Posts Tagged With: ਮਾਈ ਮੋਰਾਂ

IMHO


ਜ਼ਬਤ ਦਾ ਸ਼ਾਹ – ਮਹਾਰਾਜਾ ਰਣਜੀਤ ਸਿੰਘ


ਅਜੇ ਕੱਲ ਤੱਕ, ਵੱਡੇ-ਵੱਡੇ ਘਰਾਂ ਦੇ ਮੁਸਲਮਾਨ ਨਵਾਬ, ਆਪਣੀਆਂ ਧੀਆਂ ਨੂੰ ਤਵਾਇਫਾਂ ਕੋਲ ਭੇਜਿਆ ਕਰਦੇ ਸਨ, ਉੱਠਣ-ਬੈਠਣ ਦਾ ਸ਼ਾਊਰ ਸਿੱਖਣ ਲਈ।
ਨਾਚ-ਗਾਣਾ ਸੁਣਨਾ ਅਤੇ ਇਸ ਲਈ ਖ਼ਾਸ ਤੌਰ ਉੱਪਰ ਮਕਾਨ ਹੀ ਨਹੀਂ ਮੁਹੱਲਿਆਂ ਦੇ ਮੁਹੱਲੇ ਉਸਾਰਨੇ ( ਜੋ ਤਾਕ਼ਤ ਖੁੱਸਣ ‘ਤੇ ਰੈੱਡ-ਲਾਈਟ ਏਰੀਆ ਬਣੇ, ਕਈ ਥਾਵੀਂ ਅੱਜ ਤੱਕ ਚੱਲਦੇ ਹਨ ); ਇੱਕ ਤੋਂ ਵੱਧ ਵਿਆਹ ਕਰਵਾਉਣਾ ( ਅਕਬਰ ਬਾਦਸ਼ਾਹ ਦੇ ਚਹੇਤੇ ਮਾਨ ਸਿੰਘ ਰਾਜਪੂਤ ਦੇ ਹਰਮ ਵਿੱਚ 2,200 ਤੋਂ ਉੱਪਰ ਔਰਤਾਂ ਸਨ। ); ਸ਼ਿਕਾਰ-ਖੇਡਣਾ ਅਤੇ ਇਸ ਲਈ ਖ਼ਾਸ ਇਮਾਰਤ ਬੇਸ ਵਜੋਂ ਤਾਮੀਰ ਕਰਵਾਉਣੀ, ਇਹ ਸਿਰਫ਼ ਆਮ ਹੀ ਨਹੀਂ ਸੀ ਸਗੋਂ ਇਸੇ ਦੁਆਰਾ ਹੀ ਕਿਸੇ ਰਾਜੇ-ਨਵਾਬ ਦਾ ਵਡੱਪਣ ਪਰਖਿਆ ਜਾਂਦਾ ਸੀ।
ਸਾਡੇ ਆਪਣੇ ਸਮਾਜ ਵਿੱਚ ਅਜੇ ਕੱਲ ਤੱਕ ਦੋ ਵਿਆਹ ਕਰਵਾਉਣਾ ਸਰਦਾਰੀ-ਸ਼ਾਨ ਸਮਝਿਆ ਜਾਂਦਾ ਸੀ।“ਪੰਜਾਬ ਦੇ ਸ਼ੇਰ” ਨੇ ਜੇ ਕਰ 20 ( ਕੁਝ ਅਨੁਸਾਰ 22 ) ਔਰਤਾਂ ਨਾਲ ਵਿਆਹ ਕਰਵਾਇਆ ( ਇਹਨਾਂ ਵਿਚੋਂ ਕੁਝ ਤਾਂ “ਚਾਦਰ ਪਾਈ” ਸੀ। ਜਿਵੇਂ ਭੰਗੀ ਸਰਦਾਰ ਜਿਨ੍ਹਾਂ ਤੋਂ ਸਤ ਕੇ ਲਾਹੌਰ ਵਾਲਿਆਂ ਨੇ ਰਾਜਾ ਰਣਜੀਤ ਸਿੰਘ ਨੂੰ ਸੱਦਾ ਦਿੱਤਾ ਅਤੇ ਲਾਹੌਰ ਦੇ ਫਾਟਕ ਆਪ ਖੋਹਲ ਕੇ ਉਸਦਾ ਸਵਾਗਤ ਕੀਤਾ। ) ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ( ਹੈਰਾਨੀ ਵਾਲੀ ਗੱਲ ਤਾਂ ਸਗੋਂ ਇਹ ਹੈ ਕਿ ਉਸਨੇ ਇੰਨੇ ਘੱਟ ਵਿਆਹ ਕਿਉਂ ਕਰਵਾਏ, ) ਇਹ ਵੀ ਸਗੋਂ ਉਸਦੇ ਕੱਛ ਦੇ ਜ਼ਬਤ ਦਾ ਪਤਾ ਦਿੰਦਾ ਹੈ ਨਾਂਕਿ ਉਸਦੇ ਵਿਲਾਸੀ ਹੋਣ ਦਾ।
“ਮਹਾਰਾਣੀ ਸਾਹਿਬਾ” ਬਾਰੇ ਸਿੱਖਾਂ ਵਿੱਚ ਉਸਦਾ ਵਿਰੋਧ ਸਗੋਂ ਉਸਦੇ “ਪਰਦਾ ਨਾ ਕਰਨ” ਕਰਕੇ ਸੀ। [ ਸਿੱਖੀ ਦਾ ਰੂਪ ਉਨੀਵੀਂ ਸਦੀ ਦੇ ਅੱਧ ਤੋਂ ਹੀ ਬਦਲਨਾ ਸ਼ੁਰੂ ਹੋ ਗਿਆ ਸੀ ਜਿਸ ਵਿੱਚ 1870 ਤੋਂ ਕਾਫ਼ੀ ਤੇਜ਼ੀ ਆਈ ਪਰ ਇਸੇ ਸਦੀ ਦੇ ਆਖ਼ਰੀ ਦਹਾਕੇ ਅਤੇ ਵੀਹਵੀਂ ਸਦੀ ਦੀ ਸ਼ੁਰੁਆਤ ਤੋਂ ਤਾਂ ਇਹ ਟਾਪ-ਗੇਅਰ ਵਿੱਚ ਹੀ ਪਿਆ ਹੋਇਆ ਹੈ ਅਤੇ ਅੱਜ ਇੱਕ ਸਦੀ ਬਾਅਦ ਅਸੀਂ ਕਰੀਬਨ ਸਾਰੀਆਂ ਹੀ ਸਿੱਖ-ਕਦਰਾਂ ( ਗੁਰੂ-ਉੱਪਰ ਅਡੋਲ ਸ਼ਰਧਾ; ਜਥੇਦਾਰ ਦੇ ਹੁਕ਼ਮ ਨੂੰ ਗੁਰੂ ਦੇ ਹੁਕ਼ੁਮ ਸਮ ਮੰਨਣਾ; ਬੁਲੰਦ-ਹੌਸਲੇ ਅਤੇ ਬੁਲੰਦ ਕਿਰਦਾਰ ਦੀ ਮਾਲਕੀ ) ਮਲੀਆਮੇਟ ਹੋਈਆਂ ਦੇਖਦੇ ਹਾਂ। ]

ਇੱਥੇ ਮੈਂ “ਚੰਗਾ ਸ਼ਾਸ਼ਕ—ਘਟੀਆ ਸਿੱਖ” ਦੀ ਤਰਜ਼ ਉੱਪਰ ਮਹਾਰਾਜੇ ( ਜਿਸਨੂੰ “ਸਿੰਘ ਸਾਹਿਬ” ਅਖਵਾਉਣਾ ਜ਼ਿਆਦਾ ਪਸੰਦ ਸੀ ) ਬਾਰੇ ਪ੍ਰਚਲਿਤ ਵਿਚਾਰ ਉੱਪਰ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਜੇ sweeping statement ਵਾਂਗ ਫ਼ਤਵਾ ਹੀ ਦੇਣਾ ਹੋਵੇ ਤਾਂ ਮੈਂ ਇਹੋ ਕਹਾਂਗਾ ਕਿ ਉਹ ਆਪਣੇ ਗੁਰੂ ਦਾ ਸੱਚਾ ਸਿੱਖ ਸੀ; ਸਗੋਂ ਅਜਿਹਾ ਗਜ਼ਬ ਦਾ ਸਿੱਖ ਸੀ ਜਿਸਦੀ ਮਿਸਾਲ ਪੇਸ਼ ਕੀਤੀ ਜਾ ਸਕੇ। ਸ਼ਾਸ਼ਕ ਦੇ ਤੌਰ ਉੱਪਰ ਉਸਦੀ ਕੈਬਨਿਟ ਵਿੱਚ ਹਿੰਦੂ-ਮੁਸਲਮਾਨ ਸ਼ਾਮਿਲ ਹੀ ਨਹੀਂ ਸਨ ਸਗੋਂ ਬਹੁ-ਗਿਣਤੀ ਵਿੱਚ ਸਨ, ਧਾਰਮਿਕ ਸਥਾਨਾਂ ਦੀ ਸੇਵਾ ਸਮੇਂ ਉਸਨੇ ਮੰਦਿਰ-ਮਸਜਿਦ ਦਾ ਕੋਈ ਵਿਤਕਰਾ ਨਹੀਂ ਕੀਤਾ। ਕੁਝ ਮੰਦਰਾਂ ਨਾਲ ਲੱਗਦੀ ਜ਼ਮੀਨ ਜੋ ਅੱਜ ਦੀ ਤਰੀਕ ਤਕ ਚਲੀ ਆਉਂਦੀ ਹੈ ਉਸੇ ਦਾ ਕੰਮ ਹੈ।

ਪਰ ਜ਼ਾਤੀ ਤੌਰ ਉੱਪਰ ਉਹ ਇੱਕ ਸਿੱਖੀ ਦਾ ਜੀਵਨ ਜੀਵਿਆ।

ਕਰੀਬਨ ਸਾਰੇ ਹੀ ਅੰਗ੍ਰੇਜ਼ ਲਿਖਾਰੀਆਂ ਨੇ ਲਿਖਿਆ ਹੈ ਕਿ ਉਸਦੇ ਦਿਨ ਦੀ ਸ਼ੁਰੁਆਤ ਗੁਰਬਾਣੀ ਦਾ ਪਾਠ ਸੁਣਨ ਤੋਂ ਹੁੰਦੀ ਸੀ ਭਾਵੇਂ ਕੋਈ ਵੱਡੇ ਤੋਂ ਵੱਡਾ ਨਾਢੂ-ਖਾਨ ਉਸ ਕੋਲ ਆ ਕੇ ਠਹਰਿਆ ਹੋਵੇ।

ਅੰਗ੍ਰੇਜ਼ਾਂ ਨਾਲ ਸੰਵਾਦ ਰਚਣ ਤੱਕ “ਸਿੱਖ ਦੀ ਪ੍ਰੀਭਾਸ਼ਾ” ਤਿਆਰ ਕਰਨ ਦੀ ਕੋਈ ਲੋੜ ਨਹੀਂ ਸੀ ਪਈ। ਸਿੱਖੀ “ਸਿਧਾਂਤ-ਮੂਲਕ” ਨਹੀਂ ਸਗੋਂ “ਕਰਮ-ਮੂਲਕ” ਹੀ ਸਮਝੀ-ਨਿਭਾਈ ਜਾਂਦੀ ਸੀ। “ਉਸਨੇ ਤਿਲਕ ਕਿਉਂ ਲਗਵਾਇਆ”, “ਉਸਦਾ ਅਤੇ ਉਸਦੀ ਉਲਾਦ ਦੇ ਵਿਆਹ ਅਗਨਿ ਦੁਆਲੇ ਕਿਉਂ ਹੋਏ?” ਸਵਾਲਾਂ ਦਾ ਉਸਦੇ ਸਮੇਂ ਵਿੱਚ ਖ਼ਿਆਲ ਵੀ ਨਹੀਂ ਸੀ ਆ ਸਕਦਾ। ਉਸਦੀ ਫੌਜ਼ ਵਿੱਚ ਸ਼ਾਮਿਲ ਵਿਦੇਸ਼ੀ ਵਾਲ ਨਹੀਂ ਕੱਟਦੇ ਸਨ ਅਤੇ ਉਹਨਾਂ ਨੂੰ ਤੰਬਾਕੂ ਤੋਂ ਵੀ ਪ੍ਰਹੇਜ਼ ਕਰਨਾ ਪੈਂਦਾ ਸੀ।

ਇਹ ਵੀ ਓਡੇ ਵੱਡੇ ਮਸਲੇ ਨਹੀਂ ਹਨ ਪਰ ਅਸਲ ਸਿੱਖ ਕੀਮਤਾਂ; ਬੇਖੌਫ਼ੀ, ਨਿਮਰਤਾ, ਖ਼ਿਮਾ, ਸਾਂਝੀਵਾਲਤਾ ਆਦਿ ਦਾ ਉਹ ਮੁਜੱਸਮਾ ਸੀ, ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਉਸਨੂੰ ਕਿੰਨਾ ਕੁ ਸਿੱਖੀ ਦੇ ਖਿਲਾਫ਼ ਜਾਣ ਦੀ ਇਜਾਜ਼ਤ ਦੇ ਸਕਦੇ ਹਨ ਅੰਦਾਜ਼ਾ ਲਾਉਣਾ ਔਖਾ ਨਹੀਂ। ਅਨਪੜ੍ਹ ਸੀ ਪਰ ਉਸਦੀ ਲਾਇਬ੍ਰੇਰੀ ਵਿੱਚ ਉਹ-ਉਹ ਵਿਲੱਖਣ ਪੁਸਤਕਾਂ ਸ਼ਾਮਿਲ ਸਨ, ਜਿਵੇਂ ਇੱਕੇਰਾਂ ਇੱਕ ਮੌਲਵੀ ਬਹੁਤ ਮਿਹਨਤ ਨਾਲ ‘ਕੁਰਾਨ ਸ਼ਰੀਫ਼’ ਦਾ ਸਰੂਪ ਤਿਆਰ ਕਰਕੇ ਹੈਦਰਾਬਾਦੀ ਨਵਾਬ ਕੋਲ ਲੈ ਜਾ ਰਿਹਾ ਸੀ ਕਿ ਆਪਣੀ ਮਿਹਨਤ ਦਾ ਇਨਾਮ ਵਸੂਲ ਸਕੇ। ਮਹਾਰਾਜੇ ਨੇ ਪੁਛਿਆ ਕਿ ਉਹ ਵੱਧ ਤੋ ਵੱਧ ਕਿੰਨੀ ਕੁ ਰਕਮ ਦੀ ਆਸ ਕਰਦਾ ਹੈ। ਦੱਸਣ ‘ਤੇ ਉਸੇ ਵੇਲੇ ਤਿੰਨ ਗੁਣਾਂ ( ਕੁਝ ਅਨੁਸਾਰ ਦਸ ਗੁਣਾਂ ) ਕੀਮਤ ਦੇ ਕੇ ਖ਼ਰੀਦ ਲਈ ਅਤੇ ਇਸਨੂੰ ਵੀ ਆਪਣੀ ਲਾਇਬ੍ਰੇਰੀ ਵਿੱਚ ਸ਼ਾਮਿਲ ਕਰਨ ਦੀ ਥਾਂ ਅੱਗੋਂ ਫਕ਼ੀਰ ਸਾਹਿਬ ਨੂੰ ਭੇਂਟ ਕਰ ਦਿੱਤਾ।

ਅਯਾਸ਼ੀ ਤਾਂ ਕੀਹ ਮਹਾਰਾਜਾ ਸਾਹਿਬ ਕਾਮੀ ਸੁਭਾਅ ਦਾ ਵੀ ਨਹੀਂ ਸੀ। ਉਹਨਾਂ ਦੇ ਔਗੁਣ ਜੋ ਦਿਸਦੇ ਹਨ, ਸਗੋਂ ਗੁਣਾਂ ਵਰਗੇ ਹਨ। ਮੈਨੂੰ ਇੱਕੋ ਇੱਕ ਔਗੁਣ ਜੋ ‘ਸਿੰਘ ਸਾਹਿਬ ਰਣਜੀਤ ਸਿੰਘ ਮਹਾਰਾਜਾ’ ਵਿੱਚ ਨਜ਼ਰ ਆਉਂਦਾ ਹੈ ਉਹ ਹੈ ਉਸਦਾ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ; ਇਹ ਗੁਣ ਸਿਰਫ ਬਹਾਦੁਰ ਇਨਸਾਨ ਵਿੱਚ ਹੀ ਹੋ ਸਕਦਾ ਹੈ ਗੀਦੀ ( ਲੇਂਡੀ ) ਸ਼ੱਕੀ ਹੁੰਦਾ ਹੈ। ਇਹ ਮਨੁੱਖਾ ਸੁਭਾਉ ਹੈ ਕਿ ਜੋ ਯਕੀਨ ਕਰਦਾ ਹੈ ਉਹ ਸਦਾ ਯਕੀਨ ਹੀ ਕਰਦਾ ਹੈ ਸਭ ਉੱਪਰ ਹੀ—ਉਹਨਾਂ ਉੱਪਰ ਵੀ ਜੋ ਯਕੀਨ ਦੇ ਕ਼ਾਬਿਲ ਨਹੀਂ, ਉਹਨਾਂ ਉੱਪਰ ਵੀ ਜੋ ਪਹਿਲਾਂ ਵੀ ਧੋਖਾ ਦੇ ਚੁੱਕੇ ਹਨ।

ਮਹਾਰਾਜਾ ਸਾਹਿਬ ਜੇ ਨਾਚੀ-ਮੋਰਾਂ ਨੂੰ ਉਂਝ ਹੀ ਰੱਖਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਡੱਕਣ ਵਾਲਾ ਕੌਣ ਸੀ ? ਇਹ ਤਾਂ ਸਗੋਂ ਉਸ ਸ਼ੇਰ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਸਨੇ ਨਾ ਕੇਵਲ ਉਸਨੂੰ ਰਾਣੀ ਹੀ ਬਣਾਇਆ ਸਗੋਂ ਉਸਦੇ ਗੁਣਾਂ ਕਰਕੇ ਉਨ੍ਹਾਂ ਨੂੰ “ਮਹਾਰਾਣੀ ਸਾਹਿਬਾ” ਦਾ ਖ਼ਿਤਾਬ ਦੇ ਕੇ ਇਸ ਖ਼ਿਤਾਬ ਦੀ ਇੱਜ਼ਤ ਵੀ ਵਧਾਈ।

ਖ਼ੂਬਸੂਰਤੀ ਮਾਈ ਮੋਰਾਂ ਦਾ ਕੇਵਲ ਇੱਕ ਹੀ ਗੁਣ ਸੀ, ਜਿਵੇਂ ਕਿ ਪਹਿਲਾਂ ਹੀ ਇਸ਼ਾਰਾ ਕੀਤਾ ਸੀ ਕਿ ਇਹ ਘਰਾਣੇ ਨਾਚ, ਗਾਉਣ, ਸੰਗੀਤਿਕ-ਸਾਜਾਂ ਆਦਿ ਵਿੱਚ ਤਾਂ ਨਿਪੁੰਨ ਹੁੰਦੇ ਹੀ ਸਨ ਪਰ ਸ਼ਾਇਰੀ ਆਦਿ ਦੇ ਨਾਲ ਇਹ ਸਮਾਜਿਕ ਆਪਸੀ-ਸੰਬੰਧਾਂ ਨੂੰ ਸਮਝਣ ਕਾਰਨ (ਰਾਜ)ਨੀਤੀ ਬਾਰੇ ਇੱਕ ਸਹਿਜ-ਗਿਆਨ ਇਹਨਾਂ ਵਿੱਚ ਕੁਦਰਤੀ ਹੀ ਹੁੰਦਾ ਸੀ।

ਕਿਸੇ ਵੀ ਰਾਜ ਵਿੱਚ “ਜੋ ਰਾਜਨੀਤੀ ਦਰਬਾਰ ਵਿੱਚ ਚਲਦੀ ਸੀ ਉਹ ਕੱਖ ਵੀ ਨਹੀਂ ਉਸਦੇ ਮੁਕਾਬਲੇ ਜੋ ਰਾਜਨੀਤੀ ‘ਹਰਮ’ ਵਿੱਚ ਚਲਦੀ ਸੀ।”

ਸੂਰਜ ਅਤੇ ਮਰਦ ਦੀ ਨਿਗਾਹ ਤੋਂ ਪਰੇ ਪਲੀਆਂ ਸਿੱਖ-ਸਰਦਾਰਾਂ ਜਾਂ ਕਾਂਗੜੇ ਵਾਲੇ ਰਾਜੇ ਦੀਆਂ ਦੋਹਾਂ ਬੇਟੀਆਂ, ਜਿਹਨਾਂ ਦਾ ਘਰਾਣੇ ਦੇ ਕਿਸੇ ਵੀ ਸਮਾਜਿਕ-ਰਾਜਨੀਤਿਕ ਕੰਮ ਵਿੱਚ ਇੱਕ ਪੈਸੇ ਦਾ ਦਖ਼ਲ ਨਹੀਂ, ਮਾਈ ਮੋਰਾਂ ਜੀ ਦੇ ਮੁਕਾਬਲੇ ਕਿੱਥੇ ਖੜਦੀਆਂ ਹੋਣਗੀਆਂ, ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।ਗੱਲ ਲੰਬੀ ਹੋ ਗਈ ਹੈ, ਇੱਥੇ ਹੀ ਖ਼ਤਮ ਕਰਦਾਂ ਹਾਂ। ਬਜ਼ੁਰਗ ਕਹਿੰਦੇ ਹੁੰਦੇ ਹਨ:
“ਭੁੱਖੇ ਦਾ ਨਿੰਦਣਾ ਕੀ ਤੇ ਰੱਜੇ ਦਾ ਸਲਾਹੁਣਾ ਕੀ।”

February 18, 2015 at 2:58am ·

( Picture Courtesy: Dr. Daljeet Kaur. Thanks! )

 

Categories: ਦਲਵੀਰ ਗਿੱਲ, ਮਹਾਰਾਜਾ ਰਣਜੀਤ ਸਿੰਘ, ਮਾਈ ਮੋਰਾਂ, Dalvir Gill, Just Saying | Tags: , , , , , | 4 Comments

Blog at WordPress.com.