਧਰੇ ਬੁੱਢਾ ਜੀ ਪੁੱਛਣ ਲਗ ਪਏ।

“ਓ ਜੀ। ਮਾਰਵਾੜੀਆਂ ਤੇ ਸੁਨਿਆਰਿਆਂ ਦੀਆਂ ਵੱਡੇ-ਵੱਡੇ ਘੱਗਰਿਆਂ ਵਾਲੀਆਂ ਬੁੱਢੀਆਂ ਬਾਹਰ ਜੰਗਲ  ਬਹਿਣ ਤੋਂ ਬੜਾ ਘਾਬਰਦੀਆਂ ਸਨ। ਉਹਨਾਂ ਨੂੰ ਸੁਖ ਦੇਣ ਲਈ ਬਹੁਤਿਆਂ ਨੇ ਘਰਾਂ ਦੇ ਕੋਠੇ ਤੇ ਥਾਵਾਂ ਬਣਾ ਲਈਆਂ ਨੇ। ਅਸੀਂ ਹਨ੍ਹੇਰੇ ਜਾ ਕੇ ਸਲੇਟ ਪੱਥਰ ਨਾਲ ਗੰਦਾ ਚੁੱਕ ਕੇ ਟੋਕਰਿਆਂ ‘ਚ ਪਾ ਕੇ ਦੂਰ ਰੂੜੀਆਂ ਤੇ ਸੁੱਟ ਆਈਦਾ ਐ।” ਦਾਸ ਮੱਲ ਨੇ ਕਿਹਾ। ਪਰ ਨਾਲ ਹੀ ਉਹ ਡਰ ਜਿਹਾ ਗਿਆ, ਕਿਉਂਕਿ ਇਹ ਸੁਣਦਿਆਂ ਹੀ ਬਾਬੇ ਬੁੱਢਾ ਜੀ ਦਾ ਹੱਸਦਾ ਮੂੰਹ ਇਕਦਮ ਗਮਜ਼ਦਾ ਹੋ ਗਿਆ।

– – – –

“ਓ ਹੋ। ਚੰਗਾ ਭਗਤੋ। ਚੱਲੋ ਤੁਸੀਂ ਹੁਣ।” ਬੜੀ ਦੇਰ ਦੀ ਚੁੱਪੀ ਮਗਰੋਂ ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਜਾਣ ਦਾ ਇਸ਼ਾਰਾ ਕੀਤਾ।

ਉਹ ਸਾਰੇ ਇਸ਼ਾਰਾ ਪਾ ਕੇ ਟੁਰ ਪਏ, ਪਰ ਉਹਨਾਂ ਨੂੰ ਇਹ ਸੁਣ ਕੇ ਬੜੀ ਹੈਰਾਨੀ ਤੇ ਨਮੋਸ਼ੀ ਹੋਈ, ਜਦੋਂ ਬਾਬੇ ਬੁੱਢੇ ਨੇ ਉਹਨਾਂ ਦੀ ਥਾਂ ਅਕਾਸ਼ਾਂ ਵੱਲ ਤੱਕ ਕੇ ਕਿਹਾ ਸੀ-

“ਹੇ ਸੱਚੇ ਪਾਤਸ਼ਾਹ। ਤੂੰ ਇਹ ਨਹੀਂ ਸੀ ਚਾਹਿਆ। ਹੁਣ ਤੇਰੀਆਂ ਤੂੰ ਜਾਣੇ। ਗੁਰੂ ਰਾਮਦਾਸ, ਸੱਚੇ ਪਾਤਸ਼ਾਹ, ਨਗਰੀ ਵੱਸਦੀ ਤੇਰੀ ਰਜ਼ਾ ਨਾਲ।”

ਉਹਨਾਂ ਜਾਂਦਿਆਂ ਦੀਆਂ ਪਿੱਠਾਂ ਤੱਕ ਕੇ ਬਾਬਾ ਜੀ ਨੇ ਫੇਰ ਮੂੰਹੋਂ ਉਦਾਸ ਬਚਨ ਕੱਢੇ-

“ਓ ਮੇਰਿਓ ਪੁੱਤਰੋ। ਧਰਤੀਆਂ ਦੇ ਮਾਲਕੋ, ਮੈਂ ਤੁਹਾਡੇ ਲਈ ਇਹ ਸੋਚਿਆ ਸੀ… ?”

– – – –

ਜੂਪੇ ਤੇ ਦਾਸ ਹੁਰਾਂ ਨੂੰ ਹੁਣ ਵਧੇਰੇ ਕਰਕੇ ਬਾਬਾ ਬੁੱਢਾ ਜੀ ਦੇ ਹੀ ਦਰਸ਼ਨ ਹੁੰਦੇ ਸਨ। ਹਰਮੰਦਰ ਦੀ ਉਸਾਰੀ ਵੀ ਵਧੇਰੇ ਕਰਕੇ ਬਾਬਾ ਬੁੱਢਾ ਜੀ ਵੇਖ ਰਹੇ ਸਨ। ਸੰਗਤ ਨੂੰ ਪਤਾ ਲਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ‘ਤਰਨਤਾਰਨ’ ਨਾਂ ਦਾ ਨਵਾਂ ਨਗਰ ਹਰਮੰਦਰ ਦੀ ਤਰਜ ਤੇ ਵੱਸਾ ਰਹੇ ਹਨ। ਉਥੇ ਵਧੇਰੇ ਕਰਕੇ ਕੋਹੜੀਆਂ ਦੀ ਸੇਵਾ ਲਈ ਸੱਚੇ ਪਾਤਸ਼ਾਹ ਹਰ ਸਮੇਂ ਮਲ੍ਹਮ ਤੇ ਰੋਟੀ-ਰਸਦ ਲੈ ਕੇ ਹਾਜ਼ਰ ਰਹਿੰਦੇ ਹਨ। ਕੋਹੜ ਪੰਜਾਬ ਵਿਚ ਬਹੁਤ ਸੀ ਤੇ ਵਧੇਰੇ ਕੋਹੜੀ ਪਿੰਡਾਂ ਦੇ ਬਾਹਰ ਟੱਪਰੀਆਂ ਵਿਚ ਪਏ ਗਲ-ਸੜ ਕੇ ਮਰ ਰਹੇ ਸਨ। ਹੁਣ ਜਦੋਂ ਦਾ ਲੋਕਾਂ ਨੂੰ ਪਤਾ ਲਗਾ ਸੀ ਕਿ ਸਿੱਖਾਂ ਦਾ ‘ਪੰਜਵਾਂ ਗੁਰੂ’ ਕੋਹੜੀਆਂ ਦੀ ਸੇਵਾ ਕਰ ਰਿਹਾ ਹੈ, ਤਾਂ ਬਹੁਤੇ ਪਰਿਵਾਰ ਆਪੋ-ਆਪਣੇ ਕੋਹੜੀਆਂ ਨੂੰ ਤਰਨਤਾਰਨ ਛੱਡ ਕੇ ਜਾ ਰਹੇ ਸਨ। ਲੱਖੀ ਦਿਆਂ ਜੰਗਲਾਂ ਵਿਚੋਂ ਵਧੇਰੇ ਪੇਂਡੂ ਆਪੋ-ਆਪਣੇ ਕੋਹੜੀ ਲੈ ਆਉਂਦੇ ਸਨ।

ਤਰਨਤਾਰਨ ਤੋਂ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵੀ ਇਕੋ ਸੇਧੇ ਪੈਂਦੇ ਸਨ।

– – – –

ਸਮੇਂ ਦੇ ਬੀਤਣ ਨਾਲ ਸ਼ਹਿਰ ਫੈਲਦਾ ਗਿਆ। ਪੰਜਵੇਂ ਪਾਤਸ਼ਾਹ ਦੇ ਵੇਲੇ ਸ਼ਹਿਰ ਮੁਨਿਆਰਾਂ (ਵਣਜਾਰਿਆਂ) ਵਾਲੀ ਨੁੱਕਰ ਤੱਕ ਫੈਲਿਆ। ਖਟੀਕ ਮੁਸਲਮਾਨ ਗੁਰੂ ਸਾਹਿਬ ਦੀ ਆਗਿਆ ਲੈ ਕੇ ਚਾਟੀਵਿੰਡ ਗੇਟ ਦੇ ਅੰਦਰ ਆਉਂਦੀ ਇਕ ਪਾਣੀ ਵਾਲੀ ਢਾਬ ਤੇ ਛੱਪਰੇ ਪਾਕੇ ਵੱਸ ਗਏ ਸਨ। ਘਿਉ ਵਾਲਿਆਂ ਦੇ ਬਜ਼ਾਰ ਤੋਂ ਪਰ੍ਹਾਂ ਜੰਗਲ-ਬੇਲੇ ਪਏ ਸਨ। ਉਥੇ ਮਹਾਰਾਜ ਨੇ ਚਮਰੰਗਾਂ ਨੂੰ ਥਾਂ ਦੇ ਦਿੱਤੀ, ਤਾਂ ਜੋ ਸ਼ਹਿਰ ਨੂੰ ਚਮੜੇ ਦੀ ਕਮੀ ਨਾ ਰਹੇ ਤੇ ਬਦਬੋ ਵੀ ਸ਼ਹਿਰ ਤੋਂ ਪਰ੍ਹਾਂ ਰਹੇ। ਚਮਰੰਗ ਮੁਸਲਮਾਨ ਬੜੇ ਲੜਾਕੇ ਲੱਠਮਾਰ ਸਨ, ਪਰ ਇਥੇ ਆ ਕੇ ਗੁਰੂ ਦੇ ਸੇਵਕ ਬਣ ਕੇ ਬੜੇ ਮਸਕੀਨ ਬਣ ਕੇ ਦਿਨ ਕੱਟ ਰਹੇ ਸਨ।

ਇਧਰ ਕੁੱਤੀ ਵਿਹੜੇ ਦੇ ਦੋ ਭਰਾ ਧਿੱਕਾ ਤੇ ਪੱਲਾ, ਵਿਹੜੇ ਦੀ ਮਰਜ਼ੀ ਨਾਲ ਹੀ ਖਟੀਕਾਂ ਦੇ ਮੁਹੱਲੇ ਤੋਂ ਪਰ੍ਹਾਂ ਗਿਲਵਾਲੀ ਦੀਆਂ ਜੜ੍ਹਾਂ ਤੇ ਜਾਕੇ ਟੱਪਰੀਆਂ ਪਾਕੇ ਬਹਿ ਗਏ ਤੇ ਸੂਰ ਪਾਲਣ ਲਗ ਪਏ।

…ਬਸ ਜਿਸ ਦਿਨ ਵਿਹੜੇ ਵਾਲਿਆਂ ਸੂਰਾਂ ਨੂੰ ਪਾਲਣ ਦਾ ਧੰਦਾ ਕੀਤਾ, ਕਸਾਈ ਵਿਹੜੇ ਵਾਲਿਆਂ ਇਕਦਮ ਉਹਨਾਂ ਨਾਲ ਬੇਟੀ ਦੀ ਸਾਂਝ ਤੋੜ ਲਈ, ਪਰ ਰੋਟੀ ਦੇ ਵਟਾਂਦਰੇ ਨਾ ਛੱਡੇ। ਰੋਟੀ-ਬੇਟੀ ਵਿਚੋਂ ਰੋਟੀ ਦੀ ਸਾਂਝ ਵਧੇਰੇ ਪ੍ਰਬਲ ਰਹੀ ਸੀ।

– – – –

ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਨੂੰ ਦਿੱਲੀ ਤਖ਼ਤ ਵਲੋਂ ਲਾਹੌਰ ਲਿਜਾ ਕੇ ਕੋਹ-ਕੋਹ ਕੇ ਕਤਲ ਕੀਤਾ ਗਿਆ, ਵਿਹੜੇ ਵਾਲਿਆਂ ਉਦੋਂ ਵੀ ਸਿਦਕ ਨਹੀਂ ਸੀ ਛੱਡਿਆ। ਬਹੁਤ ਸਾਰੇ ਅੰਬਰਸਰੀਏ ਸ਼ਹਿਰ ਛੱਡ ਕੇ ਟੁਰ ਗਏ। ਪਰ ਵਿਹੜੇ ਵਾਲਿਆਂ ਸ਼ਹਿਰ ਦੀ ਚਾਕਰੀ ਨਹੀਂ ਸੀ ਤਿਆਗੀ ।

ਉਦੋਂ ਵੀ, ਜਦੋਂ ਉਸੇ ਪੰਜਵੇਂ ਪਾਤਸ਼ਾਹ ਦੇ ਇਕਮਾਤਰ ਪੁੱਤਰ ਹਰਗੋਬਿੰਦ ‘ਸੋਢੀ ਪਾਤਸ਼ਾਹ’ ਨੇ ਲਾਹੌਰ ਤਖਤ ਨਾਲ ਸਿੱਧਾ ਮੱਥਾ ਲਾ ਲਿਆ ਸੀ, ਵਿਹੜੇ ਵਾਲਿਆਂ ਉਥੇ ਹੀ ਵੱਸਣਾ ਮੁਨਾਸਬ ਸਮਝਿਆ ਸੀ, ਨਾਲੇ ਉਹਨਾਂ ਨੂੰ ਤੇ ਧੁਰੋਂ ਵਰੋਸਾਏ ਉਹਨਾਂ ਦੇ ਪਿਉ ‘ਗੁਰੂ ਰਾਮਦਾਸ’ ਦੀ ਵਾਕ-ਬਖਸ਼ਿਸ਼ ਸੀ ਕਿ ਉਹ ਇਥੇ ਹੀ ਵੱਸਣਗੇ।

ਜਦੋਂ ਛੇਵੇਂ ਗੁਰੂ ਮੁਗਲਾਂ ਹੱਥੋਂ ਫੜੀਕੇ ਪਰ੍ਹਾਂ ਮੱਧ-ਭਾਰਤ ਵੱਲ ਭੇਜੇ ਗਏ, ਉਦੋਂ ਏਸੇ ਗੁਰੂ ਵਲੋਂ ਬਣਾਏ ਉਸ ਸੱਚੇ ਤਖਤ ਵਲ ਕਿੰਨਾ ਚਿਰ ਹੀ ਮੁਗਲ ਫੌਜੀਆਂ ਨੇ ਆਉਣਾ ਮਨ੍ਹਾ ਕਰੀ ਰੱਖਿਆ। ਸਿਰਫ ਬਾਬਾ ਬੁੱਢਾ ਨੂੰ, ਜੋ ਉਦੋਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਸੀ, ਉਸੇ ਨੂੰ ਦੋ ਵੇਲੇ ਹਰਮੰਦਰ ਜਾਕੇ ਪਰਕਾਸ਼ ਕਰਨ ਦਾ ਹੁਕਮ ਸੀ। ਨਾਲ ਸੱਤ ਸਿੱਖ ਜਾਂਦੇ ਸਨ। ਰਾਗ ਗਾਉਣ ਦੀ ਪੱਕੀ ਮਨਾਹੀ ਸੀ। ਉਦੋਂ ਹੀ ਬਾਬਾ ਬੁੱਢਾ ਜੀ ਨੇ ਸ਼ਬਦ-ਚੌਂਕੀਆਂ ਚੜ੍ਹਾ ਕੇ ਗਵਾਲੀਅਰ ਪੈਦਲ ਜਾਣ ਦੀ ਰੀਤ ਪਾਈ ਸੀ।

… ਫੇਰ ਸਮਾਂ ਪਾਕੇ ‘ਸਮਾਂ’ ਹੀ ਬਦਲ ਗਿਆ। ਛੇਵਾਂ ਗੁਰੂ ਪਰਤ ਆਇਆ ਤੇ ਨਾਲ ਹੀ ਅੰਬਰਸਰ ਦੇ ਨਵੇਂ-ਪੁਰਾਣੇ ਰਾਹ ਕਿਸੇ ਹੋਰ ਖੜਾਕ ਨਾਲ ਜਾਗ ਪਏ। ਹੁਣ ਸ਼ਹਿਰ ਦੀਆਂ ਸਭੇ ਨੁੱਕਰਾਂ ਵਿਚੋਂ ਸਿੱਖਾਂ ਵਲੋਂ ਲਿਆਏ ਜਾ ਰਹੇ ਘੋੜਿਆਂ ਦੇ ਫੁਰਕੜੇ ਸੁਣਦੇ ਸਨ। ਵਿਹੜੇ ਦੇ ਕਿੰਨੇ ਹੀ ਚੂਹੜੇ ਸ਼ਹਿਰ ਵਿਚ ਆਰਜ਼ੀ ਤੌਰ ‘ਤੇ ਬਣੇ ਨਵੇਂ-ਨਵੇਂ ਅਸਤਬਲਾਂ ਵਿਚੋਂ ਲਿੱਦ ਚੁੱਕਦੇ ਤੇ ਬਖਸ਼ਿਸ਼ਾਂ ਲੈਂਦੇ ਸਨ। ਛੇਵੇਂ ਗੁਰੂ ਦਾ ਸ਼ਹਿਰ ਵਾਸੀਆਂ ਨੂੰ ਹੁਕਮ ਸੀ ਕਿ ਹੁਣ ਕੋਈ ਵੀ ਸ਼ਹਿਰੀ ਵਪਾਰੀ ਲਾਹੌਰ ਦਰਬਾਰ ਦੇ ਕਰਿੰਦਿਆਂ ਨੂੰ ਖਾਲਸਾ (ਟੈਕਸ) ਨਹੀਂ ਦਏਗਾ। ਖਾਲਸੇ ਦੀ ਉਗਰਾਹੀ ਹੁਣ ਗੁਰੂ ਦੇ ਮਸੰਦ ਕਰਨਗੇ।

– – – –

ਇਸ ਦੌਰਾਨ ਅਨੇਕਾਂ ਵਾਰ ਗੁਰੂ ਦੀਆਂ ਮੁਗਲਾਂ ਤੇ ਹੋਰ ਕਈ ਮੁਸਲਮਾਨ ਹਾਕਮਾਂ ਨਾਲ ਟੱਕਰਾਂ ਹੋਈਆਂ। ਇਸੇ ਦੌਰਾਨ ਬਿਰਧ ਹੋ ਚੁੱਕੇ ਬਾਬਾ ਬੁੱਢਾ ਜੀ ਸਾਰਾ ਕਾਰ-ਵਿਹਾਰ ਆਪਣੇ ਪੁੱਤਰ ਨੂੰ ਸੌਂਪ ਕੇ ਆਪਣੇ ਡੇਰੇ ਟੁਰ ਗਏ ਤੇ ਉਥੇ ਹੀ ਚੜ੍ਹਾਈ ਕਰ ਗਏ ਸਨ। ਵਿਹੜੇ ਦੇ ਭਗਤਾਂ ਨੂੰ ਤੇ ਉਹਨਾਂ ਦੇ ਚੜ੍ਹਾਈ ਕਰ ਜਾਣ ਦਾ ਕਈ ਦਿਨਾਂ ਮਗਰੋਂ ਪਤਾ ਲਗਾ ਸੀ।

ਉਹ ਦਿਨ ਬੜੀ ਅਫ਼ਰਾ-ਤਫ਼ਰੀ ਦੇ ਰਹੇ ਸਨ। ਸ਼ਹਿਰ ਦੇ ਸੁਨਿਆਰੇ ਤੇ ਮਾਰਵਾੜੀ ਗੁਰੂ-ਘਰ ਦੀ ਚਾਕਰੀ ਛੱਡ ਕੇ ਲਾਹੌਰ-ਦਰਬਾਰ ਦੇ ਅਧੀਨ ਹੋ ਚੁੱਕੇ ਸਨ। ਸ਼ਹਿਰ ਵਿਚ ਭਾਵੇਂ ਵਪਾਰ ਉਵੇਂ ਹੀ ਚਲਦਾ ਰਿਹਾ ਸੀ, ਤੇ ਛੇਵੇਂ ਗੁਰੂ ਤੋਂ ਮਗਰੋਂ ਸੱਤਵੇਂ ਤੇ ਫੇਰ ਅੱਠਵੇਂ ਗੁਰੂ ਵੀ ਸੁਭਾਮਾਇਨ ਤੋ ਗਏ ਸਨ। ਪਰ ਹੁਣ ਹਰਮੰਦਰ ਨਾ ਤਾਂ ਵਧੇਰੇ ਕਰਕੇ ਸੱਤਵੇਂ ਗੁਰੂ ਵੇਲੇ ਦੇ ਟਹਿਲੂਆਂ ਦੇ ਵੱਲ ਰਿਹਾ ਸੀ, ਤੇ ਨਾ ਹੀ ਬਾਲਕ-ਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵੱਲ ਰਿਹਾ ਸੀ। ਮਸੰਦਾਂ ਤੇ ਪੁਜਾਰੀਆਂ ਨੇ ਹਰਮੰਦਰ ਤੇ ਚੁੱਪ ਕੀਤੇ ਕਬਜ਼ਾ ਕਰ ਲਿਆ ਸੀ। ਅਕਾਲ ਤਖ਼ਤ ਵੱਲੋਂ ਆਉਂਦੇ ਸਾਰੇ ਰਾਹਾਂ ਦੇ ਕਿਵਾੜ ਬੰਦ ਰਹਿੰਦੇ ਸਨ। ਕਾਲੀ ਤੇ ਛਨੀ ਦੇ ਮੰਦਰ ਵੱਲੋਂ, ਜਿਥੇ ਹਿੰਦੂ ਪੁਜਾਰੀਆਂ ਮੂਰਤੀ ਲਵਾ ਕੇ ਮੀਨਾਕਾਰੀ ਕਰਵਾਈ ਸੀ, ਉਧਰੋਂ ਨਵਾਂ ਲਾਂਘਾ ਬਣਾ ਦਿੱਤਾ ਗਿਆ ਸੀ। ਪਰਕਰਮਾ ਵਿਚ ਥਾਂ-ਥਾਂ ਤੇ ਨਿੱਕੇ-ਨਿੱਕੇ ਖੁੱਡਾਂ ਵਿਚ ਬਣੇ ਮੰਦਰ ਸਨ ਤੇ ਥਾਂ-ਥਾਂ ਪਾਂਡੇ ਪਰਕਰਮਾ ਵਿਚ ਪੱਤਰੀ, ਤੇ ਪੁਰੋਹਤ ਟੇਵੇ ਲੈ ਕੇ ਬੈਠੇ ਰਹਿੰਦੇ ਸਨ। ਬਹੁਤੀ ਵਾਰ ਨਾਈ ਵੀ ਹਿੰਦੂ ਬੱਚਿਆਂ ਦੇ ਮੁੰਡਨ ਕਰਨ ਲਈ ਦਿਨੋ-ਦਿਨ ਭੀੜੀ ਹੁੰਦੀ ਜਾਂਦੀ ਪਰਕਰਮਾ ਵਿਚ ਆ ਬੈਠਦੇ ਸਨ। ਘੁੰਗਣੀਆਂ, ਭੱਲੇ ਤੇ ਮਿਰਚਾਂ ਦੇ ਪਾਪੜ ਵੇਚਣ ਵਾਲਿਆਂ ਦਾ ਕੋਈ ਅੰਤ ਨਹੀਂ ਸੀ ਰਿਹਾ। ਹਰਮੰਦਰ ਦੇ ਆਲੇ ਦੁਆਲੇ ਕੁਝ ਬੜੇ ਹੀ ਅਜੀਬ ਨਾਵਾਂ ਦੀਆਂ ਗਲੀਆਂ ਉਸਰ ਰਹੀਆਂ ਸਨ, ਜਿਨ੍ਹਾਂ ਦੇ ਬਾਸ਼ਿੰਦਿਆਂ ਤੇ ਹਰਮੰਦਰ ਦੇ ਪੁਜਾਰੀਆਂ ਦਾ ਮਿਹਰ ਭਰਿਆ ਹੱਥ ਸੀ। ਮਸਲਨ ਧੂਪ ਵੇਚਣ ਵਾਲੇ ਵਪਾਰੀਆਂ ਨੂੰ ਧੂਪ ਬਣਾਨ ਲਈ ਮੁਫਤ ਜਗਾ ਦਿੱਤੀ ਗਈ ਸੀ, ਜਿਹੜੀ ਕਿ ਧੂਪੀਆਂ ਦੀ ਗਲੀ ਕਹਾਈ। ਕੀਰਤਨ ਦੀ ਸਮਾਪਤੀ ਮਗਰੋਂ ਵਧੇਰੇ ਕਰਕੇ ਅਰਦਾਸ ਕੁਛ ਸਿਆਣੇ ਮੁਹਤਬਰ ਬੰਦੇ ਪੜ੍ਹਨ ਲਗੇ ਸਨ। ਉਸ ਪਰਿਵਾਰ ਵਾਲੇ ਘਰਾਂ ਨੂੰ ਅਰਦਾਸੀਆਂ ਦੀ ਗਲੀ ਕਹਿਣ ਲਗੇ ਸਨ। ਇਵੇਂ ਹੀ ਸਵੇਰੇ ਅੰਮ੍ਰਿਤ ਵੇਲੇ ਦੀ ਸ਼ਬਦ-ਚੌਂਕੀ ਤੇ ਰਾਤ ਦੀਆਂ ਸ਼ਬਦ ਚੌਂਕੀਆਂ ਜਦੋਂ ਚੜ੍ਹਦੀਆਂ, ਉਦੋਂ ਪਰਕਰਮਾ ਕਰਦੇ ਸੰਗਤ ਦੇ ਅਗੇ-ਅਗੇ ਟੱਲ ਵਜੌਣ ਵਾਲੇ ਸਿੱਖਾਂ ਦੀ ਆਪਣੀ ਘੜਿਆਲੀਆਂ ਵਾਲੀ ਗਲੀ ਉਸਰ ਗਈ ਸੀ। ਉਂਜ ਤੇ ਇਹ ਇਕ ਸ਼ਹਿਰ ਲਈ ਸ਼ੁਭ ਸੀ, ਪਰ ਏਸ ਨਾਲ ਮੰਸਦ ਤੇ ਪੁਜਾਰੀ ਅੰਤਾਂ ਦੇ ਤਾਕਤਵਰ ਹੋ ਗਏ ਸਨ। ਇਥੋਂ ਤੱਕ ਕਿ ਨੌਂਵੇ ਗੁਰੂ ਨੂੰ ਆਪਣੇ ਪਿਉ-ਦਾਦੇ ਦੇ ਖ਼ਜਾਨੇ, ਭਾਵ ਹਰਮੰਦਰ ਸਾਹਿਬ ਤੇ ਭਾਈ ਗੁਰਦਾਸ ਜੀ ਵਾਲੀ ਬੀੜ ਦੇ ਦਰਸ਼ਨਾਂ ਤੋਂ ਰੋਕ ਦਿੱਤਾ ਗਿਆ ਸੀ। ਉਹ ਅਕਾਲ ਤਖ਼ਤ ਦੇ ਪਿੱਛੇ ਹੀ ਇਕ ਬਿਰਖ ਥੱਲੇ ਸਵੇਰ ਤੋਂ ਸ਼ਾਮ ਤੱਕ ਬੈਠੇ ਰਹੇ। ਉਹਨਾਂ ਦੇ ਟਹਿਲੂਆਂ ਨੂੰ ਪੁਜਾਰੀਆਂ ਤੋੜ ਕੇ ਜਵਾਬ ਦੇ ਦਿੱਤਾ ਤੇ ਹਰਮੰਦਰ ਦੇ ਬੂਹਿਆਂ ਨੂੰ ਅੰਦਰੋਂ ਜਿੰਦੇ ਲਾ ਲਏ।

ਗੁਰੂ, ਜਿਹੜਾ ਮਿਹਰਾਂ ਭਰਿਆ ਹੱਥ ਲੈਕੇ ਆਇਆ ਸੀ, ਚੁੱਪ ਚਾਪ ਪਰਤ ਗਿਆ !

…ਇਸ ਦੌਰਾਨ ਪੁਜਾਰੀਆਂ ਨੇ ਵਿਹੜੇ ਦੇ ਸਾਰੇ ਚੂਹੜਿਆ ਨੂੰ ਹੁਕਮ ਚਾੜ੍ਹ ਦਿੱਤਾ ਸੀ ਕਿ ਨਾ ਤਾਂ ਉਹ ਹਰਮੰਦਰ ਦੇ ਸਾਹਮਣੇ ਵਾਲੀ ਬਾਹੀ ਵਲ ਦਿਖਣ, ਤੇ ਨਾ ਹੀ ਲੰਗਰ ਦੇ ਆਸ-ਪਾਸ ਦਿਖਣ। ਜੇ ਦਿਖ ਗਏ ਤਾਂ ਲੱਕੜਾਂ ਵਿਚ ਬਹਾਕੇ ਜਿਊੰਦੇ ਸਾੜਾਂਗੇ। ਤੇ ਜਦੋਂ ਸ਼ਹਿਰੀਆਂ ਦੇ ਕੋਠੇ ਵੀ ਲਾਹੁਣ ਜਾਣਾ ਹੈ ਤਾਂ ਨੀਵੇਂ ਬਜ਼ਾਰਾਂ ਵਿਚੋਂ ਹੋ ਕੇ ਮਾਈ ਸੇਵਾਂ (ਜਿਹੜਾ ਅਜੇ ਪੂਰਾ ਨਹੀਂ ਸੀ ਬਣਿਆ) ਤੋਂ ਹੋ ਕੇ ਗੁਰੂ ਬਜ਼ਾਰ ਵਿਚ ਜਾਣ।

– – – –

ਅੱਜਕਲ੍ਹ ਸ਼ਹਿਰ ਦਿਨ ਚੜ੍ਹਦਿਆਂ ਹੀ ਵੀਰਾਨ ਹੋ ਜਾਂਦਾ ਸੀ। ਸਿਵਾਇ ਨਿਤੱਨੇਮੀਆਂ ਦੇ, ਹੋਰ ਕੋਈ ਯਾਤਰੂ, ਕੋਈ ਯਾਤਰੀ-ਬੱਸਾਂ, ਟਰੱਕ ਨਹੀਂ ਸਨ ਦਿੱਸਦੇ। ਗੋਰੇ ਤੇ ਮੇਮਾਂ ਨੂੰ ਵੇਖਿਆਂ ਤੇ ਜੁਗੜੇ ਬੀਤ ਚਲੇ ਸਨ। ਅੰਬਰਸਰ ਦੇ ਅੰਦਰੂਨੀ ਹਿੱਸਿਆਂ ਵਿਚ ਜਿਵੇਂ ਖਾਮੋਸ਼ੀ ਦੀ ਚਾਦਰ ਵਿਛੀ ਰਹਿੰਦੀ। ਸਾਈਕਲ, ਸਕੂਟਰ ਵੀ ਏਨੀ ਹੌਲੀ ਚਲਦੇ ਕਿ ਜਾਪਦਾ, ਜਿਵੇਂ ਮੁਰਦੇ ਉਹਨਾਂ ਨੂੰ ਚਲਾ ਰਹੇ ਨੇ। ਸੀ.ਆਰ.ਪੀ. ਜਾਂ ਪੰਜਾਬ ਪੁਲਸ ਜਦੋਂ ਚਾਹੇ, ਜਿਥੇ ਚਾਹੇ ਤੇ ਜੀਹਨੂੰ ਚਾਹੇ, ਰੋਕ ਲੈਂਦੀ ਸੀ। ਜਿਥੇ ਕਿਤੇ ਵੇਖੋ, ਵੀ ਬੀ.ਐਸ.ਐਫ. ਤਾਇਨਾਤ ਸੀ। ਹਰਮੰਦਰ ਸਾਹਿਬ ਦੇ ਤਕਰੀਬਨ ਚਾਰ-ਪੰਜ ਸੌ ਮੀਟਰ ਦਾ ਦਾਇਰਾ ਹੀ ਉਹਨਾਂ ਛੱਡ ਰੱਖਿਆ ਸੀ, ਨਹੀਂ ਤੇ ਸ਼ਹਿਰ ਦੇ ਹਰ ਅੰਦਰੂਨੀ ਹਿੱਸੇ ਤੋਂ ਲੈ ਕੇ ਹਰਮੰਦਰ ਦੇ ਚੌਹਾਂ ਪਾਸਿਆਂ ਵਲ ਉਹਨਾਂ ਦੀ ਤਾਇਨਾਤੀ ਸੀ। ਹਰਮੰਦਰ ਸਾਹਿਬ ਦੇ ਸਾਹਮਣੇ ਬਣੀਆਂ ਨਾਨਕਸ਼ਾਹੀ ਇੱਟਾਂ ਦੀਆਂ ਸਭੇ ਇਮਾਰਤਾਂ ਦੀਆਂ ਛੱਤਾਂ ਉੱਪਰ ਸੀ.ਆਰ. ਪੀ. ਦਾ ਪਹਿਰਾ ਸੀ।

ਸਾਰਾ ਸ਼ਹਿਰ, ਸ਼ਹਿਰ ਕੀ ਸਾਰਾ ਪੰਜਾਬ ਇਕ ਵੱਖਰੇ ਹੀ ਭੈਅ ਵਿਚ ਜੀਅ ਰਿਹਾ ਸੀ।

– – – –

ਏਹਨੀਂ ਦਿਨੀਂ ਵੀ ਜੇ ਕੋਈ ਨਿਰਭੈ ਹੋ ਕੇ ਟੁਰ ਰਿਹਾ ਸੀ ਤਾਂ ਉਹ ਕੁੱਤੀ ਵਿਹੜੇ ਵਾਲੇ ਸਨ, ਜਾਂ ਫੇਰ ਨਿੱਤਨੇਮੀ ਸਨ। ਜਿਨ੍ਹਾਂ ਭੈਅ ਵਾਲਾ ਪਰਦਾ ਹੀ ਚੁੱਕ ਦਿਤਾ ਸੀ। ਨਿੱਤਨੇਮੀ ਰਾਤ ਨੂੰ ਆਖਰੀ ਸ਼ਬਦ-ਚੌਂਕੀ ਵਿਚ ਸ਼ਬਦ ਪੜ੍ਹਦੇ ਸ਼ਾਮਲ ਹੁੰਦੇ ਸਨ। ਆਖਰੀ ਸ਼ਬਦ-ਚੌਂਕੀ ਵਿਚ ਵਧੇਰੇ ਕਰਕੇ ਉਹਨਾਂ ਟੱਬਰਾਂ ਦੇ ਲੋਕ ਹੁੰਦੇ ਸਨ, ਜਿਹੜੇ ਸਾਢੇ-ਤਿੰਨ੍ਹ ਸੌ ਸਾਲ ਤੋਂ ਇਸ ਪਰੰਪਰਾ ਵਿਚ ਪੀੜ੍ਹੀ-ਦਰ-ਪੀੜ੍ਹੀ ਸ਼ਾਮਲ ਹੁੰਦੇ ਆ ਰਹੇ ਸਨ। ਧੂੁਪੀਏ, ਘੜਿਆਲੀਏ, ਅਰਦਾਸੀਏ, ਟਹਿਲੂ ਤੇ ਪਾਪੜ-ਵੜੀਆਂ ਵਾਲੇ ਟੱਬਰਾਂ ਦੇ ਜੀਅ, ਤੇ ਵਿਸ਼ੇਸ਼ਕਰ ਇਕ ਸਹਿਜਧਾਰੀ ਟੱਬਰ ਸਦਾ ਸ਼ਾਮਲ ਰਹਿੰਦਾ ਸੀ। ਰਾਤ ਤਕਰੀਬਨ ਸਾਢੇ ਕੁ ਗਿਆਰਾਂ ਵਜੇ ਬਹੁਤੇ ਨਿੱਤਨੇਮੀ ਉਥੇ ਪਰਕਰਮਾ ਵਿਚ ਲੇਟ ਜਾਂਦੇ, ਤੇ ਘਰਾਂ ਨੂੰ ਜਾਣ ਵਾਲੇ ਪਰਤ ਜਾਂਦੇ। ਅੱਧੀ ਰਾਤ ਢਾਈ ਕੁ ਵਜੇ ਦੂਸਰੇ ਨਿੱਤਨੇਮੀ ਅੰਮ੍ਰਿਤ ਵੇਲੇ ਦੀ ਸਵਾਰੀ-ਸਾਹਿਬ (ਪਾਲਕੀ) ਦੀ ਯਾਤਰਾ ਵਿਚ ਸ਼ਾਮਲ ਹੋਣ ਲਈ ਘਰਾਂ ਵਿਚੋਂ ਟੁਰ ਪੈਂਦੇ। ਅਖੰਡ-ਕੀਰਤਨੀ ਜਥੇ ਦੀਆਂ ਬੀਬੀਆਂ ਦੀ ਲਗਨ ਕਮਾਲ ਸੀ। ਉਹ ਕੁਝ ਤੇ ਸ਼ਹਿਰ ਵਿਚੋਂ ਆਉਂਦੀਆਂ ਸਨ, ਬਾਕੀ ਵਧੇਰੇ ਕਰਕੇ ਵੱਡਾ ਜੱਥਾ ਅਜੀਤ ਨਗਰ, ਈਸਟ-ਮੋਹਨ ਨਗਰ ਦੇ ਸੇਵਕਾਂ ਦਾ ਸੀ। ਉਹਨਾਂ ਸਾਰਿਆਂ ਨੂੰ ਸ਼ੁਰੂ-ਸ਼ੁਰੂ ਵਿਚ ਆਏ ਸੀ.ਆਰ.ਪੀ. ਦੇ ਮਿਕਸ ਜਵਾਨ ਹੈਰਾਨ ਹੋ-ਹੋ ਰੋਕਦੇ, ਕਿ ਅੱਧੀ ਰਾਤ ਤੱਕ ਇਹ ਲੋਕ ਸ਼ਹਿਰ ਵਿਚ ਕੀ ਕਰਦੇ ਹਨ? ਫੇਰ ਰਾਤ ਨੂੰ ਤਿੰੰਨ ਕੁ ਵਜੇ ਮੁੜ ਘਰਾਂ ਵਿਚੋਂ ਪਰਤ ਆਉਂਦੇ ਸਨ। ਬੰਗਾਲੇ, ਮਰਾਠੇ ਤੇ ਭਈਏ ਸਿਪਾਹੀਆਂ ਨੂੰ ਹੌਲੀ-ਹੌਲੀ ਹਰਿਮੰਦਰ ਦੀ ਸੇਵਾ ਕਰਨ ਦਾ ਪਤਾ ਲਗਦਾ, ਨਹੀਂ ਤਾਂ ਸ਼ੁਰੂ ਵਿਚ ਤਾਂ ਉਹ ਫੱਟ ਹੀ ਨਿੱਤਨੇਮੀਆਂ ਤੇ ਵੀ ਰਫਲਾਂ ਤਾਣ ਲੈਂਦੇ ਸਨ।

… ਉਹਨਾਂ ਭਾਣੇ ਤੇ ਸਾਰਾ ਪੰਜਾਬ ਹੀ ਖੂਨੀ ਤੇ ਖਾਲਸਤਾਨੀ ਸੀ।

… ਦੂਸਰੇ ਪੱਕੇ ਨਿੱਤਨੇਮੀ ਕੁੱਤੀ ਵਿਹੜੇ ਵਾਲੇ ਸਨ। ਚਾਹੇ ਕੋਈ ਆਇਆ, ਕੋਈ ਗਿਆ, ਮਰਦ ਨੇਮ ਨਾਲ ਸਵੇਰੇ ਅੰਬਰਸਰ ਸ਼ਹਿਰ ਵਿਚ ਝਾੜੂ ਦੇਂਦੇ। ਜਨਾਨੀਆਂ (ਚੂਹੜੀਆਂ) ਸ਼ਹਿਰ ਦੇ ਕੋਠੇ ਲਾਹੁੰਦੀਆਂ। ਫੇਰ ਦੁਪਹਿਰੇ ਮਰਦ ਜਾਂ ਤਾਂ ਲਾਟਰੀਆਂ ਪੌਂਦੇ, ਜੂਏ ਖੇਡਦੇ ਤੇ ਸੱਟੇ ਦਾ ਨੰਬਰ ਪੁੱਛਣ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਠੇ ਅਲਫ਼ ਨੰਗੇ ਪਾਗਲ ਕੋਲ ਜਾਂਦੇ। ਸੁਲਫਾ ਪੀਂਦੇ ਤੇ ਨਵੇਂ ਨਿਆਣੇ ਪੈਦਾ ਕਰਨ ਲਈ ਰਾਤ ਪੈਂਦਿਆਂ ਹੀ ਆਪੋ-ਆਪਣੀਆਂ ਜਨਾਨੀਆਂ ਨਾਲ ਨਸ਼ਈ ਹੋ ਕੇ ਸੌਂ ਜਾਂਦੇ। ਉਧਰ ਜਨਾਨੀਆਂ ਵੀ ਦਿਨ ਦੀ ਖੱਪ-ਖਪਾਈ ਤੋਂ ਮੁਕਤ ਹੋ ਕੇ ਰਾਤ ਨੂੰ ਸੌਂਦੀਆਂ। ਜੀਅ ਕਰਦਾ ਤੇ ਮਰਦਾਂ ਨੂੰ ਹਾਂ ਕਰਦੀਆਂ, ਨਹੀਂ ਗੰਦੀਆਂ ਤੋਂ ਗੰਦੀਆਂ ਗਾਹਲਾਂ ਕੱਢਦੀਆਂ। ਬਹੁਤੀਆਂ ਨੇ ਦੋ-ਦੋ ਤਿੰਨ-ਤਿੰਨ ਨਾਲ ਯਾਰੀ ਲਾਈ ਹੋਈ ਸੀ। ਬਾਕੀ ਗੁਰੂ ਬਜ਼ਾਰ ਦੇ ਸੁਨਿਆਰਾਂ ਦੇ ਨਵੇਂ ਉੱਠਦੇ ਮੁੰਡੇ ਤੇ ਆਟਾ ਮੰਡੀ ਦੇ ਭਾਪਿਆਂ ਦੇ ਬਜਾਜ ਮੁੰਡੇ ਉਹਨਾਂ ਨਾਲ ਇਕ ਵਾਰੀ ਸੌਣ ਖਾਤਰ ਹੀ ਬਥੇਰੇ ਪੈਸੇ ਦੇ ਜਾਂਦੇ ਸਨ। ਚੂਹੜੀਆਂ ਵੀ ਉਹਨਾਂ ਦੀ ਇਸਤਰੀ-ਭੁੱਖ ਨੂੰ ਸਮਝਦੀਆਂ ਤੇ ਸਵਾਦ ਲੈਂਦੀਆ ਸਨ। ਭਾਵੇਂ ਲੋੜੋਂ ਵੱਧ ਭੋਗ ਕਰਨ ਕਰਕੇ ਚੂਹੜੀਆਂ ਦੀਆਂ ਛਾਤੀਆਂ ਜਵਾਨੀ ਵਿਚ ਹੀ ਥੋੜ੍ਹਾ ਢਿਲਕ ਜਾਂਦੀਆ ਸਨ, ਪਰ ਉਹਨਾਂ ਦਾ ਬਾਕੀ ਸਾਰਾ ਸਰੀਰ ਕੰਮ ਕਰਦੇ ਰਹਿਣ ਕਾਰਨ ਐਨ ਤਬਲੇ ਵਾਂਗ ਕੱਸਿਆ ਰਹਿੰਦਾ ਸੀ।

ਅਜਿਹੇ ਹੀ ਦੌਰ-ਦੌਰੇ ਵਿਚ, ਸੰਨ ਬਿਆਸੀ ਦੇ ਅਖੀਰ ਜਿਹੇ ਵਿਚ ਰੌਲਾ ਪੈ ਗਿਆ। ਪੰਜਾਬ ਪੁਲੀਸ ਤੇ ਸੀ.ਆਰ.ਪੀ. ਉਹਨਾਂ ਦਿਆਂ ਬਜ਼ਾਰਾਂ ਵਿਚ ਵੀ ਗਸ਼ਤ ਕਰਨ ਲਗੀ। ਪਤਾ ਲਗਾ ਕਿ ਬਜ਼ਾਰ “ਖੂਬੀ ਰਾਮ ਹਲਵਾਈ” ਵਿਚ ਸੱਟੇਬਾਜ਼ਾਂ ਦੀ ਭੀੜ ਵਿਚ ਬੰਬ ਫੱਟਿਆ ਹੈ। ਨੱਬੇ ਦੇ ਕਰੀਬ ਹਿੰਦੂ ਸੱਟੇਬਾਜ ਮਰ ਗਏ ਸਨ। ਉਦੋਂ ਹਰ ਗੱਲ ਵਿਚ ਬੰਦੇ ਦੇ ਧਰਮ ਦੀ ਗੱਲ ਜ਼ਰੂਰ ਹੁੰਦੀ ਸੀ। ਸੱਟੇਬਾਜ ਸਾਰੇ ਸਨ, ਪਰ ਹਿੰਦੂ ਲਾਸ਼ਾਂ ਦੀ ਗਿਣਤੀ ਵਧੇਰੇ ਚਰਚਿਤ ਹੋਈ।

ਇਸਤੋਂ ਮਗਰੋਂ ਕੁੱਤੀ ਵਿਹੜੇ ਦੇ ਅਨੇਕਾਂ ਸਫਾਈ-ਸੇਵਕਾਂ ਤੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਚੂਹੜਿਆਂ ਨੇ ਲਾਸ਼ਾਂ ਚੁੱਕ ਦਿੱਤੀਆਂ।

ਕੁਝ ਦਿਨਾਂ ਬਾਦ ਫੇਰ ਬੰਬ ਧਮਾਕਾ ਹੋਇਆ। ਫੇਰ ਇਕ ਹੋਰ… ਇਕ ਹੋਰ… ਤੇ ਫੇਰ 1983 ਤੱਕ ਉਹ ਇਲਾਕਾ ਖੂਨੀ ਇਲਾਕਾ ਬਣ ਗਿਆ। ਹਿੰਦੂ ਹਿਜਰਤ ਕਰ ਗਏ। ਚੂਹੜਿਆਂ ਨੂੰ ਲਾਸ਼ਾਂ ਦੇ ਟੋਟੇ ਚੁੱਕ ਕੇ ਪੋਸਟਮਾਰਟਮ ਲਈ ਪੁੱਜਦੇ ਕਰਨ ਦਾ ਇਕ ਹੋਰ ਲਾਹੇਵੰਦ ਧੰਦਾ ਮਿਲ ਗਿਆ ਸੀ।

– – – –

ਵੱਡੀ ਵਾਰਦਾਤ ਦਾ ਭੇਦ ਤੇ ਪਰ “ਮੰਗਾ ਮਸੀਹ” ਹੀ ਦੱਸਦਾ ਸੀ। ਕਿਤੇ 1983 ਵਿਚ ਗੋਲ ਬਾਗ ਸੈਰ ਕਰਦੇ ਲਾਲੇ, ਮੁੰਡਿਆਂ ਨੇ ਮਾਰ ਦਿੱਤੇ। ਤਕਰੀਬਨ ਅੱਠ-ਦਸ ਲਾਲੇ ਮਰੇ ਸਨ। ਬੜਾ ਰੌਲਾ ਪਿਆ। ਉਥੇ ਹੀ ਉਸ ਇਲਾਕੇ ਦਾ ਮਸ਼ਹੂਰ ਜਨਸੰਘੀ ‘ਬਲਵੰਤ ਰਾਮ’ ਦਵਾਈਆਂ ਵਾਲਾ ਪ੍ਰਧਾਨ ਸੀ। ਸ਼ਹਿਰ ਦੇ ਸਾਰੇ ਹਿੰਦੂ ਉਹਨੂੰ ਬੜਾ ਮੰਨਦੇ ਸਨ। ਉਹਨੇ ਸੀਤਲਾ ਮੰਦਰ ਦੇ ਬਾਹਰ ਖੜੋਕੇ ਭੜਕੀ ਹਿੰਦੂ ਭੀੜ ਅਗੇ ਪ੍ਰਣ ਕੀਤਾ ਕਿ ਇਹਨਾਂ ਕਤਲਾਂ ਦਾ ਮੈਂ ਬਦਲਾ ਲਵਾਂਗਾ!

ਤੇ ਉਹ ਇਸ ਪ੍ਰਣ ਤੇ ਪੂਰਾ ਵੀ ਉਤਰਿਆ! ਹਿੰਦੂਆਂ ਦੀ ਪਰੰਪਰਾ ਅਨੁਸਾਰ ਆਪ ਲੜਨ ਦੀ ਥਾਂ ਉਸਨੇ ਚਾਰ ਭਾੜੇ ਦੇ ਬਦਮਾਸ਼ ਮੰਗਾਏ, ਜਿਹੜੇ ਕਿ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਅਗੇ ਕਰਕੇ ਪੁਤਲੀ ਘਰ ਦੇ ਪਿਛਾੜੇ ਸੂਰ ਪਾਲਦੇ ਸਨ। ਉਹ ਕਹਿਣ ਨੂੰ ਹੀ ਸੂਰ ਪਾਲਦੇ ਸਨ, ਪਰ ਅਸਲੀਅਤ ਵਿਚ ਛੁਰੀਮਾਰ-ਲੁਟੇਰੇ ਸਨ। ਉਹਨਾਂ ਨੂੰ ਸ਼ਰਾਬ ਨਾਲ ਲੇਹੜ ਕੇ ਉਹਨਾਂ ਨਾਲ ਹੀ ਅਣਜਾਣ ਜਿਹੇ ਚਾਰ-ਪੰਜ ਹਿੰਦੂ ਮੁੰਡੇ ਦੇ ਦਿੱਤੇ, ਜਿਨ੍ਹਾਂ ਰੇਲਵੇ-ਸਟੇਸ਼ਨ ਅੰਬਰਸਰ ਜਾਕੇ ਹਰਮੰਦਰ ਸਾਹਿਬ ਦਾ ਕੱਚ ਦਾ ਬਣਿਆ ਮਾਡਲ ਤੋੜ ਦਿੱਤਾ। ਉਤੋਂ ਹਾਜ਼ਰ ਦਿੱਸਦੇ ਪੰਜ-ਸੱਤ ਸਿੱਖ ਮੁਸਾਫਰਾਂ ਦੇ ਲਫੇੜੇ ਕੱਢ ਮਾਰੇ। ਮਾਰ ਉਥੇ ਲਾ-ਲਾ ਕਰਾ ਕੇ ਭੜਕੀ ਭੀੜ ਬਾਹਰ ਸੜਕ ਤੇ ਆ ਗਈ ਤੇ ਜਾਮ ਲਾ ਦਿੱਤਾ। ਉਹਨਾਂ ਨੂੰ ਇਹ ਪਤਾ ਨਹੀਂ ਸੀ ਲਗਾ ਕਿ ਇੰਡੀਅਨ ਐਕਸਪ੍ਰੈਸ ਦਾ ਫੋਟੋਗ੍ਰਾਫਰ ‘ਬੌਬੀ ਦੂਆ’ ਸਵੇਰੇ ਦਾ ਹੀ ਨਿੱਕਾ ਕੈਮਰਾ ਲੈ ਕੇ ਉਹਨਾਂ ਮਗਰ ਫਿਰ ਰਿਹਾ ਹੈ, ਇਹੀ ਭੀੜ ਤੇ ਉਹਦੇ ਵਿਚੋਂ ਹੀ ਗਿਣੀ-ਮਿੱਥੀ ਸਾਜ਼ਿਸ਼ ਨਾਲ ਬਲਵੰਤ ਰਾਮ, ਉਹੀ ਬਾਲਮੀਕੀਏ ਤੇ ਦੋ-ਤਿੰਨ੍ਹ ਹੋਰ ਬਦਮਾਸ਼ ਚੁੱਪ ਕੀਤੇ ਉੱਚੇ ਪੁਲ ਤੇ ਆ ਚੜ੍ਹੇ। ਭੀੜ ਘਰਾਂ ਨੂੰ ਭੱਜ ਰਹੀ ਸੀ, ਪਰ ਬਲਵੰਤ ਰਾਮ ਤੇ ਉਹਦੇ ਸਾਥੀ ਕਿਸੇ ਸੌਖੇ ਸ਼ਿਕਾਰ ਦੀ ਭਾਲ ਵਿਚ ਸਨ। ਤੇ ਉਹ ਉਹਨਾਂ ਇਕ-ਦੋ ਮਿੰਟ ਵਿਚ ਹੀ ਤਾੜ ਲਿਆ ਸੀ! ਕੂਪਰ ਰੋਡ ਵਲੋਂ ਕਿਸੇ ਦਫ਼ਤਰ ਦਾ ਤੀਹ ਕੁ ਸਾਲ ਦਾ ਚਪੜਾਸੀ ਆਪਣੀ ਮਰੀ ਜਿਹੀ ਸਾਈਕਲ ਧੂੰਹਦਾ ਆ ਰਿਹਾ ਸੀ। ਉਹਦੀ ਪੁਰਾਣੀ ਲਾਲ ਜਿਹੀ ਪੱਗ ਫਿੱਕੀ ਪਈ ਹੋਈ ਸੀ।

…ਪਲਾਂ ਛਿਣਾਂ ਵਿਚ ਹੀ ਉਹਨਾਂ ਤੇਲ ਪਾ ਕੇ ਉਹਨੂੰ ਲੂਹ ਦਿੱਤਾ। ਉਹ ਪੂਰੀ ਤਰ੍ਹਾਂ ਮੱਚ ਜਾਏ, ਇਸ ਲਈ ਇਕ ਨੇ ਪੈਂਦਿਆ ਹੀ ਡਾਂਗ ਮਾਰ ਕੇ ਉਹਦਾ ਗੋਡਾ ਤੋੜ ਦਿੱਤਾ ਸੀ।

ਉਹਦੀ ਸੜੀ ਲੋਥ ਕੋਲ ਥੋੜ੍ਹੀ ਦੂਰੀ ਤੇ ਹੀ ਆਲੂ-ਪਿਆਜ਼ ਵਾਲੇ ਲਫਾਫੇ ਥੈਲੇ ਵਿਚੋਂ ਨਿਕਲ ਕੇ ਖਿਲਰੇ ਪਏ ਸਨ…

…ਪਤਾ ਉਦੋਂ ਵੀ ਬਲਵੰਤ ਹੁਰਾਂ ਨੂੰ ਨਹੀਂ ਲਗਾ ਕਿ ਬੌਬੀ ਦੂਆ ਤੇ ਉਹਦੇ ਚੇਲੇ ਨੇ ਕਿੰਨੇ ਸਨੈਪ ਉਹਨਾਂ ਦੇ ਉਸ ਸਿੱਖ ਨੂੰ ਸਾੜਨ ਵੇਲੇ ਲੈ ਲਏ ਸਨ!

ਬੌਬੀ ਨੇ ਇਹ ਸਾਰੇ ਸਨੈਪ ਇੰਡੀਅਨ ਐਕਸਪ੍ਰੈਸ ਤੋਂ ਇਲਾਵਾ ਟੈਲੀਗ੍ਰਾਫ ਨੂੰ ਵੀ ਵੇਚੇ ਤੇ ਨਾਲ ਹੀ ਇਕ-ਇਕ ਕਾਪੀ ਭਾਈ ਅਮਰੀਕ ਸਿੰਘ ਨੂੰ ਉਹਦੇ ਛੋਟੇ ਭਰਾ ਭਾਈ ਅਮਰੀਕ ਸਿੰਘ ਹੱਥ ਭੇਜ ਦਿੱਤੀ। ਭਾਈ ਜੀ ਨੇ ਉਹੀ ਫੋਟੋਆਂ ਸੰਤ ਭਿੰਡਰਾਵਾਲੇ ਦੇ ਦਰਬਾਰ ਪੇਸ਼ ਕਰ ਦਿੱਤੀਆਂ। ਪਛਾਣਨ ਵਾਲਿਆਂ ਬਾਰਾਂ ਘੰਟਿਆਂ ਵਿਚ ਸੂਹ ਕੱਢ ਲਈ, “ਬਲਵੰਤ ਜਨਸੰਘੀ” ਨਾਲ ਸੂਰ ਮੰਡੀ ਦੇ ਬਾਲਮੀਕੀ ਸਨ। ਬਾਕੀ ਦੋ-ਤਿੰਨ੍ਹ ਹਿੰਦੂ ਬਾਊ ਕੌਣ ਸਨ, ਇਹ ਪਤਾ ਨਹੀਂ ਸੀ ਲਗ ਰਿਹਾ? ਸੰਤ ਭਿੰਡਰਾਂਵਾਲੇ ਦਿਆਂ ਚੇਲੇ-ਚਾਟੜਿਆਂ ਉਸੇ ਸ਼ਾਮ ਬਲਵੰਤ ਨੂੰ ਉਹਦੇ ਦੋ ਗੰਨਮੈਨਾਂ ਸਮੇਤ ਮਾਰ ਦਿੱਤਾ। ਅਗਲੇ ਬਾਰਾਂ ਘੰਟਿਆਂ ਵਿਚ ਹੀ ਉਹਨਾਂ ਸੂਰ ਮੰਡੀ ਦੇ ਉਹਨਾਂ ਦੋਹੇਂ-ਤਿੰਨ੍ਹੇ ਬਦਮਾਸ਼ਾਂ ਨੂੰ ਵੀ ਮਾਰ ਮੁਕਾਇਆ, ਜਿਨ੍ਹਾਂ ਰੇਲਵੇ ਸਟੇਸ਼ਨ ਵਾਲਾ ਹਰਮੰਦਰ ਦਾ ਕੱਚ ਦਾ ਮਾਡਲ ਤੋੜਿਆ ਸੀ।

…ਵੱਡੀ ਮੁਸ਼ਕਲ ਬਾਕੀ ਦੇ ਦੋ-ਤਿੰਨ੍ਹ ਅਣਜਾਣ ਦਿੱਸਦੇ ਹਿੰਦੂ ਬਾਊਆਂ ਦੀ ਸੀ, ਜਿਹੜੇ ਨਾ ਪੰਜਾਬੀ ਲਗਦੇ ਸਨ ਤੇ ਨਾ ਕੋਈ ਉਹਨਾਂ ਦੀ ਪਛਾਣ ਹੋ ਰਹੀ ਸੀ। ਭਾਈ ਮਨਜੀਤ ਸਿੰਘ ਦੇ ਚਾਟੜੇ ਉਹ ਫੋਟੋਆਂ ਲੈ ਕੇ ਕੁੱਤੀ ਵਿਹੜੇ ਦੇ ਪ੍ਰਧਾਨ ‘ਪ੍ਰੀਤਮ ਬਾਲਮੀਕੀ’ ਤੇ ‘ਸ਼ੋਕੀ ਮਸੀਹ’ ਕੋਲ ਵੀ ਆਏ ਸਨ। ਦੋਹਾਂ ਨੇ ਇਕਸੁਰ ਹੋ ਕੇ ਕਿਹਾ ਸੀ-

“ਜਿਹੜਾ ਹਰਮੰਦਰ ਸਾਹਿਬ ਦੀ ਬੇਦਬੀ ਕਰੇ, ਸਾਡਾ ਵਿਹੜਾ ਤੇ ਉਹਦੀ ਮਕਾਣ ਵੀ ਨਹੀਂ ਜਾਂਦਾ।”

…ਕੁਝ ਸਮੇਂ ਬਾਦ ਇੰਡੀਅਨ ਐਕਸਪ੍ਰੈਸ ਦੇ ਸਟਰਿੰਗਰਾਂ ਨੇ ਹੀ ਖਬਰ ਕੱਢ ਲਿਆਂਦੀ ਸੀ, ਕਿ ਉਸ ਸਿੱਖ ਨੂੰ ਤੇਲ ਪਾ ਕੇ ਸਾੜਦੇ ਜਿਹੜੇ ਦੋ-ਤਿੰਨ੍ਹ ਅਣਜਾਣ ਜਿਹੇ ਹਿੰਦੂ ਬਾਊ ਦਿੱਸ ਰਹੇ ਸਨ, ਉਹ ਸੀ.ਆਰ.ਪੀ. ਦੇ ਹੀ ਸਾਦੇ ਕਪੜਿਆਂ ਵਾਲੇ ਜੁਆਨ ਸਨ।

– – – –

ਵਿਹੜੇ ਵਿਚ ਵਿਆਹ ਦੇ ਦੌਰ-ਦੌਰੇ ਬੜੇ ਸਹਿਜ ਚਲ ਰਹੇ ਸਨ।

ਭਾਵੇਂ ਪੂਰਾ ਅੰਬਰਸਰ ਬਰੂਦ ਦੇ ਢੇਰ `ਤੇ ਬੈਠਾ ਸੀ। ਮਈ ਦਾ ਅਖੀਰ ਸੀ ਤੇ ਗਰਮੀ ਇਸ ਵਾਰ ਕਹਿਰ-ਪਹਿਰ ਦੀ ਸ਼ੁਰੂ ਸੀ। ਪਹਿਲਾਂ ‘ਅਤਰੋਂ ਝੱਲੀ’ ਦੇ ਛੋਟੇ ਮੁੰਡੇ ਪੈਤਰਿਕ ਮਸੀਹ ਦਾ ਵਿਆਹ ਹੋ ਕੇ ਹਟਿਆ ਸੀ। ਪੈਤਰਿਕ ਦੇ ਵਿਆਹ ਦੇ ਗਿੱਧੇ ਤੋਂ ਥੱਕੀਆਂ ਚੂਹੜੀਆਂ ਵਿਚਾਰੀਆਂ ਨੇ ਮਸਾਂ ਲੱਕ ਸਿੱਧੇ ਕੀਤੇ ਸਨ ਕਿ ਮੁੜ ਅੰਨਗੜ੍ਹ (ਅੰਬਰਸਰ ਸ਼ਹਿਰ ਵਿਚ ਸ਼ਰਾਬ ਕੱਢਣ ਲਈ ਮਸ਼ਹੁਰ ਪਿੰਡ) ਤੋਂ ਸ਼ਰਾਬ ਦੇ ਬਲੈਡਰ ਪਹੁੰਚਣੇ ਸ਼ੁਰੂ ਹੋ ਗਏ ਸਨ। ਪਹਿਲੀ ਜੂਨ ਨੂੰ ਡੇਵਿਡ ਦੇ ਮੁੰਡੇ ਪਰਤਾਪ ਦੇ ਵਿਆਹ ਦੀਆਂ ਰਸਮਾਂ ਸਨ। ਨਿਕਾਹ ਦੀਆਂ ਰਸਮਾਂ ਸਾਲਵੇਸ਼ਨ ਆਰਮੀ (ਈਸਾਈਆਂ ਦਾ ਇਕ ਫਿਰਕਾ) ਦੇ ਸਰੀਆ ਮਾਰਕਿਟ ਵਾਲੇ ਪੁਰਾਣੇ ਚਰਚ ਵਿਚ ਸਨ। ਉਧਰੋਂ ਉੱਨਤੀ ਤੇ ਤੀਹ ਮਈ ਨੂੰ ਭਿੰਡਰਾਂਵਾਲੇ ਦੇ ਜੱਥੇ ਤੇ ਸਾਹਮਣੇ ਕੋਠਿਆਂ ਤੇ ਬੈਠੀ ਸੀ.ਆਰ.ਪੀ. ਵਿਚ ਸਿੱਧੀ ਗੋਲਾਬਾਰੀ ਸ਼ੁਰੂ ਹੋਈ ਤੇ ਲਗਾਤਾਰ ਚਲਦੀ ਰਹੀ। ਇੱਕਤੀ ਨੂੰ ਠੰਡ-ਠੰਡੋਰਾ ਹੋਇਆ ਸੀ,ਪਰ ਪਿਛਲੇ ਚਾਰ ਦਿਨਾਂ ਤੋਂ ਸਾਰਾ ਸ਼ਹਿਰ ਸੁਸਰੀ ਵਾਂਗ ਸੁੱਤਾ ਪਿਆ ਸੀ। ਸਿਵਾਇ ਰੌਲ ਲਾਣ ਵਾਲੇ ਗ੍ਰੰਥੀਆਂ ਤੇ ਵੱਡੇ ਜਥੇਦਾਰਾਂ ਦੇ, ਕੋਈ ਟਾਵਾਂ-ਟਾਵਾਂ ਸ਼ਰਧਾਲੂ ਹੀ ਜਾ ਰਿਹਾ ਸੀ। ਨਿੱਤਨੇਮੀ ਪਰ ਨੇਮ ਦੇ ਪੱਕੇ ਸਨ। ਰਾਤ ਦੀ ਸੇਵਾ ਵਾਲੇ, ਸ਼ਬਦ ਚੌਂਕੀਆਂ ਵਾਲੇ ਤੇ ਅੰਮ੍ਰਿਤ ਵੇਲੇ ਦੀ ਸੇਵਾ ਵਾਲੇ ਬਿਨ੍ਹਾਂ ਡਰ-ਭਓ ਦੇ ਆ ਜਾ ਰਹੇ ਸਨ। ਦੋ ਜੂਨ ਤੋਂ ਸ਼ਹੀਦੀ ਜੋੜ ਮੇਲੇ ਦੇ ਭੋਗ ਪੈਣੇ ਸ਼ੁਰੂ ਸਨ।

– – – –

ਉਧਰ ਕੁੱਤੀ ਵਿਹੜੇ ਵਿਚ ਤੀਹ, ਇੱਕਤੀ, ਦੋਹੇਂ ਦਿਨ ਅੰਨ੍ਹੀ ਸ਼ਰਾਬ ਉੱਡੀ ਸੀ। ਸ਼ਹਿਰ ਲਗਭਗ ਬੰਦ ਸੀ ਤੇ ਸਫਾਈ ਸੇਵਕ ਵਿਹਲੇ ਸਨ। ਕੋਠੇ ਲਾਹੁਣ ਵਾਲੀਆਂ ਵੀ ਮਚਲ ਮਾਰ ਛੱਡੀ ਸੀ। ਭਾਵੇਂ ਉਹ ਦੋਹੇਂ ਦਿਨ ਭਾਰੀ ਗੋਲਾਬਾਰੀ ਸੁਣਦੇ ਰਹੇ ਸਨ। ਪਰ ਉਹਨਾਂ ਨੇ ਗਿੱਧੇ ਤੇ ਬੋਲੀਆਂ ਤੇ ਢੋਲ ਵਜਾਣ ਦੀ ਕਸਰ ਨਹੀਂ ਸੀ ਛੱਡੀ। ਇੱਕਤੀ ਨੂੰ ਠੰਡ-ਠੰਡੋਰਾ ਰਿਹਾ ਹੋਣ ਕਰਕੇ ਸ਼ਾਮ ਨੂੰ ਦੀਵਾ-ਬੱਤੀ ਹੋਣ ਵੇਲ ਬੁੱਢੀਆਂ ਨੇ ਆਖਰੀ ਵਾਰ ਦੀਆਂ ਨੰਗੀਆਂ ਬੋਲੀਆਂ ਪਾਣੀਆਂ ਸ਼ੁਰੂ ਕੀਤੀਆਂ। ਸਵੇਰੇ ਤੇ ਨਿਕਾਹ ਸੀ ਤੇ ਬੁੱਢੀਆਂ ਦਿਲ ਦੀ ਡੰਝ ਲਾਹ ਰਹੀਆਂ ਸਨ। ਫਿੰਨੋ ਤੇ ਡੇਜੀ ਨੇ ਰਲ ਕੇ ਗੇੜਾ ਦਿੱਤਾ ਤੇ ਸਿਖਰਲੀ ਬੋਲੀ ਪਾਈ-

ਘਰ ਆ ਜਾ ਦਿਓਰਾ ਵੇ

ਕਿ ਭਾਬੀ ਸੂੁਰਮ ਸੂਰਾ ਖੇਡੇ।

ਇਸਤੋਂ ਬਾਦ ਧੜਮੱਚ ਪਾ ਕੇ ਫਿੰਨੋ ਨੇ ਸਭ ਤੋਂ ਸਿਖਰਲੀ ਤੇ ਨੰਗੀ ਬੋਲੀ ਪਾਈ-

ਬਾਜੀਗਰ ਬਾਜੀ ਪਾ ਗਿਆ

ਨੀ ਕੁੜੀਓ

ਬਾਜੀਗਰ ਬਾਜੀ ਪਾ ਗਿਆ

ਰੌਲਾ ਸਿਖਰ `ਤੇ ਹੀ ਸੀ ਕਿ ਫੌਜੀ ਬੂਟਾਂ ਦੇ ਖੜਾਕ ਨਾਲ ਸਾਰੇ ਬਜ਼ਾਰ ਗੂੰਜ ਗਏ। ਪ੍ਰੀਤਮ ਭੱਜਾ ਆਇਆ ਤੇ ਉੱਚੀ ਸਾਰੀ ਕਿਹਾ –

“ਸੱਭੋ ਅੰਦਰ ਵੜ ਜਾਓ! ਸ਼ਹਿਰ ਫੌਜ ਨੇ ਸ਼ਾਂਭ ਲਿਆ ਜੇ! ਗੋਲੀ ਦਾ ਹੁਕਮ ਹੋ ਗਿਐ!”

ਸਭ ਪਾਸੇ ਵੀਰਾਨੀ ਹੋ ਗਈ। ਨਿਕਾਹ ਦੀਆਂ ਸੋਚਾਂ ਤੇ ਰੌਣਕਾਂ, ਸਭ ਛਾਈ-ਮਾਈਂ ਹੋ ਗਿਆ।

…ਜਿਸ ਦਿਨ ਨੂੰ ਸੰਤ ਦੇ ਚਾਟੜੇ ਤੇ ਭਾਰਤ ਸਰਕਾਰ ਸਾਲਾਂ ਤੋਂ ਉਡੀਕ ਰਹੇ ਸਨ, ਅਗਲੀ ਸਵੇਰ ਪਹਿਲੀ ਜੂਨ ਨੂੰ ਉਹ ਆਣ ਪੁੱਜਾ ਸੀ!

– – – –

ਪਹਿਲੀ ਜੂਨ ਤੋਂ ਤਿੰਨ੍ਹ ਜੂਨ ਤੱਕ ਵਿਹੜੇ ਨੇ ਕਿਸੇ ਤਰ੍ਹਾਂ ਭੁੱਖ ਕੱਟ ਲਈ। ਸਾਰੇ ਹੀ ਰੋਜ਼ ਦੇ ਰੋਜ਼ ਆਟਾ ਖਰੀਦਣ ਵਾਲੇ ਸਨ। ਚਾਰ ਜੂਨ ਸਾਰੇ ਬੰਦੇ ਪ੍ਰੀਤਮ ਪ੍ਰਧਾਨ ਦੇ ਮਗਰ ਲਗ ਕੇ ਬਾਹਰ ਆ ਗਏ। ਖਾਸ ਕਰ ਦੁੱਧ ਪੀਂਦੇ ਬੱਚੇ ਬੜੇ ਔਖੇ ਸਨ। ਤੋਪਾਂ ਦੇ ਗੋਲੇ ਇਉਂ ਚਲ ਰਹੇ ਸਨ, ਜਿਵੇ ਹਿੰਦ-ਪਾਕਿ ਦੀ ਲੜਾਈ ਲਗੀ ਹੋਵੇ! ਉਹਨਾਂ ਦੇ ਚੰਗੇ ਭਾਗਾਂ ਨੂੰ ਰਾਜਸਥਾਨ ਰਜਮੈਂਟ ਲਗੀ ਹੋਈ ਸੀ ਤੇ ਉਹਨਾਂ ਦੇ ਸਾਥ ਲਈ ਲੋਕਲ ਡੀ.ਐਸ.ਪੀ. ਛੀਨਾ ਸਾਹਿਬ ਨਾਲ ਸੀ। ਛੀਨੇ ਨੇ ਉਹਨਾਂ ਨੂੰ ਉਦਾਸੀਆਂ ਦੇ ਅਖਾੜੇ ਵਿਚੋਂ ਆਟੇ ਦੀਆਂ ਦੋ ਬੋਰੀਆਂ, ਖੰਡ ਦੀ ਬੋਰੀ ਤੇ ਆਲੂ ਚੁੱਕਵਾ ਦਿੱਤੇ। ਉਹ ਛੀਨੇ ਨੂੰ ਅਸੀਸਾਂ ਦੇਂਦੇ ਪਰਤ ਆਏ।

– – – –

ਪੰਜ ਤਰੀਕ ਤੱਕ ਬੜੀ ਮਾਰੋ-ਮਾਰ ਰਹੀ। ਸੱਤ-ਅੱਠ ਤੱਕ ਇਕਦਮ ਸ਼ਾਂਤੀ ਹੋ ਗਈ ਸੀ। ਇਸ ਦੌਰਾਨ ਰੌਲਾ ਪੈ ਗਿਆ ਸੀ ਕਿ ਸੰਤ ਅੰਦਰ ਮਾਰਿਆ ਗਿਐ। ਸੱਤ ਤਰੀਕ ਨੂੰ ਸਾਰੀ ਗਲੀ, ਸਾਰੇ ਬਜ਼ਾਰ ਤੇ ਹਰ ਨੁੱਕਰ ਫੌਜ ਤੇ ਪੰਜਾਬ ਪੁਲਸ ਨੇ ਘੇਰ ਲਈ। ਉਹ ਡਰ ਗਏ ਕਿ ਵਿਹੜੇ ਨੇ ਕੀ ਕਰ ਦਿੱਤੈ? ਪਰ ਹੌਲੀ-ਹੌਲੀ ਪੰਜਾਬ ਪੁਲਸ ਕੋਲੋਂ ਗੱਲ ਪਤਾ ਲਗੀ ਕਿ ਵੱਲੇ ਵਾਲੀ ਪੁਰਾਣੀ ਚੁੰਗੀ ਤੇ ਪੰਝੀ-ਤੀਹ ਹਜ਼ਾਰ ਸਿੱਖਾਂ ਦਾ ਮਾਰੋਖੋਰਾ ਗਰੁੱਪ ਜਾਨਾਂ ਤਲੀ ‘ਤੇ ਧਰਕੇ ਹਰਮੰਦਰ ਵਲ ਵਧ ਰਿਹਾ ਹੈ, ਉਹਨਾਂ ਦੀ ਸਿੱਧੀ ਹੱਥੋ-ਹੱਥ ਲੜਾਈ ਫੌਜ ਨਾਲ ਹੋ ਪਈ ਹੈ। ਮਗਰੋਂ ਪਤਾ ਲਗਾ ਕਿ ਅਕਾਲ ਤਖਤ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਉਥੇ ਅਪੜ ਗਏ ਸਨ। ਉਹਨਾਂ ਦੇ ਕਹਿਣ ‘ਤੇ ਸਿੱਖ ਘਰਾਂ ਨੂੰ ਪਰਤ ਗਏ ਸਨ। ਨਾਲ ਦੀ ਨਾਲ ਹੀ ਫੌਜ ਨੇ ਕੁੱਤੀ ਵਿਹੜਾ ਤੇ ਉਹਦੇ ਨਾਲ-ਨਾਲ ਹਰਿਮੰਦਰ ਸਾਹਿਬ ਵਲ ਜਾਂਦੇ ਸਾਰੇ ਰਾਹਾਂ ਦੇ ਨਾਕੇ ਚੁੱਕ ਲਏ ਸਨ। ਪਰ ਕਰਫਿਊ ਜਾਰੀ ਸੀ!

– – – –

ਅੱਠ ਜੂਨ ਦੀ ਸਵੇਰ ਥਾਣਾ ਬੀ.ਡਵੀਜਨ ਦੇ ਸਿਪਾਹੀ ਕੁੱਤੀ ਵਿਹੜੇ ਆ ਵੜੇ। ਉਹਨਾਂ ਨਾਲ ਮਦਰਾਸ ਰਜਮੈਂਟ ਦਾ ਮੇਜਰ ਸੀ। ਹੌਲਦਾਰ ਮਹਿੰਦਰੀ, ਜੀਹਨੂੰ ਵਿਹੜੇ ਦਾ ਬੱਚਾ-ਬੱਚਾ ਜਾਣਦਾ ਸੀ, ਸਿੱਧਾ ਹੀ ਕਹਿਣ ਲੱਗਾ –

“ਓ ਸੁਣੋ ਉਏ! ਹਰਮੰਦਰ ਸਾਹਿਬ `ਚੋਂ ਲੋਥਾਂ ਚੁੱਕਣੀਆਂ ਨੇ। ਤੇ ਉਹਨਾਂ ਦਾ ਸਾਂਝਾ ਸਸਕਾਰ ਕਰਨੈ। ਬੰਦੇ ਥੋੜ੍ਹੇ ਨੇ ਤੇ ਲਾਸ਼ਾਂ ਬਹੁਤੀਆਂ ਜੇ! ਤੁਹਾਡੇ ਵਿਚੋਂ ਕੋਈ ਜੇ ਦਿਹਾੜੀ ਕਰਨਾ ਚਾਹੁੰਦੈ ਤਾਂ ਹੁਣੇ ਟੁਰ ਪਏ, ਦਿਹਾੜੀ ਦਾ ਕੋਈ ਅੰਤ ਨਹੀਂ ਜੇ! ਇਕ ਜਾਂ ਦੋ ਦਿਨ ਲਗਣੇ ਨੇ, ਤੇ ਰੁਪਈਆ ਚਾਰ-ਪੰਚ ਸੌ ਹੱਥ ਲਗ ਜੂ। ਤੇ ਬਾਕੀ ਰਹੀ ਸ਼ਰਾਬ! ਫੌਜ ਨੇ ਕਿਹਾ ਕਿ ਸ਼ਰਾਬ ਨਾਲ ਤੁਹਾਨੂੰ ਲੇਹੜ ਦਿਆਂਗੇ!”

ਸਭ ਪਾਸੇ ਚੁੱਪ ਵਰਤ ਗਈ। ਫੇਰ ਮਹਿੰਦਰੀ ਨੇ ਦੁਬਾਰਾ ਪੁੱਛਿਆ –

“ਬੋਲ ਬਈ ਪ੍ਰੀਤਮਾ?”

…ਪ੍ਰੀਤਮ ਕੀ ਬੋਲਦਾ? ਕਿਉਂਕਿ ਉਹਨਾਂ ਸਭਨਾਂ ਦੇ ਮਨ ਵਿਚ ਦੁਚਿੱਤੀ ਆ ਗਈ ਸੀ। ਪੈਸੇ ਹਰ ਕੋਈ ਕਮਾਣਾ ਚਾਹੁੰਦਾ ਸੀ, ਪਰ ਹਰ ਕੋਈ ਹਰਿਮੰਦਰ ਦੇ ਸਰਾਪ ਤੋਂ ਡਰਦਾ ਸੀ। ਹਰਿਮੰਦਰ ਉਹਨਾਂ ਦੇ ਅੰਦਰ ਤੇ ਵੱਸਦਾ ਹੀ ਸੀ, ਭਾਵੇਂ ਕਹਿਣ ਨੂੰ ਉਹ ਕੰਸਾਈ ਸਨ।

“ਉਏ, ਵਹਿਮ ਛੱਡੋ। ਸਿੱਖ ਤੇ ਮੈਂ ਵੀ ਆਂ। ਗੁਰੂ-ਘਰ ਦੀ ਸਫਾਈ ਸਮਝ ਕੇ ਹੀ ਕੰਮ ਕਰ ਦਿਓ। ਲਾਸ਼ਾਂ ਵਿਚ ਬੋ ਪੈ ਚਲੀ ਏ।” ਮਹਿੰਦਰੀ ਨੇ ਸਪਸ਼ਟ ਕਿਹਾ।

ਉਹਦੇ ਏਨਾ ਕਹਿਣ ‘ਤੇ ਕਈ ਤਿਆਰ ਹੋ ਪਏ। ਪ੍ਰੀਤਮ ਪ੍ਰਧਾਨ, ਕੀਮਤੀ, ਬੱਬੀ, ਤੁਰੀਂ ਬਾਦਸ਼ਾਹ, ਛੋਟੇ ਡੂਨਾ-ਪਾਪੜੀ ਤੇ ਹੋਰ ਤਿੰਨ੍ਹ-ਚਾਰ ਜਣੇ ਉਸੇ ਵੇਲੇ ਟੁਰ ਪਏ। ਅਗੇ ਜਾ ਕੇ ਉਹਨਾਂ ਵੇਖਿਆ ਕਿ ਬੁੱਢੇ ਬੋਦੂ ਤੇ ਦੀਸ਼ਾ ਵੀ ਪਰ੍ਹੇ ਕਸਾਈ ਵਿਹੜੇ ਦੇ ਸਕੂਲ ਦੇ ਬਾਹਰ ਬੈਠੇ ਹਨ। ਉਹਨਾਂ ਸੈਣਤ ਮਾਰ ਕੇ ਉਹਨਾਂ ਨੂੰ ਵੀ ਨਾਲ ਰਲਾ ਲਿਆ। ਸਾਰੇ ਰਲ ਕੇ ਫੌਜ ਦੇ ਮਿੰਨੀ ਟਰੱਕ ਵਿਚ ਚੜ੍ਹ ਗਏ।

ਟਰੱਕ ਅੱਧੇ ਮਿੰਟ ਦੇ ਵਕਫ਼ੇ ਨਾਲ ਹੀ ਘੰਟਾ-ਘਰ ਜਾ ਖੜੋਤਾ। ਉਥੋਂ ਦਾ ਦ੍ਰਿਸ਼ ਬੜਾ ਭਿਆਨਕ ਸੀ। ਤਕਰੀਬਨ ਸੱਤਰ-ਅੱਸੀ ਬੁੱਢੇ ਸਿੱਖ ਕੈਦੀ ਉਹਨਾਂ ਦੀਆਂ ਆਪਣੀਆਂ ਪੱਗਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਬਿਠਾਏ ਹੋਏ ਸਨ। ਸਾਰੇ ਹੀ ਸੱਤਰਾਂ ਦੇ ਆਸ-ਪਾਸ ਦੀ ਉਮਰ ਦੇ ਸਨ। ਅਮੀ ਚੰਦ ਸੋਢੇ ਵਾਲੇ ਦੀ ਦੁਕਾਨ ਤੋਂ ਲੈ ਕੇ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਦੇ ਸਟਾਲ ਤੱਕ ਫੌਜੀ ਖੜ੍ਹੇ ਸਨ। ਵਿਚ-ਵਿਚ ਉਹ ਬਿਨਾਂ ਕਿਸੇ ਗੱਲ ਦੇ ਬੁੱਢਿਆਂ ਨੂੰ ਠੁੱਡ ਮਾਰਨ ਲਗ ਪੈਂਦੇ ਸਨ। ਨਾਲ ਹੀ ਉੱਚੀ-ਉੱਚੀ ਬੋਲਦੇ –

“ਗਰਦਨ ਨੀਚੇ…।”

ਕੁੱਤੀ ਵਿਹੜੇ ਵਾਲੇ ਇਹ ਸੀਨ ਵੇਖ ਕੇ ਦਹਿਲ ਗਏ। ਕਲੇਜੇ ਉਹਨਾਂ ਦੇ ਮੂੰਹ ਨੂੰ ਆ ਗਏ। ਪਰ ਏਨੇ ਨੂੰ ਅੰਬਰਸਰ ਸ਼ਹਿਰ ਦਾ ਐਸ.ਐਸ.ਪੀ. ਸੀਤਲ ਦਾਸ ਆ ਗਿਆ। ਉਹਦਾ ਇਸ਼ਾਰਾ ਪਾਕੇ ਪੰਜਾਬ ਪੁਲਸ ਦੇ ਸਿਪਾਹੀ ਉਹਨਾਂ ਸਭਨਾਂ ਨੂੰ ਹਰਿਮੰਦਰ ਦੇ ਅੰਦਰ ਲੈ ਗਏ।

…ਹਰਿਮੰਦਰ ਦੇ ਅੰਦਰ ਜਾਣ ਵੇਲੇ ਕੁੱਤੀ ਵਿਹੜੇ ਦੇ ਹਰ ਬੰਦੇ ਨੇ ਸਿਰ ‘ਤੇ ਸਾਫਾ ਬੰਨ੍ਹਿਆ ਤੇ ਜੋੜੇ ਲਾਹੇ। ਪੰਜਾਬ ਪੁਲਸ ਦੇ ਹਰ ਜਵਾਨ ਨੇ ਜੋੜੇ ਲਾਹੇ। ਪਰ ਅੰਦਰ ਜਾਕੇ ਵੇਖਿਆ ਕਿ ਮਦਰਾਸ ਰਜਮੈਂਟ ਦੇ ਹਰ ਜਵਾਨ ਦੇ ਬੂਟ ਪਾਏ ਹੋਏ ਸਨ। ਬਾਬੇ ਦੀਪ ਸਿੰਘ ਸ਼ਹੀਦ ਦੀ ਜਗ੍ਹਾ ਕੋਲ ਟੈਂਕ ਵੀ ਖੜ੍ਹਾ ਸੀ। ਥਾਂ-ਥਾਂ ਲੱਤਾਂ-ਬਾਹਾਂ, ਸਿਰ ਤੇ ਕਿਤੇ-ਕਿਤੇ ਪੂਰੀਆਂ ਲੋਥਾਂ ਪਈਆ ਸਨ। ਕੰਧਾਂ ‘ਤੇ ਕਈ ਥਾਈਂ ਲੱਤਾਂ-ਬਾਹਾਂ ਦੇ ਲੋਥੜੇ ਚੰਬੜੇ ਹੋਏ  ਸਨ। ਬੋਦੇ ਤੇ ਦੀਸ਼ੇ ਬੁੱਢੇ ਦੇ ਇਲਾਵਾ ਹਰ ਦਿਲ ਦਹਿਲ ਗਿਆ ਸੀ। ਪ੍ਰੀਤਮ ਦੇ ਕੰਨ ‘ਚ ਛੋਟਾ ਡੂਨਾ-ਪਾਪੜੀ ਕਹਿਣ ਲਗਾ

“ਪਰਤ ਜਾਵਾਂ? ਮੈਨੂੰ ਉਲਟੀ ਆਉਂਦੀ ਹੈ।”

ਪ੍ਰੀਤਮ ਨੇ ਸਿਆਣਪ ਕੀਤੀ ਕਿ ਉਹਦਾ ਹੱਥ ਫੜ ਕੇ ਰੋਕ ਲਿਆ। ਫੇਰ ਪੰਜਾਬ ਪੁਲਸ ਦੇ ਜਵਾਨਾਂ ਦੀ ਮਦਦ ਨਾਲ ਸਭ ਸਟਰੈਚਰ ਲੈ ਕੇ ਲੋਥਾਂ ਦੇ ਟੋਟੇ ਇਕੱਠੇ ਕਰਨ ਲਗ ਪਏ। ਥੋੜ੍ਹੀ-ਥੋੜ੍ਹੀ ਦੇਰ ਬਾਦ ਖੜ੍ਹੇ ਟਰਕਾਂ ਵਿਚ ਲੱਦੀ ਜਾ ਰਹੇ ਸਨ। ਦੁਪਹਿਰ ਤੱਕ ਉਹਨਾਂ ਕੜਾਹ-ਪ੍ਰਸ਼ਾਦ ਦੀ ਪਰਚੀ ਪਾਸੇ ਤੱਕ ਦੀਆਂ ਸਾਰੀਆਂ ਨੁੱਕਰਾਂ ਸਾਫ ਕਰ ਲਈਆਂ ਸਨ। ਕਮਰਾ ਨੰਬਰ ਉੱਨੀ ਕੋਲ ਉਹਨਾਂ ਨੂੰ ਗਿਆਰਾਂ ਛੋਟੇ ਬੱਚਿਆਂ ਤੇ ਇਕ ਉਹਨਾਂ ਦੀ ਟੀਚਰ ਜਾਪਦੀ ਔਰਤ ਦੀਆਂ ਲੋਥਾਂ ਮਿਲੀਆਂ। ਸਭੇ ਗੋਲੀਆਂ ਨਾਲ ਵਿੰਨ੍ਹੀਆਂ ਸਨ। ਅਕਾਲ ਤਖ਼ਤ ਵਲ ਜਾਣਾ ਮਨ੍ਹਾ ਸੀ। ਕੜਾਹ ਪ੍ਰਸ਼ਾਦ ਵਾਲੇ ਕੜਾਹਿਆਂ ਵਾਲੇ ਕਮਰੇ ਵਿਚ ਦੋ ਝੁਲਸੀਆਂ ਖੋਪੜੀਆਂ ਸਨ। ਉਹ ਤੇ ਉਹਨਾਂ ਚੁੱਕ ਕੇ ਸਟਰੈਚਰਾਂ ਤੇ ਰੱਖ ਲਈਆਂ, ਪਰ ਬੱਚਿਆਂ ਦੀਆਂ ਲੋਥਾਂ ਚੁੱਕਣ ਵੇਲੇ ਸਭ ਦੇ ਦਿਲ ਰੋ ਪਏ। ਸਿਰਫ ਪੱਕੇ ਬੁੱਢੇ ਬੋਦੂ ਤੇ ਦੀਸ਼ੇ ਦੇ ਚਿਹਰੇ ਸਪਾਟ ਸਨ। ਉਹਨਾਂ ਲਈ ਤੇ ਇਹ ਸਭ ਆਮ ਸੀ। ਭਾਵੇਂ ਫੌਜੀਆਂ ਵਲੋਂ ਪੂਰੀ ਛੁੱਟੀ ਸੀ ਕਿ ਲਾਸ਼ਾਂ ਦੇ ਪਾਇਆ ਸੋਨਾ ਲਾਹ ਲਵੋ, ਤੁਹਾਡਾ ਹੀ ਹੈ! ਤੇ ਜੇਬਾਂ ਵਿਚੋਂ ਪੈਸਾ ਜਿੰਨਾ ਲੱਭੇ, ਤੁਹਾਡਾ ਹੈ! ਪਰ ਮਜਾਲ ਹੈ, ਕਿਸੇ ਹੱਥ ਲਾਇਆ, ਸਿਵਾਇ ਬੋਦੇ ਤੇ ਦੀਸ਼ੇ ਦੇ! ਤੇ ਜਾਂ ਫੇਰ ਮੱਘੇ ਦੇ, ਜੀਹਨੂੰ ਸੋਨੇ ਦੀ ਛਾਪ ਸਾਹਮਣੇ ਪਈ ਦਿਸ ਗਈ ਤੇ ਉਹਨੇ ਚੁੱਕ ਕੇ ਜੇਬ ਵਿਚ ਪਾ ਲਈ।

ਸ਼ਾਮ ਤੱਕ ਜਿੰਨਾ ਕੰਮ ਹੋ ਗਿਆ, ਉਹਨਾਂ ਕਰ ਦਿੱਤਾ ਤੇ ਫੌਜੀ ਉਹਨਾਂ ਨੂੰ ਲੋਥਾਂ ਦੇ ਨਾਲ ਹੀ ਟਰੱਕਾਂ ਵਿਚ ਬਿਠਾ ਕੇ ਨਾਲ ਲੈ ਗਏ। ਹੁਕਮ ਇਹ ਸੀ ਕਿ ਦੁਰਗਿਆਣਾ ਮੰਦਰ ਤੋਂ ਪਰ੍ਹੇ ਜਿਹੜਾ ਰਾਵਣ ਸਾੜਨ ਵਾਲਾ ਮੈਦਾਨ ਹੈ, ਉਥੇ ਇਹਨਾਂ ਲਾਸ਼ਾਂ ਦਾ ਸਮੂਹਕ ਸੰਸਕਾਰ ਕਰਨਾ ਹੈ। ਟਰੱਕ ਜਦੋਂ ਹਾਥੀ ਗੇਟ ਟੱਪੇ ਤੇ ਦੁਰਗਿਆਣੇ ਦੇ ਕੋਲੋਂ ਇਕ ਗਲੀ ਪਾਟਦੀ ਸੀ, ਜਿਹੜੀ ਸਿੱਧੀ ਹਿੰਦੂ ਕਾਲਜ ਨੂੰ ਜਾਂਦੀ ਸੀ, ਉਥੇ ਦੋ ਕੁ ਸੌ ਸ਼ਹਿਰੀ ਬਾਊ, ਤੇ ਲਾਲੇ ਤੇ ਲਾਲੀਆਂ ਭੰਗੜੇ ਪਾ ਰਹੇ ਸਨ। ਟਰੱਕ ਆਉਂਦੇ ਦੇਖ ਉਹ ਮਦਰਾਸ ਰਜਮੈਂਟ ਦੇ ਹਰ ਜਵਾਨ ਨੂੰ ਟਰੱਕ ਰੋਕ-ਰੋਕ ਕੇ ਲੱਡੂ ਖਵਾ ਰਹੇ ਸਨ, ਟਿੱਕੇ ਲਾ ਰਹੇ ਸਨ। ਨਾਲ-ਨਾਲ ਵਿਚ ਉਹ ਉੱਚੀ ਸਾਰੀ ਨਾਆਰੇ ਮਾਰਦੇ –

“ਭਿੰਡਰੀਵਾਲਾ ਮਰ ਗਿਆ

ਤੇ ਮਾਮੀ ਰੰਡੀ ਕਰ ਗਿਆ”

ਦੂਸਰਾ ਨਾਅਰਾ ਉਹ ਹੋਰ ਮਾਰਦੇ –

“ਕੰਘਾ-ਕੜਾ ਤੇ ਕਿਰਪਾਨ

ਧੱਕ ਦਿੱਤਾ ਜੇ ਪਾਕਿਸਤਾਨ”

ਪ੍ਰੀਤਮ ਪ੍ਰਧਾਨ, ਡੂਨਾ-ਪਾਪੜੀ ਤੇ ਉਹਨਾਂ ਦੇ ਸਾਥੀ ਬੜੇ ਹੈਰਾਨ ਸਨ। ਵਿਚੋਂ ਪ੍ਰੀਤਮ ਨੇ ਕਿਹਾ ਵੀ –

“ਇਹਨਾਂ ਦੱਲਿਆਂ ਨੂੰ ਕਾਹਦੀ ਖੁਸ਼ੀ ਚੜ੍ਹੀ ਏ?”

ਖਿੱਝਿਆ ਬੈਠਾ ਬੱਬੀ ਕਹਿਣ ਲਗਾ-

“…ਇਹਨਾਂ ਭੈਣ– ਨੂੰ ਮਾਸੂਮ ਬਾਲਾਂ ਦੀਆਂ ਲੋਥਾਂ ਤੇ ਵਖਾਓ ਜਰਾ।”

…ਟਰੱਕ ਹੌਲੀ-ਹੌਲੀ ਚਲਦੇ ਉਹਨਾਂ ਭੀੜ ਵਾਲਿਆਂ ਲਾਲਿਆਂ ਕੋਲੋਂ ਲੰਘਕੇ ਦੁਰਗਿਆਣੇ ਵਲ ਮੁੜ ਗਏ। ਅਗੇ ਰਾਵਣ ਵਾਲੀ ਗਰਾਊਂਡ ਕੋਲ ਜਾਕੇ ਸਭਨਾਂ ਵੇਖਿਆ ਵੱਡੇ-ਵੱਡੇ ਟੋਏ ਫੌਜੀਆਂ ਪੁੱਟੇ ਹੋਏ ਸਨ। ਨਾਮਾਤਰ ਲੱਕੜਾਂ ਸਨ। ਫੌਜੀਆਂ ਦਾ ਇਸ਼ਾਰਾ ਪਾਕੇ ਪ੍ਰੀਤਮ ਹੁਰਾਂ ਸਭੇ ਲਾਸ਼ਾਂ ਤੇ ਲੋਥੜੇ ਟੋਇਆਂ ਵਿਚ ਪਾ ਦਿੱਤੇ ਤੇ ਪਰ੍ਹੇ ਹੋ ਕੇ ਖੜੋ ਗਏ। ਫੌਜੀਆਂ ਨੇ ਹਰ ਟੋਏ ਤੇ ਪੈਟਰੋਲ ਛਿੜਕਿਆ ਤੇ ਲਾਂਬੂ ਲਾ ਦਿੱਤੇ…`!

ਵਾਪਸੀ ਤੇ ਪ੍ਰੀਤਮ ਹੁਰਾਂ ਨੂੰ ਪ੍ਰਤੀ ਜੀਅ ਮਜ਼ਦੂਰੀ ਵਜੋਂ ਦੌ-ਦੋ ਸੋ ਰੁਪਏ ਤੇ ਇਕ-ਇਕ ਬੋਤਲ ਮਿਲੀ। ਬੋਤਲ ਦੀ ਅੱਜ ਬੜੀ ਲੋੜ ਸੀ!

…ਘਰ ਜਾਕੇ ਹਰ ਇਕ ਨੇ ਦਾਰੂ ਪੀਤੀ ਤੇ ਪੀਤੀ ਹੋਈ ਵਿਚ ਹੀ ਆਪੋ-ਆਪਣੇ ਟੱਬਰਾਂ ਨੂੰ ਤੇ ਪਤਨੀਆਂ, ਬੱਚੀਆਂ ਨੂੰ ਅੱਜ ਲੋਥਾਂ ਵਾਲੀ ਵਿਖਿਆ ਸੁਣਾਈ।

– – – –

ਰਾਤ ਸਭਨਾਂ ਦੀ ਹੀ ਅੱਖਾਂ ਵਿਚ ਹੀ ਲੰਘੀ। ਬੱਚੇ ਵੀ ਡਰੇ ਹੋਏ ਸਨ ਤੇ ਕਿਤੇ-ਕਿਤੇ ਉਹਨਾਂ ਨੂੰ ਆਪਣੇ ਵਡੇਰਿਆਂ ਦੇ ਡਸਕੋਰੇ ਸੁਣਦੇ ਸਨ।

ਪਰ ਜੇ ਕੋਈ ਖੁਸ਼ ਸਨ, ਤਾਂ ਬੋਦੂ ਤੇ ਦੀਸ਼ਾ ਬੜੇ ਖੁਸ਼ ਸਨ। ਉਹਨਾਂ ਦੇ ਢਿੱਡ ਵਿਚ ਰੱਜਵੀਂ ਰੋਟੀ ਤੇ ਸ਼ਰਾਬ ਸੀ। ਜੇਬਾਂ ਵਿਚ ਸੋਨੇ ਦੀਆਂ ਮੁੰਦੀਆਂ, ਚੇਨੀਆਂ ਤੇ ਨੋਟ ਸਨ।

…ਦੀਸ਼ਾ ਤੇ ਮਗਰੋਂ ਵੀ ਕਈ ਸਾਲ ਇਹੀ ਉਡੀਕਦਾ ਰਿਹਾ ਸੀ ਕਿ ਇਕ-ਅੱਧ ਹੋਰ ਬਲੂ-ਸਟਾਰ ਕਦੋਂ ਹੋਏਗਾ? ਉਹਨੂੰ ਤੇ ਬੋਦੂ ਨੂੰ ਮੁੱਖ ਮੰਤਰੀ ਬਰਨਾਲੇ ਵਲੋਂ ਦੋ ਸਾਲ ਬਾਦ ਕਰਵਾਏ ਅਪਰੇਸ਼ਨ ਬਲੈਕ-ਥੰਡਰ ਵੇਲੇ ਵੀ ਇਹੀ ਅਫਸੋਸ ਰਿਹਾ ਸੀ ਕਿ ਇਸ ਵਾਰ ਬਲੂ ਸਟਾਰ ਵਰਗੀ ਮੌਜ ਕਿਉਂ ਨਹੀਂ ਸੀ ਲਗੀ…?

– – – –

ਇਹ ਸਮੇਂ ਬੜੇ ਵੀਰਾਨੀ ਦੇ ਸਨ। ਬਹੁਤਾ ਕਰਕੇ ਵਪਾਰੀ ਹਰਮੰਦਰ ਵਾਲੇ ਪਾਸੇ ਨਹੀਂ ਸਨ ਆ ਰਹੇ। ਉਹ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵਣਜ ਕਰ, ਵੇਚ-ਵੱਟ ਕੇ ਟੁਰ ਜਾਂਦੇ ਸਨ। ਕੁੱਤੀ ਵਿਹੜੇ ਦੇ ਵਿਹਲੜ, ਜਿਹੜੇ ਪਹਿਲੇ ਅਫ਼ਗਾਨਾਂ ਦੇ ਪਿੰਡਿਆਂ ‘ਤੇ ਤੇਲ ਮੱਲਦੇ, ਤੇ ‘ਖੋਜਿਆਂ’ ਤੇ ਪੱਤਰੀਆਂ ਵਾਚਦੇ ਭਾਟੜਿਆਂ ਦੀਆਂ ਲੱਤਾਂ ਘੁੱਟ ਕੇ ਬਖਸ਼ੀਸ਼ਾਂ ਲੈਂਦੇ ਸਨ, ਅੱਜਕਲ੍ਹ ਤੰਗ ਸਨ। ਵਿਹੜੇ ਦੀਆਂ ਜਿਹੜੀਆਂ ਚੂਹੜੀਆਂ ਘਰਵਾਲਿਆਂ ਦੀ ਮਰਜੀ ਨਾਲ ਧੰਦਾ ਕਰਕੇ ਚਾਰ ਛਿੱਲੜ ਬਣਾ ਲਿਆਂਦੀਆਂ ਸਨ, ਉਹ ਕੁਛ ਸੌਖੀਆਂ ਸਨ। ਪਰ ਉਹ ਅਫਗਾਨ ਗਾਹਕਾਂ ਕੋਲੋਂ ਬੜਾ ਬੱਚ ਕੇ ਚਲਦੀਆਂ, ਕਿਉਂਕਿ ਉਹ ਪੈਸੇ ਦੇਣ ਵਿਚ ਤਾਂ ਠੀਕ ਸਨ, ਪਰ ਪੁੱਠੀ-ਸਿੱਧੀ ਫਟੀਕ ਬੜੀ ਕਰਵਾਂਦੇ ਸਨ!

ਇਹਨੀਂ ਦਿਨੀਂ ਹੀ ਬੱਥੇ ਚੂਹੜੇ ਨੇ ਬੜਾ ਖੁੱਲ੍ਹਾ ਖਰਚ ਕਰਨਾ ਸ਼ੁਰੂ ਕਰ ਦਿੱਤਾ। ਉਹ ਨੌਜੁਆਨ ਸੀ ਤੇ ਕੁਆਰਾ! ਘਰ ਵੀ ਉਹਨੇ ਮਾਂ-ਪਿਉ ਨੂੰ ਕਈ ਵਾਰ ਕੁਛ ਨਕਦੀ ਫੜਾ ਦੇਣੀ, ਜਾਂ ਫੇਰ ਕਣਕ ਲੈ ਦੇਣੀ। ਵਿਚ-ਵਿਚ ਚਰਬੀ ਦੀ ਪੀਪੀ ਜਾਂ ਸਰ੍ਹੋਂ ਦਾ ਤੇਲ ਵੀ ਲੈ ਕੇ ਦੇ ਜਾਣਾ। ਕਦੀ-ਕਦੀ ਉਹਦੇ ਨਾਲ ਉਹਦੀ ਉਮਰ ਦਾ ਹੀ ਜੋਟੀਦਾਰ ਮੁੰਡਾ ਕੀਪਾ ਵੀ ਹੋਣਾ, ਤੇ ਦੋਹਾਂ ਨੇ ਚੰਗੀ ਰਹਿਤਲ ਰੱਖ ਕੇ ਵਿਹੜੇ ਵਾਲਿਆਂ ਨੂੰ ਵਿਖਾਣੀ। ਭੁੱਖ ਨਾਲ ਘੁਲਦੇ ਤੇ ਬੋ-ਮਾਰੇ ਕਪੜਿਆਂ ਵਾਲੇ ਵਿਹੜੇ ਵਿਚ, ਇਹਨਾਂ ਦੀ ਰਹਿਤਲ ਵੇਖ ਕੇ ਕਈ ਮਗਰ ਲਗੇ ਕਿ ਆਖਰ ਏਸ ਖੁਸ਼ਹਾਲੀ ਦਾ ਭੇਦ ਕੀ ਹੈ?

ਗੱਲ ਪਰ ਬਾਹਰ ‘ਮੁੱਚਰ ਘੇਬੇ’ ਨੇ ਕੱਢੀ ਸੀ! ਗੱਲ ਕੱਢਣ-ਕੱਢਾਣ ਤੇ ਲਾਣ-ਬੁਝਾਣ ਦੇ ਮਾਹਰ ਮੁੱਚਰ ਦਾ ਅਸਲੀ ਨਾਂ ਵੱਜੋਂ ਘੇਬਾ ਸੀ, ਪਰ ਕਹਿੰਦੇ ਸਾਰੇ ਉਹਨੂੰ ਮੁੱਚਰ ਹੀ ਸਨ। ਮੁੱਚਰ ਤੇ ਉਹਦੀ ਘਰਵਾਲੀ ਦੇ ਭਾਗ ਏਨੇ ਫੁੱਟੇ ਹੋਏ ਸਨ ਕਿ ਉਹਨਾਂ ਦੇ ਘਰ ਹਰ ਵਾਰ ਜਦ ਔਲਾਦ ਹੁੰਦੀ, ਕਦੀ ਬੱਚਾ-ਬੱਚੀ ਨਾ ਹੁੰਦਾ, ਸਗੋਂ ਹਰ ਵਾਰ ਮੁੱਚਰ ਦੀ ਵਹੁਟੀ ‘ਦੌਲੇ ਸ਼ਾਹ ਦੇ ਚੂਹੇ-ਚੂਹੀਆਂ` ਜੰਮਦੀ ਸੀ। ਪਹਿਲੇ ਇਕ ਦੋ ਚੂਹੇ ਤੇ ਮੁੱਚਰ ਮਹੀਨੇ-ਦੋ ਮਹੀਨੇ ਦੇ ਕਰਕੇ ਪੀਰ ਲਾਲਾਂ ਵਾਲੇ ਦੇ ਦਰ ਤੇ ਰੱਖ ਆਉਂਦਾ ਰਿਹਾ ਸੀ। ਵਿਚ ਇਕ-ਅਧ ਦੌਲੇ ਸ਼ਾਹ ਦੇ ਚੂਹੇ ਦੇ ਰੂਪ ਵਾਲੇ ਬੱਚੇ ਨੂੰ ਉਹਨਾਂ ਦੋਹਾਂ ਨੇ ਦਾਈ ਦੀ ਮਦਦ ਨਾਲ ਅੱਕ ਚੱਟਾ ਕੇ ਮਾਰ ਵੀ ਦਿੱਤਾ ਸੀ। ਫੇਰ ਪਤਾ ਨਹੀਂ ਦੋਹਾਂ ਮੀਆਂ-ਬੀਵੀ ਦੇ ਦਿਲ ਵਿਚ ਕੀ ਆਇਆ, ਉਹਨਾਂ ਫੈਸਲਾ ਕੀਤਾ ਸੀ ਕਿ ਹੁਣ ਬੱਚੇ ਰੱਖ ਲੈਣੇ ਨੇ! ਅਗਲੀ ਵਾਰ ਦੋ ਇੱਕਠੀਆਂ ਦੋਲੇ ਸ਼ਾਹ ਦੀਆਂ ਚੂਹੀਆਂ ਉਹਨਾਂ ਘਰ ਪੈਦਾ ਹੋਈਆਂ। ਦੋਹੇਂ ਕੁੜੀਆਂ ਦੇ ਰੂਪ ਵਿਚ ਸਨ। ਮੁੱਚਰ ਤੇ ਉਹਦੀ ਬੀਵੀ ਨੇ ਦੋਹੇਂ ਪਾਲ ਲਈਆਂ। ਉਹਨਾਂ ਦੇ ਬਾਕੀ ਸਾਰੇ ਹੀ ਕਾਰ-ਵਿਹਾਰ ਬਾਕੀ ਬੱਚਿਆਂ ਵਾਂਗ ਸਨ, ਪਰ ਇਕ ਤੇ ਬੋਲ ਨਹੀਂ ਸਨ ਸਕਦੀਆਂ, ਸਿਰਫ ਚੀਕ ਮਾਰਕੇ ਲੋੜ ਦੱਸਦੀਆਂ। ਦੂਸਰੇ ਉਹਨਾਂ ਦੇ ਦੋ-ਦੋ ਫੁੱਟ ਦੇ ਸਰੀਰ ਤੇ ਪੂਰੇ ਬੰਦੇ ਜਿੱਡੇ ਸਿਰ ਸਾਰੀ ਗਲੀ, ਸਾਰੇ ਵਿਹੜੇ ਨੂੰ ਡਰਾ ਦੇਂਦੇ। ਪਰ ਵਿਹੜਾ ਉਹਨਾਂ ਨੂੰ ਸਾਈਂ ਦੌਲੇ ਦਾ ਪਰਸ਼ਾਦ ਸਮਝ ਕੇ ਸਤਿਕਾਰ ਦੇਂਦਾ। ਦੋਹੇਂ ਕੁੜੀਆਂ (ਚੂਹੀਆਂ) ਭਾਵੇਂ ਹੁਣ ਤਕਰੀਬਨ ਅਠਾਰਾਂ-ਵੀਹ ਦੀਆਂ ਸਨ, ਪਰ ਵਧੇਰੇ ਕਕੇ ਨੰਗੀਆਂ ਹੀ ਰਹਿੰਦੀਆਂ ਤੇ ਜਿੱਥੇ ਜੀ ਕਰਦਾ, ਗਲੀ ਵਿਚ ਟੱਟੀ-ਪਿਸ਼ਾਬ ਕਰ ਦੇਂਦੀਆਂ।

ਮੁੱਚਰ ਤੇ ਉਹਦੀ ਵਹੁਟੀ ਅਕਸਰ ਉਹਨਾਂ ਚੀਕਾਂ ਮਾਰਦੀਆਂ ਚੂਹੀਆਂ ਨੂੰ ਢੱਕਦੇ ਰਹਿੰਦੇ।

…ਕੁਦਰਤ ਦੇ ਸੰਤਾਪ ਦਾ ਮਾਰਿਆ ਮੁੱਚਰ ਚੁਗਲਖੋਰ ਬਣ ਗਿਆ ਸੀ।

ਗੱਲ ਵੀ ਉਹਨੇ ਹੀ ਬਾਹਰ ਕੱਢੀ ਕਿ ਬੱਬੇ ਚੂਹੜੇ ਦੀ ਖੁਸ਼ਹਾਲੀ ਦਾ ਕੀ ਭੇਦ ਸੀ?

– – – –

ਗੱਲ ਅਸਲ ਵਿਚ ਏਹ ਸੀ ਕਿ ਗੁਰੂ ਰਾਮਦਾਸ ਜੀ ਵਲੋਂ ਵੱਸਾਏ ਅੰਬਰਸਰ ਵਿਚ ਕੱਛ ਵਲੋਂ ਆਏ ਮਾਰਵਾੜੀ ਵੀ ਵੱਸਾਏ ਗਏ ਸਨ। ਜਿੰਨੇ ਮਾਰਵਾੜੀ ਆਏ, ਉਹਨਾਂ ਵਿਚੋਂ ਅੱਧਿਓਂ ਵੱਧ ਨੂੰ ਬੰਦਿਆਂ ਦੀ ਮੂਤੇਹਰ ਚੂਸਣ ਦਾ ਠਰਕ ਸੀ। ਇਹ ਠਰਕ ਪੀੜ੍ਹੀ-ਦਰ-ਪੀੜ੍ਹੀ ਉਹਨਾਂ ਨੂੰ ਮਿਲਦਾ ਰਿਹਾ ਸੀ। ਬਹੁਤੇ ਮਾਰਵਾੜੀ ਇਹਦੇ ਸ਼ਿਕਾਰ ਸਨ। ਇਸ ਕੰਮ ਲਈ ਤੇ ਅਮੀਰ ਮਾਰਵਾੜੀਆਂ ਨੇ ਕਈ-ਕਈ ਨੌਜੁਆਨ ਲੌਂਡੇ ਰੱੱਖੇ ਹੋਏ ਸਨ, ਜਿਨ੍ਹਾਂ ਦਾ ਕੰਮ ਹੀ ਸਿਰਫ ਆਪਣੇ ਮਾਰਵਾੜੀ ਮਾਲਕਾਂ ਨੂੰ ਦਿਹਾੜੀ ਵਿਚ ਇਕ ਅੱਧ ਵਾਰ ਆਪਣਾ ਲਿੰਗ ਚੁਸਵਾਣਾ ਸੀ। ਬਾਕੀ ਸਾਰਾ ਦਿਨ ਉਹ ਵਿਹਲੇ ਸਨ, ਤੇ ਉਹਨਾਂ ਨੂੰ ਬੱਝੀ ਤਨਖਾਹ ਮਿਲਦੀ ਸੀ।

…ਹੁਣ ਦਿਨੋਂ-ਦਿਨ ਮਾਰਵਾੜੀਆਂ ਕੋਲ ਏਸ ਕੰਮ ਦੇ ਨਿਪੁੰਨ ਕਲਾਕਾਰ ਘਟਦੇ ਜਾ ਰਹੇ ਸਨ। ਉਂਜ ਤੇ ਕਈ ਪਠਾਣ ਵੀ ਏਸ ਕੰਮ ਵਿਚ  ਸਨ, ਪਰ ਪਤਾ ਨਹੀਂ ਕਿਵੇਂ, ਸਫਾਈ-ਸੇਵਾ ਦਾ ਕੰਮ ਕਰਦੇ ਬੱਬੇ ਚੂਹੜੇ ਨੂੰ ਉਹਦੇ ਮਾਲਕ ਨੇ ਏਸ ਕੰਮ ਲਈ ਰਾਜ਼ੀ ਕਰ ਲਿਆ ਸੀ! ਬੱਬੇ ਨੇ ਅਗੋਂ ਕੀਪੇ ਨੂੰ ਰਲਾ ਲਿਆ ਸੀ। ਤੇ ਦੋਹੇਂ ਚੰਗੀ ਕਮਾਈ ਕਰਨ ਲਗੇ। ਮਾਲਕਾਂ ਦਾ ਸਿਰਫ ਇਕੋ ਹੁਕਮ ਸੀ ਕਿ ਸਾਫ ਸੁਥਰੇ ਬਣਕੇ ਰਹਿਣਾ ਹੈ, ਤੇ ਭੇਦ ਰੱਖਣਾ ਹੈ।

…ਉਹ ਤੇ ਬੇੜੀ ਬਹਿ ਜਾਏ ਮੁੱਚਰ ਦੀ, ਜੀਹਦੇ ਕੋਲ ਬੱਬਾ ਨਸ਼ਾ ਪੀਤੇ ਵਿਚ ਗੱਲ ਕਰ ਬੈਠਾ। ਤੇ ਉਹਨੇ ਸਾਰੇ ਕੁੱਤੀ ਵਿਹੜੇ ਵਿਚ ਗੱਲ ਘੁੰਮਾ ਦਿੱਤੀ। ਪਲਾਂ ਵਿਚ ਹੀ ਸਾਰੇ ਵਿਹੜੇ ਵਿਚ ਗੱਲ ਫੈਲ ਗਈ।

ਲੋਕਾਂ ਬੱਬੇ ਤੇ ਕੀਪੇ ਦਾ ਲੰਘਣਾ ਔਖਾ ਕਰ ਦਿੱਤਾ। ਉਹ ਜਿਧਰੋਂ ਦੀ ਲੰਘਣ, ਵਿਹੜੇ ਆਲੇ ਛੇੜਨ, ‘ਅਖੇ ਉਹ ਚੂਪੇ ਜਾਂਦੇ ਆ! ਉਏ ਚੂਪੇ ਲੈ ਲਓ ਚੂਪੇ ਬਈ ਉਏ!“ ਅੱਕ ਕੇ ਬੱਬਾ ਤੇ ਕੀਪਾ, ਦੋਹੇਂ ਆਪੋ-ਆਪਣੀ ਟੱਬਰੀ ਲੈ ਕੇ ਪੱਤਰਾ ਵਾਚ ਗਏ। ਮੁੜ ਉਹ ਕਦੀ ਵੀ ਨਾ ਪਰਤੇ, ਸਗੋਂ ਸਮਾਂ ਪਾ ਕੇ ਆਪਣੇ ਹੋਰ ਅੰਗ-ਸਾਕ ਵੀ ਬੁਲਾ ਕੇ ਲੈ ਗਏ।

…ਦਰਅਸਲ ਉਹ ਕੰਢੀ ਵਲ ਟੁਰ ਗਏ ਸਨ। ਕੰਢੀ ਦਿਆਂ ਪਿੰਡਾਂ ਵਲ ਦੇ ਰਾਜਪੂਤਾਂ ਕੋਲ ਮੁਰਦੇ ਫੂਕਣ ਵਾਲੇ ਚੰਡਾਲ ਨਾਂਹ ਦੇ ਬਰਾਬਰ ਸਨ। ਉਥੋਂ ਦੇ ਬਾਹਮਣਾਂ ਤੇ ਰਾਜਪੂਤਾਂ ਵਿਚ ਚੰਡਾਲਾਂ ਦੀ ਭਾਰੀ ਮੰਗ ਸੀ, ਤੇ ਉਹ ਦੋਹੇਂ ਉਧਰ ਹੀ ਕਿਸੇ ਪਿੰਡ ਵਲ ਟਿਕ-ਟਿਕਾ ਗਏ।

…ਏਦਾਂ ਪਹਿਲੀ ਵਾਰ ਮਾਝੇ ਦੇ ਚੂਹੜਿਆਂ ਦਾ ਕੰਢੀ ਵਲ ਚੰਡਾਲ ਬਣ ਕੇ ਲਾਂਘਾ ਬਣਿਆ।

– – – –

ਵਿਹੜੇ ਦੇ ਲੋਕਾਂ ਵਿਚ ਤੇ ਮਾਰ ਅੱਜ ਅੰਤਾਂ ਦਾ ਉਤਸ਼ਾਹ ਸੀ। ਪਤਾ ਲਗਾ ਸੀ ਕਿ ਲਾਹੌਰ ਦੇ ਹਾਕਮ ਨਾਲ ਸਿੱਖਾਂ ਦੇ ਬਾਬੇ “ਭਾਈ ਮਨੀ ਸਿੰਘ” ਨਾਲ ਇਸ ਵਾਰ ਹਰਮੰਦਰ ਸਾਹਿਬ ਦੀ ਦੀਵਾਲੀ ਲੌਣ ਦਾ ਸਮਝੌਤਾ ਹੋ ਗਿਆ ਸੀ।

ਚੂਹੜਿਆਂ ਨੂੰ ਅੱਜ ਏਸ ਗੱਲ ਦਾ ਬੜਾ ਚਾਅ ਸੀ, ਕਿਉਂਕਿ ਪਿੰਡਾਂ ਦੇ ਸਿੱਖ ਮੇਲੇ-ਮੁਸਾਹਬੇ ਦੇ ਦਿਨਾਂ ਵਿਚ ਹਰਮੰਦਰ ਦੇ ਬਾਹਰ ਬਿਨ੍ਹਾਂ ਕਿਸੇ ਦਰੇਗ ਦੇ, ਭਿੱਟ ਦੇ, ਸਭ ਨੂੰ ਕੜਾਹ ਦੇ, ਖੀਰ ਦੇ ਖੁੱਲ੍ਹੇ ਗੱਫੇ ਦੇਂਦੇ ਸਨ। ਜਿਨ੍ਹਾਂ ਮਾਈਆਂ-ਭਾਈਆਂ ਦੇ ਪੁੱਤ-ਪੋਤੇ ਉੱਦਣ ਪੱਗ ਰੱਖ ਕੇ ਸਿੱਖ ਬਣਦੇ ਸਨ, ਉਹ ਤੇ ਵਿਹੜੇ ਵਾਲਿਆਂ ਨੂੰ ਕੌਡਾਂ ਵੀ ਲੁੱਟਾਂਦੇ ਤੇ ਤਾਂਬੇ ਦੇ ਪੈਸਿਆਂ ਦੀ ਸੋਟ ਕਰਦੇ ਸਨ। …ਪਰ ਇਹ ਕੀ?

…ਹਰਮੰਦਰ ਤੋਂ ਕਈ ਕਰਮਾਂ ਪਹਿਲਾਂ ਹੀ ਸਿਪਾਹੀ ਪਹਿਰੇ ਤੇ ਖੜ੍ਹੇ ਦਿੱਸਣ ਲਗ ਪਏ। ਜਿਉਂ-ਜਿਉਂ ਵਿਹੜੇ ਆਲੇ ਅਗੇ ਵਧੇ ਤਾਂ ਉਜਾੜ-ਬੀਆਬਾਨ ਤੇ ਮੌਤ ਵਰਗੀ ਚੁੱਪ-ਚਾਂ ਸੀ। ਇਕ ਗੱਲ ਇਹ ਸੀ ਕਿ ਸਿਪਾਹੀ ਉਹਨਾਂ ਨੂੰ ਰੋਕ ਨਹੀਂ ਸਨ ਰਹੇ। ਅਗੇ ਜਾ ਕੇ ਉਹਨਾਂ ਕੀ ਵੇਖਿਆ, ਪਈ ਕੁਝ ਸਿੱਖ, ਜਿਹੜੇ ਅਣਭੋਲ ਹੀ ਉਥੇ ਆ ਫਸੇ ਸਨ, ਉਹਨਾਂ ਨੂੰ ਮੁਸ਼ਕਾਂ ਬੰਨ੍ਹ ਕੇ ਸਿਪਾਹੀਆਂ ਨੇ ਭੁੰਜੇ ਬਠਾਇਆ ਹੋਇਆ ਸੀ।

…ਉਹ ਤ੍ਰਹਿ ਕੇ ਕਾਫੀ ਪਿਛੇ ਹੀ ਰੁਕ ਗਏ। ਉਹਨਾਂ ਨੂੰ ਵੇਖ ਕੇ ਦੂਰ ਖੜ੍ਹੇ ਸਿਪਾਹਸਲਾਰ ਨੇ ਉਹਨਾਂ ਬਾਰੇ ਉਥੋਂ ਦੇ ਸਥਾਨਕ ਤਸੀਲੀਏ ਕੋਲੋਂ ਕੁਝ ਦਰਿਆਫਤ ਕੀਤੀ। ਉਹਨਾਂ ਬਾਬਤ ਪਤਾ ਲਗਣ ਤੇ ਉਹਨੇ ਸਿਪਾਹੀਆਂ ਨੂੰ ਉਹਨਾਂ ਵਲ ਜੂਠ ਸੁੱਟਣ ਦਾ ਹੁਕਮ ਦਿੱਤਾ। ਹੁਕਮ ਪਾਕੇ ਸਿਪਾਹੀਆਂ ਤੇ ਲਾਂਗਰੀ ਨੇ ਉਹਨਾਂ ਵਲ ਅੱਧ-ਖਾਧੇ ਰੋਟੀਆਂ ਦੇ ਟੋਟੇ, ਚੂਸੀਆਂ ਹੋਈਆਂ ਬੋਟੀਆਂ ਤੇ ਬਚੇ ਹੋਏ ਜ਼ਰਦੇ ਦੇ ਪਤੀਲੇ ਖਾਲੀ ਕਰ ਦਿੱਤੇ। ਉਹ ਵੱਡੇ ਅਜੇ ਜੱਕੋਤੱਕ ਵਿਚ ਹੀ ਸਨ ਕਿ ਬੱਚੇ ਜੂਠ ਤੇ ਟੁੱਟ ਪਏ। ਵੱਡਿਆਂ ਦੇ ਦਿਲ ਪਰ ਬੁੱਝੇ ਹੋਏ ਸਨ। ਕਿਸੇ ਜੂਠ ਚੁੱਕੀ, ਕਿਸੇ ਨਹੀਂ ਤੇ ਥੋੜੀ ਦੇਰ ਮਗਰੋਂ ਸਾਰੇ ਵਿਹੜੇ ਨੂੰ ਪਰਤ ਗਏ।

ਅਗਲੇ ਦਿਨ ਸਵੇਰੇ ਗੱਲ ਬਾਹਰ ਨਿਕਲੀ, ਜਦੋਂ ਮੁਨਾਦੀ ਵਾਲੇ ਨੇ ਸ਼ਹਿਰ ਦੇ ਅੰਦਰ ‘ਹੋਕੇ’ ਦਿੱਤੇ ਕਿ ਫੜੇ ਗਏ ਸਿੱਖਾਂ ਦੇ ਅੰਗ ਉਥੇ ਹਰਮੰਦਰ ਤੋਂ ਬਾਹਰ ਉਦਾਸੀਨ ਅਖਾੜੇ ਕੋਲ ਵੱਢੇ ਜਾਣਗੇ। ਅਸਲ ਵਿਚ ਲਾਹੌਰ ਦੇ ਹਾਕਮ ਨੇ ਬਾਬਾ ਮਨੀ ਸਿੰਘ ਨੂੰ ਦੀਵਾਲੀ ਵਾਲੇ ਦਿਨ ਧੋਖਾ ਦੇਣਾ ਸੀ। ਦੀਵਾਲੀ ਵਾਲੀ ਰਾਤ ਬਾਬਾ ਜੀ ਦਾ ਹੁਕਮ ਮੰਨ ਕੇ ਸੈਂਕੜੇ ਸਿੱਖਾਂ ਜੰਗਲਾਂ ਵਿਚੋਂ ਨਿਕਲ ਕੇ ਦੀਵਾਲੀ ਮਨਾਣ ਹਰਮੰਦਰ ਆਉਣਾ ਸੀ, ਤੇ ਉਥੋਂ ਹੀ ਮੁਗਲਾਂ ਫੜ ਕੇ ਸਾਰੇ ਸਿੱਖ ਮਾਰਨ ਦਾ ਗੁਪਤ ਫੈਸਲਾ ਲਿਆ ਹੋਇਆ ਸੀ। ਪਰ ਬਾਬੇ ਹੁਰਾਂ ਨੂੰ ਟੋਹੀਆਂ ਨੇ ਸਮੇਂ ਸਿਰ ਸਾਰੀ ਗੱਲ ਦੱਸ ਕੇ ਮੁਖਬਰੀ ਕਰ ਦਿੱਤੀ ਸੀ, ਤੇ ਬਾਬੇ ਹੁਰਾਂ ਸਾਰੇ ਸਿੱਖਾਂ ਨੂੰ ਨਾ ਆਉਣ ਦਾ ਗੁਪਤ ਬੋਲਾ ਫੇਰ ਦਿੱਤਾ ਸੀ। ਜਿਹੜੇ ਸੌ-ਪੰਜਾਹ ਸਿੱਖ ਅਣਭੋਲ ਜਾ ਫਸੇ ਸਨ, ਉਹਨਾਂ ਵਿਚੋਂ ਬਹੁਤੇ ਤੇ ਬਿਰਧ ਬਾਬੇ ਸਨ, ਜਾਂ ਬੱਚਿਆਂ ਵਾਲੀਆਂ ਦੋ-ਚਾਰ ਮਾਵਾਂ ਸਨ। ਨੌਜੁਆਨ ਤੇ ਮਸਾਂ ਪੰਝੀ-ਤੀਹ ਸਨ। ਬਾਕੀ ਹੋਰ ਕੋਈ ਬਹੁਤਾ ਸਰਗਰਮ ਸਿੱਖ ਸਰਦਾਰ ਲਾਹੌਰੀਆਂ ਦੇ ਹੱਥ ਨਹੀ ਸੀ ਲੱਗਾ।

ਜਦੋਂ ਲਾਹੌਰ ਦੇ ਹਾਕਮਾਂ ਦਾ ਹੁਕਮ ਮੰਨ ਕੇ ਸਾਰੇ ਅੰਬਰਸਰੀਏ ਕਤਲ ਹੋ ਰਹੇ ਸਿੱਖਾਂ ਨੂੰ ਵੇਖਣ ਲਈ ਉਦਾਸੀਨ ਅਖਾੜੇ ਕੋਲ ਖੜੇ ਸਨ, ਪਰ੍ਹਾਂ ਵਿਹੜੇ ਵਾਲੇ ਵੀ ਖੜੇ ਸਨ। ਸਿੱਖ ਅਡੋਲ ਹੀ ਜੱਲਾਦ ਵਲ ਵਧਦੇ ਤੇ ਕਤਲ ਹੋਈ ਜਾ ਰਹੇ ਸਨ। ਬਹੁਤੇ ਲਾਹੌਰ ਭੇਜ ਦਿੱਤੇ ਗਏ ਸਨ। ਇਥੇ ਸਿਰਫ ਬੁੱਢਿਆਂ ਤੇ ਬੱਚਿਆਂ ਦਾ ਕਤਲੇਆਮ ਹੋਣਾ ਸੀ। ਬਸ ਉਦੋਂ ਹੀ ਵਿਹੜੇ ਵਾਲੀਆਂ ਵੀ ਤੇ ਸ਼ਹਿਰ ਦੀਆਂ ਗੋਰੀਆਂ-ਫੱਬਦੀਆਂ, ਅੰਬਰਸਰਨਾਂ ਕੁਛ ਤੇ ਚੀਕਾਂ ਮਾਰਕੇ ਡਿੱਗ ਪਈਆਂ, ਕੁਝ ਅਰਧ-ਪਾਗਲ ਹੋ ਕੇ ਘਰਾਂ ਨੂੰ ਭੱਜ ਗਈਆਂ, ਜਦੋਂ ਇਕ ਸਿੰਘਣੀ ਕੋਲੋਂ ਦੋ ਕੁ ਸਾਲ ਦਾ ਬਾਲ ਖੋਹ ਕੇ ਜੱਲਾਦ ਨੇ ਦੋ ਟੋਟਿਆਂ ਵਿਚ ਚੀਰ ਕੇ ਅਡੋਲ ਬੈਠੀ ਦੇ ਪੈਰਾਂ ਵਿਚ ਸੁੱਟ ਦਿੱਤਾ ਸੀ। ਕੁਝ ਚਿਰ ਬਾਦ ਪਤਾ ਲਗਾ ਸੀ ਕਿ ਬਾਬਾ ਮਨੀ ਸਿੰਘ ਵੀ ਟੋਟੇ ਕਰ-ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

– – – –

ਇਸ ਘਟਨਾ ਤੋਂ ਚੰਦ ਦਿਨਾਂ ਬਾਦ ਇਹ ਖਬਰ ਫੈਲ ਗਈ ਸੀ ਕਿ ਭਾਈ ਮਨੀ ਸਿੰਘ ਦੇ ਭਤੀਜੇ ਸਘੜ ਸਿੰਘ ਦਾ ਜੱਥਾ ਅੰਬਰਸਰ ਫਿਰ ਰਿਹਾ ਹੈ, ਉਹ ਬੜੇ ਗੁਪਤ ਰੂਪ ਵਿਚ ਹਰ ਘਰ ਕੋਲੋਂ ਇਕ-ਇਕ ਪੁੱਤਰ ਮੰਗ ਰਿਹਾ ਹੈ!

ਪਤਾ ਉਦੋਂ ਹੀ ਲਗਾ, ਜਦੋਂ ਵਿਹੜੇ ਦੇ ਕਿੰਨੇ ਹੀ ਮੁੱਛ-ਫੁੱਟ ਘਰਾਂ ਵਿਚੋਂ ਗਾਇਬ ਹੋ ਗਏ। ਉਹ ਸਾਰੇ ਉਹੀ ਸਨ, ਜਿਨ੍ਹਾਂ ਉਸ ਸਿੰਘਣੀ ਨੂੰ ਅਡੋਲ ਹੀ ਬਾਲਕ ਦੇ ਦੋ ਟੋਟੇ ਆਪਣੀ ਝੋਲੀ ਪਵਾਂਦੇ ਵੇਖਿਆ ਸੀ।

ਦੂਜੀ ਵੱਡੀ ਗੱਲ ਇਹ ਸੀ ਕਿ ਸਘੜ ਸਿੰਘ ਤੇ ਅਘੜ ਸਿੰਘ ਦੇ ਸ਼ਹੀਦੀ ਜਥੇ ਵਿਚ ਜਾਤ ਬਿਲਕੁਲ ਮਨਫੀ ਸੀ। ਉਹਦਾ ਜਿ਼ਕਰ ਕਰਨ ਤੱਕ ਦੀ ਮਨਾਹੀ ਸੀ!

ਇਸ ਦੌਰਾਨ ਕਿੰਨਾ ਹੀ ਪਾਣੀ ਪੁਲਾਂ ਹੇਠੋਂ ਲੰਘ ਗਿਆ ਸੀ। ਸਿੰਘ ਰਾਤ-ਬਰਾਤੇ ਘੋੜਿਆਂ ਤੇ ਚੜ੍ਹੇ ਆਉਂਦੇ ਤੇੇ ਵਿਹੜੇ ਵਾਲਿਆਂ ਦੇ ਕੋਲੋਂ ਹੀ ਜੰਗਲ ਵਿਚੋਂ ਲੰਘਦੇ ਸਣੇ ਘੋੜਿਆਂ ਦੇ, ਹਰਮੰਦਰ ਦੇ ਜਲ ਵਿਚ ਚੁੱਭਾ ਮਾਰਕੇ ਔਹ ਜਾਹ ਔਹ ਜਾਹ…! ਜਦ ਨੂੰ ਸਪਾਹੀਆਂ ਨੂੰ ਪਤਾ ਲਗਦਾ, ਸਿੰਘ ਹਰਨਾਂ ਦੇ ਸਿੰਗੀਂ ਜਾ ਚੜ੍ਹੇ ਹੁੰਦੇ ਸਨ। ਵਿਹੜੇ ਵਾਲੇ ਕਈ ਵਾਰ ਅੰਬਰਸਰੀਏ ਮਸਤਾਨਿਆਂ ਨੂੰ ਗੌਂਦੇ ਸੁਣਦੇ ਤਾਂ ਹੈਰਾਨ ਹੁੰਦੇ। ਮਸਤਾਨੇ ਸਾਰੇ ਸ਼ਹਿਰ ਵਿਚ ਭਰੇ ਹੋਏ ਸਨ। ਇਕ ਤੋਂ ਦੂਜੇ ਤੱਕ ਉਹਨਾਂ ਦੇ ਬੋਲ ਪੁੱਜਦੇ। ਕਮਲੇ ਕਿੰਨਾ-ਕਿੰਨਾ ਚਿਰ ਗੌਂਦੇ –

‘ਆ ਗਏ ਜੀ ਆ ਗਏ

ਸ਼ਹੀਦੀ ਟੋਲੇ ਆ ਗਏ…”

ਇਸ ਦੌਰਾਨ ਅਠਾਰਵੀਂ ਸਦੀ ਦੇ ਅੱਧ ਵਿਚ ਅਬਦਾਲੀ ਦਾ ਪ੍ਰਕੋਪ ਅੰਬਰਸਰ ਤੇ ਪਿਆ। 1757 ਤੇ 1760 ਵਿਚ ਉਹਨੇ ਦੋ ਵਾਰ ਹਰਮੰਦਰ ਦੀ ਇਕ-ਇਕ ਇੱਟ ਉਖਾੜ ਕੇ ਉਤੇ ਖੋਤਿਆਂ ਦਾ ਹੱਲ ਚਲਵਾਇਆ। ਮਜਾਲ ਹੈ ਵਿਹੜੇ ਵਾਲਿਆਂ ਉਸ ਮਲਬੇ ਵਿਚੋਂ ਰੋੜੀ ਵੀ ਚੁੱਕੀ ਹੋਵੇ। ਸਿਰਫ ਡੱਗੂ ਮੱਲ ਇਕ ਕਾਲੀਨ ਦਾ ਟੋਟਾ ਚੁੱਕ ਲਿਆਇਆ ਸੀ! ਪਰ ਅਗਲੇ ਹੀ ਦਿਨ ਡੱਗੂ ਦੇ ਮੰਡੇ ਨੂੰ ਤੇਈਆ ਚੜ੍ਹ ਗਿਆ। ਮੁੰਡੇ ਦੇ ਮਗਰੋਂ ਲੱਥਾ ਤੇ ਉਹਦੀ ਘਰ ਦੀ ਨੂੰ ਚੜ੍ਹ ਗਿਆ ਸੀ। ਡੱਗੂ ਨੂੰ ਵਿਹੜੇ ਵਾਲਿਆਂ ਡਰਾਇਆ ਕਿ ਗੁਰੂ-ਘਰ ਨਾਲ ਵੈਰ ਕੀਤਾ ਈ, ਤਾਂ ਕੁਝ ਦਿਨਾਂ ਮਗਰੋਂ ਹੀ ਡੱਗੂ ਉਹ ਅੱਤ ਕੀਮਤੀ ਕਲੀਨ ਉਥੇ ਮਲਬੇ ਤੇ ਸੁੱਟ ਆਇਆ ਸੀ। ਭਾਵੇਂ ਸਾਰਾ ਟੱਬਰ ਠੰਡ ਵਿਚ ਮਗਰੋਂ ਭੁੰਜੇ ਅਲਾਣਾ ਸੌਂਦਾ ਰਿਹਾ ਸੀ।

1760 ਵਿਚ ਅਬਦਾਲੀ ਨੇ ਅੰਬਰਸਰ ਗਊ ਜਿਬਾਹ ਕਾਰਨ ਲਈ ਬੁੱਚੜਖਾਨਾ ਖੁਲਵਾ ਦਿੱਤਾ ਸੀ। ਗਊਆਂ ਨੂੰ ਮਿੱਟੀ ਨਾਲ ਮਿੱਟੀ ਹੋ ਚੁਕੇ ਹਰਮੰਦਰ ਸਾਹਿਬ ਦੇ ਅਹਾਤੇ ਦੇ ਬਾਹਰ ਜਿਬਾਹ ਕੀਤਾ ਜਾਂਦਾ ਸੀ। ਸ਼ਹਿਰੀਆਂ ਵਿਚੋ ਤੇ ਕੋਈ ਵੀ ਮੀਟ ਲੈਣ ਨਹੀਂ ਸੀ ਜਾਂਦਾ। ਸਿਰਫ ਮੁਗਲਾਂ ਦੇ ਕੁਛ ਘਰ, ਜਾ ਫੇਰ ਸ਼ਰੀਫਪੁਰ ਦੇ ਤੇ ਢਾਬ ਬਸਤੀ ਦੇ ਖਟੀਕ ਤੇ ਕੰਜਰ ਮੀਟ ਲੈਣ ਆਉਂਦੇ ਸਨ। ਬਹੁਤੇ ਕਸਾਈ ਉਹੀ ਸਨ, ਜਿਹੜੇ ਵਿਹੜੇ ਵਾਲਿਆਂ ਦੇ ਪੂਰਵਜ ਸਨ ਤੇ ਉਹਨਾਂ ਤੇ ਨਾਲ ਹੀ ਗੁਰੂ ਰਾਮ ਦਾਸ ਜੀ ਕੋਲੋ ਥਾਂ ਲੈਣ ਦੀ ਅਰਜ ਕਰਨ ਆਏ ਸਨ। ਇਹਨਾਂ ਵਿਚੋਂ ਪੀਰਾਂ ਦਿੱਤੇ ਕਸਾਈ ਦਾ ਟੱਬਰ ਬਹੁਤ ਫੈਲਿਆ ਸੀ। ਉਹਦੇ ਹੀ ਪੁੱਤ, ਪੋਤਰੇ ਹੁਣ ਗਊਆਂ ਜਿਬਾਹ ਕਰਦੇ ਤੇ ਕਟਾਈ ਕਰਕੇ ਵੇਚਦੇ ਸਨ।

ਇਸ ਦੌਰਾਨ ਅੰਬਰਸਰੀਆਂ ਵੀ ਤੇ ਵਿਹੜੇ ਵਾਲਿਆਂ ਵੀ, ਅਬਦਾਲੀ ਦੇ ਨੱਕ ਤੇ ਸਬੂਤੀ ਇੱਟ ਵੱਜਦੀ ਵੇਖੀ। ਉਹਨਾਂ ਚਰਖੜੀਆਂ ਤੇ ਚੜ੍ਹਦੇ ਸਿੰਘ ਵੇਖੇ! ਮੱਸੇ ਰੰਘੜ ਦਾ ਬਿਨਾਂ ਸਿਰ ਤੋਂ ਧੜ ਵੇਖਿਆ, ਤੇ ਅੰਤ ਉਸੇ ਹੀ ਹਰਮੰਦਰ ਵਿਚ ਮੁੜ ਜਲ ਭਰੀਂਦਾ ਤੇ ਉੱਸਰੀਂਦਾ ਤੱਕਿਆ!

– – – –

ਇਹ ਤੇ ਹੁਣ ਗੱਲਾਂ `ਚੋਂ ਗੱਲਾਂ ਨਿਕਲੀ ਆਉਂਦੀਆਂ ਨੇ ਪਈ ਸੰਨ ਸੱਤਰ ਵਿਚ, ਜਦੋਂ ਇੰਦਰਾ ਪੂਰੀ ਕਹਿੰਦੀ-ਕਹਾਂਦੀ ਪ੍ਰਧਾਨ ਮੰਤਰੀ ਸੀ, ਅੰਬਰਸਰ ਆਪ ਚੱਲ ਕੇ ਆਈ ਸੀ। ਉਦੋਂ ਬਾਕੀ ਕਾਂਗਰਸੀਆਂ ਦੀ ਰੀਸੇ ਅੰਬਰਸਰ ਦੀ ਬਾਲਮੀਕ ਬਰਾਦਰੀ ਨੇ ਵੀ ਪੂਰਾ ‘ਕੱਠ ਕੀਤਾ ਸੀ। ਇਧਰੋਂ ਵਿਹੜੇ ਆਲੇ ਚੂਹੜਿਆਂ ਨੂੰ ਵੀ ਖੁੱਲ੍ਹਾ ਸੱਦਾ ਸੀ ਕਿ ਉਹ ਹਾਲ ਗੇਟ ਦੇ ਅੰਦਰ ਜਦੋਂ ਇੰਦਰਾ ਗਾਂਧੀ ਗਲ ਵਿਚ ਹਾਰ ਪਵਾਏਗੀ, ਉਦੋਂ ਤੁਸੀਂ ਵੀ ਆਪਣੇ ਪ੍ਰਧਾਨ ਨਾਲ ਵੀਹ-ਤੀਹ ਬੰਦੇ ਆ ਕੇ ਇੰਦਰਾ ਜੀ ਦਾ ਸਤਿਕਾਰ ਕਰਿਓ! ਤੇ ਵਿਹੜੇ ਆਲਿਆਂ ਨੂੰ ਚਾਅ ਚੜ੍ਹ ਗਿਆ ਸੀ! ਉਹਨੀਂ ਦਿਨੀ ਇੰਦਰਾ ਨੂੰ ਸਤੀ, ਦੁਰਗਾ, ਭਵਾਨੀ ਤੇ ਮਾਂ ਜਾਂ ‘ਭਾਰਤ-ਪੁੱਤਰੀ’ ਕਿਹਾ ਜਾਂਦਾ ਸੀ। ਨਾਲ ਹੀ ਬਾਲਮੀਕੀਆਂ ਵਿਚ ਪਰਚਾਰ ਸੀ ਕਿ ਉਹ ਗਾਂਧੀ ਬਾਬਾ ਦੀ ਨੂੰਹ ਹੈ। ਕਿਉਂਕਿ ਉਹਨੇ ਫਿਰੋਜ਼ ਨੂੰ ਗੋਦ ਲੈ ਲਿਆ ਸੀ। ਹੋਰ ਵੀ ਉਸ ਨਾਲ ਸਬੰਧਿਤ ਪਰੀ-ਕਥਾਵਾਂ ਜੋੜਦੇ ਸਨ। ਤੇ ਬਸ, ਵਿਹੜੇ ਵਾਲਿਆਂ ਫੱਟ ਮੁਲਖੇ ਢੋਲੀ ਨੂੰ ਆਗੂ ਚੁਣ ਲਿਆ ਸੀ। ਮੁਲਖਾ ਢੋਲੀ ਟਕਸਾਲੀ ਕਾਂਗਰਸੀ ਸੀ ਤੇ ਕਾਂਗਰਸ ਦੇ ਹਰ ਜਲਸੇ ਵਿਚ ਅਗੇ ਹੋ ਕੇ ਮੁਖਤੋ-ਮੁਖਤੀ ਢੋਲ ਵੱਜਾਂਦਾ ਸੀ। ਕਾਂਗਰਸੀਆਂ ਵੀ ਉਸ ਨੂੰ ਬਾਲਮੀਕੀ ਸੈਲ ਦਾ ਪ੍ਰਧਾਨ ਬਣਾਕੇ ਨਵਾਜਿਆ ਸੀ।

… ਪਰ ਉਦੋਂ ਬੜੀ ਬਦਮਗਜੀ ਹੋਈ, ਜਦੋਂ ਹਾਲ ਗੇਟ ਵਾਲੇ ਦਫਤਰ ਤੋਂ ਇੰਦਰਾ ਨੇ ਹਾਰ ਪਵਾ ਕੇ ਟੁਰਨਾ ਸੀ, ਮੁਲਖੇ ਨੇ ਆਪਣੇ ਗਰੁੱਪ ਦੇ ਵੀਹਾਂ-ਤੀਹਾਂ ਮੈਂਬਰਾਂ ਨੂੰ ਧੋਖਾ ਦਿੱਤਾ, ‘ਕੱਲੇ ਨੇ ਜਾਕੇ ਮੰਤਰੀਆਂ-ਸੰਤਰੀਆਂ ਤੇ ਹੋਰ ਚਿੱਟ-ਕਪੜੀਆਂ ਵਿਚ ਸ਼ਾਮਲ ਹੋ ਕੇ ਇੰਦਰਾ ਨੂੰ ਹਾਰ ਜਾ ਪਾਏ। ਵਿਹੜੇ ਆਲੇ ਤੇ ਬਸ ਦੂਰੋਂ ਹੱਥ ਮੱਲਦੇ ਰਹਿ ਗਏ ਸਨ। ਜਲੂਸ ਜਦੋਂ ਅਗੇ ਵਧਿਆ ਤਾਂ ਮੁਲਖਾ ਵੀ ਜੀਪਾਂ ਵਿਚ ਸਵਾਰ ਹੋ ਕੇ ਅੱਗੇ ਦਾ ਅੱਗੇ ਟੁਰ ਗਿਆ। ਪਰ ਉਦੋਂ ਹੀ ਕਿਤੇ ਹਾਲ ਗੇਟ ਦੇ ਨਜ਼ਦੀਕ ਕਿਸੇ ਕੋਠੇ ਤੋਂ ਖਾਲਸਾ ਕਾਲਿਜ ਅੰਬਰਸਰ ਦੇ ਮੁੰਡਿਆਂ ਨੇ ਇੰਦਰਾ ਤੇ ਇੱਟਾਂ ਚਲਾ ਦਿੱਤੀਆਂ। ਲਗੀਆਂ ਤੇ ਕਿਸੇ ਨੂੰ ਨਾਂਹ, ਪਰ ਇੰਦਰਾ ਨੇ ਦੌਰਾ ਵਿਚੇ ਛੱਡ ਦਿੱਤਾ ਤੇ ਗੱਡੀਆਂ ਪਿਛਾਂਹ ਭੱਜਾ ਲਈਆਂ। ਘਬਰਾਈ ਪੰਜਾਬ-ਪੁਲਸ ਨੇ ਮਗਰ ਲਗੀ ਕਾਂਗਰਸੀਆਂ ਦੀ ਭੀੜ ਨੂੰ ਹੀ ਛਿਤਰੌਲ ਸ਼ੁਰੂ ਕਰ ਦਿੱਤੀ। ਕਈ ਐਮ.ਐਲ.ਏ. ਤੇ ਸਿਰਕੱਢ ਕਾਂਗਰਸੀ ਵੀ ਪਰਸ਼ਾਦ ਲੈ ਹਟੇ। ਮੁਲਖੇ ਨੂੰ ਤੇ ਚੰਗੀਆਂ ਵੱਜੀਆਂ। ਉਹ ਪਰ ਕੀ ਜਾਣਦਾ ਸੀ ਕਿ ਹੁਣ ਉਹਦੀ ਮੰਦੀ ਹਾਲਤ ਸ਼ੁਰੂ ਹੋਣ ਵਾਲੀ ਹੈ? ਰਾਤ ਤੇ ਉਹ ਸੱਟਾਂ ਕਰਕੇ ਘਰ ਹੀ ਲੇਟਿਆ ਰਿਹਾ। ਪਰ ਜਿਉਂ ਹੀ ਸਵੇਰੇ ਉਹ ਢੋਲ ਟੰਗਣ ਆਪਣੀ ਕਿੱਲੀ ਤੇ ਆਇਆ, ਪੂਰੇ ਵਿਹੜੇ ਨੇ ਗਾਹਲਾਂ ਤੇ ਝਾੜੂਆਂ ਨਾਲ ਉਹਦਾ ਸੁਆਗਤ ਕੀਤਾ। ਉਹ ਤੇ ਹੋਟਲਾਂ ਵਾਲਿਆਂ ਤੇ ਮੁਲਖੇ ਦਿਆ ਭਤੀਜਿਆਂ ਉਹਦਾ ਬਚਾ ਕਰ ਦਿੱਤਾ। ਲੱਤਾ, ਘਸੁੰਨਾ ਦੇ ਨਾਲ ਕੁੱਟਿਆ। ਪਰ ਸਭ ਤੋਂ ਅਖੀਰ ਵਿਚ ਹੱਥ ਜੋੜਕੇ ਕੂੜੇ ਦੀ ਰੇਹੜੀ ਢੋਣ ਵਾਲੀ ਡੇਜ ਬੌਣੀ ਨੂੰ ਰੋਕਿਆ ਗਿਆ, ਕਿਉਂਕਿ ਉਹ ਗੁੱਸੇ ਵਿਚ ਅੰਨ੍ਹੀ ਹੋਈ ਡਿੱਗੇ ਪਏ ਮੁਲਖੇ ਦੀ ਪਿੱਠ ਵਿਚ ਆਪਣੇ ਝਾੜੂ ਦੀ ਮੁੱਠ ਘੁਸੇੜਨ ਦਾ ਯਤਨ ਕਰ ਰਹੀ ਸੀ।

…ਮੁਲਖੇ ਨੂੰ ਕਦੀ ਵੀ ਵਿਹੜੇ ਆਲਿਆਂ ਮਾਫ ਨਾ ਕੀਤਾ। ਜਲਦੀ ਹੀ ਮੁਲਖਾ ਢੋਲੀ ਖਾਲਸਾ ਕਾਲਿਜ ਅੰਬਰਸਰ ਦੇ ਸਾਹਮਣੇ ਬਣੇ ਖੋਲਿਆਂ ਚੋਂ ਇਕ ਵਿਚ ਜਾ ਵੱਸਿਆ। ਉਹ ਥਾਂ ਪਿੰਡ ਕੋਟ-ਖਾਲਸਾ ਦੇ ਚੂਹੜਿਆਂ ਨੂੰ ਅਲਾਟ ਸੀ ਤੇ ਉਹਨਾਂ ਮੁਲਖੇ ਨੂੰ ਵੱਸਾ ਲਿਆ। ਮੁੜਕੇ ਮੁਲਖਾ ਖਾਲਸਾ ਕਾਲਿਜ ਦੇ ਭੰਗੜੇ ਆਲੇ ਮੁੰਡਿਆ ਦਾ ਢੋਲੀ ਬਣ ਗਿਆ ਤੇ ਪੰਜਾਬ ਵਿਚ ਨੰਬਰ ਇਕ ਦਾ ਢੋਲੀ ਮਸ਼ਹੂਰ ਹੋਇਆ ਸੀ! ਬਾਕੀ ਤੇ ਭਾਵੇਂ ਸਭ ਭੁੱਲ-ਭੁੱਲਾ ਗਏ ਸਨ, ਪਰ ਕੁੱਤੀ ਵਿਹੜੇ ਵਾਲੇ ਭਰਪੂਰ ਗੱਟੇ ਵਾਲੇ ਨੂੰ ਮੁਲਖਾ ਨਹੀਂ ਸੀ ਭੁੱਲਦਾ! ਭਰਪੂਰ ਬੜਾ ਜ਼ਹਿਰੀ ਬੰਦਾ ਸੀ, ਤੇ ਉਹ ਇੰਦਰਾ ਵੇਲੇ ਹੋਈ ਘਟਨਾ ਤੋਂ ਬੜੀ ਹੀਣਤਾ ਮੰਨ ਗਿਆ ਸੀ। ਭਰਪੂਰ ਹੀ ਇੱਕਲਾ ਬੰਦਾ ਸੀ, ਜੀਹਨੇ ਟੱਟੀ ਚੁੱਕਣ ਦਾ ਕੰਮ ਛੱਡ ਕੇ ਅੰਬਰਸਰ ਦੇ ਭੜਭੂੰਜਿਆਂ ਦੀ ਸ਼ਗਿਰਦੀ ਕੀਤੀ ਸੀ ਤੇ ਉਹਨਾਂ ਕੋਲੋਂ ਗੁੜ ਦਾ ਰੰਗਦਾਰ ਗੱਟਾ ਬਣਾਨਾ ਸਿੱਖਿਆ ਸੀ। ਫੇਰ ਸਾਰੀ ਉਮਰ ਉਹਨੇ ਮੋਟੇ ਬਾਂਸ ਦੇ ਦੁਪਹਿਰੇ ਆਪੇ ਬਣਾਏ ਗੱਟੇ ਦੀ ਲੇਟੀ ਟੰਗਣੀ ਤੇ ਬਾਬਾ ਸਾਹਿਬ ਚੌਕ, ਫਰੀਦ ਦੇ ਚੌਂਕ, ਲਛਮਣ ਸਰ ਤੋਂ ਲੈ ਕੇ ਫੱਟ ਵਾਲੀ ਗਲੀ ਤੱਕ ਆ ਕੇ ਬਸ ਕਰਨੀ। ਨਾਲ ਗੌਂਦੇ ਫਿਰਨਾ –

“ਗੱਟਾ ਲਾਚੀਆਂ ਵਾਲਾ

ਜੀ ਲਾਚੀ ਦਾਣਿਆਂ ਵਾਲਾ

ਖਾ ਲਓ, ਖਾ ਲਓ ਮੇਰੀ ਜਾਨ

ਗੱਟਾ ਲਾਚੀਆਂ ਵਾਲਾ।”

ਇਹੀ ਭਰਪੂਰ ਜਦੋਂ ਵੀ ਕਿਤੇ ਮੁਲਖੇ ਨੂੰ ਵੇਖਦਾ, ਜਿਹੜਾ ਕਿ ਉਹਨੂੰ ਅਕਸਰ ਛੇਹਰਟੇ ਦੇ ਮੇਲੇ, ਬਾਬੇ ਸ਼ਹੀਦਾਂ ਦੀ ਮੱਸਿਆ-ਸੰਗਰਾਦਾਂ ਜਾਂ ਫੇਰ ਦੁਰਗਿਆਣੇ ਮੰਦਰ ‘ਹਨੂਮਾਨ-ਸੈਨਾ’ ਨੂੰ ਮੱਥਾ ਟਕੌਣ ਵੇਲੇ ਢੋਲ ਵੱਜਾਂਦਾ ਮਿਲ ਪੈਂਦਾ, ਭਰਪੂਰ ਫੱਟ ਟੋਨ ਬਦਲ ਕੇ ਉੱਚੀ-ਉੱਚੀ ਗੌਣ ਲਗ ਪੈਂਦਾ-

“ਓ ਮੇਰਾ ਗੱਟਾ ਗਿਆ ਸੀ ਦਿੱਲੀ

ਮੁਲਖੇ ਦੀ ਭੈਣ ਉਥੇ ਮਿਲੀ

ਓ ਗੱਟਾ ਲਾਚੀਆਂ ਵਾਲਾ ।”

ਮੁਲਖਾ ਤੇ ਭਰਪੂਰ ਨੂੰ ਵੇਖਦਿਆਂ ਹੀ ਉਰ੍ਹੇ ਪਰ੍ਹੇ ਹੋ ਜਾਂਦਾ ਸੀ।

– – – –

ਦਰਅਸਲ ਮੁਲਖੇ ਦੇ ਅੰਦਰਲਾ ਕਮੀਨਾਪਣ ਉਹਨੂੰ ਵਿਰਾਸਤ ਵਿਚ ਮਿਲਿਆ ਸੀ। ਮੁਲਖਾ ਏਸੇ ਵਿਹੜੇ ਦੇ ਪੁਰਾਣੇ ਲੁਟੇਰੇ ‘ਛੋਟੇ ਤੁਤਰੀ’ ਦੀ ਔਲਾਦ ਸੀ। ‘ਛੋਟਾ ਤੁਤਰ’, ਜਿਹੜਾ ਕਿ ਸੰਨ ਸੰਤਾਲੀ ਵੇਲੇ ਦਾ ਮੰਨਿਆ ਲੁਟੇਰਾ ਤੇ ਕਾਤਲ ਸੀ! ਉਹਦਾ ਵੱਡਾ ਭਰਾ, ਜੀਹਨੂੰ ਵੱਡਾ ਤੁਤਰੀ ਕਹਿੰਦੇ ਸਨ, ਉਸਤੋਂ ਵੀ ਵੱਡਾ ਬਦਮਾਸ਼ ਸੀ। ਅੰਬਰਸਰ ਸ਼ਹਿਰ ਵਿਚ ਖੱਤਰੀਆਂ-ਰਾਜਪੂਤਾਂ ਦੇ ਦੋ ਵੱਡੇ ਬਦਮਾਸ਼ ਹੋਏ ਸਨ, ਇਕ ਦਾ ਨਾਂ ਢੱਗਾ ਸੀ, ਜਿਹੜਾ ਕਿ ਲੂਣ ਮੰਡੀ ਦਾ ਤੇ ਲਛਮਣਸਰ ਦਾ ਇਲਾਕਾ ਮੱਲਕੇ ਰੱਖਦਾ ਸੀ। ਉਹ ਜਾਤ ਦਾ ਹਿੰਦੂ ‘ਨੰਦਾ’ ਸੀ। ਦੂਸਰੇ ਬਦਮਾਸ਼ ਇਧਰ ਬਾਬਾ ਸਾਹਿਬ ਚੌਂਕ, ਆਟਾ ਮੰਡੀ ਤੇ ਫਰੀਦ ਦੇ ਚੌਂਕ ਦੇ ਦੋ ਭਾਟੀਏ ਭਰਾ ਸਨ। ਦੋਵੇਂ ਸਿੱਖ ਸਨ, ਪਰ ਵੇਲੇ-ਕੁਵੇਲੇ ਮੂੰਹ-ਸਿਰ ਮੁੰਨਾ ਛੱਡਦੇ ਸਨ। ਦੋਹੇਂ ਜਗਤਾ-ਭਗਤਾ ਦੇ ਨਾਂ ਨਾਲ ‘ਭਾਟੀਏ ਭਰਾ’ ਮਸ਼ਹੂਰ ਸਨ। ਢੱਗੇ ਦੇ ਗਰੁੱਪ ਦੀ ਤੇ ਜਗਤੇ-ਭਗਤੇ ਦੇ ਗਰੁੱਪ ਦੀ ਆਪਸ ਵਿਚ ਬੜੀ ਖੜਕਦੀ ਸੀ। ਜਗਤਾ-ਭਗਤਾ ਦਾ ਅਸਲ ਕੰਮ ਪੂਰਬ ਦੀਆਂ ਜਨਾਨੀਆਂ ਸਸਤੀਆਂ ਲਿਆ ਕੇ ਏਧਰ ਪੰਜਾਬ ਵਿਚ ਵੇਚਣ ਦਾ ਧੰਦਾ ਸੀ। ਉਹਨਾਂ ਤੇ ਮਾਰ ਅੰਬਰਸਰ ਦੇ ਅੱਧਿਓਂ ਵਧ ਛੜੇ, ਪੂਰਬਣਾਂ ਵੇਚ-ਵੇਚ ਵੱਸਾ ਛੱਡੇ ਸਨ। ਢੱਗਾ ਪਰ ਧਰਮੀ ਬੰਦਾ ਸੀ। ਉਹ ਏਦਾਂ ਦੇ ਕੰਮਾਂ-ਕਾਰਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦਾ ਸੀ। ਪਰ ਇਕ ਕੰਮ ਤੇ ਆਕੇ ਦੋਹੇਂ ਧੜੇ ਇਕੋ ਸੋਚ ਤੇ ਖੜੋ ਜਾਂਦੇ ਸਨ! ਜਦੋਂ ਅੰਬਰਸਰ ਦੇ ਮੁਸਲਮਾਨ ਤਾਜੀਏ ਕੱਢਦੇ ਤਾਂ ਢੱਗਾ ਡਾਂਗ ਲੈ ਕੇ ਖੜੋ ਜਾਂਦਾ, ਨਾਲ ਉਹਦੇ ਚਮਚੇ ਹੁੰਦੇ। ਡਰਦੇ ਮੁਸਲਮਾਨ ਲੂਣ-ਮੰਡੀ ਵਿਚੋਂ ਤਾਜੀਏ ਲੈ ਕੇ ਨਹੀਂ ਸਨ ਨਿਕਲਦੇ। ਉਧਰ ਭਾਟੀਏ ਭਰਾ ਬਾਬਾ ਸਾਹਿਬ ਚੌਂਕ ਤੇ ਬਾਬਾ ਅਟੱਲ ਗੁਰਦੁਆਰੇ ਤੋਂ ਲੈ ਕੇ ਮੰਗਲ ਪਕੌੜਿਆਂ ਵਾਲੇ ਤੇ ਪ੍ਰਾਗਦਾਸ ਚੌਂਕ ਤੱਕ ਆਪਣੇ ਬਦਮਾਸ਼ ਲੈ ਕੇ ਖੜੇ ਹੁੰਦੇ। ਡਰਦੇ ਮੁਸਲਮਾਨ ਫਰੀਦ ਦੇ ਚੌਂਕ ਤੇ ਚੌਂਕ ਚਬੂਤਰੇ ਤੇ ਪਾਸੀਆਂ ਬਜ਼ਾਰ ਜਾਂ ਢਾਬ ਖਟੀਕਾਂ ਤੱਕ ਦੇ ਗੇੜੇ ਦੇਂਦੇ ਸਨ। ਦੋ ਵਾਰ ਹਮਲੇ ਹੋਏ ਸਨ। ਇਕ ਵਾਰ ਖਟੀਕ ਇਕੱਠੇ ਹੋਕੇ ਭਾਟੀਏ ਭਰਾਵਾਂ ਨੂੰ ਪਏ ਸਨ ਤੇ ਦੋਵੇਂ ਧਿਰਾਂ ਦੇ ਸਿਰ ਪਾਟੇ ਸਨ। ਇਕ ਵਾਰ ਹੋਰ ਦੀ ਗੱਲ ਹੈ, ਸੁਲਤਾਨ ਵਿੰਡ ਗੇਟ ਦੇ ਬਾਹਰ ਰਹਿੰਦੇ ਚਮਰੰਗ ਇਕੱਠੇ ਹੋਕੇ ‘ਅੱਲਾ ਹੂ ਅਕਬਰ’ ਦੇ ਨਾਅਰੇ ਮਾਰਦੇ ਢੱਗੇ ਬਦਮਾਸ਼ ਨੂੰ ਪੈ ਗਏ ਸਨ। ਅਗੇ ਢੱਗੇ ਦੇ ਸਾਥੀ ਤੇ ਤਗੜੇ ਸਨ, ਪਰ ਢੱਗੇ ਨੇ ਇਕੱਲੇ ਨੇ ਉਹ ਡਾਂਗ ਵਾਹੀ ਕਿ ਸੈਂਕੜਿਆਂ ਦੀ ਗਿਣਤੀ ਵਿਚ ਆਏ ਚਮਰੰਗ ਕਈ ਬੰਦੇ ਮਰਵਾ ਕੇ ਭੱਜ ਗਏ ਸਨ। ਉਧਰ ਅੰਗਰੇਜ਼ ਹਾਕਮ ਤੇ ਚਾਹੁੰਦੇ ਇਹੀ ਸੀ! ਉਹਨਾਂ ਦੇ ਹੁਕਮ ਕਾਰਨ ਢੱਗੇ ਤੇ ਪੁਲੀਸ ਨੇ ਕੋਈ ਕੇਸ ਨਾ ਪਾਇਆ, ਅਜੇ ਕਿ ਅੰਬਰਸਰ ਦੀ ਨੱਬੇ ਪਰਸੈਂਟ ਪੁਲਸ ਮੁਸਲਮਾਨ ਸੀ। ਮੁਸਲਮਾਨ ਥਾਣੇਦਾਰ ਬੜਾ ਤੜਫੇ ਸਨ, ਪਰ ਗੋਰੇ ਹਾਕਮਾਂ ਅਗੇ ਪੇਸ਼ ਨਹੀਂ ਸੀ ਗਈ!

– – – –

…ਇਹੀ ਵੱਡਾ ਤੁਤਰੀ ਤੇ ਛੋਟਾ ਤੁਤਰੀ, ਦੋਹੇਂ ਭਰਾ ਢੱਗੇ ਦੇ ਹਜੂਰੀਏ ਬਦਮਾਸ਼ ਸਨ। ਜਦੋਂ ਸੰਨ ਪੰਜਾਹ ਵਿਚ ਜਗਤੇ ਭਾਟੀਏ ਤੇ ਭਗਤੇ ਭਾਟੀਏ ਨੇ ਇਕੱਲੇ ਤੇ ਨਿਹੱਥੇ ਕੁਰਸੀ ਤੇ ਬੈਠੇ ਢੱਗੇ ਬਦਮਾਸ਼ ਨੂੰ ਪਿੱਛੋਂ ਦੀ ਟਕੂਏ ਮਾਰ ਕੇ ਕਤਲ ਕੀਤਾ ਸੀ, ਉਦੋਂ ਹੀ ਉਹਨਾਂ ਨੇ ਛੋਟੇ ਤੁਤਰੀ ਤੇ ਤਿੰਨ੍ਹ-ਚਾਰ ਹੋਰ ਵੀ ਜੀ-ਹਜੂਰੀਏ ਮਾਰ ਘੱਤੇ ਸਨ। ਢੱਗੇ ਤੇ ਉਹਦੇ ਬਦਮਾਸ਼ਾਂ ਨੂੰ ਰਤਾ ਵੀ ਭਿਣਕ ਨਹੀਂ ਸੀ ਪੈ ਸਕੀ ਕਿ ਜਗਤਾ ਤੇ ਭਗਤਾ ਏਨਾ ਵਸਾਹ ਕੇ ਮਾਰਨਗੇ! ਨਹੀਂ ਤੇ ਸਾਰੇ ਹੀ ਅੰਬਰਸਰੀਏ ਬਦਮਾਸ਼ ਸਿਰ ਤੇ ਲੋਹੇ ਦੀ ਬਾਟੀ ਰੱਖ ਕੇ ਲੜਨ ਵਾਲੇ ਸਨ, ਉਹ ਸਿਰ ਦੀ ਸੱਟ ਨਾਲ ਕਿਥੇ ਮਰਦੇ ਸਨ? ਹਰ ਬਦਮਾਸ਼ ਸਿਰ ਤੇ ਲੋਹੇ ਦੀ ਬਾਟੀ ਬੰਨ੍ਹ ਕੇ ਪੱਗ ਬੰਨ੍ਹਦਾ ਸੀ!

– – – –

ਉਦੋਂ ਮੁਲਖਾ ਅਜੇ ਛੋਟਾ ਸੀ। ਮੁਲਖੇ ਦੀ ਮਾਂ ਫਿੰਨੋ ਨੂੰ ਵੱਡੇ ਤੁਤਰੀ ਨਾਲ ਬਿਠਾ ਦਿੱਤਾ ਗਿਆ, ਪਰ ਵੱਡਾ ਤੁਤਰੀ ਭਰਾ ਦਾ ਵਿਯੋਗ ਹੀ ਏਨਾ ਮੰਨ ਗਿਆ ਕਿ ਪੰਤ-ਸੱਤ ਸਾਲ ਉਸ ਮਸਾਂ ਕੱਢੇ। ਬਸ ਉਹ ਏਨਾ ਕੁ ਕਰ ਗਿਆ ਕਿ ਮੁਲਖੇ ਨੂੰ ਵੱਡਾ ਕਰ ਗਿਆ ਸੀ ਤੇ ਢੋਲੀ ਬਣਾ ਗਿਆ ਸੀ!

– – – –

ਏਸ ਬੰਟੀ ਮਸੀਹ ਦਾ ਦਾਦਾ ਵੀ ਵੱਡੇ ਤੇ ਛੋਟੇ ਤੁਤਰੀ ਵਾਂਗ ਲੁਟੇਰਾ ਰਿਹਾ ਸੀ। ਸੰਤਾਲੀ ਦੇ ਹੱਲਿਆਂ ਵੇਲੇ ਉਹਨੇ ਲੁੱਟਮਾਰ ਤੇ ਕਤਲ ਬਥੇਰੇ ਕੀਤੇ, ਪਰ ਗੁਰੂ ਰਾਮਦਾਸ ਦੇ ਵਰੋਸਾਏ ਇਲਾਕਿਆਂ ਵਿਚ ਲੁਟੇਰੇ-ਕਾਤਲ ਕਿੰਨਾ ਕੁ ਕੱਟਦੇ? ਉਹ ਏਨਾ ਲਾਲਚੀ ਸੀ ਕਿ ਇਕ ਵਾਰ ਸੰਤਾਲੀ ਦੌਰਾਨ ਉਹਨੇ ਇਕ ਗਰੀਬ ਮੁਸਲਮਾਨ ਨੂੰ ਮਾਈ ਸੇਵਾਂ ਦੇ ਬਜ਼ਾਰ ਵਿਚ ਮਾਰਿਆ ਤੇ ਉਹਦੇ ਸਾਰੇ ਖੀਸੇ ਖਾਲੀ ਕਰ ਲਏ। ਫੇਰ ਉਹਨੇ ਉਹੀ ਖੰਜਰ ਝੂਠੇ ਬਜ਼ਾਰ ਦੇ ਬਾਹਰ ਬਣੇ ਸੰਗਤਾਂ ਦੇ ਹੱਥ-ਪੈਰ ਧੋਣ ਲਈ ਬਣੇ ਚੁੱਬਚੇ ਵਿਚੋਂ ਧੋ ਲਿਆ, ਜਿਹੜਾ ਕਦੀ ਉਹਦੇ ਪਿਉ ਨੂੰ ਅੰਗਰੇਜ਼ ਥਾਣੇਦਾਰ ‘ਰਿਚਰਡ ਕਲੈਚੀ’ ਨੇ ਦਿੱਤਾ ਸੀ।

ਬਸ…!

ਬੰਟੀ ਦਾ ਦਾਦਾ ਥੋੜ੍ਹੀ ਦੇਰ ਬਾਅਦ ਹੀ ਦਿਮਾਗ ਹਿੱਲਣ ਕਾਰਨ ਪਾਗਲ ਹੋ ਗਿਆ ਸੀ ਤੇ ਥੋੜੀ ਦੇਰ ਬਾਅਦ ਗਾਇਬ ਹੋ ਗਿਆ ਸੀ। ਬੰਟੀ ਦਾ ਪਿਉ ਵੀ ਉਦੋਂ ਮਸਾਂ ਤਿੰਨ੍ਹ-ਚਾਰ ਸਾਲ ਦਾ ਸੀ। ਬੰਟੀ ਦੇ ਦੋ ਵੱਡੇ ਤਾਏ ਵੀ ਸਨ। ਪਿਉ ਦਾ ਪਿੱਛਾ ਕਿਸੇ ਨਾ ਕੀਤਾ। ਕਈ ਗੱਲਾਂ ਉੱਡੀਆਂ। ਕੋਈ ਕਹੇ, ਕਸੂਰ ਨੂੰ ਜਾਣ ਵਾਲੀ ਨਹਿਰ ਵਿਚ ਡੁੱਬ ਕੇ ਮਰ ਗਿਐ। ਕੋਈ ਕਹੇ ਕਿ ਚਰਚ ਦੇ ਪਾਦਰੀਆਂ ਕੋਲੋਂ ਕਿਸੇ ਦਾ ਐਡਰੈਸ ਲੈ ਕੇ ਦੱਖਣ ਟੁਰ ਗਿਐ।

ਪਰ ਇਕ ਕੰਮ ਉਹ ਬਖੂਬੀ ਕਰਦਾ ਰਿਹਾ ਸੀ। ਗਾਇਬ ਹੋਣ ਤੋਂ ਪਹਿਲਾਂ ਪਾਗਲਪਨ ਦੀ ਹਾਲਤ ਵਿਚ ਵੀ ਉਹ ਉਸ ਖੰਜਰ ਨੂੰ ਬੈਠਾ ਕਈ-ਕਈ ਘੰਟੇ ਘੂਰਦਾ ਰਹਿੰਦਾ ਸੀ, ਤੇ ਮੂੰਹ ਵਿਚ ਕੋਈ ਗਾਹਲ-ਮੰਦਾ ਕੱਢਦਾ ਰਹਿੰਦਾ ਸੀ। ਫੇਰ ਉਹਨੇ ਉਹ ਖੰਜਰ ਆਪਣੇ ਇਕੋ ਕਮਰੇ ਵਾਲੇ ਘਰ ਦੇ ਅੰਦਰ ਹੀ ਬਣੇ ਸੁਫ਼ੇ (ਘੁਰਨੇ) ਵਿਚ ਸੁੱਟ ਦਿੱਤਾ ਸੀ, ਜਿਥੇ ਉਹਦੇ ਸਦੀਵੀਂ ਦੋ ਸਾਥੀ ਪਏ ਹੋਏ ਸਨ। ਇਕ ਸੀ ਮਲ ਮੂਤਰ ਢੋਣ ਵਾਲਾ ਲੋਹੇ ਦਾ ਪੁਰਾਣਾ ਬਾਲਟਾ, ਤੇ ਦੂਸਰਾ ਗੰਦ ਚੁੱਕਣ ਵਾਲਾ ਫਰਸਾ! ਉਥੇ ਹੀ ਕਿਤੇ ਉਹਨੇ ਉਹ ਖੰਜਰ ਸੁੱਟ ਦਿੱਤਾ। ਸੁਫ਼ੇ ਨੂੰ ਕੁੰਡਾ ਲਾਇਆ ਤੇ ਮੁੜ ਧਰਤੀ ਤੋਂ ਗਾਇਬ ਹੋ ਗਿਆ।

– – – –

ਅਗੇ ਸੁਫੇ ਵਧੇਰੇ ਕਰਕੇ ਗਰਮੀਆਂ ਕੱਟਣ ਲਈ ਬਣਾਏ ਜਾਂਦੇ ਸਨ। ਬੰਟੀ ਦੀ ਮਾਂ, ਜਿਹੜੀ ਕਿ ਰਾਧਾ ਰੰਡੀ ਦੀ ਹੀ ਪੜ ਦੋਹਤੀਆਂ ਵਿਚੋਂ ਸੀ, ਕਤਲਾਂ ਤੋਂ ਡਰੀ ਹੋਈ ਨੇ ਕਦੀ ਸੁਫਾ ਖੋਹਲਿਆ ਹੀ ਨਹੀਂ ਸੀ। ਬੰਟੀ ਦਾ ਪਿਉ ਵੀ ਪ੍ਰਫੈਸ਼ਨਲ ਲੜਾਕਾ ਤੇ ਚਰਸੀ ਸੀ। ਉਹਨੇ ਵੀ ਸੁਫਾ ਘੱਟ-ਵੱਧ ਹੀ ਖੋਹਲਿਆ ਸੀ। ਉਂਝ ਉਹ ਕਦੀ-ਕਦੀ ਯਾਦ ਕਰਦਾ ਸੀ ਕਿ ਮੇਰੇ ਪਿਉ ਕੋਲ ਗੋਰਿਆਂ ਦੇ ਹੱਥ ਦਾ ਬਣਿਆ ਇਕ ਖੰਜਰ ਹੁੰਦਾ ਸੀ, ਪਰ ਨਾ ਉਸ ਕਦੀ ਤਰੱਦਦ ਕੀਤਾ ਤੇ ਨਾ ਹੀ ਡਰੀ ਹੋਈ ਬੰਟੀ ਦੀ ਮਾਂ ਨੇ ਕਦੀ ਪੁਰਾਣੀਆਂ ਵਸਤਾਂ ਦਾ ਪਿਟਾਰਾ ਖੋਹਲਿਆ। ਸੋ ਜਿਥੇ-ਕਿਤੇ ਉਹ ਗੰਦ ਚੁੱਕਣ ਵਾਲੇ ਸੰਦ ਪਏ ਸਨ, ਸਾਲਾਂ ਤੋਂ ਉਹ ਖੰਜਰ ਵੀ ਕਿਸੇ ਲੋੜਵੰਦ ਹੱਥ ਦੀ ਉਡੀਕ ਵਿਚ ਉਥੇ ਚੁੱਪਚਾਪ ਬੈਠਾ ਹੋਇਆ ਸੀ।

– – – –

ਜਦੋਂ ਸਿੱਖ ਮਿਸਲਾਂ ਤਾਕਤਵਰ ਹੋ ਰਹੀਆਂ ਸਨ, ਉਦੋਂ ਦੇ ਦਿਨ ਵਿਹੜੇ ਵਾਲਿਆਂ ਲਈ ਰਤਾ ਕੁ ਸੁਖਾਂਵੇ ਸਨ। ਸ਼ਹਿਰ ਵਾਲੇ ਉਹਨਾਂ ਨੂੰ ਵਧੇਰੇ ਤਸੀਹੇ ਨਹੀਂ ਸਨ ਦੇ ਸਕਦੇ, ਨਾ ਹੀ ਕੁੱਟਮਾਰ ਕਰ ਸਕਦੇ ਸਨ। ਉਧਰ ਅੰਬਰਸਰ ਦੇ ਬਾਹਰਵਾਰ ਹੀ ਜੱਸਾ ਸਿੰਘ ਰਾਮਗੜੀਏ ਨੇ ‘ਰਾਮਗੜ੍ਹ’ ਨਾਂ ਦਾ ਕਿਲਾ ਬਣਵਾ ਲਿਆ ਸੀ। ਉਹਦੀ ਪੰਥ ਦੇ ਵੱਡੇ ਜਰਨੈਲ ਜੱਸਾ ਸਿੰਘ ਕਲਾਲ (ਆਹਲੂਵਾਲੀਆ) ਨਾਲ ਅਕਸਰ ਖੜਕਦੀ ਰਹਿੰਦੀ ਸੀ। ਪਰ ਇਕ ਸਮੇਂ ਬਾਦ ਉਹ ਇਕੱਠੇ ਹੋ ਗਏ ਸਨ। ਵਿਹੜੇ ਵਾਲਿਆਂ ਨੂੰ ਪਰ ਦੋਹੇਂ ਧਿਰਾਂ ਦਾ ਪੂਰਾ ਆਸਰਾ ਸੀ। ਕਿਸੇ ਵੀ ਮਾੜੀ ਧਿਰ ਨਾਲ ਨਜਾਇਜ ਹੋਵੇ, ਪੰਥ ਦੇ ਹਰ ਧੜੇ ਵਲੋਂ ਮਦਦ ਹੁੰਦੀ ਸੀ। ਭਾਵੇਂ ਪੰਥ ਦੇ ਚਲਦੇ ਵਹੀਰ ਵਿਚ ਅਨੇਕਾਂ ਲੁਟੇਰੇ, ਚੋਰ ਵੀ ਸ਼ਾਮਲ ਸਨ, ਪਰ ਦੋਵੇਂ ਜੱਸਿਆਂ ਦਾ ਹੁਕਮ ਸੀ ਕਿ ਲੁੱਟਮਾਰ ਕਰੋ, ਮੁਗਲਾਂ ਨਾਲ ਕਰੋ, ਪਠਾਣਾਂ ਦੀ ਕਰੋ, ਪਰ ਕਿਸੇ ਗਰੀਬ ਰਿਆਇਆ ਦੀ ਨਹੀਂ ਕਰਨੀ!

ਇਸੇ ਸਮੇਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਸ਼ੁਰੂ ਹੋਈ। ਅਗੇ ਵਿਹੜੇ ਵਾਲੇ ਮੁਗਲਾਂ ਤੇ ਪਠਾਣਾਂ ਤੋਂ ਤੰਗ ਸਨ। ਪਠਾਣਾਂ ਨੇ ਕਈ ਵਾਰ ਵਿਹੜੇ ਦੇ ਬਾਰਾਂ-ਚੌਦਾਂ ਸਾਲਾਂ ਦੇ ਅਨੇਕਾਂ ਮੁੰਡੇ ਆਪਣੇ ਲੌਂਡੇ ਬਣਾਨ ਲਈ ਵਿਹੜੇ ਵਾਲਿਆਂ ਕੋਲੋਂ ਖੋਹੇ ਸਨ। ਅਨੇਕਾਂ ਜਨਾਨੀਆਂ ਵੀ ਉਹਨਾਂ ਵਿਹੜੇ ਦੇ ਬੰਦਿਆਂ ਕੋਲੋਂ ਖੋਹ ਕੇ ਅਗੇ ਗਜ਼ਨੀ ਤੱਕ ਜਾ ਕੇ ਵੇਚ ਦਿੱਤੀਆਂ ਸਨ। ਕਾਬਲ ਤੇ ਜਲਾਲਾਬਾਦ ਵਿਚ ਤਾਂ ਅਨੇਕਾਂ ਹੀ ਗਰੀਬੜੇ ਮੁੰਡੇ-ਕੁੜੀਆਂ ਤੇ ਔਰਤਾਂ ਪਠਾਣਾਂ ਦੇ ਲੌਂਡੇ-ਲੌਂਡੀਆਂ ਬਣ ਕੇ ਮੌਤ ਨੂੰ ਉਡੀਕ ਰਹੇ ਸਨ।

…ਇਹਨੂੰ ਆਕੇ ਪੰਥ ਦੇ ਡੁਰਲੀ ਜੱਥੇ ਨੇ ਰੋਕ ਲਾਈ ਸੀ। ਪੰਥ ਦੇ ਡੁਰਲੀ ਜੱਥੇ ਨੇ ਤਾਂ ਇਕਵਾਰ ਅਬਦਾਲੀ ਦੇ ਨਾਸੀਂ ਧੂੰਆ ਲਿਆ ਦਿੱਤਾ ਸੀ।

ਇਹਨਾਂ ਸਮਿਆਂ ਵਿਚ ਹੀ ਜਦੋਂ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਉਹਨੇ ਅੰਬਰਸਰ ਦੀ ਤੇ ਹਰਮੰਦਰ ਸਾਹਿਬ ਦੀ ਕਾਇਆ-ਕਲਪ ਕਰਨ ਦੀ ਠਾਣ ਲਈ ਸੀ। ਪੁਜਾਰੀਆਂ ਡਰਦੇ ਮਾਰੇ ਕੁੰਜੀਆਂ ਮਹਾਰਾਜੇ ਦੇ ਦੀਵਾਨ ਨੂੰ ਸੌਂਪ ਦਿੱਤੀਆਂ ਸਨ। ਰਾਜਸਥਾਨ ਤੇ ਮੱਧ ਭਾਰਤ ਦੇ ਕਾਰੀਗਰ ਆਕੇ ਹਰਮੰਦਰ ਦੀਆਂ ਛੱਤਾਂ ਤੇ ਕੰਧਾਂ ਉਪਰ ਮੀਨਾਕਾਰੀ ਕਰ ਰਹੇ ਸਨ। ਕੁਛ ਸਿੱਖ ਨਕਾਸ਼ ਵੀ ਉਹਨਾਂ ਦਾ ਸਾਥ ਦੇ ਰਹੇ ਸਨ। ਪਰਕਰਮਾ ਚਿੱਟੇ ਪੱਥਰਾਂ ਨਾਲ ਪੱਕੀ ਹੋ ਰਹੀ ਸੀ। ਪਰਕਰਮਾ ਵਿਚ ਥਾਂ-ਥਾਂ ਤੇ ਹਿੰਦੂ ਮੰਦਰ ਤੇ ਨਿੱਕੀਆਂ-ਨਿੱਕੀਆਂ ਮੂਰਤੀਆਂ ਵੀ ਸਥਾਪਤ ਹੋ ਰਹੀਆਂ ਸਨ। ਛਾਬੜੀਆਂ ਵਾਲੇ ਤੇ ਹੋਰ ਫੜੀ-ਫੇਰੀਆਂ ਵਾਲੇ ਵੀ ਹੁਣ ਸਵੇਰ ਤੋਂ ਸ਼ਾਮ ਤੱਕ ਹਰਮੰਦਰ ਦੇ ਬਾਹਰ ਬੈਠ ਕੇ ਸੌਦੇ ਵੇਚਦੇ ਸਨ। ਹਰਮੰਦਰ ਦੇ ਆਲੇ ਦੁਆਲੇ ਸਿੱਖ ਸਰਦਾਰਾਂ ਨੇ ਬੁੰਗੇ ਬਣਾਨੇ ਸ਼ੁਰੂ ਕਰ ਦਿੱਤੇ ਸਨ। ਖਾਸਕਰ ਰਾਮਗੜ੍ਹੀਆਂ ਨੇ, ਜਿਹੜੇ ਜੱਸੇ ਦੇ ਵਾਰਸ ਸਨ, ਦੋ ਮੀਨਾਰਾਂ ਵੀ ਤਾਮੀਰ ਕਰ ਲਈਆਂ ਸਨ। ਹੁਣ ਤੇ ਹਰਮੰਦਰ ਦੇ ਆਲੇ-ਦੁਆਲੇ ਦੀ ਡਰਾਉਣੀ ਭਾਹ ਮਾਰਦੀ ਉਜਾੜ ਮੁੱਕ ਰਹੀ ਸੀ। ਹਰਮੰਦਰ ਦੇ ਆਲੇ-ਦੁਆਲੇ ਪਸਰਿਆ ਜੰਗਲ ਵੀ ਹੁਣ ਮੁੱਕ ਰਿਹਾ ਸੀ। ਲੋੜਵੰਦ ਜੰਗਲ ਕੱਟ ਰਹੇ ਸਨ ਤੇ ਥਾਵਾਂ ਮੱਲ ਰਹੇ ਸਨ।

…ਮਹਾਰਾਜੇ ਦਾ ਤੋਰਾ-ਫੇਰਾ ਅੰਬਰਸਰ ਕਾਫੀ ਵੱਧ ਗਿਆ ਸੀ। ਜਿਉਂ-ਜਿਉਂ ਮਹਾਰਾਜਾ ਵਡੇਰੀ ਉਮਰ ਦਾ ਹੋ ਰਿਹਾ ਸੀ, ਉਹ ਹਰਮੰਦਰ ਸਾਹਿਬ ਵੱਲ ਉਲਾਰ ਹੋ ਰਿਹਾ ਸੀ। ਉਂਜ ਮਹਾਰਾਜਾ ਅੰਦਰੋਂ ਦੇਵੀ-ਭਗਤ ਸੀ, ਪਰ ਸ੍ਰੀ ਹਰਮੰਦਰ ਵਲ ਵੀ ਉਸਦੀ ਆਰਜਾ ਕਾਇਮ ਸੀ।

ਇਹਨਾਂ ਹੀ ਸਮਿਆਂ ਵਿਚ ਜੱਲ੍ਹੇ ਪੰਡਤ ਨੂੰ, ਜਿਹੜਾ ਮਹਾਰਾਜੇ ਦਾ ਦਰਬਾਰੀ ਸੀ, ਮਹਾਰਾਜੇ ਨੇ ਸ੍ਰੀ ਹਰਮੰਦਰ ਦੇ ਕੋਲ ਖਾਲੀ ਪਈ ਥਾਂ ਬਾਗ ਲਾਉਣ ਲਈ ਦੇ ਦਿੱਤੀ ਸੀ। ਜੱਲ੍ਹਾ ਅੰਦਰੋ ਬੜਾ ਜਾਲਮ ਸੀ ਤੇ ਉਹਦੇ ਅੰਗ-ਸਾਕ ਉਹਤੋਂ ਵੱਧ ਸਨ। ਜੱਲ੍ਹੇ ਨੇ ਹੁਕਮ ਮਿਲਦਿਆਂ ਹੀ ਉਨੇ ਹਿੱਸੇ ਦਾ ਜੰਗਲ ਕੱਟ ਕੇ ਬਾਗ ਲਵਾਣਾ ਸ਼ੁਰੂ ਕਰ ਦਿੱਤਾ ਸੀ। ਲਾਲਚ ਉਹਦੇ ਅੰਗ-ਸਾਕਾਂ ਨੂੰ ਏਨਾ ਸੀ ਕਿ ਉਹਨਾਂ ਬਾਗ ਦੀ ਇਕ ਨੁੱਕਰ ਸ੍ਰੀ ਹਰਮੰਦਰ ਸਾਹਿਬ ਕੋਲੋਂ ਸ਼ੁਰੂ ਕਰਕੇ ਦੂਸਰੀ ਨੁੱਕਰ ਕੁਤੀ ਵਿਹੜੇ ਦੇ ਸਿਰੇ ਨੂੰ ਲਾ ਦਿੱਤੀ। ਉਥੇ ਹੀ ਕਿਤੇ ਤੋਚੀ ਤੇ ਛੱਲੋ ਦੀਆਂ ਝੁੱਗੀਆਂ ਸਨ। ਹੋਰ ਵੀ ਇਕ-ਦੋ ਗਰੀਬੜੇ ਕਸਾਈ ਉਥੇ ਹੀ ਰਹਿ ਰਹੇ ਸਨ। ਜੱਲ੍ਹੇ ਦਿਆਂ ਰਿਸ਼ਤੇਦਾਰਾਂ ਤੇ ਜੱਲ੍ਹੇ ਨੂੰ ਮਿਲੀ ਮਿਸਲ ਦਿਆਂ ਸਪਾਹੀਆਂ ਨੇ ਇਕ ਸ਼ਾਮ, ਹਨੇਰੇ ਪਏ ਤੇ ਤੋਚੀ ਤੇ ਛੱਲੋ ਦੀਆਂ ਲੱਤਾਂ ਤੋੜ ਛੱਡੀਆਂ ਤੇ ਕਸਾਈਆਂ ਨੂੰ ਦਾਬਾ ਮਾਰਕੇ ਭੱਜਾ ਦਿੱਤਾ। ਉਹ ਥਾਂ, ਜਿਹੜੀ ਸਦੀਆਂ ਤੋਂ ਕੁੱਤੀ ਵਿਹੜੇ ਕੋਲ ਸੀ, ਉਹ ਥਾਂ, ਜਿਹੜੀ ਗੁਰੂ ਰਾਮ ਦਾਸ ਵਲੋਂ ਬਖਸ਼ੀ ਸੀ, ਉਹ ਜੱਲ੍ਹਿਆਂ ਨੇ ਆਪਣੇ ਬਾਗ ਵਿਚ ਰਲਾਕੇ ਵਾੜ ਕਰ ਲਈ ਸੀ।

ਛੱਲੋ ਤੇ ਦੋ ਕੁ ਦਿਨਾਂ ਬਾਦ ਹੀ ਪੀੜ ਨਾਲ ਮਰ ਗਈ ਸੀ। ਤੋਚੀ ਪਰ ਬੱਚ ਗਿਆ ਸੀ, ਕਿਉਂਕਿ ਮੁਸਲਮਾਨ ਫੱਟ-ਬੰਨ੍ਹ ਬੜਾ ਨੇਕ ਸੀ। ਉਹਨੇ ਸਮੇਂ ਸਿਰ ਤੋਚੀ ਦੇ ਹੱਡ ਬੰਨ੍ਹ ਦਿੱਤੇ ਸਨ। ‘ਜੱਲ੍ਹਿਆਂ ਬਾਹਮਣਾਂ’ ਦੇ ਬਾਗ ਦਾ ਵਧਦਾ ਢਿੱਡ ਤੇ ਵਧਦਾ ਜੁਲਮ ਵੇਖ ਕੇ ਵਿਹੜਾ ਡਰ ਗਿਆ। ਧੀਰੇ ਨੇ ਸਲਾਹ ਦਿੱਤੀ ਪਈ ਐਤਕੀਂ ਜਦੋਂ ਮਹਾਰਾਜਾ ਹਰਮੰਦਰ ਸਾਹਿਬ ਤੋ ਬਾਹਰ, ਪਰਕਰਮਾ ਪਾਰ ਦਰਬਾਰ ਲਾਵੇ, ਉਦੋਂ ਉਸ ਕੋਲ ਫਰਿਆਦ ਕੀਤੀ ਜਾਵੇ।

ਸੁੱਖਾਂ ਸੁਖਦਿਆਂ ਉਹ ਦਿਨ ਵੀ ਆ ਗਏ ਸਨ। ਪਤਾ ਲਗਾ ਕਿ ਮਹਾਰਾਜਾ ਕਈ ਦਿਨ ਹਰਮੰਦਰ ਸਾਹਿਬ ਦੀ ਪਰਕਰਮਾ ਤੋਂ ਪਾਰ ਆਪਣਾ ਦਰਬਾਰ ਸਜਾਕੇ ਦੁਨੀਆਂਦਾਰੀ ਨੂੰ ਮਿਲੇਗਾ ਤੇ ਰਿਆਇਆ ਦੀਆਂ ਦੁੱਖ-ਤਕਲੀਫ਼ਾਂ ਸੁਣੇਗਾ।

…ਜਿੱਦਣ ਵਿਹੜੇ ਵਾਲੇ ਪੰਝੀ-ਤੀਹ ਜਣੇ ਨੰਗੇ ਪਿੰਡੇ, ਗਲ ਵਿਚ ਲੀਰਾਂ ਲਟਕਾ ਕੇ ਮਹਾਰਾਜੇ ਨੂੰ ਮਿਲਣ ਗਏ, ਉੱਦਣ ਦਰਬਾਰ ਪੂਰਾ ਭਰਿਆ ਹੋਇਆ ਸੀ। ਖਾਲਸਈ ਬਾਣੇ ਪਹਿਨੀ ਕਈ-ਕਈ ਪਹਿਰੇਦਾਰ ਪਹਿਰੇ ਤੇ ਖੜ੍ਹੇ ਸਨ। ਛਨੀ ਦੇ ਮੰਦਰ ਕੋਲੋਂ ਹੀ ਜਦੋਂ ਪਹਿਰੇਦਾਰਾਂ ਉਹਨਾਂ ਨੂੰ ਆਉਂਦੀਆਂ ਦੇਖਿਆ ਤਾਂ ਦੂਰੋਂ ਹੀ ਵੱਡੇ ਮਿਸਲਦਾਰ ਨੇ ਉਹਨਾਂ ਵਲ ਹੱਥ ਕਰਕੇ ਸਪਾਹੀਆਂ ਨੂੰ ਲਲਕਾਰਾ ਮਾਰਕੇ ਕਿਹਾ-

“ਉਏ! ਉਹ ਭੱਜਾਓ ਉਹਨਾਂ ਢੇਡਾਂ ਨੂੰ! ਇਹ ਚੂਹੜੇ-ਚਪਾੜੇ ਕਿਧਰ ਮੂੰਹ ਚੁੱਕੀ ਆਉਂਦੇ ਨੇ? ਜੇ ਕਿਤੇ ਮਹਾਰਾਜੇ ਨੇ ਵੇਖ ਲਿਆ ਤਾਂ ਔਖਾ ਹੋ ਜਾਣੈ ਸਾਰਿਆਂ ਨੂੰ।”

…ਹੁਕਮ ਮਿਲਦਿਆਂ ਹੀ ਖਾਲਸੇ ਸਪਾਹੀ ਦੌੜ ਪਏ ਤੇ ਤਿੰਨਾਂ-ਚੌਹਾਂ ਸਪਾਹੀਆਂ ਬਰਛਿਆਂ ਦੀਆਂ ਹੁੱਝਾਂ ਮਾਰ-ਮਾਰ ਕੇ ਚੂਹੜੇ ਭੱਜਾ ਛੱਡੇ। ਸੱਟਾਂ ਖਾ ਕੇ, ਡਿੱਗਦੇ-ਢਹਿੰਦੇ ਚੂਹੜਿਆਂ ਆਪਣੇ ਵਿਹੜੇ ਵਿਚ ਜਾ ਕੇ ਸਾਹ ਲਿਆ। ਉਥੇ ਵੀ ਡਰੇ ਹੋਏ ਉਹ ਕਿੰਨਾ ਚਿਰ ਆਪਣੀਆਂ ਛੰਨਾਂ ਵਿਚ ਨਾ ਵੜੇ, ਸਗੋਂ ਏਧਰ-ਉਧਰ ਲੁਕੇ ਰਹੇ, ਮਤਾਂ ਕਿਤੇ ਖਾਲਸੇ ਪਿੱਛਾ ਕਰਦੇ ਇਥੇ ਨਾ ਆ ਚੜ੍ਹਨ…!

ਅਗਲੇ ਦਿਨ ਵਿਹੜੇ ਵਾਲੇ ਮਿੱਥ ਕੇ ਸਵੇਰੇ ਹੀ ਬਾਬੇ ਅੱਟਲ ਦੇ ਗੁਰਦੁਆਰੇ ਵਲ ਨੂੰ ਆਉਂਦੇ ਰਾਹਾਂ ਵਿਚ ਖੜ੍ਹੋ ਗਏ। ਥੋੜ੍ਹੀ ਦੇਰ ਬਾਦ ਭਾਈ ਮਨਸਾ ਸਿੰਘ ਜੀ ਹਜੂਰੀ ਰਾਗੀ ਉਥੋਂ ਲੰਘੇ। ਮੁਸਲਮਾਨ ਰਾਗੀ, ਜੋ ‘ਮਰਦਾਨੇ ਕੇ’ ਕਹਾਂਦੇ ਸਨ, ਉਹਨਾਂ ਵਿਚ ਇਹ ਇਕੋ ਇਕ ਸਿੱਖ ਰਾਗੀ ਸਨ। ਆਸਾ ਦੀ ਵਾਰ ਦਾ ਗਾਇਨ ਤੇ ਸਮਾਪਤੀ ਦੇ ਸ਼ਬਦ ਉਹੀ ਪੜ੍ਹਦੇ ਸਨ। ਉਹ ਵੀ ਪਿਛੋਂ ਵਿਹੜੇ ਦੀ ਬਰਾਦਰੀ ਨਾਲ ਆਪਣੀ ਅੰਗਲੀ-ਸੰਗਲੀ ਜੋੜਦੇ ਸਨ। ਉਹਨਾਂ ਦੇ ਵੱਡ-ਵਡੇਰੇ ਕਰੀਬਨ ਡੇਢ ਕੁ ਸੌ ਸਾਲ ਪਹਿਲਾਂ ਬਾਬੇ ਅਘੜ ਸਿੰਘ, ਸਘੜ ਸਿੰਘ ਦੇ ਜੱਥੇ ਕੋਲੋ ਅੰਮ੍ਰਿਤ ਛੱਕ ਕੇ ਸਿੰਘ ਸੱਜੇ ਸਨ ਤੇ ਵਿਹੜੇ ਨੂੰ ਛੱਡ ਗਏ ਸਨ। ਮਿਸਲਾਂ ਦੀ ਚੜਾਈ ਵੇਲੇ ਉਹਨਾਂ ਦੇ ਪੁੱਤ-ਧੀਆਂ ਪਰਤ ਆਏ ਸਨ ਤੇ ਹਰਮੰਦਰ ਸਾਹਿਬ ਦੇ ਆਸੇ-ਪਾਸੇ ਵੱਸ ਗਏ ਸਨ। ਵਿਹੜੇ ਵਾਲਿਆਂ ਬਾਰੇ ਉਹ ਆਪਣੇ ਵੱਡ-ਵਡੇਰਿਆਂ ਕੋਲੋ ਸੁਣਦੇ ਰਹੇ ਸਨ, ਸੋ ਜਦੋਂ ਉਹ ਟੱਬਰ ਹਰਮੰਦਰ ਸਾਹਿਬ ਕੋਲ ਜਾਂ ਅੰਬਰਸਰ ਦੇ ਬਾਹਰਵਾਰ ਵੱਸੇ, ਉਹ ਵਿਹੜੇ ਵਾਲਿਆਂ ਨਾਲ ਸਾਂਝ ਰੱਖਦੇ ਤੇ ਅਕਸਰ ਖਬਰਸਾਰ ਲੈਂਦੇ ਸਨ।

– – – –

ਅੱਜ ਵੀ ਜਦੋਂ ਵਿਹੜੇ ਦੇ ਦੁਖਿਆਰਿਆਂ ਆਪਣੇ ਭਾਈਬੰਦ ਭਾਈ ਮਨਸਾ ਸਿੰਘ ਹੁਰਾਂ ਨੂੰ ਸਾਰੀ ਕਥਾ ਸੁਣਾਈ ਕਿ ਕਿਵੇਂ ਮਹਾਰਾਜੇ ਦੇ ਸਪਾਹੀਆਂ ਸਾਨੂੰ ਉਹਨੂੰ ਮਿਲਣ ਤੱਕ ਨਹੀਂ ਦਿੱਤਾ! ਸਭ ਕੁਝ ਸੁਣਕੇ ਭਾਈ ਸਾਹਿਬ ਚੁੱਪ ਹੋ ਗਏ। ਲੰਮਾ ਸਮਾਂ ਖਾਮੋਸ਼ ਰਹਿਣ ਤੋਂ ਮਗਰੋਂ ਉਹਨਾਂ ਸਾਰੀ ਸੰਗਤ ਨੂੰ ਸਿਰ ਢੱਕ ਕੇ ਹਰਮੰਦਰ ਦੇ ਅੰਦਰ ਆਉਣ ਨੂੰ ਕਿਹਾ। ਸਵੇਰ ਤੋਂ ਦੁਪਹਿਰ ਹੋ ਗਈ। ਵਿਹੜੇ ਵਾਲੇ ਹੁਕਮ ਦੇ ਬੱਧੇ ਸਨ। ਭਾਈ ਮਨਸਾ ਸਿੰਘ ਜੀ ਅਡੋਲ, ਅੱਖਾਂ ਮੀਟ ਕੇ ਬੈਠੇ ਸਨ। ਦੁਪਹਿਰ ਤੋਂ ਸ਼ਾਮ ਹੋ ਗਈ। ਵਿਹੜੇ ਵਾਲੇ ਵੈਸੇ ਤਾਂ ਭੁੱਖਾਂ ਕੱਟਣ ਦੇ ਆਦੀ ਸਨ, ਪਰ ਭੁੱਖ ਸਭ ਨੂੰ ਲਗ ਗਈ ਸੀ। ਪਰ ਭਾਈ ਸਾਹਿਬ ਅਡੋਲ ਸਨ। ਉਹਨਾਂ ਨੂੰ ਤੇ ਉਂਜ ਹੀ ਸਵਾ ਪਹਿਰ ਇਕ ਜਾਂ ਦੋ ਪਰਸ਼ਾਦੇ ਨਾਲ ਸਰ ਜਾਂਦਾ ਸੀ। ਰਾਗ ਗਾਇਨ ਕਰਦਿਆਂ ਭੁੱਖ ਬਹੁਤੀ ਲਗਦੀ ਹੀ ਨਹੀਂ ਸੀ…!

ਉਸ ਸ਼ਾਮ ਕਹਿੰਦੇ ਨੇ, ਭਾਈ ਸਾਹਿਬ ਨੇ ਸ਼ਾਮ ਦੀ ਵਾਰੀ ਤੇ ਸਾਰੀ ਬਾਣੀ ਬੇਨਤੀ ਦੇ ਸੁਰਾਂ ਨੂੰ ਮੁੱਖ ਰੱਖ ਕੇ ਪੜ੍ਹੀ। ਉਸ ਸ਼ਾਮ ਅੰਬਰਸਰ ਦੇ ਪੱਕੇ ਨਿੱਤਨੇਮੀ ਹੈਰਾਨ ਸਨ ਕਿ ਭਾਈ ਮਨਸਾ ਸਿੰਘ ਗੁਰਬਾਣੀ ਗਾਇਨ ਕਰ ਰਹੇ ਹਨ ਜਾਂ ਰੁਦਨ ਕਰ ਰਹੇ ਹਨ! ਇਸਤੋਂ ਮਗਰੋਂ ਉਹਨਾਂ ਰਲ ਕੇ ਲੰਗਰ ਵਿਚੋਂ ਹੀ ਸਾਰੇ ਵਿਹੜੇ ਨਾਲ ਪਰਸ਼ਾਦਾ ਛੱਕਿਆ। ਆਮ ਤੌਰ ‘ਤੇ ਭਾਈ ਸਾਹਿਬ ਲੰਗਰ ਵਿਚੋਂ ਪਰਸ਼ਾਦਾ ਨਹੀਂ ਛੱਕਦੇ ਸਨ, ਸਗੋਂ ਆਪਣੀ ਅੱਗ ਬਾਲ ਕੇ ਘੜੇ ਦੀ ਚਿੱਪਰ ਤੇ ਰੋਟੀ ਪਕਾ ਲੈਂਦੇ ਸਨ। ਅਕਾਲ ਤਖਤ ਦੇ ਪਿਛੇ ਬਣੇ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਾਲ ਬਣੀਆਂ ਹੋਈਆਂ ਕੋਠੜੀਆਂ ਵਿਚੋਂ ਇਕ ਭਾਈ ਸਾਹਿਬ ਕੋਲ ਸੀ।

– – – –

ਕੁਝ ਮਹੀਨਿਆਂ ਮਗਰੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲਗ ਗਿਆ ਕਿ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਮਨਸਾ ਸਿੰਘ ਹੋਰੀ ਏਨੇ ਗਰੀਬ, ਪਰ ਸਬਰ ਵਾਲੇ ਹਨ ਕਿ ਉਹਨਾਂ ਕੋਲ ਰੋਟੀ ਪਕੌਣ ਜੋਗੇ ਨਾ ਭਾਂਡੇ, ਨਾ ਤਵਾ, ਨਾ ਬਹੁਤੀ ਰਸਦ ਹੀ ਹੈ।

ਇਸ ਗੱਲ ਦਾ ਪਤਾ ਲਗਦਿਆਂ ਹੀ ਅੰਬਰਸਰ ਆਇਆ ਮਹਾਰਾਜਾ ਰਸਦ ਤੇ ਭਾਂਡੇ ਲੈ ਕੇ ਭਾਈ ਮਨਸਾ ਸਿੰਘ ਦੀ ਕੋਠੜੀ ਵਲ ਟੁਰ ਪਿਆ। ਮਗਰ ਸਿੱਖ ਸਰਦਾਰ ਤੇ ਮਿਸਲਦਾਰ ਸਨ। ਦੂਰੋ ਜਦੋਂ ਭਾਈ ਸਾਹਿਬ ਨੇ ਮਹਾਰਾਜੇ ਨੂੰ ਆਉਂਦਿਆਂ ਦੇਖਿਆ, ਉਹਨਾਂ ਕੋਠੜੀ ਅੰਦਰੋਂ ਬੰਦ ਕਰ ਲਈ। ਮਹਾਰਾਜੇ ਨੇ ਤੇ ਸਾਥੀਆਂ ਨੇ ਲੱਖ ਕਿਵਾੜ ਖੜਕਾਏ, ਭਾਈ ਸਾਹਿਬ ਨੇ ਬੂਹਾ ਨਹੀਂ ਖੋਹਲਿਆਂ। ਬਾਰ-ਬਾਰ ਸੇਵਾ ਪੁੱਛਣ ਤੇ ਅੰਦਰੋਂ ਇਹੀ ਅਵਾਜ਼ ਦਿੱਤੀ-

“ਬਸ ਜੀ, ਸੇਵਾ ਇਹੀ ਹੈ ਕਿ ਅਗੇ ਤੋਂ ਦਰਸ਼ਨ ਨਾ ਦਇਓ ਜੀ।”

ਹਜੂਰੀ ਰਾਗੀ ਦੇ ਸਰਾਪ ਤੋਂ ਡਰਦਿਆਂ ਨਾ ਮਹਾਰਾਜੇ ਦੀ ਕੁਝ ਹਿਮੰਤ ਹੋਈ ਤੇ ਨਾ ਹੀ ਨਾਲ ਆਏ ਸਰਦਾਰਾਂ ਕੁਝ ਕਿਹਾ। ਸਾਰੇ ਚੁੱਪਚਾਪ ਪਰਤ ਗਏ ਸਨ।

ਭਾਈ ਸਾਹਿਬ ਦੇ ਹਿਰਦੇ ਅੰਦਰ ਉਹਨਾਂ ਦੇ ਗੁਰੂ ਰਾਮਦਾਸ ਦੀ ਰਿਆਇਆ ਨਾਲ ਹੋਇਆ ਧੱਕਾ, ਡੂੰਘਾ ਸੱਲ ਬਣਕੇ ਲਹਿ ਗਿਆ ਸੀ।

ਉਹ ਕਿਵੇਂ ਭੁੱਲਦੇ…?

– – – –

ਅੰਗਰੇਜ਼ ਲਾਹੌਰ ਦੇ ਤਖ਼ਤ ਤੇ ਕਾਬਜ ਹੋ ਚੁੱਕੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਕਾਲ ਮੁੱਕ ਚੁੱਕਾ ਸੀ। ਅੰਗਰੇਜੀ ਰਾਜ-ਕਾਜ ਦੌਰਾਨ ਅੰਬਰਸਰ ਦੀ ਕਾਇਆ ਕਲਪ ਸ਼ੁਰੂ ਹੋ ਗਈ ਸੀ। ਅੰਗਰੇਜ਼ ਰੈਜ਼ੀਡੈਟ ਸਰ ਹੈਨਰੀ ਲਾਰੰਸ ਨੇ ਈਸਟ ਇੰਡੀਆ ਕੰਪਨੀ ਕੋਲੋਂ ਮੰਗ ਕੇ ਅੰਬਰਸਰ ਸ਼ਹਿਰ ਲਿਆ ਸੀ।

ਸਰ ਹੈਨਰੀ ਲਾਰੰਸ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਖਰੀ ਚਾਰ-ਪੰਜ ਸਾਲ ਆਉਂਦਾ ਜਾਂਦਾ ਰਿਹਾ ਸੀ, ਅਸਲ ਵਿਚ ਅੰਗਰੇਜ਼ਾਂ ਦਾ ਸੂਹੀਆ ਸੀ। ਫੇਰ ਪਤਾ ਨਹੀਂ ਕਿੱਦਾਂ, ਇਕ ਵਾਰ ਉਹਨੂੰ ਰਾਣੀ ਜਿੰਦਾ ਦੀ ਝਲਕ ਪੈ ਗਈ। ਉਹ ਅਨੁਰਾਗੀ ਬੰਦਾ ਸੀ। ਉਹ ਜਿੰਦਾ ਨਾਲ ਇਕਪਾਸੜ ਨਰਗਿਸੀ ਪਿਆਰ ਕਰਨ ਲਗ ਪਿਆ। ਅਖੀਰ ਵਿਚ ਤੇ ਉਹਦੀ ਇਕਪਾਸੜ ਮੁੱਹਬਤ ਤੇ ਪਾਗਲਪਨ ਏਨਾ ਵਧ ਗਿਆ, ਕਿ ਉਹ ਆਪਣੇ ਆਪ ਨੂੰ ਖਿਆਲਾਂ ਦੇ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਸਮਝਣ ਲਗ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਉਹਨਾਂ ਕਈ ਲੌਂਡੀਆਂ ਵਰਤਣ ਲਈ ਤੇ ਇਕ-ਦੋ ਕਸ਼ਮੀਰੀ ਲੌਂਡੇ ਰੱਖ ਲਏ ਸਨ। ਫੇਰ ਕਿਤੇ ਮਹਾਰਾਜੇ ਨੂੰ ਉਹਦੇ ਪਾਗਲਪਨ ਦੀ ਸ਼ੱਕ ਪੈਣੀ ਸ਼ੁਰੂ ਹੋ ਗਈ। ਉਹਨੇ ਬਹਾਨੇ ਨਾਲ ਉਹਨੂੰ ਪਹਿਲਾਂ ਅੰਬਰਸਰ ਭੇਜ ਦਿੱਤਾ ਤੇ ਫੇਰ ਦੀਵਾਨ ਮੂਲ ਚੰਦ ਕੋਲੋਂ ਦਬਕਾ ਮਰਵਾ ਕੇ ਫਿਲੌਰ ਪਾਰ ਕਰਵਾ ਦਿੱਤਾ ਸੀ।

ਮਹਾਰਾਜੇ ਦੇ ਮਰਦਿਆਂ ਹੀ, ਜਦੋਂ ਸਿੱਖ ਰਾਜ ਖਿੰਡਰਿਆ, ਬੁੱਢਾ ਹੋ ਰਿਹਾ ਸਰ ਲਾਰੰਸ ਫੱਟ ਅੰਗਰੇਜ਼ੀ ਰਾਜ ਸਥਾਪਤ ਹੁੰਦਿਆ ਅੰਬਰਸਰ ਤੇ ਲਾਹੌਰ ਦਾ ਰੈਜ਼ੀਡੈਂਟ ਬਣਕੇ ਆ ਗਿਆ। ਉਸ ਸਮੇਂ ਤੱਕ ਜਿੰਦਾ ਦਾ ਭੂਤ ਉਸ ਅੰਦਰੋਂ ਨਿਕਲ ਚੁੱਕਾ ਸੀ ਤੇ ਅੰਬਰਸਰ, ਲਾਹੌਰ ਉਸਦੀ ਪਹਿਲੀ ਪਸੰਦ ਬਣ ਚੁੱਕਾ ਸੀ।

ਅੰਬਰਸਰ ਆਂਦਿਆਂ ਹੀ ਉਹਨੇ ਪਹਿਲੇ ਦਰਬਾਰ ਸਾਹਿਬ ਕੋਲ ਗਊਆਂ ਕੱਟਣ ਵਾਲੇ ਸਪੈਸ਼ਲ ਬੁੱਚੜਖਾਨੇ ਖੁਲ੍ਹਵਾਏ। ਫੇਰ ਅੰਬਰਸਰ ਦੇ ਬਾਹਰਵਾਰ ਮੁਸਲਮਾਨੀ ਇਲਾਕੇ ‘ਰਾਏ ਤਖਤ’ ਵਿਚ ਬੁੱਚੜਖਾਨੇ ਖੁਲ੍ਹਵਾਏ। ਉਹਦੇ ਆਏ ਦਾ ਇਕ ਫਾਇਦਾ ਕੁੱਤੀ ਵਿਹੜੇ ਵਾਲਿਆਂ ਨੂੰ ਇਹ ਹੋਇਆ ਕਿ ਜਿਹੜਾ ਇਲਾਕਾ ਜੰਗਲ-ਬੀਆਬਾਨ ਸੀ ਤੇ ਰਾਤ ਪਏ ਤੇ ਵਿਹੜਾ ਹਨੇਰੇ ਨਾਲ ਭਰ ਜਾਂਦਾ ਸੀ, ਉਸ ਵਿਹੜੇ ਦੇ ਨਾਲ-ਨਾਲ ਬਣੇ ਲਾਂਘੇ ਉਪਰ ਸਰ ਲਾਰੰਸ ਨੇ ਰਾਤ ਨੂੰ ਮਸ਼ਾਲਾਂ ਬਾਲਣ ਤੇ ਰੌਸ਼ਨੀ ਕਰਨ ਦਾ ਹੁਕਮ ਲਾ ਦਿੱਤਾ। ਮਸ਼ਾਲ ਬਾਲਣ ਦੀ ਨੌਕਰੀ ਤੇ ਖਰਚਾ ਵੀ ਅੰਗਰੇਜ਼ ਹਕੂਮਤ ਨੇ ਵਿਹੜੇ ਦੇ ਚੌਧਰੀ ਨੂੰ ਦੇਣਾ ਮੰਨ ਲਿਆ ਸੀ।

ਚੌਧਰੀ ਪੂਰਬਾ ਤੇ ਉਹਦੇ ਇਕ ਦੋ ਸਾਥੀ ਰੋਜ਼ ਰਾਤ ਨੂੰ ਤੇਲ ਲਿਬੜੀਆਂ ਮਸ਼ਾਲਾਂ ਬਾਲ ਕੇ ਲੱਕੜ ਦੇ ਖੰਭਿਆਂ ਤੇ ਟੰਗਦੇ ਤੇ ਕਿਲੋਮੀਟਰ ਲੰਮੇ ਰਾਹ ਤੇ ਰੌਸ਼ਨੀਆਂ ਕਰਦੇ। ਰਾਤ ਹਨੇਰੇ ਵਿਚ ਸਦੀਆਂ ਤੋਂ ਹਨੇਰਾ ਢੋਦਾਂ ਵਿਹੜਾ ਹੁਣ ਰਾਤ ਨੂੰ ਜਗਮਗ ਕਰਦਾ ਸੀ।

– – – –

ਇਸ ਦੌਰਾਨ ਕੂਕਿਆਂ (ਨਾਮਧਾਰੀਆਂ) ਨੇ ਬਾਬੇ ਰਾਮ ਸਿੰਘ ਦੀ ਪ੍ਰੇਰਨਾ ਨੂੰ ਮੁੱਖ ਰੱਖਕੇ ਆਪਣੀ ਲਹਿਰ ਪ੍ਰਚੰਡ ਕਰਨੀ ਸ਼ੁਰੂ ਕਰ ਦਿੱਤੀ। 1849-50 ਵਿਚ ਸਰ ਲਾਰੰਸ ਨੇ ਆਪਣੇ ਕਮਿਸ਼ਨਰ ਐਮ.ਸੀ. ਸਾਂਡਰਸ ਨੂੰ ਬੁੱਚੜਖਾਨੇ ਖੋਹਲਣ ਤੇ ਕਸਾਈਆਂ ਦੀ ਸਰਕਾਰੀ ਹਿਫ਼ਾਜਤ ਦਾ ਹੁਕਮ ਦੇ ਰੱਖਿਆ ਸੀ। ਸਾਂਡਰਸ ਨੇ ਡਿਊਟੀ ਬਖੂੂਬੀ ਵਜਾਈ ਸੀ। ਸਰ ਲਾਰੰਸ ਨੇ ਆਪਣੀ ਕੋਠੀ ਅੰਬਰਸਰ ਦੇ ਬਾਹਰਵਾਰ ਠੰਡੀ ਸੜਕ ਤੇ ਬਣਵਾਈ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਗਰਮੀਆਂ ਦੇ ਮਹੱਲ ‘ਰਾਮ ਬਾਗ’ ਕੋਲ ਸੀ। ਇਹੀ ਮਗਰੋਂ ਲਾਰੰਸ ਬਾਗ ਤੇ ਲਾਰੰਸ ਰੋਡ ਬਣਿਆ ਸੀ। ਉਹਦੇ ਸੈਕਟਰੀ ਦੀ ਕੋਠੀ ਬਾਬੇ ਸ਼ਹੀਦਾਂ ਸਾਹਮਣੇ ਚਾਟੀਵਿੰਡ ਰੋਡ ਤੇ ਸੀ, ਜਿਹੜੀ ਸਕੱਤਰੀ ਦੇ ਬਾਗ ਨਾਲ ਮਸ਼ਹੂਰ ਹੋਈ।

1871 ਦੌਰਾਨ ਭਰੇ-ਪੀਤੇ ਨਾਮਧਾਰੀਆਂ ਨੇ ਗਊਆਂ ਮਾਰਨ ਵਾਲੇ ਤਿੰਨ ਕਸਾਈ:- ਪੀਰ, ਜਿਊਣਾ ਤੇ ਸ਼ਾਦੀ ਮਾਰ ਘੱਤੇ। ਚੌਥਾ ਕਸਾਈ ‘ਅਸਾਮੀ’ ਐਂਵੇ ਤੀਂਘੜ ਪਿਆ, ਸੋ ਤੁਰੇ ਜਾਂਦਿਆਂ ਕੂਕਿਆਂ ਨੇ ਉਹ ਵੀ ਗੱਡੀ ਚਾੜ੍ਹ ਦਿੱਤਾ। ਆਪ ਉਹ ਰੂਹਪੋਸ਼ ਹੋ ਗਏ।

ਇਧਰ ਵਿਹੜੇ ਵਾਲੇ ਡਰ ਗਏ ਸਨ ਕਿ ਕਿਧਰੇ ਕੂਕੇ ਉਹਨਾਂ ਨੂੰ ਆ ਕੇ ਪੈ ਨਾ ਜਾਣ! ਉਹ ਡਰੇ ਹੋਏ, ਪੂਰਬੇ ਦੀ ਅਗਵਾਈ ਵਿਚ ਸਰ ਲਾਰੰਸ ਕੋਲ ਪੇਸ਼ ਹੋ ਗਏ। ਸਰ ਲਾਰੰਸ ਬੁੱਢਾ ਹੋ ਗਿਆ ਸੀ, ਪਰ ਅੰਗਰੇਜ਼ੀ ਸਲਤਨਤ ਦਾ ਵਫਾਦਾਰ ਸੀ। ਜਦ ਉਹਨੂੰ ਪਤਾ ਲਗਾ ਕਿ ਉਹਨੂੰ ਕੁੱਤੀ ਵਿਹੜੇ ਦੇ ਚੂਹੜੇ ਮਿਲਣ ਆਏ ਹਨ ਤਾਂ ਉਹਨੇ ਇਕਦਮ ਆਪਣੇ ਨਿੱਜੀ ਸਹਾਇਕ ਤੇ ਦੁਭਾਸ਼ੀ ਚਤਰ ਸਿੰਘ ਨੂੰ ਸੱਦ ਲਿਆ। ਜੀ-ਹਜ਼ੂਰੀਏ ਚਤਰ ਸਿੰਘ ਨੇ ਜਦੋਂ ‘ਚੂਹੜਿਆਂ ਦੀ ਕੌਮ’ ਦੀ ਤਫਸੀਲ ਖੋਹਲ ਕੇ ਦੱਸੀ ਤਾਂ ਲਾਰੰਸ ਦਾ ਅੰਗਰੇਜ਼ ਦਿਮਾਗ ਫੱਟ ਡੂੰਘੀ ਸੋਚ ਵਿਚ ਲਹਿ ਗਿਆ। ਕੁਝ ਮਿੰਟਾਂ ਬਾਦ ਉਹਨੇ ਚਤਰ ਸਿੰਘ ਨੂੰ ਕਿਹਾ –

“ਓਹ! ਦੇ ਆਰ ਅਨਟਚੇਬਲਜ਼?” [“Oh! They are untouchables.”]

ਫੇਰ ਸੋਚ-ਸੋਚ ਕੇ ਉਹਨੇ ਆਪਣੇ ਸੈਕਟਰੀ ਨੂੰ ਕਿਹਾ, ਕਿ ਇਹਨਾਂ ਦੀ ਰਾਖੀ ਲਈ ਗਸ਼ਤ-ਪਾਰਟੀ ਲਾਈ ਜਾਏ। ਨਾਲ ਹੀ ਕਿਹਾ ਕਿ ਇਹਨਾਂ ਲਈ ਚਰਚ ਨੂੰ ਬੇਨਤੀ ਕਰੋ ਕਿ ਸਕੂਲ ਤੇ ਹਸਪਤਾਲ ਖੋਹਲੇ।

…ਕੁਝ ਦੇਰ ਬਾਦ ਆਪ ਹੀ ਆਪਣੇ ਹੁਕਮ ਨੂੰ ਕੱਟ ਕੇ ਸੈਕਟਰੀ ਨੂੰ ਕਿਹਾ ਕਿ ਜਾਕੇ ਲਾਟ ਪਾਦਰੀ ਫਾਦਰ ਜੇਮਜ਼ ਨੂੰ ਲੈ ਆਉ ਤੇ ਅਜੇ ਸਕੂਲ ਤੇ ਹਸਪਤਾਲ ਵਾਲਾ ਕੰਮ ਰਹਿਣ ਦਿਉ…!

ਲਾਟ ਪਾਦਰੀ ‘ਫਾਦਰ ਜੇਮਜ਼’ ਦੇ ਆਉਣ ਤੇ ਸਰ ਲਾਰੰਸ ਨੇ ਉਹਦਾ ਆਸ਼ੀਰਵਾਦ ਲਿਆ ਤੇ ਲੰਮੀ ਸਲਾਹ ਤੋਂ ਬਾਦ ਫਾਦਰ ਨੂੰ ‘ਕੁੱਤੀ ਵਿਹੜੇ’ ਵਿਚ ਆਪਣੇ ਦੁਭਾਸ਼ੀਏ ਨੂੰ ਨਾਲ ਭੇਜਣ ਤੇ ਕੁੱਤੀ ਵਿਹੜੇ ਦੇ ਚੂਹੜਿਆਂ ਨੂੰ ‘ਪ੍ਰਭੂ ਦੇ ਪੁੱਤਰ ਯਸੂ’ ਦੇ ਬਚਨ ਸੁਣਾਨ ਦੀ ਬੇਨਤੀ ਕੀਤੀ।

ਫਾਦਰ ਦੇ ਜਾਣ ਮਗਰੋਂ ਉਹਨੇ ਆਪਣੇ ਸੈਕਟਰੀ ਤੇ ਦੁਭਾਸ਼ੀਏ ਚਤਰ ਸਿੰਘ, ਦੋਹਾਂ ਨੂੰ ਭੇਦ ਭਰੇ ਢੰਗ ਨਾਲ ਕਿਹਾ-

“ਅਜੇ ਨਾ ਸਕੂਲ, ਨਾ ਹਸਪਤਾਲ ਦੀ ਲੋੜ ਹੈ। ਵੱਡੀ ਲੋੜ ਇਹਨਾਂ ਨੂੰ ਪ੍ਰਭੂ ਯਸੂ ਦੀਆਂ ਬਰਕਤਾਂ ਬਾਰੇ ਦੱਸਣ ਦੀ ਹੈ।”

ਫੇਰ ਬੜੇ ਭੇਤੀ ਢੰਗ ਨਾਲ ਚਤਰ ਸਿੰਘ ਵਲ ਵੇਖਿਆ, ਜਿਹੜਾ ਉਹਦਾ ਇਸ਼ਾਰਾ ਸਮਝ ਕੇ ਹੱਸ ਰਿਹਾ ਸੀ। ਉਹਨੂੰ ਅੱਖ ਮਾਰਕੇ ਕਹਿਣ ਲਗਾ-

“They are our actual trump-cards.”
ਜਵਾਬ ਵਿਚ ਚਤਰ ਸਿੰਘ ਹੱਸਿਆ।

ਇਹ ਉਹੀ ਚਤਰ ਸਿੰਘ ਸੀ, ਜਿਹੜਾ ਵਰ੍ਹਿਆਂ ਬਾਦ ਸਿੱਖੀ ਛੱਡ ਕੇ ਮਾਝੇ ਦਾ ਲਾਟ-ਪਾਦਰੀ ਬਣਿਆ!

– – – –

ਬੰਟੀ ਮਸੀਹ ਪਿਉ-ਵਾਹਣਾ ਬਾਲਕ ਸੀ। ਉਹਦਾ ਪਿਉ ਕਿਰਪਾਨਾਂ ਬਜ਼ਾਰ ਵਾਲੇ ਲੁਹਾਰਾਂ ਨਾਲ ਲੜਾਈ ਵਿਚ ਮਾਰਿਆ ਗਿਆ ਸੀ। ਲੁਹਾਰ ਬੇਅੰਤ ਤਗੜੇ ਸਨ ਤੇ ਬਹੁਗਿਣਤੀ ਵਿਚ ਸਨ! ਇਧਰ ਬੰਟੀ ਦਾ ਪਿਉ ਤੇ ਤਿੰਨ-ਚਾਰ ਹੋਰ ਚੂਹੜੇ ਸ਼ਰਾਬ ਪੀਕੇ ਰੋਜ਼ ਸ਼ਾਮ ਨੂੰ, ਦੁਪਹਿਰ ਨੂੰ ਤੇ ਗਈ ਰਾਤ ਤੱਕ ਚੀਕਾਂ ਤੇ ਬੜ੍ਹਕਾਂ ਮਾਰਦੇ ਸਨ। ਇਕ ਦਿਨ ਦੋਹਾਂ ਧਿਰਾਂ ਦੀ ਵਾਹਵਾ ਪੀਤੀ ਹੋਈ ਸੀ ਤੇ ਆਹਮੋ-ਸਾਹਮਣੇ ਹੋ ਪਈਆਂ। ਲੜਾਈ ਤੇ ਹੁੰਦੀ ਢਾਈ ਫੱਟ ਦੀ ਹੈ, ਜਿਹੜਾ ਪਹਿਲੇ ਲਾ ਗਿਆ! ਲੁਹਾਰਾਂ ਨੇ ਪਹਿਲ ਕਰ ਲਈ। ਬੰਟੀ ਦੇ ਪਿਉ ਤੇ ਉਹਦੇ ਸਾਥੀਆਂ ਦੇ ਛੁਰੀਆਂ ਕੱਢਣ ਤੋਂ ਪਹਿਲਾਂ ਹੀ ਲੁਹਾਰਾ ਨੇ ਟਕੂਏ ਤੇ ਨਲਕਿਆਂ ਦੀਆਂ ਹੱਥੀਆਂ ਮਾਰ-ਮਾਰ ਸਾਰੇ ਢੇਰ ਕਰ ਦਿੱਤੇ। ਬੰਟੀ ਦਾ ਪਿਉ ਤੇ ਉਥੇ ਨਾਲੀ ਕੋਲ ਡਿੱਗ ਕੇ ਹੀ ਮਰ ਗਿਆ। ਬਾਕੀ ਵੀ ਲਹੂ-ਲੁਹਾਣ ਹੋ ਕੇ ਡਿੱਗ ਪਏ। ਰੌਲਾ ਸੁਣਕੇ ਸਾਰੇ ਵਿਹੜੇ ਦੇ ਮਰਦ ਭੱਜ ਕੇ ਆਏ, ਪਰ ਲੁਹਾਰਾਂ ਅਗੇ ਕੋਈ ਪੇਸ਼ ਨਾ ਗਈ। ਲੁਹਾਰਾਂ ਨੇ ਬੀ. ਡਵੀਜਨ ਦੇ ਥਾਣੇਦਾਰ ਨੂੰ ਵੱਢੀ ਦਿੱਤੀ ਤੇ ਹਸਪਤਾਲ ਜਾ ਪਏ। ਆਪੇ ਫੱਟ ਲਾਕੇ ਬਰਾਬਰ ਦਾ ਪਰਚਾ ਕੱਟਵਾ ਲਿਆ। ਇਸ ਘਟਨਾ ਤੋਂ ਹਫਤੇ ਕੁ ਬਾਦ ਹੀ ਸਾਰੇ ਭਾਰਤ ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ। ਸਾਰੀ ਪੁਲਸ ਦਾ ਧਿਆਨ ਮੀਸਾ ਅਧੀਨ ਬਾਕੀ ਲੋਕਾਂ ਨੂੰ ਫੜਨ ਵਲ ਹੋ ਗਿਆ ਤੇ ਇਹ ਕੇਸ ਘੱਟੇ-ਕੌਡੀਆਂ ਰੁਲ ਗਿਆ। ਬੰਟੀ ਦੀ ਮਾਂ ਨੇ ਬਾਦ ਵਿਚ ਮੁਆਵਜਾ ਲੈ ਕੇ ਲੁਹਾਰਾਂ ਨਾਲ ਰਾਜੀਨਾਵਾਂ ਕਰ ਲਿਆ। ਬੰਟੀ ਬਚਪਨ ਤੋਂ ਹੀ ਬੜੇ ਹੱਸਾਸ ਮਨ ਦਾ ਸੀ, ਪਰ ਉਹਨੂੰ ਮੌਲਣ ਲਈ ਧਰਤੀ ਨਾ ਮਿਲੀ। ਹੌਲੀ-ਹੌਲੀ ਉਹਦਾ ਬਚਪਨ ਖੁਰਦਾ ਗਿਆ ਤੇ ਅੰਤ ਇਕ ਖਿੰਗਰ-ਪੱਥਰ ਜਿਹਾ ਬੇਤਰਸ ਬੱਚਾ ਸਾਹਮਣੇ ਆ ਗਿਆ! ਫੇਰ ਵੀ ਜਦੋਂ ਕਦੀ ਬੰਟੀ ਇਕੱਲਾ ਬੈਠਾ ਹੁੰਦਾ, ਉਹ ਡੂੰਘੀਆਂ ਸੋਚਾਂ ਵਿਚ ਲਹਿ ਜਾਂਦਾ। ਉਹਦਾ ਪਿਉ ਉਹਨੂੰ ਸਵਾ ਸਾਲ ਦੇ ਨੂੰ ਛੱਡ ਕੇ ਮਰ ਗਿਆ ਸੀ। ਇਕ ਵੱਡੀ ਭੈਣ ਸੀ ਤੇ ਨਿੱਕਾ ਉਦੋਂ ਮਹੀਨੇ ਕੁ ਦਾ ਸੀ। ਮਾਂ ਨੇ ਕਿਤੇ ਹੋਰ ਮੁੜ ਚਾਦਰ ਨਾ ਪਾਈ। ਉਦੋਂ ਕੋਠੇ ਖਤਮ ਹੋ ਚੁੱਕੇ ਸਨ ਤੇ ਸਾਰੇ ਅੰਬਰਸਰ ਵਿਚ ਸੀਵਰੇਜ ਤੇ ਫਲੱਸ਼ ਲਗ ਗਏ ਸਨ। ਅੰਬਰਸਰ ਦੇ ‘ਚਾਰ ਸੌ ਸਾਲਾ’ ਦਿਵਸ ਤੇ ਸਰਕਾਰ ਦਾ ਇਹ ਤੋਹਫ਼ਾ ਸੀ, ਨਾਲ ਉਨ੍ਹਾਂ ਨੇ ਚੂਹੜਿਆਂ ਦੀ ਮੁਕਤੀ ਦਾ ਨਾਅਰਾ ਦੇ ਦਿੱਤਾ – “ਸਿਰ ਤੇ ਟੋਕਰੀ ਨਹੀਂ…!”

ਇਸ ਨਾਅਰੇ ਨੇ ਹਜ਼ਾਰਾਂ ਚੂਹੜੇ ਭੁੱਖੇ ਮਰਨ ਲਾ ਦਿੱਤੇ ਸਨ, ਪਰ ਬੰਟੀ ਦੀ ਮਾਂ ਨੂੰ ਤਰਸ ਦੇ ਅਧਾਰ ‘ਤੇ ਕੌਂਸਲਰ ਭਾਟੀਏ ਨੇ ਸਫਾਈ ਸੇਵਕਾ ਲਵਾ ਦਿੱਤਾ। ਉਹ ਹਰ ਮਹੀਨੇ ਬੱਝਵੀਂ ਤਨਖਾਹ ਲੈਂਦੀ ਤੇ ਦੋ ਟਾਇਮ ਆਪਣੇ ਇਲਾਕੇ ਵਿਚ ਸਫਾਈ ਕਰਦੀ। ਤਨਖਾਹ ਭਾਵੇਂ ਥੋੜ੍ਹੀ ਸੀ, ਪਰ ਉਹ ਸੰਜੂੜੀ ਹੋਣ ਕਰਕੇ ਘਰ ਵਾਹਵਾ ਤੋਰੀ ਜਾਂਦੀ ਸੀ। ਇਨ੍ਹਾਂ ਦਿਨਾਂ ਵਿਚ ਹੀ ਗੂੰਹ-ਮੂਤਰ ਚੁੱਕਣ ਦੇ ਕੰਮ ਤੋਂ ਵਿਹਲੀਆਂ ਹੋਈਆਂ ਵਿਹੜੇ ਦੀਆਂ ਜਨਾਨੀਆਂ ਕੰਮ-ਕਾਰ ਮੰਗਣ ਨਿਕਲੀਆਂ। ਉਨ੍ਹਾਂ ਨੂੰ ਭਿੱਟ ਮੰਨਦਾ ਕੋਈ ਘਰ ਕੰਮ ਨਾ ਦਏ! ਅਖੀਰ ਈਸਟ ਮੋਹਨ ਨਗਰ ਦੇ ਇਕ ਬੰਗਾਲੀ ਬੈਂਕ ਮੈਨੇਜਰ ਨੇ ਸੱਤਰਵਿਆਂ ਦੇ ਅਖੀਰ ਵਿਚ ਉਨ੍ਹਾਂ ਨੂੰ ਭਾਡੇਂ-ਸਫ਼ਾਈਆਂ ਦਾ ਕੰਮ ਦੇ ਕੇ ਅੰਬਰਸਰੀਆਂ ਦੀ ਇਹ ਝਿਜਕ ਵੀ ਤੋੜ ਦਿੱਤੀ। ਫੇਰ ਤਾਂ ਅਨੇਕਾਂ ਹੀ ਪਰਵੀਨ, ਡੇਜ਼ੀ ਤੇ ਰੂਪਾਂ ਤੇ ਫਰੀਡਾਂ, ਘਰਾਂ ਦੇ ਕੰਮ ਕਰਨ ਲਗੀਆਂ।

ਬੰਟੀ ਜਦ ਆਪਣੇ ਵਿਹੜੇ ਦੀਆਂ ਜਨਾਨੀਆਂ ਨੂੰ ਕੰਮਾਂ-ਕਾਰਾਂ ਤੇ ਜਾਂਦੀਆਂ ਦੇਖਦਾ ਤਾਂ ਉਹਦੇ ਬਾਲਕ-ਮਨ ਵਿਚ ਕੁਛ-ਕੁਛ ਹੁੰੰਦਾ। ਬਹੁਤੇ ਬਾਲਮੀਕੀਏ ਜਾਂ ਤਾਂ ਚਰਸ ਪੀਂਦੇ, ਜਿਹੜੀ ਉਦੋਂ ਆਮ ਮਿਲ ਜਾਂਦੀ ਸੀ। ਜਾਂ ਫੇਰ ਅੰਨਗੜ੍ਹ ਜਾ ਕੇ ਘਰ ਦੀ ਕੱਢੀ ਸ਼ਰਾਬ ਲਿਆ ਕੇ ਪੀਵੀ ਜਾਂਦੇ। ਕੰਮਕਾਰ ਵੀ ਕਰਦੇ, ਪਰ ਕਮਾਈ ਘਰ ਘੱਟ ਹੀ ਪਹੁੰਚਦੀ। ਹੌਲੀ-ਹੌਲੀ ਬੰਟੀ ਵੱਡਾ ਹੁੰਦਾ ਗਿਆ ਤੇ ਉਹਨੂੰ ਇਹ ਵੀ ਪਤਾ ਲਗੱ ਗਿਆ ਕਿ ਅੱਧੇ ਤੋਂ ਵੱਧ ਉਹਦੀਆਂ ਮਾਵਾਂ-ਭੈਣਾਂ, ਦੇਹ-ਵਪਾਰ ਵਿਚੋਂ ਵੀ ਰੋਟੀ ਕੱਢ ਰਹੀਆਂ ਸਨ।ਬੰਟੀ ਜਦੋਂ ਅਕਸਰ ਆਪਣੇ ਸਾਥੀਆਂ ਨਾਲ ਪੀਰਾਂ ਦੇ ਡੇਰਿਆਂ ਤੇ ਜਾਂਦਾ, ਤਾਂ ਬੀੜੀ-ਸਿਗਰਟ ਹੀ ਪੀਂਦਾ। ਜਦੋਂ ਕਵਾਲ ਗੌਂਦੇੇ-

“ਵੇ ਸੁੰਨੀਆਂ ਤੇਰੇ ਬਾਝ ਕਨਾਤਾਂ

ਵਿਹੜੇ ਆ ਵੜ ਮੇਰੇ

ਸਾਈਆਂ ਮੈਂ ਖੜ੍ਹੀ ਦਵਾਰੇ ਤੇਰੇ”

ਤਾਂ ਜੀਅ ਕਰਦਾ ਕਿ ਉਹ ਕੱਵਾਲਾਂ ਨਾਲ ਹੀ ਰਲ ਜਾਏ ਤੇ ਡੇਰਿਆਂ ਤੇ ਗੌਂਦਾ ਫਿਰੇ! ਜਦੋਂ ਕਦੀ ਉਨ੍ਹਾਂ ਦਿਆਂ ਬਜ਼ਾਰਾਂ ਵਿਚੋਂ ਲੁਬਾਣਿਆਂ ਦਾ ਸੋਹਣ ਸਿੰਘ, ਆਪਣੇ ਭਲਵਾਨੀ ਸਰੀਰ ਨਾਲ ਰੇਹੜੀ ਧੱਕਦਾ ਹੋਕਾ ਦੇਂਦਾ-

“ਸਾਵੀਂ ਬੂਰਾ

ਸਾਵੀਂ ਪਿਆਜ਼!

ਆਲੂ ਲੈ ਲੈ

ਪਿਆਜ਼ ਲੈ ਲੈ!”

ਉਦੋਂ ਉਹਨੂੰ ਸੋਹਣ ਸਿੰਘ ‘ਤੇ ਵੀ ਰਸ਼ਕ ਹੁੰਦਾ ਸੀ। ਸੋਹਣ ਸਿੰਘ ਸਵੇਰੇ-ਸ਼ਾਮ ਘਈਓ ਉਸਤਾਦ ਦੇ ਅਖਾੜੇ ਵਿਚ ਘੁਲਦਾ ਸੀ। ਬੰਟੀ ਹੁਰਾਂ ਕਈ ਵਾਰ ਸੋਹਣ ਸਿੰਘ ਨੂੰ ਘੁੱਲਦਾ ਤੱਕਿਆ ਸੀ। ਪਰ ਬੰਟੀ ਨੂੰ ਸੁੱਝਦਾ ਨਹੀਂ ਸੀ ਕਿ ਉਹਦੀ ਮੰਜ਼ਿਲ ਕਿਥੇ ਸੀ? ਮਾਂ ਨੌਕਰੀ ਕਰਦੀ ਤੇ ਘਰ ਦੀ ਰੋਟੀ ਟੁਰੀ ਜਾਂਦੀ। ਸਕੂਲ ਤਿੰਨ੍ਹਾਂ ਬੱਚਿਆਂ ਵਿਚੋਂ ਕੋਈ ਨਹੀਂ ਸੀ ਗਿਆ। ਬੰਟੀ ਜਵਾਨ ਹੋ ਰਿਹਾ ਸੀ, ਪਰ ਕੰਮ-ਕਾਰ ਕਿਥੇ ਸੀ? ਉਹ ਕਦੀ-ਕਦੀ ਸੱਤੇ ਤੇ ਪੈਟਰਿਕ ਮਸੀਹ ਨਾਲ ਲੰਮੇ ਬਾਂਸ ਫੜਕੇ ਵਡੇ ਨਗਰਾਂ ਦੇ ਸੀਵਰੇਜ ਖੋਹਲਣ ਲਈ ਜਾਂਦਾ, ਕਿਉਂਕਿ ਸੀਵਰੇਜ ਪ੍ਰਬੰਧ ਨਾਕਸ ਸੀ ਤੇ ਵੱਡੀਆਂ ਕੋਠੀਆਂ ਵਾਲੇ ਹਰ ਤਰ੍ਹਾਂ ਦਾ ਗੰਦਮੰਦ ਵੀ ਸੀਵਰੇਜਾਂ ਵਿਚ ਸੁੱਟਦੇ ਸਨ। ਸੀਵਰੇਜ ਅਕਸਰ ਬੰਦ ਰਹਿੰਦੇ…!

ਇਨ੍ਹਾਂ ਮੰਦੇ ਹਾਲਾਂ ਵਿਚ ਹੀ, ਜਦੋਂ ਹੋਰ ਪਤਾ ਨਹੀਂ ਕਿਸ-ਕਿਸ ਬੰਦ ਦਾ ਸਰਕਾਰ ਵੱਲੋਂ ਇੰਤਜ਼ਾਮ ਹੋ ਰਿਹਾ ਸੀ, ਪੰਜਾਬ ਵਿਚ ਸਥਾਪਤੀ ਦੀਆਂ ਏਜੰਸੀਆਂ ਨੇ ਨਸ਼ੇ ਦਾ ਚੌਥਾ ਦਰਿਆ ਵਹਾ ਦਿੱਤਾ ਸੀ। ਏਨੀ ਮਾਤਰਾ ਵਿਚ, ਤੇ ਏਨੀ ਸਸਤੀ ਤੇ ਸੌਖੀ ਪੱਧਰ ਤੇ ਨਸ਼ਾ ਮਿਲਣ ਲਗਾ ਕਿ ਬੰਟੀ ਵਰਗੇ ਭਟਕ ਰਹੇ ਅਨੇਕ ਸਿੰਘ, ਲਾਲ ਤੇ ਮਸੀਹ, ਨਸ਼ਿਆਂ ਦੇ ਦਰਿਆ ਵਿਚ ਹੜ੍ਹ ਗਏ। ਬੰਟੀ ਨੂੰ ਪਹਿਲੇ ਸ਼ਰਾਬ ਤੇ ਫੇਰ ਸਮੈਕ ਦੀ ਲੱਤ ਲਗ ਗਈ ਸੀ। ਉਹਦੇ ਸਾਥੀ ਵੀ ਬਚ ਨਾ ਸਕੇ। ਆਖਰ ਬਾਰ ਬਾਰ ਦੀ ਥਾਣਾ ਬੀ. ਡਵੀਜਨ ਦੀ ਕੁੱਟ ਤੋਂ ਤੰਗ ਆਇਆ ਬੰਟੀ ਸਮੈਕ ਪੀਣ ਦੇ ਨਾਲ-ਨਾਲ ਵੇਚਣ  ਵੀ ਲਗ ਪਿਆ। ਥਾਣੇਦਾਰਾਂ ਉਹਨੂੰ ਕੁੱਟਣਾ ਛੱਡ ਦਿੱਤਾ ਤੇ ਉਹਨੂੰ ਬਣਦਾ ਮਾਲ ਦੇ ਦੇਂਦੇ ਤੇ ਕਮਿਸ਼ਨ ਲਈ ਜਾਂਦੇ ਸਨ। ਉਹ ਮਸ਼ਹੂਰ ਸਮੈਕ ਸਮਗਲਰ ‘ਸੱਤੀ ਬਾਹਮਣ’ ਲਈ ਕੰਮ ਕਰਨ ਲਗਾ, ਜੀਹਦਾ ਨਸ਼ਾ ਸਾਰੇ ਅੰਬਰਸਰ ਵਿਚ ਵਿਕਦਾ ਸੀ। ਸੱਤੀ ਦੇ ਪੇਚੇ ਅੰਮ੍ਰਿਤਸਰ ਦੇ ਐੱਸ.ਐਸ.ਪੀ. ਨਹੀਂ, ਸਗੋਂ ਸਿੱਧੇ ਚੰਡੀਗੜ੍ਹ ਤੱਕ ਲਗਦੇ ਸਨ। ਉਹ ਵੇਲੇ ਦੇ ਕਾਤਲ, ਚੋਰ ਤੇ ਭਾੜੇ ਤੇ ਭੀੜ ਇਕੱਠੀ ਕਰਨ ਵਾਲੇ ਦੱਲੇ ਵੀ ਮੁਹੱਈਆ ਕਰਵਾਂਦਾ ਸੀ। …ਬੰਟੀ ਹੁਣ ਉਸੇ ਦਾ ਫੀਲ਼ਾ ਸੀ।

– – – –

ਮਲਕਾ ਨੂੰ ਖੁਸ਼ ਕਰਨ ਲਈ ਈਸਟ ਇੰਡੀਆ ਕੰਪਨੀ ਕੋਈ ਮੌਕਾ ਨਹੀਂ ਸੀ ਜਾਣ ਦੇਂਦੀ। ਅੰਗਰੇਜ਼ੀ ਹਕੂਮਤ ਨੇ ਮਲਕਾ ਦੀ ਖੁਸ਼ੀ ਲਈ 1909 ਵਿਚ ਮਲਕਾ ਦੇ ਬੁੱਤ ਬਣਵਾ ਕੇ ਭਾਰਤ ਵਿਚ ਭੇਜੇ। ਕੁਛ ਤੇ ਸਾਊਥ ਦੇ ਕਲਾਕਾਰਾਂ ਆਪ ਬਣਾ ਦਿੱਤੇ, ਪਰ ਅੰਬਰਸਰ ਜਿਹੜਾ ਸੀ, ਉਹਨੂੰ ਦਰਬਾਰ ਸਾਹਿਬ ਤੋਂ ਪਰ੍ਹੇ ਕਰਕੇ, ਨੀਂਵੇ ਬਜ਼ਾਰ ਬਾਹਰ ਨਿਕਲ ਕੇ ਚੌਂਕ ਬਣਾ ਕੇ ਲਾਇਆ ਗਿਆ। ਉਹਦੀ ਸੇਧ ਸਿੱਧੀ ਜਾ ਕੇ ਜਲ੍ਹਿਆਂ ਦੇ ਬਾਗ ਦੇ ਗੇਟ ਦੇ ਉਲਟੇ ਪਾਸੇ ਦਿਖਦੀ ਸੀ। ਜਲ੍ਹਿਆਂ ਦੇ ਬਾਗ ਵਲ ਪਿੱਠ ਕਰੋ ਤੇ ਮਲਕਾ ਦਾ ਬੁੱਤ ਦਿਸਦਾ ਸੀ!

ਉਥੇ ਬੁੱਤ ਲਗਣ ਤੋਂ ਬਾਦ ਇਕ ਨਵੀਂ ਹੀ ਗੱਲ ਵਾਪਰੀ। ਅੰਬਰਸਰ ਸ਼ਹਿਰ ਭੰਗੜਾਂ ਤੇ ਅਫੀਮੀਆਂ ਨੂੰ, ਪਿੰਗਲਿਆਂ, ਮੰਗਤਿਆਂ, ਚਰਸੀਆਂ ਨੂੰ ਪੁਸ਼ਤ ਪਨਾਹੀ ਦੇਂਦਾ ਰਿਹਾ ਹੈ। ਲੰਗਰ ਵੱਖੋ-ਵੱਖ ਗੁਰਦੁਆਰਿਆਂ ਵਿਚੋਂ ਛੱਕਦੇ ਅਨੇਕਾਂ ਵਿਹਲੜ ਤੇ ਨਸ਼ਈ ਉਥੇ ਫਿਰਦੇ ਸਨ। ਪਿੰਡਾਂ ਦੇ ਮਾਈ-ਭਾਈ ਹਰ ਤਿੱਥ-ਤਿਉਹਾਰ ਤੇ ਮੱਸਿਆ-ਸੰਗਰਾਂਦ ਖੀਰ ਜਾਂ ਹੋਰ ਰਸਦ ਬਣਾ ਕੇ ਲਿਆਂਦੇ ਸਨ।

ਹੁਣ ਵਾਪਰਿਆ ਇਹ ਕਿ, ਕਾਫੀ ਸਾਰੇ ਨਸ਼ਈ ਤੇ ਵਿਹਲੜ, ਜਾਂ ਕਾਮ ਦੇ ਸਤਾਏ ਮੰਗਤੇ ਤੇ ਚਰਸੀ, ਰਾਤ ਦੇ ਆਖਰੀ ਪਹਿਰ, ਭਾਵ ਡੇਢ ਦੋ ਵਜੇ ਮਲਕਾਂ ਦੇ ਬੁੱਤ ਕੋਲ ਇਕੱਠੇ ਹੋ ਜਾਂਦੇ। ਵਾਰੀ-ਵਾਰੀ ਉਹ ਚਬੂਤਰੇ ਤੇ ਚੜ੍ਹਦੇ ਤੇ ਮਲਕਾ ਦੇ ਬੁੱਤ ਨਾਲ ਨੰਗੀਆਂ-ਜੱਫੀਆਂ ਪਾਉਂਦੇ। ਉਹਦੇ ਤਿੱਖੇ ਉਭਾਰਾਂ ਤੇ ਹੱਥ ਫੇਰਦੇ। ਠੰਡਾ ਸੰਗਮਰਮਰ ਉਹਨਾਂ ਨੂੰ ਸਕੂਨ ਦੇਂਦਾ ਤੇ ਉਹ ਕਾਮੁਕ ਹੋਕੇ ਹੱਥ-ਰੱਸੀ ਕਰਦੇ ਤੇ ਵਾਰੀ-ਵਾਰੀ ਮੌਜ ਲੁੱਟ ਕੇ ਰਾਹੇ ਪੈਂਦੇ। ਮਲਕਾ ਦਾ ਬੁੱਤ ਉਹਨਾਂ ਲਈ ਸਵਰਗ ਸੀ…!…ਅੰਗਰੇਜ਼ਾਂ ਨੂੰ ਕਦੀ ਪਤਾ ਨਹੀਂ ਲਗਾ ਕਿ ਦੂਰ ਭਾਰਤ ਦੇ ਇਕ ਨਿੱਕੇ ਜਿਹੇ ਸ਼ਹਿਰ ਵਿਚ, ਜੀਹਦਾ ਨਾਂ ਅੰਬਰਸਰ ਹੈ, ਉਥੇ ਉਹਨਾਂ ਦੀ ਮਲਕਾ ਦੇ ਬੁੱਤ ਨਾਲ ਰੋਜ਼ ਰਾਤ ਨੂੰ ਮੰਗਤੇ, ਨਸ਼ਈ ਤੇ ਵਿਹਲੜ ਮੌਜ ਲੁੱਟਦੇ ਹਨ…!ਹੈਰਾਨੀ ਵਾਲੀ ਗੱਲ ਇਹ ਸੀ ਕਿ ਵਿਹੜੇ ਦੇ ਵੀ ਕਿੰਨੇ ਵੀ ਮੁੱਛਫੁੱਟ ਮੁੰਡੇ ਜਾਂ ਬੁੱਢੇ ਕਈ ਵਾਰ ਰਾਤ ਨੂੰ ਏਸ ਖੇਡ ਵਿਚ ਸ਼ਾਮਲ ਹੁੰਦੇ ਸਨ। ਅਜੇ ਕਿ ਵਿਹੜੇ ਵਿਚ ਕਾਮ ਦੀ ਖੁਲ੍ਹ-ਖੇਡ ਤੋਂ ਕਿਤੇ ਵੀ ਮਨਾਹੀ ਨਹੀਂ ਸੀ, ਕਿਉਂਕਿ ਰਾਮਬਾਗ ਦੇ ਰੰਡੀਖਾਨੇ ਦੀਆਂ ਬਹੁਤੀਆਂ ਵੇਸ਼ਵਾਵਾਂ ਉਹਨਾਂ ਦੇ ਘਰਾਂ ਵਿਚੋਂ ਹੀ ਸਨ…!

…ਇਸ ਦੌਰਾਨ ਰਾਜ-ਭਾਗ ਬਦਲੇ। ਮਲਕਾਂ ਦੀ ਮੌਤ ਤੋਂ ਮਗਰੋਂ 1911 ਵਿਚ ਜਾਰਜ ਬਾਦਸ਼ਾਹ ਇੰਗਲੈਂਡ ਦੀ ਗੱਦੀ `ਤੇ ਬੈਠਾ। ਉਹਦੇ ਰਾਜ ਵਿਚ ਭਾਰਤ ਦੀ ਲੁੱਟ ਤੇ ਭਾਰਤ ਨੂੰ ਥੱਲੇ ਲਾਕੇ ਗੁਲਾਮ ਰੱਖਣ ਦੀ ਕਿਰਿਆ ਹੋਰ ਤੇਜ਼ ਹੋਈ। 1919 ਵਿਚ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਹੋ ਗਿਆ। ਡਾਇਰ ਤੇ ਉਹਦੇ ਫੌਜੀਆਂ ਨੇ, ਜਿਨ੍ਹਾਂ ਵਿਚ ਵਧੇਰੇ ਗੋਰਖੇ ਤੇ ਛਾਛੀ ਸਨ, ਉਹਨਾਂ ਆਪਣੇ ਹੀ ਭਰਾਵਾਂ ਤੇ ਗੋਲੀਆਂ ਚਲਾਕੇ ਸੈਂਕੜੇ ਲੋਕ ਮਾਰ ਸੁੱੱਟੇ। ਡਾਇਰ ਖੁਸ਼ ਸੀ ਕਿ ਇਤਿਹਾਸ ਵਿਚ ਹੁਣ ਉਹ ਜਿਊਂਦਾ ਰਹੇਗਾ…! ਏਧਰ ਸਤਪਾਲ ਤੇ ਕਿਚਲੂ ਹੁਰਾਂ ਅੰਬਰਸਰ ਵਿਚ ਮੁਜਾਹਰੇ ਤੇਜ ਕਰ ਦਿੱਤੇ। ਉਧਰ ਗਰਮ-ਖ਼ਿਆਲ ਨੌਜੁਆਨਾਂ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ…! ਡਾਇਰ ਦਾ ਸਖਤ ਹੁਕਮ ਸੀ ਕਿ ਜਲ੍ਹਿਆਂ ਵਾਲੇ ਬਾਗ ਦੇ ਹਮਲੇ ਮਗਰੋਂ ਪੰਜਾਬੀ ਨੌਜੁਆਨਾਂ ਨੂੰ ਭੜਕਨ ਨਹੀਂ ਦੇਣਾ। ਸਾਮ, ਦਾਮ, ਦੰਡ, ਭੇਦ ਦੇ ਹਰ ਢੰਗ ਨਾਲ ਇਹਨਾਂ ਨੂੰ ਸਿੱਝਣਾ ਹੈ। ਇਸ ਦੌਰਾਨ ਹਰਮੰਦਰ ਸਾਹਿਬ ਦੇ ਸਰਬਰਾਹ (ਹੈਡ) ਅਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਗਿਆ ਸੀ।

ਡਾਇਰ ਨੂੰ ਸਿਰੋਪਾ ਦੇਣ ਮਗਰੋਂ ਅਰੂੜ ਸਿੰਘ ਨੂੰ ਸਿੱਖਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ। ਉਹਨੂੰ ਇਹ ਡਰ ਵੀ ਪੈ ਗਿਆ ਕਿ ਕਿਤੇ ਕੋਈ ਸਿੱਖ ਅਚਾਨਕ ਹਮਲਾ ਕਰਕੇ ਉਹਨੂੰ ਧੁਰ ਦਰਗਾਹ ਨਾ ਪੁਚਾ ਦਵੇ। ਭਾਵੇਂ ਕਿ ਉਹਦੀ ਬੱਘੀ ਜਦੋਂ ਠੰਡੀ ਖੂਹੀ ਦੇ ਖੁੱਲ੍ਹੇ ਇਲਾਕੇ ਵਿਚੋਂ ਟੁਰਦੀ, ਧੁਰ ਹਰਮੰਦਰ ਸਾਹਿਬ ਤੱਕ ਉਹਦੇ ਨਾਲ ਗਸ਼ਤ-ਪਾਰਟੀ ਟੁਰੀ ਜਾਂਦੀ। ਇਹਦੇ ਬਾਵਜੂਦ ਅਰੂੜ ਸਿੰਘ ਨੇ ਪੁਲਸ ਕਪਤਾਨ ਨਾਲ ਆਪਣਾ ਡਰ ਸਾਂਝਾ ਕੀਤਾ। ਪੁਲੀਸ ਕਪਤਾਨ ਸਟਾਕਮੈਨ ਤੇ ਅਰੂੜ ਸਿੰਘ ਦੇ ਭੇਦ ਸਾਂਝੇ ਸਨ। ‘ਸਟਾਕਮੈਨ’ ਨੇ ਅਗੋਂ ਆਪਣੇ ਡਿਪਟੀ ਰਿਚਰਡ ਕਲੈਚੀ ਨੂੰ ਬੁਲਾ ਲਿਆ। ਅਸਲ ਵਿਚ ਤੇ ਸਾਰਾ ਸ਼ਹਿਰ ਰਿਚਰਡ ਕਲੈਚੀ ਨਾਂ ਦਾ ਇਹ ਡਿਪਟੀ ਸਾਂਭਦਾ ਸੀ। ਵੱਡੇ ਪੁਲਸ ਕਪਤਾਨ ‘ਸਟਾਕਮੈਨ’ ਦਾ ਤੇ ਐਂਵੇ ਨਾਂ ਹੀ ਸੀ। ਰਿਚਰਡ ਨੂੰ ਅੰਬਰਸਰ ਦੇ ਸਾਰੇ ਥਾਣੇਦਾਰਾਂ ਦੇ ਨਾਂ ਤੇ ਸੁਭਾ, ਅੰਬਰਸਰ ਦੇ ਸਾਰੇ ਬਦਮਾਸ਼ਾਂ ਦੇ ਨਾਂ ਤੇ ਇਲਾਕੇ, ਸਭ ਮੂੰਹ ਜਬਾਨੀ ਯਾਦ ਸਨ।

ਉਹਨੇ ਆਉਂਦਿਆਂ ਹੀ ਅਰੂੜ ਸਿੰਘ ਦੀ ਚਿੰਤਾ ਦੂਰ ਕਰ ਦਿੱਤੀ।  ਸੁਲਤਾਨਵਿੰਡ ਦੇ ਮਸ਼ਹੂਰ ਸਫੈਦਪੋਸ਼ ‘ਸਵਰਨੇ ਡਾਕੂ’ ਨੂੰ ਬੁਲਾ ਲਿਆ। ਸਵਰਨੇ ਦੇ ਘਰ ਤੇ ਪੱਤੀ ਬਲੋਲ ਵਿਚ ਸਨ, ਪਰ ਉਹਨੇ ਬਾਹਰਲੀ ਹਵੇਲੀ ਡੇਰੇ ਲਾਈ ਹੋਏ ਸਨ। ਬਾਹਰਲੀ ਹਵੇਲੀ ਉਹਦੀ ਅੰਗਰੇਜ਼ਾਂ ਵਲੋਂ ਨਵੀਂ ਕੱਢੀ ਕਸੂਰ ਨਹਿਰ ਕੋਲ ਆ ਗਈ ਸੀ, ਤੇ ਉਹਦੀ ਲਾਟਰੀ ਲਗ ਗਈ ਸੀ। ਉਹ ਹਰ ਤਰ੍ਹਾਂ ਦੇ ਕੁਕਰਮ ਉਥੇ ਕਰਦਾ ਤੇ ਅੰਗਰੇਜ਼ਾਂ ਦੀ ਝੋਲੀ ਚੁੱਕਦਾ ਸੀ। ਹਰ ਥਾਣੇਦਾਰ ਉਸਤੋਂ ਡਰਦਾ, ਕਿਉਂਕਿ ਸਭ ਨੂੰ ਪਤਾ ਸੀ ਕਿ ਸਵਰਨੇ ‘ਸਫੈਦਪੋਸ਼’ ਦੇ ਅੰਗਰੇਜ਼ ਹਾਕਮਾਂ ਨਾਲ ਸਿੱਧੇ ਸਬੰਧ ਹਨ। ਲੋਕ ਪਿੱਠ ਪਿੱਛੇ ਉਹਨੂੰ ਸਵਰਨਾ ‘ਡਾਕੂ’ ਕਹਿੰਦੇ ਸਨ, ਕਿਉਂਕਿ ਉਹ ਮਾਝੇ ਦੇ ਕਈ ਨਾਮੀ ਡਾਕੂਆਂ ਦਾ ਮਾਲ ਬਿਲੇ ਲਾਉਂਦਾ ਸੀ।

ਸਵਰਨੇ ਨੇ ਆਉਂਦਿਆਂ ਹੀ ਅਰੂੜ ਸਿੰਘ ਦਾ ਡਰ ਚੁੱਕ ਦਿੱਤਾ। ਡਿਪਟੀ ਰਿਚਰਡ ਦੀ ਕੋਠੀ ਵਿਚ ਸਭ ਦੀ ਮੀਟਿੰਗ ਹੋਈ। ਸਵਰਨਾ ਆਪਣੇ ਬਦਮਾਸ਼ ਨਾਲ ਲੈ ਕੇ ਆਇਆ। ਬਦਮਾਸ਼ਾਂ ਦਾ ਟੋਲਾ ਬਾਹਰ ਬਾਗ ਵਿਚ ਬੈਠਾ ਰਿਹਾ ਤੇ ਸਵਰਨੇ ਨਾਲ ਅੰਦਰ ਉਹਦਾ ਸਭ ਤੋਂ ਭਰੋਸੇ ਵਾਲਾ ਤੇ ਮਾਰਖੋਰਾ ਫੀਲਾ ‘ਘੁੱਕ ਬਦਮਾਸ਼’ ਨਾਲ ਅੰਦਰ ਗਿਆ ਸੀ। ਘੁੱਕ ਬਾਲਮੀਕੀਆ ਸੀ ਤੇ ਤੇ ਕੁੱਤੀ ਵਿਹੜੇ ਦਾ ਕਹਿੰਦਾ-ਕੁਹਾਂਦਾ ਲੜਾਕਾ ਸੀ। ਜਦ ਉਹਦਾ ਨਾਂ ਅੰਗਰੇਜ਼ਾਂ ਨੇ ‘ਬਸਤਾ  ਬੇ’ ਵਿਚ ਪਾਇਆ ਤਾਂ ਉਹ ਹੋਰ ਅਲੱਥ ਹੋ ਗਿਆ। ਪੁਲਸ ਦੀ ਮਾਰ ਖਾ-ਖਾ ਕੇ ਤੇ ਬਦਮਾਸ਼ਾਂ ਦੇ ਆਪਸੀ ਝਗੜਿਆਂ ਵਿਚ ਹੱਡ ਤੁੜਵਾ-ਤੁੜਵਾ ਉਹ ਲੋਹਾ ਹੋ ਗਿਆ ਸੀ। ਉਹਦੀ ਤਾਰੀਫ ਸੁਣਕੇ ਸਵਰਨੇ ਜੱਟ ਨੇ ਉਹਨੂੰ ਆਪਣੇ ਬਦਮਾਸ਼ੀ ਟੋਲੇ ਵਿਚ ਸ਼ਾਮਲ ਕਰ ਲਿਆ ਸੀ। ਹੁਣ ਤੇ ਉਹਦਾ ਡਰ ਉੱਕਾ ਹੀ ਮੁੱਕ ਗਿਆ ਸੀ। ਉਹਨੇ ਵਿਹੜਾ ਤਿਆਗ ਦਿੱਤਾ, ਜਾਂ ਕਹੋ ਕਿ ਉਹਦੀਆਂ ਹਰਕਤਾਂ ਕਾਰਨ ਵਿਹੜੇ ਨੇ ਉਹਨੂੰ ਛੱਡ ਦਿੱਤਾ, ਤੇ ਉਹ ਪੱਕਾ ਹੀ ਸਵਰਨੇ ਦਾ ਹੋ ਗਿਆ। ਰਿਹਾਇਸ਼ ਉਹ ਸਵਰਨੇ ਵਲੋਂ ਗੁਪਤ ਤੌਰ ਤੇ ਚਲਾਈ ਜਾਂਦੀ ਜੂਏ ਦੀ ਬੈਠਕ ਵਾਲੇ ਘਰ ਵਿਚ ਰੱਖਦਾ ਸੀ। ਸਵਰਨੇ ਦੇ ਘਰ ਉਹ ਕਦੀ ਨਹੀਂ ਸੀ ਜਾਂਦਾ, ਕਿਉਂਕਿ ਸਵਰਨਾ ਚੁੱਪ ਕੀਤਾ ਉਹਨਾਂ ਦੀ ਭਿੱਟ ਮੰਨਦਾ ਸੀ, ਪਰ ਲੋੜ ਨੂੰ ਨਾਲ ਰੱਖਦਾ ਸੀ। ਹਸਬੇ ਮਾਮੂਲ ਅੱਜ ਵੀ ਉਹ ਨਾਲ ਹੀ ਸੀ।ਸਵਰਨੇ ਨੇ ਦੋਹਾਂ ਕਪਤਾਨਾਂ ਸਟਾਕਮੈਨ ਤੇ ਰਿਚਰਡ ਕਲੈਚੀ ਦੀ ਹਾਜ਼ਰੀ ਵਿਚ ਘੁੱਕ ਨੂੰ ਥਾਪੀ ਦਿੱਤੀ ਤੇ ਕਿਹਾ ਕਿ ਜਦੋਂ ਹੀ ਠੰਡੇ ਖੂਹਾਂ ਵਲੋਂ ਭਾਈ ਅਰੂੜ ਸਿੰਘ ਜੀ ਦੀ ਬੱਘੀ ਸ਼ਹਿਰ ਵਿਚ ਵੜੇ, ਤੇਰੀ ਜ਼ਿੰਮੇਵਾਰੀ ਹਾਲ ਦਰਵਾਜੇ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਹੋਵੇਗੀ, ਕਿ ਕੋਈ ਸਿੱਖ ਭਾਈ ਅਰੂੜ ਸਿਘ ਤੇ ਹਮਲਾ ਨਾ ਕਰ ਦਵੇ! ਚੌਧਰੀਆਂ ਤੇ ਗੋਰੇ ਹਾਕਮ ਦਾ ਫ਼ਲਾਇਆ ਘੁੱਕ ਕਹਿਣ ਲਗਾ- “ਮਾਰਾ! ਮੈਨੂੰ ਤੁਹਾਡੀ ਛੱਤਰ-ਛਾਇਆ ਚਾਹੀਦੀ ਹੈ। ਮੈਂ ਤੇ ਹੁਣ ਏਸ ਸੜਕ ਤੇ ਕੁੱਤੀ ਵੀ ਬੁੜਕਣ ਨਹੀਂ ਦੇਣੀ। ਮੈਂ ਤੇ ਕਹਿੰਦੇ-ਕੁਹਾਂਦੇ ਦੀ — ਥਾਣੀਂ ਪਾਣੀ ਕੱਢ ਦਊੰ।”

“ਚੰਗਾ ਜੀ ਫੇਰ।” ਉਹਨਾਂ ਤਿੰਨ੍ਹਾਂ ਨੂੰ ਖੁਸ਼ ਹੁੰਦਾ ਵੇਖ ਸਵਰਨੇ ਨੇ ਜਾਣ ਦੀ ਇਜਾਜ਼ਤ ਮੰਗੀ। ਆਪਣੇ ਤਜਰਬੇ ਤੋਂ ਖਚਰਾ ਜੱਟ ਇਹ ਜਾਣ ਗਿਆ ਸੀ ਕਿ ਗੋਰਾ ਹਾਕਮ ਲੋੜ ਦੀ ਗੱਲ ਕਰਕੇ ਖੁਸ਼ ਹੁੰਦਾ ਸੀ ਤੇ ਗੁਲਾਮਾਂ ਦੀ ਲੰਮੇ ਸਮੇਂ ਦੀ ਹਾਜ਼ਰੀ ਪਸੰਦ ਨਹੀਂ ਸੀ ਕਰਦਾ! ਜਦੋਂ ਸਵਰਨਾ ਤੇ ਘੁੱਕ ਉੱਠ ਕੇ ਜਾਣ ਲਗੇ ਤਾਂ ਰਿਚਰਡ ਕਲੈਚੀ ਨੇ ਅਚਾਨਕ ਅਵਾਜ਼ ਮਾਰੀ। ਸਵਰਨਾ ਤੇ ਘੁੱਕ ਦੋਹੇਂ ਰੁਕ ਗਏ। ਰਿਚਰਡ ਦੀ ਬੈਠਕ ਵਿਚ, ਜਿਥੇ ਇਹ ਸਾਰੇ ਖੜੇ ਸਨ, ਇਕ ਆਦਮਕੱਦ ਤਾਂਬੇ ਦਾ ਬੁੱਤ ਸੀ। ਉਹ ਬੁੱਤ ਡੈਕੋਰੇਸ਼ਨ-ਪੀਸ ਸੀ। ਉਹਦੇ ਇਕ ਹੱਥ ਵਿਚ ਬਰਛਾ, ਦੂਸਰੇ ਵਿਚ ਢਾਲ ਸੀ। ਉਹਦੇ ਸਿਰ ਤੇ ਪਿਛੇ ਜਿਹੜੀ ਪਲੇਟ ਲਗੀ ਹੋਈ ਸੀ, ਉਹਦੇ ਆਸਰੇ ਬੁੱਤ ਖੜ੍ਹਾ ਸੀ। ਬੁੱਤ ਦੇ ਪਿਛਲੀ ਪਲੇਟ ਵਿਚ ਤਿੰਨ੍ਹ-ਚਾਰ ਖੰਜਰ ਬੜੇ ਸਲੀਕੇ ਨਾਲ ਲਗੇ ਹੋਏ ਸਨ। ਬੁੱਤ ਸਾਰਾ ਹੀ ਤਾਂਬੇ ਤੇ ਲੋਹੇ ਦਾ ਸੀ ਤੇ ਫਰਾਂਸ ਦਾ ਬਣਿਆ ਹੋਇਆ ਸੀ।ਰਿਚਰਡ ਨੇ ਉਹਨਾਂ ਵਿਚੋਂ ਇਕ ਖੰਜਰ ਕੱਢਿਆ, ਉਹਦੀ ਤਿੱਖੀ ਧਾਰ ਪਰਖੀ, ਤੇ ਸਿੱਧੇ ਖੜੇ ਘੁੱਕ ਦੇ ਹੱਥ ਵਿਚ ਦੇ ਦਿੱਤਾ। ਨਾਲ ਹੀ ਕਿਹਾ-

“Use it any where,any time, without any fear.”

ਜਦੋਂ ਅਰੂੜ ਸਿੰਘ ਨੇ ਸਵਰਨੇ ਜੱਟ ਤੇ ਡਰੇ ਖੜੇ ਘੁੱਕ ਨੂੰ ਰਿਚਰਡ ਦੀ ਅੰਗਰੇਜ਼ੀ ਦੀ ਪੰਜਾਬੀ ਕਰਕੇ ਦੱਸੀ ਤਾਂ ਸਵਰਨੇ ਤੇ ਘੁੱਕ ਦੇ ਚਿਹਰੇ ਖਿੜ ਗਏ। ਉਹਨਾਂ ਠੋਕ ਕੇ ਸਲਾਮ ਕੀਤੀ ਤੇ ਚਲੇ ਗਏ। ਇਹੀ ਘੁੱਕ ਸੀ, ਜੀਹਨੂੰ ਮਗਰੋਂ ‘ਰਾਧਾ ਰੰਡੀ’ ਦੀ ਨਿੱਕੀ ਭੈਣ ਦਾ ਸਾਕ ਜੁੜਿਆ ਸੀ। ਇਹੀ ਭੈਣ, ਜੀਹਨੇ ਮਗਰੋਂ ਰਾਧਾ ਦੀ ਸੇਵਾ ਵਿਚ ਆਪਣੀ ਦਿਨ ਕੱਟੀ ਕੀਤੀ, ਕਿਉਂਕਿ ਘੁੱਕ ਤੇ ਮਗਰੋਂ ਜਲਦੀ ਹੀ ਤਪਦਿਕ ਨਾਲ ਘੁਲਦਾ, ਦੂਰ ਕਿਤੇ ਫਰੰਟੀਅਰ ਵਲ ਮਰ-ਖੱਪ ਗਿਆ ਸੀ।

– – – –

ਸੰਨ 1997 ਜਾ ਰਿਹਾ ਸੀ। ਪੰਜਾਬ ਨੇ ਇਹਨਾਂ ਸਾਲਾਂ ਵਿਚ ਤਿੰਨ੍ਹ ਮੁੱਖ-ਮੰਤਰੀਆਂ ਦਾ ਸਵਾਦ ਲੈ ਲਿਆ ਸੀ। ਬੀਬੀ ਦੀ ਅਗਵਾਈ ਵਿਚ ਕਾਂਗਰਸ ਮੁੜਕੇ ਇਲੈਕਸ਼ਨ ਲਈ ਤਿਆਰ ਸੀ। ਪਰ ਹੁਣ ਇਹ ਗੱਲ ਸਭ ਨੂੰ ਜੱਗ ਜ਼ਾਹਿਰ ਸੀ ਕਿ ਅਗਲੀ ਵਾਰੀ ਹੁਣ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਰੌਸ਼ਨ ਸਿੰਘ ਦੀ ਹੈ। ਉਹਦੀ ਅਗਵਾਈ ਹੇਠ ਅਕਾਲੀ ਪੱਟਾਂ ਤੇ ਤੇਲ ਲਾਈ ਫਿਰਦੇ ਸਨ। ਉਧਰ ਆਪਣੇ ਸਿਆਸੀ ਗੁਰੂ ਦਾ ਹੁਕਮ ਪਾਕੇ ਮਸ਼ਹੂਰ ਬਦਮਾਸ਼ ਤੇ ਹੁਣ ਬਦਮਾਸ਼ ਤੋਂ ਸਿਆਸਤਦਾਨ ਬਣੇ ‘ਸਲਾਰੀਏ’ ਸੰਧੂ ਨੇ ਅਕਾਲੀ ਪਾਰਟੀ ਜੁਆਇਨ ਕਰ ਲਈ ਸੀ। ਸਲਾਰੀਏ ਦੇ ਮੁਕਾਬਲੇ ਇਲੈਕਸ਼ਨ ਲੜ ਰਹੇ ਉਹਦੇ ਪੁਰਾਣੇ ਭੇਤੀ ‘ਫਤਹਿਪੁਰੀਆ’ ਨੇ ਵੀ ਕਮਰਕਸੇ ਕੱਸ ਲਏ ਸਨ। ਉਹਨੇ ਪਹਿਲ ਕਰਦਿਆਂ ਆਪਣੇ ਬਦਮਾਸ਼ਾਂ ਦੀ ਇਕ ਟੋਲੀ ਸਿੱਖੀ ਰੂਪ ਵਿਚ ਸ਼ਹਿਰ ਦੇ ਉਹਨਾਂ ਅੰਦਰੂਨੀ ਹਲਕਿਆਂ ਵਿਚ ਭੇਜੀ, ਜਿਹੜੇ ਹਿੰਦੂ ਬਹੁਗਿਣਤੀ ਵਿਚ ਸਨ। ਉਹ ਇਲਾਕੇ ਉਹਦੇ ਹਲਕੇ ਵਿਚ ਆਉਂਦੇ ਸਨ। ਸਿੱਖੀ ਰੂਪ ਵਿਚ, ਦਾਹੜੇ ਖੋਲ੍ਹਕੇ ਦੋ ਜੀਪਾਂ ਵਿਚ ਸਵਾਰ ਬਦਮਾਸ਼ ਉਥੋਂ ਤੇਜ਼ੀ ਨਾਲ “ਖਾਲਿਸਤਾਨ ਜ਼ਿੰਦਾਬਾਦ” ਤੇ “ਸਲਾਰੀਆ ਸੰਧੂ – ਜ਼ਿੰਦਾਬਾਦ” ਦੇ ਨਾਅਰੇ ਮਾਰਦੇ ਲੰਘ ਗਏ।

ਜਦੋਂ ਸਲਾਰੀਏ ਨੂੰ ਪਤਾ ਲਗਾ ਕਿ ਉਹਦੇ ਹਲਕੇ ਵਿਚ, ਉਹਦੇ ਹੀ ਵਿਰੋਧੀ ਕਾਂਗਰਸੀ ਉਮੀਦਵਾਰ ‘ਫਤਹਿਪੁਰੀਆ’ ਨੇ ਨਾਅਰੇ ਮਰਵਾ ਦਿੱਤੇ ਹਨ ਤਾਂ ਉਹਦਾ ਦਿਲ ਡੋਲ ਗਿਆ। ਹੁਣ ਭਾਵੇਂ ਬੀ.ਜੇ.ਪੀ. ਲੱਖ ਕਹਿੰਦੀ, ਹਿੰਦੂ ਵੋਟ ਉਹਨੂੰ ਨਹੀਂ ਸੀ ਮਿਲਣੀ। ਉਹਨੇ ਡਰੇ ਹੋਏ ਨੇ ਅਕਾਲੀ ਹਾਈਕਮਾਂਡ ਨੂੰ ਰਿਪੋਰਟ ਦਿੱਤੀ। ਹਾਈ ਕਮਾਂਡ ਨੇ ਸਪਸ਼ਟ ਆਦੇਸ਼ ਦਿੱਤਾ, “ਕਿ ਜੋ ਹੋ ਗਿਆ, ਛੱਡ ਦਿਉ! ਹੁਣ ਭਵਿੱਖ ਵਿਚ ‘ਫਤਹਿਪੁਰੀਆ’ ਦੇ ਹਰ ਜਲਸੇ ਨੂੰ ਤਾਰਪੀਡੋ ਕਰ ਦਿਉ। ਬਦਮਾਸ਼ ਭੇਜੀ ਜਾਓ ਤੇ ਜਲਸੇ ਵਿਚ ਲੜਾਈ ਕਰਵਾ ਕੇ ਇੱਟਾਂ, ਛੁਰੀਆਂ ਚਲਵਾ ਦਿਉ। ਆਪੇ ਕੋਈ ਹੱਲ ਨਿਕਲ ਆਏਗਾ, ਜਾਂ ਏਜੰਸੀਆਂ ਆਪੇ ਕੁਝ ਕਰਨਗੀਆਂ…!” ਹੁਕਮ ਪਾਕੇ ਸਲਾਰੀਏ ਨੇ ਫੱਟ ਆਪਣੇ ਫੀਲੇ ਸੱਦ ਲਏ। ਉਹਦਾ ਵੱਡਾ ਫੀਲਾ ਸਮੈਕ ਦਾ ਮਸ਼ਹੂਰ ਸਮਗਰਲਰ, ਜੋ ਸੱਤੀ ਪੰਡਤ ਕਹਾਂਦਾ ਸੀ, ਉਹ ਵੀ ਸੱਦ ਲਿਆ। ਪੰਡਤ ਨੇ ਆਪਣੇ ਸਭ ਬਦਮਾਸ਼ਾਂ ਦੀਆਂ ਡਿਊਟੀਆਂ ਲਾ ਦਿੱਤੀਆਂ।

ਅਜੀਤ ਨਗਰ ਦੇ ਇਲਾਕੇ ਵਿਚ ਖਰੂਦ ਪਾਉਣ ਦੀ ਡਿਊਟੀ ਬੰਟੀ ਮਸੀਹ ਦੀ ਲਗੀ। ਇਸ਼ਾਰਾ ਮਿਲਦੇ ਹੀ ਬੰਟੀ ਮਸੀਹ ਪੰਡਤ ਦੇ ਸੱਦੇ ‘ਤੇ ਈਸਟ-ਮੋਹਨ ਨਗਰ, ਇਲੈਕਸ਼ਨ ਕੰਮਾਂ ਲਈ ਕਿਰਾਏ ਤੇ ਲਈ ਕੋਠੀ ਵਿਚ ਪੁੱਜ ਗਿਆ। ਰਾਤ ਦਾ ਵੇਲਾ ਸੀ, ਜਦੋਂ ਸਲਾਰੀਏ ਨਾਲ ਉਹਦੀ ਪੰਡਤ ਨੇ ਮੁਲਾਕਾਤ ਕਰਾਈ …।

“ਕਿਉਂ ਬਈ ਜੁਆਨਾ, ਲੜ ਲਏਂਗਾ?” ਸਿੱਧਾ ਸਪਾਟ ਪੁੱਛਿਆ ਸਲਾਰੀਏ ਨੇ, ਤੇ ਸਿੱਧਾ ਹੀ ਉਹਦੀਆਂ ਅੱਖਾਂ ਵਿਚ ਝਾਕਿਆ। ਪੰਡਤ ਵੀ ਉਹਦੇ ਨਾਲ ਹੀ ਬੈਠਾ ਸੀ। ਸਿੱਧਾ ਖੜਾ ਬੰਟੀ ਮਸੀਹ ਹਲਕਾ ਜਿਹਾ ਕੰਬਿਆ, ਕਿਉਂਕਿ ਉਹਦੀ ਸਮੈਕ ਮੁੱਕੀ ਹੋਈ ਸੀ, ਤੇ ਨਸ਼ਾ ਟੁੱਟ ਰਿਹਾ ਸੀ …! “ਜੀ ਜਨਾਬ। ਮੈਂ ਤੇ ਲਿਆ ਦਊਂ ਹਨੇਰੀਆਂ! ਪਰ ਕਦੀ-ਕਦੀ ਥਾਣੇਦਾਰ ‘ਮੰਗੇੜਾ’ ਤੇ ਥਾਣੇਦਾਰ ‘ਮੱਲੀ’ ਬੜਾ ਮਾਰਦੇ ਨੇ !” ਬੰਟੀ ਨੇ ਕਿਹਾ।

“ਉਹ ਤੇ ਅੱਖ `ਚ ਪਾਇਆਂ ਨਾ ਰੜਕਣਗੇ। ਉਹਨਾਂ ਦੀ ਚਿੰਤਾ ਹੀ ਛੱਡ। ਉਹ ਤੇ ਵਿਚਾਰੇ … ਨੇ ਸਾਡੇ ਲਈ!” ਸਲਾਰੀਏ ਨੇ ਸਪਸ਼ਟ ਕਿਹਾ।

“ਹੁਣ ਅਗਲਾ ਜਲਸਾ ਕਿਥੇ ਐ ਜਨਾਬ?” ਪੰਡਤ ਨੇ ਕਿਹਾ।

“ਅਗਲਾ ਜਲਸਾ ਫਤਹਿਪੁਰੀਏ ਨੇ ਅਜੀਤ ਨਗਰ ਦੀ ਆਖਰੀ ਨੁੱਕਰ ‘ਕਾਲੜੇ ਦੇ ਹਸਪਤਾਲ’ ਦੇ ਨਾਲ ਕਰਕੇ ਰੱਖਿਆ ਹੈ। ਤੁਸੀਂ ਉਹਨੂੰ ਹੁਣ ਤਾਰਪੀਡੋ ਕਰਨੈ।’ ਸਲਾਰੀਏ ਨੇ ਪੰਡਤ ਨੂੰ ਕਿਹਾ, ਪਰ ਅੱਖਾਂ ਬੰਟੀ ਤੇ ਰੱਖੀਆਂ।

“ਤੂੰ ਉਏ ਬੰਟੀ। ਸੁਣ ਲਿਐ? ਹੁਣ ਉਹ ਜਲਸਾ ਸੁਖੀਂ-ਸਾਂਦੀ ਨਹੀਂ ਹੋਣਾ ਚਾਹੀਦਾ।” ਪੰਡਤ ਨੇ ਕਿਹਾ।

“ਜਨਾਬ। ਮੈਂ ਆਪਣੇ ਨਾਲ ਦੇ ਸਾਰੇ ਲਫੰਡਰ ਨਾਲ ਲੈ ਜਾਊ। ਸੱਟ-ਪੇਟ ਤੋਂ ਨਹੀਂ ਡਰਦੇ ਅਸੀਂ, ਤੇ ਨਾ ਹੀ ਛੁਰੀਆਂ ਮਾਰਨ ਤੋਂ! ਬਸ ਤੁਹਾਡਾ ਹੱਥ ਸਿਰ ਤੇ ਚਾਹੀਦੈ।” ਬੰਟੀ ਨੇ ਕਿਹਾ।

“ਬਸ ਇਕ ਵਾਰ ਐਮ.ਐਲ.ਏ. ਬਣ ਲੈਣ ਦੇਹ। ਫੇਰ ਵੇਖੀ…।’ ਸਲਾਰੀਏ ਨੇ ਲੋਰ ਵਿਚ ਆਕੇ ਕਿਹਾ।

ਉਹਦੀ ਗੱਲ ਮੁੱਕਦਿਆਂ ਹੀ ਪੰਡਤ ਨੇ ਪੰਜ-ਪੰਜ ਸੌ ਦੇ ਚਾਰ ਨੋਟ ਸਲਾਰੀਏ ਸਾਹਬ ਨੂੰ ਵਿਖਾਕੇ ਬੰਟੀ ਦੀ ਮੁੱਠ ਵਿਚ ਦੇ ਦਿੱਤੇ। ਨਾਲ ਹੀ ਉਂਗਲ ਨਾਲ ਇਸ਼ਾਰਾ ਕਰਕੇ ਕਿਹਾ-

“ਅਹੁ ਪੇਟੀ ਲੈ ਜਾਈਂ। ਦੇਸੀ ਦੀਆਂ ਬਾਰਾਂ ਬੋਤਲਾਂ ਈ ਵਿਚ।”

“ਜੀ ਜਨਾਬ।’ ਬੰਟੀ ਨੇ ਕਿਹਾ, ਪਰ ਖੜ੍ਹਾ ਉਹ ਫੇਰ ਵੀ ਰਿਹਾ…

“ਜਾਹ ਹੁਣ। ਹੋਰ … ਲੈਣਾ ਈ!” ਪੰਡਤ ਨੇ ਉਹਨੂੰ ਖੜ੍ਹਾ ਵੇਖ ਕੇ ਕਿਹਾ।

“ਜਨਾਬ।” ਬੰਟੀ ਨੇ ਕਿਸੇ ਭੇਦ ਭਰੇ ਢੰਗ ਨਾਲ ਸਲਾਰੀਏ ਦੇ, ਤੇ ਫੇਰ ਪੰਡਤ ਦੇ ਗੋਡੇ ਘੁੱਟੇ।

‘ਦੇਹ ਪੰਡਤਾ। ਦੋ ਪੁੜੀਆਂ ਵੀ ਦੇਹ ਇਹਨੂੰ।” ਸਲਾਰੀਏ ਤੇ ਪੰਡਤ ਉਹਦੀ ਰਮਜ਼ ਸਮਝ ਗਏ ਸਨ।

‘ਲੈ ਮਾਂ–! ਲੈ ਲੈ!” ਪੰਡਤ ਨੇ ਵੀ ਹੱਸ ਕੇ ਦੋ ਸਮੈਕ ਦੀਆਂ ਪੁੜੀਆਂ ਬੰਟੀ ਮਸੀਹ ਦੇ ਹੱਥ ਦੇ ਦਿੱਤੀਆਂ।

ਬੰਟੀ ਦੀਆਂ ਅੱਖਾਂ ਲਿਸ਼ਕ ਪਈਆਂ। ਉਹਨੇ ਸਲਾਮ ਵਜਾਈ ਤੇ ਟੁਰ ਪਿਆ।

“ਉਏ। ਕਿਰਪਾਨਾਂ ਲੈ ਕੇ ਜਾਇਓ ਪੰਡਤ ਕੋਲੋਂ। ਤੇ ਨਾਲੇ ਯਾਦ ਰੱਖਿਓ, ਕਿਰਪਾਨ ਪੁੱਠੀ ਮਾਰਨੀ ਐ, ਜੀਹਦੇ ਵੀ ਮਾਰੀ! ਸਿੱਧੀ ਨਹੀਂ।” ਸਲਾਰੀਏ ਨੇ ਤੁਰੇ ਜਾਂਦੇ ਬੰਟੀ ਨੂੰ ਕਿਹਾ।

“ਜੀ ਜਨਾਬ! ਕਿਰਪਾਨਾਂ ਲੈ ਕੇ ਜਾਵਾਂਗੇ। ਤੁਸੀਂ ਹੁਣ ਚਿੰਤਾ ਨਾ ਕਰੋ, ਮੈਂ ਤੇ ਰੋਡ ਤੇ ਕੁੱਤੀ ਨਹੀਂ ਬੁੜਕਨ ਦੇਣੀ। ਤੁਸੀਂ ਅਵਾਜ਼ ਕਰਾਓ, ਚਿਹਰਾ ਕਰਾਉ, ਮੈਂ ਤੇ ਸਾਲਿਆਂ ਦੇ –’ਚੋਂ ਪਾਣੀ ਕੱਢ ਦਿਆਂਗਾ!” ਬੰਟੀ ਨੇ ਸਦੀਆਂ ਤੋਂ ਬੋਲੇ ਜਾਂਦੇ ਆਪਣੇ ਉਹੀ ਅਸ਼ਲੀਲ ਬੋਲ ਬੋਲੇ, ਜਿਹੜੇ ਵਿਹੜੇ ਦੀ ਵਿਰਾਸਤ ਸਨ…

ਬੰਟੀ ਦੇ ਜਾਣ ਤੋਂ ਬਾਦ ਸਲਾਰੀਏ ਤੇ ਪੰਡਤ ਦੀਆਂ ਨਜ਼ਰਾਂ ਮਿਲੀਆਂ। ਕਿਸੇ ਗੁੱਝੀ ਰਮਜ਼ ਤੇ ਕਿਸੇ ਅਕਹਿ ਆਨੰਦ ਵਿਚ ਦੋਹੇਂ ਹੱਸ ਪਏ, ਤੇ ਪੰਡਤ ਨੇ ਕਿਹਾ-

“ਇਹ ਜੀ ਸੰਧੂ ਸਾਹਿਬ, ਸਾਡੇ ਤੁਰੱਪ ਦੇ ਪੱਤੇ ਜੇ! ਜਿਥੇ ਮਰਜੀ ਵਰਤ ਲਵੋ! ਅੰਗਰੇਜੀ ਵਿਚ ਤੁਸੀਂ ਭਲਾ ਕੀ ਆਂਹਦੇ ਹੁੰਦੇ ਜੇ ਇਹਨਾਂ ਨੂੰ?”

“Trump Card,” ਹੱਸ ਕੇ ਸਲਾਰੀਏ ਸੰਧੂ ਨੇ ਕਿਹਾ।

ਇਹੋ ਬੰਟੀ ਮਸੀਹ ਸੀ, ਜਿਹਨੇ ਮੈਨੂੰ, ਯਾਨੀ ਤੁਹਾਡੇ ਇਸ ਬਿਆਨਕਰਤਾ, ਮਨਿੰਦਰ ਸਿੰਘ ਕਾਂਗ ਨੂੰ ਸਿਆਪਾ ਪਾ ਦਿੱਤਾ ਸੀ। ਮੇਰੀ ਹੀ ਮਾੜੀ ਕਿਸਮਤ ਸੀ, ਜਦੋਂ ਮੈਂ ਆਪਣੇ ਮਿੱਤਰਾਂ ਨਾਲ ਸ਼ਾਮ ਪਏ ਹਰਮੰਦਰ ਸਾਹਿਬ ਦੇ ਰਸਤਿਓਂ-ਰਸਤੇ ਲੰਘਦਾ ਅਜੀਤ ਨਗਰ ਵਲ ਜਾ ਰਿਹਾ ਸਾਂ। ਉਥੇ ਹੀ ਬੰਟੀ ਮਸੀਹ ਤੇ ਉਹਦੇ ਸਾਥੀ ਹੋ ਰਹੇ ਕਾਂਗਰਸੀ ਜਲਸੇ ਨੂੰ ਤਾਰਪੀਡੋ ਕਰਕੇ ਹਟੇ ਸਨ ਤੇ ਲੜਾਈ ਹੋ ਕੇ ਹਟੀ ਸੀ।

… ਉਥੇ ਹੀ ਬੰਟੀ ਨੇ ਖੰਜਰ ਹਵਾ ਵਿਚ ਲਹਿਰਾ ਕੇ ਕਿਹਾ ਸੀ…

“ਰੋਡ ਤੇ ਕੁੱਤੀ ਨਹੀਂ ਬੁੜਕਨ ਦਿਆਂਗੇ।”

…ਉਥੇ ਹੀ ਮੇਰੇ ਸਾਥੀਆਂ ਵਿਚੋਂ ਇਕ ਨੇ ਕਿਹਾ ਸੀ-

“ਮੂਰਖ ਜਾਂ ਖਾ ਮੋਏ, ਜਾਂ ਰੱਜ ਮੋਏ।”

… .ਉਥੇ ਹੀ ਮੇਰੇ ਦੂਸਰੇ ਸਾਥੀ ਨੇ ਕਿਹਾ ਸੀ-

…”ਚਿੱਟੇ ਚਾਂਭਲੇ ਹੋਏ ਨੇ।”

ਆਪਣੇ ਦੋਸਤਾਂ ਦੇ ਕਹੇ ਦਾ ਫਲ ਮੈਨੂੰ ਭੁਗਤਣਾ ਪਿਆ ਸੀ। ਆਦਿ-ਮਾਤਾ ਮੇਰੇ ਦੁਆਲੇ ਹੋ ਗਈ ਸੀ ਤੇ ਮੇਰੀ ਜਾਨ ਤਾਂ ਛੱਡਣਾ ਮੰਨੀ ਸੀ, ਜਦੋਂ ਮੈਂ ਇਹਨਾਂ ਦੇ ਜੀਵਨ ਦੀ ਬਾਤ ਪਾਉਣੀ ਮੰਨ ਲਈ ਸੀ।

ਉਂਜ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਜਿਸ ਦਿਨ ਬੰਟੀ ਨੇ ਆਪਣੀ ਲਫੰਟਰ ਪਾਰਟੀ ਨੂੰ ਲੈ ਕੇ ਕਾਂਗਰਸ ਦਾ ਜਲਸਾ ਤਾਰਪੀਡੋ ਕਰਨ ਜਾਣਾ ਸੀ, ਉਹ ਨਿਰਾ ਸਲਾਰੀਏ ਦੀਆਂ ਦਿੱਤੀਆਂ ਜੀਪਾਂ ਤੇ ਕਿਰਪਾਨਾਂ ਦਾ ਆਸਰਾ ਤੱਕ ਕੇ ਨਹੀਂ ਸੀ ਗਿਆ, ਸਗੋਂ ਉਹ ਤਕਰੀਬਨ ਸੌ ਸਾਲ ਪੁਰਾਣੇ ਉਸ ਖੰਜਰ ਨੂੰ ਵੀ ਡੱਬ ਵਿਚ ਲਾ ਕੇ ਗਿਆ ਸੀ, ਜਿਹੜਾ ਉਹਦੇ ਦਾਦਿਆਂ-ਪੜਦਾਦਿਆਂ ਨੂੰ ਗੋਰੇ ਹਾਕਮਾਂ ਕੋਲੋਂ ਮਿਲਿਆ ਸੀ। ਉਹ ਖੰਜਰ ਉਹਨੂੰ ਆਪਣੇ ਇਕੋ ਕਮਰੇ ਵਾਲੇ ਘਰਦੇ ਅੰਦਰ ਬਣੀ ਕੋਠੜੀ ਵਿਚੋਂ ਮਿਲਿਆ ਸੀ, ਜੀਹਨੂੰ ਉਹਦੀ ਦਾਦੀ ਖੋਹਲਣ ਨਹੀਂ ਸੀ ਦੇਂਦੀ। ਤੇ ਜਦੋਂ ਉਹਦੀ ਦਾਦੀ ਮਰੀ, ਉਹਨੇ ਉਹ ਕੋਠੜੀ ਮਾਂ ਦੇ ਵਿਰੋਧ ਕਰਨ ਤੇ ਵੀ ਖੋਹਲ ਲਈ ਸੀ……

…ਤੇ ਵਿਚੋਂ ਨਿਕਲਿਆ ਕੀ ਸੀ?

“…ਸਵਾਹ ਤੇ ਖੇਹ।”

ਕੋਠੜੀ ਵਿਚੋਂ ਇਕ ਤੇ ਗੰਦ ਚੁੱਕਣ ਵਾਲੀ ਲੋਹੇ ਦੀ ਤਸਲੀ ਤੇ ਕਾਪਾ ਮਿਲੇ ਸਨ, ਜਿਹੜੇ ਉਹਨੇ ਨਫ਼ਰਤ ਨਾਲ ਉਥੇ ਹੀ ਸੁੱਟ ਦਿੱਤੇ ਸਨ। ਤੇ ਇਕ ਉਹਨੂੰ ਖੰਜਰ ਮਿਲਿਆ ਸੀ, ਜੀਹਨੂੰ ਅੱਜ ਤੱਕ ਵੀ ਜੰਗ ਨਹੀਂ ਸੀ ਲੱਗਾ। ਤੇ ਜੀਹਦੇ ਤੇ ਪਤਾ ਨਹੀਂ, ਕਿਹੜੀ ਭਾਸ਼ਾ ਵਿਚ ਕੀ ਖੁਦਿਆ ਹੋਇਆ ਸੀ?

ਬੰਟੀ ਨੂੰ ਇਹ ਖੰਜਰ, ਜਿਹੜਾ ਲੋਹਾ, ਤਾਂਬਾ, ਜਿਸਤ ਤੇ ਹੋਰ ਪਤਾ ਨਹੀਂ ਕਿਹੜੀਆਂ ਧਾਤਾਂ ਮਿਕਸ ਕਰਕੇ ਬਣਿਆ ਸੀ, ਬੜੇ ਕੰਮ ਦਾ ਲਗਾ। ਤੇ ਉਹਨੇ ਇਹਨੂੰ ਸਦਾ ਲਈ ਡੱਬ ਵਿਚ ਲਾ ਲਿਆ ਸੀ…

– – – –

…ਤੇ ਲਉ ਬਈ ਪੜ੍ਹਦਿਓ-ਸੁਣਦਿਓ! ਤੇ ਲਓ ਬਈ ਇਰਦ-ਗਿਰਦ ਬੈਠਿਓ! ਮੈਂ ਜੇ ਤੁਹਾਡਾ ਸੇਵਕ ਕਾਂਗ, ਜੀਹਨੇ ਇਹ ਲੰਮੀ ਬਾਤ ਪਾਈ, ਤੇ ਇਹਨੂੰ ਲਿਖਤ ਦਾ ਰੂਪ ਵੀ ਦਿੱਤਾ! ਮੈਂ ਤੇ ਇਹ ਬਾਤ ਕੋਈ ਨਹੀਂ ਸੀ ਜੇ ਪਾਣੀ, ਉਹ ਤੇ ਆਦਿ ਮਾਤਾ ਨੇ ਮੇਰੇ ਗਲ ਗੂਠਾ ਦਿੱਤਾ। ਮੇਰੀ ਜਾਨ ਜਦੋਂ ਲਬਾਂ ‘ਤੇ ਆਈ ਤੇ ਮੈਂ ਬਾਤ ਪੌਣੀ ਮੰਨ ਲਈ…

ਹੁਣ ਮੇਰੀ ਬਿਨਤੀ ਜੇ, ਜੋ ਮੈਂ ਉਪਰ ਬੋਲਿਆ-ਸੁਣਿਆ, ਲਿਖਿਆ-ਪੜ੍ਹਿਆ ਏ, ਉਹ ਭਾਂਵੇ ਸਾਰਾ ਭੁੱਲ ਜਾਇਓ, ਪਰ ਜਿਹੜਾ ਸਾਰ-ਤੱਤ ਮੈਂ ਹੁਣ ਦੱਸਣ ਲਗਾਂ, ਉਹ ਨਾ ਕਦੀ ਵੀ ਭੁੱਲਿਓ! ਕਿਉਂਕਿ ਇਹ ਸਾਰ-ਤੱਤ ਹੀ ਤੇ ਅਸਲ ਜੇ, ਬਾਕੀ ਸਭ ਤੇ ਮੈਂ ਆਦਿ-ਮਾਤਾ ਤੋਂ ਡਰਦਿਆਂ ਹੀ ਖਲੇਰਾ ਪਾਇਆ ਜੇ! ਲਉ, ਹੁਣ ਜ਼ਰਾ ਇਹ ਸਾਰ-ਤੱਤ ਵੀ ਪੜ੍ਹ-ਸੁਣ ਲਵੋ-

Categories: ਕਹਾਣੀ, ਮਨਿੰਦਰ ਕਾਂਗ | Tags: , , | 1 Comment

Create a free website or blog at WordPress.com.